ਭਾਈ ਨੱਥਾ ਤੇ ਭਾਈ ਅਬਦੁੱਲਾ ਸਨ ਢਾਡੀ ਇਤਿਹਾਸ ਦੇ ਪਹਿਲੇ ਢਾਡੀ

ਐਸ਼ ਅਸ਼ੋਕ ਭੌਰਾ
ਸਿੱਖ ਧਰਮ ਵਿਚ ਸ਼ਹੀਦਾਂ ਦੇ ਸਾਕੇ, ਸੂਰਬੀਰਾਂ ਦੀ ਬਹਾਦਰੀ ਅਤੇ ਕੁਰਬਾਨੀਆਂ ਨੂੰ ਢੱਡ-ਸਾਰੰਗੀ ਨਾਲ ਪੇਸ਼ ਕਰਨ ਦੀ ਪ੍ਰਥਾ ਬਹੁਤ ਪੁਰਾਣੀ ਹੈ। ਪੇਸ਼ਕਾਰੀ ਵਿਚ ਬਿਆਨ ਅਤੇ ਸੰਗੀਤ ਦਾ ਸੰਗਮ ਕਮਾਲ ਦਾ ਹੁੰਦਾ ਹੈ। ਢਾਡੀਆਂ ਦਾ ਸਿੱਖ ਜਗਤ ਅਤੇ ਸਿੱਖ ਸਭਿਆਚਾਰ ਵਿਚ ਖਾਸ ਸਥਾਨ ਰਿਹਾ ਹੈ ਕਿਉਂਕਿ ਇਨ੍ਹਾਂ ਨੇ ਸਮੇਂ ਸਮੇਂ ਸਿੱਖ ਕੌਮ ਨੂੰ ਜੋਸ਼ ਤੇ ਹੋਸ਼ ਦੀ ਯੋਗ ਅਗਵਾਈ ਦਿੱਤੀ ਹੈ। ਢਾਡੀ ਸ਼ਬਦ ਦਾ ਅਰਥ ਹੀ ਗੁਰੂ ਦਾ ਜਸ ਗਾਉਣ ਵਾਲਾ ਹੁੰਦਾ ਹੈ।

ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿਚ ਢੱਡ ਵਜਾ ਕੇ ਯੋਧਿਆਂ ਦਾ ਜਸ ਗਾਉਣ ਵਾਲੇ ਨੂੰ ਢਾਡੀ ਕਿਹਾ ਹੈ। ‘ਇਨਸਾਈਕਲੋਪੀਡੀਆ ਆਫ ਸਿੱਖਇਜ਼ਮ’ ਅਨੁਸਾਰ ਢੱਡ ਨਾਲ ਸੂਰਬੀਰਾਂ ਦੀ ਗਾਥਾ ਗਾਉਣ ਵਾਲੇ ਨੂੰ ਢਾਡੀ ਕਿਹਾ ਜਾਂਦਾ ਹੈ। ਗੁਰਬਾਣੀ ਵਿਚ ਅਕਾਲ ਪੁਰਖ ਵਾਹਿਗੁਰੂ ਦਾ ਕੀਰਤਨ ਕਰਨ ਵਾਲੇ ਨੂੰ ਢਾਡੀ ਦਾ ਨਾਂ ਦਿੱਤਾ ਗਿਆ ਹੈ।
ਗੁਰੂ ਗ੍ਰੰਥ ਸਾਹਿਬ ਵਿਚ 29 ਵਾਰ ਢਾਡੀ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ 8 ਵਾਰ, ਗੁਰੂ ਅਮਰ ਦਾਸ ਜੀ ਨੇ 6 ਵਾਰ, ਗੁਰੂ ਰਾਮਦਾਸ ਜੀ ਨੇ 4 ਵਾਰ ਅਤੇ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਨੇ 11 ਵਾਰ ਢਾਡੀ ਸ਼ਬਦ ਦੀ ਉਪਮਾ ਕੀਤੀ ਹੈ। ਭਾਵੇਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਢਾਡੀ ਕਲਾ ਤੇ ਜੋਸ਼ੀਲੇ ਢਾਡੀ ਸੰਗੀਤ ਨੂੰ ਇੱਕ ਮੰਚ ਬਖਸ਼ਿਆ ਹੈ ਪਰ ਪ੍ਰਥਮ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਢਾਡੀ ਆਖਦਿਆਂ ਲਿਖਦੇ ਹਨ:
ਹਮ ਢਾਢੀ ਹਰਿ ਪ੍ਰਭ ਖਸਮ ਕੇ ਨਿਤ ਗਾਵਹ ਹਰਿ ਗੁਣ ਛੰਤਾ॥
ਹਰਿ ਕੀਰਤਨੁ ਕਰਹ ਹਰਿ ਜਸੁ ਸੁਣਹ ਤਿਸੁ ਕਵਲਾ ਕੰਤਾ॥ (ਪੰਨਾ 650)
ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ:
ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ॥
ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ॥
ਢਾਢੀ ਦਰੁ ਘਰੁ ਪਾਇਸੀ ਸਚੁ ਰਖੈ ਉਰ ਧਾਰਿ॥
ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ॥
ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ॥ (ਪੰਨਾ 516)
ਇਸ ਤਰ੍ਹਾਂ ਢਾਡੀ ਸ਼ਬਦ ਦੀ ਵਡਿਆਈ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਅਰੰਭ ਹੋ ਜਾਂਦੀ ਹੈ।
ਭਾਈ ਗੁਰਦਾਸ ਦੀਆਂ ਵਾਰਾਂ ਵਿਚ ਢਾਡੀ ਸ਼ਬਦ ਦਾ ਜ਼ਿਕਰ ਆਉਂਦਾ ਹੈ:
ਸਚ ਦਾਤਾਰ ਵਿਸਾਰ ਕੇ ਮੰਗਤਿਆ ਨੇ ਮੰਗਣ ਜਾਹੀ।
ਢਾਢੀ ਵਾਰਾ ਗਾਵਦੇ ਵੈਰ ਵਿਰੋਧ ਜੋਧ ਸਾਲਾਹੀ।
ਖਾਲਸਾ ਡਾਇਰੈਕਟਰੀ ਵਿਚ 1899 ਈਸਵੀ ਦੇ ਢਾਡੀਆਂ ਦਾ ਜ਼ਿਕਰ ਇਉਂ ਹੈ, “ਸੰਤ ਸਿੰਘ, ਭਾਈ ਰੂੜਾ, ਭਾਈ ਲਾਭ, ਭਾਈ ਹੁਕਮਾ, ਭਾਈ ਵਲਾਇਤੀ, ਭਾਈ ਸ਼ੇਰੂ, ਭਾਈ ਲੱਭੂ, ਭਾਈ ਸਮੁੰਦ ਸਿੰਘ ਤੇ ਭਾਈ ਸ਼ੇਰ ਸਿੰਘ ਮਹਾਨ ਢਾਡੀ ਸਨ।” ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਵਿਚ ਮੁਸ਼ਕੀ ਤੇ ਛਬੀਲਾ ਨਾਂ ਦੇ ਦੋ ਢਾਡੀਆਂ ਨੂੰ ਬੇਹੱਦ ਸਤਿਕਾਰ ਅਤੇ ਪਿਆਰ ਦਿੱਤਾ ਗਿਆ।
ਇਤਿਹਾਸਕਾਰਾਂ ਅਨੁਸਾਰ ਮੀਰੀ ਪੀਰੀ ਦੇ ਮਾਲਕ ਤੇ ਦੇਗ ਤੇਗ ਦੇ ਧਾਰਨੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿਚ ਭਾਈ ਨੱਥਾ ਤੇ ਭਾਈ ਅਬਦੁੱਲਾ ਪਹਿਲੇ ਢਾਡੀ ਸਨ। ਢਾਡੀਆਂ ਦਾ ਸੇਵਕੀ ਰੂਪ ਵਿਚ ਜ਼ਿਕਰ ਦਸਵੇਂ ਪਾਤਸ਼ਾਹ ਵੇਲੇ ਵੀ ਆਉਂਦਾ ਹੈ।
ਹੋਰ ਇਤਿਹਾਸਕ ਤੱਥ: ਭਾਵੇਂ ਢਾਡੀਆਂ ਤੇ ਕਲਾ ਦਾ ਸਿੱਧਾ ਸਬੰਧ ਸਿੱਖ ਕੌਮ ਤੇ ਸਿੱਖ ਧਰਮ ਨਾਲ ਰਿਹਾ ਹੈ ਪਰ ਸਾਰੰਗੀ ਕਿਉਂਕਿ ਰਾਜਸਥਾਨ ਦਾ ਮੂਲ ਸਾਜ਼ ਹੈ, ਇਸ ਕਰਕੇ ਢੱਡ ਨਾਲ ਗੱਲ ਜੁੜਨ ਵੇਲੇ ਕੁਝ ਇਤਿਹਾਸਕ ਤੱਥ ਵੀ ਧਿਆਨ ਮੰਗਦੇ ਹਨ:
ਸਦੀਆਂ ਪਹਿਲਾਂ ਸਾਹਿਤ ਦਾ ਪਸਾਰਾ ਹਰ ਪਾਸੇ ਹੋਇਆ ਅਤੇ ਸੂਚਨਾ ਦਾ ਮਾਧਿਅਮ ਸਾਹਮਣੇ ਆਉਣ ਲੱਗਾ। ਢਾਡੀ ਸੰਧੀਆਂ, ਤਾਰੀਖਾਂ, ਨਾਂਵਾਂ ਅਤੇ ਸਮਕਾਲੀ ਘਟਨਾਵਾਂ ਦਾ ਵਰਣਨ ਆਪਣੀਆਂ ਵਾਰਾਂ ਵਿਚ ਕਰਦੇ ਸਨ।
ਰਾਜਸਥਾਨ ਵਿਚ ਹਰੇਕ ਸੱਭਿਆਚਾਰ ਇਕ ਜਾਂ ਇਕ ਤੋਂ ਵੱਧ ਸੰਗੀਤਕ ਵੰਨਗੀਆਂ ਰੱਖਦਾ ਹੈ। ਵਿਸ਼ੇਸ਼ ਕਰਕੇ ‘ਅੱਕਰੀ ਨਿਸ਼ਤਾਨੀ’ ਦੇ ਗਾਇਨ ਦੇ ਅੰਤ ਵਿਚ ਹਾਦੀ ਰਾਣੀ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਆਪਣਾ ਸਿਰ ਆਪਣੇ ਪਤੀ ਸਲੰਬਰ ਦੇ ਰਾਓ ਰਤਨਾ ਸਿੰਘ ਨੂੰ ਉਦੋਂ ਭੇਟ ਕਰ ਦਿੱਤਾ ਸੀ ਜਦੋਂ ਉਹ ਜੰਗ ਦੇ ਮੈਦਾਨ ਵਿਚ ਢੇਰੀ ਢਾਹ ਜਾਂਦਾ ਹੈ।
ਇਹ ਕਿਹਾ ਜਾਂਦਾ ਹੈ ਕਿ ਜਦੋਂ ਬਰਾਬਰ ਦੀ ਲੜਾਈ ਦਾ ਸੁਨੇਹਾ ਪੁੱਜਾ, ਉਦੋਂ ਰਾਓ ਅਜੇ ਬੂੰਦੀ ਦੀ ਰਾਜਕੁਮਾਰੀ ਨੂੰ ਵਿਆਹ ਕੇ ਘਰੇ ਲਿਆਇਆ ਹੀ ਸੀ। ਇਹ ਜੋੜਾ ਇਕੱਲਾ ਹੀ ਸੀ, ਰਾਓ ਉਸ ਨੂੰ ਇਕੱਲੀ ਨਹੀਂ ਸੀ ਛੱਡਣੀ ਚਾਹੁੰਦਾ। ਕਿਵੇਂ ਨਾ ਕਿਵੇਂ ਹਾਦੀ ਨੇ ਉਸ ‘ਤੇ ਦਬਾਅ ਬਣਾਇਆ ਕਿ ਉਹ ਰਾਜਪੂਤ ਵਾਂਗ ਆਪਣਾ ਫਰਜ਼ ਪੂਰਾ ਕਰੇ। ਰਾਓ ਜੱਕੋ ਤੱਕੀ ਵਿਚ ਲੜਾਈ ਦੇ ਮੈਦਾਨ ਵੱਲ ਚੱਲ ਪਿਆ। ਅੱਧ ਵਿਚਕਾਰ ਹੀ ਇੱਕ ਵਿਚੋਲੇ ਹੱਥ ਸੁਨੇਹਾ ਭਿਜਵਾਇਆ ਕਿ ਉਹ ਰਾਜਕੁਮਾਰੀ ਹਾਦੀ ਰਾਣੀ ਤੋਂ ਕੋਈ ਯਾਦਗਾਰੀ ਚੀਜ਼ ਲੈ ਕੇ ਆਵੇ। ਇਸ ਕਦਮ ਨੇ ਰਾਣੀ ਨੂੰ ਗੁੱਸੇ ਵਿਚ ਲੈ ਆਂਦਾ। ਰਾਣੀ ਨੇ ਆਪਣੇ ਆਪ ਨੂੰ ਸਰੀਰਕ ਤੌਰ ‘ਤੇ ਖਤਮ ਕਰਨ ਦਾ ਫੈਸਲਾ ਕਰ ਲਿਆ। ਇਸ ਕਦਮ ਨੇ ਰਾਓ ਨੂੰ ਝੰਜੋੜ ਕੇ ਰੱਖ ਦਿੱਤਾ। ਆਖਿਆ ਜਾਂਦਾ ਹੈ ਕਿ ਰਾਓ ਆਪਣੀ ਪਤਨੀ ਦਾ ਸਿਰ ਯਾਦਗਾਰੀ ਵਸਤੂ ਵਜੋਂ ਮਿਲਣ ਪਿਛੋਂ ਸਿਰੇ ਦੀ ਬਹਾਦਰੀ ਨਾਲ ਲੜਿਆ।
ਇਸੇ ਤਰ੍ਹਾਂ ਗੋਰਖਿਆਂ ਦੀ ਬਹਾਦਰੀ ਦੇ ਕਿੱਸੇ ਗਾਏ ਜਾਂਦੇ। ਇਹੀ ਰਿਵਾਜ ਪੰਜਾਬ ਵੱਲ ਆਇਆ ਮੰਨਿਆ ਜਾਂਦਾ ਹੈ। ਜਦੋਂ ਰਾਜਪੂਤ ਤੇ ਜੱਟ ਰਾਜਸਥਾਨ ਵਿਚ ਕਾਲ ਪੈਣ ਉਪਰੰਤ ਪੰਜਾਬ ਵੱਲ ਹਿਜਰਤ ਕਰ ਆਏ ਸਨ ਤਾਂ ਉਨ੍ਹਾਂ ਨੂੰ ਢਾਡੀਆਂ ਦੇ ਤੌਰ ‘ਤੇ ਜਾਣਿਆ ਜਾਣ ਲੱਗਾ। ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਕਿ ਉਹ ਕਿਹੜੇ ਔਜ਼ਾਰ, ਹਥਿਆਰ ਵਰਤਦੇ ਸਨ, ਸਿਵਾਏ ਇਸ ਦੇ ਕਿ ਉਹ ਰਾਜਿਆਂ ਦੇ ਕੁੱਤੇ ਪਾਲਦੇ ਸਨ। ਗੁਰੂ ਹਰਿਗੋਬਿੰਦ ਸਾਹਿਬ ਨੇ ਉਨ੍ਹਾਂ ਨੂੰ ਪਨਾਹ ਦਿੱਤੀ ਅਤੇ ਉਨ੍ਹਾਂ ਨੂੰ ਸਿੱਖਾਂ ਨੂੰ ਬਹਾਦਰੀ ਪ੍ਰਤੀ ਉਤਸ਼ਾਹਿਤ ਕਰਨ ਦਾ ਕੰਮ ਸੌਂਪਿਆ।
ਢਾਡੀ ਸ਼ਬਦ ਦਾ ਅਰਥ ਹੈ, ਉਹ ਵਿਅਕਤੀ ਜੋ ਕਿਸੇ ਦੀ ਬਹਾਦਰੀ ਦੇ ਗੁਣ ਗਾਵੇ। ਇਹ ਸਿਹਰਾ ਗੁਰੂ ਸਾਹਿਬਾਨ ਨੂੰ ਹੀ ਜਾਂਦਾ ਹੈ ਕਿ ਉਨ੍ਹਾਂ ਨੇ ਇਸ ਪ੍ਰਥਾ ਨੂੰ ਇਸ ਤਰ੍ਹਾਂ ਅੱਗੇ ਵਧਾਇਆ ਕਿ ਉਹ ਰਾਜਿਆਂ-ਨਵਾਬਾਂ ਦੇ ਮਹਿਲਾਂ ਤੱਕ ਸੀਮਤ ਨਾ ਰਹੀ। ਇਸ ਤਰ੍ਹਾਂ ਢਾਡੀਆਂ ਨੇ ਉਸ ਅਕਾਲ ਪੁਰਖ ਦੀ ਉਸਤਤ ਕਰਨੀ ਅਰੰਭ ਕੀਤੀ ਅਤੇ ਨਾਲ ਹੀ ਜੋ ਆਪਣੇ ਫਰਜ਼ਾਂ ਜਾਂ ਹੱਕਾਂ ਲਈ ਲੜੇ, ਉਨ੍ਹਾਂ ਦੀ ਬਹਾਦਰੀ ਬਾਰੇ ਵੀ ਗਾਉਣਾ ਅਰੰਭਿਆ।
ਇਤਿਹਾਸ ਵਿਚ ਦਰਜ ਹੈ ਕਿ ਹਰਗੋਬਿੰਦ ਸਾਹਿਬ ਦਾ ਪੱਕਾ ਸ਼ਰਧਾਲੂ ਬਿਧੀ ਚੰਦ ਛੀਨਾ ਦੋ ਢਾਡੀਆਂ-ਨੱਥਾ ਅਤੇ ਅਬਦੁੱਲ ਨੂੰ ਗੁਰੂ ਸਾਹਿਬ ਕੋਲ ਲੈ ਕੇ ਆਇਆ। ਦੋਵੇਂ ਉਸ ਦੇ ਜੱਦੀ ਪਿੰਡ ਸੁਰਸਿੰਘ ਵਾਲਾ, ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਸਨ। ਅਕਾਲ ਤਖਤ ਸਾਹਿਬ ਦੀ ਨੀਂਹ ਰੱਖਣ ਨਾਲ ਜਿੱਥੇ ਗੁਰੂ ਸਾਹਿਬਾਨ ਆਪਣਾ ਦਰਬਾਰ ਲਾਇਆ ਕਰਦੇ ਸਨ, ਇਨ੍ਹਾਂ ਦੋਵੇਂ ਵਿਅਕਤੀਆਂ ਨੂੰ ਸਿੱਖਾਂ ਦੇ ਦਿਲਾਂ ਵਿਚ ਬਹਾਦਰੀ ਲਈ ਪ੍ਰੇਰਨਾ ਪੈਦਾ ਕਰਨਾ ਦਾ ਮੌਕਾ ਮਿਲਦਾ ਸੀ, ਜਿਹੜੇ ਜਹਾਂਗੀਰ ਦੀਆਂ ਫੌਜਾਂ ਨਾਲ ਲੋਹਾ ਲੈਂਦੇ ਸਨ। ਗੁਰੂ ਸਾਹਿਬ ਇਨ੍ਹਾਂ ਦੀ ਢਾਡੀ ਕਲਾ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਦੋਵਾਂ ਨੂੰ ਸੁਨਹਿਰੇ ਢੱਡ ਦੇ ਕੇ ਮਾਣ ਬਖਸ਼ਿਆ। ਗੁਰੂ ਹਰਗੋਬਿੰਦ ਸਾਹਿਬ ਦੀ ਵਿਰਾਸਤ ਨੂੰ ਅੱਗੇ ਲਿਜਾਣ ਵਾਲੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਸ਼ਕੀ ਅਤੇ ਸ਼ਬੀਲਾ ਨਾਂ ਦੇ ਢਾਡੀ ਰੱਖੇ। ਇਹ ਮੰਨਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਇਸ ਪ੍ਰਥਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਵਿਚ ਇਸ ਦੇ ਮੂਲ ਰੂਪ ਵਿਚ ਸੰਭਾਲ ਕੇ ਨਹੀਂ ਰੱਖਿਆ ਜਾ ਸਕਿਆ ਕਿਉਂਕਿ ਇਹ ਸਿੱਖਾਂ ਲਈ ਬੜੀ ਉਥਲ ਪੁਥਲ ਦਾ ਸਮਾਂ ਸੀ।
ਇਹ ਮੰਨਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਢਾਡੀਆਂ ਨੂੰ ਉਤਸ਼ਾਹਿਤ ਕੀਤਾ ਭਾਵੇਂ ਕਿ ਇਸ ਦਾਅਵੇ ਬਾਰੇ ਕੋਈ ਦਸਤਾਵੇਜ਼ੀ ਪ੍ਰਮਾਣ ਨਹੀਂ ਮਿਲਦਾ। ਇਕ ਵੇਰਵੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੁੱਤਰ ਖੜਕ ਸਿੰਘ ਦੇ ਵਿਆਹ ਮੌਕੇ ਢਾਡੀਆਂ ਨੂੰ ਵੀ ਬੁਲਾਇਆ ਸੀ।
ਢਾਡੀ ਕਲਾ ਨੂੰ 1920 ਵਿਚ ਆ ਕੇ ਨਵਾਂ ਹੁਲਾਰਾ ਮਿਲਿਆ ਜਦੋਂ ਬੱਬਰ ਅਕਾਲੀਆਂ ਨੇ ਗੁਰੂ ਘਰਾਂ ਵਿਚੋਂ ਮਹੰਤਾਂ ਨੂੰ ਭਜਾਉਣ ਲਈ ਗੁਰਦੁਆਰਾ ਲਹਿਰ ਸ਼ੁਰੂ ਕੀਤੀ। ਇਸੇ ਤਰ੍ਹਾਂ ਜਦੋਂ ਅਕਾਲੀਆਂ ਨੇ 1960 ਵਿਚ ਪੰਜਾਬੀ ਸੂਬਾ ਮੋਰਚਾ ਲਾਇਆ ਤਾਂ ਢਾਡੀ ਦਿਲਬਰ ਨੂੰ ਹਕੂਮਤ ਵਿਰੋਧੀ ਸੁਨੇਹੇ ਦੇਣ ਕਰਕੇ ਜੇਲ੍ਹ ਵਿਚ ਸੁੱਟਿਆ ਗਿਆ। ਅਸਲ ਵਿਚ ਦੇਸ਼ ਦੀ ਵੰਡ ਉਪਰੰਤ ਢਾਡੀ ਪ੍ਰਥਾ ਹੋਰ ਵੀ ਪ੍ਰਸਿੱਧ ਹੋਈ। ਮੁਲਕ ਵੰਡ ਦੌਰਾਨ ਸਿੱਖਾਂ ਨੇ ਬਹੁਤ ਨੁਕਸਾਨ ਝੱਲਿਆ, ਇਸ ਦੌਰਾਨ ਕੌਮੀ ਏਕਤਾ ਦੀ ਤੰਦ ਹੋਰ ਮਜ਼ਬੂਤ ਹੋਈ।
ਪੰਜਾਬ ਵਿਚ ਖਾਲਿਸਤਾਨੀ ਲਹਿਰ ਦੌਰਾਨ ਅਨੇਕਾਂ ਢਾਡੀ ਮੌਤ ਦੇ ਘਾਟ ਉਤਾਰੇ ਗਏ। ਦਿਲਬਰ ਇਨ੍ਹਾਂ ‘ਚੋਂ ਇਕ ਢਾਡੀ ਸੀ ਜਿਸ ਨੂੰ 1984 ਵਿਚ ਅਕਾਲ ਤਖਤ ਉਤੇ ਹਮਲਾ ਕਰਵਾਉਣ ਵਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਿਰੁਧ ਬੋਲਣ ਕਰਕੇ ਰਾਸ਼ਟਰੀ ਸੁਰੱਖਿਆ ਐਕਟ (ਐਨ. ਐਸ਼ ਏ.) ਅਧੀਨ ਗ੍ਰਿਫਤਾਰ ਕੀਤਾ ਗਿਆ ਸੀ। ਦਿਲਬਰ ਨੇ ਅਸਲ ਵਿਚ ਅੰਗ ਰੱਖਿਅਕ ਸਿੱਖ ਵਲੋਂ ਇੰਦਰਾ ਗਾਂਧੀ ਦੇ ਕਤਲ ਨੂੰ ਤਰਕਸੰਗਤ ਦੱਸਿਆ ਸੀ।
ਲੋਕ ਢਾਡੀ: ਢਾਡੀ ਜਥਿਆਂ ਦੇ ਵਰਗੀਕਰਨ ਵਿਚ ਲੋਕ ਢਾਡੀਆਂ ਦੀ ਥਾਂ ਹੈ ਤੇ ਉਨ੍ਹਾਂ ਦਾ ਜ਼ਿਕਰ ਵੀ ਚੱਲਦਾ ਰਿਹਾ ਹੈ। ਇਨ੍ਹਾਂ ਦੀ ਪੇਸ਼ਕਾਰੀ ਵੀ ਆਪਣੀ ਹੀ ਤਰ੍ਹਾਂ ਕਮਾਲ ਦੀ ਰਹੀ ਹੈ। ਇਹ ਅਖਾੜਿਆਂ ਵਿਚ ਘੁੰਮ ਘੁੰਮ ਕੇ ਗਾਉਂਦੇ ਹਨ, ਨਖਰੇ ਨਾਲ ਅੱਗੇ ਪਿੱਛੇ ਹੋ ਕੇ ਸਰੀਰ ਨੂੰ ਝੁਕਾ ਕੇ ਤੇ ਇਕ ਹੱਥ ਕੰਨ੍ਹ ‘ਤੇ ਰੱਖ ਕੇ ਹੇਕਾਂ ਲਾਉਂਦੇ ਤਾਂ ਸਰੋਤੇ ਕੀਲੇ ਜਾਂਦੇ। ਇਹ ਢਾਡੀ ਆਮ ਤੌਰ ‘ਤੇ ਆਸ਼ਕਾਂ ਦੇ ਕਿੱਸੇ ਜਾਂ ਕਿੱਸਾ ਕਾਵਿ ‘ਤੇ ਆਧਾਰਤ ਸਨ ਅਤੇ ਇਹ ਪਰੰਪਰਾ ਢਾਡੀ ਅਮਰ ਸਿੰਘ ਸ਼ੌਂਕੀ, ਦੀਦਾਰ ਸਿੰਘ ਰਟੈਂਡਾ ਤੋਂ ਈਦੂ ਸ਼ਰੀਫ ਤੱਕ ਚਲਦੀ ਆ ਰਹੀ ਹੈ। ਪਰ ਗਿਆਨੀ ਸੋਹਣ ਸਿੰਘ ਸੀਤਲ ਅਨੁਸਾਰ ਸਿਰਫ ਗੁਰੂ ਜਸ ਗਾਉਣ ਨੂੰ ਢਾਡੀ ਕਿਹਾ ਜਾਣਾ ਚਾਹੀਦਾ ਹੈ।
ਲੋਕ ਢਾਡੀ ਵਿਆਹ-ਸ਼ਾਦੀ ਜਾਂ ਹੋਰ ਖੁਸ਼ੀ-ਗਮੀ ਦੇ ਵੇਲੇ ਵੀ ਰਸਦ ਲੈ ਕੇ ਸਟੇਜੀ ਪ੍ਰੋਗਰਾਮ ਕਰਨ ਜਾਂਦੇ ਰਹੇ ਹਨ। ਲੋਕ ਢਾਡੀਆਂ ਬਾਰੇ ਵਾਰਿਸ ਸ਼ਾਹ ਨੇ ਵੀ ਜ਼ਿਕਰ ਕੀਤਾ ਹੈ:
ਚੜ੍ਹ ਘੋੜੀਆਂ ਖੇੜਿਆਂ ਗੰਢ ਤੇਰੀ
ਚੜ੍ਹੇ ਗੱਭਰੂ ਜੰਞ ਬਣਾ ਕੇ ਤੇ।
ਜਾਂਞੀਆਂ ਸੁਰਖ ਬਨਾਤ ਦੀਆਂ ਹੱਥ ਨੇਜੇ
ਦਾਰੂ ਪੀ ਕੇ ਲਗ ਵਜਾਇ ਕੇ ਤੇ।
ਲੋਕ ਢਾਡੀ ਪ੍ਰੀਤ ਗਾਥਾਵਾਂ ਜਿਵੇਂ ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਹੀਂਵਾਲ, ਮਿਰਜ਼ਾ ਸਾਹਿਬਾਂ ਗਾਉਂਦੇ ਸਨ ਅਤੇ ਦੁੱਲਾ ਭੱਟੀ, ਜੈਮਲ ਫੱਤਾ, ਪੂਰਨ ਭਗਤ, ਸੁੱਚ ਸੂਰਮਾ, ਗੋਪੀ ਚੰਦ ਤੇ ਮਹਾਂਭਾਰਤ ਗਾਉਣ ਵੇਲੇ ਜੋਸ਼ ਭਰਨ ਦਾ ਯਤਨ ਕਰਦੇ ਸਨ।