ਧਾਰਮਿਕ ਆਗੂਆਂ ਦੀ ਘਾਟ ਪੂਰੀ ਕਰਨ ਲਈ ਅਕਾਲੀ ਦਲ ਸਰਗਰਮ

ਅੰਮ੍ਰਿਤਸਰ: ਇਸ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਵਿਚ ਧਾਰਮਿਕ ਲੀਡਰਸ਼ਿਪ ਦੀ ਘਾਟ ਅਕਾਲੀ ਦਲ ਬਾਦਲ ਲਈ ਵੱਡੀ ਚੁਣੌਤੀ ਬਣੀ ਰਹੀ। ਬਾਦਲ ਦਲ ਨੇ ਇਸ ਮਸਲੇ ਨੂੰ ਹੁਣ ਤੋਂ ਹੀ ਧਿਆਨ ਵਿਚ ਰੱਖ ਕੇ ਚੱਲਣ ਦਾ ਫੈਸਲਾ ਲਿਆ ਹੈ। ਇਸੇ ਮੰਤਵ ਨਾਲ ਆਪਣੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਹਰ ਵਰ੍ਹੇ ਅੰਤ੍ਰਿੰਗ ਕਮੇਟੀ ਵਿਚ ਕੰਮ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸੇ ਤਹਿਤ ਜਨਰਲ ਇਜਲਾਸ ਦੌਰਾਨ ਅੰਤ੍ਰਿੰਗ ਕਮੇਟੀ ਵਿਚ ਸਾਰੇ ਨਵੇਂ ਮੈਂਬਰ ਸ਼ਾਮਲ ਕੀਤੇ ਗਏ ਹਨ। ਜਨਰਲ ਇਜਲਾਸ ਦੌਰਾਨ ਪ੍ਰਧਾਨ ਤੋਂ ਲੈ ਕੇ ਅੰਤ੍ਰਿੰਗ ਕਮੇਟੀ ਤੱਕ ਸਾਰੀ ਟੀਮ ਨੂੰ ਬਦਲ ਦਿੱਤਾ ਗਿਆ ਹੈ।

ਅਹੁਦੇਦਾਰਾਂ ਵਿਚ ਸਿਰਫ ਦੋ ਪੁਰਾਣੇ ਮੈਂਬਰਾਂ ਨੂੰ ਦੁਬਾਰਾ ਮੌਕਾ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਗੁਰਬਚਨ ਸਿੰਘ ਕਰਮੂਵਾਲ ਸ਼ਾਮਲ ਹਨ। ਉਹ ਪਹਿਲਾਂ ਅੰਤ੍ਰਿੰਗ ਕਮੇਟੀ ਮੈਂਬਰ ਸਨ ਤੇ ਹੁਣ ਉਨ੍ਹਾਂ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸੀਨੀਅਰ ਮੀਤ ਪ੍ਰਧਾਨ ਵਜੋਂ ਰਘੁਜੀਤ ਸਿੰਘ ਵਿਰਕ (ਕਰਨਾਲ) ਨੂੰ ਮੁੜ ਮੌਕਾ ਦਿੱਤਾ ਗਿਆ ਹੈ। ਉਹ 2010 ਵਾਲੇ ਅਹੁਦੇਦਾਰਾਂ ਵਿਚ ਬਤੌਰ ਸੀਨੀਅਰ ਮੀਤ ਪ੍ਰਧਾਨ ਰਹਿ ਚੁੱਕੇ ਹਨ। 2010 ਵਾਲੇ ਅਹੁਦੇਦਾਰਾਂ ਅਤੇ ਅੰਤ੍ਰਿੰਗ ਕਮੇਟੀ ਨੂੰ ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਦਾ ਕੰਮਕਾਜ ਚਲਾਉਣ ਲਈ ਜ਼ਿੰਮੇਵਾਰੀ ਸੌਂਪੀ ਗਈ ਸੀ।
ਸ਼੍ਰੋਮਣੀ ਕਮੇਟੀ ਦੀ ਸਮੁੱਚੀ ਟੀਮ ਵਿਚ ਨਵੇਂ ਮੈਂਬਰਾਂ ਨੂੰ ਮੌਕਾ ਦੇਣ ਅਤੇ ਪੁਰਾਣਿਆਂ ਨੂੰ ਜ਼ਿੰਮੇਵਾਰੀ ਤੋਂ ਫਾਰਗ ਕਰਨ ਦੇ ਫੈਸਲੇ ਨਾਲ ਪੰਥਕ ਹਲਕਿਆਂ ਵਿਚ ਹੈਰਾਨੀ ਹੈ ਪਰ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਇਹ ਫੈਸਲਾ ਨਵੀਂ ਧਾਰਮਿਕ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਮੈਂਬਰਾਂ ਵਿਚ ਵੀ ਵਧੇਰੇ ਰੁਝਾਨ ਸਿਆਸੀ ਪਾਰਟੀ ਵਿਚ ਕੰਮ ਕਰਨ ਦਾ ਹੈ। ਇਹੀ ਕਾਰਨ ਹੈ ਕਿ ਸ਼੍ਰੋਮਣੀ ਕਮੇਟੀ ਵਿਚ ਹਾਕਮ ਧਿਰ ਨੂੰ ਧਾਰਮਿਕ ਲੀਡਰਸ਼ਿਪ ਦੀ ਘਾਟ ਮਹਿਸੂਸ ਹੋ ਰਹੀ ਹੈ। ਇਸ ਘਾਟ ਨੂੰ ਖਤਮ ਕਰਨ ਦੇ ਮੰਤਵ ਨਾਲ ਹੁਣ ਚੰਗੇ ਕਿਰਦਾਰ ਵਾਲੇ ਮੈਂਬਰਾਂ ਨੂੰ ਅੰਤ੍ਰਿੰਗ ਕਮੇਟੀ ਵਿਚ ਸ਼ਾਮਲ ਕਰ ਕੇ ਮੌਕਾ ਦਿੱਤਾ ਜਾਵੇਗਾ ਤਾਂ ਜੋ ਉਹ ਸੰਸਥਾ ਦੇ ਕੰਮਕਾਜ ਤੋਂ ਜਾਣੂ ਹੋ ਸਕਣ।
ਸ਼੍ਰੋਮਣੀ ਕਮੇਟੀ ਵਿਚ ਲੰਮੇ ਸਮੇਂ ਤੋਂ ਕੁਝ ਮੈਂਬਰਾਂ ਵੱਲੋਂ ਹੀ ਅਹੁਦੇਦਾਰ ਅਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਵਜੋਂ ਕੰਮ ਕਰਨ ਕਾਰਨ ਬਣੀ ਖੜੋਤ ਨੂੰ ਵੀ ਤੋੜਿਆ ਗਿਆ ਹੈ। ਹਾਕਮ ਧਿਰ ਇਹ ਵੀ ਮਹਿਸੂਸ ਕਰਦੀ ਹੈ ਕਿ ਇਸ ਨਾਲ ਮੁਲਾਜ਼ਮਾਂ ਵਿਚ ਬਣੀ ਧੜੇਬੰਦੀ ਵੀ ਖਤਮ ਹੋਵੇਗੀ। ਨਵੀਂ ਟੀਮ ਆਉਣ ਨਾਲ ਨਵਾਂ ਜੋਸ਼ ਵੀ ਪੈਦਾ ਹੋਵੇਗਾ, ਜਿਸ ਦੀ ਸ਼੍ਰੋਮਣੀ ਅਕਾਲੀ ਦਲ ‘ਚ ਇਸ ਵੇਲੇ ਬੇਹੱਦ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਵਿਧਾਨ ਸਭਾ ਚੋਣਾਂ ਵਿਚ ਹੋਈ ਹਾਰ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਰਾਹੀਂ ਸਰਗਰਮੀਆਂ ਤੇਜ਼ ਕਰਨਾ ਚਾਹੁੰਦਾ ਹੈ। ਇਸ ਤੋਂ ਇਲਾਵਾ ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਨਾਂ ਨਾਲ ਜੁੜਨ ਨਾਲ ਵੀ ਹਾਕਮ ਧਿਰ ਨੂੰ ਲਾਹਾ ਮਿਲਣ ਦੀ ਆਸ ਹੈ। ਇਸੇ ਲਈ ਸੰਤ ਲੌਂਗੋਵਾਲ ਦੇ ਕਰੀਬੀ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੰਸਥਾ ਦੇ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ। ਪਾਰਟੀ ਸੂਤਰਾਂ ਮੁਤਾਬਕ ਭਾਈ ਲੌਂਗੋਵਾਲ ਦੀ ਸ਼ਖਸੀਅਤ ਇਕ ਧਾਰਮਿਕ, ਇਮਾਨਦਾਰ ਅਤੇ ਪਾਰਟੀ ਪ੍ਰਤੀ ਵਫ਼ਾਦਾਰ ਆਗੂ ਦੀ ਹੈ।
ਪਾਰਟੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਪ੍ਰੋæ ਬਡੂੰਗਰ ਦੀ ਸਿਹਤ ਪਿਛਲੇ ਸਮੇਂ ਦੌਰਾਨ ਠੀਕ ਨਹੀਂ ਰਹੀ ਅਤੇ ਭਵਿੱਖ ਵਿਚ ਇਸ ਕਾਰਨ ਸੰਸਥਾ ਅਤੇ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਨਵੇਂ ਵਿਅਕਤੀ ਨੂੰ ਪ੍ਰਧਾਨ ਵਜੋਂ ਮੌਕਾ ਦਿੱਤਾ ਗਿਆ ਹੈ। ਪ੍ਰਧਾਨ ਸਮੇਤ ਅਹੁਦੇਦਾਰਾਂ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੂੰ ਬਦਲ ਕੇ ਇਹ ਸੰਕੇਤ ਦੇਣ ਦਾ ਯਤਨ ਵੀ ਕੀਤਾ ਗਿਆ ਹੈ ਕਿ ਭਵਿੱਖ ਵਿਚ ਚੰਗੀ ਕਾਰਗੁਜ਼ਾਰੀ ਵਾਲੀਆਂ ਸ਼ਖਸੀਅਤਾਂ ਨੂੰ ਹੀ ਮੌਕਾ ਮਿਲੇਗਾ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿਚ ਹਰ ਜ਼ਿਲ੍ਹੇ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਇਕ-ਇਕ ਕਰ ਕੇ ਮੀਟਿੰਗ ਕੀਤੀ ਸੀ, ਜਿਸ ਵਿਚ ਮੌਜੂਦਾ ਨਿਜ਼ਾਮ ਬਾਰੇ ਸ਼ਿਕਾਇਤਾਂ ਵੀ ਮਿਲੀਆਂ ਸਨ।
_________________________________________
ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਲਈ ਚੁਣੌਤੀਆਂ
ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਨੇ ਭਾਵੇਂ ਕਿਹਾ ਹੈ ਕਿ ਉਨ੍ਹਾਂ ਦੀ ਪਹਿਲ ਧਰਮ ਪ੍ਰਚਾਰ ਕਰਨਾ, ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉਚਤਾ ਤੇ ਸ਼੍ਰੋਮਣੀ ਕਮੇਟੀ ਦਾ ਸਤਿਕਾਰ ਬਹਾਲ ਕਰਵਾਉਣ ਦੀ ਹੋਵੇਗੀ। ਉਹ ਸਾਰੀਆਂ ਸੰਪਰਦਾਵਾਂ ਅਤੇ ਮਹਾਂਪੁਰਸ਼ਾਂ ਨੂੰ ਨਾਲ ਲੈ ਕੇ ਚੱਲਣਗੇ। ਵਿੱਦਿਅਕ ਅਦਾਰਿਆਂ ਦੇ ਕੰਮ ਵਿਚ ਸੁਧਾਰ ਨੂੰ ਪਹਿਲ ਦੇਣਗੇ ਅਤੇ ਸ਼੍ਰੋਮਣੀ ਕਮੇਟੀ ਦੇ ਕੰਮਾਂ ਵਿਚ ਪਾਰਦਰਸ਼ਿਤਾ ਲਿਆਉਣਗੇ। ਪਰ ਫਿਰ ਵੀ ਉਨ੍ਹਾਂ ਸਾਹਮਣੇ ਚੁਣੌਤੀਆਂ ਦੀ ਭਰਮਾਰ ਹੈ। ਜਿਨ੍ਹਾਂ ਵਿਚ ਸਭ ਤੋਂ ਪਹਿਲਾ ਨਾਨਕਸ਼ਾਹੀ ਕੈਲੰਡਰ ਦਾ ਮਸਲਾ ਹੈ। ਸਿੱਖਾਂ ਵਿਚ ‘ਸ਼ੀਆ ਤੇ ਸੁੰਨੀ’ ਵਾਂਗ ਦੋ ਧੜੇ ਬਣਨ ਤੋਂ ਰੋਕਣ ਲਈ ਸਰਬਸੰਮਤ ਨਾਨਕਸ਼ਾਹੀ ਕੈਲੰਡਰ ਦਾ ਫੈਸਲਾ ਕਰਵਾਉਣਾ ਸਭ ਤੋਂ ਵੱਡੀ ਚੁਣੌਤੀ ਹੈ।
ਅਕਾਲੀ ਦਲ ਦੇ ਪ੍ਰਧਾਨ ਦੀ ਨਾਰਾਜ਼ਗੀ ਲਏ ਬਿਨਾਂ ਇਹ ਪ੍ਰਭਾਵ ਬਣਾਉਣਾ ਵੀ ਜ਼ਰੂਰੀ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਸਿਰਫ ਇਕ ਪਰਿਵਾਰ ਦੀ ਹਦਾਇਤ ‘ਤੇ ਨਹੀਂ ਚੱਲਦੀ, ਸਗੋਂ ਸਮੁੱਚੇ ਪੰਥ ਦੀ ਤਰਜਮਾਨੀ ਕਰਦੀ ਹੈ। ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਸਾਖ ਵੀ ਕੌਮ ਵਿਚ ਸਰਬ ਪ੍ਰਵਾਨਿਤ ਜਥੇਦਾਰਾਂ ਵਜੋਂ ਬਹਾਲ ਕਰਵਾਉਣਾ ਉਨ੍ਹਾਂ ਲਈ ਦਰਪੇਸ਼ ਚੁਣੌਤੀਆਂ ਵਿਚ ਸ਼ਾਮਲ ਹੈ। ਦੇਸ਼ ਵਿਚ ਬਣੇ ਹਾਲਾਤ ਵਿਚ ਆਉਣ ਵਾਲੇ ਸਮੇਂ ਵਿਚ ਘੱਟ-ਗਿਣਤੀਆਂ ਲਈ ਖੜ੍ਹੀਆਂ ਹੋ ਸਕਣ ਵਾਲੀਆਂ ਚੁਣੌਤੀਆਂ ਨਾਲ ਨਿਪਟਣ ਲਈ ਅਗਾਊਂ ਰਣਨੀਤੀ ਬਣਾਉਣਾ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਹੀ ਜ਼ਿੰਮੇਵਾਰੀ ਹੈ। ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਵਿਚ ਧਰਮ ਦੀ ਪੜ੍ਹਾਈ, ਹਿਸਾਬ-ਕਿਤਾਬ ਵਿਚ ਪਾਰਦਰਸ਼ਿਤਾ, ਪਤਿਤਪੁਣੇ ਨੂੰ ਠੱਲ੍ਹ ਪਾਉਣ ਦੀ ਰਣਨੀਤੀ, ਸਿੱਖਾਂ ਵਿਚ ਕੁਝ ਥਾਵਾਂ ‘ਤੇ ਧਰਮ ਪਰਿਵਰਤਨ ਦੀ ਉੱਭਰ ਰਹੀ ਰੁਚੀ ਨੂੰ ਰੋਕਣਾ ਤੇ ਸਭ ਤੋਂ ਵੱਧ ਸ਼੍ਰੋਮਣੀ ਕਮੇਟੀ ਦੇ ਫੰਡਾਂ ਦੀ ਵਰਤੋਂ ‘ਗੁਰੂ ਦੀ ਗੋਲਕ ਗਰੀਬ ਦਾ ਮੂੰਹ’ ਦੇ ਹਿਸਾਬ ਨਾਲ ਕਰਨਾ ਵੀ ਵੱਡੀਆਂ ਚੁਣੌਤੀਆਂ ਹਨ।