ਸ਼ਹੀਦੀ ਤੇ ਪ੍ਰਕਾਸ਼ ਪੁਰਬ ਬਾਰੇ ਸਿੱਖ ਸੰਗਤ ਵਿਚ ਬਣੀ ਦੁਬਿਧਾ

ਅੰਮ੍ਰਿਤਸਰ: ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅਤੇ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਦੋ ਦੋ ਦਿਨ ਦੇ ਫਰਕ ਉਤੇ ਆਉਣ ਕਾਰਨ ਸੰਗਤ ਦੁਬਿਧਾ ਵਿਚ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 25 ਦਸੰਬਰ ਨੂੰ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 22 ਦਸੰਬਰ ਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 27 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ। ਇਹ ਦਿਹਾੜੇ ਇਕੱਠੇ ਆਉਣ ਕਾਰਨ ਸਿੱਖ ਸੰਗਤ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਕਿਸੇ ਹੋਰ ਤਰੀਕ ਉਤੇ ਮਨਾਉਣ ਦੇ ਸੁਝਾਅ ਦਿੱਤੇ ਗਏ ਸਨ।

ਇਸੇ ਸੰਦਰਭ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਵੀ ਅਕਾਲ ਤਖਤ ਦੇ ਜਥੇਦਾਰ ਨੂੰ ਪ੍ਰਕਾਸ਼ ਪੁਰਬ ਪੰਜ ਜਨਵਰੀ ਨੂੰ ਮਨਾਉਣ ਦਾ ਸੁਝਾਅ ਦਿੱਤਾ ਗਿਆ ਸੀ, ਪਰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਦੇ ਇਸ ਸੁਝਾਅ ਨੂੰ ਰੱਦ ਕਰ ਕੇ ਗੁਰ ਪੁਰਬ ਪਹਿਲਾਂ ਵਾਲੀ ਤਰੀਕ 25 ਦਸੰਬਰ ਨੂੰ ਹੀ ਮਨਾਉਣ ਦਾ ਐਲਾਨ ਕੀਤਾ ਗਿਆ ਹੈ।
ਹੁਣ ਇਸ ਮਾਮਲੇ ਨੂੰ ਲੈ ਕੇ ਸੰਗਤ ਦੁਬਿਧਾ ਵਿਚ ਹੈ ਕਿ ਪ੍ਰਕਾਸ਼ ਪੁਰਬ ਤੋਂ ਦੋ ਦਿਨ ਪਹਿਲਾਂ ਅਤੇ ਦੋ ਦਿਨ ਬਾਅਦ ਸ਼ਹੀਦੀ ਪੁਰਬ ਹੈ। ਇਸ ਲਈ ਪ੍ਰਕਾਸ਼ ਪੁਰਬ ਜ਼ਿਆਦਾ ਉਤਸ਼ਾਹ ਨਾਲ ਨਹੀਂ ਮਨਾਇਆ ਜਾ ਸਕੇਗਾ। ਖਾਸ ਕਰ ਕੇ ਫਤਿਹਗੜ੍ਹ ਸਾਹਿਬ ਜਿਥੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਸਬੰਧੀ ਸ਼ਹੀਦੀ ਜੋੜ ਮੇਲ ਵੱਡੇ ਪੱਧਰ ਉਤੇ ਹੁੰਦਾ ਹੈ, ਉਥੇ ਪ੍ਰਕਾਸ਼ ਪੁਰਬ ਵੀ ਸਾਦੇ ਢੰਗ ਨਾਲ ਹੀ ਮਨਾਇਆ ਜਾਵੇਗਾ।
ਵੇਰਵਿਆਂ ਮੁਤਾਬਕ ਸ਼ਹੀਦੀ ਜੋੜ ਮੇਲ 25, 26, 27 ਨੂੰ ਮਨਾਇਆ ਜਾ ਰਿਹਾ ਹੈ, ਇਸ ਲਈ ਪ੍ਰਕਾਸ਼ ਪੁਰਬ ਮੌਕੇ ਸਿਰਫ ਅਖੰਡ ਪਾਠ ਦੇ ਭੋਗ ਹੀ ਪਾਏ ਜਾਣਗੇ, ਜਦੋਂਕਿ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਤੇ ਹੋਰ ਥਾਵਾਂ ‘ਤੇ ਪ੍ਰਕਾਸ਼ ਪੁਰਬ ਸਬੰਧੀ ਪਹਿਲਾ ਵਾਂਗ ਹੀ ਨਗਰ ਕੀਰਤਨ ਸਜਾਇਆ ਜਾਵੇਗਾ, ਪਰ ਕੁਝ ਸਿੱਖ ਸੰਸਥਾਵਾਂ ਜੋ ਸ਼੍ਰੋਮਣੀ ਕਮੇਟੀ ਦੇ ਨਗਰ ਕੀਰਤਨ ਤੋਂ ਇਕ ਦਿਨ ਪਹਿਲਾਂ ਆਪੋ ਆਪਣੇ ਨਗਰ ਕੀਰਤਨ ਸਜਾਉਂਦੀਆਂ ਹਨ, ਇਸ ਵਾਰ ਦੁਬਿਧਾ ਵਿਚ ਹਨ ਕਿ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਕਾਰਨ ਉਹ ਨਗਰ ਕੀਰਤਨ ਅਤੇ ਪ੍ਰਭਾਤ ਫੇਰੀਆਂ ਨਹੀਂ ਕੱਢ ਸਕਣਗੀਆਂ।
ਸੋਸ਼ਲ ਮੀਡੀਆ ‘ਤੇ ਵੀ ਇਸ ਮੁੱਦੇ ਨੂੰ ਲੈ ਕੇ ਕਾਫੀ ਪ੍ਰਚਾਰ ਚੱਲ ਰਿਹਾ ਹੈ ਕਿ ਗੁਰਪੁਰਬ 5 ਜਨਵਰੀ ਨੂੰ ਹੀ ਮਨਾਇਆ ਜਾਵੇ। ਵਿਦੇਸ਼ਾਂ ਦੀਆਂ ਕਈ ਸਿੱਖ ਜਥੇਬੰਦੀਆਂ ਗੁਰਪੁਰਬ 5 ਜਨਵਰੀ ਨੂੰ ਮਨਾਉਣ ਦਾ ਐਲਾਨ ਕਰ ਚੁਕੀਆਂ ਹਨ।
__________________________________________
ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਇਆ ਜਾਵੇ: ਕੇਵਲ ਸਿੰਘ
ਪੰਥਕ ਤਾਲਮੇਲ ਸੰਗਠਨ ਅਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਗੁਰ ਪੁਰਬ ਅਤੇ ਸ਼ਹੀਦੀ ਪੁਰਬ ਇਕੱਠੇ ਆਉਣ ਕਾਰਨ ਇਸ ਵਾਰ 95 ਫੀਸਦੀ ਸੰਗਤ ਦਾ ਧਿਆਨ ਸ਼ਹੀਦੀ ਪੁਰਬ ਵੱਲ ਹੋਵੇਗਾ। ਉਨ੍ਹਾਂ ਆਖਿਆ ਕਿ ਉਹ ਮੂਲ ਨਾਨਕਸ਼ਾਹੀ ਕੈਲੰਡਰ ਦੇ ਹਾਮੀ ਹਨ ਅਤੇ ਉਨ੍ਹਾਂ ਨਾਲ ਜੁੜੀਆਂ ਜਥੇਬੰਦੀਆਂ ਇਹ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਉਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਵਿਦੇਸ਼ਾਂ ਵਿਚ ਅਤੇ ਭਾਰਤ ਵਿਚ ਵੀ ਵਧੇਰੇ ਥਾਵਾਂ ਉਤੇ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੇ। ਉਨ੍ਹਾਂ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਇਆ ਜਾਵੇ।