ਸਬਦੁ ਸੁਰਤਿ ਲਿਵ ਅਲਖੁ ਲਖਾਏ

ਡਾ. ਗੁਰਨਾਮ ਕੌਰ ਕੈਨੇਡਾ
ਭਾਈ ਗੁਰਦਾਸ ਪੰਜਵੀਂ ਵਾਰ ਦੀ ਪੰਜਵੀਂ ਪਉੜੀ ‘ਸਬਦੁ ਸੁਰਤਿ ਲਿਵ ਅਲਖੁ ਲਖਾਏ’ ਵਿਚ ਗੁਰਮੁਖਾਂ ਦਾ ਸ੍ਰਿਸ਼ਟੀ ਦੇ ਬਾਕੀ ਲੋਕਾਂ ਨਾਲੋਂ ਫਰਕ ਦੱਸਦੇ ਹਨ (ਇਹ ਫਰਕ ਉਨ੍ਹਾਂ ਦੇ ਦੁਨੀਆਂ ਪ੍ਰਤੀ ਰਵੱਈਏ ਅਤੇ ਨਜ਼ਰੀਏ ਸਦਕਾ ਹੈ)| ਇਸ ਪਉੜੀ ਵਿਚ ਉਨ੍ਹਾਂ ਨੇ ਗਿਆਨ ਜਾਂ ਵਿੱਦਿਆ ਨਾਲ ਜੁੜੇ ਵੱਖ ਵੱਖ ਕਿੱਤਿਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਕਈ ਆਪਣੇ ਆਪ ਨੂੰ ਪੰਡਿਤ ਅਰਥਾਤ ਸ਼ਾਸਤਰਾਂ ਦੇ ਗਿਆਤਾ ਅਖਵਾਉਂਦੇ ਹਨ, ਕਈ ਹੋਰ ਜੋਤਿਸ਼ੀ ਹਨ (ਜੋ ਭਵਿੱਖ ਦੱਸਦੇ ਹਨ), ਕਈ ਪਾਧੇ ਅਖਵਾਉਂਦੇ ਹਨ (ਜੋ ਪੂਜਾ ਵਿਧੀਆਂ ਕਰਦੇ ਹਨ)

ਅਤੇ ਕਈ ਵੈਦ ਅਖਵਾਉਂਦੇ ਹਨ (ਜੋ ਦਵਾਈਆਂ ਨਾਲ ਇਲਾਜ ਕਰਦੇ ਹਨ)| ਕਈ ਆਪਣੇ ਆਪ ਨੂੰ ਰਾਜੇ ਅਖਵਾਉਂਦੇ ਹਨ, ਕੋਈ ਸਾਮੰਤ ਹਨ ਤੇ ਕਈ ਆਪਣੇ ਆਪ ਨੂੰ ਮੁਖੀਏ ਤੇ ਚੌਧਰੀ ਅਖਵਾਉਂਦੇ ਹਨ| ਕਈ ਕੱਪੜਾ ਵੇਚਦੇ ਹਨ ਤੇ ਬਜਾਜ ਅਖਵਾਉਂਦੇ ਹਨ ਅਤੇ ਕਈ ਗਹਿਣਿਆਂ ਦਾ ਕੰਮ ਕਰਦੇ ਹਨ ਤੇ ਸਰਾਫ ਅਖਵਾਉਂਦੇ ਹਨ। ਹੀਰਿਆਂ ਦਾ ਵਣਜ ਕਰਨ ਵਾਲੇ ਜੌਹਰੀ ਅਖਵਾਉਂਦੇ ਹਨ ਅਤੇ ਪ੍ਰਚੂਨ ਦਾ ਸੌਦਾ ਵੇਚਣ ਵਾਲੇ ਪੰਸਾਰੀ ਅਖਵਾਉਂਦੇ ਹਨ| ਜਿਹੜੇ ਦਲਾਲੀ ਲੈ ਕੇ ਕੰਮ ਕਰਦੇ ਹਨ, ਉਹ ਦਲਾਲ ਕਹੇ ਜਾਂਦੇ ਹਨ| ਛੋਟੀਆਂ ਜਾਤਾਂ ਵਿਚੋਂ ਕਹੇ ਜਾਣ ਵਾਲੇ ਲੋਕ ਲੱਖਾਂ ਦੀ ਗਿਣਤੀ ਵਿਚ ਹਨ, ਜਿਨ੍ਹਾਂ ਦਾ ਨਾਂ ਉਨ੍ਹਾਂ ਦੇ ਕੰਮਾਂ ਅਨੁਸਾਰ ਲਿਆ ਜਾਂਦਾ ਹੈ। ਇਹ ਸਾਰੇ ਦੁਨਿਆਵੀ ਨਾਮ ਤੇ ਅਹੁਦੇ ਹਨ ਅਤੇ ਦੁਨਿਆਵੀ ਕਾਰਜਾਂ ਨਾਲ ਜੁੜੇ ਹੋਏ ਹਨ।
ਗੁਰੂ ਦਾ ਸਿੱਖ ਸਤਿਸੰਗਤਿ ਵਿਚ ਜਾ ਕੇ ਸੰਸਾਰਕ ਖੁਸ਼ੀਆਂ ਮਾਣਦਿਆਂ ਵੀ ਸੰਸਾਰ ਤੋਂ ਨਿਰਲੇਪ ਰਹਿੰਦਾ ਹੈ ਅਤੇ ਆਪਣੀ ਸੁਰਤਿ ਸ਼ਬਦ ਵਿਚ ਜੋੜ ਕੇ ਉਸ ਅਕਾਲ ਪੁਰਖ ਦੇ ਦਰਸ਼ਨ ਕਰਦਾ ਹੈ| ਇਸ ਦਾ ਇਹ ਅਰਥ ਵੀ ਬਣਦਾ ਹੈ ਕਿ ਗੁਰਸਿੱਖ ਹਰ ਤਰ੍ਹਾਂ ਦੇ ਦੁਨਿਆਵੀ ਭੇਦ-ਭਾਵ ਤੋਂ ਉਤੇ ਉਠ ਜਾਂਦਾ ਹੈ:
ਕੋਈ ਪੰਡਿਤੁ ਜੋਤਿਕੀ
ਕੋ ਪਾਧਾ ਕੋ ਵੈਦੁ ਸਦਾਏ|
ਕੋਈ ਰਾਜਾ ਰਾਉ ਕੋ
ਕੋ ਮਹਤਾ ਚਉਧਰੀ ਅਖਾਏ|
ਕੋਈ ਬਜਾਜੁ ਸਰਾਫੁ ਕੋ
ਕੋ ਜਉਹਰੀ ਜੜਾਉ ਜੜਾਏ|
ਪਾਸਾਰੀ ਪਰਚੂਨੀਆ
ਕੋਈ ਦਲਾਲੀ ਕਿਰਸਿ ਕਮਾਏ|
ਜਾਤਿ ਸਨਾਤ ਸਹੰਸ ਲਖ
ਕਿਰਤਿ ਵਿਰਤਿ ਕਰਿ ਨਾਉ ਗਣਾਏ|
ਸਾਧ ਸੰਗਤਿ ਗੁਰਸਿਖਿ ਮਿਲਿ
ਆਸਾ ਵਿਚਿ ਨਿਰਾਸੁ ਵਲਾਏ|
ਸਬਦੁ ਸੁਰਤਿ ਲਿਵ ਅਲਖੁ ਲਖਾਏ॥5॥
ਇਹ ਸਾਰਾ ਵੇਰਵਾ ਦੇਣ ਤੋਂ ਭਾਈ ਗੁਰਦਾਸ ਦੀ ਮੁਰਾਦ ਇਹ ਹੈ ਕਿ ਆਮ ਸੰਸਾਰ ਸੰਸਾਰਕ ਧੰਦੇ ਕਰਦਾ ਉਨ੍ਹਾਂ ਵਿਚ ਮਸ਼ਰੂਫ ਰਹਿੰਦਾ ਹੈ ਪਰ ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਵਾਲਾ ਗੁਰਸਿੱਖ ਦੁਨਿਆਵੀ ਕਾਰਜ ਕਰਦਿਆਂ ਵੀ ਸੰਸਾਰ ਵਿਚ ਨਿਰਲੇਪ ਹੋ ਕੇ ਵਿਚਰਦਾ ਹੈ|
ਅਗਲੀ ਪਉੜੀ ਵਿਚ ਗੁਰਮੁਖਾਂ ਪ੍ਰਤੀ ਇਸ ਵਿਚਾਰ ਨੂੰ ਕਾਇਮ ਰੱਖਦਿਆਂ ਭਾਈ ਗੁਰਦਾਸ ਨੇ ਧਾਰਮਿਕ ਤੇ ਅਧਿਆਤਮਕ ਕਾਰਜ ਕਰਨ ਵਾਲੇ ਅਤੇ ਆਪਣੇ ਆਪ ਨੂੰ ਧਾਰਮਿਕ ਤੇ ਅਧਿਆਤਮਕ ਕਹਾਉਣ ਵਾਲੇ ਮਨੁੱਖਾਂ ਨਾਲ ਗੁਰਮੁਖਾਂ ਦੀ ਤੁਲਨਾ ਕੀਤੀ ਹੈ| ਭਾਈ ਗੁਰਦਾਸ ਦੱਸਦੇ ਹਨ ਕਿ ਬਹੁਤ ਸਾਰੇ ਮਨੁੱਖ ਅਜਿਹੇ ਹਨ ਜੋ ਬ੍ਰਹਮਚਾਰੀ ਹਨ, ਜਤ ਕਾਇਮ ਰੱਖਦੇ ਹਨ ਅਤੇ ਆਪਣੇ ਆਪ ਨੂੰ ਜਤੀ ਅਖਵਾਉਂਦੇ ਹਨ। ਕਈ ਅਜਿਹੇ ਹਨ ਜੋ ਸਤਿ ਦੀ ਪਾਲਣਾ ਕਰਦੇ ਹਨ ਅਤੇ ਸਤੀ ਅਖਵਾਉਂਦੇ ਹਨ| ਇਸ ਦੇ ਨਾਲ ਹੀ ਚਿਰਾਂ ਤੱਕ ਜਿਉਂਦੇ ਰਹਿਣ ਵਾਲੇ ਅਤੇ ਆਪਣੇ ਆਪ ਨੂੰ ਅਮਰ ਅਖਵਾਉਣ ਵਾਲੇ ਹਨ| ਸਾਧਨਾ ਕਰਨ ਵਾਲੇ, ਰਿਧੀਆਂ-ਸਿਧੀਆਂ ਪ੍ਰਾਪਤ ਕਰਨ ਵਾਲੇ, ਨਾਥ (ਸਿੱਧਾਂ ਦੀ ਇੱਕ ਪਰੰਪਰਾ), ਅਚਾਰੀਆ ਅਤੇ ਉਨ੍ਹਾਂ ਦੇ ਚੇਲੇ ਹੁੰਦੇ ਹਨ| ਬਹੁਤ ਸਾਰੇ ਦੇਵੀ-ਦੇਵਤੇ, ਰਿਸ਼ੀ-ਮੁਨੀ, ਭੂਤ-ਪ੍ਰੇਤ, ਸਵਰਗ ਦੇ ਰਾਗੀ ਅਤੇ ਆਪਣੇ ਖੇਤਰਾਂ ਦੀ ਰਾਖੀ ਕਰਨ ਵਾਲੇ ਖੇਤਰਪਾਲ ਤੇ ਅਨੰਦ ਮਨਾਉਣ ਵਾਲੇ ਹਨ| ਬਹੁਤ ਸਾਰੇ ਗਣ, ਗੰਧਰਵ, ਸਵਰਗਾਂ ਦੀਆਂ ਪਰੀਆਂ, ਕਿੰਨਰ, ਬਹੁਤ ਕਿਸਮ ਦੇ ਨਾਟਕ-ਚੇਟਕ ਕਰਨ ਵਾਲੇ, ਕਰਤੱਵ ਕਰਕੇ ਦਿਖਾਉਣ ਵਾਲੇ ਹਨ| ਰਾਖਸ਼ ਬੁੱਧੀ ਦੇ ਮਾਲਕ, ਦਾਨਵ, ਦੈਂਤ ਵੀ ਲੱਖਾਂ ਹਨ, ਜਿਨ੍ਹਾਂ ਅੰਦਰ ਦਵੈਤ-ਭਾਵ ਹੈ, ਜਿਸ ਕਰਕੇ ਉਹ ਦੁਖੀ ਵੀ ਹੁੰਦੇ ਹਨ| ਇਹ ਸਾਰੇ, ਜੋ ਆਪਣੇ ਆਪ ਨੂੰ ਕੁਝ ਨਾ ਕੁਝ ਅਖਵਾਉਂਦੇ ਹਨ, ਹਉਮੈ ਵਿਚ ਗ੍ਰੱਸੇ ਹੋਏ ਹਨ, ਅਹੰਕਾਰ ਦੇ ਮਾਰੇ ਹੋਏ ਹਨ|
ਭਾਈ ਗੁਰਦਾਸ ਦੱਸਦੇ ਹਨ ਕਿ ਇਨ੍ਹਾਂ ਦੇ ਬਿਲਕੁਲ ਉਲਟ ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਵਾਲੇ ਗੁਰਮੁਖਿ ਹਨ ਜੋ ਸਾਧ ਸੰਗਤਿ ਵਿਚ ਜਾ ਕੇ ਖੁਸ਼ੀ ਮਹਿਸੂਸ ਕਰਦੇ ਹਨ| ਉਹ ਆਪਣੀ ਸੁਰਤਿ ਉਸ ਇੱਕ ਅਕਾਲ ਪੁਰਖ ਵਿਚ ਜੋੜ ਕੇ ਉਸ ਦੀ ਅਰਾਧਨਾ ਕਰਦੇ ਹਨ ਅਤੇ ਗੁਰੂ ਦੀ ਮਤਿ ਗ੍ਰਹਿਣ ਕਰਕੇ ਆਪਣੇ ਅੰਦਰੋਂ ਹਉਮੈ ਦੀ ਭਾਵਨਾ ਦੂਰ ਕਰਕੇ ਸੁਖੀ ਹੁੰਦੇ ਹਨ|
ਭਾਈ ਗੁਰਦਾਸ ਇਸ ਤੋਂ ਅੱਗੇ ਵਿਆਹ ਵਾਲੀ ਕੁੜੀ ਦੇ ਦ੍ਰਿਸ਼ਟਾਂਤ ਰਾਹੀਂ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਵਿਆਹ ਕਰਕੇ ਸਹੁਰੇ ਘਰ ਜਾਣ ਵਾਲੀ ਲੜਕੀ ਵਿਆਹ ਤੋਂ ਪਹਿਲਾਂ ਤੇਲ ਚੜ੍ਹਾਉਣ ਦੀ ਰਸਮ ਤੋਂ ਬਾਅਦ ਸਹੁਰੇ ਘਰ ਜਾਣ ਲਈ ਆਪਣੇ ਮਨ ਨੂੰ ਤਿਆਰ ਕਰਦੀ ਹੈ, ਇਸੇ ਤਰ੍ਹਾਂ ਗੁਰਮੁਖਿ ਗੁਰੂ ਤੋਂ ਗਿਆਨ ਲੈ ਕੇ, ਗੁਰੂ ਦੀ ਮਤਿ ਗ੍ਰਹਿਣ ਕਰਕੇ ਅਗਲੇ ਘਰ ਜਾਣ ਲਈ ਮਨੋਂ ਤਿਆਰ ਹੋ ਜਾਂਦੇ ਹਨ:
ਜਤੀ ਸਤੀ ਚਿਰੁ ਜੀਵਣੇ
ਸਾਧਿਕ ਸਿਧ ਨਾਥ ਗੁਰ ਚੇਲੇ|
ਦੇਵੀ ਦੇਵ ਰਿਖੀਸੁਰਾ ਭੈਰਉ
ਖੇਤ੍ਰਪਾਲ ਬਹੁ ਮੇਲੇ|
ਗਣ ਗੰਧਰਬ ਅਪਛਰਾ ਕਿੰਨਰ
ਜਛ ਚਲਿਤ ਬਹੁ ਖੇਲੇ|
ਰਾਖਸ ਦਾਨੋਂ ਦੈਤ ਲਖ
ਅੰਦਰਿ ਦੂਜਾ ਭਾਉ ਦੁਹੇਲੇ|
ਹਉਮੈ ਅੰਦਰਿ ਸਭ ਕੋ
ਗੁਰਮੁਖਿ ਸਾਧ ਸੰਗਤਿ ਰਸ ਕੇਲੇ|
ਇਕ ਮਨ ਇਕੁ ਅਰਾਧਣਾ
ਗੁਰਮਤਿ ਆਪੁ ਗਵਾਇ ਸੁਹੇਲੇ|
ਚਲਣੁ ਜਾਣਿ ਪਏ ਸਿਰਿ ਤੇਲੇ॥6॥
ਅਗਲੀ ਪਉੜੀ ਵਿਚ ਭਾਈ ਗੁਰਦਾਸ ਨੇ ਗੁਰੂ ਦੇ ਸ਼ਬਦ ਦੀ ਮਹੱਤਤਾ ਅਤੇ ਸੰਸਾਰਕ ਝਮੇਲਿਆਂ ਦੀ ਗੱਲ ਕੀਤੀ ਹੈ| ਭਾਈ ਗੁਰਦਾਸ ਬਿਆਨ ਕਰਦੇ ਹਨ ਕਿ ਜਤ, ਸਤ, ਸੰਜਮ ਆਦਿ ਜਿਨ੍ਹਾਂ ਨੂੰ ਧਾਰਨ ਕਰਨਾ ਚੰਗਾ ਸਮਝਿਆ ਜਾਂਦਾ ਹੈ ਜਾਂ ਜੋ ਧਾਰਮਿਕਤਾ ਅਤੇ ਅਧਿਆਤਮਕਤਾ ਨਾਲ ਜੁੜੇ ਹਨ, ਇਸੇ ਤਰ੍ਹਾਂ ਧਾਰਮਿਕ ਕਹੇ ਜਾਣ ਵਾਲੇ ਕਰਮ ਜਿਵੇਂ ਹੋਮ ਦੇਣਾ, ਜੱਗ ਕਰਨੇ, ਜਪੁ ਕਰਨਾ, ਤਪੱਸਿਆ ਕਰਨੀ, ਤੀਰਥਾਂ ਆਦਿ ‘ਤੇ ਜਾ ਕੇ ਦਾਨ-ਪੁੰਨ ਕਰਨਾ-ਇਨ੍ਹਾਂ ਸਾਰੇ ਕਾਰਜਾਂ ਵਿਚ ਬਹੁਤ ਸਾਰਾ ਪਖੰਡ ਅਤੇ ਦਿਖਾਵਾ ਸ਼ਾਮਲ ਹੋ ਗਿਆ ਹੈ| ਇਸੇ ਤਰ੍ਹਾਂ ਰਿਧੀਆਂ-ਸਿਧੀਆਂ ਅਤੇ ਨੌ-ਨਿਧੀਆਂ ਦੀ ਪ੍ਰਾਪਤੀ, ਤੰਤਰ-ਮੰਤਰ ਕਰਨੇ ਅਤੇ ਪੜ੍ਹਨੇ ਇਹ ਸਭ ਨਾਟਕ-ਚੇਟਕ ਹਨ, ਪਖੰਡ ਅਤੇ ਦਿਖਾਵਾ ਹੈ| (ਅਜਿਹੇ ਕਰਮ-ਕਾਂਡਾਂ ਨੂੰ ਗੁਰਮਤਿ ਵਿਚ ਅਕਾਲ ਪੁਰਖ ਦੇ ਹੁਕਮ ਦੇ ਉਲਟ ਮੰਨਿਆ ਗਿਆ ਹੈ।)
ਇਸੇ ਤਰ੍ਹਾਂ ਬਵੰਜਾ ਵੀਰਾਂ ਨੂੰ ਅਰਾਧਣਾ, ਜੋਗਣਾਂ (ਜੋ ਮੜ੍ਹੀਆਂ ਵਰਗੀਆਂ ਉਜਾੜ ਥਾਂਵਾਂ ‘ਤੇ ਨਿਵਾਸ ਕਰਦੀਆਂ ਹਨ), ਮੜ੍ਹੀਆਂ-ਮਸਾਣਾਂ ਆਦਿ ਨੂੰ ਜਗਾਉਣ ਦੇ ਬਹੁਤ ਸਾਰੇ ਅਜੀਬ ਕਿਸਮ ਦੇ ਪਖੰਡ ਕੀਤੇ ਜਾਂਦੇ ਹਨ| ਜੋਗੀ ਕਈ ਕਿਸਮ ਦੇ ਆਸਣ ਵਗੈਰਾ ਜਿਵੇਂ ਪੂਰਕ, ਕੁੰਭਕ, ਰੇਚਕ (ਪ੍ਰਣਾਯਾਮ) ਆਦਿ ਕਰਦੇ ਹਨ ਅਤੇ ਕੁੰਡਲਨੀ ਜਗਾਉਣ ਦੇ ਗੇੜ ਵਿਚ ਪਏ ਰਹਿੰਦੇ ਹਨ| ਸਿੱਧ ਆਪਣੇ ਆਸਣਾਂ ਵਿਚ ਹੀ ਰੁੱਝੇ ਰਹਿੰਦੇ ਹਨ, ਹਠ-ਜੋਗ ਨਾਲ ਆਪਣੀਆਂ ਇੰਦਰੀਆਂ ਨੂੰ ਸੰਜਮ ਵਿਚ ਰੱਖਣ ਦੇ ਲੱਖਾਂ ਕੌਤਕ ਕਰਨ ਵਿਚ ਲੱਗੇ ਦਿਖਾਈ ਦਿੰਦੇ ਹਨ| ਕਈ ਅਜਿਹੇ ਹਨ ਜੋ ਪਾਰਸ, ਮਣੀ, ਰਸਾਇਣਾਂ ਅਤੇ ਕਰਾਮਾਤਾਂ ਦੀ ਕਾਲਖ ਵਿਚ ਰੁੱਝੇ ਹਨੇਰਾ ਢੋਂਦੇ ਹਨ| ਇਸੇ ਤਰ੍ਹਾਂ ਠਾਕਰ (ਪੱਥਰਾਂ) ਦੀ ਪੂਜਾ ਕਰਦੇ ਹਨ, ਵਰਤ ਰੱਖਦੇ/ਖੋਲ੍ਹਦੇ ਹਨ ਅਤੇ ਵਰ ਜਾਂ ਸਰਾਪ ਲਈ ਸ਼ਿਵਜੀ ਤੇ ਸ਼ਕਤੀ ਦੀ ਪੂਜਾ/ਸੇਵਾ ਕਰਦੇ ਹਨ|
ਭਾਈ ਗੁਰਦਾਸ ਮਨੁੱਖ ਨੂੰ ਆਗਾਹ ਕਰਦੇ ਹਨ ਕਿ ਸਾਧ ਸੰਗਤਿ ਵਿਚ ਜਾ ਕੇ ਗੁਰੂ ਦੇ ਸ਼ਬਦ ਦੇ ਲੜ ਲੱਗਣ ਤੋਂ ਬਗੈਰ ਇਸ ਸੰਸਾਰ ਰੂਪੀ ਭਵਸਾਗਰ ਨੂੰ ਪਾਰ ਨਹੀਂ ਕਰ ਸਕੀਦਾ, ਆਪਣਾ ਅਸਲੀ ਟਿਕਾਣਾ ਪ੍ਰਾਪਤ ਨਹੀਂ ਹੁੰਦਾ| ਉਹ ਨਤੀਜਾ ਕੱਢਦੇ ਹਨ ਕਿ ਇੱਕ ਝੂਠ ਨੂੰ ਸਿਰੇ ਚੜ੍ਹਾਉਣ ਲਈ ਸੌ ਫੇਰਿਆਂ ਵਾਲੀਆਂ ਗੰਢਾਂ ਲੈਣੀਆਂ ਪੈਂਦੀਆਂ ਹਨ:
ਜਤ ਸਤ ਸੰਜਮ ਹੋਮ ਜਗ
ਜਪੁ ਤਪੁ ਦਾਨ ਪੁੰਨ ਬਹੁਤੇਰੇ|
ਰਿਧਿ ਸਿਧਿ ਨਿਧਿ ਪਾਖੰਡ ਬਹੁ
ਤੰਤ੍ਰ ਮੰਤ੍ਰ ਨਾਟਕ ਅਗਲੇਰੇ|
ਵੀਰਾਰਾਧਣ ਜੋਗਣੀ
ਮੜ੍ਹੀ ਮਸਾਣ ਵਿਡਾਣ ਘਨੇਰੇ|
ਪੂਰਕ ਕੁੰਭਕ ਰੇਚਕਾ
ਨਿਵਲੀ ਕਰਮ ਭੁਇਅੰਗਮ ਘੇਰੇ|
ਸਿਧਾਸਣ ਪਰਚੇ ਘਣੇ ਹਠ
ਨਿਗ੍ਰਹ ਕਉਤਕ ਲਖ ਹੇਰੇ|
ਪਾਰਸ ਮਣੀ ਰਸਾਇਣਾ
ਕਰਾਮਾਤ ਕਾਲਖ ਆਨ੍ਹੇਰੇ|
ਪੂਜਾ ਵਰਤ ਉਪਾਰਣੇ
ਵਰ ਸਰਾਪ ਸਿਵ ਸਕਤਿ ਲਵੇਰੇ|
ਸਾਧ ਸੰਗਤਿ ਗੁਰ ਸਬਦ ਵਿਣੁ
ਥਾਉ ਨ ਪਾਇਨਿ ਭਲੇ ਭਲੇਰੇ|
ਕੂੜ ਇਕ ਗੰਢੀ ਸਉ ਫੇਰੇ॥7॥
ਅਗਲੀ ਪਉੜੀ ਵਿਚ ਵਹਿਮੀ ਕਿਸਮ ਦੇ ਲੋਕਾਂ ਦੀ ਗੱਲ ਕੀਤੀ ਗਈ ਹੈ ਜੋ ਜੋਤਸ਼ੀਆਂ ਤੋਂ ਪੁੱਛ-ਪੁਛਾ ਕੇ, ਸ਼ਗਨ/ਬਦਸ਼ਗਨ ਵਿਚਾਰ ਕੇ ਚੱਲਦੇ ਹਨ| ਦੱਸਿਆ ਹੈ ਕਿ ਕਈ ਲੋਕ ਹਰ ਕਾਰਜ ਦਿਨ, ਮਹੀਨੇ, ਨੌਂ ਨਛੱਤਰਾਂ ਅਤੇ ਬਾਰ੍ਹਾਂ ਰਾਸ਼ੀਆਂ ਆਦਿ ਦਾ ਮੇਲ ਮਿਲਾ ਕੇ, ਇਨ੍ਹਾਂ ਬਾਰੇ ਪੁੱਛ-ਪੁਛਾ ਕੇ ਹੀ ਕਰਦੇ ਹਨ| ਕਈ ਇਸਤਰੀਆਂ ਅਜਿਹੀਆਂ ਹਨ ਜੋ ਟੂਣੇ-ਟਾਮਣ ਕਰਦੀਆਂ ਹਨ, ਕਈ ਤਰ੍ਹਾਂ ਦੇ ਵਹਿਮ ਜਿਵੇਂ ਔਸੀਆਂ ਪਾਉਣਾ, ਕਨਸੋਅ ਰੱਖਣ ਵਰਗੇ ਪਸਾਰੇ ਪਸਾਰਦੀਆਂ ਹਨ। ਕਈ ਅਜਿਹੇ ਹਨ ਜੋ ਖੋਤਿਆਂ, ਗਿੱਦੜਾਂ, ਬਿੱਲੀਆਂ ਆਦਿ ਜਾਨਵਰਾਂ, ਇੱਲਾਂ, ਮੈਨਾ ਅਤੇ ਵਾ-ਵਰੋਲਿਆਂ ਦੇ ਸ਼ਗਨਾਂ-ਬਦਸ਼ਗਨਾਂ ਨੂੰ ਵਿਚਾਰਦੇ ਹਨ (ਜਾਨਵਰਾਂ ਦੇ ਹੀਂਗਣ ਜਾਂ ਆਵਾਜ਼ ਕੱਢਣ ਦਾ ਵਹਿਮ ਕਰਨਾ ਜਿਵੇਂ ਜੇ ਗਈ ਰਾਤ ਕੁੱਤਾ ਰੋਣ ਵਰਗੀ ਲੰਬੀ ਆਵਾਜ਼ ਕੱਢੇ ਤਾਂ ਕਈ ਵਹਿਮ ਕਰਦੇ ਹਨ ਕਿ ਜਮਦੂਤ ਦੇਖ ਕੇ ਕੁੱਤਾ ਰੋ ਰਿਹਾ ਹੈ, ਇਸ ਲਈ ਕਿਸੇ ਦੀ ਮੌਤ ਹੋਣ ਵਾਲੀ ਹੈ, ਜੇ ਬਿੱਲੀ ਰਸਤਾ ਕੱਟ ਜਾਵੇ ਤਾਂ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਬਦਸ਼ਗਨੀ ਹੈ, ਵਗੈਰਾ ਵਗੈਰਾ)| ਕਈ ਇਸਤਰੀ ਜਾਂ ਪੁਰਸ਼ ਅਜਿਹੇ ਹਨ ਜੋ ਪਾਣੀ, ਅੱਗ, ਛਿੱਕ ਜਾਂ ਹਿਚਕੀ ਵਗੈਰਾ ਕੁਦਰਤੀ ਵਰਤਾਰੇ ਨੂੰ ਵਹਿਮ ਨਾਲ ਜੋੜ ਲੈਂਦੇ ਹਨ (ਜਿਵੇਂ ਜੇ ਕੋਈ ਕਿਸੇ ਖਾਸ ਕੰਮ ਵਾਸਤੇ ਤੁਰਨ ਲੱਗੇ ਅਤੇ ਅੱਗੋਂ ਕੋਈ ਛਿੱਕ ਮਾਰ ਦੇਵੇ, ਇਸ ਨੂੰ ਬਦਸ਼ਗਨੀ ਸਮਝਿਆ ਜਾਂਦਾ ਹੈ; ਹਿੱਚਕੀਆਂ ਲੱਗਣ ਤਾਂ ਮੰਨ ਲਿਆ ਜਾਂਦਾ ਹੈ ਕਿ ਕੋਈ ਯਾਦ ਕਰ ਰਿਹਾ ਹੈ, ਆਦਿ)|
ਇਸੇ ਤਰ੍ਹਾਂ ਥਿੱਤ, ਵਾਰ (ਦਿਨ) ਅਤੇ ਭਦ੍ਰ ਆਦਿ ਦਾ ਵਿਚਾਰ ਕੀਤਾ ਜਾਂਦਾ ਹੈ (ਜਿਵੇਂ ਵੀਰਵਾਰ ਨੂੰ ਕਿਸੇ ਪਾਸੇ ਲਈ ਵਾਟ ਨਹੀਂ ਤੁਰਨਾ, ਕੇਸੀ ਇਸ਼ਨਾਨ ਨਹੀਂ ਕਰਨਾ ਜਾਂ ਕੋਈ ਹੋਰ ਕਾਰਜ ਨਹੀਂ ਕਰਨਾ, ਆਦਿ), ਕਿਸੇ ਵਿਧਵਾ ਇਸਤਰੀ ਦਾ ਮਿਲ ਜਾਣਾ (ਆਮ ਵਹਿਮ ਕੀਤਾ ਜਾਂਦਾ ਹੈ ਕਿ ਕਿਸੇ ਸ਼ਗਨਾਂ ਵਾਲੇ ਕੰਮ ਲਈ ਵਿਧਵਾ ਇਸਤਰੀ ਦਾ ਅੱਗੇ ਆਉਣਾ ਠੀਕ ਨਹੀਂ ਹੈ| ਇਹ ਸਭ ਵਹਿਮ-ਭਰਮ ਹੈ ਕਿਉਂਕਿ ਗੁਰਮਤਿ ਅਨੁਸਾਰ ਜਨਮ ਅਤੇ ਮੌਤ ਅਕਾਲ ਪੁਰਖ ਦੇ ਹੱਥ ਵਿਚ ਹੈ| ਜੇ ਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਵਿਚ ਇਸਤਰੀ ਦਾ ਕੀ ਦੋਸ਼ ਹੈ? ਇਹ ਤਾਂ ਅਕਾਲ ਪੁਰਖ ਦਾ ਭਾਣਾ ਹੈ|
ਭਾਈ ਗੁਰਦਾਸ ਦਾ ਕਹਿਣਾ ਹੈ ਕਿ ਸੰਸਾਰ ਫਜ਼ੂਲ ਕਿਸਮ ਦੇ ਯੋਗ ਅਤੇ ਅਯੋਗ ਦੇ ਚੱਕਰਾਂ, ਦਿਸ਼ਾ-ਸੂਚਕ ਵਹਿਮਾਂ-ਭਰਮਾਂ, ਸੰਸਿਆਂ ਵਿਚ ਪਿਆ ਹੋਇਆ ਹੈ| ਵਲ-ਛਲ ਕਰਕੇ ਰਿਝਾਉਣ ਵਾਲੀ ਇਸਤਰੀ ਪਤੀ ਨਾਲ ਸੁਖੀ ਦੰਪਤੀ ਜੀਵਨ ਕਿਵੇਂ ਗੁਜ਼ਾਰ ਸਕਦੀ ਹੈ? ਗੁਰਮੁਖ ਦਾ ਪਾਰ-ਉਤਾਰਾ ਇਨ੍ਹਾਂ ਸਭ ਵਹਿਮਾਂ-ਭਰਮਾਂ ਨੂੰ ਛੱਡ ਕੇ ਅਕਾਲ ਪੁਰਖ ਦੀ ਭਗਤੀ ਕਰਨ ਨਾਲ ਹੁੰਦਾ ਹੈ, ਪਰਮਾਤਮ-ਭਗਤੀ ਹੀ ਉਸ ਦਾ ਸੁਖ-ਫਲ ਹੈ:
ਸਉਣ ਸਗੁਨ ਵੀਚਾਰਣੇ
ਨਉ ਗ੍ਰਿਹ ਬਾਰਹ ਰਾਸਿ ਵੀਚਾਰਾ|
ਕਾਮਣ ਟੂਣੇ ਅਉਸੀਆ
ਕਣਸੋਈ ਪਾਸਾਰ ਪਸਾਰਾ|
ਗਦਹੁ ਕੁਤੇ ਬਿਲੀਆ
ਇਲ ਮਲਾਲੀ ਗਿਦੜ ਛਾਰਾ|
ਨਾਰਿ ਪੁਰਖੁ ਪਾਣੀ ਅਗਨਿ
ਛਿਕ ਪਦ ਹਿਡਕੀ ਵਰਤਾਰਾ|
ਥਿਤਿ ਵਾਰ ਭਦ੍ਰਾ ਭਰਮ
ਦਿਸਾਸੂਲ ਸਹਸਾ ਸੈਸਾਰਾ|
ਵਲਛਲ ਕਰਿ ਵਿਸਵਾਸ
ਲਖ ਬਹੁ ਚੁਖੀ ਕਿਉ ਰਵੈ ਭਤਾਰਾ|
ਗੁਰਮੁਖਿ ਸੁਖ ਫਲੁ ਪਾਰ ਉਤਾਰਾ॥8॥
ਭਾਈ ਗੁਰਦਾਸ ਅਗਲੀ ਪਉੜੀ ਵਿਚ ਗੁਰੂ ਦੇ ਦੱਸੇ ਮਾਰਗ ਦੀ ਪਾਵਨਤਾ ਦੱਸਦੇ ਹਨ ਕਿ ਇਸ ਮਾਰਗ ‘ਤੇ ਚੱਲਣ ਨਾਲ ਮਨੁੱਖ ਦਾ ਕਿਸ ਕਿਸਮ ਦਾ ਕਾਇਆਕਲਪ ਹੋ ਜਾਂਦਾ ਹੈ| ਭਾਈ ਗੁਰਦਾਸ ਗੁਰਮੁਖਿ ਦੇ ਇਸ ਮਾਰਗ ਦੀ ਮਹੱਤਤਾ ਦੱਸਣ ਲਈ ਆਮ ਜੀਵਨ ਅਤੇ ਕੁਦਰਤ ਵਿਚੋਂ ਦ੍ਰਿਸ਼ਟਾਂਤ ਪੇਸ਼ ਕਰਕੇ ਥੋੜ੍ਹੇ ਸ਼ਬਦਾਂ ਵਿਚ ਬਹੁਤ ਕੁਝ ਦੱਸਦੇ ਨਜ਼ਰ ਆਉਂਦੇ ਹਨ| ਉਹ ਬਿਆਨ ਕਰਦੇ ਹਨ ਕਿ ਛੋਟੇ-ਛੋਟੇ ਨਾਲੇ, ਨਦੀਆਂ, ਬਰਸਾਤੀ ਪਾਣੀ ਦੇ ਚੋਅ ਵਗੈਰਾ ਸਭ ਜਦੋਂ ਗੰਗਾ ਵਿਚ ਆ ਡਿਗਦੇ ਹਨ ਤਾਂ ਗੰਗਾ ਨਾਲ ਮਿਲ ਕੇ ਗੰਗਾ ਦਾ ਹੀ ਰੂਪ ਹੋ ਜਾਂਦੇ ਹਨ, ਪਵਿੱਤਰ ਦਰਿਆ ਦਾ ਰੂਪ ਧਾਰ ਲੈਂਦੇ ਹਨ| ਇਸੇ ਤਰ੍ਹਾਂ ਅਸ਼ਟ ਧਾਤਾਂ (ਅੱਠ ਧਾਤਾਂ ਜਿਵੇਂ ਪਿੱਤਲ, ਤਾਂਬਾ, ਚਾਂਦੀ, ਜਿਸਤ, ਕਾਂਸੀ ਵਗੈਰਾ) ਜਦੋਂ ਪਾਰਸ ਨਾਲ ਛੂੰਹਦੀਆਂ ਹਨ ਤਾਂ ਉਹ ਸੋਨਾ ਬਣ ਜਾਂਦੀਆਂ ਹਨ| ਜੰਗਲ ਵਿਚ ਚੰਦਨ ਜਾਂ ਸੰਦਲ ਦਾ ਰੁੱਖ ਉਗਿਆ ਹੁੰਦਾ ਹੈ, ਉਸ ਦੇ ਆਸ-ਪਾਸ ਜਿੰਨੇ ਵੀ ਬੂਟੇ ਜਾਂ ਦਰੱਖਤ ਉਗੇ ਹੁੰਦੇ ਹਨ, ਉਹ ਭਾਵੇਂ ਫਲਦਾਰ ਹੋਣ ਜਾਂ ਫਲ ਨਾ ਦੇਣ ਵਾਲੇ, ਸਭ ਵਿਚੋਂ ਚੰਦਨ ਦੀ ਸੁਗੰਧ ਆਉਣ ਲੱਗ ਪੈਂਦੀ ਹੈ; ਇਹ ਚੰਦਨ ਦੀ ਵਿਸ਼ੇਸ਼ਤਾ ਹੈ|
ਸਾਲ ਦੀਆਂ ਛੇ ਰੁੱਤਾਂ ਤੇ ਬਾਰਾਂ ਮਹੀਨੇ ਹੁੰਦੇ ਹਨ ਪਰ ਇਨ੍ਹਾਂ ਵਿਚ ਸੂਰਜ ਇੱਕੋ ਹੁੰਦਾ ਹੈ ਜਿਸ ਕਾਰਨ ਰੁੱਤਾਂ ਅਤੇ ਮਹੀਨੇ ਬਦਲਦੇ ਹਨ| ਇਸ ਸੰਸਾਰ ਵਿਚ ਸਮਾਜ ਚਾਰ ਵਰਣਾਂ ਵਿਚ ਵੰਡਿਆ ਹੋਇਆ ਹੈ, ਛੇ ਦਰਸ਼ਨ ਹਨ ਅਤੇ ਯੋਗੀਆਂ ਦੇ ਬਾਰਾਂ ਫਿਰਕੇ ਹਨ ਜਿਨ੍ਹਾਂ ਵਿਚ ਸਾਰਾ ਸੰਸਾਰ ਭਉਂਦਾ ਫਿਰਦਾ ਹੈ ਅਰਥਾਤ ਇਹ ਸਭ ਦੁਬਿਧਾ ਦਾ ਕਾਰਨ ਹਨ| ਪ੍ਰੰਤੂ ਜਦੋਂ ਕੋਈ ਗੁਰੂ ਦੇ ਦੱਸੇ ਮਾਰਗ ‘ਤੇ ਚੱਲਦਾ ਹੈ, ਗੁਰਮੁਖਾਂ ਵਾਲਾ ਰਸਤਾ ਅਖਤਿਆਰ ਕਰ ਲੈਂਦਾ ਹੈ ਤਾਂ ਸਾਧ ਸੰਗਤਿ ਵਿਚ ਜਾ ਕੇ ਉਸ ਦੇ ਮਨ ਵਿਚੋਂ ਹਰ ਤਰ੍ਹਾਂ ਦਾ ਭਰਮ ਅਤੇ ਦੁਬਿਧਾ ਖਤਮ ਹੋ ਜਾਂਦੀ ਹੈ, ਭਾਵ ਉਸ ਦੇ ਮਨ ਅੰਦਰ ਸੱਚ ਦਾ ਚਾਨਣ ਹੋ ਜਾਂਦਾ ਹੈ| ਇਸ ਤਰ੍ਹਾਂ ਗੁਰਮੁਖਿ ਅਡੋਲ ਮਨ ਨਾਲ ਆਪਣੀ ਸੁਰਤਿ ਨੂੰ ਉਸ ਇੱਕ ਵਾਹਿਗੁਰੂ ਨਾਲ ਜੋੜ ਲੈਂਦਾ ਹੈ, ਆਪਣਾ ਧਿਆਨ ਇਕਾਗਰ-ਚਿੱਤ ਹੋ ਕੇ ਉਸ ਵਿਚ ਲਾ ਲੈਂਦਾ ਹੈ:
ਨਦੀਆ ਨਾਲੇ ਵਾਹੜੇ
ਗੰਗਿ ਸੰਗਿ ਗੰਗੋਦਕ ਹੋਈ|
ਅਸਟ ਧਾਤੁ ਇਕ ਧਾਤੁ ਹੋਇ
ਪਾਰਸ ਪਰਸੈ ਕੰਚਨੁ ਸੋਈ|
ਚੰਦਨ ਵਾਸੁ ਵਣਾਸਪਤਿ
ਅਫਲ ਸਫਲ ਕਰ ਚੰਦਨੁ ਗੋਈ|
ਛਿਅ ਰੁਤਿ ਬਾਰਹ ਮਾਹ ਕਰਿ
ਸੁਝੈ ਸੁਝ ਨ ਦੂਜਾ ਕੋਈ|
ਚਾਰਿ ਵਰਨਿ ਛਿਅ ਦਰਸਨਾ
ਬਾਰਹ ਵਾਟ ਭਵੈ ਸਭੁ ਲੋਈ|
ਗੁਰਮੁਖਿ ਦਰਸਨੁ ਸਾਧਸੰਗੁ
ਗੁਰਮੁਖਿ ਮਾਰਗਿ ਦੁਬਿਧਾ ਖੋਈ|
ਇਕ ਮਨਿ ਇਕੁ ਅਰਾਧਨਿ ਓਈ॥9॥