ਮਾਂ! ਦਰਦ ਨਾ ਬਣ ਜਾਈਂ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਹਥਲੇ ਲੇਖ ਵਿਚ ਡਾ. ਭੰਡਾਲ ਨੇ “ਮਾਂ ਹੁੰਦੀ ਏ ਮਾਂ, ਦੁਨੀਆਂ ਵਾਲਿਓ” ਦਾ ਹੋਕਾ ਦਿੰਦਿਆਂ ਮਾਂ ਦੀ ਮਮਤਾ ਬਾਰੇ ਬਹੁਤ ਹੀ ਜਜ਼ਬਾਤੀ ਮਾਹੌਲ ਸਿਰਜਿਆ ਹੈ। ਪਰਦੇਸੀਂ ਆ ਵੱਸੇ ਪੁੱਤਰਾਂ ਦੇ ਹਉਕੇ ਨੂੰ ਉਨ੍ਹਾਂ ਇਨ੍ਹਾਂ ਸ਼ਬਦਾਂ ਵਿਚ ਚਿਤਰਿਆ ਹੈ, “ਸੁੱਖ ਅਤੇ ਧਨ ਦੀ ਲਾਲਸਾ ‘ਚ ਹੋਇਆ ਸੀ, ਤੇਰਾ ਪੁੱਤ ਪਰਦੇਸੀ, ਤੇ ਇਨ੍ਹਾਂ ਸੁੱਖਾਂ ਦੀ ਤਲਬ ਨੇ ਉਸ ਨੂੰ ਆਪਣੇ ਆਪ ਕੋਲੋਂ ਹੀ ਪਰਦੇਸੀ ਕਰ ਦਿੱਤਾ ਏ।

…ਮਾਂ! ਪਤਾ ਨਹੀਂ ਤੇਰੀ ਕਿਹੜੀ ਦੁਆ ਲੱਗੀ ਕਿ ਮੈਂ ਪਰਦੇਸੀ ਹੋ ਗਿਆ। ਵਾਸਤਾ ਈ! ਰੱਬ ਕੋਲੋਂ ਆਪਣੀ ਦੁਆ ਵਾਪਸ ਲੈ ਲੈ ਤਾਂ ਕਿ ਮੈਂ ਤੇਰੇ ਕੋਲ ਆ ਕੇ ਤੇਰੀਆਂ ਝੁਰੜੀਆਂ ਭਰੇ ਹੱਥਾਂ ਦੀ ਕੋਮਲਤਾ ਨੂੰ ਮਾਣ ਸਕਾਂ ਅਤੇ ਅਸੀਸਾਂ ਨਾਲ ਆਪਣਾ ਉਦਾਰ ਕਰ ਸਕਾਂ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਮਾਂ! ਬੜਾ ਜੀਅ ਕਰਦਾ ਏ, ਤੈਨੂੰ ਚਿੱਠੀ ਲਿਖਾਂ। ਤੇਰੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਾਂ। ਨਿੱਕੇ ਨਿੱਕੇ ਹੁੰਗਾਰਿਆਂ ਨਾਲ ਆਪਣੇ ਜੀਵਨ ਵਿਚ ਪਸਰੀ ਖੁਸ਼ਕ ਰੁੱਤ ਨੂੰ ਤਰ ਕਰਾਂ। ਤੇਰੇ ਨਿੱਘੇ ਬੋਲਾਂ ਦਾ ਤਰੌਂਕਾ ਇਨ੍ਹਾਂ ਯੱਖ ਸਮਿਆਂ ਦੇ ਨਾਮ ਕਰਾਂ। ਤੇਰੇ ਮੋਹ ਦਾ ਮੁਜੱਸਮਾ ਇਸ ਮਰਨ-ਹਾਰੀ ਰੁੱਤ ਦੇ ਨਾਮ ਕਰਾਂ ਅਤੇ ਸਹਿਜ ਪਲਾਂ ਨੂੰ ਸੂਖਮ ਸੋਚ ਵਿਚ ਧਰਾਂ।
ਮਾਂ! ਪਰ ਕੀ ਕਰਾਂ? ਇਸ ਤਰਤੀਬੇ ਮਾਹੌਲ ਨੇ ਮੈਨੂੰ ਬੇਤਰਤੀਬ ਕਰ ਦਿੱਤਾ ਏ। ਅੰਦਰਲੀ ਬੇਚੈਨੀ ਦੇ ਆਲਮ ਵਿਚ ਗੁਜਰਦਾ, ਆਪਣੇ ਆਪ ਦੇ ਰੂ-ਬ-ਰੂ ਹੁੰਦਾ ਹਾਂ। ਆਪ ਹੀ ਪ੍ਰਸ਼ਨ ਅਤੇ ਆਪ ਹੀ ਜਵਾਬ। ਇਹ ਸਿਰਫ ਮੇਰੀ ਹੀ ਤਕਦੀਰ ਨਹੀਂ, ਹਰ ਉਸ ਸ਼ਖਸ ਦੀ ਤਕਦੀਰ ਏ, ਜਿਸ ਨੇ ਸੋਹਲ ਭਾਵਾਂ ਨਾਲ ਸਾਂਝ ਪਾਈ ਹੋਈ ਏ-ਜੋ ਅਨੁਭਵ ਦੇ ਕੋਮਲ ਅਹਿਸਾਸਾਂ ਨਾਲ ਜਿਉਣ ਦਾ ਆਦੀ ਏ, ਜੋ ਨਿੱਕੇ ਨਿੱਕੇ ਹਾਦਸਿਆਂ ਦੇ ਵੱਡੇ ਵੱਡੇ ਅਰਥ ਤਲਾਸ਼ਦਾ, ਆਪ ਇਕ ਨਿਰਮੋਹਿਆ ਅਰਥ ਬਣ ਜਾਂਦਾ ਏ, ਜਿਸ ਦੀ ਮਾਨਸਿਕ ਪੀੜਾ ਨੂੰ ਸਮਝਣ ਦੀ ਕੋਈ ਲੋੜ ਹੀ ਨਹੀਂ ਸਮਝਦਾ।
ਮਾਂ! ਅੱਜ ਯਾਦ ਆਉਂਦਾ ਏ ਸਿਆਲ ਦੇ ਦਿਨਾਂ ‘ਚ ਪੜ੍ਹਦਿਆਂ ਪੜ੍ਹਦਿਆਂ ਨੀਂਦ ਦਾ ਝੋਂਕਾ ਆਉਣਾ ਅਤੇ ਤੇਰਾ ਸੌਣ ਲਈ ਕਹਿਣਾ। ਪਰ ਮੈਂ ਅੱਖ ਝਪਕੀ ਤੋਂ ਬਾਅਦ ਗਿਆਨ ਦੇ ਹਰਫਾਂ ‘ਚ ਲੀਨ ਹੋ ਜਾਂਦਾ ਸੀ। ਕਿੰਨਾ ਫਿਕਰ ਹੁੰਦਾ ਸੀ, ਪੁੱਤ ਦੇ ਉਨੀਂਦਰੇ ਦਾ? ਪਰ ਤੈਨੂੰ ਦੱਸਾਂ, ਇਥੇ ਹਰ ਵਿਅਕਤੀ ਉਨੀਂਦਰਾ ਭੋਗਦਾ ਏ। ਦੋਹਰੀਆਂ-ਤੀਹਰੀਆਂ ਸ਼ਿਫਟਾਂ ਲਾਉਂਦਾ, ਕਈ ਪਰਤਾਂ ਵਿਚ ਜਿਉਂਦਾ ਏ ਅਤੇ ਉਸ ਨੂੰ ਵੀਕ-ਐਂਡ ਦੀ ਹਮੇਸ਼ਾ ਉਡੀਕ ਰਹਿੰਦੀ ਏ ਤਾਂ ਕਿ ਨੀਂਦ ਦਾ ਲਾਹਾ ਲਿਆ ਜਾ ਸਕੇ। ਸਨਿਚਰ ਤੇ ਐਤਵਾਰ ਲੋਕ ਦੁਪਹਿਰ ਵੇਲੇ ਜਾਗਦੇ ਨੇ। ਵੈਸੇ ਇਨ੍ਹਾਂ ਦਾ ਕੋਈ ਕਸੂਰ ਨਹੀਂ। ਘਰਾਂ ਦੀ ਮਾਰਟਗੇਜ, ਕਾਰਾਂ ਦੀਆਂ ਕਿਸ਼ਤਾਂ ਅਤੇ ਬਿਲਾਂ ਦੀ ਅਦਾਇਗੀ, ਉਨੀਂਦਰੇ ਮਾਰੇ ਲੋਕਾਂ ਦੀ ਹੋਣੀ ਬਣ ਗਈ ਏ।
ਮਾਂ! ਤੇਰੀ ਸੱਟ ਲੱਗੀ ਦਾ ਪਤਾ ਤਾਂ ਲੱਗ ਗਿਆ ਸੀ, ਪਰ ਜ਼ਿੰਦਗੀ ਦੀ ਭੱਜ-ਦੌੜ ‘ਚੋਂ ਤੈਨੂੰ ਫੋਨ ਕਰਨ ਦਾ ਵਿਹਲ ਨਾ ਕੱਢ ਸਕਿਆ। ਕੀ ਏ ਪੁੱਤਰਾਂ ਦੀ ਇਹ ਨਸੀਬੀ? ਕਿਉਂ ਰੁੱਸ ਗਿਆ ਏ ਮੋਹ? ਕਿਉਂ ਨਹੀਂ ਪੈਂਦੀ ਕਾਲਜੇ ਵਿਚ ਖੋਹ? ਕਿਉਂ ਨਹੀਂ ਚਸਕਦੀ ਸਾਹਾਂ ਦੀ ਤੰਦੀ? ਬੜਾ ਬੇ-ਲਿਹਾਜ ਹੋਈ ਜਾ ਰਿਹਾ ਏ ਵਕਤ ਅਤੇ ਇਸ ਦੇ ਬਾਸ਼ਿੰਦੇ। ਭਲਾ! ਜੇ ਆਪਣਿਆਂ ਦੇ ਨੇੜੇ, ਆਪਣੇ ਹੀ ਨਹੀਂ ਲੱਗਣਗੇ ਤਾਂ ਆਪਣਿਆਂ ਦੇ ਕੀ ਅਰਥ ਰਹਿ ਜਾਣਗੇ!
ਮਾਂ! ਤੇਰੇ ਕਦਮਾਂ ਵਿਚ ਦੁਨੀਆਂ ਦੀ ਜੰਨਤ ਵੀ ਛੋਟੀ ਜਿਹੀ ਏ। ਤੇਰੀ ਉਦਾਰਤਾ ਦਾ ਕੋਈ ਸਾਨੀ ਨਹੀਂ। ਤੇਰੀ ਦੇਣ ਦਾ ਕੋਈ ਪਾਰਾਵਾਰ ਨਹੀਂ। ਤੇਰੀ ਕੁਰਬਾਨੀ ਨੂੰ ਕੀ ਨਾਂ ਦੇਵਾਂ? ਮਾਂ ਵਿਚ ਵਸਦੀ ਏ ਕਾਇਨਾਤ ਅਤੇ ਉਸ ਦਾ ਸਮੁੱਚਾ ਪਸਾਰਾ। ਮਾਂ ਇਕ ਸੋਚ, ਇਕ ਫਰਜ਼, ਇਕ ਅਹਿਸਾਸ, ਇਕ ਨਿਰਵੈਰਤਾ ਅਤੇ ਇਕ ਸਹਿਜ। ਸਿਆਣਪਾਂ-ਸੰਦੀ ਲੋਰ ਅਤੇ ਜੀਵਨ ਦੇ ਨਾਂਵੇਂ ਕਰਦੀ ਸੁਰ-ਤਾਲੀ ਤੋਰ।
ਮਾਂ! ਤੈਨੂੰ ਦਸਾਂ, ਮੈਂ ਪੜ੍ਹ ਰਿਹਾ ਸਾਂ ਕਿ ਇਕ ਬੇਟਾ ਆਪਣੀ ਮਾਂ ਨੂੰ ਅਪੰਗ ਬਣਾ ਕੇ, ਉਸ ਦੀ ਵ੍ਹੀਲ ਚੇਅਰ ‘ਚ ਹੈਰੋਇਨ ਸਮਗਲ ਕਰਕੇ, ਕੈਨੇਡਾ ਲਿਆ ਰਿਹਾ ਸੀ। ਹੋਰ ਅਮੀਰ ਹੋਣ ਲਈ ਅਮੀਰ ਪੁੱਤਰਾਂ ਵਲੋਂ ਇਕ ਨਵੀਨਤਮ ਤਰੀਕਾ! ਕੀ ਇਹ ਹੈ, ਆਪਣੀ ਜਣਨੀ ਦੇ ਕਰਜ਼ੇ ਦੀ ਦੇਣਦਾਰੀ? ਅਣਭੋਲ ਮਾਂ ਏਅਰਪੋਰਟ ‘ਤੇ ਪਕੜੇ ਜਾਣ ਪਿਛੋਂ ਜੇਲ੍ਹ ਵਿਚ ਰੁਲ ਰਹੀ ਏ। ਪਰ ਪੁੱਤਰ ਆਪਣੀ ਅਮੀਰੀ ਦੀਆਂ ਡੀਂਗਾਂ ਮਾਰ ਰਿਹਾ ਏ। ਕੀ ਮਾਂ ਦਾ ਕਰਜ਼ਾ ਇਸੇ ਤਰ੍ਹਾਂ ਮੋੜਿਆ ਜਾਂਦਾ ਏ? ਪੁੱਤਰ ਦੀ ਕਮੀਨਗੀ ਦੀ ਇੰਤਹਾ ਏ, ਮਾਂ ਦੀ ਅਪੰਗਤਾ ‘ਚੋਂ ਡਾਲਰ ਕਮਾਉਣਾ।
ਮਾਂ! ਮੈਨੂੰ ਪਤਾ ਏ ਕਿ ਤੂੰ ਬਹੁਤ ਉਡੀਕਦੀ ਏਂ। ਤੇਰੀ ਉਡੀਕ ਨਿਰਛਲ ਏ। ਕੋਈ ਲੋਭ ਨਹੀਂ। ਤੇਰੀ ਉਡੀਕ ‘ਚ ਪੁੱਤਰ-ਮੋਹ ਭਾਰੂ ਏ। ਭਾਵੇਂ ਹੋਰਨਾਂ ਦੀ ਉਡੀਕ ਵਿਚ ਕੋਈ ਨਾ ਕੋਈ ਮਕਸਦ ਛੁਪਿਆ ਹੁੰਦਾ ਏ। ਪਰ ਕੀ ਕਰਾਂ! ਮਜਬੂਰੀਆਂ ਵਿਚ ਮਜਬੂਰ ਹਾਂ ਅਤੇ ਇਉਂ ਜਾਪਦਾ ਏ ਕਿ ਜਿਵੇਂ ਜਿਉਣਾ ਵੀ ਮਜਬੂਰੀ ਬਣ ਗਿਆ ਏ। ਵਿਦੇਸ਼ ਤੋਰਨ ਲੱਗਿਆਂ, ਤੇਰੇ ਦੀਦਿਆਂ ਵਿਚ ਲਟਕਦੇ ਸੁਪਨਿਆਂ ਦੀ ਤਾਸੀਰ ਨੂੰ ਯਾਦ ਕਰਦਾ ਹਾਂ ਤਾਂ ਉਨ੍ਹਾਂ ਤਿੜਕੇ ਸੁਪਨਿਆਂ ਦੀਆਂ ਕਿੱਚਰਾਂ ਅੱਖਾਂ ਵਿਚ ਰੜਕਦੀਆਂ ਨੇ ਅਤੇ ਫਿਰ ਨੈਣਾਂ ਦੀ ਲਾਲੀ ਵਿਚ ਜ਼ਿੰਦਗੀ ਅੰਤਹੀਣ ਤ੍ਰਿਕਾਲ ਬਣ ਜਾਂਦੀ ਹੈ।
ਮਾਂ! ਮੈਂ ਤਾਂ ਮਾਂ ਕਹਿਣ ਦਾ ਵੀ ਹੱਕ ਗਵਾ ਚੁਕਾ ਹਾਂ ਕਿਉਂਕਿ ਜਦ ਤੁਸੀਂ ਮਾਂ ਦੇ ਅਰਥਾਂ ਤੀਕ ਪਹੁੰਚ ਕੇ, ਉਸ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਨਹੀਂ ਬਣਾਉਂਦੇ, ਉਸ ਮੁਤਾਬਕ ਆਪਣੀ ਜ਼ਿੰਦਗੀ ਦੀ ਤਾਮੀਰਦਾਰੀ ਨਹੀਂ ਕਰਦੇ, ਫਰਜ਼ਾਂ ਤੋਂ ਕੁਤਾਹੀ ਕਰਦੇ ਹੋ ਅਤੇ ਆਪਣੀਆਂ ਜ਼ਿੰਮੇਵਾਰੀ ਤੋਂ ਦੂਰ ਭੱਜਦੇ ਹੋ ਤਾਂ ਤੁਹਾਡੇ ਮੂੰਹੋਂ ਨਿਕਲੇ ਮਾਂ ਦੇ ਅਰਥ ਨਿਅਰਥ ਹੋ ਜਾਂਦੇ ਨੇ।
ਮਾਂ! ਖੱਤ ਲਿਖਣਾ ਨਹੀਂ ਸੀ ਚਾਹੁੰਦਾ ਕਿਉਂਕਿ ਤੈਨੂੰ ਪੜ੍ਹ ਕੇ ਠੇਸ ਤਾਂ ਲੱਗੇਗੀ। ਪਰ ਕੀ ਕਰਾਂ! ਲਿਖਣ ਤੋਂ ਬਿਨਾ ਰਹਿ ਹੀ ਨਹੀਂ ਹੋਇਆ। ਤੈਨੂੰ ਦੱਸਾਂ ਅਸੀਂ ਤੇਰੀਆਂ ਗਾਲ੍ਹਾਂ ਦਾ ਬੁਰਾ ਨਹੀਂ ਮਨਾਉਂਦੇ ਸੀ। ਤੇਰੀਆਂ ਝਿੜਕਾਂ ਨੂੰ ਹੱਸ ਕੇ ਜਰਦੇ ਸਾਂ। ਤੇਰੀਆਂ ਨਸੀਹਤਾਂ ਦਾ ਪੱਲਾ ਫੜ੍ਹਦੇ ਸਾਂ ਅਤੇ ਤੇਰੇ ਦੀਦਿਆਂ ਵਿਚੋਂ ਦੁਨੀਆਂਦਾਰੀ ਦਾ ਸਬਕ ਪੜ੍ਹਦੇ ਸਾਂ। ਪਰ ਸਾਡੀ ਔਲਾਦ, ਸਾਥੋਂ ਬਹੁਤ ਦੂਰ ਜਾ ਚੁਕੀ ਏ। ਵਧ ਗਈਆਂ ਨੇ ਵਿੱਥਾਂ, ਪੈ ਗਈਆਂ ਨੇ ਦਰਾੜਾਂ। ਰਿਸ਼ਤਿਆਂ ਵਿਚ ਵੱਧ ਗਈ ਏ ਖਿਚੋਤਾਣ। ਘਰ ਦੇ ਸੁੱਚੇ ਅਰਥ ਹੰਝੂ ਬਣ ਕੇ ਹਰ ਦਰ ‘ਤੇ ਡੋਲ੍ਹਿਆ ਹੋਇਆ ਪਾਣੀ। ਮੁਲੰਮੇ ਦੀ ਜ਼ਿੰਦਗੀ ਜਿਉਂਦਾ ਘਰ, ਮੁਲੰਮੇਧਾਰੀ ਸ਼ਖਸੀਅਤ ਸੰਗ ਮੁਲੰਮਿਆਂ ਦੀ ਸਿਰਜਣਾ ‘ਚ ਮਸ਼ਰੂਫ।
ਮਾਂ! ਮਾਂ ਦੇ ਅਰਥ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਤਬਦੀਲ ਨਹੀਂ ਹੁੰਦੇ ਕਿਉਂਕਿ ਮਾਂ ਤਾਂ ਮਾਂ ਹੀ ਹੁੰਦੀ ਏ। ਪਰ ਖੁੱਲ੍ਹੀ ਆਬੋ-ਹਵਾ ਵਿਚ ਜੀਵਨ ਮਾਣ ਚੁਕੀ ਜਦ ਕੋਈ ਮਾਂ ਬੇਸਮੈਂਟ ਦੀ ਸਲ੍ਹਾਬ ਵਿਚ ਸੈਲਾਬ ਬਣਦੀ ਏ, ਮਰਨਹਾਰੀ ਉਮਰੇ ਵੇਅਰ ਹਾਊਸਾਂ ‘ਚ ਕੰਮ ਕਰਦੀ ਏ ਤਾਂ ਦੁਖੀ ਹੁੰਦਾ ਹਾਂ ਕਿ ਉਸ ਦੀ ਕੁੱਖੋਂ ਜਾਏ ਹੀ ਉਸ ਨੂੰ ਕੱਖੋਂ ਹੌਲਾ ਕਰਨ ‘ਤੇ ਤੁਲੇ ਹੋਏ ਨੇ। ਉਸ ਦੀਆਂ ਲੋਰੀਆਂ ‘ਚ ਮਰਸੀਆ ਕੌਣ ਧਰ ਗਿਆ ਏ?
ਮਾਂ! ਤੈਨੂੰ ਦੱਸਾਂ, ਮੈਨੂੰ ਬਹੁਤ ਹੀ ਚੰਗਾ ਲੱਗਾ ਜਦ ਇਕ ਜਾਣਕਾਰ ਨੇ ਦੱਸਿਆ ਕਿ ਮੇਰੀ ਮਾਂ ਦਾ ਅਪਰੇਸ਼ਨ ਹੋਣਾ ਏ। ਮਾਂ ਤਾਂ ਕਹਿੰਦੀ ਸੀ ਕਿ ਨਾ ਆਵੀਂ। ਪਰ ਮੈਂ ਉਸ ਨੂੰ ਦੱਸੇ ਬਗੈਰ ਕੱਲ ਹੀ ਇੰਡੀਆ ਜਾ ਰਿਹਾ ਹਾਂ। ਭਲਾ! ਉਸ ਮਾਂ ਨੂੰ ਕਿੰਨਾ ਮਾਨਸਿਕ ਧੀਰਜ ਮਿਲੇਗਾ ਜਦ ਉਸ ਦਾ ਬੇਟਾ, ਉਸ ਦੇ ਦਰਦ ਵਿਚ ਸ਼ਰੀਕ ਹੋ, ਉਸ ਦੀ ਪੀੜਾ ਘਟਾਉਣ ਲਈ ਉਸ ਦੇ ਮੰਜੇ ਦੀ ਬਾਹੀ ‘ਤੇ ਬੈਠਾ ਹੋਵੇਗਾ? ਇਕ ਸਕੂਨ, ਇਕ ਤਸੱਲੀ, ਇਕ ਸੰਪੂਰਨਤਾ ਦਾ ਅਹਿਸਾਸ ਜਦ ਮਾਂ ਦਾ ਨਸੀਬ ਬਣੇਗਾ ਤਾਂ ਉਸ ਦੀ ਤੰਦਰੁਸਤੀ ਲਈ ਰੱਬ ਧਰਤੀ ‘ਤੇ ਉਤਰ ਆਵੇਗਾ। ਪਰ ਕਿੰਨੇ ਕੁ ਰਹਿ ਗਏ ਨੇ ਇੰਨੇ ਸੰਵੇਦਨਸ਼ੀਲ ਲੋਕ? ਰਿਸ਼ਤਿਆਂ ਨੂੰ ਤਰਜੀਹ ਦੇਣ ਵਾਲੇ। ਸਾਂਝਾਂ ਨੂੰ ਨਿਭਾਉਣ ਵਾਲੇ ਅਤੇ ਇਨ੍ਹਾਂ ਰਿਸ਼ਤਿਆਂ ‘ਚੋਂ ਜ਼ਿੰਦਗੀ ਦੀ ਸਦੀਵਤਾ ਦਾ ਨਕਸ਼ ਉਲੀਕਣ ਵਾਲੇ।
ਮਾਂ! ਜਦ ਮਨੁੱਖ ਅੰਦਰੋਂ ਟੁੱਟਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਆਪਣੇ ਨਜ਼ਦੀਕੀਆਂ ਨਾਲੋਂ ਟੁੱਟਦਾ ਹੈ ਅਤੇ ਇਹ ਟੁੱਟਣ ਪ੍ਰਕ੍ਰਿਆ ਉਦੋਂ ਤੱਕ ਜਾਰੀ ਰਹਿੰਦੀ ਏ ਜਦੋਂ ਤੱਕ ਇਕ ਮਨੁੱਖ ਕਿਣਕਾ ਕਿਣਕਾ ਨਹੀਂ ਹੋ ਜਾਂਦਾ। ਅੱਜ ਕੱਲ ਹਰ ਮਨੁੱਖ ਇਸ ਪ੍ਰਕ੍ਰਿਆ ਵਿਚੋਂ ਗੁਜ਼ਰ ਰਿਹਾ ਏ, ਜਿਨ੍ਹਾਂ ਵਿਚੋਂ ਤੇਰਾ ਲਾਡਲਾ ਵੀ ਇਕ ਏ।
ਮਾਂ! ਵੈਸੇ ਫਿਕਰ ਨਾ ਕਰੀਂ। ਦਵਾਈ ਲੈਂਦੀ ਰਹੀਂ। ਠੀਕ ਤਾਂ ਤੂੰ ਹੋ ਹੀ ਜਾਣਾ ਏ। ਤੇਰੀਆਂ ਦੁਆਵਾਂ ਨਾਲ ਤਾਂ ਦੁਨੀਆਂ ਦਾ ਹਰ ਸ਼ਖਸ ਰਾਜੀ ਹੁੰਦਾ ਏ। ਮਾਂਵਾਂ ਬਿਮਾਰ ਨਾ ਹੋਣ। ਉਨ੍ਹਾਂ ਦੀ ਤੰਦਰੁਸਤੀ ‘ਚੋਂ ਜਦ ਬੱਚੇ ਆਪਣੀ ਤੰਦਰੁਸਤੀ ਨੂੰ ਪਰਿਭਾਸ਼ਤ ਕਰਦੇ ਹਨ ਤਾਂ ਜ਼ਿੰਦਗੀ ਦੇ ਅਰਥਾਂ ਵਿਚ ਸੁੱਚਮਤਾ ਭਰ ਜਾਂਦੀ ਹੈ।
ਮਾਂ! ਤੇਰਾ ਨਿਰਮੋਹਾ ਪੁੱਤ, ਜ਼ਿੰਦਗੀ ਦੀ ਨੀਰਸਤਾ ‘ਚੋਂ ਜਦ ਜੀਵਨ ਪੈੜਾਂ ਦੀ ਨਿਸ਼ਾਨਦੇਹੀ ਕਰਨ ਲਈ ਮਜਬੂਰ ਹੋ ਜਾਵੇ ਤਾਂ ਮੁਆਫੀ ਲਈ ਅਰਜ ਕੌਣ ਕਰੇਗਾ! ਤੇਰੇ ਛਿੰਦੇ ਪੁੱਤ ਦੀ ਜ਼ਿੰਦਗੀ ਇਨ੍ਹਾਂ ਬਰਫੀਲੇ ਮੌਸਮਾਂ ਦੀ ਭੇਟਾ ਚੜ੍ਹ ਗਈ ਏ। ਪਰ ਜੀਵਨ-ਮੁੱਲਾਂ ਦਾ ਖੁਰਾ ਖੋਜ ਕਿਤੋਂ ਨਹੀਂ ਥਿਆਇਆ। ਸੁੱਖ ਅਤੇ ਧਨ ਦੀ ਲਾਲਸਾ ‘ਚ ਹੋਇਆ ਸੀ, ਤੇਰਾ ਪੁੱਤ ਪਰਦੇਸੀ, ਤੇ ਇਨ੍ਹਾਂ ਸੁੱਖਾਂ ਦੀ ਤਲਬ ਨੇ ਉਸ ਨੂੰ ਆਪਣੇ ਆਪ ਕੋਲੋਂ ਹੀ ਪਰਦੇਸੀ ਕਰ ਦਿੱਤਾ ਏ। ਹੁਣ ਤੂੰ ਹੀ ਦੱਸ ਕਿਹੜਾ ਏ ਉਸ ਦਾ ਦੇਸ਼ ਅਤੇ ਕੀ ਏ ਉਸ ਦਾ ਪਰਦੇਸ? ਕੀ ਏ ਗਰਾਂ ਅਤੇ ਕੀ ਏ ਨਾਂ? ਉਸ ਨੂੰ ਤਾਂ ਖੁਦ ਨੂੰ ਹੀ ਨਹੀਂ ਪਤਾ ਕਿਉਂਕਿ ਗਵਾਚੇ ਲੋਕ ਆਪਣੇ ਸਿਰਨਂਵੇਂ ਵੀ ਗਵਾ ਬਹਿੰਦੇ ਨੇ।
ਮਾਂ! ਇਸ ਨਾਲਾਇਕ ਪੁੱਤ ਨੂੰ ‘ਕੇਰਾਂ ਮੁਆਫ ਕਰ ਦਈਂ। ਸ਼ਾਇਦ ਮੈਂ ਤੇਰੀ ਚਰਨ-ਛੋਹ ਨੂੰ ਤਰਸਦਾ ਤਰਸਦਾ, ਮੌਤ ਲਈ ਤਰਸ ਦਾ ਪਾਤਰ ਹੀ ਬਣ ਜਾਵਾਂ। ਜੇ ਤੂੰ ਮੁਆਫ ਨਾ ਕੀਤਾ ਤਾਂ ਰੱਬ ਕਿਵੇਂ ਮੁਆਫ ਕਰੇਗਾ?
ਮਾਂ! ਪਤਾ ਨਹੀਂ ਤੇਰੀ ਕਿਹੜੀ ਦੁਆ ਲੱਗੀ ਕਿ ਮੈਂ ਪਰਦੇਸੀ ਹੋ ਗਿਆ। ਵਾਸਤਾ ਈ! ਰੱਬ ਕੋਲੋਂ ਆਪਣੀ ਦੁਆ ਵਾਪਸ ਲੈ ਲੈ ਤਾਂ ਕਿ ਮੈਂ ਤੇਰੇ ਕੋਲ ਆ ਕੇ ਤੇਰੀਆਂ ਝੁਰੜੀਆਂ ਭਰੇ ਹੱਥਾਂ ਦੀ ਕੋਮਲਤਾ ਨੂੰ ਮਾਣ ਸਕਾਂ ਅਤੇ ਅਸੀਸਾਂ ਨਾਲ ਆਪਣਾ ਉਦਾਰ ਕਰ ਸਕਾਂ।
ਮਾਂ! ਤੈਨੂੰ ਦੱਸਾਂ, ਇਸ ਮੁਲਕ ਵਿਚ ਹਰ ਕੋਈ ਆਪਣੀ ਮਾਂ ਤੋਂ ਸ਼ਰਮਸ਼ਾਰ ਨਹੀਂ ਹੋਣਾ ਚਾਹੁੰਦਾ ਕਿਉਂਕਿ ਉਨ੍ਹਾਂ ਲਈ ਮਾਂਵਾਂ ਪੁਰਾਣੀ ਪੀੜ੍ਹੀ ਦਾ ਪਰਛਾਂਵਾਂ ਹਨ ਅਤੇ ਕੌਣ ਇਨ੍ਹਾਂ ਪਰਛਾਂਵਿਆਂ ਦੀ ਪ੍ਰਵਾਹ ਕਰਦੇ ਨੇ। ਹਰ ਕੋਈ ਚਾਨਣ ਦੀ ਕਾਤਰ ਪਕੜਨ ਦੀ ਕੋਸ਼ਿਸ਼ ਵਿਚ ਏ, ਭਾਵੇਂ ਉਹ ਟੁੱਟਦੇ ਤਾਰੇ ਦੀ ਛਿਣ-ਭੰਗਰੀ ਲਕੀਰ ਹੀ ਕਿਉਂ ਨਾ ਹੋਵੇ।
ਮਾਂ! ਵੈਸੇ ਮੇਰਾ ਜੀਅ ਕਰਦਾ ਏ ਕਿ ਜੇ ਮੈਂ ਨਾ ਆ ਸਕਿਆ ਤਾਂ ਤੈਨੂੰ ਹੀ ਇਥੇ ਬੁਲਾ ਲਵਾਂ, ਪਰ ਡਰਦਾ ਹਾਂ ਕਿ ਇਸ ਮਾਹੌਲ ਵਿਚ ਤੇਰੇ ਲਈ ਸਾਹਾਂ ਦੀ ਗਿਣਤੀ ਦਾ ਕੋਟਾ ਨਿਰਧਾਰਤ ਹੋ ਜਾਣਾ ਏ ਅਤੇ ਫਿਰ ਇਸ ਫਿਜ਼ਾ ਵਿਚ ਤੇਰਾ ਦਮ ਘੁੱਟਣ ਲੱਗ ਪੈਣਾ ਏ। ਮੈਂ ਨਹੀਂ ਚਾਹੁੰਦਾ ਕਿ ਕੋਈ ਪੁੱਤ ਆਪਣੀ ਮਾਂ ਦੀ ਅੰਤਿਮ ਅਰਦਾਸ ਬਣੇ। ਮੁਆਫ ਕਰੀਂ। ਮਾਂਵਾਂ ਪੁੱਤਰਾਂ ਬਾਰੇ ਪੁੱਤਰਾਂ ਨਾਲੋਂ ਵੱਧ ਜਾਣਦੀਆਂ ਹੁੰਦੀਆਂ ਹਨ।
ਮਾਂ! ਇਸ ਬੇਵਕਤੀ ਸਾਹਾਂ ਦੀ ਕਬਰ ਉਸਾਰਦਾ ਉਸਾਰਦਾ, ਮੈਂ ਕਬਰਾਂ ਵਿਚ ਚਿਣਿਆ ਜਾ ਰਿਹਾ ਹਾਂ ਅਤੇ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਦੇਖ ਮਾਂ ਇਕ ਧਾਹ ਬਣ ਜਾਵੇ। ਇਸੇ ਲਈ ਤਾਂ ਕਹਿੰਦੇ ਨੇ, ਕਈ ਵਾਰ ਦੂਰੀਆਂ ਵਰਦਾਨ ਬਣ ਜਾਂਦੀਆਂ ਨੇ।
ਮੇਰੇ ਹਉਕਿਆਂ ਦੀ ਤਲੀ ‘ਤੇ ਇਕ ਹਾਸਾ ਧਰਨ ਵਾਲੀਏ ਮਾਏ! ਇਨ੍ਹਾਂ ਸਮਿਆਂ ਦੀ ਕੇਹੀ ਹੋਣੀ ਹੰਢਾਉਣ ਲਈ ਮਜਬੂਰ ਹਾਂ ਕਿ ਮਾਂਵਾਂ ਪੁੱਤਰ ਦੇ ਪਰਦੇਸ ਜਾਣ ਲਈ ਸੁੱਖਣਾਂ ਸੁੱਖਦੀਆਂ ਨੇ। ਇਹ ਜਾਣਦਿਆਂ ਕਿ ਘਰੋਂ ਬਾਹਰ ਨੂੰ ਜਾਂਦੀਆਂ ਪੈੜਾਂ, ਬਹੁਤ ਘੱਟ ਵਾਰ ਘਰਾਂ ਨੂੰ ਵਾਪਸ ਪਰਤਦੀਆਂ ਨੇ। ਬਹੁਤੀਆਂ ਪੈੜਾਂ ਨੂੰ ਤਾਂ ਰਾਹ ਹੀ ਹਜ਼ਮ ਕਰ ਜਾਂਦੇ ਨੇ।
ਮਾਂ! ਇਨ੍ਹਾਂ ਮਾਂਵਾਂ ਨੂੰ ਕਹਿ, ਪੁੱਤਰਾਂ ਦੇ ਸਿਰ ਤੋਂ ਪਾਣੀ ਵਾਰ ਕੇ ਪੀਣ ਦੀ ਥਾਂ ਇਨ੍ਹਾਂ ਨੂੰ ਖਾਰੇ ਪਾਣੀਆਂ ਦੀ ਉਮਰ ਭਰ ਦੀ ਸਜ਼ਾ ਨਾ ਸੁਣਾਉਣ। ‘ਕੇਰਾਂ ਕੀਤੀਆਂ ਦੁਆਵਾਂ ਮਾਂਵਾਂ ਫਿਰ ਵਾਪਸ ਨਹੀਂ ਲੈ ਸਕਣਗੀਆਂ।
ਮਾਂ! ਕਿਤੇ ਦਰਦ ਨਾ ਬਣ ਜਾਵੀਂ। ਬੜਾ ਔਖਾ ਹੁੰਦਾ ਹੈ, ਗਮ ਸਹਿਣਾ, ਆਪਣੇ ਅੰਦਰ ‘ਚ ਉਤਰ ਕੇ ਬਹਿਣਾ, ਕੁਝ ਨਾ ਸੁਣਨਾ ਅਤੇ ਨਾ ਕੁਝ ਕਹਿਣਾ। ਬਸ ਜੀਣਾ ਹੀ ਪੈਣਾ।
ਮਾਂ! ਜੀਅ ਤਾਂ ਬਹੁਤ ਕਰਦਾ ਏ, ਅੱਜ ਦਿਲ ਦਾ ਸਾਰਾ ਭਾਰ ਕਾਗਜ਼ ‘ਤੇ ਉਤਾਰ ਕੁਝ ਤਾਂ ਹੌਲਾ ਹੋ ਜਾਵਾਂ। ਪਰ ਕੀ ਕਰਾਂ! ਰਾਤ ਦੇ ਦੋ ਵੱਜ ਗਏ ਨੇ ਅਤੇ ਪੰਜ ਵਜੇ ਦੇ ਅਲਾਰਮ ਦਾ ਹਥੌੜਾ ਹੁਣ ਤੋਂ ਵੱਜਣਾ ਸ਼ੁਰੂ ਹੋ ਗਿਆ ਏ।
ਅੱਛਾ ਮਾਂ! ਇਨ੍ਹਾਂ ਹਰਫਾਂ ‘ਚੋਂ ਹੀ ਆਪਣੇ ਪੁੱਤ ਦੇ ਗਵਾਚੇ ਨਕਸ਼ ਲੱਭਣ ਦੀ ਕੋਸ਼ਿਸ਼ ਕਰੀਂ ਪਰ ਸ਼ਾਇਦ ਤੈਨੂੰ ਉਹ ਵੀ ਅੱਖਾਂ ਦੇ ਧੁੰਧਲਕੇ ਵਿਚੋਂ ਨਜ਼ਰ ਨਹੀਂ ਆਉਣੇ।
ਤੇਰੀ ਡੰਗੋਰੀ ਦੀ ਮੁਥਾਜੀ
ਤੇਰਾ ਪਰਦੇਸੀ ਪੁੱਤ…।