ਬਠਿੰਡਾ: ਬਾਦਲ ਪਰਿਵਾਰ ਦੇ ਹਲਕਿਆਂ ਨਾਲ ਸਬੰਧਤ ਦੋ ਦਰਜਨ ਤੋਂ ਵੱਧ ਪਿੰਡ ਬੀਤੇ ਦਸ ਵਰ੍ਹਿਆਂ ਦੌਰਾਨ ਨਸ਼ਾ ਤਸਕਰੀ ਦੀ ਮਾਰ ਹੇਠ ਆਏ ਹਨ। ਪੁਲਿਸ ਤੇ ਤਸਕਰਾਂ ਦਰਮਿਆਨ ਇਨ੍ਹਾਂ ਪਿੰਡਾਂ ਵਿਚ ਸਾਬਕਾ ਗੱਠਜੋੜ ਸਰਕਾਰ ਵੇਲੇ ਖੁੱਲ੍ਹ ਕੇ ‘ਚੋਰ ਸਿਪਾਹੀ’ ਦੀ ਖੇਡ ਚੱਲੀ। ਭਾਵੇਂ ਇਨ੍ਹਾਂ ਪਿੰਡਾਂ ਵਿਚ ਵਿਕਾਸ ਦੀ ਗੱਡੀ ਵੀ ਚੱਲੀ ਪਰ ਤਸਕਰੀ ਦੇ ਕੇਸਾਂ ਨੇ ਇਨ੍ਹਾਂ ਪਿੰਡਾਂ ਨੂੰ ਸ਼ਰਮਸਾਰ ਕਰ ਦਿੱਤਾ ਹੈ।
ਜ਼ਿਲ੍ਹਾ ਮੋਗਾ ਦਾ ਪਿੰਡ ਦੌਲੇਵਾਲਾ ਤਸਕਰਾਂ ਦਾ ਘਰ ਮੰਨਿਆ ਜਾਣ ਲੱਗਾ ਹੈ। ਇਸ ਪਿੰਡ ਦੇ ਤਕਰੀਬਨ 100 ਤੋਂ ਵੱਧ ਵਿਅਕਤੀ ਤਾਂ ਜੇਲ੍ਹਾਂ ਵਿਚ ਹੀ ਬੈਠੇ ਹਨ। ਪਹਿਲਾਂ ਭੁੱਕੀ ਅਤੇ ਹੁਣ ਸਮੈਕ ਦੀ ਤਸਕਰੀ ਲਈ ਇਹ ਪਿੰਡ ਬਦਨਾਮ ਹੈ। ਲੰਘੇ ਇਕ ਦਹਾਕੇ ਦੌਰਾਨ ਥਾਣਾ ਮਲੋਟ ਦੇ ਪਿੰਡ ਰੱਥੜੀਆਂ ਨੂੰ ਕਾਫੀ ਨਮੋਸ਼ੀ ਝੱਲਣੀ ਪਈ ਹੈ। ਇਸ ਪਿੰਡ ਦੇ ਵਸਨੀਕਾਂ ਉਤੇ ਤਕਰੀਬਨ 100 ਪੁਲਿਸ ਕੇਸ ਇਕੱਲੇ ਐਨæਡੀæਪੀæਐਸ਼ ਐਕਟ ਤਹਿਤ ਦਰਜ ਹੋਏ ਹਨ, ਜਿਨ੍ਹਾਂ ਵਿਚ 120 ਮੁਲਜ਼ਮ ਸ਼ਾਮਲ ਸਨ। ਇਸੇ ਪਿੰਡ ਦੇ ਵਸਨੀਕਾਂ ਉਤੇ ਐਕਸਾਈਜ਼ ਐਕਟ ਤਹਿਤ ਤਿੰਨ ਕੇਸ ਦਰਜ ਹੋਏ ਹਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਚਾਉਕੇ ਦੇ ਵਸਨੀਕਾਂ ਖਿਲਾਫ਼ ਲੰਘੇ ਦਸ ਵਰ੍ਹਿਆਂ ਵਿਚ ਨਸ਼ਿਆਂ ਦੇ 89 ਕੇਸ ਦਰਜ ਹੋਏ, ਜਿਨ੍ਹਾਂ ਵਿਚੋਂ 30 ਕੇਸ ਐਨæਡੀæਪੀæਐਸ ਅਤੇ 59 ਕੇਸ ਐਕਸਾਈਜ਼ ਐਕਟ ਦੇ ਹਨ। ਪਹਿਲਾਂ ਇਹ ਪਿੰਡ ਦੇਸੀ ਸ਼ਰਾਬ ਕਰ ਕੇ ਬਦਨਾਮ ਰਿਹਾ ਹੈ। ਬਠਿੰਡਾ ਪੁਲਿਸ ਨੇ ਇਸ ਪਿੰਡ ਵਿਚ ਪੁਲਿਸ ਚੌਕੀ ਵੀ ਸਥਾਪਤ ਕੀਤੀ ਹੋਈ ਹੈ। ਪਿੰਡ ਜੇਠੂਕੇ ਵਿਚ ਵੀ ਕਾਫੀ ਕੇਸ ਤਸਕਰਾਂ ਖਿਲਾਫ਼ ਦਰਜ ਹੋਏ ਹਨ। ਮੁਕਤਸਰ ਦੇ ਪਿੰਡ ਥਾਂਦੇਵਾਲਾ ਦੇ ਲੋਕਾਂ ਖਿਲਾਫ਼ 70 ਕੇਸ ਨਸ਼ਾ ਤਸਕਰੀ ਦੇ ਦਰਜ ਹੋਏ ਹਨ, ਜਿਨ੍ਹਾਂ ਵਿਚ 72 ਵਿਅਕਤੀ ਸ਼ਾਮਲ ਸਨ। ਗਿੱਦੜਬਾਹਾ ਦੇ ਪਿੰਡ ਫਕਰਸਰ ਦੇ ਲੋਕਾਂ ਉਤੇ ਦਸ ਵਰ੍ਹਿਆਂ ਦੌਰਾਨ 160 ਕੇਸ ਦਰਜ ਹੋਏ, ਜਿਨ੍ਹਾਂ ਵਿਚ 47 ਕੇਸ ਐਨæਡੀæਪੀæਐਸ ਐਕਟ ਅਤੇ 113 ਕੇਸ ਸ਼ਰਾਬ ਤਸਕਰੀ ਦੇ ਹਨ। ਇਨ੍ਹਾਂ ਕੇਸਾਂ ਵਿਚ 166 ਵਿਅਕਤੀ ਉਲਝੇ ਰਹੇ ਹਨ। ਹਾਲਾਂਕਿ ਇਨ੍ਹਾਂ ਪਿੰਡਾਂ ਨੇ ਪਹਿਲਾਂ ਸੇਮ ਦੀ ਮਾਰ ਝੱਲੀ ਤੇ ਹੁਣ ਇਨ੍ਹਾਂ ਨੂੰ ਨਸ਼ਿਆਂ ਦੀ ਮਾਰ ਪੈ ਰਹੀ ਹੈ। ਭਲਾਈਆਣਾ ਪਿੰਡ ਸਿਆਸੀ ਤੌਰ ਉਤੇ ਕਾਫੀ ਤਾਕਤ ਰੱਖਦਾ ਹੈ ਪਰ ਇਸ ਪਿੰਡ ਦੇ ਵਸਨੀਕਾਂ ਉਤੇ ਦਸ ਵਰ੍ਹਿਆਂ ਵਿਚ 173 ਪੁਲਿਸ ਕੇਸ ਇਕੱਲੇ ਸ਼ਰਾਬ ਤਸਕਰੀ ਦੇ ਦਰਜ ਹੋਏ ਹਨ, ਜਿਨ੍ਹਾਂ ਵਿਚ 213 ਵਿਅਕਤੀ ਸ਼ਾਮਲ ਸਨ।
ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਦੇ ਵਸਨੀਕਾਂ ਖਿਲਾਫ਼ 47 ਕੇਸ ਦਰਜ ਹੋਏ, ਜਿਨ੍ਹਾਂ ਵਿਚੋਂ 33 ਕੇਸ ਨਸ਼ਾ ਤਸਕਰੀ ਦੇ ਹਨ। ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਨਿਹੰਗਾ ਵਾਲ, ਗੱਟੀ ਰਾਜੋਕੀ, ਬਾਰੇਕੇ ਅਤੇ ਆਲੀਕੇ ਦੇ ਲੋਕਾਂ ਖਿਲਾਫ਼ 550 ਪੁਲਿਸ ਕੇਸ ਇਕੱਲੇ ਸ਼ਰਾਬ ਤਸਕਰੀ ਦੇ ਦਰਜ ਹਨ।
ਫਾਜ਼ਿਲਕਾ ਅਤੇ ਫਿਰੋਜ਼ਪੁਰ ਦੀ ਹੱਦ ਵਾਲਾ ਇਲਾਕਾ ਸ਼ਰਾਬ ਤਸਕਰੀ ਲਈ ਬਦਨਾਮ ਹੈ। ਪਿੰਡ ਸ਼ਾਮਖੇੜਾ ਦੇ ਲੋਕਾਂ ਖਿਲਾਫ਼ 46 ਕੇਸ ਨਸ਼ਾ ਤਸਕਰੀ ਦੇ ਦਰਜ ਹੋਏ ਹਨ ਜਦਕਿ ਪਿੰਡ ਛਾਂਗਾ ਖੁਰਦ ਦੇ ਲੋਕਾਂ ਖਿਲਾਫ਼ 316 ਕੇਸ ਦਸ ਵਰ੍ਹਿਆਂ ਵਿਚ ਸ਼ਰਾਬ ਤਸਕਰੀ ਦੇ ਦਰਜ ਹੋਏ ਹਨ। ਪਿੰਡ ਭੁੱਲਰ ਦੇ ਲੋਕਾਂ ਉਤੇ ਸ਼ਰਾਬ ਤਸਕਰੀ ਦੇ 270 ਕੇਸ ਦਰਜ ਹੋਏ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਹੁਣ ਆਬਕਾਰੀ ਐਕਟ ਵਿਚ ਸੋਧ ਕੀਤੀ ਗਈ ਹੈ। ਇਸ ਨਾਲ ਸ਼ਰਾਬ ਤਸਕਰੀ ਨੂੰ ਵੱਡੀ ਠੱਲ੍ਹ ਪਵੇਗੀ। ਦੱਸਣਯੋਗ ਹੈ ਕਿ ਬਠਿੰਡਾ ਪੁਲਿਸ ਨੇ ਪਹਿਲੀ ਅਪਰੈਲ ਤੋਂ ਹੁਣ ਤੱਕ ਤਕਰੀਬਨ 1050 ਕੇਸ ਇਕੱਲੀ ਸ਼ਰਾਬ ਤਸਕਰੀ ਦੇ ਦਰਜ ਕੀਤੇ ਹਨ।