ਹਾਊਸ-ਵਾਈਫ

ਕੈਨੇਡਾ ਵੱਸਦੇ ਕਹਾਣੀਕਾਰ ਹਰਪ੍ਰੀਤ ਸੇਖਾ ਦੀਆਂ ਕਹਾਣੀਆਂ ਦਾ ਸਮੁੱਚਾ ਬਿਰਤਾਂਤ ਭਾਵੇਂ ਕੈਨੇਡਾ ਵਾਲਾ ਹੁੰਦਾ ਹੈ, ਪਰ ਆਪਣੀਆਂ ਰਚਨਾਵਾਂ ਵਿਚ ਉਹ ਪੰਜਾਬ ਦੀਆਂ ਗੱਲਾਂ ਅਛੋਪਲੇ ਜਿਹੇ ਛੋਹ ਲੈਂਦਾ ਹੈ। ਉਸ ਦਾ ਨਵਾਂ ਕਹਾਣੀ ਸੰਗ੍ਰਿਹ ‘ਪ੍ਰਿਜ਼ਮ’ ਹੁਣੇ ਹੁਣੇ ਛਪ ਕੇ ਆਇਆ ਹੈ। ਇਸ ਤੋਂ ਪਹਿਲਾਂ ਉਸ ਦੇ ਦੋ ਕਹਾਣੀ ਸੰਗ੍ਰਿਹ ‘ਬੀ ਜੀ ਮੁਸਕਰਾ ਪਏ’ ਅਤੇ ‘ਬਾਰਾਂ ਬੂਹੇ’ ਛਪ ਚੁਕੇ ਹਨ। ‘ਪੰਜਾਬ ਟਾਈਮਜ਼’ ਦੇ ਪਾਠਕ ਟੈਕਸੀ ਡਰਾਈਵਰਾਂ ਬਾਰੇ ਉਸ ਦੀ ਲੜੀਵਾਰ ਲਿਖਤ ‘ਟੈਕਸੀਨਾਮਾ’ ਕੁਝ ਸਮਾਂ ਪਹਿਲਾਂ ਪੜ੍ਹ ਚੁਕੇ ਹਨ। ‘ਹਾਊਸ-ਵਾਈਫ’ ਨਾਂ ਦੀ ਇਸ ਕਹਾਣੀ ਵਿਚ ਉਸ ਨੇ ਬੰਦੇ ਦੇ ਮਨ ਅੰਦਰਲੀਆਂ ਪਰਤਾਂ ਅਤੇ ਬਣਦੀਆਂ-ਵਿਗਸਦੀਆਂ ਘੁੰਡੀਆਂ ਦੀ ਬਾਤ ਬਹੁਤ ਸੋਹਣੇ ਤਰੀਕੇ ਨਾਲ ਖੋਲ੍ਹੀ ਹੈ।

-ਸੰਪਾਦਕ

ਹਰਪ੍ਰੀਤ ਸੇਖਾ
ਫੋਨ: 778-231-1189

‘ਪਤਾ ਨ੍ਹੀਂ ਮਨਮੀਤ ਨੂੰ ਕੀ ਹੋ ਜਾਂਦੈ ਕਦੇ-ਕਦੇ?’ ਇਹ ਪ੍ਰਸ਼ਨ ਅੱਜ ਦਿਨੇ ਕੰਮ ‘ਤੇ ਵੀ ਕਈ ਵਾਰ ਮੇਰੇ ਮਨ ਵਿਚ ਆਇਆ ਸੀ। ਕੰਮ ਤੋਂ ਘਰ ਆਉਂਦੇ ਵਕਤ ਵੀ ਮੈਨੂੰ ਉਸ ਦੀ ਚੁੱਪ ਚੁਭਦੀ ਰਹੀ। ਮਨਮੀਤ ਹੀ ਮੈਨੂੰ ਕੰਮ ‘ਤੇ ਛੱਡ ਕੇ ਆਉਂਦਾ ਹੈ ਤੇ ਉਹ ਹੀ ਲੈ ਕੇ ਆਉਂਦਾ ਹੈ। ਅਸੀਂ ਇਕ ਕਾਰ ਹੀ ਅਫੋਰਡ ਕਰ ਸਕਦੇ ਹਾਂ। ਆਮ ਤੌਰ ‘ਤੇ ਉਹ ਮੇਰੇ ਕਾਰ ਵਿਚ ਬੈਠਣ ਸਾਰ ਹੀ ਪੁੱਛੇਗਾ ਕਿ ਕਿਵੇਂ ਰਹੀ ਦਿਹਾੜੀ? ਜਾਂ ਕਹੇਗਾ ਕਿ ਥੱਕ ਗਈ ਹੋਵੇਂਗੀ? ਜਾਂ ਜੇ ਕਦੇ ਮੈਂ ਉਸ ਨੂੰ ਮੇਰੇ ਯੂਨਿਟ ਵਿਚ ਕਿਸੇ ਨਵੇਂ ਆਏ ਨੱਕ-ਚੜ੍ਹੇ ਮਰੀਜ਼ ਬਾਰੇ ਦੱਸ ਦਿਆਂ ਤਾਂ ਅਗਲੇ ਦਿਨ ਮੈਨੂੰ ਕੰਮ ਤੋਂ ਲੈਣ ਆਇਆ, ਉਸ ਮਰੀਜ਼ ਬਾਰੇ ਪੁੱਛੇਗਾ ਕਿ ਉਸ ਨੇ ਤੰਗ ਤਾਂ ਨਹੀਂ ਕੀਤਾ। ਮੇਰਾ ਹਾਲ-ਚਾਲ ਪੁੱਛ ਕੇ ਮੇਰੇ ਮੂਡ ਮੁਤਾਬਕ ਉਹ ਆਪਣੀ ਬੀਤੀ ਦਿਹਾੜੀ ਬਾਰੇ ਦੱਸੇਗਾ। ਜੇ ਮੈਂ ਜ਼ਿਆਦਾ ਥੱਕੀ ਹੋਵਾਂ ਤਾਂ ਉਹ ਬੜੇ ਹੀ ਉਤਸ਼ਾਹ ਨਾਲ ਦੱਸੇਗਾ ਕਿ ਉਸ ਦਿਨ ਸਾਡੇ ਬੱਚੇ ਕੈਵਿਨ ਨੇ ਨਵਾਂ ਕੀ ਸਿੱਖਿਆ। ਜੇ ਮੈਂ ਮਿਸਾਲ ਦੇਣੀ ਹੋਵੇ ਤਾਂ ਬਹੁਤ ਸਾਰੀਆਂ ਹੋਣਗੀਆਂ ਪਰ ਇਸ ਵਕਤ ਮੇਰੇ ਦਿਮਾਗ ਵਿਚ ਉਸ ਦਿਨ ਵਾਲੀ ਘਟਨਾ ਆ ਰਹੀ ਹੈ, ਜਿਸ ਦਿਨ ਕੈਵਿਨ ਨੇ ਆਟੇ ਵਾਲੇ ਪੀਪੇ ਖਾਲੀ ਕਰ ਦਿੱਤੇ ਸਨ।
ਉਸ ਦਿਨ ਮੇਰੇ ਮੁਰਝਾਏ ਚਿਹਰੇ ਨੂੰ ਦੇਖ ਕੇ ਉਸ ਨੇ ਅੰਦਾਜ਼ਾ ਲਾ ਲਿਆ ਹੋਵੇਗਾ ਕਿ ਮੇਰੀ ਜਾਨ ਮਰੀਜ਼ਾਂ ਨੇ ਬਾਰਾਂ ਘੰਟੇ ਸੂਲੀ ਟੰਗੀ ਰੱਖੀ ਹੋਵੇਗੀ। ਇਹ ਮੇਰੀ ਕਮਜ਼ੋਰੀ ਹੈ ਕਿ ਮੈਥੋਂ ਅਕੇਵਾਂ-ਥਕੇਵਾਂ ਲੁਕਾਅ ਨਹੀਂ ਹੁੰਦਾ ਤੇ ਮਨਮੀਤ ਦੀ ਖੂਬੀ ਹੈ ਕਿ ਮੇਰੀ ਹਾਲਤ ਮੇਰਾ ਚਿਹਰਾ ਦੇਖ ਕੇ ਬੁਝ ਲੈਂਦਾ ਹੈ। ਉਸ ਨੇ ਕਾਰ ਦਾ ਟਰੰਕ ਖੋਲ੍ਹ ਕੇ ਸੇਬ ਕੱਢਿਆ ਅਤੇ ਮੈਨੂੰ ਫੜ੍ਹਾ ਕੇ ਬੋਲਿਆ, “ਲੈ, ਐਪਲ ਖਾਹ, ਥੱਕੀ ਲਗਦੀ ਐਂ।” ਫੇਰ ਕਾਰ ਤੋਰਦਿਆਂ ਬੋਲਿਆ, “ਗਰੌਸਰੀ ਮੁੱਕੀ ਹੋਈ ਸੀ। ਮੈਂ ਲੈ ਆਇਆਂ। ਸੋਚਿਆ, ਕੈਵਿਨ ਦੀ ਆਊਟਿੰਗ ਹੋ ਜਾਵੇਗੀ…ਆਪਣਾ ਕੈਵਿਨ ਬਹੁਤ ਕਰੀਏਟਿਵ ਐ ਨੀਨੂੰ। ਬਹੁਤ ਜੀਨੀਅਸ। ਵੱਡਾ ਹੋ ਕੇ ਜ਼ਰੂਰ ਕੁਛ ਖਾਸ ਬਣੂ, ਦੇਖ ਲੀਂ। ਇਹਦੀ ਗੱਲ ਮੈਂ ਬਾਅਦ ‘ਚ ਸੁਣਾਉਨਾਂ, ਪਹਿਲਾਂ ਮੈਨੂੰ ਆਪਣੀ ਸ਼ੇਖੀ ਮਾਰ ਲੈਣ ਦੇਹ। ਅੱਜ ਮੈਂ ਯੂ-ਟਿਊਬ ਤੋਂ ਮੈਕਸੀਕਨ ਡਿਸ਼ ਬਣਾਉਣੀ ਸਿੱਖੀ ਐ। ਬਹੁਤ ਸਵਾਦ ਬਣੀ ਐ। ਮੈਂ ਕਹਿਨਾਂ, ਪਹਿਲਾਂ ਘਰ ਜਾ ਕੇ ਉਹੀ ਖਾਈਂ, ਚਾਹ ਫੇਰ ਪੀ ਲਵੀਂ।” ਮਨਮੀਤ ਦੀਆਂ ਇਨ੍ਹਾਂ ਗੱਲਾਂ ਨਾਲ ਮੇਰਾ ਅਕੇਵਾਂ-ਥਕੇਵਾਂ ਮਿੰਟਾਂ ਸਕਿੰਟਾਂ ਅੰਦਰ ਦੂਰ ਹੋਣ ਲੱਗਾ।
“ਮੇਰੇ ਏਸ ਗੁੱਗੂ ਨੇ ਕੀ ਕਰੀਏਟਿਵ ਕੀਤਾ ਅੱਜ?” ਮੈਂ ਕੈਵਿਨ ਦਾ ਨੱਕ ਫੜ੍ਹਦੀ ਨੇ ਪੁੱਛਿਆ। “ਉਹ ਐਕਸਪਲੇਨ ਕਰਨ ਵਾਲੀ ਗੱਲ ਨਹੀਂ, ਦੇਖ ਕੇ ਹੀ ਪਤਾ ਲੱਗਦਾ। ਪਤਾ ਨ੍ਹੀਂ ਇਹਦਾ ਐਨਾ ਦਿਮਾਗ ਕਿਵੇਂ ਆ, ਕਿਵੇਂ ਸੁਝਦੀਆਂ ਏਸ ਨੂੰ ਇਸ ਤਰ੍ਹਾਂ ਦੀਆਂ ਸ਼ਰਾਰਤਾਂ?” ਮਨਮੀਤ ਬੋਲਿਆ।
ਮੇਰਾ ਜੀਅ ਕਰਨ ਲੱਗਾ ਕਿ ਮੀਤ ਛੇਤੀ ਦੱਸੇ ਪਰ ਮੈਨੂੰ ਲੱਗਾ ਕਿ ਉਹ ਪਹਿਲਾਂ ਮੇਰਾ ਮੂਡ ਠੀਕ ਕਰਨਾ ਚਾਹੁੰਦਾ ਸੀ। ਉਹ ਕੁਝ ਦੇਰ ਏਸੇ ਤਰ੍ਹਾਂ ਦੀਆਂ ਗੱਲਾਂ ਕਰਦਾ ਰਿਹਾ ਤੇ ਮੇਰੇ ਦੁਬਾਰਾ ਪੁੱਛਣ ‘ਤੇ ਉਸ ਨੇ ਦੱਸਿਆ ਕਿ ਜਦ ਉਹ ਯੂ-ਟਿਊਬ ‘ਤੇ ਮੈਕਸੀਕਨ ਡਿਸ਼ ਸਿੱਖ ਰਿਹਾ ਸੀ, ਉਸ ਵੇਲੇ ਕੈਵਿਨ ਨੇ ਕਪਬੋਰਡ ‘ਚ ਪਏ ਆਟੇ ਵਾਲੇ ਪੀਪੇ ਦਾ ਢੱਕਣ ਕਿਸੇ ਤਰ੍ਹਾਂ ਖੋਲ੍ਹ ਲਿਆ। ਪੀਪੇ ਵਿਚ ਪਈ ਕੌਲੀ ਨਾਲ ਆਟਾ ਪਲੇਟ ਵਿਚ ਪਾਇਆ, ਫਿਰ ਉਸ ਨਾਲ ਖੇਡਣ ਲੱਗ ਪਿਆ। ਆਟੇ ਦੀ ਮੁੱਠੀ ਭਰ ਕੇ ਉਪਰ ਉਛਾਲੇ ਤੇ ਫੇਰ ਖਿੜ-ਖਿੜਾ ਕੇ ਹੱਸ ਪਵੇ। ਫੇਰ ਹੋਰ ਆਟਾ ਪੀਪੇ ਵਿਚੋਂ ਕੱਢ ਲਵੇ। ਜਦ ਮਨਮੀਤ ਦਾ ਧਿਆਨ ਉਧਰ ਗਿਆ ਤਾਂ ਉਹ ਆਪਣੇ ਫੋਨ ਨਾਲ ਕੈਵਿਨ ਦੀ ਇਉਂ ਕਰਦੇ ਦੀ ਮੂਵੀ ਬਣਾਉਣ ਲੱਗ ਪਿਆ। ਮਨਮੀਤ ਨੇ ਆਪਣਾ ਫੋਨ ਮੈਨੂੰ ਦਿੱਤਾ ਅਤੇ ਮੂਵੀ ਦੇਖਣ ਲਈ ਕਿਹਾ। ਮੂਵੀ ਵਿਚ ਕੈਵਿਨ ਨੂੰ ਇਸ ਤਰ੍ਹਾਂ ਹੱਸਦਾ ਦੇਖ ਕੇ ਮੈਨੂੰ ਵੀ ਹਾਸਾ ਆ ਗਿਆ। ਜੇ ਮੀਤ ਦੀ ਥਾਂ ਮੈਂ ਘਰ ਹੁੰਦੀ, ਮੈਨੂੰ ਇਹ ਸਭ ਕਰੀਏਟਿਵ ਨਹੀਂ ਸੀ ਲੱਗਣਾ, ਤੇ ਨਾ ਹੀ ਮੈਂ ਇਹ ਮੂਵੀ ਬਣਾ ਸਕਣੀ ਸੀ। ਮੈਂ ਕੈਵਿਨ ਨੂੰ ਦੋਹਾਂ ਮੋਢਿਆਂ ਤੋਂ ਫੜ੍ਹ ਕੇ ਚੁੱਕਣਾ ਸੀ ਅਤੇ ਵਾਸ਼ਰੂਮ ਵਿਚ ਲਿਜਾ ਜੇ ਟਾਇਲਟ ਸੀਟ ‘ਤੇ ਬਿਠਾ ਦੇਣਾ ਸੀ। ਫਿਰ ਉਸ ਨੂੰ ਅੱਖਾਂ ਦਿਖਾ ਕੇ ਉਸ ਦੀ ਕਲਾਸ ਲਾਉਣੀ ਸੀ। ਬਾਅਦ ਵਿਚ ਆਟਾ ਸਾਫ ਕਰਦੀ ਨੇ ਮਨਮੀਤ ਨੂੰ ਸ਼ਲੋਕ ਸੁਣਾਉਣੇ ਸਨ ਕਿ ਉਸ ਨੇ ਆਟੇ ਵਾਲੇ ਪੀਪੇ ਦਾ ਢੱਕਣ ਸੰਵਾਰ ਕੇ ਕਿਉਂ ਨਹੀਂ ਸੀ ਲਾਇਆ। ਮਨਮੀਤ ਨੇ ਸਾਰਾ ਆਟਾ ਸਾਫ ਵੀ ਕੀਤਾ। ਕੈਵਿਨ ਨੂੰ ਵੀ ਦੁਬਾਰਾ ਨੁਹਾਇਆ ਅਤੇ ਮੈਕਸੀਕਨ ਡਿਸ਼ ਵੀ ਬਣਾਈ, ਗਰੌਸਰੀ ਵੀ ਖਰੀਦ ਲਿਆਇਆ ਤੇ ਬਾਅਦ ਵਿਚ ਮੇਰਾ ਮੂਡ ਠੀਕ ਕਰਨ ਖਾਤਰ ਕੈਵਿਨ ਦੀ ਇਸ ਸ਼ਰਾਰਤ ਨੂੰ ਕਰੀਏਟਿਵ ਵੀ ਦੱਸਿਆ।
ਇਹ ਤਾਂ ਕਿਸੇ ਹੋਰ ਦਿਨ ਦੀ ਗੱਲ ਸੀ ਪਰ ਅੱਜ ਉਸ ਨੇ ਕੋਈ ਵੀ ਗੱਲ ਨਹੀਂ ਸੀ ਕੀਤੀ। ਮੈਂ ਜਦ ਕਾਰ ਵਿਚ ਬੈਠੀ, ਉਸ ਨੇ ਚੁੱਪ ਚਾਪ ਕਾਰ ਤੋਰ ਲਈ। ਘਰ ਪਹੁੰਚ ਕੇ ਉਸ ਨੇ ਕੈਵਿਨ ਨੂੰ ਵੀ ਕਾਰ ਦੀ ਮਗਰਲੀ ਸੀਟ ‘ਤੇ ਲੱਗੀ ਬੇਬੀ ਸੀਟ ਵਿਚੋਂ ਨਹੀਂ ਕੱਢਿਆ। ਕਾਰ ਦਾ ਸਟੇਅਰਿੰਗ ਫੜ੍ਹੀ ਬੈਠਾ ਰਿਹਾ। ਬੋਲਿਆ, “ਮੈਂ ਕਿਸੇ ਦੀ ਕਾਰ ਦੀ ਇੰਸ਼ੋਰੈਂਸ ਕਰਨ ਜਾਣਾ। ਚਾਹ ਬਣੀ ਪਈ ਐ, ਜੇ ਠੰਢੀ ਹੋ ਗਈ ਤਾਂ ਮਾਈਕਰੋਵੇਵ ‘ਚ ਗਰਮ ਕਰ ਲਵੀਂ।”
ਮੈਂ ਕੈਵਿਨ ਨੂੰ ਸੀਟ ‘ਚੋਂ ਕੱਢਿਆ ਅਤੇ ਥੱਕੇ ਪੈਰੀਂ ਘਰ ਅੰਦਰ ਚਲੀ ਗਈ। ਆਮ ਦਿਨੀਂ ਤਾਂ ਮਨਮੀਤ ਨੇ ਹੀ ਕੈਵਿਨ ਨੂੰ ਬਾਹਰ ਕੱਢਣਾ ਸੀ। ਮੈਂ ਸਿੱਧਾ ਵਾਸ਼ਰੂਮ ਵਿਚ ਜਾਣਾ ਸੀ। ਨਹਾ ਕੇ ਕੱਪੜੇ ਬਦਲਣੇ ਸਨ। ਫਿਰ ਕੈਵਿਨ ਨਾਲ ਲਾਡ ਕਰਨਾ ਸੀ। ਉਸ ਤੋਂ ਬਾਅਦ ਆਰਾਮ ਨਾਲ ਬੈਠ ਕੇ ਮੈਂ ਤੇ ਮਨਮੀਤ ਨੇ ਚਾਹ ਪੀਣੀ ਸੀ। ਕੰਮ ਵਾਲੇ ਕੱਪੜਿਆਂ ਨਾਲ ਕੈਵਿਨ ਨਾਲ ਖੇਡਣਾ ਮੈਨੂੰ ਚੰਗਾ ਨ੍ਹੀਂ ਲਗਦਾ। ਮੈਨੂੰ ਲਗਦਾ ਰਹਿੰਦਾ ਹੈ ਕਿ ਇਨ੍ਹਾਂ ਕੱਪੜਿਆਂ ਵਿਚ ਅਨੇਕਾਂ ਮਰੀਜ਼ਾਂ ਦੇ ਅਨੇਕਾਂ ਜਰਮ ਹੋਣਗੇ, ਪਰ ਮਨਮੀਤ ਅੱਜ ਇਨ੍ਹਾਂ ਗੱਲਾਂ ਦੀ ਪ੍ਰਵਾਹ ਕੀਤੇ ਬਿਨਾ ਚਲਾ ਗਿਆ। ਮੈਨੂੰ ਮਨਮੀਤ ‘ਤੇ ਖਿਝ ਆਈ। ਚਿੱਤ ‘ਚ ਆਈ ਕਿ ਉਹ ਕੁਝ ਠਹਿਰ ਕੇ ਨਹੀਂ ਸੀ ਜਾ ਸਕਦਾ? ਹੁਣ ਕਿਵੇਂ ਨਹਾਵਾਂ? ਕੈਵਿਨ ਨੂੰ ਇਕੱਲਾ ਵੀ ਤਾਂ ਨਹੀਂ ਛੱਡਿਆ ਜਾ ਸਕਦਾ। ਇਸ ਨੇ ਤਾਂ ਸਕਿੰਟਾਂ ਵਿਚ ਹੇਠਲੀ ਉਤੇ ਕਰ ਦੇਣੀ ਹੁੰਦੀ ਹੈ। ਚਿੱਤ ‘ਚ ਆਈ ਕਿ ਇਸ ਨੂੰ ਨਾਲ ਹੀ ਵਾਸ਼ਰੂਮ ਵਿਚ ਲੈ ਜਾਵਾਂ। ਇਹ ਖਿਆਲ ਮੈਂ ਝਟਕ ਦਿੱਤਾ। ਮਹੀਨਾ ਕੁ ਪਹਿਲਾਂ ਮੈਂ ਇਸ ਨੂੰ ਇਉਂ ਵਾਸ਼ਰੂਮ ਵਿਚ ਨਾਲ ਲਿਜਾਣਾ ਛੱਡ ਦਿੱਤਾ ਹੈ। ਇਹ ਮੇਰੇ ਸਰੀਰ ਨੂੰ ਦੇਖ ਕੇ ਅਜੀਬ ਪ੍ਰਸ਼ਨ ਪੁਛਣ ਲੱਗਦਾ ਸੀ। ਮੈਨੂੰ ਬੜਾ ਅਨਕੰਫਰਟੇਬਲ ਮਹਿਸੂਸ ਹੁੰਦਾ।
ਕੈਵਿਨ ਨੂੰ ਵਾਸ਼ਰੂਮ ਦੇ ਦਰਵਾਜ਼ੇ ਕੋਲ ਬਿਠਾਇਆ, ਆਪਣੇ ਆਈ ਫੋਨ ‘ਤੇ ਗੇਮ ਦੇ ਆਹਰ ਲਾ ਕੇ ਮੈਂ ਸ਼ਾਵਰ ਲੈਣ ਲੱਗੀ। ਵਿਚ ਵਿਚ ਮੈਂ ਕੈਵਿਨ ਨੂੰ ਵੀ ਆਵਾਜ਼ ਮਾਰ ਲੈਂਦੀ, ਇਹ ਪੱਕਾ ਕਰਨ ਲਈ ਕਿ ਉਹ ਉਥੇ ਹੀ ਬੈਠਾ ਹੈ। ਛੇਤੀ ਛੇਤੀ ਨਹਾ ਕੇ ਮੈਂ ਬਾਹਰ ਆਈ। ਕਿਚਨ ਵਾਲਾ ਸਿੰਕ ਲਿਬੜੇ ਭਾਂਡਿਆਂ ਨਾਲ ਭਰਿਆ ਪਿਆ ਸੀ। ਫਰਿਜ ਖੋਲ੍ਹ ਕੇ ਦੇਖੀ। ਸ਼ਾਮ ਦੇ ਖਾਣੇ ਦਾ ਵੀ ਕੋਈ ਪ੍ਰਬੰਧ ਨਹੀਂ ਸੀ ਕੀਤਾ ਲਗਦਾ। ਮੇਰੇ ਅੰਦਰ ਖਿਝ ਚੜ੍ਹਨ ਲੱਗੀ। ਮੈਂ ਆਪਣੇ ਆਪ ਨੂੰ ਕੰਟਰੋਲ ਕੀਤਾ। ਚਾਹ ਵਾਲਾ ਕੱਪ ਚੁੱਕਿਆ ਅਤੇ ਫੈਮਲੀ ਰੂਮ ਵਿਚ ਜਾ ਬੈਠੀ। ਚਾਹ ਪੀਂਦੀ ਸੋਚਣ ਲੱਗੀ, ‘ਚੱਕਰ ਕੀ ਹੈ?’ ਮੈਂ ਸੋਚੀਂ ਪੈ ਗਈ। ਪਿਛਲੇ ਦਿਨੀਂ ਕੋਈ ਖਾਸ ਗੱਲ ਵੀ ਤਾਂ ਨਹੀਂ ਸੀ ਹੋਈ। ਕੋਈ ਬਹਿਸ ਵੀ ਨਹੀਂ ਸੀ ਹੋਈ। ਮੈਂ ਵੀ ਖਿਝ ਕੇ ਕੋਈ ਗੱਲ ਮੂੰਹ ‘ਤੇ ਨਹੀਂ ਸੀ ਮਾਰੀ।
ਹਾਂ, ਮਨਮੀਤ ਦੇ ਦੋਸਤ, ਰਿੰਕੂ ਦਾ ਵੱਡਾ ਭਰਾ ਜਸਦੇਵ ਦੋ ਕੁ ਦਿਨ ਸਾਡੇ ਕੋਲ ਰਹਿ ਕੇ ਗਿਆ ਸੀ। ਉਹ ਇੰਡੀਆ ਤੋਂ ਆਇਆ ਸੀ, ਟੋਰਾਂਟੋ ਕਿਸੇ ਪੰਜਾਬੀ ਕਾਨਫਰੰਸ ਵਿਚ ਔਰਤਾਂ ਦੀ ਬਰਾਬਰੀ ਦੇ ਹੱਕ ਵਿਚ ਕੋਈ ਪੇਪਰ ਵਗੈਰਾ ਪੜ੍ਹਨ। ਟੋਰਾਂਟੋ ਤੋਂ ਏਧਰ ਘੁੰਮਣ-ਫਿਰਨ ਵੈਨਕੂਵਰ ਆ ਗਿਆ, ਪਰ ਉਸ ਨਾਲ ਤਾਂ ਮਨਮੀਤ ਖੁਸ਼ ਸੀ। ਉਸ ਨੂੰ ਤਾਂ ‘ਵੀਰ ਜੀ ਵੀਰ ਜੀ’ ਕਰਦਾ ਸੀ। ‘ਸ਼ਾਇਦ ਉਸ ਨੂੰ ਮਿਸ ਕਰਦਾ ਹੋਵੇ?’ ਮੇਰੇ ਮਨ ਵਿਚ ਆਇਆ। ਜੇ ਮਿਸ ਕਰਦਾ ਹੁੰਦਾ ਤਾਂ ਉਸ ਨੇ ਮੇਰੇ ਨਾਲ ਇਸ ਤਰ੍ਹਾਂ ਦਾ ਕਿਉਂ ਵਿਹਾਰ ਕਰਨਾ ਸੀ। ਇਹ ਤਾਂ ਨ੍ਹੀਂ ਕੋਈ ਗੱਲ, ਕੋਈ ਹੋਰ ਕਾਰਨ ਹੋਵੇਗਾ? ਮੈਂ ਸੋਚਿਆ। ਕੱਲ੍ਹ ਦੀ ਰਾਤ ਵੀ ਇਸ ਦੀ ਚੁੱਪ ਨੇ ਬਰਬਾਦ ਕਰ ਦਿੱਤੀ ਸੀ।
ਕੱਲ੍ਹ ਮੇਰੀ ਕੰਮ ਤੋਂ ਛੁੱਟੀ ਦਾ ਦਿਨ ਸੀ। ਮੈਂ ਕੈਵਿਨ ਨੂੰ ਜਲਦੀ ਸੰਵਾ ਕੇ ਜਕੂਜ਼ੀ ਪਾਣੀ ਨਾਲ ਭਰੀ ਸੀ। ਪਾਣੀ ਵਿਚ ਗੁਲਾਬ ਦੀ ਮਹਿਕ ਵਾਲੀ ਝੱਗ ਬਣਾਈ ਸੀ। ਮੋਮਬੱਤੀ ਬਾਲੀ ਸੀ। ਹਲਕਾ ਜਿਹਾ ਸੰਗੀਤ ਫੋਨ ‘ਤੇ ਚਲਾਇਆ ਸੀ। ਆਪਣੇ ਕੇਸਾਂ ਨੂੰ ਸਿਰ ਉਪਰ ਜੂੜਾ ਬਣਾ ਕੇ ਬੰਨ੍ਹਿਆ ਸੀ। ਇਹ ਸਭ ਮੈਂ ਹੌਲੀ ਹੌਲੀ ਤਿਆਰੀ ਕੀਤੀ ਸੀ। ਕੈਵਿਨ ਨੇ ਸੌਣ ਲਈ ਦੇਰ ਲਾ ਦਿੱਤੀ ਸੀ। ਮਨਮੀਤ ਵੀ ਬਿਸਤਰੇ ਵਿਚ ਵੜ ਗਿਆ ਸੀ, ਪਰ ਉਸ ਦਾ ਮੈਨੂੰ ਪਤਾ ਸੀ ਕਿ ਉਹ ਤਾਂ ਇਹ ਸਭ ਦੇਖ ਕੇ ਰਜਾਈ ਵਗਾਹ ਮਾਰੇਗਾ, ਪਰ ਉਸ ਨੇ ਇਸ ਤਰ੍ਹਾਂ ਨਹੀਂ ਸੀ ਕੀਤਾ। ਉਸ ਨੇ ਤਾਂ ਪਾਸਾ ਪਰਤ ਲਿਆ। ਮੈਨੂੰ ਯਕੀਨ ਹੀ ਨਹੀਂ ਸੀ ਹੋਇਆ। ਸਾਰੀ ਤਿਆਰੀ ਤੋਂ ਬਾਅਦ ਮੈਂ ਉਸ ਦੇ ਕੰਨ ਨੂੰ ਚੁੰਮ ਕੇ ਕਿਹਾ ਸੀ, “ਮੇਰੇ ਮੀਤ, ਮਾਈ ਲਵ ਅੱਖਾਂ ਖੋਲ੍ਹ।” ਮਨਮੀਤ ਨੇ ਅੱਖਾਂ ਖੋਲ੍ਹੀਆਂ। ਮੈਂ ਛੋਟੇ ਕੱਪੜਿਆਂ ਵਿਚ ਸੀ। ਮੈਂ ਵਾਸ਼ਰੂਮ ਵੱਲ ਇਸ਼ਾਰਾ ਕੀਤਾ, ਜਿਥੇ ਜਕੂਜ਼ੀ ਵਿਚ ਪਾਣੀ ਖੌਲ ਰਿਹਾ ਸੀ। ਪਿਘਲ ਰਹੀ ਮੋਮਬੱਤੀ ਦੀ ਮਹਿਕ ਸੀ। ਮਨਮੀਤ ਨੇ ਇਕ ਵਾਰ ਓਧਰ ਦੇਖਿਆ, ਫਿਰ ਬੋਲਿਆ, “ਮੇਰਾ ਸਿਰ ਦੁਖਦਾ।”
“ਲਿਆ ਦਬਾ ਦਿਆਂ”, ਆਖਦੀ ਮੈਂ ਉਸ ਦੇ ਨੇੜੇ ਹੋਈ, ਪਰ ਉਸ ਨੇ ‘ਪਲੀਜ਼…’ ਆਖਦੇ ਨੇ ਪਾਸਾ ਪਰਤ ਲਿਆ। ਉਸ ਦੀ ਇਹ ਲੰਮੀ ‘ਪਲੀਜ਼’ ਮੈਨੂੰ ਲੱਗਾ ਜਿਵੇਂ ਆਖ ਰਿਹਾ ਹੋਵੇ, ‘ਲੀਵ ਮੀ ਅਲੋਨ।’ ਮੈਂ ਅਵਾਕ ਖੜ੍ਹੀ ਰਹੀ। ਮਨਮੀਤ ਦਾ ਇਸ ਤਰ੍ਹਾਂ ਦਾ ਰੀਐਕਸ਼ਨ ਤਾਂ ਮੈਂ ਚਿਤਵਿਆ ਹੀ ਨਹੀਂ ਸੀ। ਫਿਰ ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ, “ਯੂ ਆਰ ਬੋਰਿੰਗ।” ਉਸ ਨੇ ਰਜਾਈ ਆਪਣੇ ਕੰਨਾਂ ਉਪਰ ਕਰ ਲਈ। ਸ਼ੁਕਰ ਹੈ ਕਿ ਮੇਰੇ ਐਵੋਲੂਸ਼ਨ ਵਾਲੇ ਦਿਨ ਚੱਲ ਰਹੇ ਹਨ। ਇਨ੍ਹਾਂ ਦਿਨਾਂ ਵਿਚ ਮੈਨੂੰ ਬਹੁਤੀ ਖਿਝ ਨਹੀਂ ਚੜ੍ਹਦੀ। ਜੇ ਕਿਤੇ ਪੀਰੀਅਡ ਵਾਲੇ ਦਿਨ ਹੁੰਦੇ ਤਾਂ ਮੈਂ ਇਸ ਦੀ ਰਜਾਈ ਪਰ੍ਹਾਂ ਵਗਾਹ ਮਾਰਨੀ ਸੀ। ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਦਿਨਾਂ ਵਿਚ ਮੈਂ ਇਹ ਸਾਰਾ ਪ੍ਰਬੰਧ ਵੀ ਨਹੀਂ ਸੀ ਕਰਨਾ।
ਮੈਂ ਵਾਪਸ ਵਾਸ਼ਰੂਮ ਵਿਚ ਗਈ। ਸੁਗੰਧ ਵਾਲੀ ਮੋਮਬੱਤੀ ਨੂੰ ਫੂਕ ਮਾਰੀ। ਜਕੂਜ਼ੀ ਦੇ ਖੌਲ ਰਹੇ ਪਾਣੀ ਨੂੰ ਜਕੂਜ਼ੀ ਦੀ ਮੋਟਰ ਬੰਦ ਕਰ ਕੇ ਸ਼ਾਂਤ ਕੀਤਾ ਤੇ ਝੱਗ ਵਾਲੇ ਪਾਣੀ ਨੂੰ ਡਰੇਨ ਕਰ ਦਿੱਤਾ। ਮੈਨੂੰ ਆਪਣਾ ਆਪ ਹਾਰਿਆ ਹੋਇਆ ਲੱਗਾ। ਨਾਈਟੀ ਪਾ ਕੇ ਮੈਂ ਫੈਮਲੀ ਰੂਮ ਵਿਚ ਟੀ. ਵੀ. ਮੂਹਰੇ ਜਾ ਬੈਠੀ। ਜੀਅ ਕੀਤਾ ਕਿ ਮਨਮੀਤ ਨੂੰ ਝੰਜੋੜ ਕੇ ਬਿਸਤਰੇ ਵਿਚੋਂ ਕੱਢਾਂ ਤੇ ਪੁੱਛਾਂ ਕਿ ਮੇਰਾ ਦਿਨ ਕਿਉਂ ਖਰਾਬ ਕੀਤਾ? ਮਸਾਂ ਪੰਜਾਂ ਦਿਨਾਂ ਬਾਅਦ ਛੁੱਟੀ ਆਈ ਸੀ, ਕੰਮ ‘ਤੇ ਬਾਰਾਂ ਘੰਟੇ ਦੀ ਸ਼ਿਫਟ ਕਰਦਿਆਂ। ਦਿਨੇ ਸਾਰਾ ਦਿਨ ਕੈਵਿਨ ਨੇ ਭੂਤਨੀ ਭੁਲਾ ਦਿੱਤੀ ਸੀ। ‘ਟੈਰੀਬਲ ਟੂ’ ਵਾਲੀ ਅਖਾਣ ਮੈਨੂੰ ਲਗਦਾ ਕਿਸੇ ਨੇ ਕੈਵਿਨ ਵਰਗੇ ਨਿਆਣੇ ਨੂੰ ਵੇਖ ਕੇ ਹੀ ਬਣਾਈ ਹੋਵੇਗੀ। ਕੈਵਿਨ ਆਪਣੀ ਉਮਰ ਦਾ ਦੂਜਾ ਵਰ੍ਹਾ ਪਾਰ ਕਰ ਗਿਆ ਹੈ। ਹੁਣ ਸਗੋਂ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਸ਼ਰਾਰਤੀ ਹੋ ਗਿਆ ਹੈ। ਮੈਂ ਸਵੇਰੇ ਬਿਸਤਰੇ ਵਿਚ ਹੋਰ ਪਈ ਰਹਿਣਾ ਚਾਹੁੰਦੀ ਸਾਂ। ਸਾਰੇ ਹਫਤੇ ਦੀ ਨੀਂਦ ਪੂਰੀ ਕਰਨਾ ਚਾਹੁੰਦੀ ਸਾਂ। ਅੰਗ ਅਲਸਾਏ ਪਏ ਸੀ, ਪਰ ਇਹ ਆਪਣੇ ਕਰਿਬ ਵਿਚ ਬੈਠਾ ਖਿਡੌਣਿਆਂ ਨਾਲ ਖੇਡਣ ਲੱਗਾ। ਇਹ ਖਿਡੌਣੇ ਬਾਰਨੀ ਦੇ ਢਿੱਡ ਨੂੰ ਹੱਥ ਲਾਉਂਦਾ, ਉਹ ਆਵਾਜ਼ ਕੱਢਦਾ, ‘ਹਗ ਮੀ ਅਗੇਨ।’ ਇਹ ਫਿਰ ਉਸ ਦੇ ਹੱਥ ਲਾਉਂਦਾ, ਉਹ ਹੋਰ ਆਵਾਜ਼ ਕੱਢਦਾ, ‘ਯੂ ਆਰ ਸੁਪਰ ਡੀ ਡੁਪਰ।’ ਇਹ ਫਿਰ ਹੱਥ ਲਾਉਂਦਾ, ਉਹ ਹੋਰ ਆਵਾਜ਼ ਕੱਢਦਾ, ‘ਯੂ ਆਰ ਸਟੂਪੈਂਡਿਸ।’
ਮੇਰੀ ਨੀਂਦ ਖੁਲ੍ਹ ਗਈ ਸੀ, ਪਰ ਮੈਂ ਉਵੇਂ ਹੀ ਪਈ ਰਹੀ। ਪਹਿਲਾਂ ਸਵੇਰੇ ਵੀ ਤਿੰਨ ਵਜੇ ਨੀਂਦ ਖੁਲ੍ਹੀ ਸੀ, ਜਦੋਂ ਮੀਤ ਕੰਮ ‘ਤੇ ਜਾਣ ਲਈ ਤਿਆਰ ਹੁੰਦਾ ਸੀ। ਹੁਣ ਇਸ ਬਾਂਦਰ ਨੇ ਜਗਾ ਦਿੱਤਾ। ਪਈ ਪਈ ਕੈਵਿਨ ਨੂੰ ਖੇਡਦੇ ਨੂੰ ਦੇਖਦੀ ਰਹੀ। ਫਿਰ ਉਹ ਬਾਰਨੀ ਦੇ ਮਾਰਨ ਲੱਗ ਪਿਆ। ਬਾਰਨੀ ਨੇ ਪਹਿਲੀ ਆਵਾਜ਼ ਪੂਰੀ ਵੀ ਨਾ ਕੀਤੀ ਹੁੰਦੀ, ਇਹ ਉਸ ਦੇ ਹੋਰ ਮਾਰ ਦਿੰਦਾ। ਇਸ ਤਰ੍ਹਾਂ ਆਵਾਜ਼ਾਂ ਇਕ ਦੂਜੀ ਵਿਚ ਰਲਗਡ ਹੋ ਰਹੀਆਂ ਸਨ ਤੇ ਕੈਵਿਨ ਖਿੜ ਖਿੜਾ ਕੇ ਹੱਸ ਰਿਹਾ ਸੀ। ਜਦੋਂ ਉਹ ਇਸ ਤੋਂ ਅੱਕ ਗਿਆ ਤਾਂ ਉਸ ਨੇ ਛੋਟੀ ਬਾਲ ਚੁੱਕ ਲਈ। ਇਸ ਦਾ ਇਹ ਭੋਰਾ ਵਿਸਾਹ ਨਹੀਂ ਖਾਂਦਾ। ਇਹ ਛੋਟੀ ਤੇ ਪੋਲੀ ਜਿਹੀ ਹੈ, ਜਦੋਂ ਇਸ ਨੂੰ ਨੱਪੋ, ਇਹ ਮੀਂ ਮੀਂ ਦੀ ਆਵਾਜ਼ ਕੱਢਦੀ ਹੈ। ਬਾਲ ਦੀ ਦੋ ਕੁ ਵਾਰ ਮੀਂ ਮੀਂ ਕਰਵਾ ਕੇ ਉਸ ਨੇ ਗੇਂਦ ਮੇਰੇ ਵੱਲ ਸੁੱਟ ਦਿੱਤੀ। ਇਹ ਤਾਂ ਮੈਂ ਜਾਗਦੀ ਸਾਂ, ਨਹੀਂ ਤਾਂ ਆ ਕੇ ਅੱਖ-ਮੂੰਹ ‘ਤੇ ਵੱਜਣੀ ਸੀ। ਮੈਂ ਉਸ ਨੂੰ ਕਰਿਬ ਵਿਚੋਂ ਕੱਢ ਕੇ ਆਪਣੇ ਨਾਲ ਪਾ ਲਿਆ, ਪਰ ਇਹ ਆਪਣੀ ਨੀਂਦ ਪੂਰੀ ਕਰ ਚੁਕਾ ਸੀ, ਇਸ ਨੇ ਕਿਥੇ ਸੌਣਾ ਸੀ। ਮੇਰੀ ਛਾਤੀ ‘ਤੇ ਉਂਗਲ ਲਾ ਕੇ ਉਵੇਂ ਹੀ ‘ਮੀਂ ਮੀਂ’ ਦੀ ਆਵਾਜ਼ ਕੱਢਣ ਲੱਗਾ, ਜਿਵੇਂ ਗੇਂਦ ਆਵਾਜ਼ ਕੱਢਦੀ ਸੀ। ਥੋੜ੍ਹੇ ਦਿਨਾਂ ਤੋਂ ਪਤਾ ਨ੍ਹੀਂ ਇਸ ਨੂੰ ਕੀ ਨਵੀਂ ਖੇਡ ਲੱਭੀ ਹੈ, ਮੈਨੂੰ ਉਠਣਾ ਹੀ ਪਿਆ। ਜਦ ਇਸ ਨੂੰ ਨਵ੍ਹਾਉਣ ਲੱਗੀ, ਇਹ ਪਾਣੀ ਨਾਲ ਖੇਡਣ ਲੱਗ ਪਿਆ। ‘ਆਪੇ ਆਪੇ’ ਆਖ ਕੇ ਮੇਰਾ ਹੱਥ ਪਰ੍ਹਾਂ ਕਰਨ ਲੱਗਾ। ਟੱਬ ‘ਚੋਂ ਮਸਾਂ ਕੱਢਿਆ ਤਾਂ ਜਾ ਕੇ ਵਾਸ਼ਿੰਗ ਮਸ਼ੀਨ ਦੀ ਸਵਿਚ ਮਰੋੜਨ ਲੱਗ ਪਿਆ। ਜਿਸ ਦਿਨ ਦਾ ਇਸ ਨੇ ਚਲਦੀ ਮਸ਼ੀਨ ਦਾ ਢੱਕਣ ਖੋਲ੍ਹਿਆ ਸੀ, ਉਸ ਦਿਨ ਤੋਂ ਅਸੀਂ ਮਸ਼ੀਨਾਂ ਵਰਤ ਕੇ ਉਨ੍ਹਾਂ ਦੇ ਪਲੱਗ ਕੱਢ ਦਿੰਨੇ ਹਾਂ, ਪਰ ਇਹ ਬਟਨ ਨੱਪਣੋਂ ਨਹੀਂ ਹਟਦਾ।
ਇਕ ਦਿਨ ਮਨਮੀਤ ਦੱਸੇ ਕਿ ਇਹ ਓਵਨ ਵਿਚ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਸ ਦਿਨ ਮਨਮੀਤ ਨੇ ਹੋਮ ਡੀਪੋ ਵਿਚੋਂ ਟਾਈਆਂ ਲਿਆ ਕੇ ਫਰਿਜ ਅਤੇ ਓਵਨ ਦੇ ਡੋਰਾਂ ਨੂੰ ਲਾਈਆਂ। ਨਾਲੇ ਸਾਰੇ ਬਿਜਲੀ ਦੇ ਪਲੱਗ ਕਵਰ ਕੀਤੇ। ਕੈਵਿਨ ਪਲੱਗਾਂ ਵਿਚ ਪੈਨੀਆਂ ਤੁੰਨਣ ਦੀ ਕੋਸ਼ਿਸ਼ ਕਰਦਾ। ਲਾਂਡਰੀ ਰੂਮ ਵਿਚੋਂ ਕੁਝ ਦੇਰ ਬਾਅਦ ਓਧਰੋਂ ਆਇਆ ਤਾਂ ਕਲੋਜ਼ਿਟਾਂ ਵਿਚੋਂ ਕੱਪੜੇ ਕੱਢਣ ਲੱਗ ਪਿਆ। ਫਿਰ ਕਪਬੋਰਡਾਂ ਵਿਚੋਂ ਭਾਂਡੇ। ਜਦੋਂ ਹਟਾਉਣ ਲਈ ਇਸ ਵੱਲ ਭੱਜੋ ਤਾਂ ਇਹ ਖਿੜ ਖਿੜਾ ਕੇ ਹੱਸਦਾ ਹੈ, ਨਾਲੇ ਮੂਹਰੇ ਭੱਜ ਲੈਂਦਾ ਹੈ। ਇਕ ਵਾਰ ਤਾਂ ਖਿਝੀ ਤੋਂ ਕੈਵਿਨ ਦਾ ਕੰਨ ਵੀ ਪੁੱਟਿਆ ਗਿਆ। ਉਸ ਨੇ ਚੀਕਾਂ ਮਾਰ ਕੇ ਛੱਤ ਸਿਰ ‘ਤੇ ਚੁੱਕ ਲਈ। ਸ਼ਾਮ ਤਕ ਮਸਾਂ ਲੋਗੋ ਨਾਲ ਖੇਡਣ ਲਾਇਆ। ਉਦੋਂ ਤਕ ਮੇਰੀ ਬੱਸ ਹੋ ਗਈ ਸੀ। ‘ਮੀਤਾ ਪਤਾ ਨ੍ਹੀਂ ਕਿਵੇਂ ਨਿੱਤ ਇਸ ਨਾਲ ਨਜਿੱਠਦਾ ਹੈ’, ਇਹ ਸੋਚਦਿਆਂ ਮੇਰਾ ਮਨ ਮੀਤ ਲਈ ਪਿਆਰ ਨਾਲ ਭਰ ਗਿਆ।
ਤੇ ਫਿਰ ਮੈਂ ਸੁਪਨੇ ਬੁਣਨ ਲੱਗੀ, ਉਸ ਸ਼ਾਮ ਲਈ ਮਨਮੀਤ ਦੇ ਸੰਗ। ਸੋਚਿਆ ਕਿ ਮਨਮੀਤ ਨੂੰ ਪੁੱਛਾਂ ਕਿ ਉਹ ਕਦੋਂ ਕੁ ਆ ਰਿਹਾ ਹੈ। ਉਸ ਨੂੰ ਫੋਨ ਕੀਤਾ ਤਾਂ ਉਸ ਨੇ ‘ਬਿਜ਼ੀ ਹਾਂ’ ਆਖ ਕੇ ਫੋਨ ਰੱਖ ਦਿੱਤਾ, ਪਰ ਇੰਨਾ ਜ਼ਰੂਰ ਦੱਸ ਦਿੱਤਾ ਕਿ ਰਾਤ ਵਾਲਾ ਡਰਾਈਵਰ ਦੋ ਕੁ ਘੰਟੇ ਲੇਟ ਲੱਗੇਗਾ, ਇਸ ਲਈ ਉਹ ਦੋ ਘੰਟੇ ਲੇਟ ਆਵੇਗਾ।
ਜਦੋਂ ਚੌਦਾਂ ਘੰਟੇ ਟੈਕਸੀ ਚਲਾ ਕੇ ਮਨਮੀਤ ਘਰ ਆਇਆ ਤਾਂ ਕੈਵਿਨ ਉਸ ਨੂੰ ਚੁੰਬੜ ਹੀ ਗਿਆ। ਮਨਮੀਤ ਨੇ ਉਸ ਨੂੰ ਆਪਣੇ ਨਾਲ ਘੁੱਟ ਲਿਆ, ਜਿਵੇਂ ਬਹੁਤ ਦੇਰ ਬਾਅਦ ਮਿਲਿਆ ਹੋਵੇ। ਮੇਰੇ ਵੱਲ ਉਸ ਨੇ ਦੇਖਿਆ ਵੀ ਨਾ। ਕੈਵਿਨ ਉਸ ਨੂੰ ਲੋਗੋ ਨਾਲ ਬਣਾਇਆ ਘਰ ਦਿਖਾਉਣ ਲੱਗਾ। ਮਨਮੀਤ ਨੇ ‘ਗੁੱਡ ਜੌਬ’ ਕਿਹਾ ਅਤੇ ਘਰ ਵੱਲ ਦੇਖਣ ਲੱਗਾ। ਫਿਰ ਬੋਲਿਆ, “ਕੈਵਿਨ ਤੂੰ ਇਸ ਪਾਸੇ ਪਿੰਕ ਕਲਰ ਦੇ ਬਹੁਤੇ ਲੋਗੋ ਲਾਏ ਆ, ਦੂਜੇ ਪਾਸੇ ਬਲੂ ਕਲਰ ਦਾ ਇਕ ਹੀ ਲਾਇਆ।” ਇਹ ਆਖ ਕੇ ਉਹ ਫਾਇਰ ਪਲੇਸ ਦੇ ਪਾਸੀਂ ਬਣੇ ਥਮਲਿਆਂ ਵੱਲ ਦੇਖਣ ਲੱਗਾ। ਇਹ ਥਮਲੇ ਸਫੇਦ ਹੀ ਹਨ।
ਜਦ ਮਨਮੀਤ ਦੀ ਮੰਮੀ ਇੰਡੀਆ ਤੋਂ ਸੁਪਰ ਵੀਜ਼ੇ ‘ਤੇ ਆਈ ਸੀ ਤਾਂ ਉਸ ਨੇ ਇਨ੍ਹਾਂ ਥਮਲਿਆਂ ਵੱਲ ਦੇਖ ਕੇ ਕਈ ਵਾਰ ਕਿਹਾ ਸੀ ਕਿ ਇਹ ਤਾਂ ਉਨ੍ਹਾਂ ਦੇ ਇੰਡੀਆ ਵਾਲੇ ਘਰ ਦੇ ਥਮਲਿਆਂ ਵਰਗੇ ਹੀ ਹਨ। ਫਿਰ ਇਕ ਦਿਨ ਕਹਿੰਦੀ, “ਇਹ ਚਿੱਟੇ ਓਪਰੇ ਜਿਹੇ ਲਗਦੇ ਆ, ਏਨ੍ਹਾਂ ਵਿਚ ਹੋਰ ਰੰਗ ਦੀਆਂ ਧਾਰੀਆਂ ਜਿਹੀਆਂ ਪਵਾ ਲਵੋ।” ਮੈਂ ਝੱਟ ਹੀ ਕਿਹਾ ਸੀ, “ਨਹੀਂ, ਏਦਾਂ ਹੀ ਸੋਹਣੇ ਲਗਦੇ ਆ ਸਾਨੂੰ ਤਾਂ।” ਆਪਣੀ ਮੰਮੀ ਦੇ ਪਾਸੇ ਹੋਏ ਤੋਂ ਮਨਮੀਤ ਕਹਿੰਦਾ, “ਜਦੋਂ ਅਸੀਂ ਇੰਡੀਆ ਵਾਲੇ ਘਰ ‘ਤੇ ਪੇਂਟ ਕਰਦੇ ਸੀ, ਉਦੋਂ ਮੰਮੀ ਵਿਚਾਰੇ ਆ ਕੇ ਕਹਿ ਬੈਠੇ ਕਿ ਏਨ੍ਹਾਂ ਥਮਲਿਆਂ ‘ਤੇ ਭਾਵੇਂ ਰੰਗਦਾਰ ਧਾਰੀਆਂ ਬਣਵਾ ਲਵੋ। ਡੈਡੀ ਰੰਗ ਕਰਨ ਵਾਲਿਆਂ ਦੇ ਸਾਹਮਣੇ ਹੀ ਮੰਮੀ ਨੂੰ ਭੱਜ ਕੇ ਪਏ, ਕਹਿੰਦੇ, ਜਾਹ ਤੂੰ ਆਵਦੀਆਂ ਰੋਟੀਆਂ ਪਕਾ ਓਧਰ ਜਾ ਕੇ।”
“ਨਹੀਂ, ਆਪਾਂ ਨ੍ਹੀਂ ਬਣਾਉਣੀਆਂ ਰੇਨਬੋ ਜਿਹੀਆਂ, ਮੈਨੂੰ ਨ੍ਹੀਂ ਸੋਹਣੀਆਂ ਲੱਗਦੀਆਂ।” ਮੈਂ ਕਿਹਾ। ਮਨਮੀਤ ਨੇ ਇਕ ਪਲ ਮੇਰੇ ਵੱਲ ਦੇਖਿਆ, ਫਿਰ ਟੀ. ਵੀ. ਵੱਲ ਦੇਖਣ ਲੱਗ ਪਿਆ। ਕੁਝ ਦੇਰ ਬਾਅਦ ਬੋਲਿਆ, “ਮੰਮੀ ਨੇ ਸਾਰੀ ਉਮਰ ਏਦਾਂ ਹੀ ਕੱਢ’ਤੀ। ਕਦੇ ਆਵਦੀ ਮਰਜ਼ੀ ਨ੍ਹੀਂ ਕਰ ਸਕੇ। ਨਾਲੇ ਡੈਡੀ ਦੇ ਬਰਾਬਰ ਤਨਖਾਹ ਸੀ।”
“ਸਾਡੀਆਂ ਮਾਂਵਾਂ ਨੇ ਚਮਲ੍ਹਾਏ ਹੋਏ ਸੀ ਸਾਡੇ ਪਿਉ। ਨਾ ਜੇ ਮੰਮੀ ਅੜ ਜਾਂਦੇ ਕਿ ਮੇਰਾ ਘਰ ਐ, ਮੈਂ ਤਾਂ ਏਦਾਂ ਹੀ ਪੇਂਟ ਕਰਵਾਉਣੈਂ ਤਾਂ ਕੀ ਕਰ ਲੈਂਦੇ ਡੈਡੀ। ਪਿਛਲੀ ਜਨਰੇਸ਼ਨ ਦੀਆਂ ਐਵੇਂ ਡਰਦੀਆਂ ਰਹਿੰਦੀਆਂ ਸੀ, ਘਰਵਾਲਿਆਂ ਤੋਂ।”
ਮੀਤ ਚੁੱਪ ਕਰ ਗਿਆ। ਏਹੀ ਇਹਦੀ ਖਰਾਬੀ ਹੈ ਕਿ ਚੁੱਪ ਕਰ ਜਾਂਦਾ ਹੈ, ਮੂਹਰੋਂ ਬੋਲਦਾ ਨਹੀਂ। ਇਕ ਵਾਰ ਮੈਂ ਬਾਹੋਂ ਫੜ੍ਹ ਕੇ ਕਿਹਾ ਕਿ ਮੂੰਹੋਂ ਬੋਲ ਕੁਛ, ਚੁੱਪ ਨਾ ਕਰ, ਤਾਂ ਕਹਿੰਦਾ, ਜੇ ਤੇਰੇ ਵਾਂਗੂ ਕੜਕ ਕੇ ਬੋਲਿਆ ਤਾਂ ਲੜਾਈ ਪਊ, ਕੀ ਫਾਇਦਾ। ਦੋ ਕੁ ਦਿਨ ਚੁੱਪ ਵੱਟ ਕੇ ਫਿਰ ਆਪ ਹੀ ਠੀਕ ਹੋ ਜਾਂਦਾ ਹੈ, ਪਰ ਜਦੋਂ ਮੰਮੀ ਦਾ ਸੁਪਰ ਵੀਜ਼ੇ ਲਈ ਅਪਲਾਈ ਕੀਤਾ ਸੀ, ਉਦੋਂ ਇਹ ਆਪਣੇ ਆਪ ਠੀਕ ਨਹੀਂ ਸੀ ਹੋਇਆ, ਸਗੋਂ ਇਸ ਨੇ ਕਰੜੀ ਆਵਾਜ਼ ਵਿਚ ਕਿਹਾ ਸੀ, “ਮੰਮੀ ਦਾ ਅਪਲਾਈ ਕਰਨਾ ਹੈ।” ਇਹ ਇਸ ਨੇ ਦੋ ਕੁ ਦਿਨਾਂ ਦੀ ਚੁੱਪ ਤੋਂ ਬਾਅਦ ਕਿਹਾ ਸੀ। ਉਦੋਂ ਇਸ ਦੀ ਚੁੱਪ ਦਾ ਕਾਰਨ ਮੈਨੂੰ ਸਮਝ ਨਹੀਂ ਸੀ ਆਇਆ, ਬਾਅਦ ਵਿਚ ਆਇਆ ਸੀ।
ਮੈਂ ਕੈਵਿਨ ਦੇ ਜਨਮ ਤੋਂ ਬਾਅਦ ਸਾਲ ਭਰ ਘਰ ਰਹਿ ਕੇ ਕੰਮ ‘ਤੇ ਜਾਣਾ ਸ਼ੁਰੂ ਕੀਤਾ ਸੀ ਤੇ ਕੁਝ ਦਿਨਾਂ ਬਾਅਦ ਸਾਨੂੰ ਸਟੋਰ ਵਿਚ ਮੇਰਾ ਕੁਲੀਗ ਨਰਸ ਟਰੈਵਰ ਮਿਲ ਪਿਆ। ਜਦੋਂ ਮੈਂ ਮਨਮੀਤ ਨਾਲ ਉਸ ਦੀ ਇੰਟਰੋ ਕਰਵਾਈ ਤਾਂ ਉਹ ਬੋਲਿਆ, “ਸੋ ਯੂ ਆਰ ਦਾ ਲੱਕੀ ਮੈਨ!” ਸੁਣ ਕੇ ਮਨਮੀਤ ਦਾ ਚਿਹਰਾ ਬੁਝ ਗਿਆ ਸੀ। ਮੈਨੂੰ ਲੱਗਾ ਕਿ ਮਨਮੀਤ ਦੇ ਅੰਦਰ ਈਰਖਾ ਪੈਦਾ ਹੋਈ ਹੋਵੇਗੀ। ਇੰਡੀਅਨ ਬੰਦੇ ਆਪਣੀ ਘਰ ਵਾਲੀ ਦੀ ਤਾਰੀਫ ਪਰਾਏ ਮਰਦ ਦੇ ਮੂੰਹੋਂ ਕਦੋਂ ਸਹਾਰਦੇ ਆ! ਪਰ ਮਨਮੀਤ ਦੇ ਅੰਦਰ ਤਾਂ ਕਿਸੇ ਹੋਰ ਤਰ੍ਹਾਂ ਦੀ ਚੋਟ ਵੱਜੀ ਸੀ। ਉਸ ਨੇ ਚੁੱਪ ਵੱਟ ਲਈ। ਦੋ ਕੁ ਦਿਨਾਂ ਬਾਅਦ ਉਸ ਨੇ ਮੰਮੀ ਦੇ ਅਪਲਾਈ ਕਰਨ ਬਾਰੇ ਕਿਹਾ ਸੀ। ਮੈਨੂੰ ਇਸ ਗੱਲ ਦੀ ਸਮਝ ਨਾ ਲੱਗੀ ਕਿ ਮਨਮੀਤ ਮੈਨੂੰ ਮੰਮੀ ਨੂੰ ਬੁਲਵਾਉਣ ਬਾਰੇ ਦੱਸ ਰਿਹਾ ਹੈ, ਜਾਂ ਮੇਰੀ ਸਲਾਹ ਪੁੱਛ ਰਿਹਾ ਹੈ। ਇਹ ਤਾਂ ਇਸ ਤਰ੍ਹਾਂ ਨਹੀਂ ਦੱਸਦਾ। ਹਰ ਗੱਲ ਸਲਾਹ ਨਾਲ ਕਰਦਾ ਹੈ। ਮੈਂ ਉਸ ਵੱਲ ਦੇਖਦੀ ਰਹੀ, ਇਹ ਫਿਰ ਬੋਲਿਆ, “ਮੰਮੀ ਕੈਵਿਨ ਦੀ ਲੁੱਕ ਆਫਟਰ ਕਰੂਗੀ।”
“ਰੀਮੈਂਬਰ? ਆਪਾਂ ਕੀ ਡੀਸਾਈਡ ਕੀਤਾ ਸੀ?”
“ਹਾਂ, ਚੇਤੇ ਆ, ਪਰ ਮੰਮੀ ਕੈਵਿਨ ਦੀ ਉਸੇ ਤਰ੍ਹਾਂ ਲੁਕਆਫਟਰ ਕਰੂ ਜਿਵੇਂ ਅਸੀਂ ਕਹਾਂਗੇ।”
“ਮੀਤ, ਦੁਬਾਰਾ ਸੋਚ। ਉਨ੍ਹਾਂ ਨੇ ਆਪਣੇ ਤਰੀਕੇ ਨਾਲ ਬੱਚੇ ਨੂੰ ਹੈਂਡਲ ਕਰਨਾ। ਲੋਲੋ-ਪੋਪੋ ਕਰ ਕੇ ਕੈਵਿਨ ਦੀਆਂ ਆਦਤਾਂ ਵਿਗਾੜ ਦੇਣੀਆਂ।”
“ਮੈਂ ਦੋ ਦਿਨ ਇਹੀ ਸੋਚਦਾ ਰਿਹਾਂ। ਟਰਾਈ ਜ਼ਰੂਰ ਕਰਨੀ ਹੈ। ਜੇ ਆਪਾਂ ਨੂੰ ਠੀਕ ਨਾ ਲੱਗਾ ਤਾਂ ਉਨ੍ਹਾਂ ਨੂੰ ਵਾਪਸ ਭੇਜ ਦੇਵਾਂਗੇ।”
”ਓ ਕੇ, ਜੇ ਤੂੰ ਸੋਚ ਹੀ ਲਿਆ ਤਾਂ।” ਮੈਂ ਅਣਮੰਨੇ ਜਿਹੇ ਮਨ ਨਾਲ ਆਖ ਤਾਂ ਦਿੱਤਾ, ਪਰ ਮੈਨੂੰ ਲਗਦਾ ਸੀ ਕਿ ਇਹ ਠੀਕ ਨਹੀਂ ਹੋਣਾ।
ਉਹੀ ਗੱਲ ਹੋਈ। ਚਾਰ ਕੁ ਮਹੀਨਿਆਂ ਬਾਅਦ ਹੀ ਮੰਮੀ ਆਖਣ ਲੱਗ ਪਏ ਕਿ ਉਨ੍ਹਾਂ ਦਾ ਜੀਅ ਨਹੀਂ ਲਗਦਾ। ਉਹ ਕੈਵਿਨ ਨੂੰ ਆਪਣੇ ਨਾਲ ਇੰਡੀਆ ਲਿਜਾਣ ਦੀ ਗੱਲ ਵੀ ਕਰਨ ਲੱਗੇ, ਪਰ ਕੈਵਿਨ ਨੂੰ ਇਸ ਤਰ੍ਹਾਂ ਇੰਡੀਆ ਭੇਜਣਾ ਤਾਂ ਮੈਨੂੰ ਕਿਸੇ ਤਰ੍ਹਾਂ ਵੀ ਮਨਜ਼ੂਰ ਨਹੀਂ ਸੀ। ਬੱਚੇ ਨਾਲ ਬੌਂਡਿੰਗ ਕਿਵੇਂ ਬਣੂੰ, ਆਪਣੇ ਤੋਂ ਪਾਸੇ ਕਰ ਕੇ। ਮੈਨੂੰ ਨ੍ਹੀਂ ਚਾਹੀਦੀ ਇਹੋ ਜਿਹੀ ਕਮਾਈ। ਇਹ ਵੀ ਚੰਗਾ ਹੀ ਹੋਇਆ ਕਿ ਮੰਮੀ ਦਾ ਜੀਅ ਨਹੀਂ ਲੱਗਾ। ਕੁਝ ਕੁਝ ਤਣਾਅ ਮੰਮੀ ਨਾਲ ਪਰਾਈਵੇਸੀ ਨੂੰ ਫਰਕ ਪੈਣ ਕਰ ਕੇ ਵੀ ਸੀ। ਮੀਤ ਨੇ ਆਪ ਹੀ ਆਖ ਦਿੱਤਾ ਇਕ ਦਿਨ, “ਆਪਾਂ ਮੰਮੀ ਨੂੰ ਵਾਪਸ ਭੇਜ ਦਿੰਨੇ ਆਂ, ਉਨ੍ਹਾਂ ਦਾ ਜੀਅ ਤਾਂ ਲਗਦਾ ਨਹੀਂ, ਨਾਲੇ ਇੰਡੀਆ ਭਾਬੀ ਹੋਰਾਂ ਦਾ ਨਹੀਂ ਸਰਦਾ।”
“ਤੇ ਕੈਵਿਨ…?” ਮੈਂ ਕਿਹਾ। ਅੰਦਰੋਂ ਮੈਂ ਖੁਸ਼ ਸੀ।
“ਮੈਂ ਸੰਭਾਲ ਲਿਆ ਕਰੂੰ। ਤੇਰੇ ਡੇਅ ਔਫ ‘ਤੇ ਟੈਕਸੀ ਚਲਾ ਲਿਆ ਕਰੂੰ।”
“ਵੇਖ ਲੈ?”
“ਮੰਮੀ ਦੇ ਆਉਣ ਤੋਂ ਪਹਿਲਾਂ ਵੀ ਤਾਂ ਸੰਭਾਲਦਾ ਹੀ ਸੀ। ਨਾਲੇ ਹੁਣ ਤਾਂ ਇੰਸ਼ੋਰੈਂਸ ਦਾ ਲਾਈਸੈਂਸ ਵੀ ਮਿਲ ਗਿਆ ਹੈ, ਕੋਈ ਨਾ ਕੋਈ ਕਲਾਇੰਟ ਮਿਲ ਹੀ ਜਾਇਆ ਕਰੂ।”
“ਕਿਸੇ ਡੇਅ ਕੇਅਰ ‘ਚ ਪੁੱਛ ਲਈਏ?”
“ਡੇਅ ਕੇਅਰ ‘ਚ ਪਹਿਲਾਂ ਵੀ ਤਾਂ ਟਰਾਈ ਕੀਤਾ ਹੀ ਸੀ। ਮੇਰੀ ਕਮਾਈ ਨਾਲੋਂ ਜ਼ਿਆਦਾ ਤਾਂ ਓਨ੍ਹਾਂ ਦਾ ਖਰਚਾ ਆ ਜਿਆ ਕਰਨਾ। ਨਾਲੇ ਉਲਾਂਭੇ ਨਿਤ ਨਿਤ ਦੇ।”
“ਠੀਕ ਐ, ਜੇ ਕਰ ਲਵੇਂਗਾ ਤਾਂ।” ਕੈਵਿਨ ਨੂੰ ਅਸੀਂ ਡੇਅ ਕੇਅਰ ਵਿਚ ਪਹਿਲਾਂ ਵੀ ਮਹੀਨਾ ਕੁ ਪਾਇਆ ਸੀ। ਪਹਿਲੇ ਦਿਨ ਹੀ ਫਲੂ ਕਰਵਾ ਲਿਆਇਆ। ਬੱਚੇ ਇਕ-ਦੂਜੇ ਤੋਂ ਵਾਇਰਸ ਵੀ ਤਾਂ ਛੇਤੀ ਕੈਚ ਕਰ ਲੈਂਦੇ ਆ। ਜਦੋਂ ਸ਼ਾਮ ਨੂੰ ਉਸ ਨੂੰ ਲੈਣ ਜਾਣਾ, ਡੇਅ ਕੇਅਰ ਵਾਲੀ ਨੇ ਕਹਿਣਾ, ਤੁਹਾਡਾ ਮੁੰਡਾ ਬਹੁਤ ਤੰਗ ਕਰਦੈ। ਦੂਜੇ ਬੱਚਿਆਂ ਨੂੰ ਮਾਰਦਾ। ਟਿਕ ਕੇ ਨਹੀਂ ਬੈਠਦਾ। ਨਿਤ ਨਿਤ ਦੇ ਉਲਾਂਭਿਆ ਤੋਂ ਤੰਗ ਆਇਆ ਮਨਮੀਤ ਇਕ ਦਿਨ ਆਪਣੇ ਫੋਨ ਦੇ ਕੈਲਕੂਲੇਟਰ ਵਾਲੇ ਐਪ ਨੂੰ ਖੋਲ੍ਹ ਕੇ ਬੈਠ ਗਿਆ। ਕੁਝ ਦੇਰ ਹਿਸਾਬ-ਕਿਤਾਬ ਜਿਹਾ ਕਰ ਕੇ ਕਹਿੰਦਾ, “ਨੀਨੂੰ, ਆਪਾਂ ਕੈਵਿਨ ਨੂੰ ਡੇਅ ਕੇਅਰ ਭੇਜਦੇ ਹੀ ਨਹੀਂ।”
“ਹੋਰ?”
“ਮੇਰੀ ਕਮਾਈ ਨਾਲੋਂ ਤਾਂ ਜ਼ਿਆਦਾ ਆਪਾਂ ਡੇਅ ਕੇਅਰ ਨੂੰ ਪੇਅ ਕਰ ਦਿੰਨੇ ਆਂ। ਮੈਂ ਘਰ ਰਿਹਾ ਕਰੂੰ। ਜਦੋਂ ਤੇਰਾ ਡੇਅ ਔਫ ਹੋਊਗਾ, ਮੈਂ ਟੈਕਸੀ ਚਲਾ ਲਿਆ ਕਰੂੰ।”
“ਇਕ ਅੱਧੇ ਦਿਨ ਦੀ ਗੱਲ ਹੋਰ ਹੁੰਦੀ ਐ, ਨਿਤ ਨਿਤ ਬੱਚੇ ਨਾਲ ਘਰੇ ਰਹਿਣਾ ਐਨਾ ਸੌਖਾ ਨ੍ਹੀਂ?”
“ਨਹੀਂ ਮੈਂ ਰਹਿ ਪਊਂ, ਏਦਾਂ ਹੀ ਠੀਕ ਆਉਂਦਾ। ਤੇਰੀ ਗੌਰਮਿੰਟ ਦੀ ਜੌਬ ਐ। ਘਰ ਦੇ ਨੇੜੇ ਐ। ਇਹੋ ਜਿਹੀਆਂ ਜੌਬਾਂ ਨਿਤ ਨਿਤ ਨ੍ਹੀਂ ਮਿਲਦੀਆਂ। ਮੈਂ ਪੂਰਾ ਕੈਲਕੂਲੇਟ ਕਰ ਲਿਐ।”
ਮੈਨੂੰ ਇਸ ਦੀ ਕੈਲਕੂਲੇਸ਼ਨ ‘ਤੇ ਭਰੋਸਾ ਹੈ। ਹਿਸਾਬ-ਕਿਤਾਬ ‘ਚ ਪੂਰਾ ਮਾਹਿਰ ਹੈ। ਕੈਵਿਨ ਦੇ ਜਨਮ ਤੋਂ ਢਾਈ-ਤਿੰਨ ਮਹੀਨੇ ਪਹਿਲਾਂ ਵੀ ਇਹ ਇਸੇ ਤਰ੍ਹਾਂ ਹੀ ਕੈਲਕੂਲੇਟਰ ਲੈ ਕੇ ਬੈਠ ਗਿਆ ਸੀ; ਤੇ ਫਿਰ ਬੋਲਿਆ, ”ਨੀਨੂੰ, ਆਪਾਂ ਆਵਦਾ ਘਰ ਨਾ ਲੈ ਲਈਏ, ਘਰਾਂ ਦੀਆਂ ਕੀਮਤਾਂ ਨਿਤ ਵਧੀ ਜਾਂਦੀਆਂ। ਹੁਣ ਤਾਂ ਆਪਾਂ ਨੂੰ ਮਾਰਟਗੇਜ ਮਿਲ ਜਾਵੇਗੀ, ਤੂੰ ਕੰਮ ਕਰਦੀ ਹੈਂ। ਜਦੋਂ ਤੂੰ ਮੈਟਰਨਿਟੀ ਲੀਵ ‘ਤੇ ਚਲੀ ਗਈ, ਫੇਰ ਆਪਾਂ ਨੂੰ ਮਾਰਟਗੇਜ ਨ੍ਹੀਂ ਮਿਲਣੀ। ਬੇਸਮੈਂਟ ਰੈਂਟ ‘ਤੇ ਦੇ ਦੇਵਾਂਗੇ। ਜਿੰਨਾ ਹੁਣ ਰੈਂਟ ਦਿੰਨੇ ਆਂ, ਓਨਾ ਕੁ ਹੀ ਆਪਣਾ ਖਰਚਾ ਆਇਆ ਕਰਨਾ।”
ਤੇ ਅਸੀਂ ਘਰ ਲੈ ਲਿਆ ਸੀ। ਸਾਡੀ ਗੱਡੀ ਵਧੀਆ ਚੱਲ ਨਿਕਲੀ ਸੀ। ਮੰਮੀ ਦੇ ਇੰਡੀਆ ਮੁੜਨ ਤੋਂ ਬਾਅਦ ਵੀ ਸਾਰਾ ਕੁਝ ਠੀਕ ਚੱਲ ਪਿਆ ਸੀ। ਮੇਰੀ ਕੰਮ ‘ਤੇ ਤਿੰਨ ਦਿਨ ਦੀ ਬਾਰਾਂ ਘੰਟੇ ਦੀ ਸ਼ਿਫਟ ਹੁੰਦੀ। ਫਿਰ ਤਿੰਨ ਛੁੱਟੀਆਂ ਹੁੰਦੀਆਂ। ਉਨ੍ਹਾਂ ਤਿੰਨਾਂ ਛੁੱਟੀਆਂ ਵਿਚੋਂ ਦੋ ਦਿਨ ਮੈਂ ਓਵਰਟਾਈਮ ਕਰ ਲੈਂਦੀ। ਇਨ੍ਹਾਂ ਦੋ ਦਿਨਾਂ ਦੇ ਓਵਰਟਾਈਮ ਨਾਲ ਮਨਮੀਤ ਦੇ ਸੱਤ ਦਿਨ ਟੈਕਸੀ ਚਲਾਉਣ ਨਾਲੋਂ ਵੀ ਜ਼ਿਆਦਾ ਕਮਾਈ ਹੁੰਦੀ। ਇਹ ਵੀ ਮਨਮੀਤ ਦੀ ਹੀ ਕੈਲਕੂਲੇਸ਼ਨ ਸੀ। ਮੇਰੇ ਇਕ ਦਿਨ ਛੁੱਟੀ ਵਾਲੇ ਦਿਨ ਮਨਮੀਤ ਟੈਕਸੀ ਚਲਾ ਆਉਂਦਾ। ਹਫਤੇ ਵਿਚ ਇਕ-ਦੋ ਕਾਰਾਂ ਦੀ ਇੰਸ਼ੋਰੈਂਸ ਆ ਜਾਂਦੀ। ਜਦੋਂ ਉਸ ਨੂੰ ਕੁਝ ਸਮਾਂ ਮਿਲਦਾ, ਉਹ ਰੀਅਲ ਐਸਟੇਟ ਏਜੰਟ ਦੇ ਐਗਜ਼ਾਮ ਦੀ ਤਿਆਰੀ ਕਰ ਲੈਂਦਾ। ਇਹੀ ਉਸ ਦਾ ਵਿਚਾਰ ਸੀ ਕਿ ਜਿੰਨੀ ਦੇਰ ਕੈਵਿਨ ਸਕੂਲ ਨਹੀਂ ਜਾਣ ਲੱਗ ਜਾਂਦਾ, ਉਨੀ ਦੇਰ ਉਹ ਰੀਅਲ ਐਸਟੇਟ ਏਜੰਟ ਅਤੇ ਮਾਰਟਗੇਜ ਬਰੋਕਰ ਦਾ ਲਾਈਸੈਂਸ ਲੈ ਲਵੇਗਾ। ਸਾਰਾ ਕੁਝ ਠੀਕ ਚੱਲ ਰਿਹਾ ਸੀ ਕਿ ਮਨਮੀਤ ਦੀ ਚੁੱਪ ਨੇ ਮੈਨੂੰ ਡਰਾ ਦਿੱਤਾ।
ਮੈਂ ਸੋਚਿਆ ਕਿ ਮਨਮੀਤ ਦੀ ਚੁੱਪ ਕਿਤੇ ਉਸ ਅੰਦਰ ਕੋਈ ਗੰਢ ਨਾ ਬਣਾ ਦੇਵੇ। ਖਾਸ ਕਰ ਕੇ ਉਸ ਦੀ ਰਾਤ ਵਾਲੀ ਪਾਸਾ ਵੱਟਣ ਵਾਲੀ ਘਟਨਾ ਨੇ ਮੈਨੂੰ ਸੋਚੀਂ ਡੋਬ ਦਿੱਤਾ ਸੀ। ‘ਅੱਜ ਪਤਾ ਕਰ ਕੇ ਰਹਿਣਾ’, ਮੈਂ ਆਪਣੇ ਆਪ ਨਾਲ ਫੈਸਲਾ ਕਰ ਲਿਆ। ਮਨਮੀਤ ਦੇਰ ਕਰ ਰਿਹਾ ਸੀ। ਐਨੀ ਦੇਰ ਤਾਂ ਉਸ ਨੇ ਕਦੇ ਵੀ ਨਹੀਂ ਸੀ ਲਾਈ, ਇੰਸ਼ੋਰੈਂਸ ਕਰਨ ਗਏ ਨੇ। ਮੈਨੂੰ ਫਿਕਰ ਹੋਣ ਲੱਗਾ। ਮੈਂ ਉਸ ਨੂੰ ਫੋਨ ਕੀਤਾ। ਉਹ ਅੱਗਿਉਂ ਬੋਲਿਆ, “ਮੈਂ ਆ ਰਿਹਾਂ।”
ਘਰ ਆਉਣ ਸਾਰ ਬੋਲਿਆ, “ਸੌਰੀ ਨੀਨੂੰ, ਕੋਈ ਕੰਮ ਕਰਨ ਲਈ ਦਿਨੇ ਮੇਰਾ ਜੀਅ ਨ੍ਹੀਂ ਕੀਤਾ, ਚੱਲ ਅੱਜ ਰੈਸਟੋਰੈਂਟ ‘ਚ ਖਾਣਾ ਖਾਣ ਚਲਦੇ ਹਾਂ।”
“ਗਿਵ ਮੀ ਟੂ ਮਿੰਟਸ”, ਮੈਂ ਉਸ ਦੇ ਵਿਹਾਰ ‘ਤੇ ਹੈਰਾਨ ਸੀ। ਕੋਈ ਹੋਰ ਸਮਾਂ ਹੁੰਦਾ ਤਾਂ ਮੈਂ ਸ਼ਾਇਦ ਬਾਹਰ ਜਾਣ ਲਈ ਐਡੀ ਛੇਤੀ ਤਿਆਰ ਨਾ ਹੁੰਦੀ। ਕੰਮ ਤੋਂ ਵਾਪਸ ਆ ਕੇ ਮੇਰੇ ਵਿਚ ਕਿਤੇ ਵੀ ਜਾਣ ਦੀ ਸੱਤਿਆ ਨਹੀਂ ਰਹਿੰਦੀ। ਮੈਨੂੰ ਲੱਗਾ ਕਿ ਇਸ ਤੋਂ ਚੰਗਾ ਮੌਕਾ ਹੋਰ ਕੀ ਹੋਵੇਗਾ, ਮਨਮੀਤ ਦੇ ਵਿਹਾਰ ਬਾਬਤ ਜਾਣਨ ਬਾਰੇ।
ਅਸੀਂ ਰੈਸਟੋਰੈਂਟ ਚਲੇ ਗਏ। ਕੈਵਿਨ ਉਥੇ ਜਾ ਕੇ ਕੁਝ ਦੇਰ ਲਈ ਕਰੀਆਨ ਨਾਲ ਕਾਰਟੂਨਾਂ ਵਿਚ ਰੰਗ ਭਰਨ ਲੱਗ ਜਾਂਦਾ ਹੈ; ਸਗੋਂ ਜਾਣ ਸਾਰ ਆਪ ਮੰਗਦਾ ਹੈ। ਘਰ ਇਹ ਰੰਗਦਾਰ ਪੈਨਸਿਲਾਂ ਵੱਲ ਦੇਖਦਾ ਵੀ ਨਹੀਂ। ਕੈਵਿਨ ਨੂੰ ਰੁਝਿਆ ਦੇਖ ਮੈਂ ਮਨਮੀਤ ਨਾਲ ਗੱਲ ਛੇੜਨ ਦੇ ਇਰਾਦੇ ਨਾਲ ਪੁੱਛ ਲਿਆ, “ਕੀਹਦੀ ਕਾਰ ਦੀ ਇੰਸ਼ੋਰੈਂਸ ਕਰਨ ਗਿਆ ਸੀ ਮੀਤ?”
“ਜੇਮਜ਼ ਦੀ।”
“ਫਿਲਪੀਨੋ ਜੇਮਜ਼, ਜਿਹੜਾ ਪਾਰਕ ਵਿਚ ਬੱਚੇ ਖਿਡਾਉਣ ਲਿਆਉਂਦਾ ਹੁੰਦਾ?”
“ਹਾਂ।”
“ਐਨਾ ਚਿਰ ਲੱਗ ਗਿਆ? ਆਈ ਵਾਜ਼ ਵਰੀਡ।”
”ਉਹ ਬੱਚਿਆਂ ਦੀਆਂ ਗੱਲਾਂ ਸੁਣਾਉਣ ਲੱਗ ਪਿਆ। ਟਾਈਮ ਦਾ ਪਤਾ ਈ ਨ੍ਹੀਂ ਲੱਗਿਆ। ਦੇਖ ਲਾ ਤਿੰਨ ਨਿਆਣੇ ਸੰਭਾਲਦਾ। ਵਾਈਫ ਉਹਦੀ ਸੱਤੇ ਦਿਨ ਕੰਮ ਕਰਦੀ ਐ।”
“ਮੇਰੇ ਨਾਲ ਵੀ ਇਕ ਫਿਲਪੀਨੋ ਕੁੜੀ ਕੰਮ ਕਰਦੀ ਐ। ਉਹ ਤਾਂ ਸਗੋਂ ਦੋ ਜੌਬਾਂ ਕਰਦੀ ਐ। ਉਹਦਾ ਘਰਵਾਲਾ ਵੀ ਇਸੇ ਤਰ੍ਹਾਂ ਬੱਚੇ ਸੰਭਾਲਦਾ। ਮੇਰੇ ਵਾਲੇ ਯੂਨਿਟ ਵਿਚ ਨਰਸ ਐ ਨਾ ਟਰੈਵਰ, ਉਹ ਵੀ ਲਾਈਕ ਕਰਦਾ ਘਰ ਰਹਿ ਕੇ ਬੱਚੇ ਸੰਭਾਲਣਾ, ਪਰ ਉਹਦੀ ਵਾਈਫ ਨ੍ਹੀਂ ਮੰਨਦੀ। ਚੱਲ ਛੱਡ, ਤੂੰ ਐਨਾ ਚੁੱਪ ਚੁੱਪ ਕਿਉਂ ਐਂ। ਮੈਨੂੰ ਤੇਰੀ ਚੁੱਪ ਤੋਂ ਬਹੁਤ ਡਰ ਲੱਗਦੈ। ਜੇ ਕੋਈ ਗੱਲ ਐ ਤਾਂ ਦੱਸ?”
ਉਹ ਕੁਝ ਦੇਰ ਤਾਂ ਟਾਲ-ਮਟੋਲ ਕਰਦਾ ਰਿਹਾ, ਪਰ ਮੇਰੇ ਜ਼ੋਰ ਪਾਉਣ ‘ਤੇ ਬੋਲਿਆ, “ਕਦੇ ਕਦੇ ਮੇਰੇ ਅੰਦਰਲਾ ਪੰਜਾਬੀ ਬੰਦਾ ਜਾਗ ਪੈਂਦਾ, ਬੱਸ ਹੋਰ ਕੁਛ ਨ੍ਹੀਂ।”
“ਕਿਤੇ ਮੈਂ ਤਾਂ ਨ੍ਹੀਂ ਜਗਾਇਆ?”
ਉਹ ਮੁਸਕਰਾਇਆ, ਫਿਰ ਬੋਲਿਆ, “ਜਸਦੇਵ ਨੀ ਸੀ ਆਇਆ? ਜਾਣ ਲੱਗਾ ਕਹਿੰਦਾ, ‘ਤੇਰਾ ਤਾਂ ਕੈਨੇਡਾ ਆ ਕੇ ਸੈਕਸ ਚੇਂਜ ਹੋ ਗਿਆ ਲਗਦਾ।’ ਮੈਂ ਸੋਚਿਆ ਕਿ ਐਵੇਂ ਮਖੌਲ ਕਰਦੈ। ਉਹ ਫਿਰ ਕਹਿੰਦਾ, ‘ਤੂੰ ਤਾਂ ਹਾਊਸ-ਵਾਈਫ ਬਣ ਕੇ ਰਹਿ ਗਿਆਂ। ਜੇ ਕੋਈ ਚੰਗੀ ਜੌਬ ਨ੍ਹੀਂ ਮਿਲਦੀ ਤਾਂ ਕੋਈ ਬਿਜਨਸ ਵਗੈਰਾ ਕਰ ਲੈ। ਤੇਰੇ ਬੇਲੀ ਰਿੰਕੂ ਨੇ ਤਾਂ ਆਵਦਾ ਬਿਜਨਸ ਸ਼ੁਰੂ ਕਰ ਲਿਐ। ਸਕੂਲ ਖੋਲ੍ਹ ਲਿਆ ਆਵਦਾ, ਮੌਜ ਕਰਦਾ। ਉਹਦੀਆਂ ਗੱਲਾਂ ਸੁਣ ਕੇ ਦੋ ਕੁ ਦਿਨ ਤਾਂ ਮੈਨੂੰ ਲਗਦਾ ਰਿਹਾ, ਜਿਵੇਂ ਮੈਂ ਕੋਈ ਲੂਜ਼ਰ ਹੋਵਾਂ, ਪਰ ਅੱਜ ਜੇਮਜ਼ ਨਾਲ ਗੱਲਾਂ ਕਰ ਕੇ ਲੱਗਾ ਜਿਵੇਂ…।”
ਮਨਮੀਤ ਨੇ ਆਪਣੀ ਗੱਲ ਹਾਲੇ ਪੂਰੀ ਵੀ ਨਹੀਂ ਸੀ ਕੀਤੀ ਕਿ ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ, “ਕੰਮ ਜਾਂ ਬਿਜਨਸ ਤਾਂ ਰਿੰਕੂ ਜਾਂ ਜਸਦੇਵ ਵਰਗਾ ਜਣਾ-ਖਣਾ ਕਰ ਲਊ, ਪਰ ਹਾਊਸ-ਵਾਈਫ ਬਣ ਕੇ ਦਿਖਾਵੇ ਕੋਈ।”
ਮਨਮੀਤ ਨੇ ਮੇਰਾ ਹੱਥ ਆਪਣੇ ਹੱਥਾਂ ਵਿਚ ਘੁੱਟ ਲਿਆ। ਸਾਡੀਆਂ ਅੱਖਾਂ ਮਿਲੀਆਂ, ਹੱਥ ਹੋਰ ਘੁੱਟੇ ਗਏ ਅਤੇ ਅਸੀਂ ਕੈਵਿਨ ਨੂੰ ਰੰਗਾਂ ਨਾਲ ਖੇਡਦਾ ਦੇਖਣ ਲੱਗੇ।