ਵਿਵਾਦਾਂ ਵਿਚ ਘਿਰੇ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਹੁਦਾ ਸੰਭਾਲਦੇ ਹੀ ਵਿਵਾਦਾਂ ਵਿਚ ਘਿਰ ਗਏ ਹਨ। ਲੌਂਗੋਵਾਲ ਉਨ੍ਹਾਂ ਸਿਆਸੀ ਆਗੂਆਂ ਵਿਚ ਸ਼ਾਮਲ ਸੀ ਜਿਹੜੇ ਵਿਧਾਨ ਸਭਾ ਚੋਣਾਂ ਲਈ ਡੇਰਾ ਸਿਰਸਾ ਤੋਂ ਵੋਟਾਂ ਮੰਗਣ ਲਈ ਸਨ। ਇਸੇ ਗੁਨਾਹ ਵਿਚ ਉਨ੍ਹਾਂ ਨੂੰ ਅਕਾਲ ਤਖਤ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਸੀ। ਨਵੇਂ ਪ੍ਰਧਾਨ ਵੱਲ ਉਠੀਆਂ ਉਂਗਲਾਂ ਬਾਦਲ ਪਰਿਵਾਰ ਲਈ ਵੀ ਨਮੋਸ਼ੀ ਬਣ ਰਹੀਆਂ ਹਨ।

ਹਾਲਾਂਕਿ ਇਹ ਵਿਵਾਦ ਉਠਣ ਮਗਰੋਂ ਲੌਂਗੋਵਾਲ ਨੇ ਫਟਾਫਟ ਬਿਆਨ ਦੇ ਦਿੱਤਾ ਕਿ ਉਹ ਕਦੇ ਡੇਰਾ ਸਿਰਸਾ ਨਹੀਂ ਗਏ। ਫਿਰ ਸਵਾਲ ਉਠਿਆ ਕਿ ਜੇ ਉਹ ਡੇਰੇ ਨਹੀਂ ਗਏ ਤਾਂ ਸਜ਼ਾ ਕਿਉਂ ਭੁਗਤੀ? ਜਦੋਂ ਲੌਂਗੋਵਾਲ ਆਪਣੇ ਇਸ ਦਾਅਵੇ ਉਤੇ ਘਿਰ ਗਏ ਤਾਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਉਨ੍ਹਾਂ ਦੇ ਹੱਕ ਵਿਚ ਨਿੱਤਰ ਆਏ ਤੇ ਆਖ ਦਿੱਤਾ ਕਿ ਪ੍ਰਧਾਨ ਨੇ ਆਪਣੀ ਗਲਤੀ ਕਬੂਲ ਕੇ ਸਜ਼ਾ ਭੁਗਤ ਲਈ ਸੀ, ਇਸ ਲਈ ਸਭ ਕੁਝ ਭੁਲ ਭੁਲਾ ਕੇ ਉਨ੍ਹਾਂ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ।
ਦੱਸ ਦਈਏ ਕਿ 6 ਫਰਵਰੀ 2017 ਨੂੰ ਸਿੰਘ ਸਾਹਿਬਾਨ ਵੱਲੋਂ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਸਿੱਖ ਆਗੂਆਂ ਦੇ ਅਕਾਲ ਤਖਤ ਸਾਹਿਬ ਵੱਲੋਂ 17 ਮਈ 2007 ਵਿਚ ਜਾਰੀ ਹੁਕਮਨਾਮੇ ਦੀ ਉਲੰਘਣਾ ਕਰ ਕੇ ਡੇਰਾ ਸਿਰਸਾ ਜਾ ਕੇ ਵੋਟਾਂ ਮੰਗਣ ਦੇ ਮਾਮਲੇ ਦੀ ਜਾਂਚ ਲਈ ਬਕਾਇਦਾ ਕਮੇਟੀ ਬਣਾਈ ਸੀ। ਇਸ ਕਮੇਟੀ ਨੇ ਲੌਂਗੋਵਾਲ ਅਤੇ ਸਿਕੰਦਰ ਸਿੰਘ ਮਲੂਕਾ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ 29 ਸਿੱਖਾਂ ਸਮੇਤ ਕੁੱਲ 44 ਆਗੂਆਂ ਨੂੰ ਦੋਸ਼ੀ ਠਹਿਰਾਇਆ ਸੀ ਜਿਨ੍ਹਾਂ ਨੂੰ ਧਾਰਮਿਕ ਸਜ਼ਾ ਲਾਈ ਗਈ ਸੀ। ਹਾਲਾਂਕਿ ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਵੱਲੋਂ ਸਪਸ਼ਟੀਕਰਨ ਦੇਣ ‘ਤੇ ਉਸ ਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ ਗਿਆ ਸੀ, ਪਰ ਲੌਂਗੋਵਾਲ ਕੋਈ ਜਵਾਬ ਨਾ ਦੇ ਸਕੇ ਤੇ ਸਜ਼ਾ ਭੁਗਤੀ।
ਨਵੇਂ ਪ੍ਰਧਾਨ ਲੌਂਗੋਵਾਲ ਉਤੇ ਇਹ ਦੋਸ਼ ਵੀ ਹੈ ਕਿ ਉਨ੍ਹਾਂ 2004 ਵਿਚ ਗੁਰਦੁਆਰਾ ਕੈਬੋਵਾਲ ਨੂੰ ਕਿਸੇ ਦਾਨੀ ਸੱਜਣ ਵੱਲੋਂ ਦਿੱਤੀ ਚਾਰ ਏਕੜ ਜ਼ਮੀਨ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਚੁੱਲੇ (ਲੋਹ ਲੰਗਰ) ਬਾਬਾ ਆਲਾ ਸਿੰਘ ਦੀ ਮਹਿੰਗੇ ਭਾਅ ਜ਼ਮੀਨ ਨਾਲ ਤਬਦੀਲ ਕਰ ਕੇ ਲਾਹਾ ਲੈਣ ਦਾ ਯਤਨ ਕੀਤਾ। ਇਨ੍ਹਾਂ ਖੁਲਾਸਿਆਂ ਪਿੱਛੋਂ ਭਾਵੇਂ ਅਕਾਲੀ ਦਲ ਬਾਦਲ ਲੌਂਗੋਵਾਲ ਦਾ ਬਚਾਅ ਕਰਨ ਵਿਚ ਲੱਗਾ ਹੋਇਆ ਹੈ, ਪਰ ਸਿੱਖ ਜਥੇਬੰਦੀਆਂ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰਨ ਉਤੇ ਅੜੀਆਂ ਹੋਈਆਂ ਹਨ। ਇਹ ਆਵਾਜ਼ ਭਾਰਤ ਸਮੇਤ ਵਿਦੇਸ਼ਾਂ ਵਿਚ ਵੀ ਗੂੰਜਣ ਲੱਗੀ ਹੈ। ਸਿੱਖ ਜਥੇਬੰਦੀਆਂ ਨੇ ਨਵੇਂ ਪ੍ਰਧਾਨ ਦਾ ਸਮਾਗਮਾਂ ਵਿਚ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਲੌਂਗੋਵਾਲ ਦੀ ਚੋਣ ‘ਤੇ ਸਭ ਤੋਂ ਵੱਧ ਨੁਕਤਾਚੀਨੀ ਅਕਾਲੀ ਦਲ ਬਾਦਲ ਦੀ ਹੋ ਰਹੀ ਹੈ। ਸਵਾਲ ਕੀਤਾ ਜਾ ਰਿਹਾ ਹੈ ਕਿ ਅੱਠ ਮਹੀਨੇ ਪਹਿਲਾਂ ਅਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਵਾਲੇ ਸ਼ਖਸ ਨੂੰ ਕਿਸ ਅਧਾਰ ‘ਤੇ ਐਡੇ ਵੱਡੇ ਅਹੁਦੇ ਦਾ ਮੁਖੀ ਚੁਣ ਲਿਆ ਗਿਆ। ਦੱਸ ਦਈਏ ਕਿ ਲੌਂਗੋਵਾਲ, ਨਾ ਬਾਦਲ ਪਰਿਵਾਰ ਦੇ ਬੇਹੱਦ ਕਰੀਬੀਆਂ ਵਿਚੋਂ ਹਨ ਤੇ ਨਾ ਹੀ ਅਕਾਲੀ ਦਲ ‘ਚ ਉਨ੍ਹਾਂ ਦਾ ਕੋਈ ਬਹੁਤਾ ਵੱਡਾ ਕੱਦ ਹੈ। ਇਥੋਂ ਤੱਕ ਕਿ ਚੋਣ ਸਮੇਂ ਨਵੇਂ ਪ੍ਰਧਾਨਾਂ ਦੀ ਚਰਚਾ ‘ਚ ਵੀ ਉਨ੍ਹਾਂ ਦਾ ਨਾਂ ਸ਼ੁਮਾਰ ਨਹੀਂ ਸੀ। ਸਵਾਲ ਇਹ ਹੈ ਕਿ ਫਿਰ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਉਂ ਤੇ ਕਿਵੇਂ ਬਣੇ? ਦਰਅਸਲ, ਪਿਛਲੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ। ਉਸ ਨੂੰ ਹੁਣ ਤੱਕ ਦੀਆਂ ਸਭ ਤੋਂ ਘੱਟ 15 ਸੀਟਾਂ ਮਿਲੀਆਂ ਸਨ। ਚੋਣਾਂ ਤੋਂ ਬਾਅਦ ਬਾਦਲ ਪਰਿਵਾਰ ਨੂੰ ਇਹ ਗੱਲ ਸਮਝ ਆਈ ਕਿ ਉਨ੍ਹਾਂ ਦੇ ਪਰਿਵਾਰ ਖ਼ਿਲਾਫ ਰੋਹ ਵੀ ਇਕ ਵੱਡਾ ਮੁੱਦਾ ਸੀ। ਵਿਰੋਧੀਆਂ ਤੇ ਲੋਕਾਂ ਦੇ ਨਿਸ਼ਾਨੇ ਉਤੇ ਅਕਾਲੀ ਦਲ ਦੀ ਥਾਂ ਬਾਦਲ ਪਰਿਵਾਰ ਸੀ। ਅਕਾਲੀ ਦਲ ਕੋਈ ਜਗੀਰ ਕੌਰ ਜਾਂ ਤੋਤਾ ਸਿੰਘ ਜਿਹਾ ਵਿਵਾਦਤ ਨਾਂ ਨਹੀਂ ਚਾਹੁੰਦਾ ਸੀ। ਬਾਦਲਾਂ ਨੂੰ ਉਮੀਦ ਸੀ ਕਿ ਅੱਠ ਮਹੀਨੇ ਪਹਿਲਾਂ ਲੌਂਗੋਵਾਲ ਵੱਲੋਂ ਕੀਤੇ ਗੁਨਾਹ ਨੂੰ ਸਿੱਖ ਸੰਗਤ ਭੁੱਲ ਚੁੱਕੀ ਹੈ, ਪਰ ਹੋਇਆ ਇਸ ਦੇ ਉਲਟ।
_____________________________________
ਬਾਦਲਾਂ ਦੀ ਸਿਆਸੀ ਮਜਬੂਰੀæææ
ਇਸ ਵਾਰ ਚੰਗੇ ਅਕਸ ਵਾਲਾ ਪ੍ਰਧਾਨ ਲੱਭਣਾ ਅਕਾਲੀ ਦਲ ਬਾਦਲ ਲਈ ਵੱਡੀ ਚੁਣੌਤੀ ਸੀ। ਬਾਦਲਾਂ ਨੂੰ ਪ੍ਰਧਾਨ ਦੇ ਅਹੁਦੇ ਲਈ ਅਜਿਹੇ ਸ਼ਖਸ ਦੀ ਲੋੜ ਸੀ ਜੋ ਉਨ੍ਹਾਂ ਦਾ ਵਫਾਦਾਰ ਵੀ ਹੋਵੇ ਤੇ ਬੇਦਾਗ ਵੀ। ਇਸੇ ਲਈ ਮੁਢਲੇ ਤੌਰ ‘ਤੇ ਜਗੀਰ ਕੌਰ ਤੇ ਤੋਤਾ ਸਿੰਘ ਦੀ ਚਰਚਾ ਚੱਲੀ, ਉਹ ਵਫਾਦਾਰ ਤਾਂ ਸਨ ਪਰ ਬੇਦਾਗ ਨਹੀਂ, ਦੋਵੇਂ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਫਿਰ ਸੁਖਦੇਵ ਸਿੰਘ ਢੀਂਡਸਾ ਤੇ ਸੇਵਾ ਸਿੰਘ ਸੇਖਵਾਂ ਦੀ ਗੱਲ ਤੁਰੀ, ਪਰ ਕੁਝ ਮਾਮਲਿਆਂ ‘ਤੇ ਅੜਬਾਈ ਕਾਰਨ ਇਹ ਆਗੂ ਵੀ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਜਚੇ। ਵੱਡੀ ਗਿਣਤੀ ਮੈਂਬਰਾਂ ਨੇ ਕਿਰਪਾਲ ਸਿੰਘ ਬਡੂੰਗਰ ਨੂੰ ਮੁੜ ਸੇਵਾ ਦੇਣ ਦੀ ਗੱਲ ਵੀ ਆਖੀ, ਪਰ ਉਨ੍ਹਾਂ ਵਿਚ ‘ਅਗਿਆਕਾਰ’ ਵਾਲਾ ਗੁਣ ਨਾ ਹੋਣਾ ਅੜਿੱਕਾ ਡਾਹ ਗਿਆ। ਫਿਰ ਸੁਖਬੀਰ ਨੇ ਬੇਦਾਗ ਵਾਲੀ ਸ਼ਰਤ ਨੂੰ ਪਿੱਛੇ ਕਰ ਕੇ ਵਫਾਦਾਰੀ ਨੂੰ ਪਹਿਲ ਦਿੱਤੀ ਤੇ ਗੱਲ ਗੋਬਿੰਦ ਸਿੰਘ ਲੌਂਗੋਵਾਲ ‘ਤੇ ਮੁੱਕੀ।