ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਦੇ ਸਿਆਸਤਦਾਨਾਂ ਤੇ ਅਫਸਰਾਂ ਨੇ ਸੂਬੇ ਦੀਆਂ ਤਕਰੀਬਨ ਸਾਰੀਆਂ ਖੇਡ ਐਸੋਸੀਏਸ਼ਨਾਂ ਤੇ ਫੈਡਰੇਸ਼ਨਾਂ ‘ਤੇ ਕਬਜ਼ਾ ਕਰ ਲਿਆ ਹੈ। ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਪੰਜਾਬ ਰਾਈਫਲਜ਼ ਐਸੋਸੀਏਸ਼ਨ ਦਾ ਪ੍ਰਧਾਨ ਬਣਨ ਨਾਲ ਇਸ ਬਾਰੇ ਮੁੜ ਚਰਚਾ ਛਿੜੀ ਹੈ। ਇਸ ਵੇਲੇ ਸੂਬਾਈ ਵਜ਼ਾਰਤ ਦੇ ਚਾਰ ਮੰਤਰੀ ਵੱਖ ਵੱਖ ਖੇਡ ਐਸੋਸੀਏਸ਼ਨਾਂ ਦੀ ਪ੍ਰਧਾਨਗੀ ‘ਤੇ ਕਾਇਮ ਹਨ। ਇਨ੍ਹਾਂ ਵਿਚ ਸੁਖਬੀਰ ਸਿੰਘ ਬਾਦਲ ਪ੍ਰਧਾਨ ਪੰਜਾਬ ਹਾਕੀ ਐਸੋਸੀਏਸ਼ਨ, ਸਿਕੰਦਰ ਸਿੰਘ ਮਲੂਕਾ ਕਬੱਡੀ ਐਸੋਸੀਏਸ਼ਨ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਰੋਵਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਨ ਤੇ ਹੁਣ ਮਜੀਠੀਆ ਵੀ ਇਸ ਵਿਚ ਸ਼ਾਮਲ ਹੋ ਗਏ।
ਖੇਡਾਂ ਦੇ ਖੇਤਰ ਵਿਚ ਪੰਜਾਬ ਦੀ ਏਨੀ ਸਰਦਾਰੀ ਰਹੀ ਹੈ ਕਿ ਇਹ ਸੂਬਾ ਭਾਰਤ ਹੀ ਨਹੀਂ ਸਗੋਂ ਏਸ਼ੀਆ ਵਿਚ ਪਹਿਲੇ ਨੰਬਰ ‘ਤੇ ਮੰਨਿਆ ਜਾਣ ਲੱਗਿਆ ਸੀ। ਪੰਜਾਬ ਵਿਚ ਜੇæਸੀæਟੀæ ਮਿੱਲ ਦੀ ਹਾਕੀ ਟੀਮ ਦੀਆਂ ਪ੍ਰਾਪਤੀਆਂ ਜ਼ਿਕਰਯੋਗ ਰਹੀਆਂ ਹਨ। ਇਸ ਉਦਯੋਗਿਕ ਘਰਾਣੇ ਨੇ ਟੀਮ ਨੂੰ ਭੰਗ ਕਰ ਦਿੱਤਾ ਹੈ। ਸੂਬੇ ਵਿਚ ਹੋਰ ਵੀ ਕਈ ਵੱਡੇ ਉਦਯੋਗਕ ਘਰਾਣੇ ਹਨ ਪਰ ਹੁਣ ਕੋਈ ਵੀ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਅੱਗੇ ਨਹੀਂ ਆ ਰਿਹਾ। ਜੇæਸੀæਟੀæ ਤੋਂ ਬਾਅਦ ਕਿਸੇ ਘਰਾਣੇ ਵੱਲੋਂ ਆਪਣੀ ਟੀਮ ਦਾ ਵੀ ਗਠਨ ਨਹੀਂ ਕੀਤਾ ਗਿਆ।
ਇਹ ਸ਼ਾਇਦ ਇਸੇ ਕਰਕੇ ਮੰਨਿਆ ਜਾ ਰਿਹਾ ਹੈ ਕਿ ਖੇਡ ਐਸੋਸੀਏਸ਼ਨਾਂ ‘ਤੇ ਸਿਆਸਤਦਾਨਾਂ ਤੇ ਰਾਜਨੀਤਕ ਵਿਅਕਤੀਆਂ ਤੇ ਅਫਸਰਸ਼ਾਹੀ ਦਾ ਬੋਲਬਾਲਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਸਿਆਸਤਦਾਨਾਂ ਤੇ ਅਫਸਰਾਂ ਦੇ ਮੂਹਰੇ ਆਉਣ ਤੋਂ ਬਾਅਦ ਖੇਡਾਂ ਨੂੰ ਸਪਾਂਸਰ ਕਰਨ ਵਾਲੇ ਉਦਯੋਗਕ ਘਰਾਣਿਆਂ ਨੇ ਵੀ ਖੇਡ ਐਸੋਸੀਏਸ਼ਨਾਂ ਤੇ ਖੇਡਾਂ ਤੋਂ ਮੂੰਹ ਮੋੜ ਲਿਆ ਹੈ। ਕੌਮੀ ਪੱਧਰ ‘ਤੇ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਕੇæਪੀæਐਸ਼ ਗਿੱਲ ਨੇ ਹਾਕੀ ਫੈਡਰੇਸ਼ਨ ‘ਤੇ ਲੰਮਾ ਸਮਾਂ ਦਬਦਬਾ ਬਣਾਈ ਰੱਖਿਆ। ਉਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਇਸ ਅਹੁਦੇ ਤੋਂ ਲਾਹਿਆ ਗਿਆ।
ਸ਼ ਗਿੱਲ ਦੇ ਹੁੰਦਿਆਂ ਪੰਜਾਬ ਵਿਚ ਹਾਕੀ ਐਸੋਸੀਏਸ਼ਨ ‘ਤੇ ਪੰਜਾਬ ਪੁਲਿਸ ਦੇ ਅਫਸਰਾਂ ਦੀ ਸਰਦਾਰੀ ਰਹੀ। ਦੇਸ਼ ਦੀ ਹਾਕੀ ਟੀਮ ਦੀ ਬਿਹਤਰ ਕਾਰਗੁਜ਼ਾਰੀ ਨਾ ਹੋਣ ਕਾਰਨ ਵੀ ਅਕਸਰ ਐਸੋਸੀਏਸ਼ਨ ਦੀ ਆਲੋਚਨਾ ਹੁੰਦੀ ਰਹੀ ਹੈ। ਹਾਕੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਕੱਤਰ ਪਰਗਟ ਸਿੰਘ ਹਨ।ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਕੌਮੀ ਪੱਧਰ ਤੇ ਤੇ ਸੂਬਾਈ ਪੱਧਰ ‘ਤੇ ਸਾਈਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਨ।
ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਰਣਇੰਦਰ ਸਿੰਘ ਕੌਮੀ ਰਾਈਫਲਜ਼ ਐਸੋਸੀਏਸ਼ਨ ਦੇ ਪ੍ਰਧਾਨ, ਕਾਂਗਰਸੀ ਵਿਧਾਇਕ ਗੁਰਮੀਤ ਸਿੰਘ ਰਾਣਾ ਸੋਢੀ ਚੰਡੀਗੜ੍ਹ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ, ਸੁਖਦੇਵ ਸਿੰਘ ਢੀਡਸਾ ਪੰਜਾਬ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ, ਸੇਵਾ ਮੁਕਤ ਆਈæਪੀæਐਸ਼ ਰਾਜਦੀਪ ਸਿੰਘ ਗਿੱਲ ਪੰਜਾਬ ਤੇ ਕੌਮੀ ਪੱਧਰ ‘ਤੇ ਬਾਸਕਟਵਾਲ ਐਸੋਸੀਏਸ਼ਨ ਦੇ ਪ੍ਰਧਾਨ, ਕੁਸ਼ਤੀ ਐਸੋਸੀਏਸ਼ਨ ਦੇ ਪ੍ਰਧਾਨ ਪਹਿਲਵਾਨ ਕਰਤਾਰ ਸਿੰਘ, ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਆਈæਏæਐਸ਼ ਏæ ਵੇਣੂ ਪ੍ਰਸਾਦ, ਵੇਟਲਿਫਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੁੱਚਾ ਰਾਮ ਲੱਧੜ, ਅਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਸੇਵਾਮੁਕਤ ਪੁਲੀਸ ਅਧਿਕਾਰੀ ਅਜਾਇਬ ਸਿੰਘ, ਤੈਰਾਕੀ ਐਸੋਸੀਏਸ਼ਨ ਦੇ ਪ੍ਰਧਾਨ ਸੇਵਾਮੁਕਤ ਆਈæਪੀæਐਸ਼ ਐਸ਼ਐਮæ ਸ਼ਰਮਾ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਬਿੰਦਰਾ, ਪੰਜਾਬ ਗੋਲਫ ਐਸੋਸੀਏਸ਼ਨ ਦੇ ਪ੍ਰਧਾਨ ਏæਡੀæਜੀæਪੀæ ਐਸ਼ਕੇæ ਸ਼ਰਮਾ ਹਨ।
ਇਨ੍ਹਾਂ ਕੁਝ ਐਸੋਸੀਏਸ਼ਨਾਂ ਵਿਚ ਸਕੱਤਰ ਦੇ ਅਹੁਦਿਆਂ ‘ਤੇ ਪੁਰਾਣੇ ਖਿਡਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਖੇਡਾਂ ਦੇ ਖੇਤਰ ਨਾਲ ਜੁੜੇ ਵਿਅਕਤੀਆਂ ਦਾ ਕਹਿਣਾ ਹੈ ਕਿ ਬੇਸ਼ੱਕ ਐਸੋਸੀਏਸ਼ਨਾਂ ਵੀ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਅੱਗੇ ਲਿਆਉਣ ਲਈ ਉਤਾਵਲੀਆਂ ਹੁੰਦੀਆਂ ਹਨ ਕਿਉਂਕਿ ਸੱਤਾ ਵਿਚਲਾ ਬੰਦਾ ਕਿਸੇ ਵੀ ਤਰ੍ਹਾਂ ਦੇ ਪ੍ਰਬੰਧ ਕਰਨ ਦੇ ਯੋਗ ਹੁੰਦਾ ਹੈ। ਇਸ ਤੱਥ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਵਾਹ ਵਾਹ ਖੱਟਣ ਲਈ ਸਿਆਸਤਦਾਨ ਵੀ ਅਜਿਹੀਆਂ ਸੰਸਥਾਵਾਂ ਦੇ ਚੌਧਰੀ ਬਣਨ ਲਈ ਪੱਬਾਂ ਭਾਰ ਹੋਏ ਰਹਿੰਦੇ ਹਨ।
ਪੰਜਾਬ ਦੇ ਅਭਿਨਵ ਬਿੰਦਰਾ ਨੇ ਕੁਝ ਸਾਲ ਪਹਿਲਾਂ ਬੀਜਿੰਗ ਵਿਚ ਹੋਈਆਂ ਖੇਡਾਂ ਦੌਰਾਨ ਸੋਨੇ ਦਾ ਤਗਮਾ ਜਿੱਤ ਕੇ ਦੇਸ਼ ਦੀ ਇੱਜ਼ਤ ਰੱਖੀ ਸੀ। ਉਨ੍ਹਾਂ ਖੇਡਾਂ ਤੇ ਉਸ ਤੋਂ ਬਾਅਦ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿਚ ਹਰਿਆਣਾ ਦੇ ਖਿਡਾਰੀ ਤਾਂ ਚਮਕੇ ਪਰ ਪੰਜਾਬ ਦੇ ਬਹੁਤੇ ਖਿਡਾਰੀਆਂ ਦੇ ਪੱਲੇ ਨਿਰਾਸ਼ਾ ਹੀ ਪਈ। ਕੁਝ ਕੁ ਖਿਡਾਰੀ ਹੀ ਤਮਗੇ ਜਿੱਤਣ ਵਿਚ ਕਾਮਯਾਬ ਹੋ ਸਕੇ ਹਨ।
Leave a Reply