ਸੰਯੁਕਤ ਰਾਸ਼ਟਰ ‘ਚ ਯੋਰੋਸ਼ਲਮ ਦੇ ਮੁੱਦੇ ‘ਤੇ ਇਕੱਲਾ ਪਿਆ ਅਮਰੀਕਾ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੋਰੋਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਦੇ ਫੈਸਲੇ ਉਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਤਾਕਤਵਰ ਮੈਂਬਰਾਂ ਨੇ ਅਮਰੀਕਾ ਨੂੰ ਖੁੱਡੇ ਲਾ ਦਿੱਤਾ। ਅਮਰੀਕਾ ਦੇ ਬ੍ਰਿਟੇਨ ਅਤੇ ਫਰਾਂਸ ਵਰਗੇ ਭਾਈਵਾਲ ਵੀ ਉਸ ਦੇ ਫੈਸਲੇ ਖਿਲਾਫ਼ ਖੁੱਲ੍ਹ ਕੇ ਆ ਗਏ ਅਤੇ ਜ਼ੋਰਦਾਰ ਢੰਗ ਨਾਲ ਅਮਰੀਕਾ ਦੀ ਨਿਖੇਧੀ ਕੀਤੀ।

ਸੰਯੁਕਤ ਰਾਸ਼ਟਰ ‘ਚ ਅਮਰੀਕੀ ਕੂਟਨੀਤਕ ਨਿੱਕੀ ਹੇਲੀ ਨੇ ਹੀ ਸਿਰਫ ਟਰੰਪ ਦੇ ਯੋਰੋਸ਼ਲਮ ਬਾਰੇ ਫੈਸਲੇ ਦਾ ਪੱਖ ਪੂਰਿਆ। ਸੰਯੁਕਤ ਰਾਸ਼ਟਰ ਦੀ 15 ਮੈਂਬਰੀ ਤਾਕਤਵਰ ਜਥੇਬੰਦੀ ਦੇ ਸਥਾਈ ਨੁਮਾਇੰਦਿਆਂ ਬ੍ਰਿਟੇਨ, ਫਰਾਂਸ, ਇਟਲੀ, ਜਰਮਨੀ ਅਤੇ ਸਵੀਡਨ ਨੇ ਸਾਂਝੇ ਬਿਆਨ ‘ਚ ਕਿਹਾ,”ਅਸੀਂ ਯੋਰੋਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਅਤੇ ਤਲ ਅਵੀਵ ਤੋਂ ਯੋਰੋਸ਼ਲਮ ‘ਚ ਅਮਰੀਕੀ ਸਫਾਰਤਖ਼ਾਨਾ ਖੋਲ੍ਹਣ ਦੀਆਂ ਤਿਆਰੀਆਂ ਦੇ ਫੈਸਲੇ ਤੋਂ ਅਸਹਿਮਤ ਹਾਂ। ਇਹ ਸੁਰੱਖਿਆ ਪ੍ਰੀਸ਼ਦ ਦੇ ਮਤਿਆਂ ਅਨੁਸਾਰ ਨਹੀਂ ਹੈ ਅਤੇ ਖਿੱਤੇ ‘ਚ ਸ਼ਾਂਤੀ ਦੀਆਂ ਸੰਭਾਵਨਾਵਾਂ ਲਈ ਇਹ ਫੈਸਲਾ ਅੜਿੱਕਾ ਬਣ ਸਕਦਾ ਹੈ।”
ਉਨ੍ਹਾਂ ਕਿਹਾ ਕਿ ਯੋਰੋਸ਼ਲਮ ਦਾ ਰੁਤਬਾ ਇਜ਼ਰਾਇਲੀਆਂ ਅਤੇ ਫਲਸਤੀਨੀਆਂ ਦਰਮਿਆਨ ਗੱਲਬਾਤ ਰਾਹੀਂ ਤੈਅ ਹੋਣਾ ਚਾਹੀਦਾ ਹੈ। ਹੰਗਾਮੀ ਬੈਠਕ ਦੀ ਅਗਵਾਈ ਜਾਪਾਨ ਵੱਲੋਂ ਕੀਤੀ ਗਈ ਜੋ ਦਸੰਬਰ ਤੱਕ ਸਲਾਮਤੀ ਪ੍ਰੀਸ਼ਦ ਦਾ ਪ੍ਰਧਾਨ ਹੈ। ਹੇਲੀ ਨੇ ਸਲਾਮਤੀ ਪ੍ਰੀਸ਼ਦ ‘ਚ ਟਰੰਪ ਦੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਅਮਰੀਕਾ ਨੇ ਸੋਚ-ਵਿਚਾਰ ਕੇ ਕਦਮ ਚੁੱਕਿਆ ਹੈ ਅਤੇ ਉਹ ਜਾਣਦਾ ਸੀ ਕਿ ਇਸ ਨਾਲ ਸਵਾਲ ਉਠਣਗੇ। ਉਸ ਮੁਤਾਬਕ ਇਹ ਕਦਮ ਖਿੱਤੇ ‘ਚ ਸ਼ਾਂਤੀ ਬਹਾਲੀ ਦੇ ਯਤਨਾਂ ਲਈ ਚੁੱਕਿਆ ਗਿਆ ਹੈ ਅਤੇ ਸਰਹੱਦਾਂ ਤੇ ਖੁਦਮੁਖਤਿਆਰੀ ਬਾਰੇ ਫੈਸਲਾ ਇਜ਼ਰਾਇਲੀਆਂ ਅਤੇ ਫਲਸਤੀਨੀਆਂ ਵੱਲੋਂ ਲਿਆ ਜਾਣਾ ਚਾਹੀਦਾ ਹੈ।
___________________________________________
ਅਮਰੀਕਾ ਖਿਲਾਫ ਵੱਖ-ਵੱਖ ਮੁਲਕਾਂ ਵਿਚ ਮੁਜਾਹਰੇ
ਯੋਰੋਸ਼ਲਮ: ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੋਰੋਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਖਿਲਾਫ਼ ਯੋਰੋਸ਼ਲਮ ਸਮੇਤ ਵੱਖ-ਵੱਖ ਮੁਲਕਾਂ ਵਿਚ ਅਮਰੀਕਾ ਖਿਲਾਫ਼ ਰੋਸ ਮੁਜਾਹਰੇ ਕੀਤੇ ਗਏ। ਵਾਦੀ ਵਿਚ ਸ੍ਰੀਨਗਰ ਦੇ ਮਾਇਸੂਮਾ ਅਤੇ ਹਸਨਾਬਾਦ ਇਲਾਕੇ ਸਮੇਤ ਹੋਰ ਥਾਈਂ ਟਰੰਪ ਖਿਲਾਫ਼ ਨਾਅਰੇ ਗੂੰਜੇ। ਪ੍ਰਦਰਸ਼ਨਕਾਰੀਆਂ ਨੇ ਟਰੰਪ ਦੀ ਅਰਥੀ ਵੀ ਫੂਕੀ। ਇਸ ਦੌਰਾਨ ਇੰਡੋਨੇਸ਼ੀਆ ਤੇ ਮਲੇਸ਼ੀਆ ‘ਚ ਹਜ਼ਾਰਾਂ ਲੋਕਾਂ ਨੇ ਅਮਰੀਕਾ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦੇ ਰੋਹ ਕਾਰਨ ਇਨ੍ਹਾਂ ਦੋਵੇਂ ਮੁਲਕਾਂ ਵਿਚ ਅਮੈਰਿਕਨ ਸਫਾਰਤੀ ਵਫਦ ਨੂੰ ਆਪਣੇ ਮੁਲਾਜ਼ਮਾਂ ਵਾਸਤੇ ਸੁਰੱਖਿਆ ਅਲਰਟ ਜਾਰੀ ਕਰਨਾ ਪਿਆ। ਇੰਡੋਨੇਸ਼ੀਆ ਦੇ ਜਕਾਰਤਾ ਵਿਚ ਅਮਰੀਕੀ ਸਫ਼ਾਰਤਖਾਨੇ ਸਾਹਮਣੇ ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਦਾ ਝੰਡਾ ਸਾੜਿਆ।
__________________________________________
ਵ੍ਹਾਈਟ ਹਾਊਸ ਵੱਲੋਂ ਟਰੰਪ ਦੇ ਫੈਸਲੇ ਦਾ ਬਚਾਅ
ਵਾਸ਼ਿੰਗਟਨ: ਯੋਰੋਸ਼ਲਮ ਬਾਰੇ ਫੈਸਲੇ ਬਾਅਦ ਆਲਮੀ ਪੱਧਰ ‘ਤੇ ਨਿਖੇੜੇ ਜਾਣ ਦਾ ਸਾਹਮਣਾ ਕਰਨ ਰਹੇ ਵ੍ਹਾਈਟ ਹਾਊਸ ਨੇ ਰਾਸ਼ਟਰਪਤੀ ਟਰੰਪ ਦੇ ਇਸ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਜ਼ਮੀਨੀ ਹਕੀਕਤਾਂ ਦਾ ਝਲਕਾਰਾ ਹੈ ਅਤੇ ਅਮਰੀਕਾ ਮੱਧ ਪੂਰਬ ਸ਼ਾਂਤੀ ਪ੍ਰਕਿਰਿਆ ਲਈ ਵਚਨਬੱਧ ਹੈ। ਇਸ ਮਸਲੇ ‘ਚ ਕਿਸੇ ਹੋਰ ਮੁਲਕ ਵੱਲੋਂ ਅਮਰੀਕਾ ਦੇ ਪਦਚਿੰਨ੍ਹਾਂ ਉਤੇ ਚੱਲਣ ਬਾਰੇ ਪੁੱਛਣ ਉਤੇ ਵ੍ਹਾਈਟ ਹਾਊਸ ਪ੍ਰੈੱਸ ਸੈਕਟਰੀ ਸਾਰਾ ਸੈਂਡਰਜ਼ ਨੇ ਕਿਹਾ, ‘ਮੈਂ ਇਹ ਨਹੀਂ ਕਹਿ ਰਹੀ ਕਿ ਉਹ ਨਹੀਂ ਕਰਨਗੇ ਪਰ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ।’