ਦਹਿਸ਼ਤੀ ਦੌਰ ਤੇ ‘ਗੁਫਾ ਵਿਚਲੀ ਉਡਾਣ’

ਕਹਾਣੀਆਂ ਦਾ ਕੋਹੇਨੂਰ ਵਰਿਆਮ ਸਿੰਘ ਸੰਧੂ-2
ਪ੍ਰਿੰਸੀਪਲ ਸਰਵਣ ਸਿੰਘ ਬੇਸ਼ਕ ਬਹੁਤਾ ਖੇਡ ਲੇਖਕ ਵਜੋਂ ਜਾਣੇ ਜਾਂਦੇ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਕਥਾ ਰਸ ਕਮਾਲ ਦਾ ਹੁੰਦਾ ਹੈ। ਇਸੇ ਕਰਕੇ ਉਨ੍ਹਾਂ ਦੀਆਂ ਖੇਡ ਲਿਖਤਾਂ ਵੀ ਕਹਾਣੀਆਂ ਵਾਂਗ ਜਾਪਦੀਆਂ ਹਨ। ਉਂਜ ਉਨ੍ਹਾਂ ਕਹਾਣੀਆਂ ਲਿਖੀਆਂ ਵੀ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੀਆਂ ਰਚਨਾਵਾਂ ਪਾਠਕ ਬੜੀ ਦਿਲਚਸਪੀ ਨਾਲ ਪੜ੍ਹਦੇ ਹਨ।

ਜੀਵਨੀਨੁਮਾ ਲੇਖ ਵੀ ਉਹ ਬਹੁਤ ਸੋਹਣੇ ਲਿਖਦੇ ਹਨ। ਪਿਛਲੇ ਕੁਝ ਸਮੇਂ ਵਿਚ ‘ਪੰਜਾਬ ਟਾਈਮਜ਼’ ਦੇ ਪਾਠਕ ‘ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਵਰਗਾ ਇਨਕਲਾਬੀ ਗੀਤ ਲਿਖਣ ਵਾਲੇ ਸ਼ਾਇਰ ਮਰਹੂਮ ਸੰਤ ਰਾਮ ਉਦਾਸੀ, ਨਾਟਕਕਾਰ (ਨਾਟਕਬਾਜ਼) ਬਲਵੰਤ ਗਾਰਗੀ ਅਤੇ ਸਾਹਿਤਕਾਰ ਤੇ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਬਾਰੇ ਉਨ੍ਹਾਂ ਦੇ ਲੰਮੇ ਲੇਖ ਪੜ੍ਹ ਚੁਕੇ ਹਨ। ਹੁਣ ਕਹਾਣੀਕਾਰ ਵਰਿਆਮ ਸਿੰਘ ਸੰਧੂ ਬਾਰੇ ਉਸ ਦੀਆਂ ਲੰਮੀਆਂ ਕਹਾਣੀਆਂ ਵਾਂਗ ਹੀ ਪ੍ਰਿੰਸੀਪਲ ਸਰਵਣ ਸਿੰਘ ਨੇ ਇਹ ਲੰਮਾ ਲੇਖ ਲਿਖਿਆ ਹੈ ਜੋ ਅਸੀਂ ਕਿਸ਼ਤਾਂ ਵਿਚ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਦੇਖੀਏ ਪ੍ਰਿੰਸੀਪਲ ਸਾਹਿਬ ਆਪਣੇ ਗੋਤੀ ਮਝੈਲ ਭਾਊ ਦਾ ਕਿੰਨਾ ਕੁ ਪੱਖ ਪੂਰਦੇ ਨੇ! ਦੂਜੀ ਕਿਸ਼ਤ ਹਾਜਰ ਹੈ। -ਸੰਪਾਦਕ

ਪ੍ਰਿੰ. ਸਰਵਣ ਸਿੰਘ

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਭੇਤ ਦੀ ਗੱਲ ਵਿਚੋਂ ਇਹ ਹੈ ਕਿ ਜਦੋਂ ਉਹਦਾ ਕਹਾਣੀਆਂ ਲਿਖਣ ਵੱਲੋਂ ਚੱਕਾ ਜਾਮ ਹੁੰਦੈ, ਉਦੋਂ ਕਵਿਤਾ ਤੇ ਵਾਰਤਕ ਲਿਖਣ ਵਾਲੇ ਚੱਕੇ ਚੱਲ ਪੈਂਦੇ ਹਨ! ਉਹਦੀਆਂ ਵਾਰਤਕ ਦੀਆਂ ਕਿਤਾਬਾਂ ਕਹਾਣੀਆਂ ਦੀਆਂ ਕਿਤਾਬਾਂ ਤੋਂ ਕਿਤੇ ਵੱਧ ਹਨ। ਉਸ ਨੇ ਕਵਿਤਾਵਾਂ ਵੀ ਬਥੇਰੀਆਂ ਲਿਖੀਆਂ ਤੇ ਸਟੇਜਾਂ ‘ਤੇ ਸੁਣਾਈਆਂ ਵੀ। ਕਦੇ ਉਹ ਵੀ ਨਕਸਲੀਆਂ ਦੀਆਂ ਸਟੇਜਾਂ ਦਾ ਸ਼ਿੰਗਾਰ ਹੁੰਦਾ ਸੀ। ਸੰਤ ਰਾਮ ਉਦਾਸੀ, ਪਾਸ਼, ਲਾਲ ਸਿੰਘ ਦਿਲ, ਅਮਰਜੀਤ ਚੰਦਨ, ਦਰਸ਼ਨ ਖੜਕੜ ਤੇ ਹਰਭਜਨ ਹਲਵਾਰਵੀ ਨਾਲ ਬਰ ਮੇਚਦਾ ਸੀ। ਇਹ ਜੁਦੀ ਗੱਲ ਹੈ, ਉਸ ਨੇ ਕੋਈ ਕਾਵਿ ਸੰਗ੍ਰਿਹ ਪ੍ਰਕਾਸ਼ਿਤ ਨਹੀਂ ਕਰਵਾਇਆ। ਜਿਨ੍ਹਾਂ ਨੇ ਉਹਦੀਆਂ ਕਹਾਣੀਆਂ ਹੀ ਪੜ੍ਹੀਆਂ ਹਨ, ਉਹ ਕਵਿਤਾਵਾਂ ਦਾ ਨਮੂਨਾ ਵੀ ਵੇਖ ਲੈਣ:
ਆ ਬੁੱਲ੍ਹਿਆ! ਕੁਝ ਗੱਲਾਂ ਕਰੀਏ!
(16 ਮਈ ਦੀ ਹੋਣੀ ਦੇ ਨਾਂ!)
ਆ ਬੁੱਲ੍ਹਿਆ! ਕੁਝ ਗੱਲਾਂ ਕਰੀਏ
ਤੂੰ ਪੁੱਛੇਂ ਮੈਂ ਦੱਸਾਂ।
ਕਦੀ ਤਾਂ ਉਚੀ ਉਚੀ ਰੋਵਾਂ
ਕਦੀ ਮੈਂ ਖਿੜ੍ਹ ਖਿੜ੍ਹ ਹੱਸਾਂ।
ਮਸਜਿਦ ਢਹਿ ਗਈ
ਮੰਦਿਰ ਢੱਠਾ
ਹੋਰ ਵੀ ਕਈ ਕੁਝ ਢਹਿੰਦਾ
ਬੰਦਿਆਂ ਦੇ ਦਿਲ ਮਲਬਾ ਹੋ ਗਏ
ਰੱਬ ਨਹੀਂ ਓਥੇ ਰਹਿੰਦਾ।
ਔਰੰਗਜ਼ੇਬ ਜਦ ਜਿੱਤਣਾ ਚਾਹਵੇ
ਪੂਰੇ ਮੁਲਕ ਦੀ ਬਾਜ਼ੀ
ਸੜਕਾਂ ਉਤੇ ਸਾੜੇ ਤੇਰਾ
ਤੇਗ ਬਹਾਦਰ ਗਾਜ਼ੀ।
ਧਰਮਸਾਲ ਦੇ ਸਭ ਧੜਵਾਈ
ਠਾਕਰਦਵਾਰੇ ਦੇ ਠੱਗ
ਮਸੀਤਾਂ ਵਿਚਲੇ ਕੂੜ-ਕੁਸੱਤੀਏ
ਹੋ ਬੈਠਣ ਇੱਕਮੱਤ
ਆਸ਼ਕ ਬਿਟ ਬਿਟ ਵਿੰਹਦੇ ਰਹਿ ਗਏ
ਹੋਏ ਅਲੱਗ-ਥਲੱਗ।
ਮਾਲਕ ਦਾ ਹਿਤ ਪਾਲਣ ਵਾਲੇ
ਬਾਜ਼ੀ ਲੈ ਗਏ ਕੁੱਤੇ
ਕਈ ਸਾਲ ਹੁਣ ਲੈਣਗੇ ਮੌਜਾਂ
ਜਾ ਮਹਿਲਾਂ ਵਿਚ ਸੁੱਤੇ।
ਆਸ਼ਕ ਆਪਣੇ ਕਰਮੀਂ ਹੀ ਹੁਣ
ਸੌਣਗੇ ਰੂੜੀਆਂ ਉਤੇ
ਆਪਣੀ ਹੋਣੀ ਆਪ ਵਿਹਾਜੀ
ਸੌ ਸੌ ਖਾਣਗੇ ਜੁੱਤੇ।
ਆ ਬੁੱਲ੍ਹਿਆ! ਕੁਝ ਗੱਲਾਂ ਕਰੀਏ!

ਦਿਲ ਸੀ ਦਿੱਲੀ ਧੜਕਦਾ,
ਮੈਨੂੰ ਪੁੱਛਾਂ ਪੁੱਛੇ ਪਸ਼ੌਰ।
ਇਕ ਬਾਂਹ ਅੰਬਰਸਰ ਸੀ,
ਤੇ ਦੂਜੀ ਬਾਂਹ ਲਾਹੌਰ।
ਮੇਰੇ ਪਾਣੀ ਬਾਣੀ ਬੋਲਦੇ,
ਕਲਮਾ ਪੜ੍ਹਨ ਪਹਾੜ।
ਹਿਰਨ ਸਾਂ ਭਰਦਾ ਚੁੰਗੀਆਂ,
ਰਾਹ ਵਿਚ ਵੱਟ ਨ ਵਾੜ।
ਅੱਖਰ ਪਾਕਿ ਕੁਰਾਨ ਦੇ,
ਮਸਜਿਦ ਵਿਚ ਆਜ਼ਾਨ।
ਹਰਿਮੰਦਰ ਹਰਿ ਵੱਸਦਾ,
ਗੀਤਾ ਵਿਚ ਭਗਵਾਨ।
ਭਾਈ, ਪੰਡਿਤ, ਮੌਲਵੀ,
ਬੋਲ ਹੋਏ ਹਲਕਾਨ।
ਜ਼ੋਰ ਲਾ ਲਿਆ ਦੁਸ਼ਮਣਾਂ,
ਮਰਿਆ ਨਾ ਇਨਸਾਨ।
ਹੋਣੀ ਮੇਰੇ ਨਾਲ ਪਰ,
ਕੀਤਾ ਕੀ ਖਿਲਵਾੜ।
ਸਾਉਣ ਸੌਂ ਗਏ ਸੁੱਤਿਆਂ,
ਬਲਦੇ ਰਹਿ ਗਏ ਹਾੜ।
ਦੁਸ਼ਮਣ ਅੰਗ-ਅੰਗ ਕੱਟਿਆ,
ਜਾਮਾ ਲਹੂ-ਲੁਹਾਣ।
ਇਕ ਦੂਜੇ ਗਲ ਮਿਲਣ ਲਈ,
ਮੇਰੇ ਟੋਟੇ ਤੜਫੀ ਜਾਣ।
(ਮੇਰੇ) ਖੰਭ ਕੁਤਰ ਲਏ ਉਤਲਿਆਂ,
(ਮੇਰਾ) ਖੁੱਸ ਗਿਆ ਅਸਮਾਨ।
ਕੀ ਹਾਂ, ਪਤਾ ਨਾ ਚੱਲਿਆ,
ਮਿੱਟੀ ਕਿ ਇਨਸਾਨ?
ਉਚੇ ਬੁਰਜ ਲਾਹੌਰ ਦੇ,
ਡਿੱਗ ਪਏ ਗਸ਼ ਖਾ।
ਭਰ ਭਰ ਅੱਖਾਂ ਡੁਲ੍ਹੀਆਂ,
ਸਭ ਸੁੱਕ ਗਏ ਦਰਿਆ।
ਧਰਮ ਦਿਲਾਂ ‘ਚੋਂ ਨਿਕਲ ਕੇ
ਸਿਰਾਂ ‘ਤੇ ਹੋਇਆ ਸਵਾਰ।
ਉਠ ਗਈ ਸਭਾ ਮਲੇਸ਼ ਦੀ,
ਫਿਰ ਵੀ ਕੂੜ ਪਸਾਰ।
ਕੁਰਖ਼ੇਤਰ ਵਿਚ ਭਟਕਦਾ,
ਮੇਰਾ ਜਾਮਾ ਲਹੂ-ਲੁਹਾਣ।
ਮੈਂ ‘ਕੱਲਾ ਭੋਗਾਂ ਹੋਣੀਆਂ,
ਮੇਰਾ ਕੋਈ ਨਹੀਂ ਰਥਵਾਨ।
ਦਿੱਲੀ ਦੁੱਲੇ ਮਾਰਦੀ,
ਮੱਚਿਆ ਪਿਆ ਕੁਹਰਾਮ।
ਬਾਹਵਾਂ ਵੱਢਣ ਆਪ ਨੂੰ,
ਸੌਂ ਗਈ ਲਾਲ ਸਲਾਮ।
(ਮੇਰੀ) ਚੌੜੀ ਛਾਤੀ ਖੋਖਲੀ,
(ਵਿਚ) ਹੈ ਨਹੀਂ ਜਾਨ-ਪਰਾਣ
ਸਭ ਸੁਪਨੇ ਮੇਰੇ ਰਾਂਗਲੇ
ਜਾਇ ਸੁੱਤੇ ਜੀਰਾਣ।

ਉਹਦੀਆਂ ਪੰਜਾਹ ਕੁ ਕਵਿਤਾਵਾਂ ਪੰਜਾਬੀ ਦੇ ਪ੍ਰਸਿੱਧ ਸਾਹਿਤਕ ਪੱਤਰਾਂ-ਆਰਸੀ, ਪ੍ਰੀਤਲੜੀ, ਨਾਗਮਣੀ, ਹੇਮ ਜਯੋਤੀ, ਮੁਹਾਂਦਰਾ, ਲੋਅ ਤੇ ਰੋਹਿਲੇ-ਬਾਣ ਵਿਚ ਪ੍ਰਕਾਸ਼ਿਤ ਹੋਈਆਂ। ਉਨ੍ਹਾਂ ‘ਚੋਂ ਕਈ ਕਵਿਤਾਵਾਂ ਸਮੇਂ ਸਮੇਂ ਪ੍ਰਕਾਸ਼ਿਤ ਹੋਏ ਕਾਵਿ-ਸੰਗ੍ਰਿਹਾਂ ਵਿਚ ਵੀ ਸ਼ਾਮਲ ਕੀਤੀਆਂ ਗਈਆਂ। ਕਈ ਕਵਿਤਾਵਾਂ ਹਿੰਦੀ ਦੇ ‘ਧਰਮ-ਯੁਗ’ ਜਿਹੇ ਪਰਚਿਆਂ ਵਿਚ ਵੀ ਅਨੁਵਾਦ ਹੋ ਕੇ ਛਪੀਆਂ। ਕਾਫੀ ਕਵਿਤਾਵਾਂ ਅਣਛਪੀਆਂ ਪਈਆਂ ਹਨ।
ਨਕਸਲੀ ਕਵਿਤਾਵਾਂ ਲਿਖਣ ਤੋਂ ਪਹਿਲਾਂ ਉਹ ਕਵੀਸ਼ਰੀ ਦੇ ਛੰਦ ਵੀ ਲਿਖਦਾ ਸੀ। ਲਿਖਦਾ ਕੀ, ਕਵੀਸ਼ਰੀ ਕਰਦਾ ਵੀ ਸੀ। ਸਕੂਲ ‘ਚ ਉਸ ਨੇ ਕਵੀਸ਼ਰੀ ਜਥਾ ਵੀ ਬਣਾਇਆ ਸੀ। ਸੁਰਸਿੰਘ ਦੇ ਨਗਰ ਕੀਰਤਨ ਦੇ ਪੜਾਵਾਂ ਉਤੇ ਉਹ ਕਵੀਸ਼ਰੀ ਸੁਣਾਉਂਦਾ। ਇਕ ਵਾਰ ਤਾਂ ਉਸ ਨੇ ਸਕੂਲ ਦਾ ਪਾੜ੍ਹਾ ਹੁੰਦਿਆਂ ਹੀ ਪਿੰਡ ਦਾ ਜੁਝਾਰੂ ਤੇ ਗਦਰੀ ਇਤਿਹਾਸ ਸੁਣਾ ਕੇ ਸੁਰਸਿੰਘੀਆਂ ਨੂੰ ਹੈਰਾਨ ਵੀ ਕੀਤਾ ਤੇ ਮਾਣ ਨਾਲ ਵੀ ਭਰ ਦਿੱਤਾ। ਉਥੇ ਭਾਦਰੋਂ ਦੇ ਮੇਲੇ ‘ਤੇ ਉਸ ਨੇ ਪਹਿਲੀ ਵਾਰ ਕਵੀਸ਼ਰੀ ਸੁਣਾਈ ਤਾਂ 37 ਦਮੜੇ ਇਨਾਮ ਦੇ ਮਿਲੇ। ਉਦੋਂ ਦੇ 37 ਦਮੜੇ ਅੱਜ ਕੱਲ੍ਹ ਦੇ 3700 ਰੁਪਈਆਂ ਤੋਂ ਵੱਧ ਬਣਦੇ ਹਨ। ਪਰ ਕਵੀਸ਼ਰੀ ਉਸ ਨੇ ਪੇਸ਼ੇ ਦੇ ਤੌਰ ‘ਤੇ ਨਾ ਅਪਨਾਈ। ਉਹ ਇਨਕਲਾਬੀ ਕਵਿਤਾਵਾਂ ਲਿਖਣ ਤੇ ਬੋਲਣ ਵੱਲ ਮੁੜ ਪਿਆ। ਉਂਜ ਕਵੀਸ਼ਰੀ ਨਾਲ ਉਹਦਾ ਮੋਹ ਹਾਲੇ ਵੀ ਪਹਿਲਾਂ ਵਾਂਗ ਹੀ ਕਾਇਮ ਹੈ। ਨਵੰਬਰ 2017 ਵਿਚ ਕਵੀਸ਼ਰ ਜੋਗਾ ਸਿੰਘ ਜੋਗੀ ਦੇ ਚਲਾਣੇ ‘ਤੇ ਉਸ ਨੇ ਆਪਣੇ ਫੇਸਬੁੱਕ ਪੇਜ ਉਤੇ ਲਿਖਿਆ:
“ਜੋਗਾ ਸਿੰਘ ਜੋਗੀ ਦੇ ਤੁਰ ਜਾਣ ਨਾਲ ਪੰਜਾਬੀ ਕਵੀਸ਼ਰੀ ਦਾ ਸ਼ਾਨਾਂਮੱਤਾ ਇਤਿਹਾਸ ਤੁਰ ਗਿਆ। 57-58 ਸਾਲ ਹੋ ਗਏ ਹੋਣਗੇ, ਜਦੋਂ ਮੈਂ ਆਪਣੇ ਪਿੰਡ ਸੁਰਸਿੰਘ ਦੇ ਭਾਦਰੋਂ ਮੇਲੇ ‘ਤੇ ਕਾਲੀ ਦਾੜ੍ਹੀ ਵਾਲੇ ਨੌਜਵਾਨ ਗੱਭਰੂ ਜੋਗਾ ਸਿੰਘ ਜੋਗੀ ਨੂੰ ਸਰੂਪ ਸਿੰਘ ਸੂਰਵਿੰਡੀਏ ਤੇ ਇਕ ਹੋਰ ਕਵੀਸ਼ਰ ਨਾਲ ਜਥੇ ਦੀ ਅਗਵਾਈ ਕਰਦਿਆਂ, ਭਾਸ਼ਣ ਦਿੰਦਿਆਂ ਤੇ ਆਪਣੇ ਛੰਦ ਸੁਣਾਉਂਦਿਆਂ ਸੁਣਿਆਂ। ਸੰਗਤਾਂ ‘ਬੱਲੇ ਬੱਲੇ’ ਵੀ ਕਰ ਰਹੀਆਂ ਸਨ ਤੇ ਦਮੜਿਆਂ ਦੇ ਢੇਰ ਵੀ ਲਾ ਰਹੀਆਂ ਸਨ। ਅਸੀਂ ਸਕੂਲ ‘ਚ ਆਪਣਾ ਕਵੀਸ਼ਰੀ ਜਥਾ ਬਣਾਇਆ ਤਾਂ ਜਿੱਥੇ ਆਪਣੀਆਂ ਲਿਖੀਆਂ ਕਵਿਤਾਵਾਂ ਪੜ੍ਹਦੇ, ਓਥੇ ਸਾਥੀਆਂ ਵਿਚ ਬਹਿ ਕੇ ਜੋਗੀ ਦੀਆਂ ਕਵਿਤਾਵਾਂ ਵੀ ਗਾਉਂਦੇ। ਮੈਨੂੰ ਅੱਜ ਵੀ ਜੋਗੀ ਦੀਆਂ ਕਈ ਕਵਿਤਾਵਾਂ ਦੇ ਬੰਦ ਯਾਦ ਹਨ। ਉਹ ਹਰ ਸਾਲ ਸਾਡੇ ਪਿੰਡ ਜੇਠ ਅਤੇ ਭਾਦਰੋਂ ਦੇ ਮੇਲੇ ‘ਤੇ ਜਥੇ ਸਮੇਤ ਆਉਂਦਾ। ਛੇਤੀ ਹੀ ਉਹ ਪੰਜਾਬ ਦਾ ਮੰਨਿਆ ਪ੍ਰਮੰਨਿਆ ਕਵੀਸ਼ਰ ਬਣ ਗਿਆ। ਗਿਆਨੀ ਸੋਹਣ ਸਿੰਘ ਸੀਤਲ ਤੋਂ ਬਾਅਦ ਜੋਗੀ ਸੀ, ਜਿਸ ਦੇ ਮੂੰਹੋਂ ਪੰਜਾਬ ਤੇ ਸਿੱਖਾਂ ਦਾ ਇਤਿਹਾਸ ਜਨ ਸਧਾਰਨ ਤੱਕ ਪੁੱਜਾ। ਜਦੋਂ ਮੈਂ ਵੀ ਥੋੜ੍ਹਾ ਕੁ ਪੈਰਾਂ ਸਿਰ ਹੋਇਆ ਤਾਂ ਸਾਡਾ ਮਿਲਣਾ-ਗਿਲਣਾ ਵੀ ਹੁੰਦਾ ਰਿਹਾ ਤੇ ਵਿਚਾਰ-ਵਟਾਂਦਰਾ ਵੀ ਚਲਦਾ ਰਿਹਾ। ਮੈਨੂੰ ਉਹ ਦਿਨ ਵੀ ਯਾਦ ਹੈ, ਜਦੋਂ ਮੈਂ ਦੇਸ਼ ਭਗਤ ਯਾਦਗਾਰ ਹਾਲ ਵਿਚ ਕਰਨੈਲ ਸਿੰਘ ਪਾਰਸ ਦਾ ਰੂਬਰੂ ਕਰਵਾਇਆ ਤਾਂ ਜੋਗੀ ਵੀ ਪਾਰਸ ਦਾ ਸ਼ਰਧਾਲੂ ਹੋਣ ਕਰਕੇ ਹਾਜ਼ਰ ਹੋਇਆ ਤੇ ਜਦੋਂ ਉਹਨੇ ਮੇਰੀ ਬੇਨਤੀ ਮੰਨ ਕੇ ਪਾਰਸ ਦਾ ਲਿਖਿਆ ਛੰਦ ‘ਦਸਵੇਂ ਪਿਤਾ ਦਸਮੇਸ਼ ਚੋਜੀ ਜੀ’ ਦਾ ਪਹਿਲਾ ਬੰਦ ਕਵੀਸ਼ਰੀ ਵਿਚ ਗਾਇਆ ਤਾਂ ਮੇਰੇ ਅੰਦਰਲਾ ਬਚਪਨ ਦਾ ਸੁੱਤਾ ਕਵੀਸ਼ਰ ਜਾਗ ਪਿਆ ਤੇ ਉਸੇ ਛੰਦ ਦਾ ਅਗਲਾ ਬੰਦ ਓਨੀ ਹੀ ਉਚੀ ਆਵਾਜ਼ ਵਿਚ ਜੋਗੀ ਦਾ ‘ਜੋੜੀਦਾਰ-ਕਵੀਸ਼ਰ’ ਬਣ ਕੇ ਚੁੱਕ ਦਿੱਤਾ ਤਾਂ ਉਹਦੇ ਸਮੇਤ ਸਾਰੇ ਦੋਸਤ ਹੈਰਾਨ ਰਹਿ ਗਏ! ਸੱਚੀ ਗੱਲ ਤਾਂ ਇਹ ਹੈ ਕਿ ਮੇਰੇ ਅੰਦਰ ਕਵੀਸ਼ਰੀ ਤੇ ਢਾਡੀ ਕਲਾ ਦੀ ਮੁਹੱਬਤ ਜਗਾਉਣ ਵਾਲੇ ਪੰਡਿਤ ਮੋਹਨ ਸਿੰਘ ਘਰਿਆਲਾ ਤੇ ਜੋਗਾ ਸਿੰਘ ਜੋਗੀ ਦੇ ਕਵੀਸ਼ਰੀ ਜਥੇ ਤੋਂ ਇਲਾਵਾ ਢਾਡੀ ਸੋਹਣ ਸਿੰਘ ਸੀਤਲ ਜੀ ਤੇ ਢਾਡੀ ਪਿਆਰਾ ਸਿੰਘ ਪੰਛੀ ਜੀ ਸਨ। ਅੱਜ ਜੋਗੀ ਜੀ ਦੇ ਤੁਰ ਜਾਣ ਨਾਲ ਪੰਜਾਬੀ ਕਵੀਸ਼ਰੀ ਦੇ ਇਕ ਯੁਗ ਦਾ ਅੰਤ ਹੋ ਗਿਆ ਏ। ਉਹਦੀ ਸ਼ਾਇਰੀ ਦਾ ਇਕ ਰੰਗ ਚੇਤੇ ਵਿਚ ਲਿਸ਼ਕ ਉਠਿਆ ਹੈ, ਤੁਸੀਂ ਵੀ ਮਾਣੋ:
ਬੰਦ ਬੰਦ ਕਟਵਾ ਕੇ ਆਖੇ ਜਿੱਤ ਗਿਆ
ਤਨ ਆਰੇ ਨਾਲ ਚਿਰਾ ਕੇ ਆਖੇ ਜਿੱਤ ਗਿਆ
ਬੱਚੇ ਸੂਲੀ ਉਤੇ ਚੜ੍ਹਾ ਕੇ ਆਖੇ ਜਿੱਤ ਗਿਆ
ਵੱਟ ਮੁੱਛਾਂ ਦਾ ਨਹੀਂ ਅਜੇ ਲੱਥਦਾ ਜਨਾਬ ਦਾ
ਰਹਵੇ ਜੁਗੋ ਜੁਗ ਜਿਉਂਦਾ ਗੱਭਰੂ ਪੰਜਾਬ ਦਾ
ਇਹਨੇ ਇੰਜਣਾਂ ਨੂੰ ਆਖਿਆ, ਉਏ ਠਹਿਰ ਜਾਹ
ਨਹੀਂ ਤਾਂ ਜ਼ਾਲਮਾ ਗੁਜ਼ਾਰ ਕੇ ਕੋਈ ਕਹਿਰ ਜਾਹ
ਇਹਦਾ ਰਣਾਂ ਵਿਚ ਹਿੱਲਦਾ ਨਹੀਂ ਪੈਰ ਜਿਹਾ
ਇਹਦੀ ਅੱਖ ਵੇਖ ਨਸ਼ਾ ਲੱਥਦਾ ਸ਼ਰਾਬ ਦਾ
ਰਹਵੇ ਜੁਗੋ ਜੁਗ ਜਿਉਂਦਾ ਗੱਭਰੂ ਪੰਜਾਬ ਦਾ…।”

ਸੰਧੂ ਰੋਣੇ-ਧੋਣੇ ਕਰੀ ਜਾਣ ਵਾਲੇ ਆਮ ਪੰਜਾਬੀ ਲੇਖਕਾਂ ਵਾਂਗ ‘ਭੁੱਖੇ ਮਰਨ’ ਤੇ ‘ਝੁੱਗਾ ਚੌੜ’ ਕਰਾਉਣ ਦੇ ਝੋਰੇ ਨਹੀਂ ਝੁਰਦਾ। ਪੰਜਾਬੀ ਮਾਂ ਦੀ ‘ਸੇਵਾ’ ਕਰਨ ਦੀਆਂ ਟਾਹਰਾਂ ਨਹੀਂ ਮਾਰਦਾ। ਸੇਵਾ ਕਰਦਿਆਂ ਅੱਖਾਂ ਦੀ ਨਿਗ੍ਹਾ ਘਟਣ, ਸਰੀਰ ਕਸਰਿਆ ਜਾਣ ਅਤੇ ਬੁਰੇ ਹਾਲ ਬੌਂਕੇ ਦਿਹਾੜੇ ਆ ਜਾਣ ਦੀਆਂ ਦੁਹਾਈਆਂ ਨਹੀਂ ਦਿੰਦਾ। ਪਹਿਲਾਂ ਤਾਂ ਉਹ ਇਹ ਦੱਸਣੋਂ ਵੀ ਸੰਕੋਚ ਕਰਦਾ ਰਿਹਾ ਕਿ ‘ਲਿਖਣ’ ਦੇ ਗੇੜ ‘ਚ ‘ਅਤਿ ਖਤਰਨਾਕ’ ਗਰਦਾਨਿਆ ਜਾਣ ਕਰਕੇ ਉਸ ਨੂੰ ਵਾਰ-ਵਾਰ ਗ੍ਰਿਫਤਾਰ ਕੀਤਾ ਗਿਆ ਤੇ ਤਿੰਨ ਵਾਰ ਜੇਲ੍ਹ ਯਾਤਰਾ ਵੀ ਕਰਨੀ ਪਈ। ਇੰਟੈਰੋਗੇਸ਼ਨ ਸੈਂਟਰ ਦਾ ‘ਕੁੰਭੀ ਨਰਕ’ ਵੀ ਵੇਖਣਾ ਪਿਆ ਤੇ ਕਥਿਤ ‘ਖਾੜਕੂਆਂ’ ਤੋਂ ‘ਭਲੇ ਦੇ ਕੰਮਾਂ’ ਕਾਰਨ ਗੋਲੀਆਂ ਖਾਂਦਾ-ਖਾਂਦਾ ਮਸੀਂ ਬਚਿਆ। ਮੌਤ ਉਸ ਤੋਂ ਇੱਕ ਹੱਥ ਦੇ ਫਰਕ ਨਾਲ ਲੰਘਦੀ ਰਹੀ। ਪੁਲਿਸ ਉਹਦਾ ਕਈ ਸਾਲ ਪਿੱਛਾ ਕਰਦੀ ਰਹੀ। ਉਹ ਜੇਲ੍ਹੋਂ ਬਾਹਰ ਮਗਰੋਂ ਆਉਂਦਾ, ਪੁਲਸੀਏ ਪਹਿਲਾਂ ਹੀ ਸ਼ਹਿ ਲਾ ਕੇ ਬੈਠੇ ਹੁੰਦੇ। ਭੱਜੇ-ਭਜਾਏ ਨੂੰ ਅਖੀਰ ਚੰਡੀਗੜ੍ਹ ਜਾ ਕੇ ਐਮ. ਫਿਲ਼ ‘ਚ ਦਾਖਲਾ ਲੈਣਾ ਪਿਆ, ਪਈ ਏਥੇ ਸ਼ਾਇਦ ਬਚਾਅ ਹੋ ਜਾਵੇ। ਪਹੁੰਚ ਤਾਂ ਪੁਲਸੀਏ ਓਥੇ ਵੀ ਗਏ ਸਨ ਪਰ ਅਸ਼ਕੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸੁਰਿੰਦਰ ਸਿੰਘ ਕੋਹਲੀ ਦੇ, ਜਿਹਨੇ ਆਪਣੀ ਗਾਰੰਟੀ ਦੇ ਕੇ ਬਚਾਅ ਕਰ ਲਿਆ।
ਕਈ ਚੀਚੀ ਨੂੰ ਲਹੂ ਲਾ ਕੇ ‘ਸ਼ਹੀਦ’ ਹੋਣ ਦਾ ਢੰਡੋਰਾ ਪਿੱਟਦੇ ਨਹੀਂ ਥਕਦੇ ਪਰ ਵਰਿਆਮ ਨੇ ਅਜਿਹੇ ਤਰਸ ਭਾਵ ਕਦੇ ਨਹੀਂ ਜਗਾਏ। ਸਾਨੂੰ ਵੀ ਵਰਿਆਮ ਦੇ ਰਣ-ਤੱਤੇ ਵਿਚ ਜੂਝਣ ਦਾ ਪਤਾ ਕਿਥੇ ਲੱਗਣਾ ਸੀ ਜੇ ਉਹਦੀ ਸਵੈਜੀਵਨੀ ‘ਗੁਫਾ ਵਿਚਲੀ ਉਡਾਣ’ ਪ੍ਰਕਾਸ਼ਿਤ ਨਾ ਹੁੰਦੀ। ਉਹ ਵੀ ਉਸ ਨੂੰ ਕੁਝ ‘ਊਜਾਂ’ ਦੇ ਜਵਾਬ ਵਿਚ ਲਿਖਣੀ ਪਈ, ਭੁਲੇਖੇ ਦੂਰ ਕਰਨ ਲਈ; ਮਨੁੱਖੀ ਰਿਸ਼ਤਿਆਂ ਦਾ ਤਾਣਾ-ਬਾਣਾ ਦੱਸਣ ਲਈ ਅਤੇ ਰਿਸ਼ਤਿਆਂ ‘ਚ ਪੈਂਦੇ ਕਜੀਏ-ਕਲੇਸ਼ ਵਿਖਾਉਣ ਲਈ। ਉਨ੍ਹਾਂ ਕਜੀਏ-ਕਲੇਸ਼ਾਂ ਨੇ ਹੀ ਉਸ ਨੂੰ ਡੂੰਘੀ ਉਦਾਸੀ ਵਿਚ ਡੋਬਿਆ।
‘ਗੁਫਾ ਵਿਚਲੀ ਉਡਾਣ’ ਵਿਚ ਉਸ ਨੇ ਆਪਣੀ ਸੰਘਰਸ਼ਮਈ ਹੱਡਬੀਤੀ ਦਾ ਬਿਰਤਾਂਤ ਗਲਪਮਈ ਢੰਗ ਨਾਲ ਪੇਸ਼ ਕੀਤਾ ਹੈ। ਇਸ ਨੂੰ ਮਹਾਂ-ਕਾਵਿ ਵਾਂਗ ਮਹਾਂ-ਕਹਾਣੀ ਵੀ ਕਿਹਾ ਜਾ ਸਕਦੈ। ਪਾਠਕ ਇਸ ਵਿਚੋਂ ਉਸ ਦੀਆਂ ਕਹਾਣੀਆਂ ਦੇ ਪਿਛੋਕੜ ਵਿਚ ਪਈਆਂ ਅਸਲੀ ਕਹਾਣੀਆਂ ਦਾ ਥਹੁ-ਪਤਾ ਲਾ ਸਕਦੇ ਹਨ। ਇਸ ਵਿਚ ਜਾਸੂਸੀ ਨਾਵਲਾਂ ਵਰਗੀ ਉਤਸੁਕਤਾ ਤੇ ਲੂੰਅ ਕੰਡੇ ਖੜ੍ਹੇ ਕਰਨ ਵਾਲੇ ਵੇਰਵੇ ਹਨ। ਜਿਵੇਂ-ਜਿਵੇਂ ਪੜ੍ਹਦੇ ਜਾਈਦਾ, ਹੈਰਾਨ ਹੁੰਦੇ ਜਾਈਦੈ ਕਿ ਸਾਡੇ ਪਤਲਚੰਮੇ ਵੀਰ ਵਰਿਆਮ ਨਾਲ ਕਿਹੋ ਜਿਹੇ ਭਾਣੇ ਵਰਤੇ ਤੇ ਉਹਨੇ ਕਿਵੇਂ ਉਨ੍ਹਾਂ ਦਾ ਸਾਹਮਣਾ ਕੀਤਾ? ਕਿਵੇਂ ਮੌਤ ਉਹਦੇ ਦਰਾਂ ‘ਤੇ ਆਉਂਦੀ ਰਹੀ ਪਰ ਖਾਲੀ ਹੱਥ ਮੁੜਦੀ ਰਹੀ। ਸਗੋਂ ਮਾਰ-ਮਰਾਈ ਦੇ ਮਾਹੌਲ ਵਿਚੋਂ ਲੰਘਦਿਆਂ ਉਹ ਅਨੇਕਾਂ ਕਹਾਣੀਆਂ ਤੇ ਦਹਿਸ਼ਤੀ ਦੌਰ ਦਾ ਸ਼ੀਸ਼ਾ ਵਿਖਾਉਂਦੀ ਸਵੈ-ਜੀਵਨੀ ‘ਗੁਫਾ ਵਿਚਲੀ ਉਡਾਣ’ ਲਿਖਣ ਲਈ ਬਚਿਆ ਰਿਹਾ। ਨਾ ਸਿਰਫ ਬਚਿਆ ਰਿਹਾ ਸਗੋਂ ਹੋਰ ਉਚੀਆਂ ਉਡਾਣਾਂ ਲਾਉਣ ਲਈ ਹੋਰ ਬਲਵਾਨ ਹੁੰਦਾ ਗਿਆ! ਉਹ ਮਿਸਾਲ ਅਕਸਰ ਦੀਵੇ ਦੀ ਦਿੰਦੈ ਜਿਹੜਾ ਛਿਪਦੇ ਸੂਰਜ ਨੂੰ ਆਖਦੈ, “ਤੇਰੇ ਜਿੰਨਾ ਚਾਨਣ ਤਾਂ ਨਹੀਂ ਦੇ ਸਕਦਾ ਮੇਰੇ ਹਜ਼ੂਰ! ਫਿਰ ਵੀ ਆਖਰੀ ਤੁਪਕੇ ਤਕ ਬਲਾਂਗਾ ਤੇ ਜਿੰਨਾ ਕੁ ਹੋ ਸਕਿਆ ਹਨੇਰਾ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ।”
ਉਹ ਇਸ ਪੁਸਤਕ ਦੇ ਸਰਵਰਕ ਉਤੇ ਲਿਖਦੈ, “…ਇਹ ਗੱਲ ਤਾਂ ਪੱਕ ਹੈ ਕਿ ਮੈਂ ਆਪਣੇ ਅੰਦਰੋਂ ਉਡਣ ਦੀ ਲੋਚਾ ਮਰਨ ਨਹੀਂ ਦਿੱਤੀ। ਜਿਉਂਦੀ ਬਚ ਗਈ ਉਡਣ ਦੀ ਇਹ ਲੋਚਾ ਹੀ ਹੈ ਜਿਸ ਨੇ ਮੈਨੂੰ ਗਰਕ ਜਾਣ ਤੋਂ ਬਚਾਈ ਰੱਖਿਆ। ਮੈਨੂੰ ਆਪਣੇ ਮਹਾਨ ਵਡੇਰਿਆਂ ਅੱਗੇ ਸ਼ਰਮਿੰਦਾ ਨਹੀਂ ਹੋਣ ਦਿੱਤਾ।”
ਰਘਬੀਰ ਸਿੰਘ ‘ਸਿਰਜਣਾ’ ਇਸ ਪੁਸਤਕ ਦੀ ਭੂਮਿਕਾ ਵਿਚ ਲਿਖਦਾ ਹੈ, “ਸਾਧਾਰਨ ਕਿਸਾਨੀ ਪਰਿਵਾਰ ਦਾ ਜੰਮਪਲ ਹੋਣ ਦੇ ਤੱਥ ਨੂੰ ਉਸ ਨੇ ਤੱਠ-ਸੱਠ ਰੂਪ ਵਿਚ ਬਿਆਨਿਆ ਹੈ, ਨਾ ਇਸ ਵਿਚੋਂ ਗਰੀਬ ਜਾਪਣ ਵਾਲੀ ਰੁਦਨ ਦੀ ਧੁਨੀ ਸੁਣੀਂਦੀ ਹੈ ਅਤੇ ਨਾ ਹੀ ‘ਖਾਨਦਾਨੀ ਚੜ੍ਹਤ’ ਵਾਲੀ ਭੂਪਵਾਦੀ ਹਉਂ ਦਾ ਵਿਖਾਵਾ ਹੁੰਦਾ ਹੈ। ਮਾਂ-ਪਿਓ, ਭੈਣ-ਭਰਾਵਾਂ, ਮਾਮਿਆਂ ਤੇ ਹੋਰ ਨੇੜਲੇ ਰਿਸ਼ਤੇਦਾਰਾਂ ਦੀ ਬਾਤ ਨਿਰਲੇਪ ਰਹਿ ਕੇ ਇੰਜ ਪਾਈ ਹੈ, ਜਿਵੇਂ ਉਹ ਆਪਣੀ ਕਿਸੇ ਕਹਾਣੀ ਦਾ ਯਥਾਰਥਕ ਪਾਤਰ-ਚਿਤਰਨ ਕਰ ਰਿਹਾ ਹੋਵੇ। ਲੋੜੀਂਦੀ ਵਿੱਥ ‘ਤੇ ਖਲੋ ਕੇ ਉਸ ਨੇ ਉਨ੍ਹਾਂ ਦੀ ਸ਼ਖਸੀਅਤ ਤੇ ਵਿਹਾਰ ਨੂੰ ਵੇਖਿਆ-ਪਛਾਣਿਆ ਹੈ। ਇਸੇ ਲਈ ਉਹ ਆਰਥਿਕ ਤੰਗੀ ਕਾਰਨ ਨਸ਼ਿਆਂ ਦੀ ਮਾਰ ਹੇਠ ਆ ਗਏ ਆਪਣੇ ਪਿਤਾ ਨੂੰ ਪਿੱਛਲਝਾਤ ਰਾਹੀਂ ਹਮਦਰਦੀ ਦੀ ਭਾਵਨਾ ਨਾਲ ਵੇਖਦਾ ਹੋਇਆ ਉਸ ਪ੍ਰਤੀ ਰਹੇ ਆਪਣੇ ਕੁਰੱਖਤ ਵਤੀਰੇ ਉਤੇ ਅਫਸੋਸ ਜ਼ਾਹਰ ਕਰਦਾ ਹੈ। ਸਮੁੱਚੀ ਪੁਸਤਕ ਹੀ ਇਕ ਗਲਪਕਾਰ ਵਜੋਂ ਵਰਿਆਮ ਦੀ ਨਿਪੁੰਨਤਾ ਆਪਣਾ ਪ੍ਰਗਟਾ ਕਰਦੀ ਹੈ, ਜਿਸ ਵਿਚ ਯਥਾਰਥ ਪ੍ਰਤੀ ਵਫਾਦਾਰੀ, ਸੰਵੇਦਨਸ਼ੀਲਤਾ ਤੇ ਮਾਨਵੀ ਸਰੋਕਾਰ, ਇਕੋ ਜਿੰਨੇ ਕਾਰਜਸ਼ੀਲ ਹਨ। ਵਰਿਆਮ ਸੰਧੂ ਦੀ ਇਸ ਸਵੈ-ਜੀਵਨੀ ਨੂੰ ਮੈਂ ‘ਗੁਫਾ ਵਿਚਲੀ ਉਡਾਣ’ ਮੰਨਣ ਲਈ ਤਾਂ ਉਕਾ ਤਿਆਰ ਨਹੀਂ। ਇਸ ਵਿਚ ਉਸ ਨੇ ਆਪਣੀ ਸ਼ਖਸੀਅਤ ਦੇ ਹਾਣ ਦੀ ਅਵੱਸ਼ ਬੜੀ ਉਚੀ ਤੇ ਸੋਹਣੀ ਉਡਾਣ ਭਰੀ ਹੈ।”
ਲੇਖਕ ਨੇ ਇਸ ਪੁਸਤਕ ਨੂੰ ਬਾਰਾਂ ਕਾਂਡਾਂ ਵਿਚ ਵੰਡਿਆ ਹੈ। ਅੱਗੋਂ ਕਾਂਡਾਂ ਦੇ ਉਪ ਸਿਰਲੇਖ ਹਨ। ਹਰ ਕਾਂਡ ਆਪਣੇ ਆਪ ਵਿਚ ਇਕ ਬਾਤ ਹੈ। ਸਾਰੇ ਕਾਂਡ ਲੜੀਦਾਰ ਬਾਤਾਂ ਹਨ। ਪਹਿਲਾ ਕਾਂਡ ‘ਟੋਟਾ ਕੁ ਜ਼ਿੰਦਗੀ’ ਉਹ ਬਾਤ ਪਾਉਣ ਵਾਂਗ ਹੀ ਸ਼ੁਰੂ ਕਰਦਾ ਹੈ, “ਮੇਰੇ ਵਡੇਰਿਆਂ ਦਾ ਪਿੰਡ ਭਡਾਣਾ ਸੀ, ਜ਼ਿਲ੍ਹਾ ਲਾਹੌਰ ਵਿਚ। ਸੁਰਸਿੰਘ ਤੋਂ ਪੰਜ-ਛੇ ਕੋਹ ਦੀ ਵਾਟ ‘ਤੇ। ਸੁਰਸਿੰਘ ਪਿਤਾ ਦੇ ਨਾਨਕੇ ਸਨ। ਪਿਤਾ ਦੇ ਜਨਮ ਲੈਂਦੇ ਸਾਰ ਹੀ ਮੇਰੀ ਦਾਦੀ ਧੰਨ ਕੌਰ ਗੁਜ਼ਰ ਗਈ। ਪਤਨੀ ਦੀ ਮੌਤ ਹੋ ਜਾਣ ‘ਤੇ ਛੋਟੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਸਿਰ ਉਤੇ ਆ ਪੈਣ ਕਰਕੇ ਮੇਰਾ ਦਾਦਾ ਚੰਦਾ ਸਿੰਘ ਡਾਢਾ ਪ੍ਰੇਸ਼ਾਨ ਸੀ। ਪਰ ਇਸ ਪ੍ਰੇਸ਼ਾਨੀ ਨੂੰ ਉਸ ਦੇ ਛੋਟੇ ਸਾਲੇ ਹਕੀਕਤ ਸਿੰਘ ਅਤੇ ਉਸ ਦੀ ਪਤਨੀ ਹਰਨਾਮ ਕੌਰ ਨੇ ਛੇਤੀ ਹੀ ਦੂਰ ਕਰ ਦਿੱਤਾ। ਹਰਨਾਮ ਕੌਰ ਨੇ ਆਪਣੀ ਨਣਾਨ, ਮੇਰੀ ਦਾਦੀ ਧੰਨ ਕੌਰ ਦੇ ਸਸਕਾਰ ਪਿੱਛੋਂ ਹੀ ਉਸ ਦਾ ਬੱਚਾ (ਮੇਰਾ ਹੋਣ ਵਾਲਾ ਪਿਤਾ) ਆਪਣੀ ਗੋਦ ਵਿਚ ਲੈ ਲਿਆ ਅਤੇ ਸਭ ਦੇ ਸਾਹਮਣੇ ਐਲਾਨ ਕਰ ਦਿੱਤਾ, ਵੀਰ ਚੰਦਾ ਸਿਅ੍ਹਾਂ! ਅੱਜ ਤੋਂ ਗੇਜੋ ਤੇ ਦੀਦਾਰ ਸਿੰਘ ਸਾਡੇ ਹੋਏ…।”
ਪੁਸਤਕ ਦਾ ਦੂਜਾ ਕਾਂਡ ਲੇਖਕ ਦੀ ਪਹਿਲੀ ਗ੍ਰਿਫਤਾਰੀ ਦਾ ਬਿਰਤਾਂਤ ਹੈ। ਕਹਾਣੀ ਦੀ ਗੋਂਦ ਵਾਂਗ ਹੀ ਗੁੰਦਿਆ ਹੋਇਆ। ਜਦੋਂ ਉਹ ਕ੍ਰਾਂਤੀਕਾਰੀ ਕਵਿਤਾਵਾਂ ਲਿਖਣ ਤੇ ਸਟੇਜਾਂ ‘ਤੇ ਪੜ੍ਹਨ ਲੱਗਾ ਤਾਂ ਸੀ. ਆਈ. ਡੀ. ਕਰਦੇ ਪਿੰਡ ਦੇ ਬੰਦਿਆਂ ਨੇ ਮੱਤ ਦਿੱਤੀ ਸੀ, ਪਈ ਬਚ ਕੇ ਚੱਲ, ਖਿਆਲ ਰੱਖ ਆਪਣਾ। ਪਰ ਵਰਿਆਮ ਨੂੰ ਲੱਗਦਾ ਸੀ ਕਿ ਉਹ ਕੋਈ ‘ਗੁਨਾਹ’ ਨਹੀਂ ਕਰ ਰਿਹਾ। ਭੁੱਖ-ਦੁੱਖ, ਅਨਿਆਂ ਤੇ ਬੇਵੱਸੀ ਦਾ ਜੀਵਨ ਭੋਗ ਰਹੇ ਆਪਣੇ ਲੋਕਾਂ ਦੀ ਬੰਦ-ਖਲਾਸੀ ਲਈ ਹੱਕ-ਸੱਚ ਦੀ ਆਵਾਜ਼ ਹੀ ਤਾਂ ਬੁਲੰਦ ਕਰ ਰਿਹੈ। ਉਹ ਵੀ ਲਿਖ ਕੇ ਜਾਂ ਬੋਲ ਕੇ, ਬੜੇ ਹੀ ਸੀਮਤ ਰੂਪ ਵਿਚ। ਪਰ ਉਹ ਦਿਨ ਹੀ ਅਜਿਹੇ ਸਨ ਕਿ ਕਾਲਜ ਵਿਚ ਬੀ. ਐਡ ਕਰਦਾ ਉਹ ਸੀਖਾਂ ਪਿੱਛੇ ਡੱਕਿਆ ਗਿਆ। ਇਹ ਕਾਂਡ ਉਸ ਸਮੇਂ ਦੇ ਸਰਕਾਰੀ ਦਮਨ ਦਾ ਪਰਦਾ ਫਾਸ਼ ਕਰਦਾ ਹੈ। ਸਵੈ-ਜੀਵਨੀ ਹੋਣੀ ਵੀ ਅਜਿਹੀ ਚਾਹੀਦੀ ਹੈ ਜਿਹੜੀ ਜੀਵਨੀਕਾਰ ਦੇ ਜੀਵਨ ਦੇ ਨਾਲ ਸਮੇਂ ਦੇ ਸੱਚ ਨੂੰ ਚਿਤਰ ਕੇ ਸਹੀ ਇਤਿਹਾਸ ਸਿਰਜੇ।
ਤੀਜੇ ਕਾਂਡ ਵਿਚ ਐਮਰਜੈਂਸੀ ਵੇਲੇ ਲੇਖਕ ਦੀ ਦੂਜੀ ਗ੍ਰਿਫਤਾਰੀ ਦਾ ਵੇਰਵਾ ਹੈ ਕਿ ਕਿਵੇਂ ਕੇਲ ਕਰੇਂਦੇ ਨੂੰ ਅਚਿੰਤੇ ਬਾਜ ਆਣ ਪਏ। ਹੱਥਕੜੀਆਂ ਲੱਗ ਗਈਆਂ, ਪਹਿਲਾਂ ਹਵਾਲਾਤ ਤੇ ਫਿਰ ਜੇਲ੍ਹ ਵਿਚ ਡੱਕਿਆ ਗਿਆ। ਚੌਥੇ ਕਾਂਡ ਵਿਚ ਕੁੰਭੀ ਨਰਕ ਵਰਗੇ ਇੰਟੈਰੋਗੇਸ਼ਨ ਸੈਂਟਰ ਦਾ ਹਿਰਦੇਵੇਦਕ ਵਰਣਨ ਹੈ, “ਅਸਮਾਨ ਚੀਰਦੀ ਚੀਕ ਸੁਣਾਈ ਦਿੱਤੀ। ਕਿਸੇ ਦੂਜੀ ਕੋਠੀ ਵਿਚੋਂ ਬਾਹਰ ਕੱਢਿਆ ਬੰਦਾ ਧਰਤੀ ‘ਤੇ ਡਿੱਗਿਆ ਪਿਆ ਸੀ ਤੇ ਇਕ ਜਣਾ ਉਹਦੇ ‘ਤੇ, ਬਿਨਾ ਉਹਦੇ ਅੰਗਾਂ ਦੀ ਪ੍ਰਵਾਹ ਕੀਤਿਆਂ, ਡਾਂਗਾਂ ਵਰ੍ਹਾ ਰਿਹਾ ਸੀ। ‘ਬਖਸ਼ ਲੈ ਮਾਪਿਆ! ਮੈਂ ਨ੍ਹੀਂ ਕੁਝ ਲੁਕਾਇਆ ਤੈਥੋਂ ਮੋਤੀਆਂ ਆਲਿਆ! ਅੱਖਰ ਅੱਖਰ ਸੱਚ ਦਿੱਤੈ।’ ਇੰਜ ਇਕ ਇਕ ਕਰ ਕੇ ਕੋਠੜੀਆਂ ਵਿਚੋਂ ‘ਬੱਕਰੇ’ ਕੱਢੇ ਜਾ ਰਹੇ ਸਨ ਅਤੇ ‘ਕਤਲਗਾਹ’ ਵੱਲ ਲਿਜਾਏ ਜਾ ਰਹੇ ਸਨ! ਪਹਿਲਿਆਂ ਵਾਂਗ ਦੂਜਿਆਂ ਨੂੰ ਵੀ ‘ਇਹ’ ਮੁੱਢਲੀ ‘ਦਖਸ਼ਣਾ’ ਦਿੱਤੀ ਗਈ। ਸ਼ਾਇਦ ਮੈਂ ਇਕੱਲਾ ਹੀ ਆਪਣੀ ‘ਹੋਣੀ’ ਦੀ ਉਡੀਕ ਵਿਚ ਪਿੱਛੇ ਰਹਿ ਗਿਆ ਸਾਂ। ਵੱਖ ਵੱਖ ਜਣਿਆਂ ਦੀਆਂ ਚੀਕਾਂ ਅਤੇ ਚੰਘਿਆੜਾਂ ਦੀ ਆਵਾਜ਼ ਮੇਰੇ ਕੰਨਾਂ ਵਿਚ ਪੈ ਰਹੀ ਸੀ। ਵਰ੍ਹਦੀਆਂ ਡਾਂਗਾਂ ਜਾਂ ‘ਪੁਲਿਸੀ ਛਿੱਤਰਾਂ’ ਦਾ ਖੜਾਕ ਆ ਰਿਹਾ ਸੀ। ‘ਨਰਕ’ ਵਿਚ ਵੀ ਆਪਣੇ ‘ਪਾਪਾਂ ਦੀ ਸਜ਼ਾ’ ਭੁਗਤ ਰਹੇ ਲੋਕਾਂ ਵਿਚ ਸ਼ਾਇਦ ਇੰਜ ਹੀ ਕੁਰਲਾਹਟ ਮੱਚਦੀ ਹੋਵੇਗੀ! ਇਹ ਧਰਤੀ ਉਤਲਾ ‘ਨਰਕ’ ਹੀ ਤਾਂ ਸੀ।”
“ਆ ਬਈ ਵਰਿਆਮ ਸਿੰਹਾਂ! ਬਾਹਰ ਆ।” ਰਾਤ ਵਾਲਾ ਅਧਖੜ ਅਫਸਰ ਮੇਰੀ ਕੋਠੜੀ ਸਾਹਮਣੇ ਖਲੋਤਾ ਸੀ। ਉਸ ਦੇ ਪਿੱਛੇ ਬਾਵਰਦੀ ਹਵਾਲਦਾਰ ਸੀ…।”
ਇਕ ਕਾਂਡ ‘ਸ਼ਬਦਾਂ ਦੀ ਤਾਕਤ’ ਨਾਲ ਸਬੰਧਤ ਹੈ। ਸੁਰਸਿੰਘ ਦੇ ਹੀ ਇਕ ਨਿਹੰਗ ਸਿਰ ਕਤਲ ਦਾ ਨਾਜਾਇਜ਼ ਕੇਸ ਪੈ ਜਾਂਦੈ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦੈ। ਜੇਲ੍ਹ ਵਿਚ ਉਹ ਵਰਿਆਮ ਸਿੰਘ ਨੂੰ ਮਿਲਦੈ। ਲੇਖਕ ਨੂੰ ਪਤਾ ਲੱਗਦੈ ਕਿ ਨਿਹੰਗ ਨਿਰਦੋਸ਼ ਹੈ। ਲੇਖਕ ਕੋਲ ਸ਼ਬਦਾਂ ਦੀ ਤਾਕਤ ਹੈ। ਉਹ ਨਿਰਦੋਸ਼ ਨੂੰ ਬਚਾਉਣ ਲਈ ਬਾਬਾ ਬਿਧੀ ਚੰਦ ਦਲ ਦੇ ਮੁਖੀ ਬਾਬਾ ਦਇਆ ਸਿੰਘ ਨੂੰ ਚਿੱਠੀ ਲਿਖਦਾ ਹੈ। ਚਿੱਠੀ ਦੇ ਸ਼ਬਦ ਬਾਬਾ ਜੀ ਦੇ ਦਿਲ ਉਤੇ ਅਜਿਹਾ ਅਸਰ ਕਰਦੇ ਹਨ ਕਿ ਬਾਬਾ ਜੀ ਨਿਰਦੋਸ਼ ਨਿਹੰਗ ਸਿੰਘ ਨੂੰ ਬਚਾਉਣ ਲਈ ਉਠ ਤੁਰਦੇ ਹਨ ਤੇ ਨਿਹੰਗ ਬਰੀ ਹੋ ਜਾਂਦਾ ਹੈ। ਇਹ ਵੱਖਰੀ ਗੱਲ ਹੈ ਕਿ ਚਿੱਠੀ ਜੇਲ੍ਹ ‘ਚੋਂ ਬਾਹਰ ਭੇਜਣ ਵੇਲੇ ਇਕ ਹਵਾਲਦਾਰ ਨੇ ਲੇਖਕ ਨੂੰ ਇੱਕ ਤਕੜੀ ਚੁਪੇੜ ਜੜ ਦਿੱਤੀ ਸੀ, “…ਮੈਂ ਉਨ੍ਹਾਂ ਹਮਦਰਦਾਂ ਦਾ ਧਿਆਨ ਆਪਣੇ ਵੱਲ ਮੋੜਨ ਲਈ ਆਵਾਜ਼ ਦੇਣ ਹੀ ਵਾਲਾ ਸਾਂ ਕਿ ਹਵਾਲਦਾਰ ਨੇ ‘ਪਟਾਕ’ ਕਰਦਾ ਜ਼ੋਰਦਾਰ ਥੱਪੜ ਮੇਰੀ ਗੱਲ੍ਹ ‘ਤੇ ਜੜ ਦਿੱਤਾ। ਖੜਾਕ ਨਾਲ ਡਿਓੜ੍ਹੀ ਗੂੰਜ ਉਠੀ। ਮੇਰੀ ਆਵਾਜ਼ ਮੂੰਹ ਵਿਚ ਹੀ ਘੁਰਲ ਹੋ ਗਈ।”
“ਕਚਹਿਰੀ ਜਾਂਦਿਆਂ ਵੀ ਇਸ ਚਪੇੜ ਦੀ ਗੂੰਜ ਮੇਰੇ ਅੰਦਰਲੇ ਗੁੰਬਦ ਵਿਚ ਗੂੰਜਦੀ ਗਈ।” ਅਜਿਹੀ ਹੈ, ਲੇਖਕ ਦੀ ਲਿਖਣ ਸ਼ੈਲੀ!
‘ਅਸੀਂ ਕੀ ਬਣ ਗਏ!’ ਕਾਂਡ ਆਪਣੇ ਆਪ ਵਿਚ ‘ਭੱਜੀਆਂ ਬਾਹੀਂ’ ਵਰਗੀ ਕਹਾਣੀ ਹੈ। ਸੰਧੂ ਦ੍ਰਿਸ਼-ਚਿਤਰਨ ਦਾ ਵੀ ਧਨੀ ਹੈ, “ਸ਼ਾਮ ਦਾ ਘੁਸਮੁਸਾ ਅਜੇ ਪਸਰਿਆ ਹੀ ਸੀ ਤੇ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਇਹ ਘੁਸਮੁਸਾ ਇਕ ਦਮ ਕਾਲੀ-ਬੋਲੀ ਰਾਤ ਵਾਂਗ ਸਾਰੇ ਪਿੰਡ ਵਿਚ ਪਸਰ ਜਾਵੇਗਾ ਜਾਂ ਇਹ ਕਾਲੀ-ਬੋਲੀ ਰਾਤ ਕਿਸੇ ਪਰਿਵਾਰ ਜਾਂ ਵਿਸ਼ੇਸ਼ ਵਿਅਕਤੀਆਂ ਲਈ ਉਮਰਾਂ ਜਿੰਨੀ ਲੰਮੀ ਹੋ ਜਾਵੇਗੀ…।”
‘ਕੁੜਿੱਕੀ ਵਿਚ ਫਸੀ ਜਾਨ’ ਵਾਲਾ ਕਾਂਡ ਸੰਧੂ ਦੀ ਜੀਵਨ ਕਥਾ ਦਾ ਹੋਰ ਵੀ ਲੂੰ ਕੰਡੇ ਖੜ੍ਹੇ ਕਰਨ ਵਾਲਾ ਬਿਰਤਾਂਤ ਹੈ, “ਕੰਧ ਉਤੋਂ ਛਾਲਾਂ ਮਾਰ ਕੇ ਆਉਣ ਵਾਲਿਆਂ ਨੇ, ਜਿਸ ਕਮਰੇ ਵਿਚ ਅਸੀਂ ਬੈਠੇ ਸਾਂ, ਉਹਦੀ ਵੱਖੀ ਵਾਲਾ ਦਰਵਾਜ਼ਾ ਠਕੋਰਿਆ। ਅਸੀਂ ਦੋਹਾਂ ਜੀਆਂ ਨੇ ਇਕ ਦੂਜੇ ਦੇ ਮੂੰਹ ਵੱਲ ਵੇਖਿਆ। ਸੋਚਿਆ, ਸ਼ਾਇਦ ਇਹ ਇਕ-ਦੂਜੇ ਦੇ ਅੰਤਿਮ ਦੀਦਾਰੇ ਹਨ। ਦਰਵਾਜ਼ਾ ਦੂਜੀ ਵਾਰ ਖੜਕਿਆ। ਮੈਨੂੰ ਛੇਤੀ ਨਾਲ ਬਾਹੋਂ ਫੜ੍ਹ ਕੇ ਆਪਣੇ ਪਿੱਛੇ ਕਰਦਿਆਂ ਪਤਨੀ ਨੇ ਹੌਂਸਲਾ ਕਰਕੇ ਦਰਵਾਜ਼ੇ ਦੀ ਚਿਟਕਣੀ ਖੋਲ੍ਹ ਦਿੱਤੀ। ਉਹ ‘ਪਹਿਲਾ ਵਾਰ’ ਆਪਣੇ ਉਤੇ ਝੱਲਣ ਲਈ ਤਿਆਰ ਸੀ!”
ਪੂਰੀ ਪੁਸਤਕ ਹੱਡੀਂ ਹੰਢਾਏ ਅਨੁਭਵ ਦੇ ਸੰਵੇਦਨਸ਼ੀਲ ਬਿਰਤਾਂਤ ਨਾਲ ਭਰੀ ਪਈ ਹੈ। ਆਪਣੀ ਸਾਹਿਤਕ ਸਵੈ-ਜੀਵਨੀ ਵਿਚ ਵਰਿਆਮ ਸਿੰਘ ਨੇ ਬਹੁਤਾ ਵੇਰਵਾ ਆਪਣੀਆਂ ਸਾਹਿਤਕ ਸਰਗਰਮੀਆਂ ਬਾਰੇ ਦਿੱਤਾ ਸੀ। ‘ਗੁਫਾ ਵਿਚਲੀ ਉਡਾਣ’ ਵਿਚਲੇ ਬਹੁਤੇ ਵੇਰਵੇ ਉਹਦੇ ਉਤੇ ਆਈਆਂ ਮੁਸੀਬਤਾਂ ਦੇ ਹਨ। ਰਾਹ ਜਾਂਦੀਆਂ ਗਲ ਪਈਆਂ ਮੁਸੀਬਤਾਂ! ਇਹ ਵੇਰਵੇ ਪੁਲਿਸ ਹੱਥੋਂ ਵਾਰ ਵਾਰ ਖੱਜਲ ਖੁਆਰ ਹੋਣ, ਜੇਲ੍ਹ ਦੀ ਤੰਗੀ ਕੱਟਣ, ਇੰਟੈਰੋਗੇਸ਼ਨ ਸੈਂਟਰ ਦੀ ‘ਪੁੱਛ ਗਿੱਛ’, ਦਹਿਸ਼ਤੀ ਦੌਰ, ਹੋਰਨਾਂ ਦੀ ਜਾਨ ਬਚਾਉਂਦਿਆਂ ਆਪਣੇ ਸਿਰ ਪੈ ਰਹੇ ਕਤਲ, ਬੇਮੁਹਾਰੀ ਮਾਰ ਧਾੜ ਅਤੇ ਸਕੇ-ਸਬੰਧੀਆਂ ਨਾਲ ਟੁੱਟਦੇ-ਜੁੜਦੇ ਸਬੰਧਾਂ ਦੇ ਹਨ। ਪੁਸਤਕ ਪੜ੍ਹਦਿਆਂ ਪਤਾ ਲੱਗਦੈ, ਪਈ ਲੇਖਕ ਸੱਚਮੁੱਚ ਹੀ ‘ਵਰਿਆਮ ਜੋਧਾ’ ਨਿਕਲਿਆ। ਵਰਿਆਮ ਦੀ ਪਤਨੀ ਰਜਵੰਤ ਪੁਸਤਕ ਦੇ ਆਖਰੀ ਕਾਂਡ ਵਿਚ ਆਪਣੇ ਪਤੀ ਬਾਰੇ ਲਿਖਦੀ ਹੈ, “…ਇਹ ਅਗਲੇ ਨੂੰ ਹਾਸੇ ਹਾਸੇ ਵਿਚ ਬੜੀ ਕਰੜੀ ਗੱਲ ਵੀ ਆਖ ਦਿੰਦੇ ਨੇ। ਖਰੀ ਗੱਲ ਕਹਿਣੋਂ ਬਾਜ਼ ਨਹੀਂ ਆਉਂਦੇ। …ਹੁਣ ਤਾਂ ਕਈ ਵਾਰ ਕੋਈ ਗੱਲ ਕਰਦਿਆਂ ਭਾਵੁਕ ਵੀ ਹੋ ਜਾਂਦੇ ਨੇ। ਅੱਖਾਂ ਵਿਚ ਅੱਥਰੂ ਭਰ ਲੈਂਦੇ ਨੇ। ਪਰ ਇਹ ਵਰਿਆਮ ਸਿੰਘ ਸੰਧੂ ਹੀ ਹਨ, ਲੋਹੇ ਦੇ ਜਿਗਰੇ ਵਾਲੇ ਕਿ ਵੱਡੇ ਵੱਡੇ ਸੰਕਟ ਆਉਂਦੇ ਰਹੇ, ਕਦੇ ਸੀ ਨਾ ਕੀਤੀ, ਸਭ ਚੁੱਪ ਕਰਕੇ ਸਹਿ ਲਏ, ਜਿਵੇਂ ਕੁਝ ਹੋਇਆ ਈ ਨਹੀਂ ਹੁੰਦਾ।”
ਵਰਿਆਮ ਸੰਧੂ ਬਿਰਤਾਂਤ ਦਾ ਧਨੀ ਹੈ। ਉਹ ਹਾਸਿਆਂ ਵਿਚ ਹੰਝੂ ਵਗਾ ਦਿੰਦਾ ਹੈ ਤੇ ਹੰਝੂਆਂ ਵਿਚ ਹਾਸੇ। ਰਘਬੀਰ ਸਿੰਘ ਸਿਰਜਣਾ ਅਨੁਸਾਰ, “ਕਲਮ ਤੇ ਜ਼ਬਾਨ ਦਾ ਧਨੀ ਹੋਣ ਤੋਂ ਬਿਨਾ ਵਰਿਆਮ ਦੀ ਜੋ ਵਿਸ਼ੇਸ਼ਤਾ ਇਕ ਲੇਖਕ ਵਜੋਂ ਉਸ ਨੂੰ ਉਸ ਦੇ ਦੂਸਰੇ ਬਹੁਤ ਸਾਰੇ ਸਮਕਾਲੀਆਂ ਤੋਂ ਨਿਖੇੜਦੀ ਹੈ, ਉਹ ਹੈ, ਉਸ ਦਾ ਸਾਹਿਤ-ਸਿਰਜਣਾ ਨੂੰ ਜੀਵਨ ਦੇ ਵਡੇਰੇ ਸਰੋਕਾਰਾਂ ਨਾਲ ਜੋੜ ਕੇ ਦੇਖਣਾ ਕਿ ਲੇਖਕ ਸਮਾਜ ਤੋਂ ਟੁੱਟਿਆ, ‘ਸ਼ੁੱਧ ਸਾਹਿਤਕਾਰ’ ਦੇ ਆਪਣੇ ਘੇਰੇ ਵਿਚ ਕੈਦ, ਮਹਿਜ਼ ਇਕ ਅਲਬੇਲਾ ਵਿਅਕਤੀ ਹੀ ਨਾ ਹੋਵੇ। ਵਰਿਆਮ ਨੇ ਇਸ ਧਾਰਨਾ ਨੂੰ ਹਮੇਸ਼ਾ ਆਪਣੇ ਸਾਹਮਣੇ ਰੱਖਿਆ ਹੈ। ਉਸ ਦੀ ਸੋਚ ਇਹ ਰਹੀ ਹੈ ਕਿ ਸਾਹਿਤਕਾਰ ਭਾਵੇਂ ਅਮਲੀ ਖੇਤਰ ਵਿਚ ਜੂਝਣ ਵਾਲੇ ਸੰਗਰਾਮੀਏ ਦਾ ਬਦਲ ਤਾਂ ਨਹੀਂ, ਪਰ ਉਹ ਆਪਣੇ ਦੁਆਲੇ ਦੇ ਨਿਤ-ਦਿਹਾੜੀ ਦੇ ਜੀਵਨ ਤੋਂ ਨਿਰਲੇਪ ਹੋ ਕੇ ਵੀ ਨਹੀਂ ਰਹਿ ਸਕਦਾ। ਜ਼ਿੰਦਗੀ ਦੇ ਸੱਚ ਦੀਆਂ ਮਹੀਨ ਪਰਤਾਂ ਨੂੰ ਬਾਰੀਕਬੀਨੀ ਨਾਲ ਫਰੋਲਣ, ਸਮਝਣ ਤੇ ਪੇਸ਼ ਕਰਨ ਦੇ ਨਾਲ ਨਾਲ ਸਾਹਿਤਕਾਰ ਦੀ ਸਿਰਜਣਾ ਵਿਚੋਂ ਅਵੱਸ਼ ਮਾਨਵੀ ਹਮਦਰਦੀ ਦੀਆਂ ਕਨਸੋਆਂ ਆਉਣੀਆਂ ਚਾਹੀਦੀਆਂ ਹਨ। ਇਸੇ ਲਈ ਸਮਕਾਲ ਵਿਚ ਜਦੋਂ ਰਾਜਸੀ ਅਰਾਜਕਤਾ, ਸਮਾਜੀ ਨਿਘਾਰ ਅਤੇ ਨਿਜੀ ਵਿਹਾਰ ਦੀ ਅਨੈਤਿਕਤਾ ਨੇ ਹੋਰਨਾਂ ਖੇਤਰਾਂ ਦੇ ਨਾਲ ਸਾਹਿਤ ਦੇ ਖੇਤਰ ਵਿਚ ਵੀ ਆਪਣੇ ਪੈਰ ਪਸਾਰ ਰੱਖੇ ਹਨ, ਆਪਣੀ ਸਿਰਜਣਾਤਮਕਤਾ ਅਤੇ ਆਪਣੇ ਅਮਲੀ ਜੀਵਨ ਵਿਚ ਵਰਿਆਮ ਨੇ ਯਥਾ ਸੰਭਵ ਨਿਜ ਤੇ ਸਮੂਹ ਦੇ ਸਰੋਕਾਰਾਂ ਵਿਚ ਸੰਤੁਲਨ ਬਣਾਈ ਰੱਖਣ ਦਾ ਸੁਚੇਤ ਯਤਨ ਕੀਤਾ ਹੈ।”
ਸੰਧੂ ਨੇ ‘ਗੁਫਾ ਵਿਚਲੀ ਉਡਾਣ’ ਦੇ ਮੁੱਖ ਬੰਦ ਵਿਚ ਲਿਖਿਆ ਹੈ, “ਵੱਡੇ ਬੰਦਿਆਂ ਦੇ ਸਿਰ ‘ਤੇ ਹੀ ਨੀਲੀ ਛੱਤ ਵਾਲਾ ਵੱਡਾ ਆਕਾਸ਼ ਹੁੰਦਾ ਹੈ। ਉਨ੍ਹਾਂ ਦੀ ਨਜ਼ਰ ਜਿੱਡਾ ਵਿਸ਼ਾਲ, ਉਨ੍ਹਾਂ ਦੀ ਹਿੰਮਤ ਜਿੱਡਾ ਬੁਲੰਦ। ਇਸ ਆਕਾਸ਼ ਵਿਚ ਉਹ ਉਚੀਆਂ ਤੇ ਲੰਮੀਆਂ ਉਡਾਰੀਆਂ ਭਰਦੇ ਹਨ। ਆਪਣੇ ਜਿਗਰੇ ਦੇ ਬਲ ‘ਤੇ ਵਿਰੋਧੀ ਹਵਾਵਾਂ ਖਿਲਾਫ ਲੰਮੀਆਂ ਲੜਾਈਆਂ ਲੜਦੇ ਹਨ-ਯਾਦਗਾਰੀ ਤੇ ਮਿਸਾਲੀ। ਉਨ੍ਹਾਂ ਦੇ ਹੁੰਦਿਆਂ ਲੋਕ ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣਦੇ ਹਨ। ਉਨ੍ਹਾਂ ਦੇ ਬੀਤ ਜਾਣ ‘ਤੇ ਲੋਕ ਉਨ੍ਹਾਂ ਦੀਆਂ ਗੱਲਾਂ ਕਰਦੇ ਹਨ। ਉਨ੍ਹਾਂ ਦੇ ਬੁਲੰਦ ਕਿਰਦਾਰ ਦੀਆਂ ਕਹਾਣੀਆਂ ਇਤਿਹਾਸ ਦਾ ਹਿੱਸਾ ਬਣਦੀਆਂ ਨੇ। ਉਨ੍ਹਾਂ ਦੇ ਕਾਰਨਾਮੇ ਜੱਗ ਜਾਣਦਾ ਹੈ। ਇਹ ਕਹਾਣੀਆਂ, ਇਹ ਕਾਰਨਾਮੇ ਆਉਣ ਵਾਲੀਆਂ ਨਸਲਾਂ ਪੜ੍ਹਦੀਆਂ-ਸੁਣਦੀਆਂ ਰਹਿੰਦੀਆਂ ਹਨ…।”
“ਪਰ ਮੈਂ ਤਾਂ ਅਸਲੋਂ ਸਾਧਾਰਨ ਬੰਦਿਆਂ ਵਿਚੋਂ ਹਾਂ। ਸਾਧਾਰਨ ਬੰਦੇ ਵਿਚ ਜਿੰਨੀ ਕੁ ਸਮਰਥਾ ਹੁੰਦੀ ਹੈ, ਮੈਂ ਓਸੇ ਦੇ ਆਸਰੇ ਵਿਰੋਧੀ ਹਾਲਾਤ ਅਤੇ ਉਲਟ ਹਵਾਵਾਂ ਦੇ ਖਿਲਾਫ ਜਿੰਨਾ ਕੁ ਲੜ ਸਕਦਾ ਸਾਂ, ਲੜਿਆ ਹਾਂ; ਜਿੰਨਾ ਕੁ ਉਡ ਸਕਦਾ ਸਾਂ, ਉਡਿਆ ਹਾਂ। ਕਿਸੇ ਵੱਡੇ ਆਕਾਸ਼ ਵਿਚ ਨਹੀਂ। ਮਸਾਂ ‘ਆਪਣੀ ਗੁਫਾ’ ਜੇਡੇ ਆਕਾਸ਼ ਵਿਚ ਹੀ। ਪਤਾ ਨਹੀਂ ਉਡ ਵੀ ਸਕਿਆਂ ਕਿ ਨਹੀਂ?”
(ਚਲਦਾ)