ਚੰਗੇਰੇ ਭਵਿੱਖ ਲਈ ਪਰਦੇਸੀਂ ਜਾ ਵੱਸਣਾ ਪੰਜਾਬ ਦੀ ਨਵੀਂ ਪੀੜ੍ਹੀ ਦਾ ਸੁਪਨਾ ਵੀ ਹੈ ਅਤੇ ਚੰਗੇ ਭਾਗਾਂ ਦੇ ਦਰ ਖੁਲ੍ਹਣਾ ਵੀ। ਪਰਦੇਸਾਂ ਵਿਚ ਖਾਸ ਕਰਕੇ ਅਮਰੀਕਾ, ਕੈਨੇਡਾ ਜਿਹੇ ਵਿਕਸਿਤ ਮੁਲਕਾਂ ਵਿਚ ਸਾਡੀ ਨਵੀਂ ਪੀੜ੍ਹੀ ਨੇ ਮੱਲਾਂ ਵੀ ਬਥੇਰੀਆਂ ਮਾਰੀਆਂ ਹਨ, ਪਰ ਸਾਡੀ ਪਿਛਲੇਰੀ ਪੀੜ੍ਹੀ ਲਈ ਕਈ ਵਾਰ ਪਰਦੇਸ ਇਕ ਅਜੀਬ ਕੁੜਿੱਕੀ ਬਣ ਜਾਂਦੇ ਹਨ-ਨਾ ਉਹ ਏਧਰਲੇ ਰਹਿ ਜਾਂਦੇ ਹਨ ਤੇ ਨਾ ਉਧਰਲੇ। ਇਹੋ ਜੀਵਨ ਹੈ ਜਿਸ ਨੂੰ ਪ੍ਰਿੰ. ਬਲਕਾਰ ਸਿੰਘ ਬਾਜਵਾ ਨੇ ‘ਕੋਠੀ ਲੱਗਣਾ’ ਕਿਹਾ ਹੈ।
ਇਸ ਲੇਖ ਵਿਚ ਪ੍ਰਿੰ. ਬਾਜਵਾ ਨੇ ਕੈਨੇਡਾ ਵੱਸੇ ਇਕ ਅਜਿਹੇ ਬਜ਼ੁਰਗ ਦੀ ਵਾਰਤਾ ਸੁਣਾਈ ਹੈ ਜਿਸ ਨੇ ਖੁਸ਼ੀ ਮਨਾਉਣ ਦੇ ਰਵਾਇਤੀ ਢੰਗਾਂ ਦੀ ਥਾਂ ਆਪਣੇ ਪਿੰਡ ਦੇ ਲੋੜਵੰਦਾਂ ਦੀ ਮਦਦ ਦਾ ਰਾਹ ਚੁਣਿਆ ਹੈ। -ਸੰਪਾਦਕ
ਪ੍ਰਿੰ. ਬਲਕਾਰ ਸਿੰਘ ਬਾਜਵਾ
‘ਗਰਰ, ਗਰਰ’ ਸੈਲ ਫੋਨ ਦੀ ਘੰਟੀ ਖੜ੍ਹਕੀ।
“ਹਾਂ ਬਈ ਚਾਚਾ, ਸੁੱਖ ਤਾਂ ਹੈ, ਏਡੇ ਸਾਜਰੇ ਘੰਟੀ ਮਾਰੀ ਆ।”
“ਹਾਂ ਭਤੀਜ, ਸਭ ਸੁੱਖ ਸਾਂਦ ਹੈ ਸਗੋਂ ਖੁਸ਼ੀਆਂ ਈ ਖੁਸ਼ੀਆਂ ਨੇ, ਕੁਝ ਦਿਨ ਪਹਿਲਾਂ ਗੂੜ੍ਹੇ ਨੀਲੇ ਕਾਲੇ ਰੰਗ ਦਾ ਕਾਰਡ ਮਿਲਿਆ ਸੀ, ਅੱਜ ਪੈਨਸ਼ਨ ਵੀ ਆ ਗਈ ਆ, ਬੈਂਕ ਖਾਤੇ ‘ਚ। ਮਿਰਾਸਣ ਵਾਂਗ ਤੇਰੀ ਚਾਚੀ ਤਾਂ ਰੋਜ਼ ਹੀ ਤੋਰ ਦਿੰਦੀ ਸੀ ਬੈਂਕ, ‘ਜਾਓ ਜੀ ਪਤਾ ਕਰਕੇ ਆਓ, ਆਈ ਕਿ ਨਹੀਂ, ਕਿਤੇ ਨਾਤ੍ਹੇ ਧੋਤੇ ਈ ਨਾ ਰਹਿ ਜਾਈਏ।’ ਬੈਂਕ ਟੈਲਰ ਪੰਜਾਬਣ ਬੀਬੀ ਸੀ, ਕਹਿੰਦੀ, ‘ਬਾਬਾ ਪੈਨਸ਼ਨਾਂ ਮਹੀਨੇ ਦੇ ਆਖਰੀ ਦਿਨਾਂ ‘ਚ ਆਉਂਦੀਆਂ ਨੇ, ਦੋ ਹਫਤੇ ਠਹਿਰ, 28/29 ਨੂੰ ਆਈਂ।’ ਲੈ ਅੱਜ ਆ ਗਈ ਆ, ਤੇਰੀ ਚਾਚੀ ਦਾ ਧਰਤੀ ‘ਤੇ ਪੈਰ ਈ ਨ੍ਹੀਂ ਲੱਗਦਾ, ਪੋਤਿਆਂ-ਦੋਹਤਿਆਂ ਨੂੰ ਚੁੰਮਦੀ ਫਿਰਦੀ ਆ। ਲੈ ਹੁਣ ਅਗਲੇ ਐਤਵਾਰ ਸ਼ਾਮੀਂ 5 ਵਜੇ ਆ ਜਾਈਂ, ਭੁਲੀਂ ਨਾ। ਸਾਰੇ ਪਰਿਵਾਰ ਨਾਲ ਆਈਂ।”
“ਨਾ ਦੱਸ ਤਾਂ ਸਹੀ, ਕੀ ਪ੍ਰੋਗਰਾਮ ਏ?”
“ਚੱਲ ਤੂੰ ਆ ਜਾਈਂ, ਆਪੇ ਦੇਖ ਲਈਂ, ਪੱਕਾ ਯਾਦ ਰੱਖੀਂ। ਪੋਤ ਨੂੰਹਾਂ, ਪੁੱਤ ਤੇ ਪੋਤੇ ਨਾਲ ਈ ਆਉਣ। ਕਹਿ ਦਈਂ ਚਾਚਾ ਪੱਕੀ ਕਰਦਾ ਸੀ, ਇਨ੍ਹਾਂ ਦੇ ਤਾਂ ਕੰਮ ਈ ਨਈਂ ਮੁੱਕਣੇ ਸਾਲੇ, ਅਸੀਂ ਮੁੱਕ ਜਾਣੈ।”
ਮੈਂ ਸੋਚੀਂ ਪੈ ਗਿਆ। ਲੱਗਦੈ ਚਾਚਾ ਕਰੂ ਕੋਈ ਅਲੋਕਾਰੀ ਗੱਲ। ਸੁਖਮਨੀ ਸਾਹਿਬ ਦਾ ਪਾਠ ਹੀ ਨਾ ਰਖਾ ਦਿੱਤਾ ਹੋਏ ਕਿਤੇ, ਚਾਚੀ ਦਾ ਜ਼ੋਰ ਪੈ ਗਿਆ ਹੋਊ? ਮੇਰੀ ਉਤਸੁਕਤਾ ਜ਼ਿਹਨ ‘ਚ ਉਸਲਵੱਟੇ ਲਈ ਜਾਏ। ਭਲਾ ਕੀ ਕਰੂ ਚਾਚਾ ਮਾਨਾ! ਰਹਿ ਨਾ ਹੋਇਆ। ਇੱਕ ਦਿਨ ਮੈਂ ਉਹਨੂੰ ਜਾ ਟੱਕਰਿਆ ਨਾਨਕਸਰ ਵਾਲੇ ਪਾਰਕ ‘ਚ। ਡਾਕਟਰ ਦੇ ਜਾਣਾ ਸੀ, ਸੋਚਿਆ ਉਹ ਉਥੇ ਜ਼ਰੂਰ ਮਿਲ ਜਾਊ।
ਦੂਰ ਘਾਹ ‘ਤੇ ਬੈਠੀ ਇੱਕ ਤਾਸ਼ ਢਾਣੀ ‘ਚੋਂ ਮੈਨੂੰ ਵੇਖ ਚਾਚਾ ਹੱਸਦਾ ਤੁਰਿਆ ਆਵੇ। “ਚਾਚਾ ਉਸ ਦਿਨ ਸ਼ਾਮ ਨੂੰ ਕਿਹੜੀ ਕੋਈ ਵੱਖਰੀ ਗੱਲ ਕਰਨੀ ਈ।” ਮੈਂ ਹੱਥ ਮਿਲਾਉਂਦਿਆਂ ਸਿੱਧਾ ਸਵਾਲ ਦਾਗ ਦਿੱਤਾ।
“ਭਤੀਜ ਮੈਂ ਇੱਕ ਵੱਖਰੀ ਈ ਲੀਹ ਪਾਉਣੀ ਚਾਹੁੰਨਾਂ। ਚਾਚੀ ਤੇਰੀ ਤਾਂ ਕਹਿੰਦੀ ਸੀ ਸ਼ੁਕਰਾਨਾ ਅਖੰਡ ਪਾਠ ਕਰਾਉਣੈ ਤੇ ਲੰਗਰ ਪਾਣੀ ਵੀ ਸੰਗਤ ਨੂੰ ਛਕਾਉਣੈ।”
“ਗੱਲ ਤਾਂ ਚਾਚੀ ਦੀ ਕੋਈ ਮਾੜੀ ਨਈਂ।” ਮੈਂ ਵਿਚੋਂ ਟੋਕਿਆ।
“ਲੈ ਤੂੰ ਵੀ ਪੁਰਾਣੀਆਂ ਪਿਰਤਾਂ ‘ਤੇ ਤੁਰਿਆ ਫਿਰਦੈਂ। ਸੁਣੀ ਨਈਂ, ਢਾਡੀਆਂ ਦੀ ਇੱਕ ਕਵਿਤਾ, ਰੇਡੀਓ ‘ਤੇ ਬੜੀ ਸੁਣਾਈ ਜਾ ਰਹੀ ਏ ਅੱਜ-ਕੱਲ੍ਹ, ‘ਗੁਰੂ ਗ੍ਰੰਥ ਦੀ ਤਾਬਿਆ ਰਹਿ ਗਏ, ‘ਕੱਲੇ ਭਾਈ ਤੇ ਗ੍ਰੰਥੀ ਜੀ, ਲੋਕ ਮੱਥਾ ਟੇਕ ਬਾਹਰ ਬਹਿੰਦੇ ਜਾਣ।’ ਲੰਬੀ ਐ, ਅਖੰਡ ਪਾਠ ਦੀ ਹੁੰਦੀ ਬੇਹੁਰਮਤੀ ਬਿਆਨ ਕਰਦੀ ਐ। ਕੀ ਅਸੀਂ ਨਾ ਕੁਝ ਸਿੱਖੀਏ, ਕੋਈ ਨਵੀਂਆਂ ਪਿਰਤਾਂ ਨਾ ਪਾਈਏ? ਮੇਰਾ ਦਾਦਾ ਕਹਿੰਦਾ ਹੁੰਦਾ ਸੀ, ਲੀਹੇ ਲੀਹੇ ਗੱਡੀ ਚੱਲੇ, ਲੀਹੇ ਚੱਲੇ ਕਪੂਤ, ਤਿੰਨੋਂ ਲੀਹੇ ਨਈਂ ਚੱਲਦੇ-ਸੂਰਾ, ਸ਼ੀਂਹ, ਸਪੂਤ। ਮੈਂ ਤਾਂ ਭਤੀਜ ਹੁਣ ਨਵੀਂ ਲੀਹ ਪਾਉਣ ਲੱਗਾ ਊਂ, ਭਾਵੇਂ ਲੱਗੇ ਕਿਸੇ ਦੇ ਗੋਡੇ, ਭਾਵੇਂ ਲੱਗੇ ਗਿੱਟੇ। ਤੇਰੀ ਚਾਚੀ ਨੂੰ ਵੀ ਸਮਝੌਤੀਆਂ ਪਾਉਂਦਾ ਰਿਹਾ ਹਾਂ, ਆਖਰ ਉਹ ਵੀ ਮੰਨ ਗਈ। ਛੋਟੀ ਹੁੰਦੀ, ਭਾਈ ਤੋਂ ਸੰਥਿਆ ਲੈਂਦੀ ਹੁੰਦੀ ਨੇ ਬਾਬੇ ਦੇ ਜੀਵਨ ਬਿਰਤਾਂਤ ਸੁਣੇ ਹੋਏ ਸਨ, ਉਹ ਜਾਗ ਉਠੇ। ਮੇਰਾ ਸਹੁਰਾ ਵੀ ਆਜ਼ਾਦ ਖਿਆਲਾਂ ਵਾਲਾ ਬੰਦਾ ਸੀ, ਪ੍ਰੀਤ ਲੜੀ ਲਵਾਈ ਹੋਈ ਸੀ ਉਹਨੇ, ਕਾਮਰੇਡਾਂ ਨਾਲ ਫਿਰਦਾ ਰਿਹਾ ਸੀ, ਭਾਵੇਂ ਫੌਜੀ ਹੋਣ ਕਰਕੇ ਕੁਝ ਸਖਤ ਜ਼ਰੂਰ ਸੀ।”
“ਦੱਸ ਫਿਰ ਕੀ ਜੁਗਾੜ ਵਿੱਢਿਆ ਈ, ਇਸ ਜਸ਼ਨ ਦਾ?”
“ਭੈਣ ਭਰਾਵਾਂ, ਰਿਸ਼ਤੇਦਾਰਾਂ, ਦੋਸਤਾਂ, ਸਨੇਹੀਆਂ ਨੂੰ ਪਾਰਟੀ ਕਰਨੀ ਏਂ, ਉਸ ਦਿਨ। ਜੇ ਪਾਠ ਵਾਲਾ ਰਾਹ ਫੜ੍ਹਦੇ ਆਂ, ਵੇਖ ਲੈ ਕੀ ਹੁੰਦੈ, ਤੂੰ ਕਿਹੜਾ ਨਈਂ ਜਾਣਦਾ। ਕਿਵੇਂ ਲੋਕ ਬੱਧੇ-ਰੁੱਧੇ ਬੈਠੇ ਹੁੰਦੇ ਨੇ, ਮੱਥਾ ਟੇਕ ਕਈ ਬਾਹਰ ਜਾ ਸਜਦੇ ਨੇ, ਅੰਦਰ ਬੈਠਿਆਂ ਦੀਆਂ ਅੱਖਾਂ ਘੜੀ ‘ਤੇ ਹੁੰਦੀਆਂ ਹਨ, ਬੀਬੀਆਂ ਆਪੋ ਵਿਚ ਢਿੱਡ ਹੌਲੇ ਕਰਦੀਆਂ ਰਹਿੰਦੀਆਂ ਹਨ, ਅਸੀਂ ਵੀ ਥੋੜ੍ਹੇ ਨੇੜੇ ਬੈਠਿਆਂ ਦੇ ਕੰਨੀਂ ਇੱਕ ਨਿਵੇਕਲੀ ਜਿਹੀ ਗੱਲ ਪਈ। ਇੱਕ ਦੂਜੀ ਨੂੰ ਕਹਿ ਰਹੀ ਸੀ, ‘ਕੀਰਤਨੀਆ ਭਾਈ ਠੰਢਾ ਈ ਨਹੀਂ ਹੁੰਦਾ, ਐਵੇਂ ਡਾਲਰ ਇਕੱਠੇ ਕਰਨ ਖਾਤਰ ਗੱਲ ਵਧਾਈ ਜਾ ਰਿਹੈ।’ ਅਸੀਂ ਉਹਦੀ ਗੱਲ ‘ਤੇ ਕਿੰਨਾ ਚਿਰ ਮਸ਼ਕੂਲਾ ਲਾਉਂਦੇ ਰਹੇ। ਦੂਜੇ ਪਾਸੇ ਘਰ ਵਾਲੇ ਪਰਿਵਾਰ ਦੀ ਭੱਜ-ਨੱਠ ਬਹੁਤੀ, ਪਾਠ ਸੁਣਨਾ ਦੂਰ ਦੀ ਗੱਲ ਰਹਿ ਜਾਂਦੀ ਹੈ, ਪੱਲੇ ਕੁਝ ਨਈਂ ਪੈਂਦਾ। ਅੱਜ ਕੱਲ ਲੋਕ ਸਮਾਜਿਕ ਇਕੱਠਾਂ ‘ਚ ਘੜੀ ਹੱਸਣਾ-ਖੇਡਣਾ, ਖਾਣਾ-ਪੀਣਾ ਚਾਹੁੰਦੇ ਆ, ਕਿਸੇ ਦੀ ਬਿਰਤੀ ਪਾਠ ਵੱਲ ਨਹੀਂ ਹੁੰਦੀ। ਬੱਚੇ ਬਾਹਰ ਆਪਣੀਆਂ ਲੁੱਕਣ-ਮੀਟੀਆਂ ‘ਚ ਲੱਗੇ ਹੁੰਦੇ ਨੇ, ਪਿਆਲੇ ਦੇ ਸ਼ੌਕੀਨ ਉਡੀਕਦੇ ਹਨ, ਮਹਾਰਾਜ ਦੀ ਸਵਾਰੀ ਜਾਏ ਤੇ ਅਸੀਂ ਵੀ ਵਧਾਈਆਂ ਦਈਏ। ਕਿਉਂ ਨਾ ਕੋਈ ਅਜਿਹਾ ਪ੍ਰੋਗਰਾਮ ਕੀਤਾ ਜਾਵੇ ਜਿੱਥੇ ਸਾਰੇ ਚਾਵਾਂ ਨਾਲ ਇਕੱਠੇ ਹੋਈਏ, ਗੱਲਾਂ ਮਾਰੀਏ, ਹੱਸੀਏ ਖੇਡੀਏ, ਖਾਈਏ ਪੀਈਏ।”
“ਵਾਹ ਚਾਚਾ ਵਾਹ! ਕਮਾਲ ਏ ਤੇਰੇ! ਤੂੰ ਤਾਂ ਹੁਣ ਮੈਨੂੰ ਕੋਈ ਦਾਰਸ਼ਨਿਕ ਤਾਂ ਨਾ ਸਹੀ, ਕੋਈ ਲੀਡਰ ਜਿਹਾ ਲੱਗਣ ਲੱਗ ਪਿਐਂ।”
“ਵੇਖ ਇੱਥੇ ਈ ਬੱਸ ਨਈਂਓਂ ਮੈਂ ਕਰਨੀ। ਮੈਂ ਇੱਥੇ ਹਸਪਤਾਲ ਲਈ ਦਸਵੰਧ ਵੀ ਕੱਢਿਆ ਕਰਨੈ। ਇਹ ਸਾਨੂੰ ਕਿੰਨਾ ਕੁਝ ਦਿੰਦੈ-ਡਾਕਟਰ, ਨਰਸਾਂ, ਲੈਬਾਂ। ਜਦੋਂ ਜਾਈਏ ਖਿੜ੍ਹੇ ਮੱਥੇ ਮਿਲਦੈ ਸਾਰਾ ਅਮਲਾ-ਫੈਲਾ। ਵਧੀਆ ਤਰੀਕੇ ਨਾਲ ਹਾਲ-ਚਾਲ ਪੁੱਛਦੈ, ਜਿੰਨਾ ਕਈ ਵਾਰੀ ਆਪਣੇ ਵੀ ਨਈਂ ਪੁੱਛਦੇ। ਬੱਚਿਆਂ ਨੂੰ ਤਾਂ ਅਸੀਂ ਆਪਣੀ ਕਮਾਈ ਦੇਣੀ ਹੀ ਹੈ। ਕੁਝ ਸਾਂਝੇ ਕੰਮਾਂ ‘ਚ ਵੀ ਹਿੱਸਾ ਪਾਈਏ। ਅਸੀਂ ਐਮਰਜੈਂਸੀ ਵਿਚ ਇੰਤਜ਼ਾਰ ਸਮੇਂ ਨੂੰ ਕੋਸੀ ਜਾਨੇ ਆਂ। ਸਰਕਾਰਾਂ ਨੂੰ ਛੱਜ ‘ਚ ਪਾ ਛੱਟਦੇ ਫਿਰਦੇ ਹਾਂ। ਅਸੀਂ ਵੀ ਕੁਝ ਕਰੀਏ। ਭਾਵੇਂ ਸਾਡੇ ਤਿਲ-ਫੁੱਲ ਨਾਲ ਚਿੜੀ ਵੱਲੋਂ ਚੁੰਝ ‘ਚ ਲਿਆਂਦਾ ਪਾਣੀ ਅੱਗ ਤਾਂ ਨਹੀਂ ਬੁਝਾ ਸਕਦਾ, ਪਰ ਚਿੜੀ ਅੱਗ ਬੁਝਾਉਣ ਵਾਲਿਆਂ ਦੀ ਸੂਚੀ ‘ਚ ਜ਼ਰੂਰ ਗਿਣੀ ਜਾਂਦੀ ਏ, ਕਿਉਂ ਠੀਕ ਏ ਨਾ!”
“ਚਾਚਾ ਤੇਰੀਆਂ ਗੱਲਾਂ ਤਾਂ ਠੀਕ ਨੇ, ਇਸ ‘ਤੇ ਕਿੰਤੂ ਕਰਨ ਵਾਲੇ ਕਿੰਤੂ ਵੀ ਕਰਨਗੇ।”
“ਕਰੀ ਜਾਣ ਭਤੀਜ, ਲੋਕਾਂ ਦੀ ਦੰਦ ਕਥਾ ਚੱਲਦੀ ਰਹਿਣੀ ਏਂ, ਇਹ ਤਾਂ ਪਿਉ-ਪੁੱਤ ਨੂੰ ਗਧਾ ਚੁਕਾ ਦਿੰਦੇ ਨੇ! ਤੈਨੂੰ ਯਾਦ ਹੋਊ, ਮਿੰਦਰ ਮਾਸਟਰ ਨੇ ਬਿਨਾ ਦਾਜ ਵਿਆਹ ਕੀਤਾ ਸੀ, ਪੰਜ ਬੰਦੇ ਗਏ ਸੀ ਬਰਾਤੇ। ਉਸ ‘ਤੇ ਵੀ ਲੋਕਾਂ ਦੀਆਂ ਦੰਦ ਚੱਕੀਆਂ ਹਾਲੀ ਤੱਕ ਚੱਲੀ ਜਾਂਦੀਆਂ ਨੇ, ‘ਹਾਂ ਹਾਂ ਕਾਹਦੀ ਬਹਾਦਰੀ ਸੀ, ਕਿਹੜਾ ਤਿਆਗ ਸੀ, ਉਨ੍ਹਾਂ ਦਾ ਤਾਂ ਆਪਸ ‘ਚ ਪੇਚਾ ਸੀ, ਤੇ ਮਾਪਿਆਂ ਨੇ ਲੜ ਬੰਨ੍ਹਤੀ।’ ਡਾਂਗ ਉਗਰੀ ਤਾਂ ਭਤੀਜ ਰੋਕੀ ਜਾ ਸਕਦੀ ਏ, ਚਾਰ ਇੰਚੀ ਜੀਭ ਨੂੰ ਕੋਈ ਨਈਂਓਂ ਫੜ੍ਹ ਸਕਦਾ। ਹੁਣ ਉਹ ਨੂੰਹਾਂ-ਪੁੱਤਾਂ ਵਾਲੇ ਨੇ, ਹਾਲੀ ਵੀ ਉਨ੍ਹਾਂ ਨੂੰ ਵੇਖ ਫਿਰ ਗੱਲਾਂ ਛਿੜ ਪੈਂਦੀਆਂ ਨੇ, ਇਨ੍ਹਾਂ ਤਾਂ ਚੱਲੀ ਜਾਣੈ।”
“ਹਾਂ ਗੱਲ ਤੇਰੀ ਠੀਕ ਏ, ਨਵੀਆਂ ਲੀਹਾਂ ਤਾਂ ਦਲੇਰ ਹੀ ਪਾਉਂਦੇ ਨੇ। ਘਸੂਸੀ, ਵਿਹਲੜ, ਡਰੂ ਤਾਂ ਗੱਲਾਂ ਕਰਨ ਜੋਗੇ ਹੀ ਨੇ। ਸਾਡੇ ਵੀ ਇੱਕ ਮਾਸਟਰ ਹੁੰਦਾ ਸੀ, ਕਹਿੰਦਾ ਹੁੰਦਾ, ਅਸੀਂ ਤਾਂ ਕੁਝ ਨਹੀਂ ਕਰਨਾ, ਨਾ ਕਰੀਏ, ਨਾ ਨੁਕਸ ਨਿਕਲੇ, ਸਾਡਾ ਕੋਈ ਕੀ ਕਰ ਲਊ।”
“ਬੱਸ ਚਾਚਾ ਬੱਸ! ਹੁਣ ਮੈਂ ਚੱਲਦਾਂ, ਨੂੰਹ ਤੇਰੀ ਉਡੀਕਦੀ ਹੋਊ, ਕਹਿੰਦੀ ਹੋਊ ਜਿੱਥੇ ਜਾਂਦੈ, ਉਥੇ ਜੋਗਾ ਹੀ ਹੋ ਜਾਂਦੈ। ਹੁਣ ਤੱਕ ਤਾਂ ਮਾਲ ‘ਚ ਫਿਰਦੀ ਥੱਕ ਗਈ ਹੋਊ, ਨਿੱਕੀਆਂ ਮੋਟੀਆਂ ਚੀਜ਼ਾਂ ਓਸ ਲੈਣੀਆਂ ਸਨ।”
“ਚੰਗਾ ਭਤੀਜ ਮਿਲਦਾ ਰਿਹਾ ਕਰ, ਹਾਲੀ ਤਾਂ ਹੋਰ ਅੱਗੇ ਉਧੜਨੈਂ, ਚੱਲ ਉਹ ਉਦੋਂ ਸਹੀ ਜਦੋਂ ਕੁਝ ਕਰ ਵਿਖਾਇਆ, ਬਹੁਤੀਆਂ ਗੱਲਾਂ ਵੀ ਕਰਨੀਆਂ ਚੰਗੀਆਂ ਨਹੀਂ ਲੱਗਦੀਆਂ, ਲੋਕ ਸ਼ੇਖ ਚਿੱਲੀ ਕਹਿਣ ਲੱਗ ਜਾਣਗੇ। ਅੱਛਾ, ਆਈਂ ਜ਼ਰੂਰ, ਭੁਲੀਂ ਨਾ!”
—
‘ਕੇਰਾਂ ਸਾਲ ਪਿੱਛੋਂ ਮਿਲਿਆ। ਛੇ ਮਹੀਨੇ ਪਿੰਡ ਰਹਿ ਕੇ ਆਇਆ ਸੀ। ਅਚਾਨਕ ਮਿਲ ਪਿਆ। ਬੜੇ ਚਹਿਕੇ ‘ਤੇ ਸੀ। ਕਹਿੰਦਾ, “ਆ ਭਤੀਜ ਬੈਠ ਕੇ ਗੱਲਾਂ ਕਰਦੇ ਆਂ, ਕੰਮ-ਕੁਮ ਤਾਂ ਸਾਲੇ ਮੁੱਕਣੇ ਨਈਂ, ਬੰਦਾ ਮੁੱਕ ਜਾਣੈ, ਤੇ ਨਾਲੇ ਪੀਨੇ ਆਂ ਚਾਹ-ਕੌਫੀ।”
“ਮੈਂ ਵੀ ਕਈ ਵਾਰੀ ਸੋਚਦਾ ਸੀ, ਬੜਾ ਚਿਰ ਹੋਇਆ ਤੈਨੂੰ ਮਿਲਾਂ, ‘ਕੇਰਾਂ ਫੋਨ ਕੀਤਾ ਸੀ, ਕਹਿੰਦੇ ਪਿੰਡ ਗਏ ਹੋਏ ਨੇ, ਦੱਸ ਫਿਰ ਕਿਵੇਂ ਰਿਹਾ, ਪਿੰਡ ਦਾ ਗੇੜਾ।”
“ਭਤੀਜ, ਬੋਹੜ ਹੁਣ ਨਜ਼ਰ ਨਹੀਂ ਆਉਂਦੇ, ਦਰਵਾਜ਼ਿਆਂ ਬਿਨਾ ਖੁੱਲ੍ਹੇ ਵਿਹੜੇ, ਉਵੇਂ ਹੁੰਦੇ ਜਿਵੇਂ ਖੁੱਲ੍ਹੇ-ਡੁੱਲ੍ਹੇ ਦਿਲਾਂ ਦੇ ਖੁੱਲ੍ਹੇ ਭੇਤ। ਬਾਹਰੋਂ ਲੰਘਦੇ ਬੰਦੇ ਬਾਪੂ, ਬੇਬੇ, ਤਾਈ, ਚਾਚੀ, ਭਾਬੀ, ਭੈਣ, ਭਤੀਜੇ-ਭਤੀਜੀਆਂ ਨਾਲ ਗੱਲਾਂ ਕਰਦੇ ਲੰਘਦੇ, ਰਾਜ਼ੀ ਖੁਸ਼ੀ ਪੁੱਛਦੇ, ਘਰ ‘ਚ ਲੱਗੀਆਂ ਨਿੰਮਾਂ, ਧਰੇਕਾਂ, ਬਕੈਣਾਂ ਹੇਠ ਬੀਬੀਆਂ ਬੈਠੀਆਂ ਸੇਵੀਆਂ ਵੱਟਦੀਆਂ, ਕਸੀਦੇ ਕੱਢਦੀਆਂ, ਛਿੱਕੂ ਚੰਗੇਰਾਂ ਬਣਾਉਂਦੀਆਂ ਹੁੰਦੀਆਂ। ਹੁਣ ਪੱਕੇ ਘਰ ਨੇ, ਵੱਡੇ ਵੱਡੇ ਲੋਹੇ ਦੇ ਗੇਟ ਨੇ, ਇਉਂ ਲੱਗਦਾ ਜਿਵੇਂ ਜਿਦੋ ਜਿਦੀ ਮੁਕਾਬਲੇਬਾਜ਼ੀ ‘ਚ ਲੋਕਾਂ ਨੇ ਆਪਣੇ ਆਪ ਨੂੰ ਭਾਈਚਾਰਕ ਸਾਂਝਾਂ ਛੱਡ ਗੇਟਾਂ ‘ਚ ਬੰਦ ਕਰ ਲਿਆ ਹੋਵੇ, ਬਿਜਲੀ ਨੇ ਤਾਂ ਉਏਂ ਹੀ ਪੇਂਡੂ ਭਾਈਚਾਰੇ ਨੂੰ ਸ਼ਹਿਰਾਂ ਵਾਂਗ ਮਜ਼ਬੂਤ ਵਲਗਣਾਂ ‘ਚ ਨੂੜ ਦਿੱਤੈ। ਜਦੋਂ ਜਾਈਦਾ, ਉਨ੍ਹਾਂ ਰੌਣਕਾਂ ਦੀਆਂ ਪੈੜਾਂ ਮਿੱਟਦੀਆਂ ਜਾ ਰਹੀਆਂ ਨੇ। ਸੋਫਿਆਂ ‘ਤੇ ਬੈਠ ਉਹ ਅਨੰਦ ਨਹੀਂ ਆਉਂਦਾ, ਜੋ ਖੁੱਲ੍ਹੇ ਵਿਹੜਿਆਂ, ਬੋਹੜਾਂ ਥੱਲੇ ਬੈਠ ਕੇ ਆਉਂਦਾ ਸੀ। ਹਰ ਕੋਈ ਰਸਮੀ ਜਿਹਾ ਹੋ ਗਿਐ, ਅਪਣੱਤ ਅਲੋਪ ਹੁੰਦੀ ਜਾ ਰਹੀ ਏ, ਕੱਪ ਪਿਆਲੀਆਂ ਵਾਹਵਾ ਖੜਕਦੀਆਂ ਹਨ, ਪਰ ਗਲਾਸਾਂ, ਬਾਟੀਆਂ ਵਾਲੀ ਚਾਹ ਦਾ ਮਜ਼ਾ ਕਿੱਥੇ ਆਉਂਦੈ, ਭਤੀਜ!”
“ਇਹ ਤੇਰੀਆਂ ਗੱਲਾਂ ਸੱਚ ਨੇ, ਹੋਰ ਦੱਸ ਫਿਰ ਕੀ ਕਾਰਨਾਮੇ ਕਰ ਆਇਐਂ।”
“ਕਲਕੱਤੇ ਵਾਲਾ ਕਮਿੱਕਰ ਸਿੰਘ ਹੁੰਦਾ ਸੀ ਨਾ ਮੁਕੰਦਪੁਰੀਆ।”
“ਹਾਂ, ਕੀ ਕਰ’ਤਾ ਉਹਨੇ, ਬੰਦਾ ਤਾਂ ਉਹ ਬੜਾ ਦਲੇਰ ਐ ਤੇ ਸਭ ਦੇ ਭਲੇ ਦੇ ਕੰਮ ਕਰਦੈ। ਅੰਮ੍ਰਿਤਧਾਰੀ ਗੁਰਸਿੱਖ ਹੈ। ਉਹ ਸਿਮਰਨਜੀਤ ਸਿੰਘ ਮਾਨ ਦੇ ਬੜਾ ਨੇੜੇ ਰਿਹੈ, ਉਹਦੀ ਪਾਰਟੀ ਵੱਲੋਂ ‘ਕੇਰਾਂ ਉਨ੍ਹੇ ਚੋਣ ਵੀ ਲੜੀ ਸੀ।”
“ਆਹੋ ਆਹੋ ਉਈਏ, ਬਈ ਹੁਣ ਤਾਂ ਉਹਨੇ ਪਿੰਡ ‘ਚ ਕਮਾਲ ਦੇ ਲੋਕ-ਭਲਾਈ ਦੇ ਕੰਮ ਛੇੜੇ ਹੋਏ ਨੇ।”
“ਹਾਂ ਮੈਨੂੰ ਪਤਾ ਹੈ, ਇੱਥੇ ਵੀ ਉਹ ‘ਕੇਰਾਂ ਆਇਆ ਸੀ। ਮੈਨੂੰ ਵੀ ਮਿਲਿਆ ਸੀ। ਆਪਣੇ ਇਲਾਕੇ ਦੇ ਕੈਨੇਡੀਅਨਾਂ ਦਾ ਇਕੱਠ ਕੀਤਾ ਸੀ ਉਹਨੇ। ਕਹਿੰਦਾ, ਪਿੰਡ ਦੇ ਲੋਕਾਂ ਦੇ ਭਲੇ ਦੇ ਕੰਮਾਂ ਦਾ ਬੀੜਾ ਹੁਣ ਸਾਨੂੰ ਆਪ ਹੀ ਚੁੱਕਣਾ ਚਾਹੀਦੈ, ਇੱਥੋਂ ਦੇ ਲੋਕਾਂ ਨੇ ਵੀ ਚੰਗਾ ਹੁੰਗਾਰਾ ਭਰਿਆ ਸੀ!”
ਉਹ ਗੁਰਦੁਆਰੇ ਬੋਲਿਆ ਸੀ, “ਆਓ! ਅਸੀਂ ਆਪਣੀ ਕਿਰਤ ਕਮਾਈ ਦਾ ਦਸਵੰਧ ‘ਸਿੱਖਿਆ ਇਨਕਲਾਬ’ ਲਿਆਉਣ ‘ਤੇ ਲਾ ਦਈਏ, ਤਾਂ ਹੀ ਅਸੀਂ ਪਿੰਡਾਂ ਵਿਚ ਸਿਹਤਮੰਦ, ਪੜ੍ਹੇ-ਲਿਖੇ ਤੇ ਕਮਾਊ ਨੌਜਵਾਨ ਵੇਖ ਸਕਾਂਗੇ, ਅਤੇ ਕੌਮਾਂ ਦੀ ਕਤਾਰ ਵਿਚ ਇੱਕ ਪੜ੍ਹੀ-ਲਿਖੀ ਕੌਮ ਦੇ ਤੌਰ ‘ਤੇ ਖੜ੍ਹੇ ਹੋਣ ਦਾ ਮਾਣ ਪ੍ਰਾਪਤ ਕਰ ਸਕਾਂਗੇ, ਡੇਰਾਵਾਦ ਦੇ ਜੜ੍ਹੀਂ ਤੇਲ ਪੈ ਜਾਏਗਾ, ਲੋਕ ਗੁਰ ਸ਼ਬਦ ਨਾਲ ਜੁੜ ਜਾਣਗੇ। ਇਸ ਲਈ ਲੋੜ ਹੈ-ਵਧੀਆ ਸਕੂਲਾਂ ਦੀ, ਸਿਹਤ ਕੇਂਦਰਾਂ ਦੀ, ਕਿੱਤਾਮੁਖੀ ਸਿੱਖਿਆ ਦੀ, ਲਾਇਬਰੇਰੀਆਂ ਦੀ, ਖੇਡ ਕੇਂਦਰਾਂ ਦੀ। ਨਹੀਂ ਤਾਂ ਨਸ਼ੇ ‘ਚ ਡੁੱਬੀ ਜਵਾਨੀ ਸਾਡੇ ਗੁਰੂਆਂ ਦੀ ਬਖਸ਼ੀ ਮਹਾਨ ਵਿਰਾਸਤ ਨੂੰ ਰੋਲ ਦੇਵੇਗੀ। ਅਸੀਂ ਲੀਡਰਾਂ ਦੀਆਂ ਲੂੰਬੜ ਚਾਲਾਂ ਪਿੱਛੇ ਲੱਗੇ ਮੰਗਤਿਆਂ ਵਾਂਗ ਭਟਕਦੇ ਫਿਰਾਂਗੇ।” ਚਾਚਾ ਇੱਕੋ ਸਾਹ ਬੋਲੀ ਗਿਆ।
“ਲੈ ਬਈ ਹੁਣ ਤਾਂ ਉਹਨੇ ਪਿੰਡਾਂ ਵਿਚ ‘ਸੁੱਖ ਸੰਸਾਰ’ ਉਸਾਰੇ ਜਾਣ ਦਾ ਟੀਚਾ ਮਿਥਿਆ ਹੋਇਆ ਈ, ਲੱਕ ਬੰਨ੍ਹ ਇਸ ਮੁਹਿੰਮ ਵਿਚ ਜੁਟਿਆ ਹੋਇਆ ਈ, ਭਤੀਜ ਮੈਨੂੰ ਵੀ ਉਸ ਤੋਂ ਬੜਾ ਉਤਸ਼ਾਹ ਮਿਲਿਆ ਈ।”
“ਇਹ ਤਾਂ ਹੁੰਦਾ ਈ ਆ, ਚੰਗੇ ਕੰਮਾਂ ਤੋਂ ਬੰਦਾ ਸਿੱਖਦੈ, ਚੰਗੇ ਰਾਹ ਪੈਂਦਾ।”
ਚਾਚਾ ਆਪਣੇ ਸਕੂਲ ਵੇਲੇ ਹਾਕੀ ਦਾ ਚੰਗਾ ਸ਼ੌਂਕੀ ਹੁੰਦਾ ਸੀ। ਪਿੰਡ-ਵਾਰ ਟੂਰਨਾਮੈਂਟਾਂ, ਜ਼ਿਲੇ ਦੇ ਪੇਂਡੂ ਮੇਲਿਆਂ ‘ਚ ਪਿੰਡ ਦੀ ਟੀਮ ਦਾ ਤਕੜਾ ਬੈਕ ਹੁੰਦਾ ਸੀ। ਉਹ ਕਲਕੱਤੇ ਦੀ ਖਾਲਸਾ ਸਪੋਰਟਿੰਗ ਵੱਲੋਂ ਹਾਕੀ ਖੇਡਣਾ ਚਾਹੁੰਦਾ ਸੀ। ਕਲਕੱਤੇ ਜਾਣ ਦਾ ਉਹਦਾ ਇੱਕ ਕਾਰਨ ਇਹ ਵੀ ਸੀ। ਉਦੋਂ ਉਹਦੇ ਪਿੰਡ ਦੇ ਮੁੰਡੇ ਕਲਕੱਤੇ ਦੀ ਖਾਲਸਾ ਸਪੋਰਟਿੰਗ ਵੱਲੋਂ ਹਾਕੀ ਲੀਗ ਖੇਡਦੇ ਸੀ। ਉਹਦੀ ਇੱਛਾ ਸੀ ਨਾਲੇ ਪਿੰਡ ਦੇ ਖੇਤੀ ਦੇ ਜੰਜਾਲ ਤੋਂ ਛੁੱਟਾਂਗੇ, ਨਾਲੇ ਆਪਣੇ ਯਾਰਾਂ ਬੇਲੀਆਂ ਨਾਲ ਖੇਡਿਆ ਕਰਾਂਗੇ।
“ਹਾਂ ਮੈਨੂੰ ਪਤਾ ਤੂੰ ਉਥੇ ਖੇਡਦਾ ਰਿਆ ਏਂ, ਪਰ ਭਤੀਜ ਉਹ ਤਾਂ ਗੱਲਾਂ ਹੋਈਆਂ ਬੀਤੀਆਂ, ਸਮੇਂ ਲੱਦ ਗਏ, ਹੁਣ ਮੇਰੀ ਇੱਛਾ ਜਾਗ ਉਠੀ ਏ ਕਿ ਕਿਉਂ ਨਾ ਪਿੰਡ ਦੀ ਨਵੀਂ ਪਨੀਰੀ ਨੂੰ ਹਾਕੀ ਵੱਲ ਉਤਸ਼ਾਹਤ ਕੀਤਾ ਜਾਵੇ, ਐਤਕੀਂ ਮੈਂ ਮਨ ਬਣਾ ਕੇ ਈ ਕੈਨੇਡਾ ਤੋਂ ਗਿਆ ਸਾਂ, ਅਜਿਹਾ ਕੋਈ ਕੰਮ ਕਰੀਏ, ਹੁਣ ਤਾਂ ਸਭ ਖੈਰਾਂ-ਮਿਹਰਾਂ ਨੇ, ਮੁੰਡੇ ਆਪਣੇ ਕੰਮੀਂ ਧੰਦੀ ਲੱਗੇ ਹੋਏ ਐ, ਪੈਨਸ਼ਨ ਵੀ ਲੱਗ ਗਈ ਏ ਕੈਨੇਡਾ ਆਲੀ, ਜਮੀਨ ਦਾ ਠੇਕਾ ਵੀ ਆਈ ਜਾਂਦੈ। ਕਦੀ ਕਿਸੇ ਦਾ ਰੱਜ ਤਾਂ ਹੋਇਆ ਨਈਂ। ਪਿੰਡ ਦੀ ਹਾਕੀ ਕਲੱਬ ਨੂੰ ਹਰ ਸਾਲ 20 ਹਜ਼ਾਰ ਦੇਣ ਦਾ, ਮੇਲੇ ‘ਤੇ ਐਲਾਨ ਕਰਵਾ ਦਿੱਤਾ।”
“ਇਹ ਤਾਂ ਵਧੀਆ ਕੀਤਾ ਈ ਚਾਚਾ, ਨਈਂ ਰੀਸਾਂ ਬੱਗੇ ਸ਼ੇਰ ਦੀਆਂ।”
“ਅੱਗੇ ਹੋਰ ਸੁਣ, ਫਰਵਰੀ ਦੇ ਦਿਨਾਂ ‘ਚ ਰੇਲਵੇ ਵਾਲੇ ਬਲਬੀਰ ਨਾਲ ਮੇਰਾ ਮੇਲ-ਗੇਲ ਹੁੰਦਾ ਰਹਿੰਦਾ ਸੀ, ਉਹ ਸਾਡੇ ਪਿੰਡ ਦੇ ਟਰਾਂਸਪੋਰਟਰਾਂ ਦਾ ਜਾਣੂ ਸੀ, ਹੁਣ ਵੀ ਉਹਦੇ ਨਾਲ ਫੋਨ ‘ਤੇ ਗੱਲ ਹੁੰਦੀ ਰਹਿੰਦੀ ਏ, ਉਨ੍ਹਾਂ ਦਿਨਾਂ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ, ਉਹਨੂੰ ਮਿਲ ਕੇ ਉਹ ਦਿਨ ਯਾਦ ਆ ਜਾਂਦੇ ਨੇ। ਉਹਤੋਂ ਪਤਾ ਲੱਗਾ ਕਿ ਲੁਧਿਆਣੇ ਦੀ ਸਪੋਰਟਸ ਕੌਂਸਲ, ਪੀ. ਏ. ਯੂ. ਦੇ ਪ੍ਰਿਥੀਪਾਲ ਐਸਟਰੋ ਟਰਫ ਦੇ ਹਾਕੀ ਸਟੇਡੀਅਮ ‘ਚ ਇੱਕ ਆਲ ਇੰਡੀਆ ਹਾਕੀ ਟੂਰਨਾਮੈਂਟ ਕਰਵਾ ਰਹੀ ਹੈ, ਇਸ ਕਲੱਬ ਨੂੰ ਸਾਬਕਾ ਹਾਕੀ ਉਲੰਪੀਅਨ-ਰਾਜਿੰਦਰ ਸਿੰਘ, ਹਰਦੀਪ ਸਿੰਘ ਗਰੇਵਾਲ, ਬਲਬੀਰ ਸਿੰਘ ਰੇਲਵੇ, ਸੁਖਬੀਰ ਸਿੰਘ ਗਰੇਵਾਲ ਆਦਿ ਖਿਡਾਰੀਆਂ ਦੀ ਸਰਪ੍ਰਸਤੀ ਮਿਲੀ ਹੋਈ ਸੀ। ਬਲਬੀਰ ਮੈਨੂੰ ਕਲਕੱਤੇ ਦੇ ਦਿਨਾਂ ਦਾ ਜਾਣਦਾ ਸੀ, ਉਹਨੇ ਫੋਨ ਕਰਕੇ ਸੱਦ ਲਿਆ, ‘ਹਾਕੀ ਦੀ ਮੀਟਿੰਗ ਹੋ ਰਹੀ ਏ, ਆ ਜਾਈਂ ਚਾਚਾ।’ ਉਹਨੇ ਮੇਰੇ ਕੋਲੋਂ ਚਾਰ ਕਿੱਲਿਆਂ ਦੇ, ਇੱਕ ਲੱਖ ਠੇਕੇ ਦਾ ਐਲਾਨ ਸਪੋਰਟਸ ਕੌਂਸਲ ਲਈ ਮੀਟਿੰਗ ‘ਚ ਹੀ ਕਰਵਾ ਦਿੱਤਾ। ਮੈਂ ਵੀ ਲੁਧਿਆਣੇ ਉਹ ਮੈਚ ਵੇਖਣ ਜਾਂਦਾ ਰਿਹਾਂ, ਕਲੱਬ ਬੜਾ ਮਾਣ ਸਨਮਾਨ ਕਰਦੀ ਏ।”
“ਬਈ ਇਹ ਤਾਂ ਤੂੰ ਨਹਿਲੇ ‘ਤੇ ਦਹਿਲਾ ਈ ਨਈਂ ਸਗੋਂ, ਬੇਗੀ ‘ਤੇ ਯੱਕਾ ਮਾਰ’ਤਾ। ਹਾਂ ਚਾਚਾ, ਬੰਦੇ ਦੇ ਨਾਲ ਨਾਲ ਈ ਚੱਲਦੀਆਂ ਨੇ ਪੁਰਾਣੇ ਵੇਲਿਆਂ ਦੀਆਂ ਗੱਲਾਂ, ਹੋਰ ਸੁਣਾ ਕੋਈ ਪਿੰਡ ਦੀ ਗੱਲ।”
“ਲੈ ਅੱਗੇ ਸੁਣ, ਕੈਨੇਡਾ ਆਉਣ ਪਿੱਛੋਂ ਅਸੀਂ ਘਰ ਦੀ ਸਾਂਭ-ਸੰਭਾਲ ਲਈ ਇੱਕ ਭੱਈਆ ਪਰਿਵਾਰ ਘਰ ‘ਚ ਰੱਖਿਆ ਹੋਇਆ ਹੈ, ਹੁਣ ਤਾਂ ਵੇਖੋ ਵੇਖੀ ਉਹਨੇ ਵੀ ਆਪਣੇ ਬੱਚੇ ਲਾਗਲੇ ਪਬਲਿਕ ਸਕੂਲ ‘ਚ ਪਾਏ ਹੋਏ ਨੇ। ਘਰ ਫਰੀ, ਬਿਜਲੀ-ਪਾਣੀ ਮੁਫਤ, ਖੁੱਲ੍ਹਾ ਸਾਫ-ਸੁਥਰਾ ਵਿਹੜਾ, ਭੱਈਆਣੀ ਪੂਰੀ ਪ੍ਰਧਾਨ ਬਣੀ ਫਿਰਦੀ ਹੈ। ਚਾਰ ਬੱਚੇ ਨੇ ਉਹਦੇ, ਇਸ ਗੱਲੋਂ ਭੱਈਏ ਅੱਡੀਆਂ ਚੁੱਕ ਫਾਹ ਲੈਣੋਂ ਨਈਉਂ ਹਟਦੇ, ਦਾਲ-ਰੋਟੀ ਤੁਰਦੀ ਨਈਂ, ਬੱਚੇ ਜਣਨੋਂ ਹਟਦੇ ਨਈਂ। ਤੇਰੀ ਚਾਚੀ ਨੇ ਬਥੇਰਾ ਸਮਝਾਇਆ ਕਿ ਹੁਣ ਬੱਸ ਕਰੋ, ਖੈਰ, ਉਹਦੀ ਛੋਟੀ ਕੁੜੀ ਹੁਣ ਪਹਿਲੀ ‘ਚ ਈ, ਤੇ ਵੱਡੀ ਸੱਤਵੀਂ ‘ਚ। ਵਿਚਾਲੜੇ ਦੋਵੇਂ ਮੁੰਡੇ ਤੀਸਰੀ-ਚੌਥੀ ‘ਚ ਨੇ, ਕੁੱਲ ਮਿਲਾ ਕੇ ਉਨ੍ਹਾਂ ਦੀ ਫੀਸ ਕੋਈ ਦੋ ਹਜ਼ਾਰ ਰੁਪਏ ਮਹੀਨਾ ਬਣਦੀ ਸੀ, ਫੀਸ ਭਾਰੀ ਏ, ਭੱਈਆ ਤਾਂ ਮਾੜਚੂ ਜਿਹਾ, ਮਸੀਂ ਚਾਰ-ਪੰਜ ਹਜ਼ਾਰ ਮਹੀਨਾ ਕਮਾਉਂਦੈ। ਭੱਈਆਣੀ ਕਸੀਦੇ, ਤਰਪਾਈਆਂ ਕੱਢਦੀ, ਏਧਰੋਂ ਫੜ-ਫੁੜ ਕੇ ਕੰਮ ਰੇੜ੍ਹੀ ਜਾਂਦੀ ਸੀ, ਪਰ ਹੈ ਬੜੇ ਔਖੇ, ਪੜ੍ਹਾਈ ਦਾ ਤੇ ਘਰ ਦੀ ਰੋਟੀ ਦਾ ਬੋਝ ਲੱਕ ਤੋੜ ਦਿੰਦੈ।”
“ਹਾਂ ਚਾਚਾ, ਮਹਿੰਗਾਈ ਵੀ ਸਾਡੇ ਦੇਸ਼ ‘ਚ ਗਰੀਬਾਂ ਦੀਆਂ ਹੀਲਾਂ ਕਢਾਈ ਜਾਂਦੀ ਏ।”
“ਜਦੋਂ ਪਿੰਡ ਫੇਰਾ ਵਜਦੈ, ਅਸੀਂ ਉਥੇ ਹੁੰਨੇ ਆਂ, ਸਾਡਾ ਰੋਟੀ-ਪਾਣੀ, ਸਾਫ-ਸਫਾਈਆਂ, ਭਾਂਡੇ-ਟੀਂਢੇ ਦਾ ਕੰਮ, ਧੋਆ-ਧੁਆਈ ਵਗੈਰਾ ਉਹ ਈ ਕਰਦੇ ਨੇ, ਭੱਈਆਣੀ ਨਾਲ ਤੇਰੀ ਚਾਚੀ ਦੀ ਵਾਹਵਾ ਸੁਰ ਮਿਲਦੀ ਏ, ਏਨੀ ਕਿ ਵੇਲੇ-ਕੁਵੇਲੇ ਉਹਨੂੰ ਘੁਟਦੀ ਵੀ ਰਹਿੰਦੀ ਏ। ਇੱਕ ਦਿਨ ਕਹਿੰਦੀ, ‘ਜੀ ਏਧਰ-ਉਧਰ ਅਸੀਂ ਬਥੇਰੇ ਖਰਚ, ਦਾਨ ਕਰਦੇ ਆਂ, ਇਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਭਾਰ ਅਸੀਂ ਕਿਉਂ ਨਾ ਚੁੱਕ ਲਈਏ!’ ਦਿਲੋਂ ਮੈਂ ਪਹਿਲਾਂ ਹੀ ਚਾਹੁੰਦਾ ਸਾਂ, ਕਿਹਾ, ਜੱਟੀਏ ਇਹਤੋਂ ਵੱਡਾ, ਪੁੰਨ-ਦਾਨ ਕਿਹੜਾ ਈ, ਕਹਿ ਦੇ ਜੇ ਪੜ੍ਹਦੇ ਗਏ ਤਾਂ ਦਸਵੀਂ ਤੀਕ ਉਨ੍ਹਾਂ ਦੀ ਫੀਸ ਅਸੀਂ ਦਿਆ ਕਰਾਂਗੇ। ਬੱਚੇ ਪੜ੍ਹ ਗਏ ਤਾਂ ਸਾਰੀ ਉਮਰ ਯਾਦ ਕਰਨਗੇ, ਅਸੀਸਾਂ ਦੇਣਗੇ।”
“ਚਾਚਾ, ਕਮਾਲ ਐ ਬਈ ਤੁਹਾਡਾ, ਇਸ ਤੋਂ ਵੱਡਾ ਦਾਨ ਕਿਹੜਾ ਹੋ ਸਕਦੈ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦੀ ਹੈ, ਤੇਰੀਆਂ ਇਨ੍ਹਾਂ ਪੈੜਾਂ ਨੇ ਵੇਖੀਂ ਕਈਆਂ ਨੂੰ ਇਸ ਪਾਸੇ ਤੋਰਨੈ, ਪੇਟ ਤਾਂ ਭਰ ਜਾਂਦੈ, ਬੰਦੇ ਦੀ ਤਮ੍ਹਾਂ ਨਈਂ ਰੱਜਦੀ। ਕਮਾਲ ਏ ਚਾਚਾ ਤੇਰੇ। ਚੰਗਾ ਚਾਚਾ ਫਿਰ ਮਿਲਾਂਗੇ, ਤੂੰ ਤਾਂ ਨਵੇਂ ਰਾਹ ਪਾਈ ਜਾ ਰਿਹੈਂ, ਨਹੀਂ ਰੀਸਾਂ ਤੇਰੀਆਂ ਚਾਚਾ।”
ਚਾਚੇ ਦੀਆਂ ਇਹ ਗੱਲਾਂ ਸੁਣ ਸੁਣ ਮੈਂ ਸਰਸ਼ਾਰ ਹੋ ਰਿਹਾ ਸਾਂ। ਇਹ ਹੈ ਗਰੀਬ ਲੋੜਵੰਦਾਂ ਲੋਕਾਂ ਦੀ ਅਸਲ ਸੇਵਾ, ਸਹੀ ਦਾਨ! ਅਖੰਡ ਪਾਠਾਂ ‘ਤੇ ਲੋਕ ਐਵੇਂ ਮਾਇਆ ਖਰਚਦੇ ਹਨ, ਗੁਰਦੁਆਰਿਆਂ ‘ਚ ਚੜ੍ਹਾਵੇ ਚੜ੍ਹਾਈ ਜਾ ਰਹੇ ਹਨ। ਇਹ ਦਾਨ ਹੀ ਸਾਰਥਕ ਦਾਨ ਹਨ। ਕਾਸ਼! ਸਾਡੇ ਲੋਕ ਵੀ ਇਨ੍ਹਾਂ ਲੀਹਾਂ ‘ਤੇ ਤੁਰ ਪੈਣ!