ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਸੱਤਾ ਵਿਚ ਆਉਣ ਪਿੱਛੋਂ ਚਾਰ ਮਹੀਨਿਆਂ ਦੇ ਅੰਦਰ ਅੰਦਰ ਨਸ਼ਿਆਂ ਦੇ ਕਾਰੋਬਾਰ ਦਾ ਸਫਾਇਆ ਕਰਵਾ ਦਿੱਤਾ ਜਾਵੇਗਾ। ਹੁਣ ਸਰਕਾਰ ਬਣੀ ਨੂੰ ਸਾਲ ਹੋਣ ਵਾਲਾ ਹੈ ਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨæਸੀæਬੀæ) ਚੰਡੀਗੜ੍ਹ ਦੇ ਜ਼ੋਨਲ ਡਾਇਰੈਕਟਰ ਡਾæ ਕੌਸਤੁਭ ਸ਼ਰਮਾ ਨੇ ਸਰਕਾਰ ਦੇ ਦਾਅਵੇ ਦੀ ਫੂਕ ਕੱਢ ਦਿੱਤੀ ਹੈ। ਇਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚੋਂ ਨਸ਼ੇ ਖਤਮ ਨਹੀਂ ਹੋਏ ਸਗੋਂ ਮਹਿੰਗੇ ਹੋਏ ਹਨ। ਭਾਵੇਂ ਹੁਣ ਪਹਿਲਾਂ ਵਾਂਗ ਸ਼ਰੇਆਮ ਅਤੇ ਹਰੇਕ ਥਾਂ ਉਤੇ ਨਸ਼ਿਆਂ ਦੀ ਉਪਲੱਬਧਤਾ ਨਹੀਂ ਹੈ ਪਰ ਨਸ਼ੇ ਕਰਨ ਵਾਲਿਆਂ ਨੂੰ ਕਿਸੇ ਨਾਲ ਕਿਸੇ ਰੂਪ ਵਿਚ ਡਰੱਗ ਹਾਸਲ ਹੋ ਰਹੀ ਹੈ।
ਪੰਜਾਬ ਕੇਡਰ ਦੇ ਆਈæਪੀæਐਸ਼ ਅਧਿਕਾਰੀ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਿਛਲੇ ਵਰ੍ਹੇ (ਬਾਦਲ ਸਰਕਾਰ ਵੇਲੇ) ਹੀ ਪੰਜਾਬ ਵਿਚ ਡਰੱਗ ਤਸਕਰਾਂ ਵਿਰੁੱਧ ਵਿਆਪਕ ਪੱਧਰ ਉਤੇ ਕਾਰਵਾਈ ਸ਼ੁਰੂ ਹੋਣ ਕਾਰਨ ਖੁੱਲ੍ਹੇਆਮ ਨਸ਼ੇ ਵਿਕਣ ਦੀ ਪ੍ਰਕਿਰਿਆ ਨੂੰ ਵੱਡੇ ਪੱਧਰ ਉਤੇ ਠੱਲ੍ਹ ਪਈ ਸੀ। ਫਿਰ ਮੌਜੂਦਾ ਸਰਕਾਰ ਵੱਲੋਂ ਆਉਂਦਿਆਂ ਹੀ ਡਰੱਗ ਤਸਕਰਾਂ ਵਿਰੁੱਧ ਕਾਰਵਾਈ ਕਰਨ ਲਈ ਬਣਾਈ ਸਪੈਸ਼ਲ ਟਾਸਕ ਫੋਰਸ (ਐਸ਼ਟੀæਐਫ਼) ਨਾਲ ਡਰੱਗ ਤਸਕਰਾਂ ਉਪਰ ਹੋਰ ਸ਼ਿਕੰਜਾ ਕੱਸਿਆ ਗਿਆ ਹੈ। ਡਰੱਗ ਤਸਕਰਾਂ ਉਪਰ ਚੁਫੇਰਿਉਂ ਭਾਰੀ ਦਬਾਅ ਪੈਣ ਕਾਰਨ ਡਰੱਗ ਬੜੀ ਮਹਿੰਗੀ ਹੋ ਗਈ ਹੈ ਅਤੇ ਇਸ ਵੇਲੇ ਪੰਜਾਬ ‘ਚ ਹੈਰੋਇਨ 25 ਤੋਂ 30 ਲੱਖ ਰੁਪਏ ਪ੍ਰਤੀ ਕਿੱਲੋ ਵਿਕ ਰਹੀ ਹੈ। ਨਸ਼ੇ ਕਰਨ ਵਾਲੇ 35 ਤੋਂ 40 ਸਾਲ ਦੇ ਵਿਅਕਤੀ ਜ਼ਿਆਦਾਤਰ ਹੈਰੋਇਨ ਦੀ ਵਰਤੋਂ ਹੀ ਕਰਦੇ ਹਨ।
ਸ੍ਰੀ ਸ਼ਰਮਾ ਨੇ ਖੁਲਾਸਾ ਕੀਤਾ ਕਿ ਅਫੀਮ ਤੋਂ ਬਣਨ ਵਾਲੀਆਂ ਯੂਨਾਨੀ ਦਵਾਈਆਂ ਨੂੰ ਨਸ਼ੇੜੀ ਵੱਡੇ ਪੱਧਰ ਉਤੇ ਨਸ਼ੇ ਦੇ ਤੌਰ ‘ਤੇ ਲੈ ਰਹੇ ਹਨ। ਇਸੇ ਤਰ੍ਹਾਂ ਅਫੀਮ ਦੀ ਕੁਝ ਮਾਤਰਾ ਪਾ ਕੇ ਦਸਤ ਰੋਕਣ ਅਤੇ ਦਰਦ ਨਿਵਾਰਕ ਲਈ ਬਣਦੀਆਂ ਗੋਲੀਆਂ ਦੀ ਵੀ ਨਸ਼ੇੜੀ ਵੱਡੇ ਪੱਧਰ ਉਤੇ ਵਰਤੋਂ ਕਰਨ ਲੱਗੇ ਹਨ।
ਪਿਛਲੇ ਸਮੇਂ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਕਾਮਨੀ (ਸੈਕਸ ਵਧਾਊ ਗੋਲੀਆਂ) ਗੋਲੀਆਂ ਕੁਝ ਕੈਮਿਸਟਾਂ ਕੋਲੋਂ ਵੱਡੇ ਪੱਧਰ ਉਤੇ ਫੜੀਆਂ ਸਨ ਪਰ ਇਹ ਗੋਲੀਆਂ ਸਪਲਾਈ ਕਰਨ ਵਾਲਾ ਬਠਿੰਡਾ ਨਾਲ ਸਬੰਧਤ ਤਸਕਰ ਹਾਲੇ ਤੱਕ ਹੱਥ ਨਹੀਂ ਲੱਗਿਆ। ਜ਼ਿਲ੍ਹਾ ਬਠਿੰਡਾ, ਮਾਨਸਾ, ਮੁਕਤਸਰ ਅਤੇ ਮਲੋਟ ਵਿਚ ਕਾਮਨੀ ਗੋਲੀਆਂ ਦੀ ਲੋਕ ਵੱਡੇ ਪੱਧਰ ਉਤੇ ਵਰਤੋਂ ਕਰਦੇ ਹਨ। ਖੁਫੀਆ ਪੜਤਾਲ ਤੋਂ ਪਤਾ ਲੱਗਾ ਹੈ ਕਿ ਡਰੱਗ ਤਸਕਰ ਛੋਟੇ-ਮੋਟੇ ਸਪਲਾਇਰ ਨੂੰ ਹੈਰੋਇਨ ਸਪਲਾਈ ਕਰਨ ਲਈ ਪ੍ਰਤੀ ਕਿੱਲੋ ਦੋ ਲੱਖ ਰੁਪਏ ਕਮਿਸ਼ਨ ਦਿੰਦੇ ਹਨ ਅਤੇ ਨਸ਼ਿਆਂ ਦੇ ਗੁਲਾਮ ਹੋਏ ਵਿਅਕਤੀ ਹੀ ਜ਼ਿਆਦਾਤਰ ਡਰੱਗ ਇਧਰ-ਉਧਰ ਸਪਲਾਈ ਕਰਦੇ ਹਨ। ਹੁਣ ਧੁੰਦ ਦੇ ਦਿਨਾਂ ਦੌਰਾਨ ਦੇਸ਼ ਦੀ ਸਰਹੱਦ ਦੇ ਪਾਰੋਂ ਡਰੱਗ ਦੀ ਸਪਲਾਈ ਵਧਣ ਦਾ ਖਤਰਾ ਹੈ। ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੀ ਜ਼ਮੀਨ ਦੇ ਆਸ-ਪਾਸ ਕਣਕ ਦੀ ਫਸਲ ਉਚੀ ਹੋ ਜਾਂਦੀ ਹੈ ਅਤੇ ਪਾਣੀ ਲਾਉਣ ਨਾਲ ਸੰਘਣੀ ਧੁੰਦ ਪੈਂਦੀ ਹੈ।
ਇਸ ਦਾ ਡਰੱਗ ਤਸਕਰ ਲਾਭ ਉਠਾਉਣ ਦਾ ਯਤਨ ਕਰਦੇ ਹਨ। ਇਸੇ ਤਰ੍ਹਾਂ ਬਾਰਸ਼ਾਂ ਦੇ ਦਿਨਾਂ ਦੌਰਾਨ ਸਰਹੱਦ ਦੇ ਪਾਰਲੇ ਤਸਕਰ ਡਰੱਗ ਨੂੰ ਏਅਰ ਟਾਈਟ ਪੈਕਟਾਂ ਵਿਚ ਬੰਨ੍ਹਣ ਤੋਂ ਬਾਅਦ ਪੀਪਿਆਂ ਵਿਚ ਬੰਦ ਕਰ ਦਿੰਦੇ ਹਨ ਅਤੇ ਫਿਰ ਮੀਂਹ ਦੇ ਪਾਣੀ ਉਪਰ ਪੀਪਿਆਂ ਨੂੰ ਰੱਖ ਕੇ ਸਰਹੱਦ ਤੋਂ ਇਧਰ ਰੋੜ੍ਹ ਦਿੰਦੇ ਹਨ।
____________________________________
ਨਾਮੀ ਤਸਕਰਾਂ ਤੋਂ ਐਸ਼ਟੀæਐਫ਼ ਨੇ ਵੀ ਪਾਸਾ ਵੱਟਿਆ
ਸੱਤਾ ਵਿਚ ਆਉਣ ਤੋਂ ਬਾਅਦ ਕਾਂਗਰਸ ਨੇ ਡਰੱਗਜ਼ ਖਿਲਾਫ਼ ਜੰਗ ਲਈ ਵਿਸ਼ੇਸ਼ ਟਾਸਕ ਫੋਰਸ (ਐਸ਼ਟੀæਐਫ਼) ਦਾ ਗਠਨ ਕੀਤਾ ਸੀ। ਐਸ਼ਟੀæਐਫ਼ ਨੇ ਮੁੱਢ ਵਿਚ ਸਖਤ ਕਦਮ ਵੀ ਚੁੱਕੇ, ਪਰ ਕੁਝ ਕੁ ਹਫਤਿਆਂ ਬਾਅਦ ਇਹ ਮੁਹਿੰਮ ਲੀਹੋਂ ਲੱਥਣੀ ਸ਼ੁਰੂ ਹੋ ਗਈ। ਐਸ਼ਟੀæਐਫ਼ ਨੂੰ ਅਫਸਰਾਂ ਤੇ ਕਾਂਸਟੇਬਲਰੀ ਸਮੇਤ 2200 ਮੈਂਬਰੀ ਸਟਾਫ ਦੀ ਲੋੜ ਸੀ, ਪਰ 485 ਉਪਲਬਧ ਕਰਵਾਏ ਗਏ। ਇਸ ਨੇ 9 ਮਹੀਨਿਆਂ ਦੌਰਾਨ 627 ਕੇਸ ਦਰਜ ਕੀਤੇ ਅਤੇ 1108 ਗ੍ਰਿਫਤਾਰੀਆਂ ਕੀਤੀਆਂ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚ ਕੋਈ ਵੀ ‘ਨਾਮੀ’ ਤਸਕਰ ਸ਼ਾਮਲ ਨਹੀਂ। ਐਸ਼ਟੀæਐਫ਼ ਵੱਲੋਂ ਬਰਾਮਦ ਕੀਤੀ ਹੈਰੋਇਨ ਦੀ ਮਿਕਦਾਰ 78 ਕਿਲੋਗ੍ਰਾਮ ਰਹੀ। ਐਸ਼ਟੀæਐਫ਼ ਦੀ ਮੁਢਲੀ ਸਖਤੀ ਕਾਰਨ ਹੈਰੋਇਨ ਤੇ ਸਿੰਥੈਟਿਕ ਨਸ਼ਿਆਂ ਦੀ ਪੰਜਾਬ ਵਿਚ ਆਮਦ ‘ਚ ਕਮੀ ਆਈ। ਇਹ ਵਰਤਾਰਾ ਕੁਝ ਕੁ ਹਫਤੇ ਹੀ ਰਿਹਾ। ਪੁਲਿਸ ਦੀਆਂ ਆਪਣੀਆਂ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਨਸ਼ਿਆਂ ਦੇ ਇਕ ਵਾਰ ਚੜ੍ਹੇ ਭਾਅ ਭਾਵੇਂ ਹੇਠਾਂ ਨਹੀਂ ਆਏ, ਫਿਰ ਵੀ ਹਰ ਪਾਸੇ ‘ਚਿੱਟੇ’ ਦਿਨ ਪਰਤ ਆਏ ਹਨ।