ਬਲਕਾਰ ਸਿੰਘ ਪਟਿਆਲਾ
ਮਾਤਾ ਸਾਹਿਬ ਕੌਰ ਨੂੰ ਪੰਥਕ ਲੋੜ ਮੁਤਾਬਕ ਵਰਤਣ ਵਿਚ ਕੋਈ ਕਸਰ ਨਹੀਂ ਰਹੀ, ਪਰ ਮਾਤਾ ਜੀ ਨੂੰ ਸਿੱਖ ਸੁਰ ਵਿਚ ਉਸਾਰਨ ਦੀ ਕੋਸ਼ਿਸ਼ ਅਜੇ ਹੋਣੀ ਹੈ। ਸਿੱਖੀ ਅਤੇ ਪੰਥਕਤਾ ਦਾ ਸੰਜੋਗੀ ਮੇਲ ਹਿੱਲ ਗਿਆ ਹੈ ਅਤੇ ਗੱਲ ਸਿੱਖਾਂ ਨੂੰ ਸਿੱਖਾਂ ਤੋਂ ਬਚਾਉਣ ਤੱਕ ਪਹੁੰਚ ਗਈ ਹੈ। ਚੇਤਨਾ ਦੇ ਹੜ੍ਹ ਵਿਚ ਮਜਬੂਤ ਜੜ੍ਹਾਂ ਵਾਲੇ ਹਾਸਲ ਹੀ ਬਚ ਸਕਣਗੇ। ਅਜਿਹਾ ਬਾਣੀ ਵੱਲ ਪਰਤਣ ਨਾਲ ਹੀ ਸੰਭਵ ਹੋ ਸਕਦਾ ਹੈ। ਇਸ ਵਾਸਤੇ ਪੁਸਤਕ ਸਭਿਆਚਾਰ ਦਾ ਸਹਾਰਾ ਬਹੁਤ ਜ਼ਰੂਰੀ ਹੈ। ਚੇਤਨਾ ਨਾਲੋਂ ਟੁੱਟੀ ਹੋਈ ਆਸਥਾ ਸੁਆਰਦੀ ਘੱਟ ਅਤੇ ਵਿਗਾੜਦੀ ਬਹੁਤਾ ਹੈ।
ਆਧੁਨਿਕਤਾ ਨਾਲ ਪਰਵੇਸ਼ ਕਰ ਗਏ ਨਾਰੀ-ਸਰੋਕਾਰਾਂ ਵਿਚੋਂ ਕਮਜ਼ੋਰ ਹੁੰਦੀਆਂ ਜਾ ਰਹੀਆਂ ਮਾਂ-ਪਰਤਾਂ ਚਿੰਤਾ ਦਾ ਵਿਸ਼ਾ ਹੁੰਦੀਆਂ ਜਾ ਰਹੀਆਂ ਹਨ। ਕਾਰਨ ਇਹ ਹੈ ਕਿ ਸਮਾਜਕ ਪ੍ਰਸੰਗ ਵਿਚ ਮਾਤਰਤਵ ਦਾ ਰੋਲ-ਮਾਡਲ ਦਿਨੋ ਦਿਨ ਗੁਆਚਦਾ ਹੀ ਜਾ ਰਿਹਾ ਹੈ। ਮਾਤਾ ਸਾਹਿਬ ਕੌਰ ਦੀ ਇਸ ਦ੍ਰਿਸ਼ਟੀ ਤੋਂ ਪ੍ਰਸੰਗਕਤਾ ਸਥਾਪਤ ਕੀਤੀ ਜਾਣੀ ਚਾਹੀਦੀ ਹੈ। ਮਾਤ-ਸ਼ਸ਼ਕਤੀਕਰਣ ਦੀ ਦ੍ਰਿਸ਼ਟੀ ਤੋਂ ਗੁਰੂ ਮਹਿਲਾਂ ਦੇ ਇਤਿਹਾਸ ਵਿਚ ਮਾਤਾ ਸਾਹਿਬ ਕੌਰ ਦਾ ਵਿਲੱਖਣ ਸਥਾਨ ਹੈ ਕਿਉਂਕਿ ਉਨ੍ਹਾਂ ਦੀ ਭੂਮਿਕਾ ਗੁਰੂ ਮਹਿਲ ਤੋਂ ਲੈ ਕੇ ਖਾਲਸੇ ਦੀ ਮਾਤਾ ਹੋ ਜਾਣ ਤੱਕ ਫੈਲੀ ਹੋਈ ਹੋਣ ਕਰਕੇ, ਉਹ ਮਾਤ-ਮੂਰਤ ਵਜੋਂ ਸਿੱਖ ਸਿਮਰਤੀ ਵਿਚ ਡੂੰਘੇ ਉਤਰ ਚੁਕੇ ਹਨ।
ਇਤਿਹਾਸਕਾਰਾਂ ਨੇ ਮਾਤਾ ਜੀ ਨੂੰ ਬਹੁਤਾ ਨਹੀਂ ਗੌਲਿਆ ਅਤੇ ਇਸ ਤਰ੍ਹਾਂ ਦਿੱਭਤਾ ਨਾਲ ਸਿੱਖ-ਸੁਰ ਵਿਚ ਨਿਭਣ ਵਾਲਾ ਨਾਰੀ-ਪੱਖ ਸਾਹਮਣੇ ਨਹੀਂ ਆ ਸਕਿਆ। ਇਤਿਹਾਸ ਦੀ ਸਮੱਸਿਆ ਇਹ ਹੈ ਕਿ ਇਹ ਵਿਧਾ, ਵਰਤਮਾਨ ਨਾਲ ਜੋੜਦੀ ਘੱਟ ਹੈ ਅਤੇ ਵਰਤਮਾਨ ਨਾਲੋਂ ਤੋੜਦੀ ਵੱਧ ਹੈ। ਇਸੇ ਕਰਕੇ ਮਾਤਾ ਜੀ ਬਾਰੇ ਮਿਲਦੇ ਵੇਰਵੇ ਪਹਿਲਾਂ ਤਾਂ ਬਹੁਤ ਘੱਟ ਹਨ ਅਤੇ ਜੋ ਹਨ, ਉਹ ਸਿੱਧਮ ਸਿੱਧੇ ਨਾਰੀ-ਪ੍ਰਸੰਗ ਨਾਲ ਜੁੜੇ ਹੋਏ ਹੋਣ ਕਾਰਨ, ਮਾਤਰਤਵ (ੰੋਟਹeਰਹੋਦ) ਦੀਆਂ ਦਿੱਭ-ਪਰਤਾਂ ਤੱਕ ਪਹੁੰਚਣ ਵਿਚ ਮਦਦ ਨਹੀਂ ਕਰਦੇ। ਆਮ ਧਾਰਨਾਵਾਂ ਵਜੋਂ ਮਾਤਾ ਜੀ ਦੀ ਜੋ ਨਾਰੀ-ਛਬੀ ਇਤਿਹਾਸ ਵਿਚ ਉਤਰ ਚੁਕੀ ਹੈ, ਉਹ ਸਿੱਖ-ਧਾਰਨਾ ਤਾਂ ਕੀ, ਪੰਥਕ-ਧਾਰਨਾ ਨਾਲ ਵੀ ਮੇਲ ਨਹੀਂ ਖਾਂਦੀ। ਇਸੇ ਕਰਕੇ ਮਾਤਾ ਜੀ ਦੇ ਸਵੈਇੱਛਤ ਸਰੋਕਾਰ (ੜੋਲੁਨਟeeਰਨਿਗ ਛੋਨਚeਰਨਸ) ਅਤੇ ਇੱਛਾ ਰਹਿਤ ਵਚਨਬੱਧਤਾ ਦੀ ਸਕਰਮਕਤਾ ਸਾਹਮਣੇ ਨਹੀਂ ਆ ਸਕੀ। ਗੁਰੂ ਮਹਿਲਾਂ ਨੂੰ ਲੈ ਕੇ ਗੁਰੂ-ਦਿੱਭਤਾ ਨਾਲ ਨਿਭਣ ਦੇ ਨਾਰੀ-ਪ੍ਰਸੰਗ ਨੂੰ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿਚ ਸਥਾਪਤ ਅਜੇ ਕੀਤਾ ਜਾਣਾ ਹੈ। ਬਾਣੀ ਵਿਚ ਜਿਗਿਆਸੂ ਨੂੰ ਲਿੰਗ-ਪ੍ਰਸੰਗ ਵਿਚ ਪ੍ਰਵਾਨ ਨਹੀਂ ਕੀਤਾ ਗਿਆ ਅਤੇ ਨਾ ਹੀ ਪ੍ਰਾਪਤ ਅਤੇ ਸਤਾਪਤ ਜੀਵ-ਵੰਡ ਮੁਤਾਬਕ ਧਾਰਮਿਕ ਜਿਗਿਆਸਾ ਨੂੰ ਸਿੱਖ ਪ੍ਰਸੰਗ ਵਿਚ ਪ੍ਰਵਾਨ ਕੀਤਾ ਗਿਆ ਹੈ। ਬਾਣੀ ਦੀ ਰੌਸ਼ਨੀ ਵਿਚ ਇਤਿਹਾਸ ਲਿਖਿਆ ਹੁੰਦਾ ਤਾਂ ਗੁਰੂ ਮਹਿਲਾਂ ਦਾ ਇਹ ਪੱਖ ਸਾਹਮਣੇ ਆ ਜਾਣਾ ਸੀ ਕਿ ਸਿੱਖ-ਸੁਰ ਵਿਚ ਮਾਤਰਤਵ, ਅਚੇਤ ਅਤੇ ਸੁਚੇਤ ਅਕਾਂਖਿਆਵਾਂ ਦਾ ਸੰਜੋਗੀ ਮੇਲ ਹੈ। ਸਿੱਖਾਂ ਦੇ ਚੇਤਿਆਂ ਵਿਚ ਜਿਸ ਤਰ੍ਹਾਂ ਗੁਰੂ-ਸ਼ਖਸੀਅਤਾਂ, ਧਰਤੀ ਤੇ ਸਕਰਮਕ ਦਿੱਭਤਾ ਵਜੋਂ ਟਿਕੀਆਂ ਹੋਈਆਂ ਸਨ, ਉਸ ਤਰ੍ਹਾਂ ਦੀ ਪ੍ਰਸੰਗਕਤਾ ਗੁਰੂ-ਦਿੱਭਤਾ ਨਾਲ ਨਿਭਣ ਵਾਲੀਆਂ ਗੁਰੂ ਮਹਿਲਾਂ ਨੂੰ ਪ੍ਰਾਪਤ ਨਹੀਂ ਹੈ।
ਜਿਸ ਗੁਰੂ ਦੀ ਸੰਗਤ ਵਿਚ ਪਾਪੀ ਵੀ ਤਰਦਾ ਰਿਹਾ ਹੈ, ਉਸ ਗੁਰੂ ਦੇ ਮਹਿਲ ਨੂੰ ਜੇ ਗੁਰੂ-ਮਿਹਰ ਦੇ ਰੰਗ ਵਿਚ ਰੰਗੀ ਸਕਰਮਕਤਾ ਪ੍ਰਵਾਨ ਨਹੀਂ ਕਰਾਂਗੇ ਤਾਂ ਗੁਰੂ-ਦਿੱਭਤਾ ਦੇ ਸਮਾਜਕ ਵਰਤਾਰਿਆਂ ਤੱਕ ਨਹੀਂ ਪਹੁੰਚ ਸਕਾਂਗੇ। ਇਹ ਵਰਤਾਰਾ ਸਹਿਜ-ਵਿਹਾਰ ਦਾ ਹੈ, ਵਿਸਮਾਦੀ-ਵਿਚਰਨ ਦਾ ਹੈ ਅਤੇ ਅਨੰਦੀ-ਅਹਿਸਾਸ ਦਾ ਹੈ। ਇਸ ਹਾਲਤ ਵਿਚ ਸੰਸੇ ਅਤੇ ਝੋਰੇ ਵੀ ਮੁਹੱਬਤ ਬਣ ਜਾਂਦੇ ਹਨ। ਗੁਰੂ ਦੇ ਸੱਚ ਨੂੰ ਲੋੜਵੰਦਾਂ ਦੇ ਅਮਲ ਵਿਚ ਉਤਾਰਨ ਦਾ ਮਾਧਿਅਮ, ਗੁਰੂ ਮਹਿਲਾਂ ਤੋਂ ਵੀ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਸਿੱਖ-ਸੁਰ ਵਿਚ ਦੁਬਿਧਾ-ਮੁਕਤ ਸਮਾਜਕਤਾ ਦੀ ਪਛਾਣ ਘਰ ਤੋਂ ਕੀਤੇ ਜਾਣ ਦੀ ਲੋੜ ਹਰ ਸਮਕਾਲ ਨੂੰ ਰਹਿਣੀ ਹੈ। ਇਹ ਤਾਂ ਆਮ ਸਮਝ ਵਿਚ ਆਉਣ ਵਾਲੀ ਗੱਲ ਹੈ ਕਿ ਚੀਜਾਂ ਉਹੀ ਖਰਾਬ ਹੁੰਦੀਆਂ ਹਨ, ਜਿਨ੍ਹਾਂ ਨੂੰ ਸਾਂਭਣਯੋਗ ਭਾਂਡਾ ਨਹੀਂ ਮਿਲਦਾ। ਮਾਤਰਤਵ ਤਾਂ ਰਿਸ਼ਤਿਆਂ ਨੂੰ ਸੰਭਾਲਣ ਦਾ ਹੀ ਨਾਮ ਹੈ। ਪ੍ਰੋ. ਪੂਰਨ ਸਿੰਘ ਮਾਂ ਨੂੰ ‘ਸਰੀਰ, ਮਨ ਅਤੇ ਰੂਹ ਦਾ ਮੁਜੱਸਮਾ’ ਕਹਿੰਦੇ ਹਨ।
ਗੁਰਬਾਣੀ ਵਿਚ ਅਕਾਲ ਦੇ ਹਵਾਲੇ ਨਾਲ ਆਮ ਬੰਦੇ ਤੋਂ ਦਿੱਭ ਤੱਕ ਦੀ ਸਰੀਰਕ ਯਾਤਰਾ ਨੂੰ ਨਾਰੀ ਬਿੰਬ ਰਾਹੀਂ ਉਸਾਰਨ ਦਾ ਯਤਨ ਕੀਤਾ ਗਿਆ ਹੈ। ਸੂਖਮ ਪ੍ਰਗਟਾਵਿਆਂ ਲਈ ਨਾਰੀ ਬਿੰਬ ਦੀ ਚੋਣ ਬਾਣੀ ਦਾ ਅਹਿਮ ਪਹਿਲੂ ਹੈ। ਇਸ ਦਾ ਸੰਕੇਤ ਅਕਾਲ ਰੂਪ ਪਤੀ ਅਤੇ ਸਰੀਰਧਾਰੀ ਪਤਨੀਆਂ ਦੇ ਹਵਾਲੇ ਨਾਲ ‘ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥’ (ਪੰਨਾ 591) ਰਾਹੀਂ ਸਥਾਪਤ ਕੀਤਾ ਹੋਇਆ ਹੈ। ਇਸ ਸੰਕੇਤ ਨਾਲ ਸਿੱਖ ਪ੍ਰਸੰਗ ਵਿਚ ਨਾਰੀਤਵ ਨੂੰ ਸਿੱਖ ਸਮਾਜਕਤਾ ਦੀ ਚੂਲ ਕਹਿ ਸਕਦੇ ਹਾਂ। ਗੁਰੂ ਸਾਹਿਬਾਨ ਦੀ ਹਾਜ਼ਰੀ ਵਿਚ (1469-1708) ਗੁਰੂ ਮਹਿਲਾਂ ਵੱਲੋਂ ਸਿੱਖ ਸਮਾਜਕਤਾ ਦੀ ਉਸਾਰੀ ਲਈ ਜੋ ਭੂਮਿਕਾ ਨਿਭਾਈ ਜਾਂਦੀ ਰਹੀ ਹੈ, ਉਸ ਨੂੰ ਵੀ ਇਤਿਹਾਸ ਨੇ ਪੂਰੀ ਤਰ੍ਹਾਂ ਨਹੀਂ ਸਾਂਭਿਆ। ਇਨ੍ਹਾਂ ਕਾਰਨਾਂ ਕਰਕੇ ਦਸਮ ਪਾਤਸ਼ਾਹ ਹਜ਼ੂਰ ਦੀ ਗੈਰਹਾਜ਼ਰੀ ਵਿਚ ਮਾਤਾ ਜੀ ਦੀ ਭੂਮਿਕਾ ਦਾ ਪ੍ਰਸੰਗਕ ਉਸਾਰ ਨਹੀਂ ਹੋ ਸਕਿਆ। ਇਹ ਠੀਕ ਹੈ ਕਿ ‘ਗੁਰੂ ਮਾਨਿਓ ਗ੍ਰੰਥ’ ਦੇ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਜਾਗਤ ਜੋਤਿ ਅਤੇ ਜ਼ਾਹਰਾ ਜ਼ਹੂਰ ਸ਼ਬਦ-ਗੁਰੂ ਦੀ ਭੂਮਿਕਾ 1708 ਤੋਂ ਬਾਅਦ ਨਿਭਾਈ ਜਾ ਰਹੀ ਸੀ ਅਤੇ ਇਸ ਦੇ ਨਾਲ ਹੀ ਪੰਥਕ ਭੂਮਿਕਾ ਮਾਤਾ ਜੀ ਵਲੋਂ ਖਾਲਸਾ-ਮਾਤਾ ਵਜੋਂ ਨਿਭਾਈ ਜਾਂਦੀ ਰਹੀ ਸੀ।
ਮਾਤਾ ਜੀ ਦੇ ਹੁਕਮਨਾਮਿਆਂ ਦਾ ਅਰੰਭ “ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ, ਸ੍ਰੀ ਮਾਤਾ ਸਾਹਿਬ ਦੇਵੀ ਜੀ ਦੀ ਆਗਿਆ ਹੈ” ਨਾਲ ਹੁੰਦਾ ਸੀ। ਹੁਕਮਨਾਮਿਆਂ ਵਿਚ ਇਹ ਵੀ ਸ਼ਾਮਲ ਰਹਿੰਦਾ ਸੀ, “ਤੁਸੀਂ ਮੇਰੇ ਪੁੱਤ ਫਰਜੰਦ ਹੋ”, “ਵਾਹਿਗੁਰੂ ਦੇਗ ਤੇਗ ਫਤਿਹ ਕਰੇ”, “ਖੂਹ ਨਵਾਂ ਬਣਵਾਈ ਦੇਣਾ ਅਤੇ ਜੋ ਕੁਝ ਲੱਗੇ ਸੋ ਸਰਕਾਰ ਦੇ ਲੇਖੇ ਲਗਾਵਣਾ” ਅਤੇ “ਗੁਰੂ ਘਰ ਇਕ ਜਾਣਨਾ। ਵਖਰੇਵਾਂ ਨਹੀਂ ਪਾਉਣਾ, ਐਸੇ ਸ਼ਾਤਰਾਂ ਤੋਂ ਬਚਣਾ। ਸੁੰਦਰੀ ਜੀ ਦੀ ਆਗਿਆ ਉਨ੍ਹਾਂ ਦੀ ਆਗਿਆ ਹੈ,” ਆਦਿ। ਇਸ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਸਿੱਖ ਭਾਈਚਾਰੇ ਨੂੰ ਪੰਥਕ ਸੇਧ ਵਿਚ ਰੱਖਣ ਦੀ ਚੇਤੰਨ ਜਿੰਮੇਵਾਰੀ ਦੇ ਜੋਖਮ ਨੂੰ ਮਾਤਾ ਸਾਹਿਬ ਕੌਰ ਨਿਭਾਉਣ ਦੀ ਕੋਸ਼ਿਸ਼ ਕਰਦੇ ਰਹੇ ਸਨ। ਇਹ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਚੜ੍ਹਤ ਅਤੇ ਸਿੱਖ ਸੰਘਰਸ਼ ਦਾ ਸਮਾਂ ਸੀ।
ਤੱਤ ਖਾਲਸਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਵਿਚਕਾਰ ਤਣਾਉ ਨਾਲ ਪੈਦਾ ਹੋਇਆ ਸੰਕਟ ਦਾ ਸਮਾਂ ਵੀ ਇਹੀ ਸੀ। ਸੰਕਟ ਅਤੇ ਸੰਘਰਸ਼ ਵਿਚ ਲੋੜੀਂਦੀ ਸਿੱਖ ਭੂਮਿਕਾ ਦੇ ਹਵਾਲੇ ਨਾਲ ਮਾਤਾ ਜੀ ਨੂੰ ਨਾਰੀ ਰੋਲ ਮਾਡਲ ਵਜੋਂ ਨਾ ਸੰਭਾਲਣ ਕਰਕੇ ਸਿੱਖ ਧਰਮ ਵਿਚੋਂ ਨਾਰੀ ਭੂਮਿਕਾ ਗੁਆਚਦੀ ਚਲੀ ਗਈ ਹੈ ਅਤੇ ਉਸ ਦਾ ਖਮਿਆਜ਼ਾ ਸਿੱਖ ਪੀੜ੍ਹੀਆਂ ਨੂੰ ਭੁਗਤਣਾ ਪੈਂਦਾ ਰਿਹਾ ਹੈ। ਜਿੰਨਾ ਚਿਰ ਸਿੱਖ ਮਾਤਰਤਵ ਨੂੰ ਸਥਾਪਤ ਅਤੇ ਪ੍ਰਚੰਡ ਨਹੀਂ ਕੀਤਾ ਜਾਂਦਾ, ਉਨਾਂ ਚਿਰ ਸਿੱਖ ਘਰਾਂ ਵਿਚ ਸਿੱਖੀ ਦੀ ਸੰਭਾਲ ਨਹੀਂ ਕੀਤੀ ਜਾ ਸਕਦੀ।
ਇਹ ਠੀਕ ਹੈ ਕਿ ਸਮਾਜਕ ਪ੍ਰਸੰਗ ਵਿਚ ਰਿਸ਼ਤਿਆਂ ਨੂੰ ਕੇਂਦਰੀਅਤ ਪ੍ਰਾਪਤ ਰਹਿੰਦੀ ਹੈ ਕਿਉਂਕਿ ਰਿਸ਼ਤਾ ਕੇਵਲ ਨਾਂ ਹੀ ਨਹੀਂ ਹੁੰਦਾ ਸਗੋਂ ਸਮਾਜਕ-ਸਰੋਕਾਰਾਂ ਦਾ ਪ੍ਰਸੰਗਕ ਸਮੁੱਚ ਹੁੰਦਾ ਹੈ। ਰਿਸ਼ਤਿਆਂ ਵਿਚੋਂ ਨੈਤਿਕਤਾ ਮਨਫੀ ਹੋ ਜਾਵੇ ਤਾਂ ਇਨ੍ਹਾਂ ਦੀ ਖੂਬਸੂਰਤੀ ਧੁਆਂਖੀ ਜਾਂਦੀ ਹੈ। ਰਿਸ਼ਤੇ ਦੀ ਨੈਤਿਕਤਾ ਹੀ ਰਿਸ਼ਤੇ ਨੂੰ ਰਿਸ਼ਤਤਵ ਤੱਕ ਲੈ ਕੇ ਜਾਂਦੀ ਹੈ। ਰਿਸ਼ਤਿਆਂ ਦੀਆਂ ਲਿੰਗ ਆਧਾਰਤ ਪਰਤਾਂ, ਰਿਸ਼ਤਿਆਂ ਦੇ ਉਲਾਰ ਨੂੰ ਸਾਹਮਣੇ ਲਿਆਉਂਦੀਆਂ ਹਨ। ਪਤੀ ਦਾ ਪਰਮੇਸ਼ਰ ਹੋ ਜਾਣਾ ਇਸੇ ਦੀ ਪਰਤ ਹੈ ਅਤੇ ‘ਹਭੈ ਸਾਕ ਕੂੜਾਵੇ ਡਿਠੇ ਤਉ ਪਲੈ ਤੈਂਡੇ ਲਾਗੀ॥’ (ਪੰਨਾ 963) ਦੇ ਪ੍ਰਸੰਗ ਵਿਗਾੜ ਨਾਲ ਇਸ ਨੂੰ ਪੁਸ਼ਟ ਕਰਨ ਦੀ ਗਲਤੀ ਸਿੱਖ ਭਾਈਚਾਰੇ ਵਲੋਂ ਵੀ ਲਗਾਤਾਰ ਹੁੰਦੀ ਆ ਰਹੀ ਹੈ। ਹਾਲਾਂਕਿ ਰਿਸ਼ਤਿਆਂ ਦੀ ਪ੍ਰਾਪਤ ਸਮਾਜਕਤਾ ਨੂੰ ਸਿੱਖ ਰੰਗ ਵਿਚ ਢਾਲਣ ਦਾ ਅਰੰਭ ਤਾਂ ਗੁਰੂ ਨਾਨਕ ਦੇਵ ਜੀ ਨਾਲ ਹੀ ਹੋ ਗਿਆ ਸੀ। ਗੁਰੂ ਕਾਲ ਵਿਚ ਵੇਖਣ ਨੂੰ ਸਭ ਕੁਝ ਉਹੀ ਸੀ ਕਿਉਂਕਿ ਰੱਬ ਦੇ ਬੰਦੇ ਅਤੇ ਧਰਤੀ ਓਹੀ ਸਨ। ਸਿੱਖ ਰੰਗ ਦਾ ਅਰੰਭ ਦਰਪੇਸ਼ ਰੁਕਾਵਟਾਂ ਨਾਲ ਜੂਝ ਕੇ, ਸਮਾਜਕ ਨੈਤਿਕਤਾ ਸਥਾਪਤ ਕਰਨ ਨਾਲ ਜੁੜਿਆ ਹੋਇਆ ਸੀ/ਹੈ। ਇਸ ਨਾਲ ਪਹਿਲੀ ਵਾਰ ਆਮ ਬੰਦੇ ਅੰਦਰ ਇਹ ਅਹਿਸਾਸ ਜਗਾਇਆ ਗਿਆ ਸੀ ਕਿ ਬੰਦੇ ਦਾ ਬੰਦਾ ਹੋਏ ਬਿਨਾ ਵੀ ਬੰਦਖਲਾਸੀ ਦਾ ਰਾਹ ਪੱਧਰਾ ਹੋ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨੇ ਮੁਕਤੀ-ਮਾਰਗ ਦੀ ਜੋ ਜੋਤਿ ਜਗਾਈ ਸੀ, ਉਸ ਨੂੰ ਪੈਗੰਬਰ ਜਾਂ ਦੇਵਤੇ ਵਾਂਗ ਨਹੀਂ ਸੀ ਜਗਾਇਆ, ਸਗੋਂ ਰੱਬ ਦੇ ਜਾਗੇ ਹੋਏ ਬੰਦੇ ਵਾਂਗ ਜਗਾਇਆ ਸੀ। ਇਸ ਨਾਲ ਸ਼ਬਦ ਦਾ ਨਾਦ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੱਕ ਆਉਂਦਿਆਂ ਸਭਨੀਂ ਪਾਸੀਂ ਗੂੰਜਣ ਲੱਗ ਪਿਆ ਸੀ। ਇਸੇ ਦੀ ਲੈਅ ਨਾਲ ਜੁੜੀ ਹੋਈ ਸੀ, ਮਾਤਾ ਸਾਹਿਬ ਕੌਰ ਦੇ ਵਡੇਰਿਆਂ ਦੀ ਸੁਰਤਿ। ਇਹ ਸਿੱਖ ਮਾਰਗ, ਬੰਦ ਸੱਚਾਈ ਜਾਂ ਸੂਖਮ ਕਲਪਨਾ (ਨੈਣ ਮੁੰਦੀ ਸਮਾਧੀ) ਦਾ ਨਹੀਂ ਸੀ, ਸਗੋਂ ਵਿਸਮਾਦੀ ਤੇ ਜੀਵੰਤ ਜ਼ਿੰਦਗੀ (ਨੈਣ ਖੁਲ੍ਹੀ ਸਮਾਧੀ) ਦਾ ਮਾਰਗ ਸੀ/ਹੈ। ਸਿੱਖ ਚਿੰਤਨ ਦੇ ਦਖਲ ਤੋਂ ਪਹਿਲਾਂ ਸਿਧਾਂਤ ਅਤੇ ਅਮਲ ਵਿਚ ਪਾੜਾ ਇਸ ਹੱਦ ਤੱਕ ਵਧ ਗਿਆ ਸੀ ਕਿ ਲਿੰਗ ਆਧਾਰਤ ਰਿਸ਼ਤੇ ਹਾਕਮ ਤੇ ਮਹਿਕੂਮ ਦੇ ਰਿਸ਼ਤਿਆਂ ਵਾਂਗ ਪ੍ਰਵਾਨ ਕਰ ਲਏ ਗਏ ਸਨ। ਨਾਰੀ ਸਥਿਤੀ ਨੂੰ ਢਾਹ ਇਸ ਹੱਦ ਤੱਕ ਲੱਗ ਗਈ ਸੀ ਕਿ ਤੁਲਸੀ ਦਾਸ ਦੇ ‘ਰਾਮ ਚਰਿਤ ਮਾਨਸ’ ਵਿਚ ਨਾਰੀ ਦੀ ਤੁਲਨਾ ਸਮਾਜਕ ਮਜਬੂਰੀ ਅਤੇ ਵਰਤਣਯੋਗ ਵਸਤੂਆਂ ਨਾਲ ਹੋਣ ਲੱਗ ਪਈ ਸੀ:
ਢੋਰ ਗਵਾਰ ਸ਼ੂਦਰ ਪਸ਼ੂ ਨਾਰੀ
ਯੇਹ ਸਭ ਤਾੜਣ ਕੇ ਅਧਿਕਾਰੀ।
ਧਰਮ ਅਤੇ ਸਭਿਆਚਾਰ ਵਿਚ ਪਰਵੇਸ਼ ਕਰ ਗਈ ਇਸ ਸਥਿਤੀ ਵਿਚੋਂ ਬਾਹਰ ਕੱਢਣ ਦੀ ਭੂਮਿਕਾ ਸਿੱਖ ਚਿੰਤਨ ਨੇ ਨਿਭਾਈ।
ਜੋ ਸਿੱਖ ਭਾਈਚਾਰੇ ਨੇ ਜਿਉਣਾ ਸ਼ੁਰੂ ਕਰ ਦਿੱਤਾ ਸੀ, ਉਸੇ ਦੀ ਤਰਜ਼ ਤੇ ਅੰਗਰੇਜ਼ੀ ਹਕੂਮਤ ਨੇ ਸਤੀ ਪ੍ਰਥਾ ਕਾਨੂੰਨ 1829 ਅਤੇ ਵਿਧਵਾ ਵਿਆਹ ਕਾਨੂੰਨ 1856 ਬਣਾਏ ਸਨ। ਇਸ ਨੂੰ ਜੋ ਹੁੰਗਾਰਾ ਸਿੱਖ ਭਾਈਚਾਰੇ ਵੱਲੋਂ ਮਿਲਿਆ, ਉਹ ਆਮ ਪੰਜਾਬੀ ਭਾਈਚਾਰੇ ਵੱਲੋਂ ਨਹੀਂ ਮਿਲਿਆ ਸੀ। ਇਹ ਹਵਾਲਾ ਇਹ ਕਹਿਣ ਲਈ ਦਿੱਤਾ ਜਾ ਰਿਹਾ ਹੈ ਕਿ ਦਸਮ ਪਾਤਸ਼ਾਹ ਹਜ਼ੂਰ ਦੇ ਸਮੇਂ ਤੱਕ ਸਿੱਖ ਸਮਾਜ ਵਿਚ ਕੁੜੀਆਂ ਨੂੰ ਗੁਰਮਤਿ ਦੇ ਰੰਗ ਵਿਚ ਰੰਗੇ ਜਾਣ ਦੇ ਅਵਸਰ ਪ੍ਰਾਪਤ ਸਨ। ਮਾਤਾ ਸਾਹਿਬ ਕੌਰ ਦਾ ਪਰਿਵਾਰ, ਰੁਹਤਾਸ ਨਗਰ (ਜੇਹਲਮ, ਹੁਣ ਪਾਕਿਸਤਾਨ) ਵਿਚ ਰਹਿੰਦਾ ਸੀ ਅਤੇ ਗੁਰੂ ਨਾਨਕ ਦੇਵ ਦੇ ਸਮੇਂ ਤੋਂ ਹੀ ਸਿੱਖੀ ਨਾਲ ਜੁੜਿਆ ਹੋਇਆ ਸੀ। ਇਸ ਪਰਿਵਾਰ ਦੇ ਭਾਈ ਰਾਵਾ (ਰਾਮ ਵੀ ਲਿਖਿਆ ਮਿਲਦਾ ਹੈ) ਅਤੇ ਮਾਤਾ ਜਸ ਦੇਵੀ ਦੇ ਘਰ 1681 ਈ. ਵਿਚ ਮਾਤਾ ਸਾਹਿਬ ਕੌਰ ਨੇ ਜਨਮ ਲਿਆ ਸੀ।
ਧੰਨੀ ਪੋਠੋਹਾਰ (ਹੁਣ ਪਾਕਿਸਤਾਨ) ਦਾ ਇਲਾਕਾ ਆਪਣੀਆਂ ਬਹੁਤ ਸਾਰੀਆਂ ਵਿਲੱਖਣਤਾਵਾਂ ਕਰਕੇ ਜਾਣਿਆ ਜਾਂਦਾ ਰਿਹਾ ਹੈ। ਇਸੇ ਇਲਾਕੇ ਦੇ ਰੁਹਤਾਸ ਨਗਰ ਵਿਚ ਸਿੱਖੀ ਦੇ ਰੰਗ ਵਿਚ ਰੰਗੇ ਭਾਈ ਰਾਵਾ ਅਤੇ ਬੀਬੀ ਜਸ ਦੇਵੀ ਦੇ ਪਰਿਵਾਰ ਵਿਚ ਜਨਮੀ ਬੇਟੀ ਸਾਹਿਬ ਦੇਵਾਂ ਪੰਥਕ ਪ੍ਰਸੰਗ ਵਿਚ ਅਹਿਮ ਭੂਮਿਕਾ ਨਿਭਾਏਗੀ, ਇਹ ਕਿਸੇ ਨੇ ਨਹੀਂ ਸੀ ਸੋਚਿਆ। ਜਨਮ ਤੋਂ ਹੀ ਬੱਚੀ ਆਮ ਕੁੜੀਆਂ ਨਾਲੋਂ ਵੱਖਰੀ ਲੱਗਣ ਕਰਕੇ ਆਪਣਿਆਂ ਅਤੇ ਬੇਗਾਨਿਆਂ ਦੇ ਪਿਆਰ ਦੀ ਪਾਤਰ ਬਣਨ ਲੱਗ ਪਈ ਸੀ।
ਸੌਂਪੀਆਂ ਜਿੰਮੇਵਾਰੀਆਂ ਨੂੰ ਜਿਸ ਤਰ੍ਹਾਂ ਉਹ ਨਿਭਾਉਂਦੀ ਸੀ, ਉਸ ਨਾਲ ਉਹ ਉਮਰ ਨਾਲੋਂ ਸਿਆਣੀ ਲੱਗਦੀ। ਬਚਪਨ ਤੋਂਂ ਹੋਣਹਾਰੀ ਦੇ ਸੰਕੇਤ ਮਿਲਣ ਲੱਗ ਪਏ ਸਨ। ਮਾਪਿਆਂ ਕੋਲੋਂ ਸੁਣੀਆਂ ਸਾਖੀਆਂ ਉਸ ਨੂੰ ਰੂਹ ਤੱਕ ਸਰਸ਼ਾਰ ਕਰਨ ਲੱਗ ਪਈਆਂ ਸਨ ਅਤੇ ਇਸ ਰੰਗ ਨੂੰ ਹੋਰ ਗੂੜ੍ਹਾ ਕਰਨ ਵਾਸਤੇ ਉਹ ਗੁਰਬਾਣੀ ਨਾਲ ਲਗਾਤਾਰ ਜੁੜੀ ਰਹਿੰਦੀ। ਸਹਿਜ ਅਤੇ ਸੰਤੁਸ਼ਟੀ ਉਸ ਦੇ ਹਾਵਾਂ ਭਾਵਾਂ ਤੋਂ ਝਲਕਣ ਲੱਗ ਪਈ। ਸੇਵਾ ਕਰਦਿਆਂ ਸਿਮਰਨ ਵਿਚ ਜੁੜਨ ਦੀ ਉਸ ਨੂੰ ਜਾਚ ਆ ਗਈ ਸੀ। ਭਾਈਚਾਰੇ ਵਿਚ ਸਿੱਖੀ ਦੀ ਗੱਲ ਚੱਲਦੀ ਤਾਂ ਉਹ ਸ੍ਰੋਤਿਆਂ ਵਿਚ ਸਭ ਤੋਂ ਅੱਗੇ ਹੁੰਦੀ। ਮਾਪਿਆਂ ਦੀ ਧੀ ਵਾਂਗ ਹੀ ਉਹ ਭਾਈਚਾਰੇ ਦੀ ਧੀ ਹੁੰਦੀ ਜਾ ਰਹੀ ਸੀ। ਜਿਵੇਂ ਜਿਵੇਂ ਉਸ ਦਾ ਬਾਲਪਨ ਪਿੱਛੇ ਰਹਿੰਦਾ ਜਾ ਰਿਹਾ ਸੀ, ਉਵੇਂ ਉਵੇਂ ਉਸ ਦੇ ਹਾਮੀਆਂ ਹਿਤੈਸੀਆਂ ਨੂੰ ਫਿਕਰ ਹੋਣ ਲੱਗ ਪਿਆ ਸੀ ਕਿ ਸਾਹਿਬ ਦੇਵਾਂ ਦੇ ਹਾਣ ਦਾ ਵਰ ਕਿਥੋਂ ਤੇ ਕਿਵੇਂ ਲੱਭੇਗਾ? ਉਸ ਦੇ ਜਨਮ ਵੇਲੇ ਗੁਰੂ ਗੋਬਿੰਦ ਸਿੰਘ ਦੀ ਉਮਰ 15 ਸਾਲ ਸੀ ਅਤੇ ਉਨ੍ਹਾਂ ਦੀ ਗੁਰੂ ਭੂਮਿਕਾ ਦੀ ਸੋਭਾ ਦੇ ਚਰਚੇ ਸਿੱਖ ਭਾਈਚਾਰੇ ਵਿਚ ਦਿਲਚਸਪੀ ਅਤੇ ਹਮਦਰਦੀ ਨਾਲ ਵੇਖੇ ਤੇ ਸੁਣੇ ਜਾ ਰਹੇ ਸਨ। ਅਜਿਹੇ ਹਾਲਾਤ ਵਿਚ ਹੀ ਕਿਸੇ ਨੂੰ ਇਹ ਫੁਰਨਾ ਫੁਰਿਆ ਕਿ ਸਾਹਿਬ ਦੇਵਾਂ ਵਰਗੀ ਧੀ ਲਈ ਵਰ ਦਸਮ ਪਾਤਸ਼ਾਹ ਹਜ਼ੂਰ ਵਰਗਾ ਹੋਣਾ ਚਾਹੀਦਾ ਹੈ। ਇਹੀ ਭਾਵਨਾ ਹੌਲੀ ਹੌਲੀ ਸੰਗਤੀ ਭਾਵਨਾ ਦਾ ਰੂਪ ਧਾਰ ਗਈ। ਮਾਪਿਆਂ ਨੂੰ ਧੀ ਦੀ ਯੋਗਤਾ ਤੇ ਖੁਸ਼ੀ ਵੀ ਹੁੰਦੀ ਅਤੇ ਫਿਕਰ ਵੀ ਹੁੰਦਾ। ਜਿਸ ਤਰ੍ਹਾਂ ਚਿਤਵਿਆ ਜਾ ਰਿਹਾ ਸੀ, ਉਸ ਤਰ੍ਹਾਂ ਕਰ ਸਕਣਾ ਸੌਖਾ ਨਹੀਂ ਸੀ। ਇਸ ਦੇ ਬਾਵਜੂਦ ਭਾਈਚਾਰੇ ਵਿਚ ਸਾਹਿਬ ਦੇਵਾਂ ਨੂੰ ਗੁਰੂ ਜੀ ਨਾਲ ਜੋੜ ਕੇ ਵੇਖਿਆ ਜਾਣ ਲੱਗ ਪਿਆ ਸੀ। ਸਾਹਿਬ ਦੇਵਾਂ ਉਸ ਵੇਲੇ 19 ਸਾਲ ਦੀ ਸੀ, ਜਦੋਂ ਪੋਠੋਹਾਰ ਦੀ ਸੰਗਤ ਨੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਅਨੰਦਪੁਰ ਸਾਹਿਬ ਜਾਣ ਦਾ ਪ੍ਰੋਗਰਾਮ ਬਣਾ ਲਿਆ ਸੀ। ਦਿੱਭ ਵਰਤਾਰਿਆਂ ਵਿਚ ਘਟਨਾਵਾਂ ਕਾਰਨ ਤੇ ਕਾਰਜ ਅਤੇ ਸਮੇਂ ਤੇ ਸਥਾਨ ਦੀਆਂ ਮੁਥਾਜੀਆਂ ਤੋਂ ਅਕਸਰ ਪਾਰ ਲੰਘ ਜਾਂਦੀਆਂ ਹਨ। ਸਾਹਿਬ ਦੇਵਾਂ ਦੇ ਮਾਪਿਆਂ ਸਮੇਤ ਜਦੋਂ ਪੋਠੋਹਾਰੀ ਸੰਗਤ ਅਨੰਦਪੁਰ ਸਾਹਿਬ ਪਹੁੰਚੀ ਤਾਂ ਖਾਲਸਾ ਸਾਜਣਾ ਦਾ ਵਰਤਾਰਾ ਵਾਪਰ ਚੁਕਾ ਸੀ ਅਤੇ ਆਉਣ ਵਾਲੇ ਸਿੱਖ ਜਿਗਿਆਸੂਆਂ ਨੂੰ ਅੰਮ੍ਰਿਤ ਛਕਾਉਣ ਦੀ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਸੀ। ਇਸ ਸਭ ਕੁਝ ਦਾ ਹਿੱਸਾ ਹੋ ਕੇ ਵੀ ਪੋਠੋਹਾਰੀ ਸੰਗਤ ਨੂੰ ਸਮਝ ਨਹੀਂ ਆ ਰਹੀ ਸੀ ਕਿ ਸਾਹਿਬ ਦੇਵਾਂ ਵਾਲੀ ਗੱਲ ਦਸਮ ਪਾਤਸ਼ਾਹ ਨਾਲ ਕਿਵੇਂ ਕੀਤੀ ਜਾਵੇ? ਸਿੱਖ ਸਾਹਿਤ ਵਿਚ ਇਨ੍ਹਾਂ ਪਲਾਂ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਹੋਈ ਹੈ।
ਕਰਤਾਰ ਸਿੰਘ ਕਲਾਸਵਾਲੀਆਂ ਆਪਣੇ ਮਹਾਂ ਕਾਵਿ ‘ਦੁਸ਼ਟ ਦਮਨ’ ਵਿਚ ਲਿਖਦੇ ਹਨ ਕਿ ਏਨੀ ਵੱਡੀ ਗੱਲ ਵਿਅਕਤੀ ਨਹੀਂ ਕਰ ਸਕਦਾ ਸੀ। ਇਸੇ ਕਰਕੇ ਇਸ ਕੋਮਲ ਵਰਤਾਰੇ ਨੂੰ ਸੰਗਤ ਨੇ ਆਪਣੇ ਜਿੰਮੇ ਲੈ ਲਿਆ ਅਤੇ ਦਸਮ ਪਾਤਸ਼ਾਹ ਅੱਗੇ ਇਸ ਤਰ੍ਹਾਂ ਅਰਜ਼ ਗੁਜ਼ਾਰ ਦਿੱਤੀ:
ਸਾਰੀ ਸੰਗਤ ਉਠ ਕੇ ਅਰਜ਼ ਕੀਤੀ,
ਕੀਹ ਕਰਨੀ ਬੈਠ ਵਿਚਾਰ ਸਤਿਗੁਰ।
ਇਹ ਤਾਂ ਆਪ ਜੀ ਦੇ ਅਰਪਨ ਹੋ ਚੁਕੀ,
ਸਭ ਜਾਣਦੇ ਨੇ ਨਰ ਨਾਰ ਸਤਿਗੁਰ।
ਸਾਰਾ ਦੇਸ ਸਾਡਾ ਇਹਨੂੰ ਕਹੇ ਮਾਤਾ,
ਹੁਣ ਕੌਣ ਕਰੇ ਅੰਗੀਕਾਰ ਸਤਿਗੁਰ।
ਦਾਸੀ ਆਪ ਦੀ ਰਹੇ ਕਰਤਾਰ ਸਿੰਘਾ,
ਉਹਦੀ ਇਛਯਾ ਦਾ ਇਹੀ ਸਾਰ ਸਤਿਗੁਰ।
ਦਸਮ ਪਾਤਸ਼ਾਹ ਹਜ਼ੂਰ ਉਸ ਵੇਲੇ ਤੱਕ ਗ੍ਰਹਿਸਥ ਦੀਆਂ ਜਿੰਮੇਵਾਰੀਆਂ ਪੂਰੀਆਂ ਕਰਦਿਆਂ ਚਾਰ ਬੱਚਿਆਂ ਦੇ ਬਾਪ ਬਣ ਚੁਕੇ ਸਨ। ਨਵੀਂ ਗ੍ਰਹਿਸਥੀ ਨਾਲ ਜੁੜੀ ਹੋਈ ਸੰਗਤੀ ਭਾਵਨਾ ਦਾ ਲੱਭਿਆ ਗਿਆ ਹੱਲ, ਸਿੱਖ ਸਿਮਰਤੀ ਵਿਚ ‘ਕੁਆਰੇ ਡੋਲੇ’ ਵਜੋਂ ਟਿਕਿਆ ਹੋਇਆ ਹੈ। ਇਸ ਨੂੰ ਕਰਤਾ ਸੂਰਜ ਪ੍ਰਕਾਸ਼, ਗੁਰੂ ਦੀ ਸੇਵਾ ਨੂੰ ਸਮਰਪਿਤ ਵਚਨਬੱਧਤਾ ਆਖਦਾ ਹੈ:
ਰਹੇ ਕੁਆਰੋ ਡੋਰਾ ਨਾਮੂ।
ਕਰਹਿ ਸੇਵ ਬਸਹਿ ਮਮ ਧਾਮੂ।
ਬੀਬੀ ਸਾਹਿਬ ਦੇਵਾਂ ਨੂੰ ਲੈ ਕੇ ਜੋ ਕੁਝ ਹੋ ਰਿਹਾ ਸੀ, ਉਸ ਨੂੰ ਕਲਾਸਵਾਲੀਆ ਗੁਰੂ ਦੀ ਲੀਲ੍ਹਾ ਨਾਲ ਜੋੜ ਕੇ ਵੇਖਦਾ ਹੈ:
‘ਡੋਲਾ ਕੁਆਰਾ’ ਹੀ ਨਾਮ ਰਹੂ,
ਮੁਖੋਂ ਸਹਿਜ ਸੁਭਾਵ ਅਲਾਵੰਦੇ ਨੇ।
ਕਾਰ ਹੁਕਮ ਦੀ ਸਭ ਕਰਤਾਰ ਸਿੰਘਾ,
ਚੋਜੀ ਚੋਜ ਅਨੇਕ ਦਿਖਾਵੰਦੇ ਨੇ।
ਮਾਤਾ ਸਾਹਿਬ ਦੇਵਾਂ ਦੀ ਸ਼ਾਦੀ 1700 ਈ. ਵਿਚ ਹੋਈ ਸੀ ਅਤੇ ਇਸੇ ਨਾਲ ਸਿੱਖ ਸੰਘਰਸ਼ ਦਾ ਉਹ ਦੌਰ ਸ਼ੁਰੂ ਹੋ ਗਿਆ ਸੀ, ਜਿਸ ਦੀ ਮਿਸਾਲ ਧਰਮ ਦੇ ਇਤਿਹਾਸ ਵਿਚ ਕਿਧਰੇ ਵੀ ਨਹੀਂ ਮਿਲਦੀ। ਗੁਰੂ ਮਹਿਲਾਂ ਵਿਚਕਾਰ ਗੁਰੂ-ਪਤੀ ਨਾਲ ਰਹਿਣ ਦਾ ਸਭ ਨਾਲੋਂ ਘਟ ਸਮਾਂ ਮਾਤਾ ਸਾਹਿਬ ਕੌਰ ਨੂੰ ਮਿਲਿਆ ਸੀ। ਇਸ ਦੇ ਬਾਵਜੂਦ ਉਹ ਗੁਰੂ ਮਹਿਲ ਵਜੋਂ ਸਭ ਨਾਲੋਂ ਵੱਧ ਸਤਿਕਾਰ ਦੇ ਹੱਕਦਾਰ ਵਜੋਂ ਇਤਿਹਾਸ ਦਾ ਹਿੱਸਾ ਹਨ। ਗੁਰੂ ਮਿਹਰ ਦੇ ਨਿਕਟਤਮ ਪਾਤਰ ਵਜੋਂ ਉਹ ਸਿੱਖ ਸਿਮਰਤੀ ਵਿਚ ਟਿਕੇ ਹੋਏ ਹਨ ਅਤੇ ਸਿੱਖ ਸਮਾਜਕਤਾ ਦੀ ਸਥਾਪਨਾ ਲਈ ਉਨ੍ਹਾਂ ਦੀ ਭੂਮਿਕਾ ਨੂੰ ਭਰੋਸੇਯੋਗ ਮਾਧਿਅਮ ਵਜੋਂ ਅਜੇ ਤੱਕ ਵਰਤਿਆ ਨਹੀਂ ਗਿਆ। ਗੁਰੂ ਦਿੱਭਤਾ ਦੀ ਚਸ਼ਮਦੀਦ ਗਵਾਹ ਮਾਤਾ ਸਾਹਿਬ ਕੌਰ ਨੂੰ ਮਾਤ-ਮੂਰਤ ਵਜੋਂ ਸਥਾਪਤ ਕਰਨ ਲਈ ਮਾਤ-ਦਿਵਸ ਵਜੋਂ ਹਰ ਸਾਲ ਮਨਾਏ ਜਾਣ ਲਈ ਕੋਈ ਇਕ ਦਿਨ ਨਿਸਚਿਤ ਕਰ ਲੈਣਾ ਚਾਹੀਦਾ ਹੈ। ਅਜਿਹਾ ਕਰਾਂਗੇ ਤਾਂ ਇਹ ਸੱਚ ਸਾਹਮਣੇ ਲਿਆ ਸਕਾਂਗੇ ਕਿ ਰੂਹਾਂ ਦੇ ਰਿਸ਼ਤਿਆਂ ਵਿਚੋਂ ਸਰੀਰਾਂ ਦੇ ਦਖਲ ਮਨਫੀ ਕੀਤੇ ਜਾ ਸਕਦੇ ਹਨ।
ਜਿਸ ਸਿੱਖ ਭਾਈਚਾਰੇ ਦੀ ਨੀਂਹ ਗੁਰੂ ਨਾਨਕ ਦੇਵ ਨੇ ਸਿੱਖ ਧਰਮ ਵਜੋਂ ਰੱਖੀ ਸੀ, ਉਸੇ ਨੂੰ ਨਾਨਕ-ਚਿੰਤਨ ਦੀ ਨਿਰੰਤਰਤਾ ਵਿਚ ਅੰਤਿਮ ਛੋਹਾਂ ਦਸਮ ਪਾਤਸ਼ਾਹ ਨੇ ਖਾਲਸਾ ਸਾਜ ਕੇ (ਵਿਸਾਖੀ 1699) ਦਿੱਤੀਆਂ ਸਨ। ਇਸ ਨਾਲ ਭਾਰਤੀ ਭੂਖੰਡ ਵਿਚ ਪਹਿਲੀ ਵਾਰ ਭਾਈਚਾਰੇ ਨੂੰ ਕੌਮੀਅਤ ਵਿਚ ਢਾਲ ਸਕਣ ਦੀ ਨੀਂਹ ਟਿਕ ਗਈ ਸੀ। ਦਸਮ ਪਾਤਸ਼ਾਹ ਹਜ਼ੂਰ ਨੇ ਆਪਣੇ ਨਾਦੀ-ਪੁੱਤਰ ਖਾਲਸਾ ਨੂੰ ਮਾਤਾ ਸਾਹਿਬ ਕੌਰ ਰਾਹੀਂ ਕੁੱਖ ਬਖਸ਼ੀ ਸੀ। ਆਮ ਬੰਦੇ ਦੀ ਸਮਝ ਵਿਚ ਆ ਸਕਣ ਵਾਲੇ ਪੰਥਕ ਰਿਸ਼ਤਿਆਂ ਨੂੰ ਪਰਿਵਾਰਕ ਬਿੰਬ ਵਜੋਂ ਉਭਾਰਨ ਲਈ ਇਕ ਪਿਤਾ, ਇਕ ਮਾਤਾ ਅਤੇ ਇਕ ਵਾਸੀ ਹੋ ਸਕਣ ਦੇ ਵਰਤਾਰੇ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਸੀ। ਇਹ ਸੱਜਰਾ ਤੇ ਨਿਵੇਕਲਾ ਤਜਰਬਾ ਧਰਮ ਦੇ ਇਤਿਹਾਸ ਵਿਚ ਪਹਿਲੀ ਵਾਰ ਹੋ ਰਿਹਾ ਸੀ ਅਤੇ ਇਸ ਨਾਲ ਸਿੱਖ ਭਾਈਚਾਰੇ ਨੂੰ ਇਕ ਇਕਾਈ ਵਿਚ ਰੱਖਣ ਲਈ ਇਕ ਪਿਤਾ ਗੁਰੂ ਗੋਬਿੰਦ ਸਿੰਘ, ਇਕ ਪੰਥਕ ਮਾਤਾ ਮਾਤਾ ਸਾਹਿਬ ਕੌਰ ਅਤੇ ਇਕ ਜਨਮ ਭੂਮੀ ਅਨੰਦਪੁਰ ਸਾਹਿਬ ਨਾਲ ਜੋੜਿਆ ਜਾ ਰਿਹਾ ਸੀ। ਕਲਾਸਵਾਲੀਆ ਕਰਤਾਰ ਸਿੰਘ ਆਪਣੇ ਮਹਾਂ ਕਾਵਿ ‘ਦੁਸ਼ਟ ਦਮਨ’ ਵਿਚ ਪੰਥ ਖਾਲਸਾ ਦੀ ਅਹਿਮੀਅਤ ਗੁਰੂ ਦ੍ਰਿਸ਼ਟੀ ਵਿਚ ਪੁੱਤਰਾਂ ਨਾਲੋਂ ਵੀ ਵੱਧ ਪ੍ਰਵਾਨ ਕਰਦਾ ਹੈ:
ਧੰਨ ਸ੍ਰੀ ਦਸ਼ਮੇਸ਼ ਕਰਤਾਰ ਸਿੰਘਾ,
ਪੰਥ, ਪੁੱਤਰਾਂ ਤੋਂ ਵੱਧ ਚਾਹਿਆ ਏ।
ਇਹ ਸੱਚ ਆਮ ਸਿੱਖਾਂ ਦੀ ਸਿਮਰਤੀ ਦਾ ਹਿੱਸਾ ਹੋ ਗਿਆ ਹੈ ਅਤੇ ਇਸੇ ਨੂੰ ਪ੍ਰਚੰਡ ਕਰਕੇ ‘ਪੰਥ ਵੱਸੇ ਮੈਂ ਉਜੜਾਂ ਮਨ ਚਾਉ ਘਨੇਰਾ’ ਵਾਲੀ ਮਾਨਸਿਕਤਾ ਪੈਦਾ ਕਰਨ ਵਾਲੀਆਂ ਵੱਖ ਵੱਖ ਵਿਧਾਵਾਂ ਢਾਡੀਆਂ ਅਤੇ ਰਾਗੀਆਂ ਦੇ ਰੂਪ ਵਿਚ ਸਾਹਮਣੇ ਆਉਂਦੀਆਂ ਰਹੀਆਂ ਹਨ। ਅਜਿਹਾ ਸਿੱਖੀ ਨੂੰ ਹਰ ਸਮਕਾਲ ਦੇ ਹਾਣ ਦਾ ਬਣਾਉਣ ਲਈ ਹੁੰਦਾ ਰਿਹਾ ਸੀ। ਪਰ ਹੌਲੀ ਹੌਲੀ ਇਹ ਸਾਰਾ ਕੁਝ ਦਿੱਤੀ ਹੋਈ ਸੇਧ ਵਿਚ ਰਹਿਣ ਦੀ ਥਾਂ, ਭੂਤ ਪੂਜਕਾਂ ਵਾਂਗ ਪਿੱਛਲਪੈਰੀਂ ਤੁਰਦਾ ਤੁਰਦਾ ਗੁਰੂ ਕਾਲ ਤੋਂ ਅੱਗੇ ਨਹੀਂ ਤੁਰ ਸਕਿਆ। ਇਸ ਦਾ ਸਭ ਤੋਂ ਵੱਧ ਨੁਕਸਾਨ ਸੰਕਲਪੀ ਅਮਲ ਦੇ ਕੋਮਲ ਪਹਿਲੂਆਂ ਨੂੰ ਹੋਇਆ ਹੈ। ਵਿਰਾਸਤ ਨੂੰ ਮਾਲਕੀ ਵਾਂਗ ਵਰਤਣ ਦਾ ਇਹ ਰਾਹ ਪੰਥਕਤਾ ਦੀ ਥਾਂ ਪੰਥਕ ਸਿਆਸਤ ਤੱਕ ਪਹੁੰਚ ਗਿਆ ਹੈ। ਇਸ ਨਾਲ ਮਾਤ ਬਿੰਬ ਮਾਤਾ ਸਾਹਿਬ ਕੌਰ ਬਾਰੇ ਜੋ ਕੁਝ ਟੋਟਿਆਂ ਵਿਚ ਮਿਲਦਾ ਹੈ, ਉਸ ਦਾ ਸਮੁੱਚ ਉਸਾਰਨ ਦੀਆਂ ਕੋਸ਼ਿਸ਼ਾਂ ਸਿੱਖ ਰੰਗ ਵਿਚ ਨਹੀਂ ਹੋ ਰਹੀਆਂ। ਇਸ ਪਾਸੇ ਤੁਰਾਂਗੇ ਤਾਂ ਜਾਣ ਪਾਵਾਂਗੇ ਕਿ ਜਿਗਰ ਦੇ ਖੂਨ ਨਾਲ ਪਾਲੇ ਹੋਏ ਬੂਟਿਆਂ ਦੀ ਅਸਲੀਅਤ ਕੀ ਹੁੰਦੀ ਹੈ? ਇਸ ਦੇ ਆਧਾਰ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਹਨ ਅਤੇ ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ (ਪੰਨਾ 103), ‘ਮੇਰਾ ਮਾਤ ਪਿਤਾ ਹਰਿ ਰਾਇਆ’ (ਪੰਨਾ 626-27) ਅਤੇ ‘ਹਰਿ ਜੀ ਮਾਤਾ ਹਰਿ ਜੀ ਪਿਤਾ’ (ਪੰਨਾ 1102-3) ਰਾਹੀਂ ਮਮਤਾ ਮੂਰਤ ਮਾਤਾ ਸਾਹਿਬ ਕੌਰ ਦੇ ਹਵਾਲੇ ਨਾਲ ਅਜਿਹੀਆਂ ਪਰਤਾਂ ਸਾਹਮਣੇ ਲਿਆਂਦੀਆਂ ਜਾ ਸਕਦੀਆਂ ਹਨ, ਜਿਨ੍ਹਾਂ ਨਾਲ ‘ਬਤੀਹ ਸੁਲਖਣੀ ਸਚੁ ਸੰਤਤਿ ਰੈ’ (ਪੰਨਾ 371) ਵਾਲੇ ਮਾਤ ਬਿੰਬ ਦਾ ਸਿੱਖ ਪ੍ਰਸੰਗ ਸਥਾਪਤ ਕੀਤਾ ਜਾ ਸਕਦਾ ਹੈ।
ਸਿਧਾਂਤ ਰੂਪ ਵਿਚ ਸਥਾਪਤ ਹੈ ਕਿ ਪ੍ਰੇਮ ਤਾਂ ਓਹੋ ਜਿਹਾ ਹੀ ਹੋਣਾ ਚਾਹੀਦਾ ਹੈ, ਜਿਹੋ ਜਿਹਾ ਦਰਿਆ ਅਤੇ ਸਮੁੰਦਰ ਦਾ ਹੁੰਦਾ ਹੈ। ਇਕ ਦੂਜੇ ਵਿਚ ਹਲੂਲ ਹੋ ਜਾਣ ਦੀ ਪ੍ਰੇਮ ਗਾਥਾ ਦਾ ਸਿੱਖ ਪ੍ਰਸੰਗ ਇਹ ਹੈ ਕਿ ਪ੍ਰੇਮ ਦੀ ਪਾਤਰਤਾ ਸਿਰਲੱਥ ਸੂਰਮੇ ਦੀ ਗਾਥਾ ਵਰਗੀ ਹੁੰਦੀ ਹੈ। ਪ੍ਰੇਮ ਨੂੰ ਆਪਸੀ ਹਲੂਲ ਦਾ ਸਮਰਥ ਮਾਧਿਅਮ ਮੰਨਦਿਆਂ ਸਿੱਖ ਧਰਮ ਵਿਚ ਤਲੀ ‘ਤੇ ਸਿਰ ਰੱਖ ਸਕਣ ਵਾਲਿਆਂ ਨੂੰ ਹੀ ਪ੍ਰੇਮੀ ਮੰਨਿਆ ਗਿਆ ਹੈ (ਜਉ ਤਉ ਪ੍ਰੇਮ ਖੇਲਨ ਕਾ ਚਾਉ…)। ਇਸ ਅਮਲ ਵਿਚ ਮਾਤਾ ਸਾਹਿਬ ਕੌਰ ਪੂਰੇ ਉਤਰੇ ਸਨ ਅਤੇ ਦਿੱਭਤਾ ਨਾਲ ਨਿਭ ਗਏ ਸਨ। ਇਸ ਅਹਿਸਾਸ ਨਾਲ ਨਿਭਣ ਦੀ ਕੋਸ਼ਿਸ਼ ਨਹੀਂ ਕਰਾਂਗੇ ਤਾਂ ਪੁਰਖੇ ਕੀ ਕਹਿਣਗੇ? ਆਪਣੀ ਗੱਲ ਮੈਂ ਕਲਾਸਵਾਲੀਆ ਦੀ ਟੂਕ ਨਾਲ ਸਮਾਪਤ ਕਰਨਾ ਚਾਹਾਂਗਾ:
ਘੂਕ ਸੁੱਤੇ ਨੂੰ ਝੂਣ ਲਈਦਾ,
ਮੁਰਦਾ ਹੋ ਜਾਇ ਕੌਣ ਜਗਾਇ ਉਹਨੂੰ।
ਪਾਟ ਜਾਇ ਅਸਮਾਨ ਕਰਤਾਰ ਸਿੰਘਾ,
ਦਸੋ ਕੌਣ ਟਾਕੀ ਜਾ ਕੇ ਲਾਇ ਉਹਨੂੰ। (ਦੁਸ਼ਟ ਦਮਨ ਵਿਚੋਂ)