ਭਾਰ

ਪੰਜਾਬ ਦੇ ਲੋਕਾਂ ਨੇ ਪੂਰਾ ਡੇਢ ਦਹਾਕਾ ਦਹਿਸ਼ਤ ਦਾ ਸੰਤਾਪ ਹੰਢਾਇਆ। ਇਸ ਸੰਤਾਪ ਦੀਆਂ ਅਨੇਕਾਂ ਪਰਤਾਂ ਅਤੇ ਵੱਖਰੇ ਵੱਖਰੇ ਪੱਖ ਹਨ। ਇਨ੍ਹਾਂ ਪੱਖਾਂ ਬਾਰੇ ਸਭ ਧਿਰਾਂ ਆਪੋ-ਆਪਣੇ ਢੰਗ ਨਾਲ ਗੱਲਾਂ ਕਰਦੀਆਂ ਹਨ। ਸਿਰਜਣਾ ਨਾਲ ਜੁੜੀਆਂ ਜਿੰਦੜੀਆਂ ਨੇ ਵੀ ਇਸ ਸੰਤਾਪ ਬਾਰੇ ਗੱਲਾਂ ਕੀਤੀਆਂ। ਮਨਿੰਦਰ ਕਾਂਗ ਇਨ੍ਹਾਂ ਜਿੰਦੜੀਆਂ ਵਿਚੋਂ ਇਕ ਸੀ ਜੋ ਹਾਲ ਹੀ ਵਿਚ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ ਹੈ। ਮਨਿੰਦਰ ਨੇ ‘ਭਾਰ’, ‘ਕੁੱਤੀ ਵਿਹੜਾ’, ‘ਜੂਨ’ ਅਤੇ ਹੋਰ ਕਹਾਣੀਆਂ ਨਾਲ ਪੰਜਾਬੀ ਸਾਹਿਤ ਜਗਤ ਵਿਚ ਵਾਹਵਾ ਹਿਲਜੁਲ ਪੈਦਾ ਕੀਤੀ। ਕੁਝ ਆਲੋਚਕਾਂ ਨੇ ਭਾਵੇਂ ਇਨ੍ਹਾਂ ਕਹਾਣੀਆਂ ਦੇ ਕਹਾਣੀ ਹੋਣ ਬਾਰੇ ਵੀ ਸਵਾਲ ਕੀਤੇ, ਪਰ ਮਨਿੰਦਰ ਨੇ ਇਨ੍ਹਾਂ ਕਹਾਣੀਆਂ ਵਿਚ ਪੰਜਾਬੀਆਂ ਦੇ ਜਿਸ ਦਰਦ ਦੀ ਬਾਤ ਪਾਈ, ਉਸ ਨੇ ਲੋਕਾਂ ਦਾ ਧਿਆਨ ਖਿੱਚਿਆ ਅਤੇ ਉਸ ਦੀਆਂ ਇਨ੍ਹਾਂ ਕਹਾਣੀਆਂ ਦੇ ਬਹਾਨੇ ਪੰਜਾਬ ਦੇ ਸੰਤਾਪ ਬਾਰੇ ਗੱਲਾਂ ਵੀ ਤੁਰੀਆਂ। ‘ਪੰਜਾਬ ਟਾਈਮਜ਼’ ਨੇ ‘ਭਾਰ’ ਸਮੇਤ ਮਨਿੰਦਰ ਕਾਂਗ ਦੀਆਂ ਇਹ ਕਹਾਣੀਆਂ ਪਿਛਲੇ ਸਮੇਂ ਅੰਦਰ ਪਾਠਕਾਂ ਤੱਕ ਪੁੱਜਦੀਆਂ ਕੀਤੀਆਂ। ਹੁਣ ਉਸ ਨੂੰ ਸ਼ਰਧਾਂਜਲੀ ਵਜੋਂ ਇਸ ਅੰਕ ਵਿਚ ਉਸ ਦੀ ਇਹ ਬਹੁ-ਚਰਚਿਤ ਕਹਾਣੀ ‘ਭਾਰ’ ਮੁੜ ਛਾਪ ਰਹੇ ਹਾਂ। ਇਸ ਕਹਾਣੀ ਵਿਚ ਦਰਦ ਦੀ ਇੰਤਹਾ ਜ਼ਿਹਨ ਵਿਚ ਖੌਰੂ ਪਾਉਂਦੀ ਹੈ। ਇਹੀ ਉਹ ਇਕੋ-ਇਕ ਕਾਰਨ ਸੀ ਜਿਸ ਕਰ ਕੇ ਮਨਿੰਦਰ ਅਤੇ ਉਸ ਦੀਆਂ ਕਹਾਣੀਆਂ ਚਰਚਾ ਵਿਚ ਆਈਆਂ। -ਸੰਪਾਦਕ
ਮਨਿੰਦਰ ਸਿੰਘ ਕਾਂਗ
ਉਨ੍ਹਾਂ ਜਦੋਂ ਮੈਨੂੰ ਆਵਾਜ਼ ਮਾਰੀ, ਮੈਂ ਸਦਾ ਵਾਂਗ ਪੁਰਾਣੀ ਚਾਦਰ ਭੁੰਜੇ ਵਿਛਾਈ ਲੰਮਾ ਪਿਆ ਹੋਇਆ ਸਾਂ। ਹੁਣ ਤਾਂ ਭੁੰਜੇ ਸੌਣ ਦੀ ਆਦਤ ਬਣ ਗਈ ਸੀ, ਨਹੀਂ ਤੇ ਸ਼ੁਰੂ ਵਿਚ ਬੜੀ ਔਖ ਹੁੰਦੀ ਸੀ। ਇਕ ਤੇ ਕੁੱਟ ਖਾ-ਖਾ ਕੇ ਹੱਡ ਬਿਲਕੁਲ ਪੋਲੇ ਹੋਏ ਪਏ ਸਨ ਤੇ ਦੂਸਰਾ ਸਾਰੀ ਜ਼ਿੰਦਗੀ ਆਰਾਮ ਨਾਲ ਕੱਟੀ ਸੀ। ਸੁੱਖ ਰਹਿਣਾ ਹੋਣ ਕਾਰਨ ਗੁਪਤਵਾਸ ਦੇ ਦਿਨਾਂ ਵਿਚ ਵੀ ਮੈਨੂੰ ਮੰਜੀ ‘ਤੇ ਸੌਣਾ ਪ੍ਰਵਾਨ ਹੁੰਦਾ ਸੀ, ਨਹੀਂ ਤਾਂ ਬਾਕੀ ਭਾਊਆਂ ਵਾਂਗ ਮੈਂ ਵੀ ਕਮਾਦਾਂ ਵਿਚ ਵੜਿਆ ਰਹਿੰਦਾ, ਪਰ ਮੈਂ ਜਥੇਦਾਰਾਂ ਨੂੰ ਸਪੱਸ਼ਟ ਕਿਹਾ ਹੋਇਆ ਸੀ ਕਿ ਮੈਂ ਰਾਤ ਕਿਸੇ ਡੇਰੇ ਕੱਟਿਆ ਕਰਾਂਗਾ। ਜਥੇਦਾਰਾਂ ਨੂੰ ਮੇਰੇ ਪੜ੍ਹੇ-ਲਿਖੇ ਹੋਣ ਦਾ ਬੜਾ ਭੈਅ ਸੀ ਤੇ ਉਨ੍ਹਾਂ ਨੂੰ ਉਂਜ ਵੀ ਇਤਰਾਜ਼ ਕੀ ਸੀ? ਉਨ੍ਹਾਂ ਦਾ ਤੇ ਸਗੋਂ ਸਾਰਾ ਕੰਮ ਹੀ ਮੈਂ ਕਰਦਾ ਸਾਂ, ਸਗੋਂ ਛੋਟੇ ਜਥੇਦਾਰ ਵਜੋਂ ਮੇਰੀ ਜ਼ਿਆਦਾ ਭੱਲ ਬਣੀ ਹੋਈ ਸੀ। ਉਦੋਂ ਕੀ ਪਤਾ ਸੀ ਕਿ ਇਸੇ ਲਾਲਚ ਸਦਕਾ ਕਿ ‘ਮੰਜੀ’ ‘ਤੇ ਹੀ ਸੌਣਾ ਹੈ, ਇਕ ਦਿਨ ਐਸਾ ਫਸਾਂਗਾ ਕਿ ਅੱਜ ਇਥੇ ਆਰੀਆ ਸਕੂਲ ਦੇ ਸਾਲਾਂ ਤੋਂ ਖ਼ਾਲੀ ਹੋਏ ਹੋਸਟਲ ਦੇ ਬੋਅ ਮਾਰਦੇ ਤੇ ਅੱਧ-ਕੱਚੇ ਕਮਰਿਆਂ ਵਿਚ ਸੜਾਂਗਾ।
ਆਵਾਜ਼ ਦੂਸਰੀ ਵਾਰ ਪਈ ਸੀ। ਹੁਣ ਘੇਸਲ਼ ਮਾਰਨੀ ਔਖੀ ਸੀ, ਕਿਉਂਕਿ ਫ਼ਕੀਰੀਆ ਤੇ ਚਰਨਾ ਹੌਲਦਾਰ, ਦੋਹੇਂ ਪਹਿਲਾਂ-ਪਹਿਲ ਜਦ ਮੈਂ ਹੱਡ ਟੁੱਟੇ ਹੋਣ ਕਾਰਣ ਉਠ ਨਹੀਂ ਸਾਂ ਸਕਦਾ ਹੁੰਦਾ, ਮੈਨੂੰ ਵੱਖੀ ਵਿਚ ਖਿੱਚ ਕੇ ਠੁੱਡ ਮਾਰ ਘੱਤਦੇ ਸਨ। ਉਦੋਂ ਦਾ ਮਨ ਚੰਦਰਾ ਏਨਾ ਸਹਿਮਿਆ ਪਿਆ ਹੈ ਕਿ ਜੇ ਕੋਈ ਹੋਮ ਗਾਰਡੀਆ ਜਾਂ ਸੀæਆਰæਪੀæ ਵਾਲਾ ਵੀ ਆਵਾਜ਼ ਮਾਰੇ, ਮੈਂ ਫੜਕ ਦੇਣੀ ਉਠ ਬਹਿਨਾਂ ਤੇ ਜਵਾਬ ਦੇ ਦੇਨਾਂ ਵਾਂ। ਬਾਹਰ ‘ਚੰਨਾ ਨੱਥ’ ਜਿਹੜਾ ਹੁਣੇ ਹੌਲਦਾਰ ਬਣਿਆ ਹੈ, ਖੜੋਤਾ ਹੈ। ਉਂਜ ਕੁੱਟਣ ਵਿਚ ਉਹ ਵੀ ਕਸਾਈ ਹੈ, ਪਰ ਆਮ ਬੋਲ-ਚਾਲ ‘ਚ ਠੀਕ ਰਹਿੰਦਾ ਹੈ।
“ਆਜਾ ਮਾਸਟਰ! ਤੈਨੂੰ ਡਿਪਟੀ ਯਾਦ ਕਰਦੈ!” ਉਹਨੇ ਕਿਹਾ ਤੇ ਮੇਰੇ ਵੱਲ ਵੇਖਣ ਲੱਗਾ।
“ਨਾਲ ਲੈ ਕੇ ਜਾਣੈ ਤੈਨੂੰ!” ਮੈਨੂੰ ਚੁੱਪ ਖੜੋਤਾ ਵੇਖ ਕੇ ਉਹਨੇ ਫੇਰ ਕਿਹਾ। ਮੈਂ ਚੁੱਪ-ਚਾਪ ਚਾਦਰ ਝਾੜ ਕੇ ਕਿੱਲੀ ‘ਤੇ ਟੰਗੀ ਤੇ ਬੂਹਾ ਢੋਅ ਕੇ ਉਹਦੇ ਨਾਲ ਹੋ ਗਿਆ।
ਮੇਰੀ ਇਨ੍ਹਾਂ ਛੇ ਮਹੀਨਿਆਂ ਵਿਚ ਚਾਰ ਵਾਰ ਤਫਤੀਸ਼ ਹੋ ਚੁੱਕੀ ਸੀ ਤੇ ਚਾਰੇ ਵਾਰ ਲਗਭਗ ਸਾਰਾ-ਸਾਰਾ ਹਫ਼ਤਾ ਮੇਰੀ ਚੰਡਾਈ ਹੁੰਦੀ ਰਹੀ ਸੀ। ਇਕ ਵਾਰ ਤਾਂ ਮੈਂ ਮਰ ਹੀ ਗਿਆ ਸਾਂ, ਪਰ ਸੀæਆਰæਪੀæ ਦੇ ਬੰਗਾਲੀ ਡਾਕਟਰ ਨੇ ਮੈਨੂੰ ਬਚਾ ਲਿਆ, ਨਹੀਂ ਤਾਂ ਮੈਂ ਵੀ ਹੁਣ ਤਕ ਭਾਖੜੇ ਦੀਆਂ ਮੱਛੀਆਂ ਦੇ ਢਿੱਡ ਵਿਚ ਹੁੰਦਾ, ਕਿਉਂਕਿ ਰੋਪੜ ਤੇ ਤਰਨਤਾਰਨ ਦੀ ਪੁਲਿਸ ਦੀ ਗਿੱਟੀ-ਮਿੱਟੀ ਆਪਸ ਵਿਚ ਪੂਰੀ ਤਰ੍ਹਾਂ ਮਿਲੀ ਹੋਈ ਹੈ। ਕਾਗਜ਼ਾਂ ਵਿਚ ਤਾਂ ਪੁਲਿਸ ਮੈਨੂੰ ਪਿਛਲੇ ਪੰਜ ਮਹੀਨੇ ਦਾ ਮਰਿਆ ਵਿਖਾਈ ਜਾ ਰਹੀ ਹੈ। ਹੁਣ ਤੇ ਸਗੋਂ ਮੇਰੇ ਰਿਸ਼ਤੇਦਾਰ ਵੀ ਛੱਡ ਦਿੱਤੇ ਨੇ, ਇਹ ਮੈਨੂੰ ਗੁੱਡੂ ਸਿਪਾਹੀ ਦੱਸ ਗਿਆ ਸੀ।
“ਖ਼ੈਰ! ਮਨਾਂ, ਵੇਖੀ ਜਾਉ ਹੁਣ! ਕਿਧਰੇ ਦੁਬਾਰਾ ਨਾ ਢਾਹ ਲੈਣ ਤੇ ਜਾਹ ਜਾਂਦੀ ਹੋ ਜਾਏ! ਸਰੀਰ ਤੇ ਅੱਗੇ ਹੀ ਖ਼ਤਮ ਏ। ਪਿਛਲੀ ਵਾਰ ਤਾਂ ਪੈਨਸਲੀਨ ਬਚਾ ਗਈ, ਪਰ ਐਤਕਾਂ ਤੇ ਉਹ ਵੀ ਮਰੋੜਾ ਦਊ।” ਮੈਂ ਗਿਣਤੀਆਂ ਵਿਚ ਪਿਆ ‘ਚੰਨੇ ਨੱਥ’ ਨਾਲ ਤਫਤੀਸ਼ ਵਾਲੇ ਭੋਰਿਆਂ ਵੱਲ ਵਧ ਰਿਹਾ ਸਾਂ। ਚੰਨਾ ਚੁੱਪ ਸੀ ਤੇ ਅੱਗੇ-ਅੱਗੇ ਤੁਰੀ ਜਾ ਰਿਹਾ ਸੀ। ਸਕੂਲ ਦੀਆਂ ਦੋਵੇਂ ਵੱਡੀਆਂ ਗਰਾਊਂਡਾਂ ਲੰਘ ਕੇ ਤੇ ਅੱਗੇ ਜਾ ਕੇ ਉਜਾੜ ਪਏ ਕਮਰਿਆਂ ਨੂੰ ਬੋਰੀਆਂ ਲਾ-ਲਾ ਕੇ ਭੋਰਿਆ ਵਰਗਾ ਬਣਾਇਆ ਹੋਇਆ ਹੈ, ਉਥੇ ਹੀ ਸਭ ਦੀ ਤਫ਼ਤੀਸ਼ ਹੁੰਦੀ ਹੈ ਤੇ ਜਾਂ ਫਿਰ ਜੀਹਦਾ ਮੁਕਾਬਲਾ ਬਣਾਉਣਾ ਹੋਵੇ, ਉਹਨੂੰ ਉਥੇ ਇੱਕ ਵਾਰ ਐਸ਼ਪੀæ ਅੱਗੇ ਪੇਸ਼ ਕਰਕੇ ਰਾਤ ਨੂੰ ਪੁਲਿਸ ਦੀ ਭਾਸ਼ਾ ਵਿਚ ‘ਪਹੀਏ’ ਲਾ ਦੇਂਦੇ ਹਨ। ਸਿਵਾਇ ਮੇਰੇ ਤੇ ‘ਪੀਤੂ ਲੰਬੜ’ ਦੇ, ਜਿਹੜਾ ਬੱਬਰਾਂ ਵਿਚ ਸੀ, ਬਾਕੀ ਸਾਰੇ ਮੇਰੇ ਵਿਹੰਦਿਆਂ-ਵਿਹੰਦਿਆਂ ‘ਪਹੀਏ’ ਲਵਾ ਕੇ ਗੁਰੂ ਮਹਾਰਾਜ ਕੋਲ ਪਹੁੰਚ ਚੁੱਕੇ ਸਨ। ਗੁਰਦੀਪ ਸਿੰਘ ਚਕੋਰੀ, ਮਨਜੀਤ ਸਿੰਘ ‘ਘਸੀਟਪੁਰੀਆ’, ਲਾਲੀ ਬੱਬਰ, ਤਰਸੇਮ ਸਿੰਘ ‘ਗੁੱਡੀ’ ਤੇ ਮਹਿੰਦਰ ਸਿੰਘ ਉਰਫ਼ ਚੱਕਰ ਤਾਂ ਮੈਂ ਹੱਥੀਂ ਲੋਥਾਂ ਦੇ ਰੂਪ ਵਿਚ ਟਰੱਕ ਵਿਚ ਲਿਟਾਏ ਹਨ। ਬਾਕੀਆਂ ਦੀ ਤਾਂ ਮੈਨੂੰ ਇਨ੍ਹਾਂ ਛੇ ਮਹੀਨਿਆਂ ਵਿਚ ਗਿਣਤੀ ਵੀ ਯਾਦ ਨਹੀਂ। ਕਈ ਤਾਂ ਬਟਾਲੇ ਵੱਲ ਦੇ ਤੇ ਕਈ ਰੋਪੜ ਜਾਂ ਅਨੰਦਪੁਰ ਵੱਲ ਦੇ ਬੰਦੇ ਸਨ, ਜਿਹੜੇ ‘ਪਹੀਏ’ ਲਵਾ ਗਏ। ਦੋ ਬੀਬੀਆਂ ਸਨ ਸਕੀਆਂ ਭੈਣਾਂ, ਚਮਕੌਰ ਸਾਹਿਬ ਵੱਲ ਦੀਆਂ। ਉਨ੍ਹਾਂ ਨੂੰ ਵੀ ਵਾਰੀ-ਵਾਰੀ ‘ਪਹੀਏ’ ਲਾਏ ਗਏ ਸਨ। ਵਾਰਿਸ ਸ਼ਾਇਦ ਉਨ੍ਹਾਂ ਦੇ ਅਜੇ ਵੀ ਉਧਰ ਚਮਕੌਰ ਸਾਹਿਬ ਦੇ ਕਿਸੇ ਥਾਣੇ ਵਿਚ ਟੱਕਰਾਂ ਮਾਰਦੇ ਫਿਰਦੇ ਹੋਣਗੇ। ‘ਪੀਤੂ ਲੰਬੜ’ ਕੁੱਟ ਨਾਲ ਪਾਗਲ ਹੋ ਗਿਆ ਸੀ, ਸੋ ਉਹਨੂੰ ਛੱਡ ਦਿੱਤਾ ਗਿਆ ਸੀ। ਹੁਣ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰ ਬੈਠਾ ਰਹਿੰਦੈ। ਗੁੱਡੂ ਹੌਲਦਾਰ ਨੇ ਇਹ ਗੱਲ ਵੀ ਦੱਸੀ ਸੀ।
“ਮਨਾਂ! ਅੱਜ ਤੇਰੀ ਵੀ ਵਾਰੀ ਆ ਗਈ ਜਾਪਦੀ ਹੈ! ਹੋ ਤਗੜਾ!” ਮੈਂ ਇਨ੍ਹਾਂ ਗਿਣਤੀਆਂ ਵਿਚ ਹੀ ਪਿਆ ‘ਚੰਨੇ ਨੱਥ’ ਦੇ ਨਾਲ-ਨਾਲ ਤੁਰਦਾ ‘ਇੰਟੈਰੋਗੇਸ਼ਨ’ ਸੈਂਟਰ ਵਾਲੇ ਪਾਸੇ ਪਹੁੰਚ ਗਿਆ ਸਾਂ। ਅੱਗੇ ਜਾ ਕੇ ਅਸੀਂ ਥੰਮਲੇ ਨਾਲ ਢੋ ਲਾ ਕੇ ਖੜ੍ਹੇ ਹੋ ਗਏ। ਇਨ੍ਹਾਂ ਥੰਮਲਿਆਂ ਤੋਂ ਸਾਡੇ ਵਿਚੋਂ ਕੋਈ ਵੀ ਬਿਨਾਂ ਪੁੱਛੇ ਅੱਗੇ ਨਹੀਂ ਸੀ ਜਾ ਸਕਦਾ। ਅੱਗੋਂ ਵਲੇਵਾਂ ਪਾ ਕੇ ਕਮਰੇ ਸ਼ੁਰੂ ਹੋ ਜਾਂਦੇ ਸਨ ਤੇ ਐਸ਼ਐਚæਓæ ਦੇ ਬਿਨਾਂ ਕਹੇ ਕਿਸੇ ਨੂੰ ਉਧਰ ਜਾਣ ਦਾ ਹੁਕਮ ਨਹੀਂ ਸੀ। ਸਿਪਾਹੀ ਵੀ ਉਹੀ ਜਾਂਦੇ ਸਨ, ਜਿਹੜੇ ਪੱਕੇ ਤਫ਼ਤੀਸ਼ੀਏ ਸਨ ਜਾਂ ਫਿਰ ਜਿਹੜੇ ‘ਚੰਡਾਈ’ ਕਰਨ ਲਈ ਰੱਖੇ ਹੋਏ ਸਨ। ਡਿਪਟੀ ‘ਅਜੈਬਾ ਸ਼ੁਦਾਈ’ ਤੇ ਐਸ਼ਪੀæ ‘ਸ਼ਰਮਾ’ ਦੋਵੇਂ ਅੱਧੇ ਪਾਗਲ ਸਨ ਤੇ ਕਈ ਵਾਰ ਜੇ ਕੋਈ ‘ਭਾਊ’ ਨਾ ਬਕੇ ਜਾਂ ਫਿਰ ਕਿਤੇ ਦੋਹੇਂ ਕੁੱਟ-ਕੁੱਟ ਕੇ ਪਾਗਲ ਹੋਏ ਹੋਣ, ਤਾਂ ਕਿਸੇ ਨਾ ਕਿਸੇ ਸਿਪਾਹੀ ਉਪਰ ਵੀ ਗੁੱਸਾ ਕੱਢ ਦੇਂਦੇ ਸਨ। ਸੋ ਸਣੇ ਐਸ਼ ਐਚæ ਓæ ਅਤੇ ਸਣੇ ਸਿਪਾਹੀਆਂ, ਕੋਈ ਵੀ ‘ਅਜੈਬੇ’ ਡਿਪਟੀ ਦੀ ਮਰਜ਼ੀ ਬਿਨਾਂ ਉਧਰ ਨਹੀਂ ਸੀ ਜਾਂਦਾ।
ਅੱਜ ਵੀ ‘ਸ਼ਰਮੇ’ ਐਸ਼ ਪੀæ ਤੇ ‘ਅਜੈਬੇ ਸ਼ੁਦਾਈ’ ਦੀਆਂ ਗੱਲਾਂ ਦੀ ਆਵਾਜ਼ ਆ ਰਹੀ ਸੀ। ਫ਼ਕੀਰੀਆ ਹੌਲਦਾਰ ਵੀ ਪਰ੍ਹਾਂ ਖੜਾ ਤੰਬਾਕੂ ਥੁੱਕ ਰਿਹਾ ਸੀ। ਇਹ ਅਜੈਬੇ ਦਾ ਖ਼ਾਸ ਬੰਦਾ ਸੀ। ਮੇਰੇ ਰੌਂਗਟੇ ਖੜ੍ਹੇ ਹੋਣੇ ਸ਼ੁਰੂ ਹੋ ਗਏ। ਸਾਰੇ ਹੱਡਾਂ ਵਿਚ ਚਸਕ ਜਿਹੀ ਪੈਣ ਲੱਗ ਪਈ। ਫ਼ਕੀਰੀਆ ਉਦੋਂ ਹੀ ਆਪਣੇ ਕਮਰੇ ਵਿਚੋਂ ਬਾਹਰ ਨਿਕਲਦਾ ਹੁੰਦਾ ਸੀ, ਜਦੋਂ ਕਿਸੇ ਭਾਊ ਨੂੰ ਅੱਤ ਦਾ ਕੁਟਾਪਾ ਕਰਨਾ ਹੋਵੇ ਜਾਂ ਫਿਰ ਬੇਤਰਸ ਹੋ ਕੇ ਮੁਕਾਬਲਾ ਬਣਾਉਣ ਦੀ ਲੋੜ ਪਵੇ। ਫਕੀਰੀਆ ਚੌਵੀ-ਚੌਵੀ ਘੰਟੇ ਦਾਰੂ ਪੀਣ ਵਾਲਿਆਂ ਵਿਚੋਂ ਸੀ ਤੇ ਇਹਨੇ ਕਿੰਨੇ ਕੁ ਬੰਦੇ-ਤੀਂਵੀਆਂ ਮਾਰ ਘੱਤੇ ਸਨ, ਇਹ ਤੇ ਇਹਨੂੰ ਆਪ ਵੀ ਯਾਦ ਨਹੀਂ ਹੋਣਾ। ਹੁਣ ਇਹਨੂੰ ਐਸ਼ਆਈæ ਬਣਾਨ ਨੂੰ ਫਿਰਦੇ ਨੇ। ਪਹਿਲਾਂ ਇਹਨੂੰ ਮਜੀਠਾ ਪੁਲਿਸ ਵਾਲੇ ਅੰਮ੍ਰਿਤਸਰ ਦੇ ਭਾਊਆਂ ਨੂੰ ਮੁਕਾਉਣ ਵਾਸਤੇ ਲੈ ਜਾਂਦੇ ਸਨ, ਪਰ ਹੁਣ ਇਹ ਪੱਕੇ ਤੌਰ ‘ਤੇ ਅੰਮ੍ਰਿਤਸਰ ਪੁਲਿਸ ਕੋਲ ਆ ਗਿਆ ਹੈ। ਕਦੀ-ਕਦੀ ਨਾਭੇ ਜੇਲ੍ਹ ਵਾਲੇ ਵੀ ਤੇ ਜਲੰਧਰੀਏ ਵੀ ਲਿਜਾਂਦੇ ਨੇ। ਮੈਂ ਉਨ੍ਹਾਂ ਦੀ ਗੱਡੀ ਵਿਚ ਚੜ੍ਹਦਿਆਂ-ਉਤਰਦਿਆਂ ਇਹਨੂੰ ਕਈ ਵਾਰ ਵੇਖਿਐæææਅੱਜ ਜੇ ਫਕੀਰੀਆ ਬਾਹਰ ਏ ਤਾਂ ਤੇ ਜ਼ਰੂਰ ਹੀ ਮੇਰੀ ਚੰਡਾਈ ਹੋਏਗੀ ਤੇ ਜਾਂ ਫੇਰæææ।
“ਭਾਅ! ਕਿਤੇ ਅੱਜ ਮੁੜ ਮੇਰੀ ਵਾਰੀ ਤੇ ਨਹੀਂ ਆ ਗਈ ਦੁਬਾਰਾ,” ਮੈਂ ਡਰਦੇ-ਡਰਦੇ ਨੇ ਆਪਣੇ ਨਾਲ ਖੜ੍ਹੇ ‘ਚੰਨੇ ਨੱਥ’ ਨੂੰ ਪੁੱਛ ਲਿਆ। ਉਹ ਅੱਗੇ ਹੀ ਮੈਨੂੰ ਦੱਸਣ-ਦੱਸਣ ਕਰਦਾ ਪਿਆ ਸੀ।
“ਓ ਨਹੀਂ ਓਏ ਮਾਸਟਰਾ! ਇਹ ਤਾਂ ਤੇਰੇ ਪੁਰਾਣੇ ਆੜੀ ‘ਜੱਸੇ ਮਰੂਤੀ’ ਦੇ ਸਵਾਗਤ ਦੀਆਂ ਤਿਆਰੀਆਂ ਨੇ! ਜਲੰਧਰ ਦੀ ਪੁਲਿਸ ਨੇ ਇਹ ਭੈਣæææਦੀ ‘ਦੱਦਰ ਜਿਹੀ’ ਆਪਣੇ ਗਲੋਂ ਲਾਹ ਕੇ ਤਰਨਤਾਰਨ ਦੀ ਪੁਲਿਸ ਦੇ ਗਲ ਪਾ’ਤੀ ਸੀ। ਤਰਨਤਾਰਨ ਆਲ਼ੇ ਗਾੜੀਓਂ ਆਹੰਦੇ ਪਈ ਅਸੀਂ ਕਾਹਨੂੰ ਮਾਰੀਏ ਏਸ ਗੰਦ ਨੂੰ? ਅਨਾਮ ਤੇ ਮਾਰ ਕੋਈ ਹੈ ਨਹੀਂ ਇਹਦੇ ਸਿਰ ਦਾæææਤੇ ਫਿਰ ਐਸ਼ਐਸ਼ਪੀæ ਆਪੂੰ ਇਹਦਾ ਫਸਤਾ ਵੱਢੇ!æææਹੁਣ ਸ਼ਰਮੇ ਐਸ਼ਪੀæ ਤੇ ਅਜੈਬੇ ਦੀ ਡਿਊਟੀ ਲੱਗੀ
ਆ ਪਈ ਤੁਸੀਂ ਇਹਦੇ ਆਲਾ ਕੰਮ ਨਿਬੇੜੋ!”
“æææਹੈਂ! ਜੱਸਾ ਅਜੇ ਹੈਗੈ?” ਮੈਂ ਡੈਂਬਰ ਗਿਆ ਸਾਂ। ਸਹਿਵਨ ਹੀ ਮੇਰੇ ਮੂੰਹੋਂ ਇਹ ਪੁੱਛ ਨਿਕਲ ਗਈ।
“ਤੈਨੂੰ ਨਹੀਂ ਪਤਾ? ਲੈ ਦੱਸ! ਤੈਨੂੰ ਤੇ ਮਾਰ ਉਹਦੀ ਸਾਰੀ ਰਾਮ ਲੀਲਾ ਪਤੈ?” ਚੰਨੇ ਨੱਥ ਨੇ ਆਪਣੀ ਜਾਣੀ ਮੈਨੂੰ ਜਿਵੇਂ ਝਿੜਕਿਆ।
“ਪਰ!æææਪਰ ਉਹ ਤੇ ਮਹੀਨਾ ਹੋ ਚੱਲਿਐ, ਮਰੇ ਹੋਏ ਨੂੰ! ਮੈਨੂੰ ਵਾਇਰਲੈਸ ਵਾਲਾ ਸੁਰਜੀਤ ਦੱਸ ਗਿਆ ਸੀ ਪਈ ਤੇਰਾ ਪੁਰਾਣਾ ਆੜੀ ਗਿਆæææ! ਉਹਨੂੰ ਮਹਿਤੇ ਚੌਕ ਵਾਲਾ ਸੀਤਲ ਸੁੰਹ ਨੇ ਨਹੀਂ ਸੀ ਮਾਰ ਗਿਆ? ਮੈਂ ਤੇ ਇਹੀ ਸੁਣਿਆ ਸੀ!” ਮੈਂ ਕਿਹਾ।
“ਕਿਹੜਾ ਸੀਤਲ ਉਏ? ਉਹ ਤੇ ਭਾਊ, ਉਹ ਵੀ ਸਾਡਾ ਈ ਬੰਦੈ! ਇੰਟੈਲੀਜੈਂਸ ਆਲਿਆਂ ਉਹਦੀ ਇੰਸਪੈਕਟਰ ਦੀ ਤਨਖਾਹ ਲਾਈ ਹੋਈ ਐ! ਕਹਿਣ ਨੂੰ ਉਹ ‘ਭਿੰਡਰਾਂਵਾਲਾ ਟਾਈਗਰਜ਼’ ਦਾ ਏਰੀਆ ਕਮਾਂਡਰ ਇਆæææ! ਉਸੇ ਨੇ ਤੇ ਤੇਰੇ ਏਸ ‘ਜੱਸੇ ਯਾਰ’ ਦੀਆਂ ਕਰਤੂਤਾਂ ਨੰਗੀਆਂ ਕੀਤੀਆਂ ਇਆ! ਨਹੀਂ ਤੇ ਕਿੱਥੇ ਕੁਛ ਪਤਾ ਲੱਗਣਾ ਸੀ?” ਚੰਨੇ ਨੇ ਜਿਵੇਂ ਸੂਚਨਾ ਦੇਣ ਵਾਲਾ ਠਾਹ ਸੋਟਾ ਮੇਰੇ ਸਿਰ ‘ਚ ਮਾਰਿਆ।
ਅੱਜ ਤੋਂ ਸਾਲ ਕੁ ਪਹਿਲਾਂ ਮੈਨੂੰ ਕਿਤੇ ਪਤਾ ਲਗਦਾ ਕਿ ‘ਸੀਤਲ’ ਵੀ ਇੰਟੈਲੀਜੈਂਸ ਵਿਚ ਹੈ, ਤਾਂ ਮੈਂ ਥੋਹੜਾ-ਬਹੁਤਾ ਹੈਰਾਨ ਹੁੰਦਾ। ਜ਼ਿਆਦਾ ਏਸ ਕਰਕੇ ਨਹੀਂ, ਕਿਉਂਕਿ ਦਸਾਂ ਕੁ ਸਾਲਾਂ ਦੇ ਏਸ ਅੰਡਰਗਰਾਊਂਡ ਜੀਵਨ ਵਿਚ ਮੈਂ ਅਨੇਕਾਂ ਪਾਤਰ ਦੋਹੀਂ ਬੰਨੀ ਵਿਚਰਦੇ ਵੇਖ ਚੁੱਕਾ ਸਾਂ! ਕਈ ਮੈਂ ਹੱਥੀਂ ਆਪ ਮਾਰੇ ਸਨ। ਕਈ ਮੁੜ ਪੁਲਿਸ ਵਿਚ ਚਲੇ ਗਏ। ਕਈ ਆਪਣੇ ਫੀਲੇ (ਕਾਲੀਆਂ ਬਿੱਲੀਆਂ) ਪੁਲਿਸ ਨੇ ਆਪ ਮਾਰ ਘੱਤੇ!æææ ਏਹ ਜੱਸਾ ਮਰੂਤੀ, ਜੀਹਦੀ ਗੱਲ ਚੰਨਾ ਨੱਥ ਕਰਦਾ ਪਿਐ, ਪਹਿਲਾਂ ਬਾਬੇ ਭਿੰਡਰਾਂਵਾਲੇ ਨਾਲ ਸੀ। ਫੇਰ ਬਾਬੇ ਭਿੰਡਰਾਂਵਾਲੇ ਨੇ ਜਦੋਂ ਇਹਦੀਆਂ ਵੀ ਤੇ ਆਪਣੇ ਖ਼ਾਸ ਚੇਲੇ ਗੁਰਿੰਦਰ ਪੀæਟੀæ ਦੀਆਂ ਵੀ, ਲੱਤਾਂ ਤੋੜੀਆਂ, ਇਹ ਤੇ ਮੁੜ ਐਸ਼ਐਸ਼ਪੀæ ਮੁਸਤਫਾ ਆਲਮ ਦਾ ‘ਕੈਟ’ ਬਣ ਗਿਆ ਸੀ। ਪੀæਟੀæ ਇਹਦਾ ‘ਗੁਰੂ’ ਅੰਦਰ ਬਲੂ ਸਟਾਰ ਵਿਚ ਮਾਰਿਆ ਗਿਆ ਸੀ। ਚਾਰ ਪੰਜ ਸਾਲ ਫੇਰ ਇਹਨੇ ‘ਕੈਟ’ ਬਣ ਕੇ ਕੱਟੇ ਸਨ। ਰਾਤ ਨੂੰ ਦਾਹੜਾ ਖੋਲ੍ਹ ਕੇ ਇਹਨੇ ਤਰਨਤਾਰਨ ਵੱਲ ਦੇ ਕਿੰਨੇ ਹੀ ਲਾਲੇ ਮਾਰੇ ਵੀ, ਲੁੱਟੇ ਵੀ ਸਨ। ਮੈਨੂੰ ਉਦੋਂ ਵੀ ਆਪਣੀ ਹਾਈਕਮਾਂਡ ਵਲੋਂ ਹੁਕਮ ਮਿਲਦਾ ਰਹਿੰਦਾ ਸੀ ਕਿ ਜੱਸੇ ‘ਕੈਟ’ ਦੀ ਟਿਕਟ ਕੱਟੋ! ਪਰ ਹਰ ਵਾਰ ਮੇਰੇ ਅੱਗੇ ਉਹਦੀ ਤੇ ਮੇਰੀ ਪੁਰਾਣੀ ਲਿਹਾਜ਼ ਆ ਜਾਂਦੀ ਸੀ। ਉਹਨੇ ਸਵੇਰੇ ‘ਕੈਟ’ ਬਣ ਕੇ ਮਾਊਜ਼ਰ ਲਟਕਾ ਕੇ ਐਸ਼ ਐਸ਼ਪੀ ਨਾਲ ਘੁੰਮਣਾ। ਰਾਤ ਨੂੰ ਐਸ਼ਐਸ਼ਪੀæ ਦੇ ਦੱਸੇ ਇਲਾਕਿਆਂ ਤੇ ਘਰਾਂ ਵਿਚ ਲੁੱਟ-ਖੋਹ ਕਰਨੀ, ਜਾਂ ਟੱਬਰ ਮਾਰ ਆਉਣਾ। ਹਿੱਸਾ-ਪੱਤੀ ਚੰਡੀਗੜ੍ਹ ਤੋਂ ਲੈ ਕੇ ਐਸ਼ ਪੀæ ਸਿਟੀ, ਐਸ਼ਪੀæ (ਡੀ) ਤੇ ਐਸ਼ਪੀæ (ਸੀæਆਈæਡੀæ) ਨੂੰ ਬਰਾਬਰ ਪਹੁੰਚਾਉਣਾ।æææਕਦੀ-ਕਦੀ ਉਹਨੇ ਮੈਨੂੰ ਤਰਨਤਾਰਨ ਰੋਡ ਤੇ ਮਿਲ ਪੈਣਾ, ਜਾਂ ਫਿਰ ਬਾਬੇ ਸ਼ਹੀਦੀਂ, ਜਿਥੇ ਮੈਂ ਲਾਂਗਰੀ ਬਣ ਕੇ ਰੋਜ਼ ਦੁਪਹਿਰਾ ਕੱਟਦਾ ਸਾਂ। ਨਾ ਉਹਨੇ ਮੈਨੂੰ ਪਛਾਨਣ ਦਾ ਵਿਖਾਵਾ ਕਰਨਾ, ਤੇ ਨਾ ਮੈਂ ਅੱਖ ਬਚਾਣ ਦਾ ਵਿਖਾਵਾ ਕਰਨਾ। ਓਪਰਿਆਂ ਵਾਂਗ ਅਸੀਂ ਕੋਲੋਂ ਲੰਘ ਜਾਣਾ। ਕੋਈ ਜਾਨ ਤੇ ਭੀੜ ਬਣਨ ਦਾ ਸਮਾਂ ਪੈਣਾ ਤਾਂ ਉਹਨੇ ਸਗੋਂ ਮੇਰੀ ਮਦਦ ਲਈ ਦੂਸਰੇ ਲਾਂਗਰੀ ‘ਤੋਚੀ’ ਨੂੰ ਸੁਨੇਹਾ ਦੇ ਜਾਣਾæææਉਹਦੇ ਆਖੇ ਤੇ ਮੈਂ ਉਹਦੇ ਇਕ-ਦੋ ਕੰਮ ਕੀਤੇ ਸਨ। ਵੱਡਾ ਕੰਮ ਮੈਂ ਉਹਦੇ ਕਹੇ ਤੇ ‘ਰੂਬੀ-ਕੈਟ’ ਦਾæææ”ਉਏ! ਥੰਮਲੇ ‘ਚ ਵੱਜੀ ਜਾਨੈਂæææਭਾਊ! ਗਾੜੀ ਕਿੱਧਰæææ? ਧਿਆਨ ਤੇਰਾ ਮਾਈਂæææ ਪਤਾ ਨਹੀਂ ਕਿੱਥੇ? ਸੁਰਤ ਤਾਂਹ ਚੜ੍ਹੀ ਊ?” ਚੰਨੇ ਨੱਥ ਨੇ ਮੇਰੀ ਬਿਰਤੀ ਤੋੜ ਦਿੱਤੀ।
“æææਆæææਹੈਂ, ਨਹੀਂ, ਮੈਂ ਤਾਂ ਆਪ ਈ ਜੱਸੇ ਬਾਰੇ ਸੋਚਣ ਡਿਹਾਂ! ਕਦੋਂ ਲਿਆਉਣੈ ਉਹਨੂੰ,” ਮੈਂ ਹੈਰਾਨੀ ਤੇ ਭੈਅ ਦੇ ਰਲੇ-ਮਿਲੇ ਭਾਵਾਂ ਨਾਲ ਕਿਹਾ।
“ਓ ਨਾ, ਭੈਣ ਦੇ ਯਾਰ ਕੋਲੋਂ ਪੈਹਿਆਂ ਦਾ ਹਿਸਾਬ ਲੈਣ ਡਹੇ ਸਨ ਇਕ ਤੇ! ਮਾਰ ਸੈਂਤੀ ਲੱਖ ਤੇ ਉਹਦੀ ਰਣਜੀਤ ਐਵੇਨਿਊ, ਅੰਬਰਸਰ ਵਾਲੀ ਕੋਠੀ ‘ਚੋਂ ਲਿਆਂਦੈ! ਸਾਢੇ ਚਾਰ ਲੱਖ ਤੇ ਦੋ ਕਿੱਲੋ ਸੋਨਾ ਉਹਦੇ ਬਟਾਲੇ ਵਾਲੇ ਟਿਕਾਣੇ ਤੋਂ ਲੱਭੈ! ਤੇ ਜਿਹੜਾ ‘ਗਿੰਦੋ ਸ਼ਪੈਹਣ’ ਦੇ ਬੰਦ ਪਏ ਘਰ ‘ਚੋਂ ਕਿਤੇ ਨੋਟ ਮਿਲਿਐæææ! ਮਾਰ ਕਹਿਣ-ਸਣੁਨ ਤੋਂ ਬਾਹਰਾ।” ਚੰਨੇ ਨੇ ਦੱਸਿਆ।
“ਗਿੰਦੋ ਆਪ ਕਿੱਥੇ ਆ ਹੁਣ?” ਮੈਂ ਗਿੰਦੋ ਸ਼ਪੈਹਣ ਨੂੰ ਚੰਗੀ ਤਰ੍ਹਾਂ ਜਾਣਦਾ ਸਾਂ, ਏਸ ਲਈ ਉਤਸੁਕਤਾ ਵਸ ਮੈਂ ਨੱਥ ਨੂੰ ਪੁੱਛ ਬੈਠਾ। ਚੰਨੇ ਨੇ ਪਹਿਲੇ ਗਾਲ੍ਹਾਂ ਦੀ ਚੰਗੀ-ਚੋਖੀ ਸ਼ੁਰਲ ਛੱਡੀ ਤੇ ਫੇਰ ਥੁੱਕ ਕੇ ਕਹਿਣ ਲੱਗਾ : “ਏਹਨੇ ਤੇਰੇ ਯਾਰ ‘ਮਰੂਤੀ’ ਨੇ ਸਾਲ ਹੋ ਗਿਆ, ਮਾਰ ਕੇ ਸਾੜ’ਤੀ ਸੀ ਡੀਜ਼ਲ ਪਾ ਕੇ। ਉਹ ਤੇ ਜਦੋਂ ਇਹਦੇ ਛਤਰੌਲ ਸ਼ੁਰੂ ਹੋਈ, ਇਹਨੇ ਬਾਕੀ ਕਤਲਾਂ ਨਾਲ ਗਿੰਦੋ ਦਾ ਕਤਲ ਵੀ ਮੰਨਿਆ। ਪਰ ਏਨੇ ਮਹੀਨਿਆਂ ਬਾਅਦ ਉਸ ਵਿਚਾਰੀ ਦੀ ਲੋਥ ਕਿੱਥੋਂ ਲੱਭਣੀ ਸੀ? ਉਹਦੀ ਤੇ ਸ਼ੋਹਦੀ ਦੀ ਸਵਾਹ ਵੀ ਨਹੀਂ ਲੱਭੀ।” ਚੰਨਾ ਆਪਣੀ ਟੇਪ ਚਲਾਈ ਜਾ ਰਿਹਾ ਸੀ।
ਮੇਰੀਆਂ ਅੱਖਾਂ ਅੱਗੇ ਗਿੰਦੋ ਦਾ ਚੰਨਣ ਵਰਗਾ ਪਿੰਡਾ ਆ ਗਿਆ। ਏਡੀ ਨਰੋਈ ਤੇ ਸੁੰਦਰ ਦੇਹੀ ਦੇ ਡੀਜ਼ਲ ਪਾ ਕੇ ਸਾੜੇ ਜਾਣ ਤੋਂ ਹੀ ਸੋਚ ਕੇ ਮੈਨੂੰ ਝੁਣਝੁਣੀ ਜਿਹੀ ਆ ਗਈ। ਫਿਰ ਅਗਲੇ ਹੀ ਪਲ ਖ਼ਿਆਲ ਆਇਆ ਕਿ ਏਨਾ ਕੁਝ ਵੇਖ ਲਿਐ ਕਿ ਸੱਤ ਜਨਮਾਂ ਤਕ ਮੁੜ ਕੇ ਏਨੀ ਵਹਿਸ਼ਤ ਨਾ ਵੇਖੀ ਜਾਣੀ ਏ, ਨਾ ਹੀ ਦੁਬਾਰਾ ਹੱਥੀਂ ਏਨੇ ਖ਼ੂਨ ਕਰ ਹੋਣੇ ਨੇ, ਫੇਰ ਮਨਾਂ, ਤੈਨੂੰ ਕਾਹਦੀ ਧੁੜਧੁੜੀ ਉਠਦੀ ਐ? ਅਗਲੀ ਸੋਚ ਨੇ ਹੋਰ ਹੀ ਹੁੰਗਾਰਾ ਦਿੱਤਾ ਕਿ ਧੁੜਧੁੜੀ ਤਾਂ ਅਜੇ ਇਹੀ ਸਾਬਤ ਕਰਦੀ ਐ ਕਿ, ਅਜੇ ਅੰਦਰ ਦਿਲ ਧੜਕਦੈ। ਅਜੇ ਤਰਸ ਦੇ ਸਰੋਤ ਪੂਰੀ ਤਰ੍ਹਾਂ ਸੁੱਕੇ ਨਹੀਂ। ਆਪਣੇ ਬਾਰੇ ਕੁਝ ਕੂਲ਼ਾ ਜਿਹਾ ਸੋਚ ਕੇ ਮੇਰੇ ਬੁੱਲ੍ਹਾਂ ਤੇ ਆਪੇ ਹੀ ਮੁਸਕਰਾਹਟ ਆ ਗਈ। ਮੈਂ ਇਹ ਵੀ ਭੁੱਲ ਗਿਆ ਕਿ ਚੰਨਾ ਮੇਰੇ ਹੀ ਮੂੰਹ ਵੱਲ ਤੱਕ ਰਿਹਾ ਹੈ।
“ਕੀ ਗੱਲ ਇਆ? ਬੜੀਆ ਦੰਦੀਆਂ ਨਿਕਲਦੀਐਂ?” ਚੰਨਾ ਮੇਰੇ ਮੂੰਹ ਵਲ ਤੱਕ ਕੇ ਕਹਿਣ ਲੱਗਾ। “ਹੈਂ! ਓ ਨਹੀਂ ਭਾਅ! ਦੰਦੀਆਂ ਕਿੱਥੇ? ਇਹ ਤੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਮਨ ਹੋਰ ਜਿਹਾ ਹੋ ਜਾਂਦੈ, ਹੋਰ ਕੋਈ ਗੱਲ ਨਹੀਂ।” ਮੈਂ ਜਿਵੇਂ ਪਰਤ ਆਇਆ। ਇਸ ਦੌਰਾਨ ਮੈਂ ਮਹਿਸੂਸ ਕੀਤਾ ਕਿ ਮੈਂ ਲਗਾਤਾਰ ਥੰਮਲੇ ਨਾਲ ਢੋ ਲਾਈ ਕਿੰਨੇ ਮਿੰਟਾਂ ਦਾ ਖੜ੍ਹਾ ਹਾਂ। ਮਾਨੋ ਕੋਈ ਚੀਜ਼ ਮੈਨੂੰ ਹੇਠਾਂ ਲਿਜਾ ਰਹੀ ਹੈ। ਮੇਰੇ ਅੰਦਰੋਂ ਆਵਾਜ਼ ਆ ਗਈ ਕਿ ਮਾਰ ਖਾ-ਖਾ ਕੇ ਲੱਤਾਂ ਦੀ ਤਾਕਤ ਵੀ ਮੁੱਕ ਗਈ ਹੈ ਤੇ ਦਿਲ ਦਿਮਾਗ ਵੀ ਜਵਾਬ ਦੇਈ ਜਾ ਰਹੇ ਹਨ।
“ਭਾਅ! ਜੇ ਕਹੇਂ ਤਾਂ ਮੈਂ ਭੁੰਜੇ ਬਹਿ ਜਾਵਾਂ। ਮੇਰੀਆਂ ਲੱਤਾਂ ਹੁਣ ਮਰੀਆਂ ਜਿਹੀਆਂ ਰਹਿੰਦੀਆਂ ਨੇ। ਮੈਥੋਂ ਹੁਣ ਹੋਰ ਖੜ੍ਹਾ ਨਹੀਂ ਹੋਇਆ ਜਾਂਦਾ।” ਮੈਂ ਬੜੀ ਆਜਿਜ਼ੀ ਨਾਲ ‘ਨੱਥ’ ਨੂੰ ਬੇਨਤੀ ਕੀਤੀ।
“ਮਖ! ਮੇਰੀ ਅੱਲੋਂ ਤੂੰ ਜੰਮ-ਜੰਮ ਬਹੁ। ਬਹਿ ਜਾ, ਬਹਿ ਜਾ। ਪਰ ਜਦੋਂ ਡਿਪਟੀ ਦੀ ਮਾੜੀ ਜਿਹੀ ‘ਵਾਜ ਵੀ ਆਏ, ਉਸੇ ਵੇਲੇ ਉਠ ਕੇ ਖਲੋ ਜਾਈਂ। ਅਜੈਬੇ ਦਾ ਤੈਨੂੰ ਸੁਭਾ ਪਤਾ ਈ ਐ।” ਨੱਥ ਨੇ ਸੁਚੇਤ ਕੀਤਾ।
“ਮੈਂ ਕਿਤੇ ਭੁੱਲਦਾਂ ਅਜੈਬੇ ਨੂੰ! ਭਾਅ, ਚਿੰਤਾ ਛੱਡ ਦੇਹ! ‘ਵਾਜ ਪੈਣ ਦੀ ਡੇਰ ਆ, ਮੈਂ ਟਨਸ਼ੰਨ ਖੜਾ ਦਿਖੂੰਗਾ।” ਅਜੈਬੇ ਦੇ ਨਾਂ ਤੋਂ ਹੀ ਮੈਨੂੰ ਧੁੜਧੁੜੀ ਆ ਗਈ ਸੀ।
“ਚੰਗਾ, ਬਹੁ ਇਥੇ ਹੀ ਫੇਰ! ਮੈਂ ਚਾਹ ਦਾ ਕੱਪ ਭੇਜਦੈਂ ਤੇਰੇ ਲਈ! ਇਨ੍ਹਾਂ ਪਤਾ ਨਹੀਂ ਕਦੋਂ ਆਪਣੇ ਭਣੋਈਏ ‘ਜੱਸੇ’ ਨੂੰ ਲੈ ਕੇ ਆਉਣ? ਖੌਰੇ ਘੰਟਾ, ਦੋ ਘੰਟੇ, ਕਿ ਤਿੰਨ ਵੀ ਲੱਗ ਜਾਣ।” ਚੰਨੇ ਨੇ ਕਿਹਾ। ਮੈਂ ਮਸਕੀਨਾਂ ਵਾਂਗ ਹੱਥ ਜੋੜੇ ਤੇ ਅੱਖਾਂ ਰਾਹੀਂ ਹੀ ਉਸ ਦਾ ਧੰਨਵਾਦ ਕੀਤਾ। ਬਾਅਦ ਵਿਚ ਮੈਨੂੰ ਆਪਣੇ ਜੁੜੇ ਹੱਥਾਂ ‘ਤੇ ਹੈਰਾਨੀ ਹੋਈ। ਕਿੱਥੇ ਮੇਰੇ ਨਾਂ ‘ਤੇ ਪੰਜਾਹ ਲੱਖ ਰੁਪਏ ਦਾ ਇਨਾਮ ਸੀ। ਕਦੇ ਸਾਰਾ ਪੰਜਾਬ ਮੇਰੇ ਨਾਂ ਤੋਂ ਡਰਦਾ ਸੀ। ਅੱਜ ਮੈਂ ਮੰਗਤਾਂ ਹਾਂ!æææਮੈਂ ਕੀ ਦਾ ਕੀ ਹੋ ਗਿਆਂ? ਮੈਂ ਆਪਣੇ ਜੁੜੇ ਹੱਥਾਂ ਵੱਲ ਕਿੰਨੀ ਦੇਰ ਵੇਖਦਾ ਰਿਹਾ ਸਾਂ। ਥੰਮਲੇ ਨਾਲ ਢੋ ਲਾ ਕੇ ਬੈਠਿਆਂ ਮੇਰੀ ਸੁਰਤ ‘ਜੱਸੇ ਮਰੂਤੀ’ ਵੱਲ ਮੁੜ ਗਈ। ਅਤੀਤ ਮੇਰੀਆਂ ਅੱਖਾਂ ਅੱਗੇ ਇਉਂ ਸਹਿਜ ਨਾਲ ਘੁੰਮਣ ਲੱਗਾ ਕਿ ਮਨੋਂ ਮੈਂ ਅੱਜ ਵੀ ਉਥੇ ਹੀ ਤੁਰਦਾ ਫਿਰਦਾ ਹੋਵਾਂ। ਜੱਸਾ ਮਰੂਤੀ ਤਕਰੀਬਨ ਮੇਰੇ ਨਾਲ ਹੀ ਸੰਤਾਂ ਦੇ ਸੰਪਰਕ ਵਿਚ ਆਇਆ ਸੀ। ਮੈਂ ਸੰਨ ਕਿਆਸੀ ਵਿਚ ਬੀæਐਡ ਕਰਕੇ ਤਰਨਤਾਰਨ ਰੋਡ ‘ਤੇ ਕਲਗੀਧਰ ਖ਼ਾਲਸਾ ਸਕੂਲ ਵਿਚ ਲਗ ਗਿਆ ਸਾਂ। ਸਕੂਲ ਮਿਡਲ ਤਕ ਸੀ, ਸ਼੍ਰੋਮਣੀ ਕਮੇਟੀ ਦੇ ਅਧੀਨ ਸੀ ਤੇ ਪੈਨਸ਼ਨੇਬਲ ਨੌਕਰੀ ਸੀ। ਮੈਂ ਪੱਕਾ ਸਾਂ ਤੇ ਸੁਹਣੀ ਨਿਭ ਰਹੀ ਸੀ। ਵਿਆਹ ਦੀ ਤਿਆਰੀ ਸੀ। ਏਦਾਂ ਹੀ ਸਾਲ, ਦੋ ਸਾਲ ਲੰਘ ਗਏ ਸਨ। ਇਕ ਦਿਨ ਮੈਨੂੰ ਸਕੂਲ ਦੇ ਪ੍ਰਧਾਨ ਨੂੰ ਮਿਲਣ ਦਰਬਾਰ ਸਾਹਿਬ ਅੰਮ੍ਰਿਤਸਰ ਜਾਣਾ ਪਿਆ। ਗੁਰੂ ਨਾਨਕ ਨਿਵਾਸ ਤੋਂ ਅੱਗੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸਨ। ਮੈਨੂੰ ਦਫ਼ਤਰ ਦੇ ਬਾਹਰ ਬਣੇ ਬਰਾਂਡੇ ਵਿਚ ਬੈਠਣ ਤੇ ਇੰਤਜ਼ਾਰ ਕਰਨ ਲਈ ਕਿਹਾ ਗਿਆ ਸੀ। ਮੈਂ ਮਿਥੇ ਸਮੇਂ ‘ਤੇ ਅੱਪੜ ਗਿਆ ਸਾਂ। ਇਹ ਸੰਤ ਭਿੰਡਰਾਂਵਾਲਿਆਂ ਦੀ ਪੂਰੀ ਚੜ੍ਹਾਈ ਦੇ ਦਿਨ ਸਨ। ਅਕਾਲ ਗੈਸਟ-ਹਾਊਸ ਤੋਂ ਲੈ ਕੇ ਗੁਰਦੁਆਰਾ ਬਾਬਾ ਅਟੱਲ ਜੀ ਤਕ ਸੰਤਾਂ ਦੇ ਸੇਵਕ ਰਿਵਾਲਵਰ ਪਾ ਕੇ ਘੁੰਮ ਰਹੇ ਸਨ। ਅੱਗੋਂ ਮੰਜੀ ਸਾਹਿਬ ਵਿਖੇ ਵੀ ਸ਼ਸਤਰਧਾਰੀ ਸਿੰਘ ਹਮੇਸ਼ਾ ਬੈਠੇ ਰਹਿੰਦੇ ਸਨ। ਦੋਹਾਂ ਧੜਿਆਂ ਦੇ ਸਿੰਘ ਹਮੇਸ਼ਾ ਪਹਿਰੇ ‘ਤੇ ਰਹਿੰਦੇ ਸਨ। ਅਕਾਲ ਗੈਸਟ ਹਾਊਸ ਉਤੇ ਬੱਬਰਾਂ ਦਾ ਕਬਜ਼ਾ ਸੀ ਤੇ ਸਰਾਂ ਤੇ ਲੰਗਰ ਦੀ ਛੱਤ ‘ਤੇ ਸੰਤਾਂ ਦੇ ਸੇਵਕ ਸਨ। ਦੋਵੇਂ ਧੜੇ ਇਕ ਦੂਜੇ ਨੂੰ ਘੋਰ ਨਫ਼ਰਤ ਕਰਦੇ ਸਨ। ਬੱਬਰਾਂ ਦੇ ਸਿਰਫ਼ ਬਾਰਾਂ ਜਣਿਆਂ ਦੀ ਭਰਤੀ ਸੀ ਤੇ ਤੇਰ੍ਹਵਾਂ ਉਨ੍ਹਾਂ ਦਾ ਮੁਖੀ ਜਰਮਨ ਭੱਜ ਗਿਆ ਹੋਇਆ ਸੀ।
ਉਥੇ ਮੈਨੂੰ ਇੰਤਜ਼ਾਰ ਕਰਦਿਆਂ ਕਾਫੀ ਸਮਾਂ ਹੋ ਗਿਆ। ਅੱਕ ਕੇ ਮੈਂ ਦਫ਼ਤਰੋਂ ਬਾਹਰ ਆ ਕੇ ਗੁਰਦੁਆਰਾ ਬਾਬਾ ਅਟੱਲ ਦੇ ਸਾਹਮਣੇ ਇਕ ਮਾਤਰ ਚਾਹ ਦੀ ਦੁਕਾਨ ਤੋਂ ਚਾਹ ਬਣਵਾ ਲਈ। ਸਾਹਮਣੇ ਦਿਸਦੇ ਉਚੇ ਪੁਰਾਣੇ ਅੰਬਰਸਰੀ ਮਕਾਨਾਂ ਦੀ ਛੱਤ ‘ਤੇ ਸੀæਆਰæਪੀæ ਦੇ ਮੋਰਚੇ ਬਣੇ ਦਿਸਦੇ ਸਨ। ਸੀæ ਆਰæ ਪੀæ ਦੇ ਜਵਾਨ ਵੀ ਕਦੇ-ਕਦੇ ਸਿਰ ਕੱਢਦੇ। ਉਨ੍ਹਾਂ ਨੂੰ ਗੁਰਦੁਆਰਾ ਬਾਬਾ ਅਟੱਲ ਤੋਂ ਅੱਗੇ ਵਧਣ ਦਾ ਹੁਕਮ ਨਹੀਂ ਸੀ। ਉਧਰੋਂ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਹੋਟਲ ਤਕ ਆਉਣ ਦਾ ਹੀ ਹੁਕਮ ਸੀ। ਮੈਂ ਖਾੜਕੂਆਂ ਤੇ ਸੀæਆਰæਪੀæ ਦੀ ਕਸ਼ਮਕਸ਼ ਬਾਬਤ ਹੀ ਸੋਚਦਾ ਚਾਹ ਪੀ ਰਿਹਾ ਸਾਂ ਕਿ ਮੇਰਾ ਨਾਂ ਲੈ ਕੇ ਕਿਸੇ ਨੇ ਆਵਾਜ਼ ਮਾਰੀ। ਮੈਂ ਪਿੱਛੇ ਪਰਤ ਕੇ ਵੇਖਿਆ ਤਾਂ ਮੇਰਾ ਬੀæਏæ, ਬੀæਐਡ ਦਾ ਜਮਾਤੀ ਜੋਤੀ ਹੁੰਦਲ ਖੜ੍ਹਾ ਸੀ। ਲੰਮਾ ਕੁੜਤਾ-ਪਜਾਮਾ, ਗ਼ੋਲ ਪੱਗ ਤੇ ਗਲ ਵਿਚ ਮਾਊਜ਼ਰ ਦੀ ਡੋਰੀ ਪਾਈ ਉਹ ਵੱਖਰਾ ਹੀ ਲੱਗ ਰਿਹਾ ਸੀ। ਪਰ ਮੈਂ ਪਹਿਲੀ ਨਜ਼ਰੇ ਹੀ ਉਸ ਨੂੰ ਪਛਾਣ ਲਿਆ। ਸਾਲ-ਦੋ ਸਾਲ ਪਿਛੋਂ ਮਿਲਣ ਕਾਰਨ ਉਸ ਕੋਲ ਦੱਸਣ ਲਈ ਕਈ ਕੁਝ ਸੀ। ਸਿੱਖ ਸਟੂਡੈਂਟ ਫੈਡਰੇਸ਼ਨ ਵਿਚ ਰਿਹਾ ਹੋਣ ਕਾਰਨ ਉਹ ਵੀ ਬਾਕੀ ਸਾਥੀਆਂ ਸਮੇਤ ਸੰਤਾਂ ਦੇ ਧੜੇ ਵਿਚ ਸ਼ਾਮਲ ਹੋ ਗਿਆ ਸੀ। ਸੰਧੂ ਗਰੁਪ ਨੇ, ਸਾਰੇ ਦੇ ਸਾਰੇ ਨੇ ਸੰਤਾਂ ਨੂੰ ਆਪਣਾ ਆਗੂ ਮੰਨ ਲਿਆ ਸੀ। ਦੂਸਰਾ ਧੜਾ ਵੀ ਭਾਵੇਂ ਵਿਦਿਆਰਥੀਆਂ ਦਾ ਸੀ, ਪਰ ਉਹ ਪ੍ਰੋæ ਕੰਦੂਕਾਦਰੇ ਅਧੀਨ ਸੰਤ ਲੌਂਗੋਵਾਲ ਨਾਲ ਸਨ। ਪਰ ਉਨ੍ਹਾਂ ਕੋਲ ਹਥਿਆਰ ਨਾਂਮਾਤਰ ਸਨ। ਇਧਰ ਹਥਿਆਰ ਵਧੇਰੇ ਸਨ। ਮੇਰੇ ਨਾਲ ਗੱਲਾਂ ਕਰਦਾ ਹੁੰਦਲ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੱਕ ਆਇਆ। ਮੈਂ ਦੱਸਿਆ ਕਿ ਮੈਂ ਪ੍ਰਧਾਨ ਨੂੰ ਮਿਲਣ ਆਇਆ ਸਾਂ। ਸਾਡੇ ਸਕੂਲ ਦੇ ਪ੍ਰਧਾਨ ਦੀ ਕਮੇਟੀ ਨਾਲ ਬੜੀ ਨੇੜਤਾ ਹੈ। ਸੁਣ ਕੇ ਉਹ ਹੱਸਣ ਲੱਗ ਪਿਆ ਤੇ ਕਹਿਣ ਲੱਗਾ, “ਕੋਈ ਕੰਮ ਹੈ ਈ ਤਾਂ ਦੱਸ! ਇਥੇ ਸਾਡੇ ਹੁਕਮ ਬਿਨਾਂ ਬੰਦੇ ਮੂਤਣ ਤਕ ਨਹੀਂ ਜਾ ਸਕਦੇ।” ਹੱਸਦੇ ਹੀ ਉਹ ਵਿਦਾ ਹੋ ਗਿਆ ਤੇ ਗੁਰੂ ਨਾਨਕ ਨਿਵਾਸ ਲੰਘ ਗਿਆ।
ਜਦੋਂ ਮੈਂ ਦੁਬਾਰਾ ਅੰਦਰ ਗਿਆ ਤਾਂ ਮੈਂ ਵੇਖਿਆ, ਦੂਰੋਂ ਹੀ ਮੇਰੇ ਸਕੂਲ ਦਾ ਪ੍ਰਧਾਨ ਮੇਰੇ ਵੱਲ ਵੇਖ ਰਿਹਾ ਸੀ। ਮੇਰੇ ਮਨ ਵਿਚ ਨਾ ਕੋਈ ਭਾਵ ਤੇ ਨਾ ਕੋਈ ਭੈਅ, ਮੈਂ ਸੁਤੇ ਸਿਧ ਜਾ ਉਹਨੂੰ ਫ਼ਤਿਹ ਬੁਲਾਈ। ਉਹਦਾ ਰੌਂ ਪਰ ਕੁਝ ਉਖੜਿਆ ਹੋਇਆ ਸੀ। ਫਤਿਹ ਦਾ ਜਵਾਬ ਦੇ ਕੇ ਉਸ ਸਿੱਧਾ ਹੀ ਪੁੱਛ ਲਿਆ, “ਇਹ ਕਿੱਦਾਂ ਜਾਣਦੈ ਤੁਹਨੂੰ?”
ਮੈਂ ਅੰਦਰੋਂ ਉਹਦੇ ਰੌਂ ਤੋਂ ਥੋੜ੍ਹਾ ਜਿਹਾ ਘਬਰਾ ਗਿਆ ਸਾਂ। ਪਰ ਮੈਂ ਪੱਕੀ ਆਵਾਜ਼ ਨਾਲ ਦੱਸਿਆ ਕਿ ਮੇਰਾ ਬੀæ ਐਡæ ਦਾ ਜਮਾਤੀ ਹੈ। ਪਹਿਲੇ ਦੋ ਕੁ ਮਿੰਟ ਉਹ ਚੁੱਪ ਰਿਹਾ, ਅੰਤ ਉਸ ਦੁਚਿੱਤੀ ਛੱਡ ਕੇ ਕਹਿ ਹੀ ਦਿੱਤਾ, “ਮਾਸਟਰ ਜੀ! ਤੁਸੀਂ ਕਿਹੜੇ ਵੇਲਿਆਂ ਵਿਚੋਂ ਲੰਘ ਰਹੇ ਹੋ? ਤੁਹਾਨੂੰ ਕਿਹੜਾ ਸਭ ਦਿਸਦਾ ਨਹੀਂ? ਅਸੀਂ ਤੇ ਟਕਸਾਲੀ ਅਕਾਲੀ ਹਾਂ। ਏਜੰਸੀਆਂ ਨੂੰ ਸਾਡਾ ਸਭ ਕੁਝ ਪਤੈ! ਪਰ ਤੁਸੀਂ ਤਾਂ ਅਸਲੋਂ ਨਵੇਂ ਸਓ! ਹੁਣ ਤੱਕ ਵੀਹ ਅੱਖਾਂ ਨੇ ਤੁਹਾਨੂੰ ਵੇਖ ਲਿਆ ਹੋਣੈ ਉਹਦੇ ਨਾਲ ਗੱਲਾਂ ਕਰਦਿਆਂ! ਤੇ ਉਹ ਵੀਹ ਦੀਆਂ ਵੀਹ ਅੱਖਾਂ ਹੀ ਜਾਂ ਤੇ ਸੀæ ਆਈæ ਡੀæ ਜਾਂ ਫਿਰ ਪੁਲਿਸ ਦੇ ਸੂਹੀਆ ਕੁੱਤਿਆਂ ਦੀਆਂ ਹੋਣੀਆਂ ਨੇ! ਨਾਲੇ ਜਿਸ ਹੁੰਦਲ-ਹਾਂਦਲ ਜਿਹੇ ਨਾਲ ਤੁਸੀਂ ਬੀæ ਐਡ ਵੇਲੇ ਦਾ ਦੋਸਤ ਹੋਣ ਦਾ ਦਾਅਵਾ ਕਰ ਰਹੇ ਸਓ, ਉਹਦੇ ਬਾਰੇ ਸੰਤ ਲੌਂਗੋਵਾਲ ਕੋਲ ਏਹੀ ਖ਼ਬਰ ਪਹੁੰਚੀ ਹੈ ਕਿ ਉਹ ਵੀ ਪੰਜਾਬ ਪੁਲਿਸ ਦਾ ਕਾਂਸਟੇਬਲ ਹੈ ਤੇ ਇੰਟੈਲੀਜੈਂਸ ਨੇ ਹੀ ਏਥੇ ਫਿਟ ਕੀਤਾ ਹੈ। ਉਤੋਂ ਸਿਆਪਾ ਇਹ ਵੇ ਕਿ ਸੰਤ ਭਿੰਡਰਾਂਵਾਲੇ ਕਦੇ ਵੀ ਲੌਂਗੋਵਾਲ ਜੀ ਦੀ ਸੂਚਨਾ ਨੂੰ ਸੱਚ ਨਹੀਂ ਮੰਨਦੇ।”
ਅਚਾਨਕ ਡਰ ਨਾਲ ਮੇਰੀਆਂ ਲੱਤਾਂ ਉਦੋਂ ਕੰਬ ਗਈਆਂ ਸਨ। ਅੱਜ ਮੈਂ ਜਿੰਨੇ ਤਸੀਹੇ ਝੱਲੇ ਨੇ, ਮਨ ਤਗੜਾ ਹੈ, ਪਰ ਤਨ ਖੋਖਲਾ ਹੈ। ਉਦੋਂ ਤਨ ਤਗੜਾ ਸੀ, ਪਰ ਮਨ ਡਰਪੋਕ ਸੀ। ਇੰਟੈਲੀਜੈਂਸ ਦੀਆਂ ਗੱਲਾਂ ਬਾਰੇ ਸੁਣ ਕੇ ਅਤੇ ਹਰ ਦੂਜੇ ਬੰਦੇ ਦਾ ਸੀæਆਈæਡੀæ ਦਾ ਹੋਣ ਬਾਰੇ ਸੋਚ ਕੇ ਮੈਂ ਡਰ ਗਿਆ ਸਾਂ ਤੇ ਪ੍ਰਧਾਨ ਸਾਹਮਣੇ ਅਵਾਕ ਖੜ੍ਹਾ ਸਾਂ। ਮੇਰੀ ਮੱਤ ਮਾਰੀ ਗਈ ਸੀ।
“ਹੁਣ ਜਾਉ ਤੁਸੀਂ ਘਰ! ਤੇ ਬਚ ਕੇ ਰਹਿਓ। ਮੈਨੂੰ ਸ਼ੱਕ ਹੈ ਕਿ ਇਹ ਹੁੰਦਲ ਹੀ ਕਿਧਰੇ ਤੁਹਾਡੀਆਂ ਬੇੜੀਆਂ ਵਿਚ ਵੱਟੇ ਨਾ ਪਾਵੇ।” ਪ੍ਰਧਾਨ ਜੀ ਨੇ ਮੈਨੂੰ ਇਹ ਕਹਿ ਕੇ ਤੋਰ ਦਿੱਤਾ ਸੀ।
ਉਦੋਂ ਕੀ ਪਤਾ ਸੀ ਕਿ ਪ੍ਰਧਾਨ ਜੀ ਦਾ ਕਿਹਾ ਇਕ-ਇਕ ਅੱਖਰ ਸੱਚਾ ਸਾਬਤ ਹੋਵੇਗਾ। ਤੇ ਇਕ ਦਿਨ ਏਹੀ ਹੁੰਦਲ ਤੇ ਏਹੀ ਏਜੰਸੀਆਂ ਦੇ ਸੂਹੀਏ ਕੁੱਤੇ ਮੇਰੇ ਘਰ-ਸੰਸਾਰ ਦਾ ਤੀਲਾ ਤੀਲਾ ਬਿਖੇਰ ਛੱਡਣਗੇ।
ਉਹੀ ਗੱਲ ਹੋਣੀ ਸੀ। ਦਸ ਕੁ ਦਿਨਾਂ ਤੱਕ ਮੈਨੂੰ ਮਹਿਸੂਸ ਹੋਣ ਲੱਗਾ ਕਿ ਮੇਰੇ ‘ਤੇ ਨਿਗਾਹ ਰੱਖੀ ਜਾ ਰਹੀ ਹੈ। ਪਰ ਮੇਰੇ ਕੋਲੋਂ ਬੰਦੇ ਨਹੀਂ ਟਰੇਸ ਹੋ ਰਹੇ ਸਨ। ਇਸ ਤੋਂ ਕੁਝ ਦਿਨਾਂ ਮਗਰੋਂ ਹੀ ਅਚਾਨਕ ਜੋਤੀ ਹੁੰਦਲ ਤੇ ਉਹਦੇ ਨਾਲ ਇਕ ਭਾਰਾ ਜਿਹਾ ਸਰਦਾਰ ਮੇਰੇ ਘਰ ਆ ਗਏ। ਮੇਰੀ ਮਾਂ ਘਰ ਹੀ ਸੀ। ਛੋਟਾ ਭਰਾ ਤੇ ਭਾਪੇ ਹੁਰੀਂ ਕੰਮਾਂ-ਕਾਰਾਂ ‘ਤੇ ਸਨ। ਉਨ੍ਹਾਂ ਨੂੰ ਵੇਖ ਕੇ ਮੈਂ ਡਰ ਗਿਆ ਸਾਂ। ਪਰ ਰਸਮੀਂ ਮੈਂ ਉਨ੍ਹਾਂ ਦਾ ਸਵਾਗਤ ਕੀਤਾ। ਉਹ ਵੀ ਪੰਜ-ਸੱਤ ਮਿੰਟ ਬਹਿ ਕੇ ਚਾਹ ਦਾ ਕੱਪ ਪੀ ਕੇ ਟੁਰ ਗਏ ਸਨ। ਜਾਂਦੇ-ਜਾਂਦੇ ਉਹ ਮੈਨੂੰ ਬੋਰਾ-ਜਿਹਾ ਫੜਾ ਗਏ ਸਨ। ਵੀਹ ਕੁ ਕਿੱਲੋ ਵਾਲੇ ਇਸ ਬੋਰੇ ਵਿਚ ਸਿਰਫ ਤਿੰਨ ਵੱਡੇ ਹਦਵਾਣੇ ਸਨ। ਦਸ ਕੁ ਕਿੱਲੋ ਦੇ ਹੋਣਗੇ। ਉਹ ਕਹਿਣ ਲੱਗੇ, “ਸਿੰਘਾਂ ਨੇ ਖਾਣ ਲਈ ਹਦਵਾਣੇ ਮੰਗੇ ਸਨ, ਪਰ ਸਾਡਾ ਪੁਲਸ ਪਿੱਛਾ ਕਰ ਰਹੀ ਹੈ, ਏਸ ਲਈ ਅਸੀਂ ਕੱਲ ਜਾਂ ਪਰਸੋਂ ਹਦਵਾਣੇ ਲੈ ਜਾਵਾਂਗੇ।”
ਉਹ ਤੇ ਚਲੇ ਗਏ, ਪਰ ਮੈਂ ਹਦਵਾਣੇ ਰਖਾ ਕੇ ਵੀ ਸੋਚੀਂ ਪਿਆ ਰਿਹਾ ਕਿ ਆਖ਼ਰ ਏਸ ਨਿਗੂਣੀ ਦੋ ਕੁ ਰੁਪਏ ਦੀ ਚੀਜ਼ ਨੂੰ ਰੱਖਣ ਲਈ ਉਹ ਮੇਰੇ ਘਰ ਜ਼ੋਖ਼ਮ ਉਠਾ ਕੇ ਆਏ ਸਨ। ਅਚਾਨਕ ਕੋਈ ਖ਼ਿਆਲ ਮੇਰੇ ਮਨ ਵਿਚ ਬਿਜਲੀ ਵਾਂਗ ਲਿਸ਼ਕਿਆ ਤੇ ਮੈਂ ਆਪਣੇ ਕਮਰੇ ਵਿਚ ਜਾ ਕੇ ਅੰਦਰੋਂ ਕੁੰਡਾ ਲਾਇਆ ਤੇ ਤਿੰਨੇ ਹੀ ਹਦਵਾਣੇ ਹਿਲਾਏ। ਵਾਰੀ-ਵਾਰੀ ਤਿੰਨਾਂ ਅੰਦਰੋਂ ਛਣਕਾਟਾ ਜਿਹਾ ਪਿਆ। ਫਿਰ ਮੈਂ ਧਿਆਨ ਨਾਲ ਵੇਖਿਆ। ਉਹ ਤਿੰਨੋਂ ਹੀ ਵਿਚਕਾਰੋਂ ਚੀਰ ਕੇ ਫਿਰ ਜੋੜੇ ਹੋਏ ਸਨ। ਹਿੰਮਤ ਕਰਕੇ ਮੈਂ ਇਕ ਖੋਲ੍ਹ ਲਿਆ। ਉਹ ਅੰਦਰੋਂ ਖਾਲੀ ਕਰਕੇ ਸੁਕਾਇਆ ਹੋਇਆ ਸੀ ਤੇ ਅੰਦਰ ਮੋਮੀ ਕਾਗਜ਼ ਵਿਚ ਗੋਲੀਆਂ ਤਹਿ ਕੀਤੀਆਂ ਪਈਆਂ ਸਨ। ਗੋਲੀਆਂ ਥੱਲੇ ਨਿੱਕੇ ਪਿਸਤੌਲ ਸਨ, ਤਿੰਨੇ ਵਿਚੋਂ ਇੱਕੋ ਜਿਹੇ, ਇਕਸਾਰ ਤੇ ਲਿਸ਼ਕਦੇ।æææਮੈਂ ਅੰਤਾਂ ਦਾ ਡਰ ਗਿਆ। ਰਾਤ ਨੀਂਦ ਨਾ ਪਈ। ਮੈਨੂੰ ਸਾਰੀ ਰਾਤ ਜਾਪਦਾ ਰਿਹਾ ਕਿ ਹੁਣ ਵੀ ਪੁਲਿਸ ਦੀ ਧਾੜ ਆਈ, ਹੁਣ ਵੀ ਆਈ। ਰੱਬ ਰੱਬ ਕਰਕੇ ਸਵੇਰ ਹੋਈ। ਸਕੂਲ ਮੇਰਾ ਦਿਲ ਨਾ ਟਿਕੇ। ਰੱਬ ਰੱਬ ਕਰਦਾ ਘਰ ਆਇਆ ਤਾਂ ਆ ਕੇ ਕਮਰੇ ਵਿਚ ਲੇਟ ਗਿਆ। ਮਾਂ ਨੇ ਕੁਝ ਪੁੱਛਿਆ, ਮੈਂ ਕੁੱਝ ਦੱਸਾਂ? ਸ਼ਾਮ ਹਨੇਰੇ ਪਏ ਭਾਪਾ ਜੀ ਤੇ ਭਰਾ ਵੀ ਆ ਗਏ, ਪਰ ਮੇਰਾ ਗੱਲ ਕਰਨ ਨੂੰ ਮਨ ਨਾ ਕਰੇ। ਸਾਡਾ ਚਾਰਾਂ ਜੀਆਂ ਦਾ ਪਰਿਵਾਰ ਸੀ ਤੇ ਕਿਸੇ ਦਾ ਜੇ ਦੰਦ ਵੀ ਦੁਖਦਾ ਸੀ ਤੇ ਬਾਕੀ ਤਿੰਨੇ ਫੱਟ ਉਹਦਾ ਕਸ਼ਟ ਬੁੱਝ ਲੈਂਦੇ ਸਨ। ਪਰਿਵਾਰ ਦੇ ਜੀਅ ਮੈਨੂੰ ਹਲਕੀ ਜਿਹੀ ਪੁੱਛ ਪ੍ਰਤੀਤ ਕਰਦੇ ਰਹੇ, ਪਰ ਮੈਂ ਕੋਈ ਲੜ-ਪੱਲਾ ਨਾ ਫੜਾਇਆ, ਦੱਸਦਾ ਵੀ ਕੀ? ਏਨੇ ਨੂੰ ਸਾਢੇ ਕੁ ਅੱਠ ਵਜੇ ਉਸੇ ਭਾਰੇ ਜਿਹੇ ਸਰਦਾਰ ਨੇ ਆ ਸਿਰੀ ਕੱਢੀ। ਦਰਵਾਜ਼ਾ ਖੜਕਾ ਕੇ ਉਸ ਨੇ ਮੈਨੂੰ ਬਾਹਰ ਬੁਲਾ ਲਿਆ ਤੇ ਹਦਵਾਣਿਆਂ ਵਾਲੀ ਬੋਰੀ ਦੇਣ ਲਈ ਕਿਹਾ। ਹਦਵਾਣੇ ਤੇ ਮੈਂ ਫੜਾ ਦਿੱਤੇ, ਪਰ ਬੜੀ ਪੱਕੀ ਆਵਾਜ਼ ਵਿਚ ਮੈਂ ਕਹਿ ਦਿੱਤਾ, “ਹੁੰਦਲ ਨੂੰ ਕਹਿਓ, ਮੈਨੂੰ ਮੁੜ ਕਦੇ ਏਡੇ ਇਮਤਿਹਾਨ ਵਿਚ ਨਾ ਪਾਵੇ, ਤੇ ਨਾ ਹੀ ਮੇਰੇ ਵੱਲ ਮੁੜ ਕਦੀ ਉਹ ਆਵੇ।” ਉਹ ਭਾਰਾ ਜਿਹਾ ਸਰਦਾਰ ਕੁਝ ਸਕਿੰਟ ਬੜੀ ਅਜੀਬ ਤਰ੍ਹਾਂ ਮੇਰੇ ਵੱਲ ਘੂਰਦਾ ਰਿਹਾ, ਬੋਲਿਆ ਕੁਝ ਨਹੀਂ। ਫੇਰ ਉਹ ਹਦਵਾਣੇ ਲੈ ਕੇ ਚੁੱਪ-ਚਾਪ ਚਲਾ ਗਿਆ।
ਬਸ ਉਹ ਦਿਨ ਤੇ ਆਹ ਦਿਨ। ਮੇਰੇ ਉਪਰ ‘ਹੁੰਦਲ ਪ੍ਰਕੋਪ’ ਸ਼ੁਰੂ ਹੋ ਗਿਆ। ਬਹੁਤ ਬਾਅਦ ਵਿਚ ਸੰਤਾਂ ਕੋਲ ਰਹਿ-ਰਹਿ ਕੇ ਮੈਨੂੰ ਪਤਾ ਲੱਗ ਗਿਆ ਸੀ ਕਿ ਉਹੀ ਹੁੰਦਲ ਮੇਰੀਆਂ ਜੜ੍ਹਾਂ ਵਿਚ ਬੈਠਾ ਸੀ। ਉਹ ਵੀ ਤਾਂ ਪਤਾ ਲੱਗਾ, ਜਦੋਂ ਏਸੇ ਜੱਸੇ, ਪੀæਟੀæ ਤੇ ਵਹਿਸ਼ੀ ਇੰਦਰਜੀਤ ਨੇ ਸੰਤਾਂ ਦੇ ਇਸ਼ਾਰੇ ‘ਤੇ ਏਸ ਪੁਲਸੀਏ ਹੁੰਦਲ ਨੂੰ ਮਾਰ ਕੇ ਲਾਸ਼ ਦੇ ਟੁਕੜੇ ਕਰਕੇ ਬੋਰੀ ਵਿਚ ਪਾ ਕੇ ਬਾਗ਼ ਵਾਲੀ ਗਲੀ ਵਿਚ ਸੁੱਟੇ ਸਨ। ਉਥੋਂ ਪੁਲਿਸ ਆ ਕੇ ਚੁੱਪ-ਚਾਪ ਉਹ ਟੋਟੇ ਹੋਈ ਲੋਥ ਲੈ ਗਈ ਸੀ।
‘ਹੁੰਦਲ ਤੇ ਹਦਵਾਣਿਆਂ ਵਾਲੀ’ ਘਟਨਾ ਤੋਂ ਤੀਸਰੇ ਦਿਨ ਹੀ ਪੁਲਿਸ ਨੇ ਮੈਨੂੰ ਸਵੇਰੇ ਰਾਹ ਵਿਚੋਂ ਚੁੱਕ ਲਿਆ। ਮੈਂ ਅਜੇ ਘਰੋਂ ਨਿਕਲ ਕੇ ਗਲੀ ਮੁੜਿਆ ਹੀ ਸੀ ਕਿ ਚਿਟਕਪੜੀਏ ਪੰਜ-ਸੱਤ ਸਾਹਨਾਂ ਨੇ ਮੈਨੂੰ ਚੁੱਕ ਕੇ ਕੈਂਟਰ ਵਿਚ ਸੁੱਟ ਦਿੱਤਾ। ਕੈਂਟਰ ਭਜਾ ਕੇ ਉਹ ਮੇਰੇ ਪਿੱਛੇ ਹੀ ਚੜ੍ਹ ਗਏ। ਮੂੰਹ ਤੇ ਹੱਥ ਮੇਰੇ ਉਨ੍ਹਾਂ ਬੰਨ੍ਹ ਦਿੱਤੇ। ਦਸਾਂ ਮਿੰਟਾਂ ਬਾਅਦ ਹੀ ਅਸੀਂ ਅੰਮ੍ਰਿਤਸਰ ਦੇ ਬਦਨਾਮ ਸੀæਆਈæਏæ ਸਟਾਫ਼ ਦੇ ਕਮਰਿਆਂ ਵਿਚ ਸਾਂ। ਮੇਰੀ ਤਫ਼ਤੀਸ਼ ਦਾ ਜ਼ਿੰਮਾ ਐਸ਼ ਪੀæ (ਡੀ) ਰੰਧਾਵੇ ਕੋਲ ਸੀ। ਉਹਨੇ ਤੇ ਉਹਦੇ ਸਾਹਨਾਂ ਨੇ ਜਾਂਦਿਆਂ ਹੀ ਮੇਰੀਆਂ ਲੱਤਾਂ ਪਾੜ ਦਿੱਤੀਆਂ। ਦਰਦ ਨਾਲ ਮੇਰਾ ਸਿਰ ਚਕਰਾ ਗਿਆ, ਪਰ ਮੈਂ ਕਸੀਸ ਵੱਟ ਕੇ ਪੀ ਗਿਆ।
“ਤੂੰ ਆਪ ਹੀ ਸਾਰਾ ਕੁਛ ਦੱਸ ਦੇਹ! ਨਹੀਂ ਤੇ ਮਾਲ ਮੰਡੀ ਭੇਜ ਦਊਂਗਾ ਮੈਂ ਤੈਨੂੰ!” ਰੰਧਾਵੇ ਨੇ ਦਾਬਾ ਮਾਰਿਆ।
“ਮੈਂ ਕਦੋਂ ਨਾਬਰ ਆਂ? ਤੁਸੀਂ ਜੋ ਪੁੱਛਣੈ, ਪੁੱਛੋ?” ਮੇਰੀ ਆਵਾਜ਼ ਦਰਦ-ਭਰੀ ਸੀ।
“ਦੱਸ ਫੇਰ, ਇਹ ਹਦਵਾਣਿਆਂ ਵਾਲਾ ਸਿਲਸਿਲਾ ਕਦੋਂ ਦਾ ਚੱਲ ਰਿਹਾ ਹੈ?” ਰੰਧਾਵੇ ਨੇ ਪੈਂਦੀ ਸੱਟੇ ਕਿਹਾ।
ਮੈਂ ਸਮਝ ਗਿਆ ਸਾਂ ਕਿ ਇਨ੍ਹਾਂ ਨੂੰ ਜੋਤੀ ਹੁੰਦਲ ਤੇ ਹਦਵਾਣਿਆਂ ਵਾਲੀ ਗੱਲ ਦਾ ਪਤਾ ਹੈ। ਮੈਂ ਕਿਹੜਾ ਦੋਸ਼ੀ ਸਾਂ, ਏਸ ਲਈ ਅੱਖਰ-ਅੱਖਰ ਸਾਰੀ ਗੱਲ ਸੱਚ ਦੱਸ ਦਿੱਤੀ। ਗੱਲ ਸੁਣ ਕੇ ਰੰਧਾਵਾ ਨਾਰਮਲ ਹੋਣ ਦੀ ਥਾਂ ਸਗੋਂ ਗਾਲ੍ਹਾਂ ਕੱਢਣ ਲੱਗ ਪਿਆ, “ਮਾਂ ਚੋæææਅਜੇ ਬੜਾ ਕੁਝ ਹੋਰ ਹੈਗੈ ਤੇਰੇ ਢਿੱਡ ‘ਚ। ਤੂੰ ਏਦਾਂ ਨਹੀਂ ਦੱਸਣਾ। ਤੈਨੂੰ ਮਾਲ ਮੰਡੀ ਵਿਖਾਉਣੀ ਹੀ ਪਊ।”
“ਤੂੰ ਐਸ਼ਪੀæ ਐਂ ਕਿæææਦਾ ਸਿਰਾ ਏਂ? ਤੈਨੂੰ ਕਿਹਨੇ ਤਫਤੀਸ਼ੀਆਂ ਬਣਾ’ਤਾ? ਜੇ ਤੈਨੂੰ ਹੁੰਦਲ ਦਾ ਤੇ ਹਦਵਾਣਿਆਂ ਦਾ ਸਾਰਾ ਹਾਲ ਪਤੈ, ਤਾਂ ਤੈਨੂੰ ਤੇਰੇ ਸੂਹੀਆਂ ਭੈਣ ਚੋæææ ਇਹ ਨਹੀਂ ਦੱਸਿਆ ਕਿ ਮੈਂ ਤੇ ਕਦੀ ਕਿਸੇ ਕੁੱਤੇ-ਬਿੱਲੇ ਦੇ ਡੰਡਾ ਨਹੀਂ ਮਾਰਿਆ। ਸਿਵਾਏ ਮਾਸਟਰੀ ਦੇ ਮੈਂ ਹੋਰ ਕੀ ਕੀਤੈ?”
ਗੁੱਸੇ ਵਿਚ ਮੈਥੋਂ ਕਿਹਾ ਗਿਆ। ਅਸਲ ਗੱਲ ਇਹ ਸੀ ਕਿ ਨੰਗੀਆਂ ਗਾਲ੍ਹਾਂ ਮੈਥੋਂ ਬਰਦਾਸ਼ਤ ਨਹੀਂ ਸਨ ਹੋ ਰਹੀਆਂ। ਮੇਰੀ ਏਨੀ ਸਪੱਸ਼ਟ ਸੁਣ ਕੇ ਰੰਧਾਵਾ ਤੇ ਉਸ ਦੇ ਸਾਥੀ ਮੈਨੂੰ ਲੱਤਾਂ ਨਾਲ ਕੁੱਟਣ ਲੱਗ ਪਏ। ਇਕ ਨੇ ਵੱਡੀ ਡਾਂਗ ਮਾਰ ਕੇ ਮੇਰੀ ਸੱਜੀ ਲੱਤ ਤੋੜ ਦਿੱਤੀ। ਮੈਂ ਦਰਦ ਨਾਲ ਲੂਹਰੀਆਂ ਲੈਂਦਾ ਡਿੱਗ ਪਿਆ। ਫੇਰ ਉਹ ਮੇਰੇ ਪੈਰਾਂ ‘ਤੇ ਮੁੱਠੇ ਪਾਸੇ ਡਾਂਗਾਂ ਮਾਰਨ ਲੱਗ ਪਏ। ਮੈਂ ਗਾਲ੍ਹਾਂ ਕੱਢਣ ਲੱਗ ਪਿਆ, ਪਰ ਅੱਧ ਕੁ ਮਿੰਟ ਪਿਛੋਂ ਮੇਰੀ ਸੁਰਤ ਜਵਾਬ ਦੇ ਗਈ। ਜਦੋਂ ਹੋਸ਼ ਆਈ ਮੈਂ ਉਥੇ ਹੀ ਲੰਮਾ ਪਿਆ ਹੋਇਆ ਸਾਂ। ਸ਼ਾਮ ਤੱਕ ਮੇਰੇ ਸਾਥੀ, ਸ਼ੁਭਚਿੰਤਕ ਅੱਪੜ ਗਏ ਸਨ। ਮੁਹੱਲੇ ਦੇ ਮੁਹਤਬਰ ਵੀ ਨਾਲ ਸਨ। ਰੰਧਾਵੇ ਨੇ ਮੇਰੇ ਸਕੂਲ ਦੇ ਪ੍ਰਧਾਨ ਨੂੰ ਵੱਖਰਾ ਕਰਕੇ ਕਿਹਾ, “ਲੈ ਜਾਉ, ਪਰ ਅਸੀਂ ਇਸ ਤੋਂ ਅਜੇ ਬੜਾ ਕੁਝ ਕਢਾਉਣਾ ਏਓ।”
ਪ੍ਰਧਾਨ ਨੇ ਡਾਕਟਰ ਤੋਂ ਦਵਾਈ ਦਵਾਣ ਤੇ ਘਰ ਪੁਚਾਣ ਤੱਕ ਹਰ ਕਦਮ ਤੇ ਮੇਰਾ ਸਾਥ ਦਿੱਤਾ। ਜਾਣ ਲੱਗੇ ਨੇ ਨਿੱਜੀ ਤੌਰ ‘ਤੇ ਮੈਨੂੰ ਪੈਸੇ ਵੀ ਦਿੱਤੇ। ਮੇਰੀ ਮਾਂ ਤੇ ਮੇਰੇ ਸ਼ਰੀਫ ਪਿਊ ਨੂੰ ਹੌਂਸਲਾ ਵੀ ਦਿੱਤਾ। ਨਿੱਕੇ ਭਰਾ ਨੂੰ ਵੀ ਢਾਰਸ ਬੰਨ੍ਹਾਈ। ਪਰ ਜਾਣ ਲੱਗਿਆਂ ਮੈਨੂੰ ਇਕੱਲਾ ਕਰਕੇ ਕਿਹਾ, “ਅੱਗੋਂ ਕੀ ਸੋਚਿਆ ਈ?”
“ਮੈਨੂੰ ਮਾਰ ਦਾ ਦੁੱਖ ਨਹੀਂ, ਭਾਵੇਂ ਮੇਰੀ ਲੱਤ ਫੇਰ ਤੋੜ ਲੈਣ। ਦੁੱਖ ਮੈਨੂੰ ਮੇਰੇ ਬੇਦੋਸ਼ੇ ਹੀ ਕੁਟੀਣ ਦਾ ਹੈ।” ਮੇਰੀਆਂ ਅੱਖਾਂ ਭਰ ਆਈਆਂ ਸਨ।
“ਕਾਕਾ! ਵਿਚਲੀ ਗੱਲ ਤੇ ਇਹ ਈ ਕਿ ਸਰਕਾਰੀ ਤੰਤਰ ਹੀ ਗੁਪਤ ਅਪ੍ਰੇਸ਼ਨ ਚਲਾ ਰਿਹੈ ਕਿ ਨੌਜੁਆਨੀ ਨੂੰ ਖਾੜਕੂ ਬਣਨ ਲਈ ਪ੍ਰੇਰੋ। ਉਸੇ ਨੀਤੀ ਤਹਿਤ ਹੀ ਤੈਨੂੰ ਵੀ ਮਾਰ ਪਈ ਏ। ਤੇ ਜਿਥੋਂ ਤੱਕ ਮੇਰੀ ਸਮਝ ਕਹਿੰਦੀ ਏ, ਤੂੰ ਟੱਬਰ ਸਣੇ ਕਿਤੇ ਕੁਝ ਸਮਾਂ ਅੱਗਾ-ਪਿੱਛਾ ਕਰ ਜਾ, ਨਹੀਂ ਤੈਨੂੰ ਅੰਬਰਸਰ ਦੀ ਪੁਲਿਸ ਨੇ ਟਿਕਣ ਨਹੀਂ ਦੇਣਾ। ਅੰਬਰਸਰ, ਗੁਰਦਾਸਪੁਰ ਦਾ ਹਰ ਮੁੰਡਾ ਇਸ ਚੱਕਰ ਵਿਚ ਲਿਆਉਣ ਲਈ ਤੇ ਮਾਰ ਸਾਰੀ ਪੁਲਿਸ, ਸਾਰੀਆਂ ਏਜੰਸੀਆਂ ਪੱਬਾਂ ਭਾਰ ਹੋਈਆਂ ਪਈਆਂ ਨੇ। ਤੂੰ ਜੇ ਇਥੇ ਹੀ ਰਹਿਓਂ ਤੇ ਮੇਰੀ ਜਾਚੇ ਲੰਮਾ ਸਮਾਂ ਨਹੀਂæææ। ਅੱਗੇ ਤੂੰ ਆਪਣਾ ਪੜ੍ਹਿਆ ਵਿਚਾਰ ਲੈ!”
ਪ੍ਰਧਾਨ ਨੇ ਇਸ਼ਾਰੇ ਨਾਲ ਗੱਲ ਨਿਬੇੜ ਦਿੱਤੀ। ਪ੍ਰਧਾਨ ਤੇ ਟੁਰ ਗਿਆ ਸੀ, ਪਰ ਅਸੀਂ ਕਿੱਥੇ ਜਾਂਦੇ?
ਕੁਝ ਸੁੱਝਦਾ ਨਹੀਂ ਸੀ। ਥੋੜ੍ਹੀ ਦੇਰ ਮਗਰੋਂ ਮੈਂ ਰਿਕਸ਼ੇ ‘ਤੇ ਆਉਣ-ਜਾਣ ਲੱਗ ਪਿਆ। ਘਰ ਵੀ ਸਭ ਨਾਰਮਲ ਮਹਿਸੂਸ ਕਰਨ ਲੱਗੇ। ਪਰ ਇਕ ਪਰਛਾਵਾਂ ਜਿਹਾ ਰਹਿ ਗਿਆ ਸੀ। ਅਚਾਨਕ ਇਕ ਦਿਨ ਅੰਮ੍ਰਿਤਸਰ ਦੇ ਸ਼ਿਵਾਲੇ ਮੰਦਰ ਬੰਬ ਫਟ ਗਿਆ। ਮੈਂ ਸਕੂਲ ਹੀ ਸਾਂ, ਪ੍ਰਧਾਨ ਹੁਰੀਂ ਅਚਨਚੇਤ ਸਕੂਲ ਆ ਗਏ ਤੇ ਮੈਨੂੰ ਕਹਿਣ ਲੱਗੇ ਕਿ ਅੱਜ ਰਾਤ ਘਰ ਨਾ ਰਹੀਂ। ਉਨ੍ਹਾਂ ਦਾ ਕਿਹਾ ਮੇਰੇ ਲਈ ਹੁਕਮ ਸੀ। ਉਸ ਰਾਤ ਮੈਂ ਆਪਣੇ ਸਾਥੀ ਮਾਸਟਰ ਨਾਲ ਉਹਦੇ ਪਿੰਡ ‘ਚੱਬੇ’ ਨੂੰ ਚਲਾ ਗਿਆ। ਘਰ ਸੁਨੇਹਾ ਭੇਜ ਦਿੱਤਾ ਕਿ ਕੱਲ੍ਹ ਆਵਾਂਗਾ। ਉਦੋਂ ਕੀ ਪਤਾ ਸੀ? ਅਗਲੇ ਦਿਨ ਸਵੇਰੇ ਸਕੂਲ ਪੁੱਜਿਆ ਤਾਂ ਪਤਾ ਲੱਗਾ ਕਿ ਮਾਂ ਨੂੰ ਪੁਲਿਸ ਲੈ ਗਈ ਸੀ। ਘਰ ਨਾ ਉਦੋਂ ਭਾਪੇ ਹੋਰੀਂ ਸਨ ਤੇ ਨਾ ਛੋਟਾ ਭਰਾ।
ਦੋਵੇਂ ਕੰਮ ‘ਤੇ ਸਨ। ਖਰਾਦਾਂ ਤੋਂ ਘਰ ਪਰਤੇ ਤਾਂ ਡਰੇ ਹੋਏ ਗਵਾਂਢੀਆਂ ਨੇ ਦੱਸਿਆ ਕਿ ਮਾਸਟਰ ਦੀ ਮਾਂ ਨੂੰ ਰੋਂਦੀ ਕੁਰਲਾਉਂਦੀ ਨੂੰ ਚਿੱਟ ਕੱਪੜੀਏ ਪੁਲਸੀਏ ਲੈ ਗਏ ਸਨ। ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਉਹ ਕਿਹੜੇ ਜ਼ਿਲ੍ਹੇ ਦੀ ਪੁਲਿਸ ਸੀ। ਘਾਬਰੇ ਹੋਏ ਅਸੀਂ ਤਿੰਨੇ ਪਿਉ-ਪੁੱਤਰ ਐਸ਼ਐਸ਼ ਪੀæ ‘ਮੀਨਾ’ ਕੋਲ ਪੇਸ਼ ਹੋ ਗਏ। ਉਹਨੇ ਫੇਰ ਸਾਨੂੰ ਰੰਧਾਵੇ ਕੋਲ ਹੀ ਪੇਸ਼ ਹੋਣ ਲਈ ਕਿਹਾ। ਰੰਧਾਵੇ ਕੋਲ ਜਦੋਂ ਅਸੀਂ ਫੇਰ ਗਏ ਤਾਂ ਉਹਨੇ ਸਾਨੂੰ ਤਿੰਨਾਂ ਨੂੰ ਉਥੇ ਹੀ ਰਾਮਬਾਗ ਥਾਣੇ ਦੀਆਂ ਗੁੰਮ ਕੋਠੜੀਆਂ ਵਿਚ ਬਿਠਾ ਦਿੱਤਾ। ਅਸੀਂ ਤਿੰਨੇ ਰਾਤ ਭਰ ਉਥੇ ਬੈਠੇ ਰਹੇ। ਨਾ ਸਾਡੇ ਕੋਲ ਮੰਜਾ, ਬਿਸਤਰਾ, ਨਾ ਢਿੱਡ ਵਿਚ ਅੰਨ ਦਾ ਦਾਣਾ! ਨਾ ਹੀ ਕਿਸੇ ਨੇ ਸਾਨੂੰ ਰੋਟੀ, ਮੰਜੇ ਤੇ ਹੋਰ ਕਿਸੇ ਚੀਜ਼ ਲਈ ਪੁੱਛਿਆ। ਸਾਡੇ ਨਾਲ ਹੋਰ ਵੀ ਕਿੰਨੇ ਹੀ ਘਸਮੈਲੇ ਤੇ ਦੁੱਖਾਂ ਮਾਰੇ ਜਾਪਦੇ ਪੇਂਡੂ ਚਿਹਰੇ ਬੈਠੇ ਸਨ। ਸਭ ਖਾਮੋਸ਼ ਸਨ। ਸਵੇਰੇ ਪੰਜ ਵਜੇ ਦੇ ਕਰੀਬ ਰੰਧਾਵਾ ਤੇ ਉਹਦੇ ਨਾਲ ਡੀæਆਈæਜੀæ ਸ਼ੁਕਲ ਆ ਗਏ। ਸ਼ੁਕਲ ਨੂੰ ਵੀ ਮੈਂ ਪਿਛਲੀ ਗ੍ਰਿਫ਼ਤਾਰੀ ਵੇਲੇ ਦਾ ਪਛਾਣਦਾ ਸਾਂ। ਉਨ੍ਹਾਂ ਦੇ ਆਉਂਦਿਆਂ ਹੀ ਸਾਨੂੰ ਫਾਲਨ ਕਰ ਲਿਆ ਗਿਆ ਤੇ ਅੰਦਰ ਤਫ਼ਤੀਸ਼ੀ ਕਮਰਿਆਂ ਵਿਚ ਧੱਕ ਦਿੱਤਾ। ਅੱਗੇ ਸ਼ੁਕਲ ਤੇ ਰੰਧਾਵਾ ਕੁਰਸੀਆਂ ‘ਤੇ ਬੈਠੇ ਸਨ ਤੇ ਉਨ੍ਹਾਂ ਦੇ ਬੁੱਚੜ ਸਿਪਾਹੀ ਕੋਲ ਤਿਆਰ-ਬਰਤਿਆਰ ਖੜ੍ਹੇ ਸਨ। ਨਵੇਂ ਬੰਦੇ ਦਾ ਸਾਹ ਸੁੱਕ ਸਕਦਾ ਸੀ, ਪਰ ਸਾਡਾ ਤਿੰਨਾਂ ਦਾ ਦੂਸਰੀ ਵਾਰ ਵਾਹ ਸੀ।
“ਜਨਾਬ, ਇਨ੍ਹਾਂ ਦੀ ਕੀ ਕਰਨੈ?” ਇੰਸਪੈਕਟਰ ਟੋਨੀ ਨੇ ਦੋਹਾਂ ਨੂੰ ਕਿਹਾ।
“ਸਫ਼ਾਰਸ਼ ਤੁਹਾਡੀ ਭੈਣ ਚੋæææ, ਪਹਿਲਾਂ ਅੱਪੜ ਜਾਂਦੀ ਏ! ਕੀ ਕਹੀਏ ਹੁਣ ਧਾਨੂੰ?” ਰੰਧਾਵਾ ਕਹਿਣ ਲੱਗਾ।
“ਇਹੀ ਨੇ ਪ੍ਰਧਾਨ ਮਨਚੰਦੇ ਦੇ ਬੰਦੇ?” ਸ਼ੁਕਲ, ਰੰਧਾਵੇ ਨੂੰ ਪੁੱਛਣ ਲੱਗਾ।
“ਜੀ ਜਨਾਬ! ਮਨਚੰਦੇ ਦੇ ਈ ਬੰਦੇ ਐ! ਉਹੀ ਲੌਂਗੋਆਲ ਗਰੁਪ ਵਾਲਾ।” ਰੰਧਾਵੇ ਨੇ ਕਿਹਾ।
“ਭੇਜੋ ਭੈਣ ਚੋæææਨੂੰ!” ਸ਼ੁਕਲ ਨੇ ਕਿਹਾ। ਫੇਰ ਉਹਦੇ ਮਨ ਵਿਚ ਪਤਾ ਨਹੀਂ ਕੀ ਵਲੇਲ ਆਈ ਕਿ ਬਿਨਾਂ ਕਾਰਨ ਦੰਦੀਆਂ ਕਰੀਚਦਾ ਉਠਿਆ ਤੇ ਮੇਰੇ ਪਿਉ ਦੀ ਦਾੜ੍ਹੀ ਫੜ੍ਹ ਕੇ ਖਿੱਚਣ ਲੱਗ ਪਿਆ। ਨਾਲ-ਨਾਲ ਪਾਗਲਾਂ ਵਾਂਗ ਕਹੀ ਜਾਏ, “ਕੁੱਤਿਆ! ਮੁੰਡਿਆਂ ਆਪਣਿਆਂ ਨੂੰ ਬੰਨ੍ਹ ਕੇ ਰੱਖ।”
“ਉਹਦੀ ਦੇਖਾ-ਦੇਖੀ ਰੰਧਾਵੇ ਨੇ ਵੀ ਦੋ-ਤਿੰਨ ਠੁੱਡ ਸਾਡੇ ਦੋਹਾਂ ਦੇ ਬੈਠਿਆਂ ਕੱਢ ਮਾਰੇ। ਕੁਛ ਦੇਰ ਤੇ ਮੈਂ ਬਰਦਾਸ਼ਤ ਕੀਤਾ। ਫੇਰ ਮੇਰੇ ਹੱਥ ਲੋਹੇ ਦੀ ਨਿੱਕੀ ਬਾਲਟੀ ਆ ਗਈ, ਜਿਹੜੀ ਸ਼ਾਇਦ ਫਰਸ਼ ਧੋਣ ਜਾਂ ਪਿਸ਼ਾਬ ਕਰਨ ਲਈ ਰੱਖੀ ਹੋਈ ਸੀ। ਮੈਂ ਚੁੱਕ ਕੇ ਸਿੱਧੀ ਰੰਧਾਵੇ ਦੀ ਪਿੱਠ ‘ਤੇ ਮਾਰੀ।
ਨਿੱਕਾ ਭਰਾ ਮੇਰੀ ਹੱਲਾਸ਼ੇਰੀ ਨਾਲ ਪਿਉ ਨੂੰ ਕੁੱਟਦੇ ਸ਼ੁਕਲੇ ਦੇ ਹੱਥੀਂ ਪੈ ਗਿਆ। ਬੱਸ ਫੇਰ ਸਾਰੇ ਬੁੱਚੜ ਸਾਨੂੰ ਪੈ ਗਏ ਤੇ ਬੇਹੋਸ਼ ਹੋਣ ਤੱਕ ਉਨ੍ਹਾਂ ਸਾਨੂੰ ਡਾਂਗਾਂ, ਠੁੱਡਿਆਂ ਤੇ ਪਟਿਆਂ ਨਾਲ ਕੁੱਟਿਆ। ਜਾਂਦਾ-ਜਾਂਦਾ ਸ਼ੁਕਲ ਕਹਿ ਗਿਆ, “ਹੋਸ਼ ਆਉਣ ‘ਤੇ ਮਾ ‘ਚੋæææਨੂੰ ਬਾਹਰ ਸੁੱਟ ਆਇਆ ਜੇ! ਤੇ ਨਾਲੇ æææਹੁਣ ਮਾਂ ਦੇ ਮੂੰਹ ਨੂੰ ਤਰਸਦੇ ਮਰ ਜਾਉਗੇ।”
ਉਹ ਦਿਨ ਤੇ ਆਹ ਦਿਨ! ਭਾਪਾ ਜੀ ਤੇ ਪੂਰੇ ਹੋ ਗਏ ਨੇ। ਅੱਜ ਤੇ ਉਨ੍ਹਾਂ ਦਾ ਚਿਹਰਾ ਵੀ ਮੇਰੀਆਂ ਅੱਖਾਂ ਵਿਚ ਧੁੰਦਲਾ ਗਿਆ ਹੈ! ਭਰਾ ਨੂੰ ਆਖ਼ਰੀ ਵਾਰ ਸ਼ਿੰਟੀ ਖਰਾਦੀਏ ਨੇ ਨਾਨਕਮੱਤੇ ਯੂæ ਪੀæ ਦੋ ਕੁ ਸਾਲ ਹੋਏ, ਵੇਖਿਆ ਸੀ। ਉਹ ਉਥੇ ਹੀ ਕਿਸੇ ਪਿੰਡ ਵਿਚ ਫੋਟੋਗ੍ਰਾਫੀ ਦੀ ਦੁਕਾਨ ਕਰਦਾ ਸੀ ਤੇ ਕਿਸੇ ਲੋੜਵੰਦ ਕੁੜੀ ਨਾਲ ਵੱਸ ਗਿਆ ਸੀ।
***
ਤੇ ਮਾਂ! ਮਾਂ ਦਾ ਚਿਹਰਾ ਏਨ੍ਹਾਂ ਦਸਾਂ ਸਾਲਾਂ ਵਿਚ ਵੀ ਧੁੰਦਲਾ ਨਹੀਂ ਪਿਆ। ਪਰ ਮਾਂ ਨੂੰ ਫੇਰ ਮੈਂ ਕਦੀ ਨਹੀਂ ਮਿਲ ਸਕਿਆ। ਅਸੀਂ ਤਿੰਨੇ ਸਹਿਕਦੇ ਰਹੇ, ਪਰ ਮਾਂ ਤੇ ਕਿਤੇ ਪੰਜ ਤੱਤਾਂ ਵਿਚ ਲੀਨ ਹੋ ਚੁੱਕੀ ਸੀ। ਕੈਂਟਰ ਦੇ ਇੰਜਣ ਦੀ ਘੁਰ-ਘੁਰ ਨੇ ਮੇਰੀ ਬਿਰਤੀ ਤੋੜ ਦਿੱਤੀ। ਸਾਲਾਂ ਪਿੱਛੇ ਗਿਆ ਮੈਂ ਵਾਪਸ ਪਰਤ ਆਇਆ ਸਾਂ। ਜੱਸੇ ਮਰੂਤੀ ਵਾਲਾ ਕੈਂਟਰ ਆ ਗਿਆ ਸੀ। ਮੈਂ ਫੱਟ ਟਨਸ਼ਨ ਹੋ ਕੇ ਖੜ੍ਹਾ ਹੋ ਗਿਆ। ਏਨੇ ਨੂੰ ਅਜੈਬਾ ਤੇ ਸ਼ਰਮਾ ਵੀ ਬਾਹਰ ਨਿਕਲਦੇ ਮੈਂ ਵੇਖ ਲਏ ਸਨ। ਮੇਰੇ ਕੋਲੋਂ ਲੰਘਦੇ ਹੋਏ ਇਹ ਬਿਨਾਂ ਮੈਨੂੰ ਵੇਖੇ ਕੈਂਟਰ ਵੱਲ ਵਧ ਗਏ ਸਨ। ਉਨ੍ਹਾਂ ਦੀ ਨਜ਼ਰ ਵਿਚ ਕੀ ਮੈਂ ਤੇ ਕੀ ਕੋਈ ਹੋਰ ਆਦਮ-ਜਾਇਆ ਸਭ ਕੀੜੇ ਹੀ ਸਨ। ਏਨਾ ਚਿਰ ਇਨ੍ਹਾਂ ਬੁੱਚੜਾਂ ਵਿਚ ਰਹਿ-ਰਹਿ ਕੇ ਮੈਨੂੰ ਪੱਕਾ ਹੋ ਗਿਆ ਸੀ ਕਿ ਰੱਬ ਨੇ ਇਨ੍ਹਾਂ ਦੇ ਦਿਲ-ਦਿਮਾਗ ਵਿਚ ਭਾਵਨਾਵਾਂ ਵਾਲੀ ਥਾਂ ਸ਼ਾਇਦ ਜੰਗਾਲਿਆ ਲੋਹਾ ਭਰ ਦਿੱਤਾ ਹੈ। ਮੈਂ ਅਬੋਲ ਖੜ੍ਹਾ ਰਿਹਾ ਸਾਂ। ਚੰਨਾ, ਫਕੀਰੀਆ ਤੇ ਸ਼ਿੰਦਾ ‘ਸ਼ਪਾਹੀ’ ਵੀ ਕੈਂਟਰ ਕੋਲ ਜਾ ਖੜ੍ਹੇ ਸਨ।
“ਉਏ ਤੂੰ? ਕੀ ਨਾਂ ਤੇਰਾ? ਏਧਰ ਆ ਜਾ ਭੈਣ ਦੇਣਿਆ। ਮੁੰਡਿਆਂ ਨਾਲ ਲਗ ਜਾਹ ਤੇ ਏਸ ਮੁਰਦਾਰ ਨੂੰ ਪਰ੍ਹਾਂ ਆਪਣੇ ਆਲੀ ਕੋਠੜੀ ‘ਚ ਲੈ ਜਾਹ! ਕਲ੍ਹ ਨੂੰ ਕਰਾਂਗੇ ਇਹਦਾ ਕੰਮæææ।” ਅਜੈਬੇ ਨੂੰ ਮੈਂ ਹੁਣ ਦਿਖ ਪਿਆ ਸਾਂ। ਆਪਣੇ ਚਿਹਰੇ ਉਪਰ ਬਿਨਾਂ ਕੋਈ ਪ੍ਰਭਾਵ ਲਈ ਮੈਂ ਕਿਸੇ ਸਾਧੇ ਹੋਏ ਜਾਨਵਰ ਵਾਂਗ ਸਿੱਧਾ ਕੈਂਟਰ ਕੋਲ ਤੀਰ ਵਾਂਗ ਗਿਆ ਤੇ ਲਾਸ਼ ਜਿਹੀ ਨੂੰ, ਜੀਹਨੂੰ ਅਸੀਂ ਕਦੀ ‘ਜੱਸਾ ਮਰੂਤੀ’ ਕਿਹਾ ਕਰਦੇ ਸਾਂ, ਪੁਲਸੀਆਂ ਨਾਲ ਹੱਥ ਪਵਾ ਕੇ ਕੈਂਟਰ ਵਿਚੋਂ ਲਾਹੁਣ ਲਗ ਪਿਆ ਸਾਂ।

ਪਰ ਜੱਸਾ ਮਰੂਤੀ! ਜੱਸਾ ਕਿੱਥੇ ਸੀ? ਇਹ ਤੇ ਕੋਈ ਲੋਥ ਜਿਹੀ ਸੀ। ਮੈਂ ਆਪਣੇ ਆਪ ਨੂੰ ਕਦੀ ਕਦੀ ਬਾਥਰੂਮ ਦੇ ਸ਼ੀਸ਼ੇ ਵਿਚ ਵੇਖ ਕੇ ਝੂਰਦਾ ਸਾਂ, ਪਰ ਜੱਸੇ ਨੂੰ ਵੇਖ ਕੇ ਤੇ ਮੈਂ ਬਸ ਝੂਣਿਆ ਹੀ ਗਿਆ ਸਾਂ। ਸੱਜੀ ਅੱਖ ਜਿਹੜੀ ਕਾਲੀ ਹੋਈ ਪਈ ਸੀ, ਬੰਦ ਸੀ। ਤੇ ਅੱਖ ਦੇ ਨਾਲ ਵਾਲਾ ਮੱਥੇ ਦਾ ਹਿੱਸਾ ਟੁੱਟ ਕੇ ਅੰਦਰ ਵੜ੍ਹਿਆ ਪਿਆ ਸੀ। ਐਨ ਜਿਵੇਂ ਮਤੀਰਾ ਪੂਰਾ ਤਿਆਰ ਹੋਵੇ ਤੇ ਕਿਸੇ ਨੇ ਫੇਂਹ ਦਿੱਤਾ ਹੋਵੇ। ਕਪੜਿਆਂ ਤੇ ਪੈਰਾਂ ‘ਤੇ ਖੂਨ ਦੇ ਨਿਸ਼ਾਨ। ਤੇ ਉਹਨੂੰ ਹੱਥ ਪਵਾਂਦਿਆਂ ਮੇਰਾ ਧਿਆਨ ਜੱਸੇ ਦੀਆਂ ਬਾਹਵਾਂ ਵਲ ਚਲਾ ਗਿਆ ਸੀ। “ਹੱਥ ਕਿਥੇ ਐ ਸੱਜਾ ਇਹਦਾ?” ਮੈਂ ਸੁੰਨ ਜਿਹਾ ਹੋ ਕੇ ਜੱਸੇ ਦੇ ਸੱਜੇ ਹੱਥ ਨੂੰ ਲੱਭ ਰਿਹਾ ਸਾਂ। ਤੇ ਹੱਥ ਦੀ ਥਾਂ ਇਕ ਸੁੱਕੇ ਲਹੂ ਵਾਲੀ ਪੱਟੀ ਵਾਲਾ ਟੁੰਡ ਜਿਹਾ ਮੇਰਾ ਮੂੰਹ ਚਿੜਾ ਰਿਹਾ ਸੀ।
“ਇਹਨੂੰ ਮਾਸਟਰ ਆਲੇ ਕਮਰੇ ਵਿਚ ਪਾ ਦਿਉ। ਕਿਉਂ ਉਏ, ਕੰਬਲ ਹੈਗੇ ਈ ਨਾ ਲੋੜ ਜੋਗੇ?” ਸ਼ਰਮੇ ਨੇ ਕਿਹਾ।
“ਹਾਂ ਜੀ, ਹਾਂ ਜੀ!” ਮੈਂ ਮਸ਼ੀਨ ਵਾਂਗ ਜਵਾਬ ਦਿੱਤਾ। ਸਣੇ ਤਿੰਨ ਸਿਪਾਹੀਆਂ ਦੀ ਮਦਦ ਦੇ ਅਸੀਂ ਜੱਸੇ ਨੂੰ ਮੇਰੇ ਕਮਰੇ ਵਿਚ ਜਾ ਲਿਟਾਇਆ। ਇੰਨੀ ਮੰਦੀ ਹਾਲਤ ਦੇ ਬਾਵਜੂਦ ਜੱਸੇ ਨੂੰ ਸੁਰਤ ਪੂਰੀ ਸੀ। ਵਿਚ ਵਿਚ ਉਹਨੇ ਨਿੱਕੀ ਮੋਟੀ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ। ਸਿਪਾਹੀ ਉਹਨੂੰ ਲਿਟਾ ਕੇ ਚਲੇ ਗਏ। ਮੈਂ ਉਹਦੇ ਕੋਲ ਹੀ ਜ਼ਮੀਨ ‘ਤੇ ਬਹਿ ਗਿਆ। ਮੇਰੇ ਭੋਂ-ਬਿਸਤਰੇ ਉਪਰ ਉਹ ਲੇਟਿਆ ਹੋਇਆ ਸੀ। ਕੁਛ ਦੇਰ ਮੈਂ ਬੈਠਾ ਰਿਹਾ। ਫੇਰ ਮੈਂ ਨੋਟ ਕੀਤਾ ਕਿ ਉਹ ਬੜੀ ਸਿਆਣੀ ਅੱਖ ਨਾਲ ਮੈਨੂੰ ਵੇਖ ਰਿਹਾ ਹੈ। ਉਹ ਮੈਨੂੰ ਪਛਾਣ ਗਿਆ ਸੀ ਤੇ ਕੁਛ ਕਹਿਣਾ ਲੋਚਦਾ ਸੀ।
“ਮੈਂ ਆ ਜੱਸਿਆ, ਮਾਸਟਰ। ਤੇਰਾ ਪੁਰਾਣਾ ਬੇਲੀ, ਮਾਸਟਰ ਕਰਮ, ਪਛਾਣਿਆ?” ਮੈਂ ਗੱਲਬਾਤ ਤੋਰਨ ਲਈ ਕਿਹਾ।
“ਪਛਾਣ ਦੀ ਤੇ ਗੱਲ ਈ ਛੱਡ। ਮੈਨੂੰ ਜਦੋਂ ਸ਼ਿੰਦੇ ਸਿਪਾਹੀ ਕੋਲੋਂ ਤੇਰੇ ਇਥੇ ਹੋਣ ਦਾ ਪਤਾ ਲੱਗਾ, ਮੈਂ ਆਪ ਮੰਗ ਕੇ ਤੇਰਾ ਸਾਥ ਲਿਐ। ਮੇਰੀਆਂ ਖਣੀ ਇਕ ਕਿ ਦੋ ਰਾਤਾਂ ਬਚੀਆਂ ਨੇ। ਮੈਂ ਕਈ ਦਿਨਾਂ ਦਾ ਸ਼ਰਮੇ ਐਸ਼ਪੀæ ਨੂੰ ਬੇਨਤੀ ਕਰਨ ਡਿਹਾਂ ਪਈ ਮੇਰੀ ਆਖਰੀ ਘੜੀ ਮਾਸਟਰ ਕੋਲ ਲੰਘਾ ਦਿਆ ਜੇ! ਬੜੀ ਮੁਸ਼ਕਲ ਉਹਦੇ ਮਨ ਮਿਹਰ ਪਈ ਏ। ਮਨ-ਮਿਹਰ ਵੀ ਕਿੱਥੇ? ਮੈਂ ਤੇਰੇ ਸਾਥ ਖ਼ਾਤਰ ਜੀਤ ਸਪਰਿੰਗਾਂ ਆਲੇ ਦੇ ਚੁਬਾਰੇ ਦੀ ਦੱਸ ਪਾਈ ਏ! ਉਥੇ ਮੇਰਾ ਨਗਦ ਦੋ ਲੱਖ ਪਿਆ ਏ ਸਾਲ ਕੁ ਪੁਰਾਣਾ। ਚੁਬਾਰੇ ‘ਤੇ ਜਿੰਦਰਾ ਮੇਰਾ ਈ ਏ, ਭਾਅ ਵੱਡਿਆ। ਦੋ ਲੱਖ ਦੀ ਪਈ ਏ ਤੇਰੀ ਇਹ ਪਹਿਲੀ ਮੁਲਾਕਾਤ ਮੈਨੂੰ।” ਜੱਸਾ ਬੜੀ ਚੜ੍ਹਦੀ ਕਲਾ ਵਾਲੀ ਆਵਾਜ਼ ‘ਚ ਬੋਲ ਰਿਹਾ ਸੀ।
ਪਹਿਲੇ ਮੈਨੂੰ ਯਕੀਨ ਨਾ ਆਵੇ ਕਿ ਇੰਨੇ ਹਿੱਲੇ ਅੰਜਰ-ਪੰਜਰ ਨਾਲ ਵੀ ਕੋਈ ਏਨੀ ਬੁਲੰਦ ਆਵਾਜ਼ ਵਿਚ ਬੋਲ ਸਕਦੈ? ਫੇਰ ਆਪੇ ਹੀ ਮੈਨੂੰ ਬਘੇਲੇ ਦਾ ਚੇਤਾ ਆਇਆ। ਬਘੇਲੇ ਦਾ ਅੰਗ-ਅੰਗ ਗਿੱਲ ਨੇ ਕੋਲ ਖੜੋ ਕੇ ਤੁੜਵਾਇਆ ਸੀ, ਪਰ ਮੌਤ ਦੀ ਆਖ਼ਰੀ ਘੜੀ ਤੱਕ ਉਹਦੀ ਆਵਾਜ਼ ਦਾ ਗੜ੍ਹਕਾ ਕਾਇਮ ਰਿਹਾ।
“ਭਾਅ! ਤੂੰ ਇਹ ਕੀ ਹਾਲਤ ਕਰਵਾ ਲਈ ਊ? ਚੰਗਾ ਭਲਾ ਟਿਕਾਣੇ ‘ਤੇ ਸੈਂ! ਸਬ ਇੰਸਪੈਕਟਰ ਤੇ ਉਹ ਵੀ ਪੰਜਾਬ ਪੁਲਿਸ ਵਿਚ। ਤੈਨੂੰ ਕੀ ਲੋੜ ਪਈ ਸੀ ਭਲਾ ਆਪਣਾ ਪਾਗਲਪਣ ਏਥੇ ਵਖੌਣ ਦੀ? ਅੱਗੇ ਤੂੰ ਚੁਰਾਸੀ ਵਿਚ ਤੇ ਚੁਰਾਸੀ ਤੋਂ ਮਗਰੋਂ ਥੋੜ੍ਹਾ ਵਖਾਲਿਐ ਆਪਣਾ ਪਾਗਲਪਣ? ਹੋਰ ਕੀ ਕਸਰ ਸੀ ਭਲਾ?” ਮੈਂ ਦੁਖੀ ਮਨ ਨਾਲ ਇੰਨਾ ਹੀ ਕਹਿ ਸਕਿਆ।
“ਵੱਡਿਆ!” ਲੰਮੀ ਚੁੱਪ ਦੇ ਮਗਰੋਂ ਉਹ ਬੋਲਿਆ।
“ਹੂੰ?” ਮੈਂ ਪ੍ਰਸ਼ਨ ਚਿੰਨ੍ਹ ਬਣਿਆ ਬੈਠਾ ਸਾਂ।
“ਏਹ ਲੰਮੀ ਰਾਮ ਕਹਾਣੀ ਊ। ਜੇ ਕਿਤੇ ਕੁਦਰਤ ਨੇ ਇਕ ਅੱਧੀ ਰਾਤ ਉਮਰ ਲਮਕਾਈ ਏ, ਤਾਂ ਮੈਂ ਕੁਛ ਨਾ ਕੁਛ ਤੈਨੂੰ ਦੱਸ ਕੇ ਮਰਾਂਗਾ। ਪਰ ਮੈਂ ਤੈਨੂੰ ਇਕ ਕੰਮ ਕਹਿਣਾ ਈ, ਤੇ ਨਾਂਹ ਨਾ ਕਰੀਂ। ਮੈਂ ਏਸੇ ਕੰਮ ਲਈ ਤੇਰੇ ਕੋਲ ਆਇਆਂ। ਰੁਪਈਆ ਦੋ ਲੱਖ ਕੀ, ਮੈਂ ਹੋਰ ਵੀ ਸਾਰਾ ਕੁਛ ਦੇ ਦੇਣਾ ਸੀ ਸ਼ਰਮੇ ਨੂੰ। ਤੈਨੂੰ ਵੀ ਮੈਂ ਜਾਂਦਾ ਜਾਂਦਾ ਬੜਾ ਕੁਛ ਦੇ ਜਾਊਂ। ਪਰ ਮੇਰੀ ਹਾਅ ਬੇਨਤੀ ਮੰਨ ਲਈਂ, ਜਿਹੜੀ ਮੈਂ ਹੁਣ ਕਰਾਂਗਾ।” ਉਹ ਜਿਵੇਂ ਬੁਝਾਰਤ ਬਣਿਆ ਖੜ੍ਹਾ ਸੀ।
“ਪੈਹੇ ਮੈਂ ਹੁਣ ਢੂਏ ‘ਚ ਲੈਣੇ ਆ ਜੱਸਿਆ। ਤੂੰ ਦੱਸ ਭਾਅ! ਮੈਂ ਅੱਗ ਲੌਣੀ ਆਂ ਨੋਟਾਂ ਨੂੰ। ਕਾਗਜ਼ਾਂ ‘ਚ ਮੈਂ ਮੋਇਆ ਪਿਆਂ। ਬਾਹਰ ਵੀ ਨਾ ਮੇਰੀ ਰੰਨ, ਨਾ ਕੰਨ, ਨਾ ਮਾਂ ਨਾ ਪਿਉ। ਭਰਾ ਪਤਾ ਨਹੀਂ ਹੈ ਵੀ ਕਿ ਨਹੀਂ। ਉਹ ਵੀ ਮੋਇਆਂ ਬਰਾਬਰ। ਤੂੰ ਅਪਣੀ ਦੱਸ।” ਮੈਂ ਜਿਵੇਂ ਜ਼ਿੰਦਗੀ ਦੇ ਅਕੇਵੇਂ ਵਿਚੋਂ ਬੋਲ ਪਿਆ।
“ਹਾਂ! ਏਹ ਤੇ ਵੱਡਿਆ, ਤੂੰ ਠੀਕ ਆਹਨਾਂ ਇਆ, ਹਾਅ ਹਾ!” ਉਹ ਜਿਵੇਂ ਲੰਮੀ ਪੀੜ ਭਰੀ ਆਵਾਜ਼ ਵਿਚ ਬੋਲਿਆ।
ਫੇਰ ਸਾਡੇ ਦੋਹਾਂ ਵਿਚ ਲੰਮੀ ਚੁੱਪ ਛਾ ਗਈ। ਅਸੀਂ ਦੋਹੇਂ ਹੀ ਸੋਚੀਂ ਪੈ ਗਏ ਸਾਂ। ਮਾਂ ਮੇਰੀ ਪੁਲਿਸ ਨੇ ਮਾਰ ਦਿੱਤੀ ਸੀ ਕਿ ਜਿਉਂਦੀ ਸੀ, ਅਸੀਂ ਇਸੇ ਸ਼ਸ਼ੋਪੰਜ ਵਿਚ ਪਏ ਤਿੰਨੇ ਰੁਲ ਗਏ ਸਾਂ। ਪਿਉ ਮੇਰਾ ਤੇ ਮੰਜੇ ‘ਤੇ ਪੈ ਗਿਆ। ਮੈਂ ਤੇ ਛੋਟਾ ਕਦੀ ਰੋਟੀਆਂ ਲਾਹੁੰਦੇ, ਕਦੀ ਡਾਕਟਰਾਂ ਵੱਲ ਭੱਜਦੇ, ਕਦੀ ਨੌਕਰੀਆਂ ਵੱਲ ਭੱਜਦੇ। ਹਾਰ ਕੇ ਮਾਈ ਰੱਖ ਲਈ। ਪਰ ਪਿਉ ਮੇਰੇ ਲਈ ਇਹ ਵਿਛੋੜਾ ਅਸਹਿ ਸੀ। ਕੁਛ ਦੇਰ ਬਾਅਦ ਮੈਨੂੰ ਜਿਵੇਂ ਦੀ ਖਬਰ ਮਿਲੀ, ਉਹ ਠੀਕ ਨਹੀਂ ਸੀ। ਸ਼ਰਮੇ ਨੇ ਮੇਰੀ ਮਾਂ ਮਾਰ ਦਿੱਤੀ ਸੀ। ਦਿਲ ‘ਤੇ ਅਜੇ ਤੱਕ ਅੰਦਰੋਂ ਨਹੀਂ ਮੰਨਦਾ, ਪਰ ਸੱਚਾਈ ਤੋਂ ਮੁਨਕਰ ਵੀ ਨਹੀਂ ਹੋਇਆ ਜਾਂਦਾ। ਉਦੋਂ ਹੀ ਪੁਲਿਸ ਵਾਰ-ਵਾਰ ਮੈਨੂੰ ਤੇ ਛੋਟੇ ਭਰਾ ਨੂੰ ਤੰਗ ਕਰਨ ਲੱਗ ਪਈ ਸੀ। ਕਦੀ ਆਟਾ ਮੰਡੀ, ਕਦੇ ਸੱਟੇ ਬਾਜ਼ਾਰ ‘ਚ ਤੇ ਕਦੀ ਮੰਦਰਾਂ ਦੇ ਬਾਹਰ ਜਦ ਬੰਬ ਧਮਾਕਾ ਹੋਣਾ, ਮੈਨੂੰ ਜਾਂ ਭਰਾ ਨੂੰ ਇਕ ਅੱਧੀ ਰਾਤ ਥਾਣੇ ਬਠਾ ਲੈਣਾ। ਹਾਰ ਕੇ ਛੋਟੇ ਨੂੰ ਅਸੀਂ ਯੂæਪੀæ ਰਿਸ਼ਤੇਦਾਰਾਂ ਕੋਲ ਭੇਜ ਦਿੱਤਾ। ਉਥੇ ਸਾਡੀ ਤਖਾਣਾ ਬਰਾਦਰੀ ਬਥੇਰੀ ਸੀ। ਮਾਂ ਦੀ ਖ਼ਬਰ ਮਿਲਣ ਤੋਂ ਮਹੀਨੇ ਤੱਕ ਮੈਂ ਦੁਬਿਧਾ ਵਿਚ ਰਿਹਾ ਫੇਰ ਦਿਲ ਕਰੜਾ ਕਰਕੇ ਅਸਤੀਫਾ ਭੇਜ ਦਿੱਤਾ ਤੇ ਜੋਤੀ ਹੁੰਦਲ ਦੀ ਸਿਫਾਰਸ਼ ‘ਤੇ ਸੰਤਾਂ ਦੇ ਟਹਿਲੂਆਂ ਵਿਚ ਸ਼ਾਮਲ ਹੋ ਗਿਆ। ਬੇਨਤੀ ਮੇਰੀ ਇਕੋ ਸੀ ਕਿ ਮੈਨੂੰ ਐਸ਼ਪੀæ ਸ਼ਰਮੇ ਨੂੰ ਮਾਰਨ ਲਈ ਹਥਿਆਰ ਦਿੱਤਾ ਜਾਵੇ। ਪਰ ਜੋਤੀ ਹੁੰਦਲ ਨੇ ਇਹ ਦੱਸ ਕੇ ਮੈਨੂੰ ਠਾਕ ਦਿੱਤਾ ਕਿ ਹਥਿਆਰਾਂ ਦੀ ਤੰਗੀ ਹੈ, ਅੱਗੇ ਹੀ ਲਾਲੇ ਨੂੰ ਮਾਰਨ ਲਈ ਬਾਬਾ ਰੋਡੇ ਨੂੰ ਸੰਤਾਂ ਨੇ ਆਪਣਾ ਨਿੱਜੀ ਹਥਿਆਰ ਸੇਵਾ ਵਿਚ ਪਾ ਦਿੱਤਾ ਸੀ। ਮੈਂ ਉਥੇ ਇਕ ਸੇਵਕ ਵਜੋਂ ਦਿਨ ਕੱਟ ਰਿਹਾ ਸੀ। ਮੇਰੇ ਹਰਿਮੰਦਰ ਸਾਹਿਬ ਅੱਪੜ ਜਾਣ ‘ਤੇ ਸੰਤਾਂ ਦੇ ਟਹਿਲੂਏ ਬਣਨ ਦੀ ਖਬਰ ਅੱਗ ਵਾਂਗ ਫੈਲੀ ਸੀ, ਉਹੀ ਪੁਲਿਸ ਹੁਣ ਮੇਰੇ ਘਰ ਵੱਲ ਮੂੰਹ ਨਹੀਂ ਸੀ ਕਰਦੀ। ਮੇਰੇ ਭਾਪਾ ਜੀ ਆਰਾਮ ਨਾਲ ਰਹਿੰਦੇ ਪਏ ਸਨ। ਕੰਮ ਕਾਰ ‘ਤੇ ਉਹ ਜਾਂਦੇ ਸਨ, ਪਰ ਹੁਣ ਮਸਾਂ ਆਪਣੇ ਖਰਚ ਜੋਗਾ ਕੰਮ ਕਰਦੇ ਸਨ।
ਉਥੇ ਹੀ ਪਹਿਲੀ ਵਾਰੀ ਮੈਨੂੰ ਇਹ ‘ਜੱਸਾ ਮਰੂਤੀ’ ਮਿਲਿਆ ਸੀ। ਉਹ ਪੁਤਲੀ ਘਰ ਵਾਲੇ ਖਾੜਕੂ ਪੀæਟੀæ ਦਾ ਪੁਰਾਣਾ ਸੰਗੀ ਸੀ। ਖ਼ਾਲਸਾ ਕਾਲਜ, ਅੰਮ੍ਰਿਤਸਰ ਦੇ ਨਾਲ ਦੀਆਂ ਗਲੀਆਂ ਵਿਚ ਉਹਦਾ ਪੁਰਾਣਾ ਘਰ ਸੀ। ਪਿਛੋਂ ਪਿਉ ਉਹਦਾ ਯੂਨੀਵਰਸਿਟੀ ਦੇ ਮਗਰਲੇ ਰਾਹ ‘ਤੇ ਪੈਂਦੇ ਘਣਪੁਰ ਦਾ ਸੀ। ਗਰੀਬ ਜੱਟ ਭਲੇ ਵੇਲੇ ਪਿੰਡੋਂ ਉਠ ਕੇ ਖਾਲਸਾ ਕਾਲਜ ਦੇ ਨਾਲ ਵੱਸੇ ਗੁਰੂ ਨਾਨਕ ਵਾੜੇ ਆ ਵਸਿਆ ਸੀ। ਜੱਸਾ ਉਹਦੀ ਇਕੋ-ਇਕ ਵੱਡੀ ਉਮਰੇ ਹੋਈ ਔਲਾਦ ਸੀ। ਜਮਾਂਦਰੂ ਹੀ ਵਹਿਸ਼ੀ ਸੁਭਾ ਦਾ ਹੋਣ ਕਰਕੇ ਉਹਦੀ ਬਹਿਣੀ ਬਲੈਕੀਏ ਜਾਂ ਮਾਰਖੋਰੇ ਭਾਊਆਂ ਨਾਲ ਹੋ ਗਈ ਸੀ। ਉਥੋਂ ਹੀ ਉਹਦੀ ਪੀæਟੀæ ਨਾਲ ਯਾਰੀ ਪੈ ਗਈ ਸੀ। ਪੀæਟੀæ ਅੰਦਰ ਵੀ ਅਜਿਹੇ ਹੀ ਜਜ਼ਬੇ ਸਨ। ਦੋਹੇ ਅੰਤ ਨੂੰ ਸੰਤਾਂ ਦੀ ਸ਼ਰਨ ਜਾ ਪਏ ਸਨ। ਪੀæਟੀæ ਦੀਆਂ ਹਰਕਤਾਂ ਤੋਂ ਤੰਗ ਆ ਕੇ ਸੰਤਾਂ ਨੇ ਬਾਬੇ ਬਾਰਾ ਸਿੰਘ ਕੋਲੋਂ ਉਹਦੀਆਂ ਲੱਤਾਂ ਤੁੜਵਾ ਕੇ ਲੰਗਰ ਹਾਲ ਦੀ ਛੱਤ ‘ਤੇ ਮਹੀਨੇ ਕੁ ਲਈ ਲੰਮਾ ਪਾ ਛੱਡਿਆ ਸੀ। ਉਦੋਂ ਤੇ ਜੱਸਾ ਝੂਠ ਮਾਰ ਕੇ ਸੰਤਾਂ ਕੋਲੋਂ ਬਚ ਗਿਆ ਸੀ, ਪਰ ਬਾਬੇ ਮਾਨੋਚਾਹਲ ਨੂੰ ਜੱਸਾ ਪਸੰਦ ਨਹੀਂ ਸੀ। ਉਹਨੇ ਤੇ ਬਾਬੇ ਬਾਰੇ ਨੇ ਕਈ ਵਾਰ ਸੰਤਾਂ ਨੂੰ ਉਹਦਾ ਸੋਧਾ ਲਾਉਣ ਲਈ ਕਿਹਾ, ਪਰ ਏਦੂੰ ਪਹਿਲਾਂ ਕਿ ਉਹਦਾ ਕੰਮ ਹੁੰਦਾ, ਉਹ ਭੱਜ ਕੇ ਗੁਰੂ ਨਾਨਕ ਨਿਵਾਸ ਜਾ ਵੜਿਆ।  ਉਦੋਂ ਹੀ ਕਿਧਰੇ ਅਪ੍ਰੇਸ਼ਨ ਬਲੂ ਸਟਾਰ ਦੀ ਸ਼ੁਰੂਆਤ ਹੋਈ। ਜੱਸਾ ਬੱਬਰਾਂ ਕੋਲੋਂ ਤੇ ਗੁਰਚਰਨ ਲੰਮੇ ਕੋਲੋਂ ਜਿਹੜਾ ਸੰਤ ਲੌਂਗੋਵਾਲ ਦਾ ਟਹਿਲੂਆ ਸੀ, ਸੂਚਨਾ ਲੈ ਕੇ ਬਲੂ ਸਟਾਰ ਤੋਂ ਪੰਜ ਕੁ ਦਿਨ ਪਹਿਲਾਂ ਹੀ ਬਾਗ ਵਾਲੀ ਗਲੀ ਵਿਚ ਪਾੜ ਪਾ ਕੇ ਚੌਂਕ ਪ੍ਰਾਗਦਾਸ ਕੋਲੋਂ ਤਰਨਤਾਰਨ ਵੱਲ ਨੂੰ ਨਿਕਲ ਗਿਆ ਸੀ। ਪੀæਟੀæ ਤੇ ਉਹਦੇ ਸਾਥੀ ਅੰਦਰ ਪਰਿਕਰਮਾ ਵਿਚ ਤੇ ਬਾਬੇ ਸ਼੍ਰੀ ਚੰਦ ਦੇ ਉਦਾਸੀਨ ਅਖਾੜੇ ਵਿਚ ਫੌਜ ਨਾਲ ਮੁਕਾਬਲਾ ਕਰਦੇ ਮਾਰੇ ਗਏ ਸਨ। ਮੈਂ ਉਨ੍ਹੀਂ ਦਿਨੀਂ ਆਪ ਵੀ ਪਰਿਕਰਮਾ ਤੋਂ ਬਾਹਰ ਸਾਂ। ਮੇਰੀ ਡਿਊਟੀ ਸਿੰਘਾਂ ਨੇ ਜੋਤੀ ਹੁੰਦਲ ਨੂੰ ਮਾਰਨ ‘ਤੇ ਲਾਈ ਸੀ, ਪਰ ਮੈਂ ਨਾਂਹ ਕਰ ਗਿਆ ਸਾਂ। ਫਿਰ ਉਹਨੂੰ ਇੰਦਰ ਵਹਿਸ਼ੀ, ਜੱਸੇ ਤੇ ਪੀæਟੀæ ਨੇ ਮਾਰਿਆ ਸੀ। ਸਿੰਘਾਂ ਨੇ ਮੇਰੀ ਇੱਕੋ ਇਕ ਤਮੰਨਾ, ਐਸ਼ਪੀæ ਸ਼ਰਮੇ ਦੀ ਜਾਨ ਲੈਣ ਦੀ ਭਾਵਨਾ ਨੂੰ ਸਮਝ ਲਿਆ ਤੇ ਮੈਨੂੰ ਪੱਟੀ ਦੇ ਇਲਾਕੇ ਵਿਚ ਭੇਜ ਦਿੱਤਾ। ਸ਼ਰਮਾ ਵੀ ਉਦੋਂ ਤਰਨਤਾਰਨ ਵੱਲ ਕੰਮ ਕਰ ਰਿਹਾ ਸੀ।
“ਕੀ ਸੋਚਦੈਂ ਵੱਡਿਆ?” ਲੰਮੇ ਪਏ ਜੱਸੇ ਨੇ ਅਚਾਨਕ ਮੈਨੂੰ ਪੁਛ ਲਿਆ।
“ਕੁਛ ਨਹੀਂ। ਬਸ ਪੁਰਾਣੇ ਦਿਨ ਯਾਦ ਆ ਗਏ।” ਮੈਂ ਕਿਹਾ।
“ਯਾਦ ਈ ਭਾਊ। ਮੈਂ ਪਹਿਲੀ ਵਾਰ ਤੈਨੂੰ ਬੀæ ਐਡæ ਖ਼ਾਲਸਾ ਕਾਲਜ ਦੇ ਸਮਾਗਮ ‘ਤੇ ਵੇਖਿਆ ਸੀ। ਤੂੰ ਇਕ ਤੇ ਮੁਕੇਸ਼ ਦਾ ਗਾਣਾ ਗਾਇਆ ਸੀ। ਨਾਲੇ ਤੁਹਾਡੀ ਕਲਾਸ ਨੇ ਕੱਵਾਲੀ ਪੇਸ਼ ਕੀਤੀ ਸੀ।”
ਮੇਰੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ। ਮੇਰੇ ਚਿਹਰੇ ‘ਤੇ ਮੁਸਕੁਰਾਹਟ ਆ ਗਈ।
“ਤੂੰ ਕਿਵੇਂ ਉਥੇ ਸੀ?” ਮੈਂ ਕਿਹਾ।
“ਅਸੀਂ ਭਾਅ ਵਿਹਲੜ ਤੇ ਲੋਫ਼ਰ ਨੰਬਰ ਇਕ ਸੀਗੇ। ਕਾਲਜ ਦੇ ਹਰ ਸਮਾਗਮ ਵਿਚ ਵੜ ਜਾਂਦੇ ਸਾਂ। ਇਕ ਤੇ ਮੇਰਾ ਘਰ ਈ ਕਾਲਜ ਦੀ ਜੜ੍ਹ ‘ਚ ਸੀ। ਦੂਜਾ ਮੈਂ ਖ਼ਾਲਸਾ ਸਕੂਲ ਤੋਂ ਪੜ੍ਹਿਆ ਵਾਂ। ਮੇਰੇ ਲਈ ਕੀ ਔਖਾ ਸੀ?” ਜੱਸੇ ਨੇ ਕਿਹਾ।
ਅਚਾਨਕ ਬਾਹਰ ਰੌਲਾ ਪਿਆ। ਮੇਰਾ ਧਿਆਨ ਬਾਹਰ ਨੂੰ ਚਲਾ ਗਿਆ। ਸ਼ਾਮ ਢਲ ਗਈ ਸੀ ਤੇ ਰਾਤ ਪੈ ਰਹੀ ਸੀ। ਰੌਲਾ ਸੁਣ ਕੇ ਮੈਂ ਬਾਹਰ ਚਲਾ ਗਿਆ। ਉਥੇ ਦੂਰੋਂ ਨਜ਼ਰ ਮਾਰਿਆਂ ਕੁਛ ਪਤਾ ਨਹੀਂ ਸੀ ਲਗਦਾ। ਪਰ ਏਨਾ ਪਤਾ ਲਗ ਗਿਆ ਕਿ ਅਜੈਬਾ ਥਾਣੇਦਾਰ ਤੇ ਫਕੀਰੀਆ ਆਪਸ ਵਿਚ ਖਹਿਬੜਦੇ ਪਏ ਸਨ। ਫਕੀਰੀਆ ਕਿਸੇ ਤੋਂ ਵੀ ਡਰਦਾ ਨਹੀਂ ਸੀ। ਥੋੜ੍ਹੀ ਦੇਰ ਮੈਂ ਖੜ੍ਹਾ ਰਿਹਾ। ਏਨੇ ਨੂੰ ਸ਼ੋਕੀ ਲਾਂਗਰੀ ਮੇਰੇ ਕੋਲੋਂ ਲੰਘਿਆ। ਮੈਂ ਹੌਲੀ ਜਿਹੀ ਵਾਜ ਵਿਚ ਉਹਨੂੰ ਮਾਜਰਾ ਪੁੱਛਿਆ।
“ਓ ਫ਼ਕੀਰੀਆ ਤੇ ਜੈਬਾ ਥਾਣੇਦਾਰ ਖਹਿਬੜ ਪਏ ਈ ਭਾਊ। ਜੈਬਾ ਫਕੀਰੀਏ ਨੂੰ ਰੁਪਈਆ ਦਸ ਹਜ਼ਾਰ ਸੁੱਟੂ ਈ। ਨਾਲੇ ਬੋਤਲਾਂ ਦੀ ਪੂਰੀ ਪੇਟੀ ਦਊ ਈ, ਪਈ ਉਹ ਜੱਸੇ ਨੂੰ ਮਾਰ ਕੇ ਮੰਡ ਵਲ ਸੁੱਟ ਆਏ, ਉਥੇ ਜਿਥੇ ਪਹਿਲਾਂ ਈ ਲਾਸ਼ਾਂ ਸੁੱਟਦੇ ਰਹੇ ਆਂ। ਪਰ ਫ਼ਕੀਰੀਆ ਅਗੋਂ ਗਾਹਲੀਂ ਡਹਿ ਪਿਆ ਈ, ਅਖੇ ਮੈਂ ਆਪਣੇ ਪੁਰਾਣੇ ਆੜੀ ਜੱਸੇ ਨੂੰ ਨਹੀਂ ਮਾਰਨਾ।”
“ਫੇਰ?” ਮੈਂ ਸ਼ੋਕੀ ਨੂੰ ਹੋਰ ਕੁਰੇਦਿਆ।
“ਫੇਰ ਕੀ? ਅਜੈਬਾ ਕਹਿੰਦੈ, ਮਾਈਂਯਾਵੇ ਨੇ ਸਾਡੇ ਖਣੀਂ ਕਿੰਨੇ ਪੁਲਸੀਏ ਮਾਰੇ ਐ, ਆਪ ਪੁਲਸੀਆ ਹੋ ਕੇ ਵੀ। ਤੇ ਇਹੋ ਜਿਹੇ ਕੀੜੇ ਨੂੰ ਮਾਰਨ ‘ਚ ਕੀ ਹਰਜ਼ ਐ? ਅੱਗੋਂ ਫ਼ਕੀਰੀਆ ਕਹਿੰਦੈ, ਮੈਂ ਕਿਹੜਾ ਥੋੜ੍ਹੇ ਬੰਦੇ ਮਾਰੇ ਐ? ਫੇਰ ਤੇ ਕਲ੍ਹ ਨੂੰ ਮੈਨੂੰ ਵੀ ਮਾਰ ਦਿਉ ਜੇ।”
“ਹੁਣ ਕੀ ਕਰਨਗੇ ਫੇਰ?” ਮੈਂ ਪੁੱਛਿਆ। ਮੈਨੂੰ ਪਤਾ ਸੀ ਕਿ ਸ਼ੋਕੀ ਨੂੰ ਸਭ ਪਤਾ ਹੋਏਗਾ। ਉਂਜ ਵੀ ਤਜ਼ਰਬੇ ਤੋਂ ਮੈਂ ਜਾਣ ਗਿਆ ਸਾਂ ਕਿ ਭੇਤ ਜਾਂ ਤੇ ਲਾਂਗਰੀ ਜਾਂ ਨੌਕਰਾਂ ਤੇ ਡਰਾਈਵਰਾਂ ਕੋਲ ਹੀ ਹੁੰਦੇ ਨੇ।
“ਫੇਰ ਕੀ?”
“ਫੇਰ ਭਾਅ, ਹੁਣ ਚੰਨਾ ਨੱਥ ਤੇ ਕਿਰਪਾਲ ਹੌਲਦਾਰ ਤਿਆਰ ਨੇ ਏਹਦੀ ਟਿਕਟ ਕੱਟਣ ਲਈ। ਅਜੈਬੇ ਨੇ ਉਹੀ ਦਸ ਹਜ਼ਾਰ ਤੇ ਪੇਟੀ ਉਨ੍ਹਾਂ ਨੂੰ ਦੇਣੀ ਕਰ ਲਈ ਐ,” ਸ਼ੋਕੀ ਨੇ ਕਿਹਾ।
“ਕਦੋਂ?” ਮੈਂ ਸ਼ੋਕੀ ਨੂੰ ਸਪੱਸ਼ਟ ਪੁੱਛਿਆ।
“ਕੱਲ ਦੁਪਹਿਰੋਂ ਬਾਅਦ,” ਸ਼ੋਕੀ ਕਹਿ ਕੇ ਬਾਹਰ ਨੂੰ ਚਲਾ ਗਿਆ। ਮੈਂ ਕਮਰੇ ਵਿਚ ਪਰਤ ਆਇਆ। ਜੱਸੇ ਨੇ ਰੌਲੇ ਦਾ ਕਾਰਨ ਪੁੱਛਿਆ। ਬੜੇ ਸਪੱਸ਼ਟ ਰੂਪ ਵਿਚ ਪੂਰੀ ਸਹਿਜ ਆਵਾਜ਼ ਵਿਚ ਮੈਂ ਕਿਹਾ, “ਕੱਲ ਦੁਪਹਿਰ ਤੋਂ ਬਾਅਦ ਤਿਆਰ ਰਹੀਂ। ਆ ਗਿਐ ਵੇਲਾ।”
ਲੰਮੀ ਚੁੱਪ ਤੋਂ ਬਾਅਦ ਉਹਨੇ ਕਿਹਾ, “ਫੇਰ ਰੌਲਾ ਕਾਹਦਾ ਸੀ?”
“ਫਕੀਰੀਏ ਨੇ ਨਾਂਹ ਕਰ ‘ਤੀ ਐ,” ਮੈਂ ਕਿਹਾ।
“ਹੁਣ ਕੌਣ?” ਉਹਨੇ ਨਜ਼ਰਾਂ ਗੱਡ ਕੇ ਸਪੱਸ਼ਟ ਪੁੱਛਿਆ।
“ਚੰਨਾ ਤੇ ਕਿਰਪਾਲ!” ਮੈਂ ਏਨਾਂ ਕਹਿ ਕੇ ਚੁੱਪ ਵੱਟ ਗਿਆ। ਉਹ ਵੀ ਚੁੱਪ ਕਰ ਗਿਆ।
ਕੁਛ ਦੇਰ ਸਿੱਧਾ ਪਏ ਰਹਿਣ ਬਾਅਦ ਉਸ ਕਿਹਾ, “ਮੈਨੂੰ ਪਾਸਾ ਦਵਾ ਦੇਹ!” ਮੈਂ ਉਠ ਕੇ ਵੱਖੀ ਪਰਨੇ ਕਰ ਦਿੱਤਾ। ਅਚਾਨਕ ਮੈਨੂੰ ਉਹਦੇ ਕੱਟੇ ਹੱਥ ਦਾ ਖਿਆਲ ਆਇਆ, “ਸੱਜਾ ਹੱਥ ਕਿਥੇ ਈ?”
“ਉਹ ਥਾਣੇਦਾਰ ਚੀਮਾ ਵੱਢ ਕੇ ਸੁੱਟ ਗਿਐ, ਹਫ਼ਤਾ ਕੁ ਪਹਿਲਾਂ।” ਉਹਨੇ ਜਵਾਬ ਦਿੱਤਾ।
“ਉਹਦਾ ਮੁੰਡਾ ਮਾਰਿਆ ਸੀ ਮੈਂ ਰਈਏ ਕੋਲ, ਝਾੜੂ ਨੰਗਲ ਵੱਲ! ਚੀਮਾ ਰਟੈਰ ਹੋਣ ਵੇਲੇ ਉਹਨੂੰ ਭਰਤੀ ਕਰਾ ਗਿਆ ਸੀ ਹੌਲਦਾਰ! ਉਹਦੀ ਡਿਊਟੀ ਉਧਰਲੀ ਪੁਲਿਸ ਚੌਕੀ ‘ਚ ਸੀ। ਬਸ ਮੈਨੂੰ ਪਤਾ ਸੀ, ਰਾਤ ਨੂੰ ਕਿਹੜੇ ਵੇਲੇ ਉਹ ਦੋ ਤਿੰਨ ਜਣੇ ਨਿਕਲਦੇ ਐ। ਦੋ ਸਨ, ਮੈਂ ਰੇੜ੍ਹ ਦਿੱਤੇ।” ਉਹਨੇ ਬਾਕੀ ਬਚਦੀ ਕਥਾ ਵੀ ਸੁਣਾ ਦਿੱਤੀ।
“ਫੇਰ?” ਮੈਂ ਪੁੱਛਿਆ।
“ਫੇਰ ਕੀ? ਚੀਮੇ ਨੂੰ ਪਤਾ ਲੱਗਾ ਈ ਸਾਲ ਕੁ ਬਾਅਦ! ਉਹ ਵੀ ਹਫ਼ਤਾ ਕੁ ਪਹਿਲਾਂ ਅਜੈਬੇ ਨੇ ਦੱਸਿਆ ਈ ਉਹਨੂੰ। ਉਹ ਅਜੈਬੇ ਕੋਲੋਂ ਮੈਨੂੰ ਮੰਗਦਾ ਸੀ। ਪੰਜ ਲੱਖ ਵੀ ਢੇਰੀ ਕਰਦਾ ਸੀ ਕਿ ਜੱਸੇ ਦੇ ਟੋਟੇ ਕਰਨ ਦਿਉ। ਅਜੈਬੇ ਨੇ ਪੰਜ ਲੱਖ ਵੇਖ ਕੇ ਆਖ ਛੱਡਿਆ, “ਤੈਨੂੰ ਇਹ ਨੋਟਾਂ ਦੀ ਖਾਣ ਪੰਜ ਲੱਖ ‘ਚ ਦੇ ਦਈਏ। ਕੁੱਟ ਜਿੰਨਾ ਮਰਜੀ ਲੈ, ਵੱਢਾਂ-ਮਾਰਾਂਗੇ ਅਸੀਂ ਆਪੇ।”
“ਅੱਛਾ?” ਮੈਂ ਹੁੰਗਾਰ ਭਰਿਆ। ਮੈਨੂੰ ਹੁਣ ਕੋਈ ਗੱਲ ਹੈਰਾਨ ਨਹੀਂ ਸੀ ਕਰ ਰਹੀ, ਕਿਉਂਕਿ ਅੱਤ ਦੇ ਨੀਚ ਤੇ ਹੈਵਾਨਾਂ ਨਾਲ ਮੈਂ ਆਪ ਕੰਮ ਕਰ ਚੁੱਕਾ ਸਾਂ ਕਈ ਸਾਲ। ਸੋ ਇਹ ਸਭ ਸਹਿਜ ਸੀ।
“ਫੇਰ ਕੀ?”
“ਆਹ ਸਾਰਾ ਅੰਜਰ-ਪੰਜਰ ਦੁਬਾਰਾ ਉਸੇ ਧੀ ਦੇ ਯਾਰ ਦਾ ਈ ਹਿਲਾਇਆ ਹੋਇਐ। ਜਾਂਦਾ ਹੋਇਆ ਉਹ ਕਿਤੋਂ ਦਾਤਰ ਲੱਭ ਲਿਆਇਆ ਤੇ ਹੱਥ ਵੱਢ ਗਿਆ। ਉਹ ਤੇ ਸਾਲਾ ਗਾਟਾ ਲਾਹੂ ਸੀ, ਪਰ ਅਜੈਬੇ ਤੇ ਨਿਰਮਲ ਨੇ ਫੜ ਲਿਆ।” ਉਸ ਕਿਹਾ।
ਲੰਮੀ ਚੁੱਪ ਬਾਅਦ ਉਹਨੇ ਫੇਰ ਕਹਿਣਾ ਸ਼ੁਰੂ ਕੀਤਾ, “ਮੈਨੂੰ ਨਾ ਕੱਲ ਦੁਪਹਿਰੇ ਆਉਣ ਵਾਲੀ ਮੌਤ ਦਾ ਕੋਈ ਰੰਜ ਈ, ਤੇ ਨਾ ਈ ਏਸ ਹੱਥ ਦਾ। ਰੰਜ ਤੇ ਵੱਡਿਆ ਮੈਨੂੰ ਹੋਰ ਈ ਐ। ਉਹ ਵੀ ਮੈਂ ਤੈਨੂੰ ਦੱਸ ਕੇ ਜਾਵਾਂਗਾ। ਦੱਸ ਕੇ ਜਾਵਾਂਗਾ। ਨਾਲੇ ਤੈਥੋਂ ਕੁਝ ਮੰਗਣਾ ਵੀ ਏ।”
“ਤੈਨੂੰ ਯਾਦ ਏ, ਮੈਂ ਤੈਨੂੰ ਰੂਬੀ ਕੈਟ ਕੋਲੋਂ ਬਚਾਇਆ ਸੀ?” ਕੁਛ ਦੇਰ ਬਾਅਦ ਉਸ ਕਿਹਾ।
ਮੈਨੂੰ ਸਾਰੀ ਕਹਾਣੀ ਯਾਦ ਆ ਗਈ। ਰੂਬੀ ਕੈਟ ਪੁਲਿਸ ਦਾ ਬੰਦਾ ਸੀ। ਪਰ ਚਾਟੀ ਵਿੰਡ ਬਾਬੇ ਸ਼ਹੀਦਾਂ ਦੇ ਗੁਰਦੁਆਰੇ ਦਾ ਜਥੇਦਾਰ ਬਣਿਆ ਬੈਠਾ ਸੀ। ਮੈਂ ਵੀ ਉਥੇ ਸੇਵਾਦਾਰ ਬਣ ਕੇ ਪਨਾਹ ਲਈ ਹੋਈ ਸੀ। ਰੂਬੀ ਨੂੰ ਪਤਾ ਲਗ ਗਿਆ ਤੇ ਉਹਨੇ ਥਾਣੇ ਬੀæ ਡਵੀਜ਼ਨ ਰਿਪੋਰਟ ਕਰ ਦਿੱਤੀ ਸੀ। ਉਥੇ ਕਿਤੇ ਜੱਸਾ ਹੀ ਤਾਇਨਾਤ ਸੀ। ਉਹਨੇ ਫੱਟ ਆਪਣੇ ਫੀਲੇ ਹੱਥ ਤੋਚੀ ਲਾਂਗਰੀ ਨੂੰ ਸੁਨੇਹਾ ਦਿੱਤਾ ਤੇ ਤੋਚੀ ਨੇ ਮੈਨੂੰ ਲਾਂਭੇ ਕਰ ਦਿੱਤਾ। ਸ਼ਾਮ ਨੂੰ ਹਨੇਰੇ ਪਏ ਮੈਂ ਤੇ ਤੋਚੀ ਨੇ ਰੂਬੀ ਨੂੰ ਗਲ ਵਿਚ ਪਰਨਾ ਪਾ ਕੇ ਮਾਰ ਦਿੱਤਾ, ਜਦੋਂ ਉਹ ਬੇਫਿਕਰ ਹੋ ਕੇ ਸਕੱਤਰੀ ਬਾਗ ਕੋਲੋਂ ਲੰਘ ਕੇ ਭਗਤਾਂ ਵਾਲੇ ਜਾ ਰਿਹਾ ਸੀ। ਲਾਸ਼ ਚੁੱਕ ਕੇ ਗੰਦੇ ਨਾਲੇ ਵਿਚ ਪੱਕੀ ਤਰ੍ਹਾਂ ਨੱਪ ਦਿੱਤੀ। ਰੂਬੀ ਦਾ ਤੇ ਅੱਜ ਤੱਕ ਖੁਰਾ ਨਹੀਂ ਲਭ ਸਕੀ ਪੁਲਿਸ, ਤੇ ਨਾ ਮੈਂ ਕਿਸੇ ਵੀ ਰਿਮਾਂਡ ਵਿਚ ਉਹਦਾ ਕਤਲ ਮੰਨਿਆ ਸਾਂ।
“ਹਾਂ। ਤੇਰੀ ਕਿਰਪਾ ਨਾਲ ਉਦੋਂ ਮੈਂ ਮਸਾਂ ਬਚਿਆ ਸਾਂ।” ਮੈਂ ਜੱਸੇ ਨੂੰ ਦਿਲੋਂ ਕਿਹਾ।
ਕੁਝ ਦੇਰ ਬਾਅਦ ਮੇਰੀ ਅੱਖ ਲੱਗ ਗਈ। ਜੱਸੇ ਨੂੰ ਨੀਂਦ ਕਿੱਥੇ?
ਪੀæਟੀæ ਦੀ ਮੌਤ ਤੋਂ ਮਗਰੋਂ ਜੱਸੇ ਦੀਆਂ ਵਾਗਾਂ ਖੁੱਲ੍ਹੀਆਂ ਸਨ। ਸੰਤ ਤੇ ਉਹਦੇ ਸਾਥੀ ਅੰਦਰ ਲੜਦੇ ਚੜ੍ਹਾਈਆਂ ਕਰ ਗਏ ਸਨ। ਜੱਸੇ ਨੇ ਉਥੋਂ ਬਚ ਨਿਕਲੇ ਜਿੰਦੇ, ਗਿੰਦਰ, ਬਾਬੇ ਮਾਨੋਚਾਹਲ ਜਾਂ ਸੁੱਖ ਹੋਰਾਂ ਨਾਲ ਸੰਪਰਕ ਨਾ ਬਣਾਇਆ। ਉਧਰ ਫੌਜ ਤੇ ਪੁਲਿਸ ਸਾਰੇ ਹਾਰਡ ਕੋਰ ਖਾੜਕੂਆਂ ਨੂੰ ਲੱਭ ਰਹੀ ਸੀ। ਜੱਸਾ ਛੇਹਰਟੇ ਦੀ ਕਾਲੀ ਬਿੱਲੀ ਜਸਵਿੰਦਰ ਦੀ ਮਦਦ ਨਾਲ ਮੁਸਤਫੇ ਆਲਮ ਦੀ ਕਾਲੀ ਬਿੱਲੀ ਬਣ ਗਿਆ। ਥੋੜ੍ਹੀ ਦੇਰ ਬਾਦ ਉਹ ਮਸ਼ਹੂਰ ਕੈਟ ਸੋਖੇ ਕਾਲੇ ਦੀ ਸਿਫਾਰਸ਼ ਨਾਲ ਸਿਪਾਹੀ ਭਰਤੀ ਹੋ ਗਿਆ। ਸਾਨੂੰ ਇਹ ਸਭ ਖਬਰਾਂ ਮਿਲਦੀਆਂ ਸਨ। ਮਾਨੋਚਾਹਲ ਅਤੇ ਗੁਰਜੰਟ ਸਿੰਘ ਹੱਥਾਂ ‘ਤੇ ਦੰਦੀਆਂ ਵੱਢਦੇ ਸਨ ਕਿ ਉਦੋਂ ਹੀ ਇਹਨੂੰ ਕਿਉਂ ਨਾ ਮਾਰ ਦਿੱਤਾ? ਉਧਰ ਜੱਸੇ ਨੂੰ ਤਾਂ ਖਾੜਕੂ ਲਹਿਰ ਦੇ ਅੱਡੇ, ਉਨ੍ਹਾਂ ਦੇ ਕੰਮ ਕਰਨ ਦਾ ਢੰਗ ਤੱਕ ਪਤਾ ਸੀ, ਉਹਨੇ ਕਈ ਇਨਾਮੀ ਸਿੰਘ ਮਾਰੇ ਤੇ ਤਰੱਕੀ ਕਰਦਾ ਛੋਟਾ ਥਾਣੇਦਾਰ ਬਣ ਗਿਆ। ਇੰਦਰਜੀਤ ਵਹਿਸ਼ੀ ਦੀ ਸੰਗਤ ਕਾਰਨ ਉਸ ਅੰਦਰ ਬੇਤਰਸੀ ਪੈਦਾ ਹੋ ਗਈ ਸੀ। ਇਕ ਉਹ ਆਪ ਵੀ ਜਮਾਂਦਰੂ ਸਖ਼ਤ ਤੇ ਵਹਿਸ਼ੀ ਸੀ। ਸੋਖੇ ਕਾਲੇ ਨਾਲ ਰਲਣ ਕਰਕੇ ਉਸ ਅੰਦਰ ਉਹ ਬੇਤਰਸੀ ਪੈਦਾ ਹੋ ਗਈ ਸੀ, ਜਿਹੜੀ ਅਕਸਰ ਕਸਾਈਆਂ, ਨੀਮ ਪਾਗਲਾਂ ਜਾਂ ਅੰਨ੍ਹੀ ਤਾਕਤ ਨਾਲ ਭੂਸਰੇ ਹੋਏ ਪਸ਼ੂਆਂ ਦੀਆਂ ਅੱਖਾਂ ਵਿਚ ਹੁੰਦੀ ਹੈ। ਸੋਖਾ ਕਾਲਾ ਤੇ ਇਕ ਦਿਨ ਅੰਮ੍ਰਿਤਸਰ ਆਪਣੇ ਘਰ ਬੈਠਾ ਹੀ ਭੂਪੀ ਜੋਗਪੁਰੀਏ ਹੱਥੋਂ ਮਾਰਿਆ ਗਿਆ, ਪਰ ਜੱਸੇ ਦੇ ਸੰਪਰਕ ਬਣਾ ਗਿਆ ਸੀ। ਦਿੱਲੀ ਸਰਕਾਰਾਂ ਨੂੰ ਖਾੜਕੂਵਾਦ ਨੂੰ ਹਵਾ ਦੇਣ ਲਈ ਜੱਸੇ ਵਰਗੇ ਚਾਹੀਦੇ ਸਨ, ਉਹਦਾ ਨਾਂ ਹਰ ਏਜੰਸੀ ਵਿਚ ‘ਕੰਮ ਦੇ ਬੰਦੇ’ ਵਜੋਂ ਬੋਲਣ ਲਗ ਪਿਆ ਸੀ।
“ਇੰਦਰ ਵਹਿਸ਼ੀ ਨੂੰ ਕਿਉਂ ਮਾਰ ਤਾ ਸੀ ਖ਼ਾਲਿਸਤਾਨ ਲਿਬਰੇਸ਼ਨ ਵਾਲਿਆਂ ਨੇ?” ਰਾਤ ਦਾ ਆਖ਼ਰੀ ਪਹਿਰ ਸੀ, ਜਦ ਮੈਂ ਨਿਰੰਤਰ ਜਾਗਦੇ ਜੱਸੇ ਨੂੰ ਪੁੱਛਿਆ। ਅਸੀਂ ਦੋਵੇਂ ਹੀ ਸੁੱਤੇ ਨਹੀਂ ਸਾਂ।
“ਉਹ ਦਰਅਸਲ ਅਸੀਂ ਵਰਪਾਲਾਂ ਦੇ ਕਿਸੇ ਟਾਊਟ ਨੂੰ ਮੌਕੇ ‘ਤੇ ਫੜ ਕੇ ਮਾਰਨਾ ਸੀ। ਜਦ ਅਸੀਂ ਗੋਲੀ ਮਾਰਨ ਲੱਗੇ, ਇੰਦਰ ਵਹਿਸ਼ੀ ਕਹਿੰਦਾ, ‘ਥੋੜ੍ਹਾ ਨਜ਼ਾਰਾ ਵੀ ਬੰਨੀਏ’ ਤੇ ਉਹਨੇ ਲਿਬਰੇਸ਼ਨ ਆਲੇ ਜਥੇਦਾਰ ਕਸ਼ਮੀਰ ਠੱਠੇ ਨੂੰ ਕਿਹਾ ਕਿ ਇਹਨੂੰ ਅਸੀਂ ਨਹਿਰ ਦੇ ਪਰਲੇ ਬੰਨੇ ਮਾਰ ਦਿਆਂਗੇ, ਤੁਸੀਂ ਜਾਓ। ਉਹ ਸਾਨੂੰ ਟਾਊਟ ਸੌਂਪ ਕੇ ਚਲੇ ਗਏ। ਨਾਲ ਉਨ੍ਹਾਂ ਦਾ ਇਕ ਹੌਲੀ ਉਮਰ ਦਾ ਸਿੰਘ ਸੀ- ਪ੍ਰਤਾਪ ਸਿੰਘ। ਉਹ ਸਾਡੇ ਨਾਲ ਰਿਹਾ। ਇੰਦਰ ਵਹਿਸ਼ੀ ਨੇ ਤੇ ਮੈਂ ਰਲ ਕੇ ਨਹਿਰ ਦੇ ਕੰਢੇ ਜਾ ਕੇ ਉਸ ਟਾਊਟ ਦੇ ਮੂੰਹ ਵਿਚ ਕਪੜਾ ਦੇ ਕੇ ਉਹਦਾ ਬੰਦ ਬੰਦ ਕੱਟਿਆ। ਜਿਉਂ ਜਿਉਂ ਅਸੀਂ ਕੱਟੀਏ, ਉਹ ਮਰਨ ਤੋਂ ਪਹਿਲਾਂ ਤੜਫੇ। ਸਾਨੂੰ ਦੋਹਾਂ ਨੂੰ ਮਾਰ ਕਿਤੇ ਸਵਾਦ ਆਇਆ! ਪ੍ਰਤਾਪ ਇਹ ਵੇਖ ਕੇ ਡਰ ਗਿਆ ਤੇ ਭੱਜ ਕੇ ਉਥੋਂ ਹੀ ਰਾਤੋ-ਰਾਤ ਕਸ਼ਮੀਰ ਠੱਠੇ ਕੋਲ ਚਲਾ ਗਿਆ। ਅਸੀਂ ਪਿਛੋਂ ਉਹਦੇ ਸੰਤਾਲੀ ਦਾ ਪੂਰਾ ਬਰਸਟ ਮਾਰਿਆ ਕਿ ਉਹ ਠੱਠੇ ਕੋਲ ਨਾ ਪਹੁੰਚ ਸਕੇ। ਪਰ ਉਹ ਬਚ ਗਿਆ, ਤੇ ਠੱਠੇ ਨੂੰ ਸਾਰੀ ਕਹਾਣੀ ਜਾ ਸੁਣਾਈ। ਮੈਨੂੰ ਖੁੜਕ ਗਈ ਸੀ, ਏਸ ਲਈ ਮੈਂ ਤੇ ਮੁੜ ਬਾਬੇ ਭਿੰਡਰਾਂਵਾਲੇ ਦੇ ਦਰਬਾਰ ਵਿਚ ਨਹੀਂ ਸੀ ਗਿਆ। ਪਰ ਇੰਦਰ ਨੂੰ ਮੈਂਟਲ ਨੂੰ ਅਕਲ ਕਿੱਥੇ? ਉਹ ਅੰਦਰ ਪਰਿਕਰਮਾ ‘ਚ ਚਲਾ ਗਿਆ ਤੇ ਉਥੋਂ ਹੀ ਠੱਠੇ ਹੁਰਾਂ ਉਹਨੂੰ ਬਾਹਰ ਗੁਰੂ ਰਾਮਦਾਸ ਸਰਾਂ ਵਿਚ ਲਿਜਾ ਕੇ ਟੋਟੇ ਕਰਕੇ ਤਰਨਤਾਰਨ ਰੋਡ ਵੱਲ ਕਿਧਰੇ ਉਜਾੜ ਵਿਚ ਪੈਟਰੋਲ ਪਾ ਕੇ ਸਾੜ ਘੱਤਿਆ ਸੀ।” ਜੱਸੇ ਨੇ ਸਾਰੀ ਕਹਾਣੀ ਦੱਸ ਦਿੱਤੀ।
“ਪਰæææਪਰ ਭਾਅ। ਤੂੰ ਗਿੰਦੋ ਸ਼ਪੈਹਣ ਕਾਹਨੂੰ ਮਾਰ ਘੱਤੀ?” ਮੈਂ ਝਿਜਕ ਕੇ ਪੁੱਛ ਹੀ ਲਿਆ।
“ਉਹ ਮੇਰੀ ਘਰਦੀ ਨਹੀਂ ਸੀ, ਉਦਾਂ ਹੀ ਰੱਖੀ ਹੋਈ ਸੀ ਰਖੇਲ ਵਾਂਗ। ਪਰ ਉਹ ਮੈਨੂੰ ਟੋਕਣ ਬਹੁਤ ਲੱਗ ਪਈ ਸੀ। ਜਦੋਂ ਮੈਂ ਸ਼ਰਾਬ ਨਾਲ ਡੱਕਿਆ ਉਹਦੇ ਆਲੇ ਘਰ ਜਾਂਦਾ, ਉਹ ਮੈਨੂੰ ਟੋਕਦੀ। ਇਕੱਲੀ ਰਹਿੰਦੀ ਸੀ ਉਹ। ਜਿੱਦਣ ਮੈਨੂੰ ਕੋਈ ਬੰਦਾ ਮਾਰਨ ਲਈ ਨਾ ਲੱਭਦਾ, ਪਾਗਲ ਹੋ ਕੇ ਮੈਂ ਹੱਥਾਂ ਵਿਚ ਚਾਕੂ ਮਾਰ-ਮਾਰ ਲਹੂ ਕੱਢਦਾ, ਜਾਂ ਕੰਧ ਨਾਲ ਸਿਰ ਭੰਨਦਾ। ਉਹ ਤੰਗ ਆ ਜਾਂਦੀ। ਇਕ ਦਿਨ ਗੁੱਸੇ ‘ਚ ਮੈਥੋਂ ਉਹਦੇ ਗੋਲੀ ਮਾਰ ਹੋ ਗਈ। ਮੈਂ ਸਰਕਾਰੀ ਜੀਪ ‘ਚ ਲੱਦ ਕੇ ਮੰਡ ਲੈ ਗਿਆ ਤੇ ਡੀਜ਼ਲ ਪਾ ਕੇ ਫੂਕ’ਤੀ। ਏਦਾਂ ਈ ਪਹਿਲਾਂ ਮੈਂ ਤਰਨਤਾਰਨ ਦੀਆਂ ਦੋ ਮਾਸਟਰਨੀਆਂ ਵੀ ਡੀਜ਼ਲ ਪਾ ਕੇ ਫੂਕੀਆਂ ਸਨ। ਉਦੋਂ ਖ਼ਬਰਾਂ ‘ਚ ਬੜਾ ਰੌਲਾ ਪਿਆ ਸੀ, ਪਰ ਆਪੇ ਈ ਸਭ ਚੁੱਪ ਕਰ ਗਏ ਸਨ।” ਜੱਸਾ ਉਧੜਦਾ ਜਾਂਦਾ ਸੀ।
“ਭਾਅæææ! ਤੇਰੀ ਵਹੁਟੀ ਤੇ ਬੱਚਾ ਵੀ ਸੀਗੇ। ਨਿੱਕੀ ਉਮਰੇ ਤੇਰੇ ਪਿਉ ਨੇ ਤੇਰੇ ਲਈ ਜਿਹੜੀ ਸਹੇੜੀ ਸੀ। ਉਹ ਨਹੀਂ ਕਦੀ ਮਿਲੇਓ?” ਮੈਂ ਉਹਦਾ ਧਿਆਨ ਪੁਰਾਣੀ ਜ਼ਿੰਦਗੀ ਵੱਲ ਦਵਾਇਆ।
“ਭਾਅ। ਉਹ ਤੇ ਮੈਂ ਸੰਨ ਇਕਾਸੀ ਦੇ ਛੱਡੇ ਈ। ਮੈਂ ਉਦੋਂ ਮਸਾਂ ਉਨੀਆਂ ਵੀਹਾਂ ਦਾ ਹੋਵਾਂਗਾ। ਉਹ ਤੇ ਐਸੀ ਮੈਂ ਛੱਡੀ, ਉਹਨੇ ਵੀ ਪੇਕੇ ਪਿੰਡ ਜਾ ਕੇ ਮੇਰੇ ਅਲ ਮੂੰਹ ਨਹੀਂ ਕੀਤਾ। ਮੁੰਡਾ ਮੇਰਾ ਵੀ ਉਥੇ ਹੀ ਹੋਇਆ ਸੀ” ਉਹ ਫਿਸ ਜਿਹਾ ਪਿਆ।
“ਯਾਦ ਆਉਂਦਾ ਕਦੇ?” ਮੈਂ ਕਿਹਾ।
“ਨਹੀਂ।” ਉਹਦਾ ਚਿਹਰਾ ਫਿਰ ਸਖ਼ਤ ਹੋ ਗਿਆ।
ਬਰਨਾਲਾ ਸਰਕਾਰ ਜਦੋਂ ਸੱਤਾਸੀ ਵਿਚ ਆਈ ਤੇ ਚਲੀ ਵੀ ਗਈ, ਉਦੋਂ ਮੈਨੂੰ ਕੁਛ ਮਹੀਨਿਆਂ ਲਈ ਆਮ ਮਾਫ਼ੀ ਮਿਲ ਗਈ ਸੀ। ਮੈਂ ਤੇ ਮੇਰੇ ਕਈ ਸਾਥੀ ਖੇਤਾਂ ਵਿਚੋਂ ਬਾਹਰ ਆ ਕੇ ਹਥਿਆਰ ਸੁੱਟ ਗਏ ਸਨ। ਮੇਰੇ ਪਿਤਾ ਜੀ ਵੀ ਉਦੋਂ ਹੀ ਚੜ੍ਹਾਈ ਕਰ ਗਏ ਸਨ। ਮੈਂ ਉਨ੍ਹੀਂ ਦਿਨੀਂ ਘਰ ਹੀ ਰਹਿੰਦਾ ਸਾਂ। ਕਈ ਮੇਰੇ ਸਾਥੀ ਬਰਨਾਲਾ ਸਰਕਾਰ ਦੇ ਕੰਡਕਟਰ ਭਰਤੀ ਕੀਤੇ ਸਨ, ਕਈ ਬਿਜਲੀ ਬੋਰਡ ਵਿਚ। ਕਈਆਂ ਨੂੰ ਮਿੰਨੀ ਬੱਸਾਂ ਪਵਾ ਦਿੱਤੀਆਂ ਗਈਆਂ ਸਨ। ਭਾਪੇ ਹੁਰਾਂ ਨੂੰ ਗੁਜ਼ਰਿਆਂ ਦੋ ਕੁ ਮਹੀਨੇ ਹੀ ਹੋਏ ਸਨ ਕਿ ਬਰਨਾਲਾ ਸਰਕਾਰ ਡਿੱਗ ਪਈ ਸੀ। ਮੈਂ ਵੀ ਵੀਹ ਕੁ ਹਜ਼ਾਰ ਦਾ ਲੋਨ ਲੈ ਰੱਖਿਆ ਸੀ, ਪਰ ਕਿਸੇ ਕੰਮ ਨੂੰ ਰੂਹ ਹੀ ਨਹੀਂ ਸੀ ਕਰਦੀ। ਭਰਾ ਪੱਕਾ ਹੀ ਯੂæਪੀæ ਵਸ ਗਿਆ ਸੀ। ਬਰਨਾਲਾ ਸਰਕਾਰ ਦੇ ਡਿੱਗਣ ਦੀ ਦੇਰ ਸੀ ਕਿ ਫੇਰ ਪੁਲਿਸ ਗੇੜੇ ਕੱਢਣ ਲੱਗ ਪਈ। ਉਹੀ ਕੁਚੱਕਰ। ਹਾਰ ਕੇ ਮੈਂ ਫੇਰ ਰੂਪੋਸ਼ ਹੋ ਗਿਆ। ਇਸ ਵਾਰ ਮੈਂ ‘ਪੈਂਟਾ ਗਰੁਪ’ ਨਾਲ ਰਲਿਆ ਸਾਂ। ਉਨ੍ਹਾਂ ਕੋਲ ਪੱਕੀਆਂ ਠਾਹਰਾਂ ਤੇ ਨਵੇਂ ਹਥਿਆਰ ਸਨ। ਕਦੀ ਕਦੀ ਮੈਨੂੰ ਜੱਸੇ ਦੀ ਸੋਅ ਮਿਲਦੀ ਤੇ ਉਹਨੂੰ ਮੇਰੀ, ਪਰ ਉਦੋਂ ਹੋਰ ਕੁਛ ਪੋਂਹਦਾ ਹੀ ਨਹੀਂ ਸੀ। ਇਕ ਵਾਰ ਢੰਡ ਕਸੇਲ, ਮੇਰੇ ਤੇ ਜੱਸੇ ਦੇ ਟਾਕਰੇ ਹੋਏ ਸਨ। ਮੈਂ ਇਕੱਲਾ ਮੋਟਰ-ਸਾਈਕਲ ‘ਤੇ ਜਾ ਰਿਹਾ ਸਾਂ। ਉਧਰੋਂ ਜੱਸਾ ਨਾਕਾ ਲਾਈ ਖੜ੍ਹਾ ਸੀ। ਪੁਲਿਸ ਨੇ ਰੋਕਿਆ ਤੇ ਮੇਰੀ ਪੁੱਛ-ਗਿੱਛ ਸ਼ੁਰੂ ਕੀਤੀ। ਜੱਸਾ ਤਿੰਨ ਸਟਾਰ ਲਾਈ ਖੜ੍ਹਾ ਸੀ। ਅਸਾਂ ਦੋਹਾਂ ਇਕ ਦੂਸਰੇ ਨੂੰ ਪਛਾਣ ਲਿਆ। ਬੋਲਿਆ ਕੋਈ ਵੀ ਨਾ। ਉਹਨੇ ਹੱਥ ਦੇ ਇਸ਼ਾਰੇ ਨਾਲ ਕਿਹਾ, “ਜਾਣ ਦਿਉ ਮੁੰਡਿਓ ਇਹਨੂੰ।”
ਮੈਂ ਵੀ ਚੁੱਪ-ਚਾਪ ਚਲਾ ਗਿਆ ਸਾਂ। ਸਵੇਰ ਹੋ ਰਹੀ ਸੀ, ਜਦ ਜੱਸੇ ਨੇ ਮੇਰੇ ਕੋਲੋਂ ਪਾਣੀ ਮੰਗਿਆ। ਮੈਂ ਪਾਣੀ ਪਿਆ ਕੇ ਉਹਨੂੰ ਦੁਬਾਰਾ ਲਿਟਾ ਦਿੱਤਾ। ਅਚਾਨਕ ਉਹ ਬੋਲਿਆ, “ਮਾਸਟਰਾ! ਮੈਨੂੰ ਤੇਰੀ ਮਾਂ ਦਾ ਮਰੀ ਦਾ ਬੜਾ ਮਸੋਸ ਈ।”
“ਛੱਡ ਹੁਣ।” ਮੈਂ ਕਿਹਾ। ਪਰ ਅਚਾਨਕ ਮਾਂ ਦਾ ਜ਼ਿਕਰ ਆ ਜਾਣ ਨਾਲ ਮੇਰਾ ਗੱਚ ਭਰ ਆਇਆ ਸੀ।
“ਮਾਸਟਰਾ। ਮੇਰੀ ਇਕ ਗਲਤੀ ਹੈ ਈ। ਮੈਂ ਤੇਰੇ ਦੋਸ਼ੀ ਸ਼ਰਮੇ ਐਸ਼ਪੀæ ਨਾਲ ਸਾਲ ਕੁ ਕੰਮ ਕੀਤੈ। ਉਦੋਂ ਤੇਰੀ ਬੜੀ ਚੜ੍ਹਾਈ ਸੀ ਪੰਜਾਬ ‘ਚ। ਮੈਂ ਚਾਹੁੰਦਾ ਤਾਂ ਤੈਨੂੰ ਸ਼ਰਮੇ ਦਾ ਰੂਟ ਦੱਸ ਸਕਦਾ ਸੀ। ਪਰ ਕੀ ਦੱਸਾਂ, ਮੈਨੂੰ ਉਦੋਂ ਪੈਹੇ ਦਾ ਲਾਲਚ ਬੜਾ ਹੀ, ਮੈਨੂੰ ਮਾਰ ਗਿਆ।” ਉਹ ਪੂਰੀ ਤਰ੍ਹਾਂ ਉਧੜ ਰਿਹਾ ਸੀ।
“ਛੱਡ। ਗੱਲ ਨੂੰ ਦਫ਼ਾ ਕਰ ਹੁਣ।” ਮੈਂ ਇਹ ਗੱਲ ਤੇ ਸ਼ਰਮੇ ਸੀਨੀਅਰ ਦਾ ਜ਼ਿਕਰ ਵੀ ਸੁਣਨਾ ਨਹੀਂ ਸੀ ਚਾਹੁੰਦਾ। ਸੋ ਮੈਂ ਗੱਲ ਮੁਕਾਈ। ਘੰਟੇ ਕੁ ਬਾਅਦ ਜਦੋਂ ਟਿੱਕੀ ਪੂਰੀ ਚੜ੍ਹ ਆਈ, ਚੰਨਾ ਤੇ ਕਿਰਪਾਲ ਆ ਗਏ। ਕਿਰਪਾਲ ਘਰੋਂ ਆਇਆ ਸੀ, ਪਰ ਚੰਨਾ ਉਥੇ ਹੀ ਸੌਂਦਾ ਸੀ। ਆਰੀਆ ਸਮਾਜੀਆਂ ਦਾ ਇਹ ਸਕੂਲ ਬੜਾ ਵੱਡਾ ਸੀ, ਪਰ ਵਰ੍ਹਿਆਂ ਤੋਂ ਬੰਦ ਪਿਆ ਸੀ। ਇਥੇ ਪੰਜਾਬ ਪੁਲਿਸ ਦਾ ਟਾਰਚਰ ਸੈਂਟਰ ਸੀ ਤੇ ਸੀæਆਈæਡੀæ ਦਾ ਵੀ ਵਿੰਗ ਸੀ। ਪਿਛਲਾ ਹਾਲ ਸੀæਆਰæਪੀæ ਕੋਲ ਸੀ। ਪਰ ਉਹ ਪੰਜਾਬ ਪੁਲਿਸ ਦੇ ਕਿਸੇ ਕੰਮ ਵਿਚ ਦਖ਼ਲ ਨਹੀਂ ਸੀ ਦਿੰਦੀ। ਚੰਨੇ ਤੇ ਉਹਦੇ ਵਰਗੇ ਕਈ ਸ਼ਪਾਹੀ ਤੇ ਹੌਲਦਾਰ ਉਥੇ ਹੀ ਖਾਲੀ ਕਮਰਿਆਂ ਵਿਚ ਸੌਂ ਛੱਡਦੇ ਸਨ।
“ਹਾਂ ਬਾਈ। ਤਿਆਰ ਏਂ? ਚੰਨੇ ਨੇ ਬੜੇ ਇਤਮੀਨਾਨ ਨਾਲ ਲੰਮੇ ਪਏ ਜੱਸੇ ਨੂੰ ਕਿਹਾ। ਕਿਰਪਾਲ ਬਿਲਕੁਲ ਚੁੱਪ ਸੀ। ਕਿਰਪਾਲ ਦੀ ਆਦਤ ਸੀ, ਬੰਦਾ ਕੁੱਟਣ ਲੱਗਾ ਵੀ ਤੇ ਮਾਰਨ ਲੱਗਾ ਵੀ ਚੁੱਪ ਰਹਿੰਦਾ ਸੀ। ਉਹਦੀ ਤੱਕਣੀ ਵੀ ਪੂਰੀ ਦਹਿਸ਼ਤ ਪਾਊ ਹੁੰਦੀ ਸੀ। ਜਦੋਂ ਮੈਨੂੰ ਬੱਬੂ ਟਾਊਟ ਦੀ ਮੁਖ਼ਬਰੀ ‘ਤੇ ਚੱਬੇ ਅਲੋਂ ਫੜ ਕੇ ਇਥੇ ਲਿਆਏ ਸਨ, ਉਦੋਂ ਕਿਰਪਾਲ ਨੇ ਹੀ ਮੈਨੂੰ ਸਭ ਤੋਂ ਵੱਧ ਤਸੀਹੇ ਦਿੱਤੇ ਸਨ।
“ਤਿਆਰ ਆਂ। ਤੂੰ ਦੱਸ, ਕਦੋਂ ਟਿਕਟ ਕੱਟਣਾ ਆ ਮੇਰਾ?” ਜੱਸਾ ਨਿਰਭੈ ਸੀ।
“ਦੁਪਹਿਰੋਂ ਬਾਅਦ।” ਕਿਰਪਾਲ ਨੇ ਹੌਲੀ ਜਿਹੀ ਕਿਹਾ ਤੇ ਫੇਰ ਦੋਹੇਂ ਚਲੇ ਗਏ।
“ਭਾਅ। ਹੁਣ ਵੇਲਾ ਆ ਗਿਐ। ਮੈਨੂੰ ਤੇਰੀ ਲੋੜ ਐ। ਮੈਂ ਐਵੇਂ ਨਹੀਂ ਸ਼ਰਮੇ ਨੂੰ ਦੋ ਲੱਖ ਦੇ ਕੇ ਤੇਰਾ ਸਾਥ ਮੰਗਿਆ।” ਜੱਸਾ ਉਨ੍ਹਾਂ ਦੋਹਾਂ ਦੇ ਜਾਂਦਿਆਂ ਹੀ ਮੈਨੂੰ ਕਹਿਣ ਲੱਗਾ।
“ਦੱਸ। ਸੇਵਾ ਦੱਸ?” ਮੈਂ ਦਿਲੋਂ ਕਿਹਾ।
“ਭਾਅ! ਚੰਨਾ ਨੱਥ ਤੇ ਕਿਰਪਾਲ, ਤੇਰੇ ਨਾਲ ਦੋਹੇਂ ਬੜੇ ਸੂਤਰ ਇਆ। ਤੂੰ ਇਨ੍ਹਾਂ ਨੂੰ ਕਹਿ ਕਿ ਮੇਰੀ ਛਾਤੀ ਉਪਰੋਂ ਟਰੱਕ ਲੰਘਾ ਕੇ ਮੈਨੂੰ ਮਾਰਨ। ਮੈਂ ਗੋਲੀ ਨਾਲ ਨਹੀਂ ਮਰਨਾ। ਚਾਹੁੰਦਾ।” ਉਹਨੇ ਪੱਕੀ ਆਵਾਜ਼ ਵਿਚ ਕਿਹਾ।
ਹੈਰਾਨੀ ਨਾਲ ਮੇਰਾ ਮੂੰਹ ਖੁੱਲ੍ਹਾ ਰਹਿ ਗਿਆ। ਮੈਂ ਕਦੀ ਤਵੱਕੋ ਨਹੀਂ ਸੀ ਕੀਤੀ ਕਿ ਜੱਸਾ ਏਦਾਂ ਦੀ ਮੌਤ ਮੰਗੇਗਾ। ਅੰਤ ਹਾਰ ਕੇ ਮੇਰੇ ਮੂੰਹੋਂ ਨਿਕਲਿਆ, “ਯਾਰ ਤੂੰ ਕਿੱਦਾਂ ਦੀਆਂ ਗੱਲਾਂ ਕਰਦਾਂ?”
“ਮੈਂ ਜੋ ਕਹੇਂ, ਦੇਣ ਨੂੰ ਤਿਆਰ ਆਂ। ਅਜੇ ਵੀ ਮੇਰੇ ਕੋਲ ਇਕ ਜਗ੍ਹਾ ਡੇਢ ਲੱਖ ਦੱਬਿਆ ਪਿਆ। ਮੈਂ ਚੰਨੇ ਨੱਥ ਹੁਰਾਂ ਨੂੰ ਜਗ੍ਹਾ ਦੱਸਦਾਂ। ਬਸ ਮੇਰਾ ਵੀਰ, ਤੂੰ ਕਹਿ ਕੁਹਾ ਕੇ ਉਨ੍ਹਾਂ ਨੂੰ ਰਾਜ਼ੀ ਕਰ ਲੈ, ਪਈ ਉਹ ਮੈਨੂੰ ਛਾਤੀ ਤੋਂ ਟਰੱਕ ਲੰਘਾ ਕੇ ਮਾਰਨ।” ਉਹ ਮੇਰੇ ਤਰਲੇ ਪਾਉਣ ‘ਤੇ ਉਤਰ ਆਇਆ ਸੀ।
ਹੁਣ ਮੈਨੂੰ ਕੁਛ ਸੁਝ ਨਹੀਂ ਰਿਹਾ ਸੀ। ਮੈਂ ਹਾਰ ਕੇ ਸਖ਼ਤੀ ਨਾਲ ਕਿਹਾ, “ਯਾਰ, ਤੂੰ ਕਮਲ਼ਾ ਇਆਂ। ਦੱਸ ਭਲਾ ਇੰਜ ਮੰਗਿਆਂ ਵੀ ਮੌਤ ਮਿਲਦੀ ਐ?”
ਉਹ ਲੰਮਾ ਪਿਆ ਵਾਰ-ਵਾਰ ਹਿੱਲੀ ਜਾਂਦਾ ਤੇ ਮੈਨੂੰ ਮਜਬੂਰ ਕਰਨ ਲੱਗਾ ਕਿ ਮੈਂ ਚੰਨੇ ਹੋਰਾਂ ਕੋਲ ਜਾ ਕੇ ਗੱਲ ਕਰਾਂ। ਉਠ ਕੇ ਮੈਂ ਚੰਨੇ ਕੋਲ ਉਹਦੇ ਕਮਰੇ ਵਿਚ ਚਲਾ ਗਿਆ। ਸਾਰੀ ਗੱਲ ਸੁਣ ਕੇ ਚੰਨਾ ਪਾਗਲਾਂ ਵਾਂਗ ਹੱਸਣ ਲਗ ਪਿਆ ਤੇ ਮੈਨੂੰ ਕਹਿਣ ਲੱਗਾ, “ਭੈਣ ਦਾ ਯਾਰ। ਹੁਣ ਸੌਖੀ ਮੌਤ ਮੰਗਦੈ। ਪਹਿਲਾਂ ਆਪ ਪੁਲਸੀਆ ਹੋ ਕੇ ਵੀ ਸਾਡੇ ਪੁਲਸੀਏ ਭਰਾ ਮਾਰਦਾ ਰਿਹੈ ਚੋਰੀ। ਹੁਣ ਡਰਦੈ? ਅਜੈਬੇ ਨੇ ਤੇ ਇਹਦੇ ਲਈ ਸਾਨੂੰ ਬੜਾ ਸਖ਼ਤ ਆਡਰ ਕੱਢਿਐ। ਉਹਨੇ ਤੇ ਲੋਹੇ ਦਾ ਫੰਦਾ ਵੀ ਪੱਲਿਓਂ ਤਿਆਰ ਕਰ ਕੇ ਦਿੱਤੈ। ਅਸੀਂ ਇਥੋਂ ਹੀ ਇਹਦੇ ਗਲ ‘ਚ ਲੋਹੇ ਦਾ ਫੰਦਾ ਪਾਉਣੈ, ਤੇ ਤੜਫਾਂਦੇ ਨੂੰ ਮੰਡ ਲਿਜਾ ਕੇ ਮਾਰ ਕੇ ਸੁੱਟਣੈ। ਇਹਦਾ ਸਾਹ ਅਸੀਂ ਅੱਧਾ-ਪੌਣਾ ਘੰਟਾ, ਨਾ ਆਉਣ ਦੇਣੈ, ਤੇ ਨਾ ਇਹਨੂੰ ਮਰਨ ਦੇਣਾ ਏ। ਤੂੰ ਜਾ ਕੇ ਦੱਸ ਦੇਹ ਉਹਨੂੰ।”
ਮੈਂ ਆ ਕੇ ਜੱਸੇ ਨੂੰ ਸਭ ਕੁਝ ਦੱਸ ਦਿੱਤਾ। ਉਹ ਚੁੱਪ ਹੋ ਗਿਆ। ਮੈਂ ਵੀ ਕੁਛ ਚਿਰ ਖਾਮੋਸ਼ ਰਿਹਾ। ਹਾਰ ਕੇ ਮੈਂ ਕਿਹਾ, “ਭਾਅ। ਤੂੰ ਹਾਅ, ਏਦਾਂ ਦੀ ਮੌਤ ਕਿਉਂ ਮੰਗਦਂੈ?”
“ਮੈਨੂੰ ਪਤਾ ਸੀ, ਤੂੰ ਇਹ ਸੁਆਲ ਕਰੇਂਗਾ। ਮੈਂ ਵੀ ਤੈਨੂੰ ਦੱਸ ਕੇ ਜਾਵਾਂਗਾ। ਹੁਣ ਮੇਰੇ ਕੋਲ ਸਮਾਂ ਘੱਟ ਏ। ਮੈਂ ਦਿਲ ਤੋਂ ਬੋਝ ਲਾਹੁਣਾ ਚਾਹੁੰਨਾਂ। ਤੂੰ ਪਹਿਲਾ ਤੇ ਅਖਰੀ ਸ਼ਖ਼ਸ ਏਂ, ਜੀਹਨੂੰ ਮੈਂ ਇਹ ਭੇਤ ਦੱਸ ਕੇ ਮਰਨੈਂ।” ਉਹ ਮੇਰੇ ਵੱਲ ਵੇਖ ਕੇ ਕਹਿਣ ਲੱਗਾ।
“ਮੈਨੂੰ ਪਾਸਾ ਦਵਾ ਦੇਹ।” ਉਹਨੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕਿਹਾ। ਮੈਂ ਪਾਸਾ ਦਵਾ ਦਿੱਤਾ ਤੇ ਉਹਦੇ ਬਿਲਕੁਲ ਮੂੰਹ ਦੇ ਕੋਲ ਹੋ ਕੇ ਕੰਧ ਨਾਲ ਢੋ ਲਾ ਕੇ ਬਹਿ ਗਿਆ। ਹੁਣ ਮੈਂ ਪੂਰੀ ਇਕਾਗਰਤਾ ਨਾਲ ਉਹਦੀ ਗੱਲ ਸੁਣਨ ਲਈ ਤਿਆਰ ਸਾਂ।
“ਗੱਲ ਏਦਾਂ ਸੀ ਵੱਡਿਆ। ਪਈ ਮੈਂ ਹੁਣ ਇਨ੍ਹਾਂ ਮਹੀਨਿਆਂ ਵਿਚ ਅਪਣੇ ਬਾਰੇ ਬੜਾ ਸੋਚਿਐ। ਮੈਂ ਆਪਣੇ ਸੁਭਾਅ ਦਾ ਤੇ ਜੀਵਨ ਦਾ ਆਪ ਬੜਾ ਨੇੜਿਓਂ ਹੋ ਕੇæææਇਹਨੂੰ ਸਮਝਣਾ ਚਾਹਿਆ ਏ।” ਉਹਨੂੰ ਗੱਲ ਕਰਨ ਲਈ ਸ਼ਬਦ ਨਹੀਂ ਸਨ ਅਹੁੜ ਰਹੇ।
“ਤੂੰ ਭਾਅ ਕਰੀ ਚੱਲ ਗੱਲ।” ਮੈਂ ਉਹਨੂੰ ਹੌਸਲਾ ਦਿੱਤਾ।
“ਗੱਲ ਏਦਾਂ ਸੀ ਪਈ, ਮੈਂ ਜਦੋਂ ਪੁਲਿਸ ‘ਚ ਚਲਾ ਗਿਆ ਤੇ ਮਾਅਰ ਮੈਂ ਕੋਈ ਜੀਅ ਜੰਤ ਮਾਰਿਆ! ਕੋਈ ਗਿਣਤੀ, ਕੋਈ ਹਿਸਾਬ ਨਹੀਂ। ਏਜੰਸੀਆਂ ਦੇ ਕਹਿਣ ‘ਤੇ ਮੈਂ ਅਖਬਾਰਾਂ ਆਲੇ ਮਾਰੇ। ਹਾਕਰ ਮਾਰੇ। ਮਾਸਟਰ ਮਾਰੇ। ਪਟਵਾਰੀ ਮਾਰੇ। ਡਾਂਸਰਾਂ ਮਾਰੀਆਂ, ਗੌਣ ਆਲੇ ਮਾਰੇ। ਖੁਸਰੇ ਮਾਰੇ। ਮੈਂ ਮਾਅਰ ਕੋਈ ਕੰਮ ਨਹੀਂ ਛੱਡਿਆ। ਮਾਰ ਕੇ ਕਦੀ ਮੈਂ ਪਰਚੀ ਬਾਬੇ ਮਾਨੋਚਾਹਲ ਦੀ ਸੁੱਟ ਦੇਣੀ। ਕਦੀ ਬੁੱਧ ਸਿੰਘ ਵਾਲੇ ਦੀ ਲਿਬਰੇਸ਼ਨ ਫੋਰਸ ਦੀ। ਕਦੀ ਬੱਬਰਾਂ ਦੀ। ਸਾਡੇ ਕੋਲ ਸਾਰੇ ਪੈਡ ਪਏ ਹੁੰਦੇ ਸਨ। ਸਿੱਖਾਂ ਨੂੰ ਕੀ ਪਤਾ ਲਗਣੈ ਪਈ ਇਥੇ ਤੇ ਖੰਡ ਦੀ ਬੋਰੀ ਨੂੰ ਸਾਰੇ ਕੁੱਤੇ ਹੀ ਸਰਕਾਰੀ ਚੰਬੜੇ ਹੋਏ ਸਨ। ਲੋਕ ਸਮਝਦੇ ਕਿ ਅਤਿਵਾਦੀ ਕੰਮ ਕਰ ਗਏ ਨੇ। ਤੇ ਬਹੁਤੇ ਕਾਂਡ ਮੈਂ ਜਾਂ ਸੋਖੇ ਕਾਲੇ ਦੀ ਬਣਾਈ ਸੈਨਾ ਨੇ ਕੀਤੇ ਹੁੰਦੇ ਸਨ। ਮੈਂ ਚੁੱਪ ਸਾਂ। ਮੈਨੂੰ ਤੇ ਇਨ੍ਹਾਂ ਮਹੀਨਿਆਂ ਵਿਚ ਇਨ੍ਹਾਂ ਸਭ ਗੱਲਾਂ ਦਾ ਚਾਨਣ ਹੋ ਚੁੱਕਾ ਸੀ ਕਿ ਕਿਵੇਂ ਦਿੱਲੀ ਸਰਕਾਰ ਆਪ ਹੀ ਸਾਨੂੰ ਖਾੜਕੂ ਬਣਾ ਰਹੀ ਏ ਤੇ ਆਪ ਹੀ ਸਾਡੀ ਸਫ਼ ਲਵੇਟੀ ਜਾ ਰਹੀ ਏ। ਪਰ ਅੱਜ ਜੱਸੇ ਦੇ ਮੂੰਹੋਂ ਸੁਣ ਕੇ ਚੰਗਾ ਲਗ ਰਿਹਾ ਸੀ।
“ਮੈਂ ਤੇ ਭਾਅ। ਤੇਰੇ ਨਾਂ ‘ਤੇ ਵੀ ਪੈਡ ਸੁੱਟ-ਸੁੱਟ ਕੇ ਬੜੇ ਬੰਦੇ ਮਾਰੇ। ਅੰਬਰਸਰ ਕੰਪਨੀ ਬਾਗ ਕੋਲ ਜਿਹੜੇ ‘ਜਨਸੰਘੀ’ ਸਵੇਰੇ ਸੈਰ ਕਰਦੇ ਮਾਰੇ ਸਨ ਨਾ, ਉਹ ਮੈਂ ਈ ਮਾਰੇ ਸਨ। ਪਰਚੀ ਮੈਂ ਤੇਰੇ ਨਾਂ ਦੀ, ਮਾਸਟਰ ਕਰਮ ਸਿੰਘ ਦੇ ਨਾਂ ਦੀ ਸੁੱਟ ਦਿੱਤੀ ਸੀ। ਤਰਨਤਾਰਨ ਆਲੇ ਦਸ ਲਾਲੇ ਵੀ ਮੈਂ ਈ ਬੱਸ ‘ਚੋਂ ਲਾਹ ਕੇ ਮਾਰੇ ਸਨ। ਨਾਂ ਤੇਰਾ ਦੇ’ਤਾ।” ਉਹ ਉਧੜ ਰਿਹਾ ਸੀ।
“ਹੁਣ ਛੱਡ ਪੁਰਾਣੀਆਂ ਗੱਲਾਂ ਵੀਰ,” ਮੈਂ ਕਿਹਾ।
“ਨਹੀਂ। ਇਹ ਦੱਸਣੀਆਂ ਜ਼ਰੂਰੀ ਨੇ। ਇਨ੍ਹਾਂ ਗੱਲਾਂ ਦਾ ਸਬੰਧ ਹੀ ਤੇ ਹੈ ਮੇਰੀ ਅਗਲੀ ਗੱਲ ਨਾਲ।” ਉਹਨੇ ਲੜੀ ਜੋੜੀ।
“ਅੱਗੋਂ ਗੱਲ ਭਾਅ ਇਹ ਈ ਕਿ ਮੇਰਾ ਦਿਲ ਬਚਪਨ ਤੋਂ ਹੀ ਵਹਿਸ਼ੀ ਜਿਹਾ ਸੀ। ਜਿਵੇਂ ਦਿਲ ਦੀ ਥਾਂ ਖਬਰੇ ਕੋਈ ਜੰਗਾਲ-ਖਾਧਾ ਲੋਹਾ ਰੱਖਿਆ ਸੀ। ਸ਼ਾਇਦ ਮੇਰੀ ਮਾਂ ਛੇਤੀ ਮਰ ਗਈ, ਉਹਦੇ ਵਿਗੋਚੇ ਕਰਕੇ ਮੈਂ ਇੰਜ ਹੋ ਗਿਆ। ਮਗਰੋਂ ਮੈਨੂੰ ਇੰਦਰ ਵਰਗੇ ਜਾਨਵਰ ਮਿਲ ਗਏ ਸਨ।
ਮੇਰੇ ਅੰਦਰਲਾ ਪਸ਼ੂ ਬਸ ਦਿਨੋਂ-ਦਿਨ ਵਧਦਾ ਹੀ ਗਿਆ ਸੀ। ਰੋਜ਼ ਮੈਂ ਤੇ ਮੇਰੇ ਸਾਥੀ ਕਿਸੇ ਨਾ ਕਿਸੇ ਨੂੰ ਮਾਰਨ ਲਈ ਲੱਭ ਈ ਲੈਂਦੇ। ਕੁੱਟਦੇ ਤਾਂ ਅਸੀਂ ਸਵਾਦ ਲੈ ਕੇ ਸਾਂ। ਆਹੀ ਫਕੀਰੀਆ ਮੇਰਾ ਪੁਰਾਣਾ ਆੜੀ। ਇਹਨੇ ਤੇ ਮੈਂ ਖਬਰੈ ਕੋਈ ਸੌ ਤੋਂ ਉਪਰ ਬੰਦਾ ਮਾਰਿਆ ਹੋਣੈ। ਮੈਂ ਤੇ ਇਹ ਮਸ਼ਹੂਰ ਸਾਂ। ਫਕੀਰੀਏ ਦੇ ਪੈਰਾਂ ਵਿਚ ਕੋਹੜ ਹੋਣ ਕਰਕੇ ਪਾਕ ਚੱਲਦੀ ਸੀ। ਨਾਭੇ ਦੀ ਟਾਡਾ ਆਲੀ ਜੇਲ੍ਹ ਵਿਚ ਫਕੀਰੀਆ ਇਹੀ ਪਾਕ ਆਲੇ ਪੈਰ ਬੰਨ੍ਹ ਕੇ ਲੰਮਾ ਸਮਾਂ ਮੁੰਡਿਆਂ ਦੇ ਪੈਰਾਂ ‘ਤੇ ਰਗੜਦਾ ਹੁੰਦਾ ਸੀ।” ਉਹਨੇ ਸਾਹ ਲੈ ਕੇ ਕਿਹਾ।
“ਫੇਰ। ਅੱਗੇ ਕੀ ਹੋਇਆ?” ਮੈਂ ਦਿਲਚਸਪੀ ਵਖਾਈ।
“ਦੱਸਦਾਂ।” ਉਹਨੇ ਲੰਮੇ ਸਾਹ ਲਏ।
“ਹੋਇਆ ਭਾਅ ਏਦਾਂ, ਪਈ ਸਾਨੂੰ, ਮੈਨੂੰ ਤੇ ਮੇਰੀ ਚੌਂਕੀ ਦੇ ਸਾਥੀਆਂ ਨੂੰ ਪਤਾ ਲੱਗਾ ਕਿ ਬਟਾਲੇ ਫਤਿਹਗੜ੍ਹ ਚੂੜੀਆਂ ਆਲੀ ਰੋਡ ‘ਤੇ ਮੀਲ ਕੁ ਹਟ ਕੇ ਜਿਹੜਾ ਬਾਜਵਾ ਟਰਾਂਸਪੋਰਟਰ ਇਆ, ਉਹਦੇ ਕੋਲ ਬਾਬਾ ਬਿਜਲਵਾਲ ਮਰਨ ਤੋਂ ਪਹਿਲਾਂ ਸੱਤਰ ਕੁ ਲੱਖ ਰੁਪਈਆ ਛੱਡ ਗਿਐ। ਉਦੋਂ ਮੇਰੀ
ਡਿਊਟੀ ਅਚਲ ਬਟਾਲੇ ਤੋਂ ਪਹਿਲਾਂ ਸੜਕ ਆਲੀ ਚੌਂਕੀ ਵਿਚ ਸੀਗੀ। ਅਸੀਂ, ਮੈਂ ਤੇ ਛੋਟੇ ਥਾਣੇਦਾਰ ਗੁਰਮੁਖ ਤੇ ਸਾਡੀ ਜੁੰਡੀ ਦੇ ਦੋ ਸ਼ਪਾਹੀ, ਤਿਲਕੂ ਤੇ ਰਾਮ ਸਿੰਘ ਨੇ ਰਾਤ ਨੂੰ ਉਸ ਬਾਜਵੇ ਨਾਲ ਲੇਖਾ ਕਰਨ ਦੀ ਸਲਾਹ ਬਣਾਈ। ਮੁਖ਼ਬਰ ਨੇ ਦੱਸਿਆ ਸੀ ਪਈ ਪੈਸਾ ਉਹਦੇ ਘਰ ‘ਚ ਹੀ ਹੈ, ਅਜੇ ਕਿਸੇ ਲੇਖੇ ਨਹੀਂ ਲੱਗਾ। ਅਸੀਂ ਬਟਾਲੇ ਆਲੇ ਐਸ਼ਐਸ਼ਪੀæ ਨੂੰ ਗੱਲ ਖੋਲ੍ਹ ਦਿੱਤੀ ਤੇ ਹਿੱਸਾਪੱਤੀ ਮੰਨ ਕੇ ਅੱਧੀ ਰਾਤ ਨੂੰ ਜਾ ਬਾਜਵੇ ਦਾ ਬੂਹਾ ਭੰਨਿਆ। ਪਹਿਲਾਂ ਉਹ ਖੋਲ੍ਹੇ ਨਾ, ਅਸੀਂ ਪੰਜ ਛੇ ਹੋਮਗਾਰਡੀਏ ਪਿਛਲੀ ਕੰਧ ਵੱਲ ਖੜ੍ਹੇ ਕੀਤੇ ਹੋਏ ਸਨ ਕਿ ਉਧਰੋਂ ਕੋਈ ਨਾ ਭੱਜੇ। ਇਧਰੋਂ ਅਸੀਂ ਚਾਰਾਂ ਬੂਹੇ ਭੰਨ ਕੇ ਖੁਲ੍ਹਵਾ ਲਏ। ਘਰ ਸਿਰਫ ਉਹ ਟਰਾਂਸਪੋਰਟਰ, ਉਹਦੀ ਬੀਵੀ ਤੇ ਉਨ੍ਹਾਂ ਦੀ ਇਕ ਦੋ ਢਾਈ ਸਾਲ ਦੀ ਬਾਲੜੀ ਹੀ ਸਨ। ਬਾਕੀ ਟੱਬਰ ਸ਼ਾਇਦ ਦੂਸਰੇ ਘਰ ਹੋਏਗਾ, ਮੈਨੂੰ ਪਤਾ ਨਹੀਂ।”
“ਲੈ ਬਈ ਮਾਸਟਰਾ। ਕੋਈ ਪੱਕੀ ਹੱਡੀ ਵੇਖੀ ਤੇ ਉਹ ਬਾਜਵਾ ਸਾਈ। ਅਸੀਂ ਉਸ ਉਜਾੜ ਘਰ ਤੇ ਉਜਾੜ ਆਸ-ਪਾਸ ਵਿਚ ਬਗੈਰ ਚੀਕਾਂ ਦੀ ਪਰਵਾਹ ਕੀਤੀਆਂ ਉਹਦੇ ਸਾਰੇ ਹੱਡ ਤੋੜੇ ਪਰ ਉਹਨੇ ਪੈਸੇ ਦੀ ਹਵਾ ਨਹੀਂ ਦਿੱਤੀ। ਹਾਰ ਕੇ ਉਹਦੀ ਵਹੁਟੀ ਮਾਰੀ। ਉਹ ਤੇ ਸਗੋਂ ਹੋਰ ਸ਼ੇਰ ਹੋ ਗਿਆ। ਕਹਿੰਦਾ, ਹੁਣ ਤੇ ਮੇਰਾ ਥਣ ਫੜ ਲਓ। ਮੈਂ ਕੁਝ ਨਹੀਂ ਦਵਾਲ। ਜੀਹਦੇ ਲਈ ਭੱਜਾ ਫਿਰਦਾ ਸਾਂ, ਉਹ ਤੇ ਤੁਸੀਂ ਮਾਰ ਘੱਤੀ। ਉਹ ਤੇ ਮਾਸਟਰਾ, ਸਾਨੂੰ ਗਾਲ੍ਹਾਂ ਕੱਢੀ ਜਾਏ।” ਉਹਨੇ ਸਾਹ ਲਿਆ।
“ਲੈ ਬਈ ਮਾਸਟਰਾ। ਉਹਦੀਆਂ ਗਾਲ੍ਹਾਂ ਨਾਲ ਮੇਰੇ ਸਿਰ ਨੂੰ ਪਤਾ ਨਹੀਂ ਕੀ ਘੇਰਨੀ ਚੜ੍ਹੀ? ਮੈਂ ਉਹਦੀ ਉਹ ਦੋ-ਢਾਈ ਸਾਲ ਦੀ ਬਾਲੜੀ ਉਹਦੇ ਸਾਹਮਣੇ ਹੀ ਲੱਤਾਂ ਤੋਂ ਫੜੀ ਤੇ ਗੁੱਸੇ ‘ਚ ਜ਼ੋਰ ਦੀ ਜ਼ਮੀਨ ‘ਤੇ ਮਾਰੀ। ਜਿੱਦਾਂ ਕੱਪੜਾ ਧੋਣ ਲਗਿਆਂ ਮਾਰੀਦੈ ਨਾ ਜ਼ਮੀਨ ‘ਤੇ ਏਦਾਂ ਮਾਰੀ। ਉਹਨੇ ਬਾਲੜੀ ਨੇ ਮੇਰੇ ਹੱਥਾਂ ‘ਚ ਆਖਰੀ ਵਾਰ ਝੂਲਦਿਆਂ ਨਜ਼ਰ ਭਰ ਕੇ ਮੇਰੇ ਵੱਲ ਵੇਖਿਆ, ਤੇæææਤੇ ਸਕਿੰਟ ਕੁ ਬਾਅਦ ਉਹਦਾ ਖਖੜੀਆਂ ਹੋਇਆ ਸਿਰ ਦੋ ਟੋਟਿਆਂ ਵਿਚ ਖਿਲਰ ਗਿਆ।”
ਮੈਂ ਸੁਣ ਕੇ ਸੁੰਨ ਹੋ ਗਿਆ। ਕਿੰਨੀ ਦੇਰ ਜੱਸਾ ਵੀ ਚੁੱਪ ਰਿਹਾ। ਉਹ ਮੇਰੇ ਮੂੰਹ ਵੱਲ ਵੇਖੀ ਗਿਆ। ਹਾਰ ਕੇ ਉਹਨੇ ਕਿਹਾ, “ਮੈਨੂੰ ਪਤਾ ਸੀ, ਤੂੰ ਸੁਣ ਕੇ ਸੁੰਨ ਹੋ ਜਾਣੈ। ਕਹੇਂ ਤਾਂ ਅੱਗੋਂ ਦੱਸਾਂ?”
“ਪਰ æææਪਰ ਇਹਦੇ ਪਿਉ ਦਾ ਕੀ ਬਣਿਆ?” ਮੈਂ ਏਨਾ ਹੀ ਕਹਿ ਸਕਿਆ।
“ਉਹ ਤੇ ਉਸ ਬਾਲੜੀ ਦੀ ਮੌਤ ਵੇਖ ਕੇ ਬੇਹੋਸ਼ ਹੋ ਗਿਆ। ਹਾਰ ਕੇ ਗੁਰਮੁਖ ਨੇ ਗੋਲੀ ਮਾਰ ਕੇ ਉਥੇ ਹੀ ਉਹਨੂੰ ਮਾਰ ਦਿੱਤਾ। ਤੇ ਅਸੀਂ ਸਾਰੇ ਖਾਲੀ ਹੱਥ ਉਥੋਂ ਆ ਗਏ। ਐਸ਼ਐਸ਼ਪੀæ ਨੂੰ ਆ ਕੇ ਅਸੀਂ ਰਿਪੋਰਟ ਕਰ ਦਿੱਤੀ। ਸਵੇਰੇ ਉਹਨੇ ਪੱਤਰਕਾਰਾਂ ਨੂੰ ਸੱਦ ਕੇ ਇਹਨੂੰ ਖਾੜਕੂਆਂ ਦੀ ਆਪਸੀ ਲੜਾਈ ਕਹਿ ਦਿੱਤਾ।
“ਫੇਰ?”
“ਫੇਰ ਕੀ ਭਾਅ? ਅਸੀਂ ਭੁੱਲ-ਭੁਲਾ ਗਏ। ਪਰ ਹਫ਼ਤੇ ਕੁ ਬਾਅਦ ਹੀ ਨਾ, ਰੋਜ਼ ਰਾਤ ਜਦ ਮੈਂ
ਸ਼ਰਾਬ ਨਾਲ ਲੇਹੜ ਕੇ ਸੌਵਾਂ, ਕਿ ਬਸ ਰਾਤ ਨੂੰ ਇਕ-ਡੇਢ ਵਜੇ ਰੋਜ਼ ਕੋਈ ਮੈਨੂੰ ਡਰਾ ਕੇ ਜਗਾ ਦੇਵੇ। ਅੱਖਾਂ ਬੰਦ ਕਰਾਂ, ਤਾਂ ਵੀ ਦਿਖੇ ਤੇ ਅੱਖਾਂ ਖੋਲ੍ਹਾਂ ਤਾਂ ਵੀ ਦਿਖੇ।’ ਉਸ ਕਿਹਾ।
“ਕੀ ਦਿਖੇ?” ਮੈਂ ਪੁੱਛਿਆ
“ਬਸ ਭਾਅ। ਉਹ ਦੋ-ਢਾਈ ਕੁ ਸਾਲ ਦੀ ਬਾਲੜੀ ਦਿਖੀ ਜਾਏ। ਇਕ ਹੱਥ ‘ਚ ਉਹਦੇ ਖਾਕੀ ਵਰਦੀ ਹੋਇਆ ਕਰੇ ਤੇ ਦੂਸਰੇ ਵਿਚ ਕਿਸੇ ਟੁੱਟੇ ਤੇ ਫਿੱਸੇ ਹੋਏ ਸਿਰ ਦੇ ਹਿੱਸੇ ਹੋਣ। ਰੋਜ਼ ਮੈਂ ਡਰ ਕੇ ਉਠ ਜਾਵਾਂ। ਰਾਤ ਨੀਂਦ ਨਾ ਪਵੇ। ਸਵੇਰੇ ਚੈਨ ਨਾ ਆਵੇ। ਮੈਂ ਅੱਧ ਪਾਗਲ ਜਿਹਾ ਹੋ ਗਿਆ। ਅੰਬਰਸਰ ਵਾਲੇ ਵੀ ਤੇ ਤਰਨਤਾਰਨ ਵਾਲੇ ਵੀ, ਐਸ਼ਪੀæ ਕਹਿਣ, ਕੀ ਹੋ ਗਿਐ ਤੇਰੇ ਚਿਹਰੇ ਨੂੰ? ਜੇ ਬਟਾਲਾ ਨਹੀਂ ਮਾਫਕ ਤਾਂ ਸਾਡੇ ਕੋਲ ਆ ਜਾਹ। ਪਰ ਮੈਂ ਉਨ੍ਹਾਂ ਨੂੰ ਕੀ ਦੱਸਦਾ? ਮੈਂ ਸ਼ਰਾਬ ਬਹੁਤ ਵਧਾ ਦਿੱਤੀ, ਪਰ ਚੈਨ ਕਿਥੇ? ਹਾਰ ਕੇ ਮੈਂ ਚਾਟੀਵਿੰਡ ਆਲੇ ਪੀਰ ਗਾਲੜ੍ਹ ਸ਼ਾਹ ਕੋਲ ਗਿਆ। ਉਹਨੇ ਮੈਨੂੰ ਬਿਨਾਂ ਕੁਝ ਪੁਛੇ ਕਹਿ ਦਿੱਤਾ ਕਿ ਕੋਈ ਕੰਨਿਆ ਤੇਰੀ ਮੌਤ ਲਿਆ ਰਹੀ ਹੈ। ਮੈਂ ਦਿਲ ‘ਚ ਉਹਨੂੰ ਲੱਖ ਗਾਲ੍ਹ ਕੱਢੀ ਤੇ ਆ ਗਿਆ। ਬਈ ਭੜੂਵਿਆ। ਮੌਤ ਮੈਨੂੰ ਕੀ ਕਰੇਗੀ? ਮੈਨੂੰ  ਨੀਂਦ ਤੇ ਦੇਹ ਇਕ ਰਾਤ।” ਉਹ ਰੁਕ ਗਿਆ।
“ਫੇਰ ਤੂੰ ਕੀ ਕੀਤਾ?” ਮੈਂ ਗੱਲਬਾਤ ਰੁਕਣ ਨਹੀਂ ਦੇਣਾ ਚਾਹੁੰਦਾ ਸਾਂ। ਮੇਰੇ ਲਈ ਇਹ ਅਸਲੋਂ ਹੀ ਅੱਲੋਕਾਰ ਗੱਲਾਂ ਸਨ। ਜੀਵਨ ਦੇ ਏਨੇ ਭਿਆਨਕ ਰੰਗ ਵੇਖ ਕੇ ਵੀ ਮੈਨੂੰ ਇਹ ਗੱਲਾਂ ਤੇ ਜੱਸੇ ਦਾ ਇਹ ਵਰਤਾਰਾ ਜਿਵੇਂ ਸੁੰਨ ਕਰ ਰਿਹਾ ਸੀ।
“ਫੇਰ ਕੀ ਭਾਅ ਵੱਡਿਆ?” ਮੈਂ ਸੋਚਿਆ, ਪਈ ਉਹ ਸ਼ਾਇਦ ਮੈਨੂੰ ਪੁਲਿਸ ਦੀ ਵਰਦੀ ਵਖਾ ਕੇ ਮੈਥੋਂ ਕੋਈ ਕੁਰਬਾਨੀ ਮੰਗਦੀ ਏ। ਮਰਦਾ ਕੀ ਨਾ ਕਰਦਾ? ਮੇਰਾ ਡਮਾਗ ਤੇ ਹਿੱਲ ਚੁੱਕਾ ਸੀ। ਰੋਜ਼ ਰਾਤ ਨੂੰ ਮੈਂ ਸਾਦੇ ਕੱਪੜੇ ਪਾ ਕੇ ਜਾਣਾ ਤੇ ਜਿੰਨੇ ਕੁ ਵੀ ਵਾਕਫ਼ ਪੁਲਸੀਆਂ ਦੇ ਘਰ ਸਨ, ਚਾਹੇ ਉਹ ਹੋਮਗਾਰਡੀਆ ਵੀ ਹੋਵੇ, ਉਨ੍ਹਾਂ ਵੱਲ ਜਾ ਕੇ ਤਾੜ ਰੱਖਣੀ। ਜਦੋਂ ਦਾਅ ਲੱਗਣਾ, ਕੋਈ ਨਾ ਕੋਈ ਸਿਪਾਹੀ, ਕੋਈ ਹੋਮਗਾਰਡੀਆ, ਜਾਂ ਛੋਟਾ ਥਾਣੇਦਾਰ ਮਾਰ ਕੇ ਸੁੱਟ ਆਉਣਾ। ਤੇ ਸੱਚ ਜਾਣੀਂ। ਇਕ ਦੋ ਦਿਨ ਉਸ ਕੁੜੀ ਦੇ ਭੂਤ ਨੇ ਨਾ ਆਉਣਾ। ਪਰ ਤੀਸਰੇ ਕੁ ਦਿਨ ਫੇਰ ਉਸੇ ਬਾਲੜੀ ਨੇ ਆ ਵਖਾਲੀ ਦੇਣੀ। ਅੰਤ ਮੈਂ ਗੈਰ-ਹਾਜ਼ਰ ਹੋਣ ਲਗ ਪਿਆ ਤੇ ਪਾਗਲਾਂ ਵਾਂਗ ਇਕ ਜ਼ਿਲੇ ਤੋਂ ਦੂਜੇ ਜ਼ਿਲੇ ਵਿਚ ਭਟਕਣ ਲੱਗ ਪਿਆ।” ਉਸ ਕਿਹਾ।
ਮੈਂ ਚੁੱਪ ਸਾਂ। ਉਸ ਆਪੇ ਫਿਰ ਗੱਲ ਛੋਹੀ।
“ਮੇਰਾ ਭਾਅ। ਪਾਗਲਪਣ ਬਹੁਤ ਵਧ ਗਿਆ ਸੀ। ਵਾਕਫੀ ਮੇਰੀ ਬੜੀ ਸੀ। ਮੈਂ ਪਤਾ ਕਰਨਾ ਕਿ ਕਿਹੜਾ ਸਿਪਾਹੀ ਕਿਸ ਥਾਣੇ ਤੋਂ ਰੋਜ਼ ਘਰ ਜਾਂਦੈ। ਜਾਂ ਕਿਹੜਾ ਛੁੱਟੀ ‘ਤੇ ਚੱਲ ਰਿਹਾ ਹੈ? ਮੈਂ ਜਿਥੇ ਦਾਅ ਲੱਗਣਾ, ਮਾਰੀ ਟੁਰੀ ਜਾਣੇ। ਹਾਲਤ ਇਹ ਹੋ ਗਈ ਕਿ ਮੈਂ ਆਪਣੇ ਵਰ੍ਹਿਆਂ ਦੇ ਸਾਥੀ ਤਿਲਕੂ ਤੇ ਗੁਰਮੁਖ ਵੀ ਮਾਰ ਸੁੱਟੇ। ਰਾਮ ਸੁੰਹ ਬਚ ਗਿਆ ਸੀ। ਮਾਅਰ ਪੁਲਿਸ ‘ਚ ਤੇ ਰੌਲਾ ਪੈ ਗਿਆ ਕਿ ਕੌਣ ਸਾਡੇ ਜਵਾਨ ਏਦਾਂ ਗੁਪਤ ਰੂਪ ਵਿਚ ਮਾਰੀ ਜਾ ਰਿਹੈ?”
“ਪਰ ਭਾਅ। ਤੂੰ ਫੜਿਆ ਨਾ ਗਿਆ?” ਮੈਂ ਕਿਹਾ।
“ਫੜਿਆ ਮੈਂ ਟੱਟੂ ਜਾਣਾ ਸੀ? ਮੇਰੇ ‘ਤੇ ਤਾਂ ਕਿਸੇ ਨੂੰ ਸ਼ੱਕ ਵੀ ਨਹੀਂ ਸੀ ਹੁੰਦਾ। ਸਵੇਰੇ ਮੈਂ ਕਮਲਿਆਂ ਵਾਂਗ ਥਾਣੇ ਫਿਰਦਾ ਰਹਿੰਦਾ। ਹਰ ਕੋਈ ਸਮਝਦਾ, ਕਿਸੇ ਅਤਿਵਾਦੀ ਜਾਂ ਕਿਸੇ ਪਨਾਹ ਦੇਣ ਵਾਲੇ ਦੀ ਮਾਰ ਵਿਚ ਫਿਰਦੈ। ਤੇ ਸ਼ੱਕ ਮੇਰੇ ‘ਤੇ ਹੁੰਦਾ ਹੀ ਨਹੀਂ ਸੀ। ਉਹ ਤੇ ਇਸ ਲਿਬਰੇਸ਼ਨ ਵਾਲੇ ਸੀਤਲ ਸੁੰਹ ਮਹਿਤੇ ਚੌਕ ਆਲੇ ਦੀ ਬੇੜੀ ਬਹਿ ਗਈ ਤੇ ਮੈਂ ਫੜਿਆ ਗਿਆ।” ਉਸ ਕਿਹਾ।
“ਸੀਤਲ ਨੇ ਕਿੱਦਾਂ ਤੈਨੂੰ ਫੜਿਆ?” ਮੈਂ ਪੁੱਛਿਆ।
“ਉਹ ਮੈਂ ਨਾ ਮਾਸਟਰਾ। ਧੂਲਕੇ ਅਲ ਕਿਤੇ ਇਕ ਰਾਤ ਕਿਸੇ ਹੋਮਗਾਰਡੀਏ ਦਾ ਕੰਮ ਕਰਨ ਗਿਆ ਸਾਂ। ਮੈਨੂੰ ਪੱਕਾ ਪਤਾ ਲੱਗਾ ਸੀ ਕਿ ਪਈ ਉਹ ਰਾਤ ਨੂੰ ਸੈਕਲ ‘ਤੇ ਪਿੰਡ ਨੂੰ ਜਾਂਦੈ। ਜਦ ਨਾ ਮੈਂ ਉਹਨੂੰ ਮਾਰਨ ਲੱਗਾ, ਉਹਨੇ ਕਿਹਾ “ਕੌਣ ਐ?” ਉਹਦੇ ਲਲਕਾਰੇ ਦੇ ਜਵਾਬ ਵਿਚ ਮੈਂ ਕਿਤੇ ਕਹਿ ਬੈਠਾ, “ਹੁਣ ਕਿੱਥੇ ਜਾਏਂਗਾ? ਮੈਂ ਤੇਰਾ ਭਣੋਈਆ ਸੀਤਲ ਇਆਂ।” ਉਹਨੂੰ ਤੇ ਮਾਰ ਦਿੱਤਾ, ਪਰ ਮੈਂ ਨਸ਼ੇ ਕਾਰਨ ਇਹ ਨਾ ਵੇਖ ਸਕਿਆ ਕਿ ਮਗਰ ਇਕ ਹੋਰ ਸਾਇਕਲ ਵੀ ਆ ਰਿਹਾ ਸੀ। ਉਹ ਖਬਰੇ ਕੋਈ ਦੋਧੀ ਸੀ, ਜਿਹੜਾ ਕਿਤੇ ਸੀਤਲ ਦਾ ਰਿਸ਼ਤੇਦਾਰ ਸੀ। ਲਉ ਜੀ, ਉਹ ਅਗਲੀ ਸਵੇਰ ਸੀਤਲ ਨੂੰ ਦੱਸ ਆਇਆ, ਪਈ ਤੇਰੇ ਨਾਂ ਤੇ ਤਾਂ ਰਾਤੀਂ ਸਾਡੇ ਪਿੰਡ ਆਲਾ ਹੋਮਗਾਰਡੀਆ ਮਾਰ ਤਾ ਤੇ ਤੂੰ ਇਥੇ ਫਿਰੀ ਜਾਂਨੈ। ਲਉ ਜੀ, ਸੀਤਲ ਸੀ ਪੰਜਾਬ ਪੁਲਿਸ ਦਾ ਬੰਦਾ।
ਮੈਂ ਐਵੇਂ ਉਹਦਾ ਨਾਂ ਲੈ ਤਾ। ਉਹ ਤੇ ਜੀ ਫੱਟ ਐਸ਼ਪੀæ ਕੋਲ ਪੁੱਜਦਾ ਹੋ ਗਿਆ। ਤੇ ਨਾਲੇ ਸੀæਆਈæਡੀæ ਮਗਰ ਲਾ’ਤੀ। ਤੇ ਲਉ ਜੀ, ਸੀæਆਈæਡੀæ ਆਲਿਆਂ ਹਫ਼ਤਾ ਨਹੀਂ ਪੈਣ ਦਿੱਤਾ, ਮੈਨੂੰ ਫੜ ਕੇ ਅਜੈਬੇ ਕੋਲ ਦੇ ਗਏ। ਪਹਿਲੇ ਤੇ ਜਲੰਧਰ ਪੁਲਿਸ ਆਲੇ ਲੈ ਗਏ, ਕਿਉਂਕਿ ਮੈਂ ਪਹਿਲਾਂ ਜਿਸ ਐਸ਼ਐਸ਼ਪੀæ ਨਾਲ ਸਾਂ, ਉਹ ਜਲੰਧਰ ਜਾ ਵੜਿਆ ਸੀ। ਉਹਨੇ ਫੇਰ ਮੈਨੂੰ ਅਜੈਬੇ ਨੂੰ ਦੇ ਦਿੱਤਾ। ਮੈਂ ਖਬਰੇ, ਕੋਈ ਪੰਤਾਲੀ ਜਾਂ ਪੰਜਾਹ ਕੁ ਦੇ ਲਾਗੇ ਸਿਪਾਹੀ ਮਾਰੇ ਹੋਣੇ ਆ।” ਉਹਨੇ ਲੰਮਾ ਸਾਹ ਲੈ ਕੇ ਆਪਣੀ ਰਾਮ ਕਹਾਣੀ ਮੁਕਾ ਦਿੱਤੀ।
“ਪਰ ਹੁਣ ਤੂੰ ਕੀ ਚਾਹੁੰਨਂੈ?” ਮੈਂ ਕਿਹਾ।
“ਮੈਂ ਭਾਅ। ਬਸ ਇਹੀ ਚਾਹੁੰਨਾਂ ਕਿ ਵੱਡਾ ਟਰੱਕ ਮੇਰੀ ਛਾਤੀ ਤੋਂ ਲੰਘਾ ਦਿਉ।” ਉਸ ਫੇਰ ਕਿਹਾ।
“ਇਹ ਕਦੰਤ ਨਹੀਂ ਹੋ ਸਕਦਾ।” ਮੈਂ ਅੱਕ ਕੇ ਕਿਹਾ।
“ਹੋ ਕਿਉਂ ਨਹੀਂ ਸਕਦਾ? ਬਘੇਲੇ ਨੂੰ ਵੀ ਤੇ ਅਜੈਬੇ ਦੇ ਬੰਦਿਆਂ ਵੱਡੇ ਟਰੱਕ ਥੱਲੇ ਸਿਰ ਫੇਹ ਕੇ ਮਾਰਿਆ ਸੀ।” ਉਹਨੇ ਮੈਨੂੰ ਜਿਵੇਂ ਸੂਚਨਾ ਦਿੱਤੀ।
“ਉਏ, ਉਹ ਤੇ ਗਿੱਲ ਦਾ ਹੁਕਮ ਸੀ।” ਮੈਂ ਉਹਨੂੰ ਸੱਚ ਦੱਸ ਦਿੱਤਾ।
“ਪਰ ਭਾਅ। ਮੈਂ ਤੇ ਆਪ ਹੀ ਟਰੱਕ ਥੱਲੇ ਆ ਕੇ ਮਰਨਾ ਚਾਹੁੰਨਾਂ। ਫੇਰ ਕਿਸੇ ਨੂੰ ਕੀ ‘ਤਰਾਜ ਐ?” ਉਸ ਬੱਚਿਆਂ ਵਰਗਾ ਹੱਠ ਕੀਤਾ।
“ਪਰ ਯਾਰ। ਤੂੰ ਇਸ ਸਿਆਪੇ ‘ਚ ਕਿਉਂ ਪੈਨੈਂ? ਗੱਲ ਕੀ ਆ ਵਿਚੋਂ?” ਮੈਂ ਅੱਕ ਕੇ ਕਿਹਾ।
“ਲੈ ਉਹ ਵੀ ਸੁਣ ਲੈ, ਤੇ ਆਪੇ ਫੈਸਲਾ ਕਰ ਲੈ।” ਉਹਨੇ ਕਿਹਾ। ਸਾਹ ਲੈ ਕੇ ਉਹ ਫਿਰ ਸ਼ੁਰੂ ਹੋ ਗਿਆ, “ਪਿਛਲੇ ਮਹੀਨੇ ਤੋਂ, ਜਦੋਂ ਦਾ ਮੈਨੂੰ ਪੁਲਿਸ ਨੇ ਫੜਿਐ ਤੇ ਤਸੀਹੇ ਦੇ ਰਹੀ ਹੈ, ਸੱਚ ਜਾਣੀਂ, ਮੈਨੂੰ ਕਿਤੇ ਦਰਦ ਨਹੀਂ ਹੁੰਦੀ। ਕੋਈ ਪੀੜ ਨਹੀਂ ਹੁੰਦੀ। ਬਸ ਇੱਕੋ ਪੀੜ ਹੁੰਦੀ ਹੈ ਦਿਨ ਰਾਤ। ਉਹ ਇਹ ਕਿ ਪਿਛਲੇ ਇਕ ਮਹੀਨੇ ਤੋਂ ਜਦ ਮੈਂ ਅੱਖਾਂ ਮੀਟਦਾਂ, ਉਹ ਬਾਲੜੀ ਜਿਵੇਂ ਛਾਲ ਮਾਰ ਕੇ ਮੇਰੀ ਛਾਤੀ ‘ਤੇ ਬਹਿ ਜਾਂਦੀ ਐ। ਤੇ ਉਹ, ਜਿਹੜੀ ਮਸਾਂ ਦਸ-ਬਾਰਾਂ ਕਿਲੋ ਦੀ ਹੋਣੀ ਐ, ਉਹਦਾ ਭਾਰ ਵਧਣ ਲਗ ਪੈਂਦੈ। ਤੇ ਜਿਵੇਂ ਮੇਰੀ ਛਾਤੀ ‘ਤੇ ਬੈਠੀ ਉਹ ਮਣਾਂ-ਟਣਾਂ ਤੇ ਕੁਇੰਟਲਾਂ ਦੀ ਹੋ ਜਾਂਦੀ ਏ। ਨਾਲ ਹੱਸੀ ਜਾਂਦੀ ਏ ਤੇ ਨਾਲੇ ਭਾਰ ਵਧਾਈ ਜਾਂਦੀ ਏ। ਮੈਂ ਬਥੇਰਾ ਅੱਖਾਂ ਖੋਲ੍ਹਦਾਂ, ਹੱਥ ਪੈਰ ਮਾਰਦਾਂ, ਪਰ ਉਹ ਲਹਿੰਦੀ ਹੀ ਨਹੀਂ।”
ਮੈਂ ਚੁੱਪ ਸਾਂ। ਉਹਨੇ ਹਿੰਮਤ ਕਰਕੇ ਆਪਣੇ ਖੱਬੇ ਹੱਥ ਨਾਲ ਮੇਰੇ ਪੈਰ ਫੜਨੇ ਚਾਹੇ। ਮੈਂ ਤ੍ਰਭਕ ਗਿਆ। ਉਹ ਫੇਰ ਖੱਬਾ ਹੱਥ ਮੰਗਤੇ ਵਾਂਗ ਮੇਰੇ ਵੱਲ ਅੱਡ ਕੇ ਕਹਿਣ ਲੱਗਾ, “ਭਾਅ। ਮੇਰੀ ਬਸ ਆਹ ਇਕ ਅੱਧ ਘੜੀ ਰਹਿ ਗਈ ਊ। ਉਪਰ ਮੈਂ ਟਿਕਟ ਕਟਾ ਕੇ, ਏਹ ਭਾਰ ਛਾਤੀ ‘ਤੇ ਲੈ ਕੇ ਨਹੀਂ ਜਾਣਾ ਚਾਹੁੰਦਾ। ਰੱਬ ਦਾ ਵਾਸਤਾ ਈ, ਚੰਨੇ ਨੂੰ ਕਹਿ ਵੇਖ, ਕਿ ਮੇਰੀ ਛਾਤੀ ਤੋਂ ਟਰੱਕ ਲੰਘਾ ਦੇਏ। ਖਬਰੇ ਏਦਾਂ ਹੀ ਉਸ ਬਾਲੜੀ ਦਾ ਭਾਰ ਮੈਥੋਂ ਲਹਿ ਜਾਏ।”
-0-

 

Be the first to comment

Leave a Reply

Your email address will not be published.