ਧਰਤੀ ਮਾਤਾ, ਬ੍ਰਹਿਮੰਡੀ ਵਿਸਮਾਦ ਤੇ ਮਾਨਵੀ ਵਿਗਾਸ

ਗੁਲਜ਼ਾਰ ਸਿੰਘ ਸੰਧੂ
ਮੇਰੇ ਸਾਹਮਣੇ ਗਿਆਨ ਆਸ਼ਰਮ ਪ੍ਰਕਾਸ਼ਨ ਦਾ ਛਾਪਿਆ ਬ੍ਰਹਿਮੰਡ ਅਤੇ ਮਾਨਵ ਜਾਤੀ ਦਾ ਸਾਬਤ ਸਿਧਾਂਤ ‘ਵਿਸਮਾਦ: ਤੀਸਰਾ ਬਦਲ’ ਪਿਆ ਹੈ। ਭਾਈ ਹਰਿਸਿਮਰਨ ਸਿੰਘ ਅਨੰਦਪੁਰ ਸਾਹਿਬ ਇਸ ਦੇ ਰਚੈਤਾ ਹਨ। 1156 ਪੰਨਿਆਂ ਵਿਚ ਫੈਲਿਆ ਇਹ ਵੱਡ ਆਕਾਰੀ ਗ੍ਰੰਥ ਤਿੰਨ ਜਿਲਦਾਂ ਵਿਚ ਵੰਡਿਆ ਹੋਇਆ ਹੈ। ਮੂਲ ਮੰਤਵ ਪ੍ਰਕਿਰਤੀ ਦੇ ਵਿਸਮਾਦ ਨੂੰ ਮਾਨਵ ਜਾਤੀ ਦੇ ਵਿਕਾਸ ਤੇ ਵਿਗਾਸ ਨਾਲ ਜੋੜ ਕੇ ਭਰੋਸੇਯੋਗ ਅਤੇ ਹੰਢਣਸਾਰ ਮਾਰਗ ਪੇਸ਼ ਕਰਨਾ ਹੈ। ਅਜਿਹਾ ਕਰਨ ਲਈ ਲੇਖਕ ਨੇ ਭਗਤ ਬਾਣੀ ਤੇ ਗੁਰਬਾਣੀ ਨੂੰ ਆਪਣਾ ਸੋਮਾ ਬਣਾਇਆ ਹੈ।

‘ਆਗਾਹ ਕੂ ਤ੍ਰਾਂਘਿ ਪਿੱਛਾ ਫੇਰਿ ਨਾ ਮੁਹਡੜਾ’ ਅਨੁਸਾਰ ਬੀਤ ਚੁਕੇ ਵਰਤਾਰੇ ਨੂੰ ਨਕਾਰਨ ਜਾਂ ਉਸ ਉਤੇ ਝੂਰਨ ਦੀ ਥਾਂ ਅਗਲੇਰੇ ਸਫਰ ਦੇ ਲਾਹੇਵੰਦ ਨਤੀਜੇ ਪ੍ਰਾਪਤ ਕਰਨ ਲਈ ਸਾਕਾਰਾਤਮਕ ਸੋਚ ਤੇ ਚਿੰਤਨ ਨੂੰ ਆਪਣਾ ਆਧਾਰ ਬਣਾਉਣਾ ਚਾਹੀਦਾ ਹੈ। ਇਹ ਤਦ ਹੀ ਸੰਭਵ ਹੈ ਜੇ ਅਸੀਂ ਬ੍ਰਹਿਮੰਡ ਦੇ ਨਿਯਮਾਂ ਦੀ ਥਾਹ ਪਾ ਸਕੀਏ। ਸਾਰੇ ਗ੍ਰਹਿਆਂ ਦਾ ਧੁਰਾ ਸੂਰਜ ਹੈ। ਸਾਡੀ ਧਰਤੀ ਨੂੰ ਹਰ ਚੜ੍ਹਦੇ ਸੂਰਜ ਇਹ ਚਿੰਤਾ ਹੁੰਦੀ ਹੈ ਕਿ ਇਸ ਨੇ ਇਸ ਧੁਰੇ ਉਤੇ ਘੁੰਮਦਿਆਂ 24 ਘੰਟਿਆਂ ਵਿਚ ਆਪਣਾ ਚੱਕਰ ਕਿਵੇਂ ਪੂਰਾ ਕਰਨਾ ਹੈ? ਇਹ ਵੀ ਕਿ 365 ਦਿਨਾਂ ਵਿਚ ਵਿਸ਼ਾਲ ਚੱਕਰ ਲਾ ਕੇ ਅਗਲੇ ਵਿਸ਼ਾਲ ਚੱਕਰ ਲਈ ਕਿਵੇਂ ਉਸ ਸਥਾਨ ਉਤੇ ਪਹੁੰਚਣਾ ਹੈ, ਜਿਥੋਂ ਇਸ ਨੇ ਪਹਿਲਾ ਚੱਕਰ ਸ਼ੁਰੂ ਕੀਤਾ ਸੀ।
ਸਧਾਰਨ ਮਨੁੱਖ ਦੀ ਜੀਵਨ ਯਾਤਰਾ ਵਿਚ ਏਨੀਆਂ ਰੋਕਾਂ, ਬੰਧਨ ਤੇ ਝੰਜਟ ਹਨ ਕਿ ਇਨ੍ਹਾਂ ਨੂੰ ਸਹਿਜ ਬਣਾਈ ਰੱਖਣ ਲਈ ਧਰਤੀ ਮਾਤਾ ਦੇ ਉਸ ਸਫਰ ਤੋਂ ਚਾਨਣ ਲੈਣਾ ਚਾਹੀਦਾ ਹੈ ਜਿਸ ਦਾ ਧਰਤੀ ਮਾਤਾ ਸੈਂਕੜੇ, ਕਰੋੜਾਂ ਤੇ ਅਰਬਾਂ ਵਰ੍ਹਿਆਂ ਤੋਂ ਨਿਯਮਬੱਧ ਪਾਲਣ ਕਰਦੀ ਆ ਰਹੀ ਹੈ। ਸਿਰਜਣਾਤਮਕ ਸ਼ਕਤੀਆਂ ਦੇ ਨਿਯਮਤ ਵਹਾਅ ਅਧੀਨ ਵੱਡੀ ਊਰਜਾ ਵਾਲੇ ਤਾਰਿਆਂ ਦੀ ਵਧੀਕੀ ਤੋਂ ਬ੍ਰਹਿਮੰਡ ਸਿਰਜਣ ਵਾਲੀ ਅਦੁੱਤੀ ਸ਼ਕਤੀ ਛੋਟੀ ਊਰਜਾ ਵਾਲੇ ਤਾਰਿਆਂ ਦਾ ਬਚਾਅ ਨਿਤ ਵਿਧ ਕਰਦੀ ਆ ਰਹੀ ਹੈ। ਮਨੁੱਖੀ ਜੀਵਨ ਵਿਚ ਇਹ ਸਭ ਕੁਝ ਤਦ ਹੀ ਹੋ ਸਕਦਾ ਹੈ ਜੇ ਜ਼ਿੰਦਗੀ ਦੇ ਵਿਕਾਸ ਤੇ ਆਰਥਕ ਸੁਰੱਖਿਆ ਲਈ ਨਿਯਮਾਂ ਅਨੁਸਾਰ ਚਲਣ ਵਾਲੀ ਰਾਜ ਵਿਵਸਥਾ ਪ੍ਰਾਪਤ ਹੋਵੇ। ਇਸ ਸਭ ਕਾਸੇ ਦਾ ਠੀਕ ਸੁਮੇਲ ਹੀ ਵਿਕਾਸ ਤੇ ਵਿਗਾਸ ਦਾ ਮਾਰਗ ਪੱਧਰਾ ਕਰਦਾ ਹੈ।
ਇਸ ਤ੍ਰੈਜਿਲਦੀ ਗ੍ਰੰਥ ਦੀ ਅਸਲ ਧਾਰਨਾ ਇਹ ਹੈ ਕਿ ਸੰਸਾਰ ਦੇ ਸਾਰੇ ਦੇਸ਼ ‘ਇੱਕ ਦੇਸ਼ ਆਧਾਰਤ’ ਬਣਤਰ ਤੋਂ ਉਪਰ ਉਠ ਕੇ ਆਪੋ ਆਪਣੇ ਭੂਗੋਲਿਕ ਖੇਤਰ ਵਿਚ ਆਪਣੀ ਇਕੱਸੁਰਤਾ ਵਧਾ ਕੇ ਦੂਜੇ ਦੇਸ਼ਾਂ ਦੇ ਸਭਿਆਚਾਰ ਨੂੰ ਪਛਾਣਨ ਤੇ ਉਨ੍ਹਾਂ ਦੀ ਰੱਖਿਆ ਲਈ ਇਸੇ ਤਰ੍ਹਾਂ ਵਚਨਬੱਧ ਹੋਣ ਜਿਵੇਂ ਨਿਜੀ ਹਿੱਤਾਂ ਤੇ ਆਪਣੇ ਸਭਿਆਚਾਰ ਲਈ ਹੁੰਦੇ ਹਨ। ਇਹਦੇ ਲਈ ਬ੍ਰਹਿਮੰਡ ਨਿਯਮਾਵਲੀ ਨੂੰ ਸਮਝਣਾ ਅਤਿਅੰਤ ਜ਼ਰੂਰੀ ਹੈ।
ਮਿੱਟੀ ਦਿਵਸ ਮੌਕੇ ਭਾਈ ਹਰਿਸਿਮਰਨ ਸਿੰਘ ਵਲੋਂ ਪੇਸ਼ ਕੀਤਾ ਤੀਜਾ ਬਦਲ ਧਿਆਨ ਮੰਗਦਾ ਹੈ।
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥
ਰੁਪਏ ਦਾ ਨੋਟ ਇੱਕ ਮੁੱਦਤ ਪਹਿਲਾਂ: ਇੱਕ ਰੁਪਏ ਦਾ ਨੋਟ ਸੌ ਸਾਲ ਦਾ ਹੋ ਗਿਆ ਹੈ। ਇਸ ਨੋਟ ਦੇ 101ਵੇਂ ਵਰ੍ਹੇ ਵਿਚ ਪੈਰ ਧਰਨ ਨੇ ਮੈਨੂੰ ਆਪਣੇ ਸਕੂਲ-ਕਾਲਜ ਵਿਚ ਪੜ੍ਹਨ ਦਾ ਸਮਾਂ ਚੇਤੇ ਕਰਵਾ ਦਿੱਤਾ ਹੈ। 1950-51 ‘ਚ ਗਰਮੀ ਦੇ ਮੌਸਮ ਵਿਚ ਮੇਰੇ ਇੱਕ ਜਮਾਤੀ ਨੇ ਮਲਮਲ ਦਾ ਕੁੜਤਾ ਪਹਿਨਿਆ ਤਾਂ ਉਹ ਅਗਲੀ ਜੇਬ ਵਿਚ ਇੱਕ ਰੁਪਏ ਦਾ ਨੋਟ ਇਸ ਤਰ੍ਹਾਂ ਪਾ ਕੇ ਲਿਆਇਆ ਕਿ ਬਾਕੀ ਦੇ ਮੁੰਡਿਆਂ ਨੂੰ ਦੂਰੋਂ ਦਿਖਾਈ ਦੇਵੇ। ਉਹ ਮੁੰਡਾ ਜਮਾਤਣਾਂ ਕੋਲੋਂ ਵੀ ਛਾਤੀ ਤਾਣ ਕੇ ਲੰਘਦਾ। ਉਸ ਦੇ ਇਸ ਦਿਖਾਵੇ ਦਾ ਸਾਡੇ ਇੱਕ ਹੋਰ ਵਿਦਿਆਰਥੀ ਉਤੇ ਵੀ ਅਸਰ ਪਿਆ ਤਾਂ ਉਸ ਨੇ ਵੀ ਮਲਮਲ ਦੀ ਕੁੜਤੀ ਸੰਵਾਈ ਤੇ ਉਹਦੇ ਵਿਚ ਇੱਕ ਇੱਕ ਰੁਪਏ ਦੇ ਦੋ ਨੋਟ ਪਹਿਲੇ ਮੁੰਡੇ ਵਾਂਗ ਪਾ ਕੇ ਲਿਆਉਣੇ ਸ਼ੁਰੂ ਕਰ ਦਿੱਤੇ। ਇੱਕ ਰੁਪਏ ਦੇ ਨੋਟ ਨੂੰ ਜਨਮ ਦਿਨ ਮੁਬਾਰਕ!
ਮੰਦਿਰਾ ਬੇਦੀ ਅਤੇ ੴ : ਜਾਣੀ-ਪਛਾਣੀ ਮਾਡਲ ਤੇ ਅਦਾਕਾਰਾ ਮੰਦਿਰਾ ਬੇਦੀ ਨੇ ਆਪਣੀ ਹਾਲੀਆ ਚੰਡੀਗੜ੍ਹ ਫੇਰੀ ਸਮੇਂ ਇਕ ਬੜੀ ਅਜੀਬ ਗੱਲ ਦੱਸੀ। ਉਹ ਬੇਦੀ ਕੁੱਲ ਵਿਚੋਂ ਹੈ ਜਿਸ ਵਿਚੋਂ ਗੁਰੂ ਨਾਨਕ ਦੇਵ ਸਨ। ਉਸ ਨੇ ਆਪਣੀ ਪਿੱਠ ਉਤੇ ਧੌਣ ਤੋਂ ਥੋੜ੍ਹਾ ਨੀਵਾਂ ‘ਇੱਕ ਓਂਕਾਰ’ ਦਾ ਮਹਾਨ ਚਿੰਨ੍ਹ ਖੁਣਵਾਇਆ ਹੋਇਆ ਹੈ ਜੋ ਹਰ ਕਿਸੇ ਨੂੰ ਸਾਫ ਦਿਖਾਈ ਦੇਵੇ। ਉਹ ਪੰਜਾਬ ਦੀ ਜੰਮਪਲ ਹੈ ਭਾਵੇਂ ਲੰਮੇ ਅਰਸੇ ਤੋਂ ਮੁੰਬਈ ਰਹਿੰਦੀ ਹੈ। ਉਸ ਨੂੰ ਬੇਦੀ ਕੁੱਲ ਦੀ ਪੰਜਾਬਣ ਹੋਣ ਉਤੇ ਮਾਣ ਹੈ।
ਹੋਇਆ ਇਹ ਕਿ ਗਰਦਨ ਉਤੇ ੴ ਖੁਣਿਆ ਦੇਖ ਕੇ ਸਿੱਖੀ ਮਰਿਆਦਾ ਵਾਲੇ ਲੋਕ ਹੀ ਉਸ ਦਾ ਮਜ਼ਾਕ ਉਡਾਉਣ ਲੱਗੇ। ਇਥੋਂ ਤੱਕ ਕਿ ਜਦੋਂ ਉਸ ਨੇ ਇੱਕ ਵਾਰੀ ਚੰਡੀਗੜ੍ਹ ਆਉਣਾ ਸੀ ਤਾਂ ਉਸ ਨੂੰ ਆਪਣੀ ਧੌਣ ਉਤੇ ਪੱਟੀ ਬੰਨ੍ਹਣੀ ਪਈ। ਉਸ ਨੇ ਹੱਸਦਿਆਂ ਹੱਸਦਿਆਂ ਇਹ ਗੱਲ ਵੀ ਕਹੀ ਕਿ ਸ਼ਾਇਦ ਉਹ ਵੇਖਣ ਨੂੰ ਪੂਰੀ ਪੰਜਾਬਣ ਨਹੀਂ ਲਗਦੀ ਕਿਉਂਕਿ ਤਾਮਿਲ ਭਾਸ਼ਾ ਵਿਚ ਫਿਲਮਾਂ ਬਣਾਉਣ ਵਾਲੇ ਉਸ ਨੂੰ ਵਧੇਰੇ ਮਾਣ ਤੇ ਸਤਿਕਾਰ ਦਿੰਦੇ ਹਨ। ਜਿਥੋਂ ਤੱਕ ੴ ਦਾ ਸਬੰਧ ਹੈ, ਉਸ ਨੇ ਇੱਕ ਪੜਾਅ ਉਤੇ ਇਸ ਚਿੰਨ੍ਹ ‘ਤੇ ਵਡੇਰਾ ਅਫਰੀਕੀ ਚਿੰਨ੍ਹ ਉਕਰਵਾ ਕੇ ਇਸ ਨੂੰ ਸਦਾ ਲਈ ਢਕ ਲਿਆ ਹੈ, ਜਿਸ ਦੀ ਉਸ ਨੂੰ ਸੱਚ ਮੁੱਚ ਨਿਰਾਸ਼ਾ ਹੈ।
ਮੈਂ ਉਨ੍ਹਾਂ ਸਿੱਖਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਆਪਣੇ ਪੱਟ ਉਤੇ ੴ ਖੁਣਵਾਇਆ ਹੋਇਆ ਸੀ। ਉਹ ਵਧੀਆ ਖਿਡਾਰੀ ਸਨ। ਮੇਰਾ ਇਕ ਜਾਣੂ ਤਾਂ ਪਹਿਲਵਾਨੀ ਕਰਦਾ ਸੀ। ਮੰਦਿਰਾ ਬੇਦੀ ਵਲੋਂ ਰੀੜ੍ਹ ਦੀ ਹੱਡੀ ਦੀ ਸਿਖਰ ਉਤੇ ਖੁਣਵਾਏ ਮਹਾਨ ਚਿੰਨ੍ਹ ਨੂੰ ਮਿਟਾਉਣਾ (ਵਿਗਾੜਨ ਦਾ ਅਵਸਰ ਪੈਦਾ ਕਰਨਾ) ਮਰਦਾਵੀਂ ਨਜ਼ਰ ਉਤੇ ਲਾਹਨਤ ਵੀ ਮੰਗਦੀ ਹੈ।
ਅੰਤਿਕਾ: (ਸਿਆਣਿਆਂ ਦਾ ਕਥਨ)
ਜੁੱਤੀ-ਸੋਟੀ ਬਿਨਾ ਤੁਰੀਏ ਨਾ ਰਾਤ ਨੂੰ,
ਕਰੀਏ ਨਾ ਟਿੱਚਰ ਮਿਰਾਸੀ ਜਾਤ ਨੂੰ।
ਵੱਢ ਖਾਣੇ ਮੂਹਰੇ ਲੰਘੀਏ ਨਾ ਊਠ ਦੇ,
ਜੁੱਤੀਆਂ ਨਾ ਮਾਰੀਏ ਜਵਾਨ ਪੂਤ ਦੇ।
ਫੁੱਲਾਂ ਉਤੇ ਆਈ ਪੁੱਟੀਏ ਨਾ ਵੱਲ ਜੀ,
ਸਭਾ ਵਿਚ ਬੈਠ ਟੋਕੀਏ ਨਾ ਗੱਲ ਜੀ।