ਪੰਜਾਬ ਵਿਚ ਸਭ ਤੋਂ ਵੱਧ ਆਪਣਿਆਂ ਦੀ ਹਵਸ ਦਾ ਸ਼ਿਕਾਰ ਹੋਈਆਂ ਕੁੜੀਆਂ

ਚੰਡੀਗੜ੍ਹ: ਪੰਜਾਬ ਵਿਚ 71 ਲੜਕੀਆਂ ਨਾਲ ਉਨ੍ਹਾਂ ਸਕੇ ਸਬੰਧੀਆਂ ਨੇ ਹੀ ਜਬਰ ਜਨਾਹ ਕੀਤਾ ਹੈ। ਇਹ ਖੁਲਾਸਾ ਕੌਮੀ ਅਪਰਾਧ ਰਿਕਾਰਡ ਬਿਊਰੋ ਵੱਲੋਂ ਕੀਤਾ ਗਿਆ ਹੈ। ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ‘ਚ ਇਕ ਸਾਲ ਵਿਚ ਹੀ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ ਜਨਾਹ ਦੇ 63 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਇਕ ਸਾਲ ਦੇ ਸਮੇਂ ਵਿਚ ਹੀ ਲੜਕੀਆਂ ਨਾਲ ਉਨ੍ਹਾਂ ਦੇ ਸਕੇ ਪਰਿਵਾਰਕ ਮੈਂਬਰਾਂ ਅਤੇ

ਕਰੀਬੀ ਰਿਸ਼ਤੇਦਾਰਾਂ ਵਲੋਂ ਜਬਰ ਜਨਾਹ ਕਰਨ ਦੇ 71 ਮਾਮਲਿਆਂ ਦਾ ਖੁਲਾਸਾ ਹੋਇਆ ਹੈ। ਬਿਊਰੋ ਵੱਲੋਂ ਜਾਰੀ ਸਾਲ 2016 ਦੇ ਇਨ੍ਹਾਂ ਅੰਕੜਿਆਂ ਅਨੁਸਾਰ ਪੰਜਾਬ ਵਿਚ 6 ਸਾਲ ਤੋਂ ਘੱਟ ਉਮਰ ਦੀਆਂ ਬਾਲੜੀਆਂ ਨਾਲ ਜਬਰ ਜਨਾਹ ਦੇ 15 ਮਾਮਲੇ ਦਰਜ ਹੋਏ।
ਇਸ ਤੋਂ ਇਲਾਵਾ 6 ਤੋਂ 12 ਸਾਲ ਉਮਰ ਦੀਆਂ ਬੱਚੀਆਂ ਨਾਲ ਜਬਰ ਜਨਾਹ ਦੇ 33 ਮਾਮਲੇ ਸਾਹਮਣੇ ਆਏ। ਇੰਨਾ ਹੀ ਨਹੀਂ ਇਸ ਇਕ ਸਾਲ ਦੌਰਾਨ 12 ਤੋਂ 16 ਸਾਲ ਉਮਰ ਦੀਆਂ ਲੜਕੀਆਂ ਨਾਲ ਜਬਰ ਜਨਾਹ ਦੇ 175 ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਪੰਜਾਬ ਵਿਚੋਂ 39 ਮਾਮਲੇ ਅਜਿਹੇ ਦੱਸੇ ਗਏ ਹਨ, ਜਿਨ੍ਹਾਂ ‘ਚ ਲੜਕੀਆਂ ਨਾਲ ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਹੀ ਜਬਰ ਜਨਾਹ ਨੂੰ ਅੰਜਾਮ ਦਿੱਤਾ ਗਿਆ। 16 ਮਾਮਲੇ ਅਜਿਹੇ ਦੱਸੇ ਗਏ ਹਨ, ਜਿਨ੍ਹਾਂ ਵਿਚ ਦਾਦਾ, ਪਿਤਾ, ਭਰਾ ਜਾਂ ਪੁੱਤਰ ਵੱਲੋਂ ਹੀ ਲੜਕੀ ਜਾਂ ਔਰਤ ਨਾਲ ਇਹ ਕਾਰਾ ਕੀਤਾ ਗਿਆ, ਜਦੋਂ ਕਿ 26 ਮਾਮਲੇ ਅਜਿਹੇ ਦਰਸਾਏ ਗਏ ਹਨ, ਜਿਨ੍ਹਾਂ ‘ਚ ਜਬਰ ਜਨਾਹ ਕਰਨ ਵਾਲੇ, ਲੜਕੀ ਦੇ ਕਰੀਬੀ ਪਰਿਵਾਰਕ ਮੈਂਬਰ ਸਨ।
ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਪੰਜਾਬ ਬੌਧਿਕ ਪੱਖੋਂ ਅਤੇ ਸਮਾਜਿਕ ਕਦਰਾਂ-ਕੀਮਤਾਂ ਤੋਂ ਹੀਣਾ ਹੁੰਦਾ ਜਾ ਰਿਹਾ ਹੈ।