ਬੂਟਾ ਸਿੰਘ
ਫੋਨ: +91-9463474342
ਗਊ ਦੇ ਨਾਂ ‘ਤੇ ਕਤਲ, ਲਵ ਜਹਾਦ ਦੇ ਨਾਂ ‘ਤੇ ਜਿਊਂਦਾ ਸਾੜਨਾ, ਫਿਲਮ ਦੇ ਨਾਂ ‘ਤੇ ਸਿਰ ਕਲਮ ਕਰਨ ਦੇ ਸੱਦੇ, ਐਂਟੀ-ਰੋਮੀਓ ਦੇ ਨਾਂ ‘ਤੇ ਜਵਾਨ ਜੋੜਿਆਂ ਉਪਰ ਹਮਲੇ, ਆਲੋਚਕਾਂ ਦੀ ਜ਼ੁਬਾਨਬੰਦੀ ਲਈ ਗ੍ਰਿਫ਼ਤਾਰੀਆਂ! ਇਹ ਹੈ ਮੁਲਕ ਦੀ ਕੇਂਦਰੀ ਸੱਤਾ ਉਪਰ ਸੰਘ ਬ੍ਰਿਗੇਡ ਦੇ ਕਾਬਜ਼ ਹੋਣ ਤੋਂ ਬਾਅਦ ਦੀ ਰੋਜ਼ਮੱਰਾ ਤਸਵੀਰ। ਇਸੇ ਸਿਲਸਿਲੇ ਵਿਚ 6 ਦਸੰਬਰ, ਜਿਸ ਦਿਨ ਬਾਬਰੀ ਮਸਜਿਦ ਢਾਹੀ ਗਈ ਸੀ, ਨੂੰ ਭਾਜਪਾ ਸ਼ਾਸਤ ਸੂਬੇ ਰਾਜਸਥਾਨ ਵਿਚ ਇਕ ਹੋਰ ਮਨੁੱਖੀ ਜ਼ਿੰਦਗੀ ਦੀ ਬਲੀ ਫਿਰਕੂ ਨਫ਼ਰਤ ਨੇ ਲੈ ਲਈ। ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਤੋਂ ਮਹਿਜ਼ ਚਾਰ ਦਿਨ ਪਹਿਲਾਂ!
ਰਾਜਸਥਾਨ ਉਨ੍ਹਾਂ ਸੂਬਿਆਂ ਵਿਚੋਂ ਇਕ ਹੈ ਜਿਥੇ ਰਾਜਕੀ ਪੁਸ਼ਤਪਨਾਹੀ ਤਹਿਤ ਹਿੰਦੂਤਵੀ ਤਾਕਤਾਂ ਵਲੋਂ ਘੱਟ ਗਿਣਤੀਆਂ ਵਿਰੁਧ ਲਗਾਤਾਰ ਫਿਰਕੂ ਨਫ਼ਰਤ ਭੜਕਾਈ ਜਾ ਰਹੀ ਹੈ ਅਤੇ ਮੁਸਲਮਾਨਾਂ ਦੇ ਕਤਲਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਮਹਿਜ਼ ਨੌਂ ਮਹੀਨਿਆਂ ਵਿਚ ਇਹ ਮੁਸਲਿਮ ਘੱਟ ਗਿਣਤੀ ਦਾ ਚੌਥਾ ਕਤਲ ਹੈ- 3 ਅਪਰੈਲ ਨੂੰ ਅਲਵਰ ਵਿਚ ਪਹਿਲੂ ਖ਼ਾਨ ਦਾ ਕੁੱਟ ਕੁੱਟ ਕੇ ਕਤਲ, 16 ਜੂਨ ਨੂੰ ਪ੍ਰਤਾਪਗੜ੍ਹ ਕਸਬੇ ਵਿਚ ਸਵੱਛ ਭਾਰਤ ਅਭਿਆਨ ਦੇ ਨਾਂ ‘ਤੇ ਕਮਿਊਨਿਸਟ ਕਾਰਕੁਨ ਜ਼ਫ਼ਰ ਖ਼ਾਨ ਦਾ ਕਤਲ, 10 ਨਵੰਬਰ ਨੂੰ ਅਲਵਰ ਦੀ ਗੋਬਿੰਦਗੜ੍ਹ ਤਹਿਸੀਲ ਵਿਚ ਗਊ ਰਾਖਿਆਂ ਤੇ ਪੁਲਿਸ ਵਲੋਂ ਉਮਰ ਖ਼ਾਨ ਦਾ ਕਤਲ ਅਤੇ ਹੁਣ ਮੁਹੰਮਦ ਅਫ਼ਰਾਜ਼-ਉਲ ਦਾ ਕਤਲ। ਇਨ੍ਹਾਂ ਵਿਚ ਅਮਦ ਖ਼ਾਨ ਦਾ ਕਤਲ ਵੀ ਜੋੜਿਆ ਜਾ ਸਕਦਾ ਹੈ। ਇਸ ਰਵਾਇਤੀ ਮੁਸਲਿਮ ਲੋਕ ਗਾਇਕ ਨੂੰ 27 ਸਤੰਬਰ ਨੂੰ ਜੈਸਲਮੇਰ ਜ਼ਿਲ੍ਹੇ ਦੇ ਦਾਂਤਲ ਪਿੰਡ ਵਿਚ ਉਚ ਜਾਤੀ ਹਿੰਦੂਆਂ ਵਲੋਂ ਮਹਿਜ਼ ਇਸ ਲਈ ਕਤਲ ਕਰ ਦਿੱਤਾ ਗਿਆ ਸੀ ਕਿ ਉਹ ਧਾਰਮਿਕ ਪੂਜਾ ਮੌਕੇ ਗਾਏ ਜਾਂਦੇ ਰਾਗ ਨੂੰ ਉਨ੍ਹਾਂ ਦੀ ਤਸੱਲੀ ਅਨੁਸਾਰ ਗਾਉਣ ‘ਚ ਨਾਕਾਮ ਰਿਹਾ ਸੀ।
ਰਾਜਸਮੰਦ ਸ਼ਹਿਰ ਵਿਚ ਕੁਲੈਕਟਰ ਦੇ ਦਫ਼ਤਰ ਤੋਂ ਮਹਿਜ਼ 600 ਮੀਟਰ ਅਤੇ ਕੋਤਵਾਲੀ ਤੋਂ 100 ਮੀਟਰ ਦੇ ਫਾਸਲੇ ‘ਤੇ ਫਿਰਕੂ ਜ਼ਿਹਨੀਅਤ ਵਾਲੇ ਕਾਤਲ ਵਲੋਂ ਦਿਲ ਦਹਿਲਾ ਦੇਣ ਵਾਲੇ ਜਿਸ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ, ਉਸ ਦਾ ਖ਼ਤਰਨਾਕ ਪੱਖ ਇਹ ਵੀ ਹੈ ਕਿ ‘ਲਵ ਜਹਾਦ’ ਦੇ ਨਾਂ ‘ਤੇ ਕਿਸੇ ਮੁਸਲਿਮ ਨੂੰ ਨਾ ਸਿਰਫ਼ ਦਿਨ-ਦਿਹਾੜੇ ਕਤਲ ਕੀਤਾ ਗਿਆ, ਸਗੋਂ ਕਤਲ ਦਾ ਵੀਡੀਓ ਕਲਿਪ ਬਣਾ ਕੇ ਸੋਸ਼ਲ ਮੀਡੀਆ ਉਪਰ ਵਾਇਰਲ ਵੀ ਕੀਤਾ ਗਿਆ। ਕਾਤਲ ਦੀ ਸ਼ਨਾਖ਼ਤ ਸ਼ੰਭੂ ਲਾਲ ਰੈਗਰ ਵਜੋਂ ਹੋਈ ਹੈ ਜਿਸ ਨੇ ਆਪਣੇ ਚੌਦਾਂ ਸਾਲ ਦੇ ਭਤੀਜੇ ਕੋਲੋਂ ਕਤਲ ਦੀ ਵੀਡੀਓ ਬਣਵਾਈ। ਮ੍ਰਿਤਕ ਮੁਹੰਮਦ ਅਫਰਾਜ਼-ਉਲ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਤੋਂ ਸੀ, ਜੋ ਉਥੇ ਮਜ਼ਦੂਰੀ ਕਰ ਰਿਹਾ ਸੀ। ਇਹ ਕਾਂਡ ਉਸ ਮਾਹੌਲ ਦਾ ਸਿੱਕੇਬੰਦ ਸਬੂਤ ਹੈ ਜਿਸ ਵਿਚ ਕਾਤਲ ਇਸ ਭਰੋਸੇ ਨਾਲ ਬੇਖ਼ੌਫ ਹੈ ਕਿ ਉਸ ਨੂੰ ਕਿਸੇ ਮੁਸਲਮਾਨ ਨੂੰ ਕਤਲ ਕਰਨ ਦਾ ਵੀਡੀਓ ਬਣਾਉਣ ਅਤੇ ਫਿਰ ਇਸ ਠੋਸ ਸਬੂਤ ਨੂੰ ਸੋਸ਼ਲ ਮੀਡੀਆ ਉਪਰ ਵਾਇਰਲ ਕਰ ਕੇ ਵੀ ਕੋਈ ਸਜ਼ਾ ਨਹੀਂ ਹੋਵੇਗੀ। ਉਸ ਦੇ ਸਾਹਮਣੇ ਪਹਿਲੂ ਖ਼ਾਨ ਦੇ ਕਤਲ ਕਾਂਡ ਨੂੰ ਫਿਲਮਾਉਣ ਅਤੇ ਵੀਡੀਓ ਕਲਿਪ ਵਾਇਰਲ ਕਰਨ ਦੀ ਠੋਸ ਮਿਸਾਲ ਮੌਜੂਦ ਸੀ ਜਿਸ ਵਿਚ ਇਕ ਮੁਸਲਿਮ ਨੂੰ ਮਾਰਨ ਵਾਲੇ ‘ਗਊ ਰੱਖਿਅਕ’ ਵੀਡੀਓ ਸਬੂਤ ਦੇ ਬਾਵਜੂਦ ਇਸ ਕਰ ਕੇ ਸਾਫ਼ ਬਰੀ ਹੋ ਗਏ, ਕਿਉਂਕਿ ਭਾਜਪਾ ਸਰਕਾਰ ਅਤੇ ਸੰਘ ਦੇ ਕੰਟਰੋਲ ਵਾਲਾ ਰਾਜਤੰਤਰ ਉਨ੍ਹਾਂ ਦੀ ਪਿੱਠ ‘ਤੇ ਸੀ ਜਿਨ੍ਹਾਂ ਨੇ ਅਖੌਤੀ ਗਊ ਰਾਖਿਆਂ ਨੂੰ ਬਚਾਉਣ ਲਈ ਪੂਰੀ ਤਾਕਤ ਝੋਕ ਦਿੱਤੀ ਸੀ।
ਵੀਡੀਓ ਵਿਚ ਕਾਤਲ ਪਹਿਲਾਂ 50 ਕੁ ਸਾਲ ਦੇ ਇਕ ਬੰਦੇ ਨੂੰ ਬੇਰਹਿਮੀ ਨਾਲ ਕੁੱਟ-ਮਾਰ ਕਰ ਕੇ ਗੈਂਤੀ ਮਾਰ ਕੇ ਉਸ ਦਾ ਕਤਲ ਕਰਦਾ ਹੈ, ਤੇ ਫਿਰ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਾ ਦਿੰਦਾ ਹੈ। ਵਕੂਆ-ਏ-ਵਾਰਦਾਤ ਉਪਰ ਤਿੰਨ ਪੰਨਿਆਂ ਦਾ ਨੋਟ ਰੱਖ ਕੇ ਕਤਲ ਦੀ ਮਨਸ਼ਾ ਬਿਆਨ ਕੀਤੀ ਜਾਂਦੀ ਹੈ। ਵੀਡੀਓ ਕਲਿਪ ਵਿਚ ਕਾਤਲ ਲਵ ਜਹਾਦ ਅਤੇ ਦੇਸ਼ ਭਗਤੀ ਦੇ ਨਾਂ ‘ਤੇ ਭਾਸ਼ਣ ਦੇ ਕੇ ਕਤਲ ਦੀ ਆਪਣੀ ਮਨਸ਼ਾ ਨੂੰ ਬੁਲੰਦ ਕਰਦਾ ਹੈ। ਉਹ ਕਹਿੰਦਾ ਹੈ, “ਤੁਮਾਹਰਾ ਯਹੀ ਹਾਲ ਹੋਗਾæææ ਇਹ ਲਵ ਜਹਾਦ ਕਰਤੇ ਹੈਂ ਹਮਾਰੇ ਦੇਸ਼ ਮੇਂæææ ਹਮਾਰੇ ਦੇਸ਼ ਮੇਂ ਐਸਾ ਕਰੋਗੇ, ਤੋ ਹਰ ਜਹਾਦੀ ਕੀ ਹਾਲਤ ਐਸੀ ਹੀ ਹੋਗੀæææ ਜਹਾਦ ਖ਼ਤਮ ਕਰ ਦੋææææ।” ਇਕ ਹੋਰ ਵੀਡੀਓ ਕਲਿਪ ਵਿਚ ਕਾਤਲ ਕਹਿੰਦਾ ਹੈ ਕਿ ਇਹ ਕਤਲ ਹਿੰਦੂਤਵ ਨੂੰ ਬਚਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ- “ਮੇਵਾੜ ਕੋ ਬਚਾਨਾ ਹੈæææ ਮੇਵਾੜ ਕੋ ਏਕ ਹੋਕਰ ਇਸਲਾਮਿਕ ਜਹਾਦ ਕੋ ਮੇਵਾੜ ਸੇ ਨਿਕਾਲਨਾ ਹੈæææ ਇਸ ਲੀਏ ਮੇਵਾੜ ਕੇ ਸਭੀ ਭਾਈ ਬਹਨੋਂæææ ਮੈਨੇ ਜੋ ਕਿਆ ਹੈ, ਚਾਹੇ ਅੱਛਾ ਹੈ ਜਾਂ ਗ਼ਲਤ, ਲੇਕਿਨ ਮੁਝੇ ਜੋ ਲਗਾ, ਮੈਨੇ ਕਿਆ।”
ਪੁਲਿਸ ਵਲੋਂ ਕਾਤਲ ਨੂੰ ਗ੍ਰਿਫ਼ਤਾਰ ਕਰ ਕੇ ਇਹ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਸੂਬੇ ਦੀ ਭਾਜਪਾ ਸਰਕਾਰ ਮੁਜਰਿਮ ਨੂੰ ਢੁੱਕਵੀਂ ਸਜ਼ਾ ਦਿੱਤੇ ਜਾਣ ਲਈ ਗੰਭੀਰ ਹੈ। ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਨੇ ਇਹ ਕਹਿ ਕੇ ਆਪਣੇ ਫਰਜ਼ ਪੂਰਤੀ ਕਰ ਦਿੱਤੀ ਕਿ ਕਾਂਡ ‘ਸਦਮਾਜਨਕ’ ਹੈ। ਸਰਕਾਰ ਵਲੋਂ 5 ਲੱਖ ਦੀ ਸਹਾਇਤਾ ਦੇ ਕੇ ਮਾਮਲੇ ਦੇ ਅਸਲ ਕਾਰਨਾਂ ਨੂੰ ਲੁਕੋਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਉਂ ਪੇਸ਼ ਕੀਤਾ ਜਾ ਰਿਹਾ ਹੈ, ਜਿਵੇਂ ਇਸ ਮਾਮਲੇ ਵਿਚ ਸੰਘ ਪਰਿਵਾਰ ਦੀ ਕੋਈ ਭੂਮਿਕਾ ਨਹੀਂ ਅਤੇ ਇਹ ਨਿੱਜੀ ਰੰਜਿਸ਼ ਵਿਚੋਂ ਕੀਤਾ ਗਿਆ ਕਤਲ ਹੈ। ਇਸ ਦੀ ਸਫ਼ਾਈ ਦੇਣ ਲਈ ਭਾਜਪਾ ਦੇ ਮੁਸਲਿਮ ਚਿਹਰੇ ਮੁਖਤਾਰ ਅੱਬਾਸ ਨਕਵੀ ਨੂੰ ਅੱਗੇ ਲਿਆਂਦਾ ਗਿਆ। ਮੁੱਖ ਧਾਰਾ ਮੀਡੀਆ ਦੇ ਜ਼ਿਆਦਾਤਰ ਹਿੱਸੇ ਨੇ ਵੀ ਇਸ ਕਤਲ ਨੂੰ ਜਿਸ ਤਰੀਕੇ ਨਾਲ ਰਿਪੋਰਟ ਕੀਤਾ ਹੈ, ਉਸ ਤੋਂ ਇਹੀ ਪ੍ਰਭਾਵ ਪੈਂਦਾ ਹੈ ਕਿ ਮ੍ਰਿਤਕ ਨੇ ਕੋਈ ਕਸੂਰ ਕੀਤਾ ਸੀ ਜਿਸ ਬਦਲੇ ਉਸ ਦਾ ਕਤਲ ਹੋਇਆ। ਮੀਡੀਆ ਰਿਪੋਰਟਾਂ ਇਹ ਨਹੀਂ ਦੱਸਦੀਆਂ ਕਿ ‘ਲਵ ਜਹਾਦ’ ਸੰਘ ਪਰਿਵਾਰ ਵਲੋਂ ਉਛਾਲਿਆ ਗਿਆ ਜਾਅਲੀ ਮੁੱਦਾ ਹੈ ਅਤੇ ਸ਼ੰਭੂ ਲਾਲ ਵਰਗਿਆਂ ਦੇ ਮਨਾਂ ਵਿਚ ਮੁਸਲਿਮ ਭਾਈਚਾਰੇ ਵਿਰੁਧ ਜ਼ਹਿਰ ਭਰਨ ਵਿਚ ਸੰਘ ਪਰਿਵਾਰ ਦੇ ਸਾਧਾਂ, ਸਾਧਵੀਆਂ ਅਤੇ ਹੋਰ ਆਗੂਆਂ ਦੀ ਮੁੱਖ ਭੂਮਿਕਾ ਹੈ ਜੋ ਆਏ ਦਿਨ ਗਊ ਰੱਖਿਆ, ਲਵ ਜੇਹਾਦ ਆਦਿ ਮੁੱਦੇ ਉਛਾਲ ਕੇ ਗਿਣ-ਮਿਥ ਕੇ ਫਿਰਕੂ ਪਾਲਾਬੰਦੀ ਕਰ ਰਹੇ ਹਨ। ਅਜੇ ਕੁਝ ਦਿਨ ਪਹਿਲਾਂ ਹੀ ਗੁਜਰਾਤ ਵਿਚ ਭਾਜਪਾ ਦਾ ਕੌਮੀ ਪ੍ਰਧਾਨ ਅਮਿਤ ਸ਼ਾਹ ਚੋਣ ਰੈਲੀਆਂ ਵਿਚ ‘ਲਵ ਜੇਹਾਦ’ ਵਿਰੁਧ ਜ਼ਹਿਰ ਫੈਲਾਉਂਦਾ ਦੇਖਿਆ ਗਿਆ। ਮਹੰਤ ਅਦਿਤਿਆਨਾਥ ਮੁੱਖ ਮੰਤਰੀ ਹੁੰਦੇ ਹੋਏ ਵੀ ਸੰਵਿਧਾਨ ਵਿਚ ਦਰਜ ਧਰਮ ਨਿਰਪੱਖਤਾ ਦਾ ਸ਼ਰੇਆਮ ਮਜ਼ਾਕ ਉਡਾਉਂਦਾ ਹੈ ਅਤੇ ਮੁਸਲਮਾਨਾਂ ਵਿਰੁਧ ਨਫ਼ਰਤ ਭੜਕਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦਾ। ਰਾਜਸਥਾਨ ਵਿਚ ਕਿਸ ਕਦਰ ਫਿਰਕੂ ਨਫ਼ਰਤ ਫੈਲਾਈ ਜਾ ਚੁੱਕੀ ਹੈ, ਇਹ ਪਹਿਲੀ ਦਸੰਬਰ ਨੂੰ ਈਦ-ਏ-ਮਿਲਾਦੁੰਨਬੀ ਮੌਕੇ ਨਾਥ ਦਵਾਰਾ ਅਤੇ ਹੋਰ ਇਲਾਕਿਆਂ ਵਿਚ ਸਾਹਮਣੇ ਆਏ ਤਣਾਓ ਤੋਂ ਸਪਸ਼ਟ ਹੋ ਗਿਆ ਸੀ। ਚੇਤੰਨ ਕੁਮਾਰ ਸੈਣੀ ਦੀ ਖ਼ੁਦਕੁਸ਼ੀ/ਹੱਤਿਆ ਮਾਮਲੇ ਵਿਚ ਨਾਹਰਗੜ੍ਹ ਕਿਲ੍ਹੇ ਦੀਆਂ ਚੱਟਾਨਾਂ ਉਪਰ ਧਮਕੀਆਂ ਲਿਖੀਆਂ ਹੋਈਆਂ ਮਿਲੀਆਂ ਜੋ ਪਦਮਾਵਤੀ ਫਿਲਮ ਨਾਲ ਸਬੰਧਤ ਹਸਤੀਆਂ ਦੇ ਖ਼ਿਲਾਫ਼ ਸਨ। ਨਫ਼ਰਤ ਦਾ ਇਕ ਨਮੂਨਾ 19 ਨਵੰਬਰ ਨੂੰ ਜੈਪੁਰ ਦੇ ਇਕ ਹਿੰਦੂ ਮੇਲੇ ਵਿਚ ਬਜਰੰਗ ਦਲ ਦੇ ਬੁੱਕ ਸਟਾਲ ਉਪਰ ਵੰਡਿਆ ਗਿਆ ਕਿਤਾਬਚਾ ਅਤੇ ਪੈਂਫਲੈੱਟ ਸੀ। ਪੈਂਫਲੈੱਟ ਵਿਚ ਇਕ ਅਭਿਨੇਤਰੀ ਦੀ ਤਸਵੀਰ ਦੇ ਕੇ ਲੋਕਾਂ ਨੂੰ ‘ਲਵ ਜੇਹਾਦ’ ਵਿਰੁਧ ਚਿਤਾਵਨੀ ਦਿੱਤੀ ਗਈ ਸੀ ਅਤੇ ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਦੋ ਮੁਸਲਿਮ ਐਕਟਰਾਂ ਵਲੋਂ ਆਪਣੀਆਂ ਹਿੰਦੂ ਪਤਨੀਆਂ ਧੋਖਾ ਦੇ ਕੇ ਛੱਡ ਦਿੱਤੀਆਂ ਗਈਆਂ।
ਮੁਹੰਮਦ ਅਫਰਾਜ਼-ਉਲ ਦੇ ਮਾਮਲੇ ਵਿਚ ਵੀ ਸੰਘ ਬ੍ਰਿਗੇਡ ਦੀ ਦੋਹਰੀ ਭੂਮਿਕਾ ਲੁਕੀ ਨਹੀਂ। ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਕਾਤਲ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਗੰਭੀਰ ਹਨ, ਪਰ ਭਾਜਪਾ ਦੇ ਜੋ ਆਗੂ ਸੰਘ ਪਰਿਵਾਰ ਦੀ ਅੰਤਰ-ਮਜ਼ਹਬੀ ਰਿਸ਼ਤਿਆਂ ਵਿਰੁਧ ਨਫ਼ਰਤ ਦੀ ਤਰਜਮਾਨੀ ਕਰਦੇ ਹੋਏ ਸ਼ਰੇਆਮ ਇਸ ਕਤਲ ਦੀ ਜੈ-ਜੈਕਾਰ ਕਰ ਰਹੇ ਹਨ, ਉਨ੍ਹਾਂ ਬਾਰੇ ਭਾਜਪਾ ਦੀ ਕੇਂਦਰੀ ਕਮਾਨ ਤੋਂ ਲੈ ਕੇ ਰਾਜਸਥਾਨ ਸਰਕਾਰ ਤਕ ਹਰ ਕੋਈ ਖ਼ਾਮੋਸ਼ ਹੈ। ਰਾਜਸਮੰਦ ਤੋਂ ਭਾਜਪਾ ਦੇ ਸਥਾਨਕ ਆਗੂ ਪ੍ਰੇਮ ਮਾਲੀ ਨੇ ‘ਸਵੱਛ ਰਾਜਸਮੰਦ, ਸਵੱਛ ਭਾਰਤ’ ਨਾਂ ਦਾ ਵੱਟਸਐਪ ਗਰੁਪ ਬਣਾਇਆ ਹੋਇਆ ਹੈ ਅਤੇ ਇਸ ਗਰੁਪ ਵਿਚ ਸੂਬਾ ਸਰਕਾਰ ਦੇ ਕੈਬਨਿਟ ਮੰਤਰੀ ਕਿਰਨ ਮਹੇਸ਼ਵਰੀ, ਸੰਸਦ ਮੈਂਬਰ ਹਰੀਓਮ ਸਿੰਘ ਰਾਠੌੜ, ਰਾਜਸਮੰਦ ਨਗਰ ਪ੍ਰੀਸ਼ਦ ਦੇ ਸਭਾਪਤੀ ਸੁਰੇਸ਼ ਪਾਲੀਵਾਲ ਸਮੇਤ ਭਾਜਪਾ ਦੇ ਬਹੁਤ ਸਾਰੇ ਆਗੂ ਅਤੇ ਕਈ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਹਨ। ਇਸ ਗਰੁਪ ਉਪਰ ਸ਼ਰੇਆਮ ਸ਼ੰਭੂ ਲਾਲ ਦੀ ਹਮਾਇਤ ਵਿਚ ਮੈਸੇਜ ਪੋਸਟ ਕੀਤੇ ਗਏ। ਸ਼ੰਭੂ ਲਾਲ ਦੀ ਰਿਹਾਈ ਦੀ ਮੰਗ ਕਰਦਿਆਂ ਉਸ ਦਾ ਮੁਕੱਦਮਾ ਲੜਨ ਲਈ ਹਰ ਬੰਦੇ ਤੋਂ 500 ਰੁਪਏ ਚੰਦਾ ਲੈਣ ਦਾ ਸੱਦਾ ਵੀ ਦਿੱਤਾ ਗਿਆ ਅਤੇ ‘ਲਵ ਜਹਾਦ’ ਤੋਂ ਚੌਕਸ ਰਹਿਣ ਦੇ ਹੋ ਕੇ ਵੀ ਦਿੱਤੇ ਗਏ। ਜਦੋਂ ਇਹ ਮੁੱਦਾ ਬਣ ਗਿਆ ਅਤੇ ਜਵਾਬਦੇਹ ਹੋਣਾ ਪੈਣਾ ਸੀ, ਤਾਂ ਇਹ ਮੈਸੇਜ ਡਿਲੀਟ ਕਰ ਦਿੱਤੇ ਗਏ, ਪਰ ਇਨ੍ਹਾਂ ਦੇ ਖ਼ਿਲਾਫ਼ ਭਾਜਪਾ ਦੇ ਸੀਨੀਅਰ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ। ਇਹ ਸੰਘ ਪਰਿਵਾਰ ਦੇ ਉਚ ਆਗੂਆਂ ਦੀ ਅਣਐਲਾਨੀ ਸਹਿਮਤੀ ਨਹੀਂ ਤਾਂ ਹੋਰ ਕੀ ਹੈ?
‘ਲਵ ਜਹਾਦ’ ਜੋ ਸੰਘ ਪਰਿਵਾਰ ਵਲੋਂ ਆਪਣੇ ਹਿੰਦੂਤਵ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਘੜੇ ਜਾਅਲੀ ਮੁੱਦਿਆਂ ਵਿਚੋਂ ਇਕ ਹੈ, ਸਿਰਫ਼ ਸੰਘੀਆਂ ਦਾ ਮਨਪਸੰਦ ਹਥਿਆਰ ਹੀ ਨਹੀਂ, ਇਸ ਉਪਰ ਲੋਕ ਰਾਇ ਬਣਾਉਣ ਲਈ ਇਕ ਤਰ੍ਹਾਂ ਨਾਲ ਪੂਰਾ ਹਿੰਦੁਸਤਾਨੀ ਸਟੇਟ ਜੁਟਿਆ ਹੋਇਆ ਹੈ। ਉਚ ਅਦਾਲਤਾਂ ਵੀ ਪਿੱਛੇ ਨਹੀਂ ਰਹਿਣਾ ਚਾਹੁੰਦੀਆਂ। ਪਿੱਛੇ ਜਿਹੇ ਕੇਰਲਾ ਹਾਈਕੋਰਟ ਵਲੋਂ ਬਾਲਗ ਕੁੜੀ ਹਾਦੀਆ ਦਾ ਨਿਕਾਹ ਤੋੜ ਦਿੱਤਾ ਗਿਆ। ਹਾਦੀਆ, ਜਿਸ ਦਾ ਪਹਿਲਾ ਨਾਂ ਅਖੀਲਾ ਸੀ, ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ ਅਤੇ ਉਸ ਨੇ ਧਰਮ ਬਦਲ ਕੇ ਆਪਣੀ ਪਸੰਦ ਦੇ ਮੁਸਲਿਮ ਲੜਕੇ ਸ਼ਫ਼ੀਂ ਜਹਾਂ ਨਾਲ ਵਿਆਹ ਕਰਵਾ ਲਿਆ ਸੀ। ਬਾਅਦ ਵਿਚ ਸੁਪਰੀਮ ਕੋਰਟ ਨੇ ਵੀ ਕੌਮੀ ਜਾਂਚ ਏਜੰਸੀ ਨੂੰ ਇਸ ਧਰਮ ਬਦਲੀ ਆਧਾਰਤ ਵਿਆਹ ਦੀ ਜਾਂਚ ਕਰਨ ਦੇ ਆਦੇਸ਼ ਦੇ ਦਿੱਤੇ। ਇਸੇ ਤਰ੍ਹਾਂ ਪਹਿਲੀ ਨਵੰਬਰ ਨੂੰ ਰਾਜਸਥਾਨ ਹਾਈਕੋਰਟ ਵਲੋਂ 22 ਸਾਲ ਦੀ ਕੁੜੀ ਪਾਇਲ ਸਿੰਘਵੀ ਵਲੋਂ ਮੁਸਲਿਮ ਨੌਜਵਾਨ ਫ਼ੈਜ਼ ਮੋਦੀ ਨਾਲ ਕਰਵਾਏ ਅੰਤਰ-ਮਜ਼ਹਬੀ ਵਿਆਹ ਉਪਰ ਸਵਾਲੀਆ ਚਿੰਨ੍ਹ ਲਾ ਦਿੱਤਾ ਗਿਆ ਜਿਸ ਨੇ ਧਰਮ ਬਦਲ ਕੇ ਆਪਣਾ ਨਾਂ ਆਰਿਫ਼ਾ ਰੱਖ ਲਿਆ ਸੀ ਅਤੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਸੀ। ਅਦਾਲਤ ਦੇ ਬੈਂਚ ਦੀ ਇਸ ਟਿਪਣੀ ਵਿਚ ਕਿੰਨੇ ਡੂੰਘੇ ਸੰਕੇਤ ਸਮੋਏ ਹੋਏ ਹਨ ਕਿ ਨਾਗਰਿਕਾਂ ਵਲੋਂ ‘ਦਸ ਰੁਪਏ ਦੇ ਅਸ਼ਟਾਮ ਦੇ ਆਧਾਰ ‘ਤੇ ਕੀਤੀ ਧਰਮ ਬਦਲੀ ਨੂੰ ਕਾਨੂੰਨੀ ਨਹੀਂ ਮੰਨਿਆ ਜਾ ਸਕਦਾ’। ਜੱਜਾਂ ਨੇ ਪੁਲਿਸ ਦੀ ਵੀ ਝਾੜ-ਝੰਬ ਕੀਤੀ ਜਿਨ੍ਹਾਂ ਪਰਿਵਾਰ ਦੀ ਸ਼ਿਕਾਇਤ ਦਰਜ ਨਹੀਂ ਕੀਤੀ ਸੀ। ਇਨ੍ਹਾਂ ਦੋਹਾਂ ਮਾਮਲਿਆਂ ਵਿਚ ਪਰਿਵਾਰ ਨੇ ਲੜਕੀਆਂ ਦੇ ਧਰਮ ਧੱਕੇ ਨਾਲ ਬਦਲੇ ਜਾਣ ਦੇ ਇਲਜ਼ਾਮ ਲਗਾਏ ਸਨ। ਸਵਾਲ ਇਹ ਹੈ ਕਿ ਜਦੋਂ ਕੁੜੀਆਂ ਬਾਲਗ ਹਨ ਅਤੇ ਅਦਾਲਤ ਵਿਚ ਆ ਕੇ ਸਪਸ਼ਟ ਬਿਆਨ ਦਿੰਦੀਆਂ ਹਨ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਏ ਹਨ ਤਾਂ ਜੱਜਾਂ ਨੂੰ ਇਸ ਬਾਬਤ ਇਤਰਾਜ਼ ਕਿਉਂ ਹੈ?
ਇਹ ਮਾਹੌਲ ਹੈ ਜਿਸ ਵਿਚ ਬਹੁ ਗਿਣਤੀ ਫਿਰਕੇ ਦੇ ਸ਼ੰਭੂ ਲਾਲਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਨੂੰ ਪਤਾ ਹੈ ਕਿ ਮੁਹੰਮਦ ਅਖ਼ਲਾਕ, ਜੁਨੈਦ, ਪਹਿਲੂ ਖ਼ਾਨ, ਅਫਰਾਜ਼-ਉਲ ਵਰਗੇ ਬੇਵੱਸ ਮੁਸਲਮਾਨਾਂ ਨੂੰ ਕਤਲ ਕਰ ਕੇ ਅਤੇ ਖ਼ੁਦ ਹੀ ਸਬੂਤ ਜਨਤਕ ਕਰ ਕੇ ਵੀ ਉਹ ਬਰੀ ਹੋ ਜਾਣਗੇ। ਕਤਲ ਨੂੰ ਜਾਇਜ਼ ਠਹਿਰਾਉਣ ਲਈ ਇਹੀ ਕਾਫ਼ੀ ਹੈ ਕਿ ਕਤਲ ਕੀਤਾ ਜਾਣ ਵਾਲਾ ਮੁਸਲਮਾਨ ਹੈ। ਬਸ ਏਨਾ ਹੀ ਕਾਫ਼ੀ ਹੈ ਕਿ ਕਤਲ ਕੀਤੇ ਜਾਣ ਵਾਲੇ ਮੁਸਲਮਾਨ ਬਾਬਤ ਸੰਘ ਦੇ ਮੁਹਾਵਰੇ ਵਿਚ ਗਊ ਹੱਤਿਆ, ਗਊ ਦਾ ਮਾਸ ਖਾਣ, ਲਵ ਜਹਾਦ ਵਗੈਰਾ ਕੋਈ ਨਾ ਕੋਈ ਅਫਵਾਹ ਫੈਲਾ ਦਿੱਤੀ ਜਾਵੇ।