ਨਵੇਂ ਪ੍ਰਧਾਨ ਦੀਆਂ ਨਵੀਆਂ ਚੁਣੌਤੀਆਂ

ਬਲਕਾਰ ਸਿੰਘ (ਪ੍ਰੋਫੈਸਰ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਪ੍ਰਧਾਨਗੀ ਨੂੰ ਸਦਾ ਹੀ ਸ਼ੇਰ ਦੀ ਸਵਾਰੀ ਮੰਨਿਆ ਜਾਂਦਾ ਰਿਹਾ ਹੈ ਕਿਉਂਕਿ ਜਿਨ੍ਹਾਂ ਨੂੰ ਇਹ ਕਦੇ ਵੀ ਨਹੀਂ ਮਿਲ ਸਕਣੀ, ਉਨ੍ਹਾਂ ਦੀ ਖਿਲਾਫਤ ਨਾਲ ਵੀ ਨਿਭਣਾ ਪੈਂਦਾ ਹੈ ਅਤੇ ਖਿਲਾਫਤ ਵਾਸਤੇ ਖਿਲਾਫਤ ਕਰਨ ਵਾਲਿਆਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਜਿਹੜੇ ਲੋਕ ਪ੍ਰਧਾਨਗੀ ਵਾਸਤੇ ਦੁਸ਼ਵਾਰੀਆਂ ਪੈਦਾ ਕਰੀ ਜਾ ਰਹੇ ਹਨ, ਉਹ ਸਿਆਸੀ ਮਸਲਿਆਂ ਨੂੰ ਵੀ ਧਾਰਮਿਕ ਮਸਲਿਆਂ ਵਿਚ ਸ਼ਾਮਲ ਕਰੀ ਜਾ ਰਹੇ ਹਨ।

ਮਸਲਾ ਤਾਂ ਇਹ ਹੋਣਾ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਸਿੱਖ ਸਿਆਸਤ ਦੇ ਹਵਾਲੇ ਨਾਲ ਕਿਵੇਂ ਸਮਝਿਆ ਜਾਵੇ? ਪ੍ਰਧਾਨ ਕੋਈ ਵੀ ਬਣਦਾ, ਸਿੱਖਾਂ ਦੀ ਰੈਡੀਕਲ ਸਿਆਸਤ ਵਲੋਂ ਇਸ ਦਾ ਵਿਰੋਧ ਹੋਣਾ ਹੀ ਸੀ। ਇਸ ਦੇ ਵਿਸਥਾਰ ਵਿਚ ਜਾਏ ਬਿਨਾ ਇਹ ਕਹਿਣਾ ਚਾਹੁੰਦਾ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਵਰਤਮਾਨ ਪ੍ਰਧਾਨ ਬਾਰੇ ਜਿਹੜੇ ਕੁਝ ਵੀ ਨਹੀਂ ਜਾਣਦੇ, ਉਨ੍ਹਾਂ ਨੇ ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਹਵਾਲੇ ਨਾਲ ਜੋ ਮੂੰਹ ਆਇਆ, ਬੋਲਣਾ ਸ਼ੁਰੂ ਦਿੱਤਾ ਹੈ। ਬੋਲਣ ਵਾਲਿਆਂ ਨੂੰ ‘ਤਨਖਾਹੀਏ’ ਦਾ ਅਜਿਹਾ ਬਹਾਨਾ ਮਿਲ ਗਿਆ ਹੈ, ਜਿਸ ਬਾਰੇ ਕੋਈ ਵੀ ਫੈਸਲਾ ਕਰ ਸਕਣਾ ਸੰਭਵ ਹੀ ਨਹੀਂ ਹੈ। ਤਨਖਾਹੀਏ ਵਾਲਾ ਮਾਮਲਾ ਏਨਾ ਪੇਚੀਦਾ ਹੋ ਸਕਦਾ ਹੈ ਕਿ ਇਸ ਵਿਚ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਉਲਝਾ ਲਏ ਜਾਣ ਦੀਆਂ ਸੰਭਾਵਨਾਵਾਂ ਵੀ ਪੈਦਾ ਹੋ ਸਕਦੀਆਂ ਹਨ, ਕਿਉਂਕਿ ਪ੍ਰਧਾਨ ਚੁਣਨ ਵੇਲੇ ਪੰਜਾਬ ਦੇ ਤਿੰਨ ਤਖਤਾਂ ਦੇ ਜਥੇਦਾਰ ਅਸਿੱਧੇ ਤੌਰ ‘ਤੇ ਫੈਸਲੇ ਵਿਚ ਸ਼ਾਮਲ ਹੁੰਦੇ ਹਨ।
ਇਕ ਪਾਸੇ ਸਿੱਖ ਸੰਸਥਾਵਾਂ ਨੂੰ ਸਿੱਖ ਸਿਆਸਤ ਤੋਂ ਮੁਕਤ ਕਰਾਉਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਪ੍ਰਧਾਨਗੀ ਨੂੰ ਲੈ ਕੇ ਧਰਮ ਦੀ ਸਿਆਸਤ ਸ਼ੁਰੂ ਹੋ ਗਈ ਹੈ। ਯਾਦ ਰਹੇ, ਧਰਮ ਦੀ ਸਿਆਸਤ ਦਾ ਨੁਕਸਾਨ ਧਰਮ ਦੇ ਨੁਕਸਾਨ ਨਾਲ ਹੀ ਸ਼ੁਰੂ ਹੁੰਦਾ ਹੈ। ਕਿਸ ਨੂੰ ਨਹੀਂ ਪਤਾ ਸੀ ਕਿ ਹੋਣਾ ਤਾਂ ਉਹੀ ਹੈ, ਜੋ ਸਿਆਸਤਦਾਨ ਕਰਨਗੇ।
ਪ੍ਰਾਪਤ ਵੇਰਵਿਆਂ ਤੋਂ ਸਪਸ਼ਟ ਹੈ ਕਿ ਸਿੱਖ ਸਿਆਸਤ ਦੇ ਜਿਹੜੇ ਧੜੇ ਕੋਲ 169 ਵਿਚੋਂ 154 ਮੈਂਬਰ ਹਨ, ਉਸ ਧੜੇ ਨੂੰ ਉਨ੍ਹਾਂ ਦੀ ਮਰਜ਼ੀ ਦਾ ਪ੍ਰਧਾਨ ਚੁਣਨ ਤੋਂ ਕੋਈ ਕਿਵੇਂ ਰੋਕ ਸਕਦਾ ਸੀ! ਉਨ੍ਹਾਂ ਦੀ ਮਰਜ਼ੀ ਵਿਚ ਕੌਣ ਸ਼ਾਮਲ ਹੈ, ਉਸ ਬਾਰੇ ਉਹ ਕੀ ਕਰ ਸਕਦਾ ਸੀ, ਜਿਸ ਦੀ ਚੋਣ ਵਿਚ ਕੋਈ ਭੂਮਿਕਾ ਹੀ ਨਹੀਂ ਸੀ?
ਵੋਟਾਂ ਨਾਲ ਚੁਣੀ ਜਾਣ ਵਾਲੀ ਕਿਸੇ ਵੀ ਸੰਸਥਾ ਦੇ ਨਤੀਜਿਆਂ ਪਿਛੋਂ ਫੈਸਲਾ ਲੈਣ ਦਾ ਅਧਿਕਾਰ ਜਿੱਤੇ ਹੋਏ ਧੜੇ ਨੂੰ ਮਿਲ ਜਾਂਦਾ ਹੈ। ਇਹ ਅਧਿਕਾਰ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਕੋਲ ਹੈ। ਪਾਸੇ ਬੈਠੇ ਤਾਂ ਗੱਲਾਂ ਹੀ ਕਰ ਸਕਦੇ ਹਨ ਅਤੇ ਗੱਲਾਂ ਜੇ ਸਿਆਸੀ ਟਿਪਣੀਆਂ ਵਰਗੀਆਂ ਹੋਣ ਤਾਂ ਪੁਛਿਆ ਜਾ ਸਕਦਾ ਹੈ ਕਿ ਜਿੱਤੇ ਸਿਆਸੀ ਧੜੇ ਦੀ ਥਾਂ ਹਾਰੇ ਸਿਆਸੀ ਧੜਿਆਂ ਦੀ ਗੱਲ ਕਿਉਂ ਮੰਨੀ ਜਾਵੇ? ਮਿਸਾਲ ਵਜੋਂ ਬਾਦਲਕਿਆਂ ਵਿਰੁਧ ਇਕੱਠ ‘ਸਰਬੱਤ ਖਾਲਸਾ’ ਨਾਂ ਹੇਠ ਪਿੰਡ ਵੱਲਾ, ਅੰਮ੍ਰਿਤਸਰ ਵਿਖੇ ਕੀਤਾ ਗਿਆ ਸੀ ਅਤੇ ਉਥੇ ਹੋਏ ਇਕੱਠ ਦੀ ਗਿਣਤੀ, ਬਾਦਲਾਂ ਦੀ ਟਿਕਟ ‘ਤੇ ਜਿੱਤੇ ਹੋਏ ਮੈਂਬਰਾਂ ਨੂੰ ਪਈਆਂ ਵੋਟਾਂ ਦੀ ਗਿਣਤੀ ਦੇ ਮੁਕਾਬਲੇ ਆਟੇ ਵਿਚ ਲੂਣ ਵਾਂਗ ਹੀ ਹੈ।
ਬਦਲਾਓ ਦੇ ਮੁੱਦਈਆਂ ਨੂੰ ਸੋਚਣਾ ਤਾਂ ਇਹ ਚਾਹੀਦਾ ਹੈ ਕਿ ਜਿਸ ਤਰ੍ਹਾਂ ਬਾਦਲਾਂ ਦੀ ਵਿਰੋਧੀ ਧਿਰ ਟੁਕੜਿਆਂ ਵਿਚ ਵੰਡੀ ਹੋਈ ਹੈ, ਉਸ ਹਾਲਤ ਵਿਚ ਤਾਂ ਸ਼੍ਰੋਮਣੀ ਕਮੇਟੀ ‘ਤੇ ਬਾਦਲਾਂ ਦੇ ਕਬਜ਼ੇ ਨੂੰ ਕਿਸੇ ਹਾਲਤ ਵਿਚ ਵੀ ਨਹੀਂ ਤੋੜਿਆ ਜਾ ਸਕਦਾ। ਫਿਰ ਤਾਂ ਇਹੀ ਸੋਚਣਾ ਚਾਹੀਦਾ ਹੈ ਕਿ ਚੁਣੇ ਗਏ ਪ੍ਰਧਾਨ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਕਿ ਚੁਣਿਆ ਗਿਆ ਪ੍ਰਧਾਨ ਕਾਬਜ਼ ਧੜੇ ਦਾ ਪ੍ਰਧਾਨ ਦਿੱਸਣ ਦੀ ਥਾਂ ਸਾਂਝਾ ਪ੍ਰਧਾਨ ਦਿੱਸੇ।
ਆਲੋਚਨਾ ਤਾਂ ਕੀਤੇ ਹੋਏ ਕੰਮਾਂ ਦੀ ਹੀ ਹੋ ਸਕਦੀ ਹੈ ਅਤੇ ਨਵੇਂ ਪ੍ਰਧਾਨ ਨੇ ਤਾਂ ਅਜੇ ਕੁਝ ਕੀਤਾ ਹੀ ਨਹੀਂ। ਨਵੇਂ ਪ੍ਰਧਾਨ ਨੂੰ ਦੱਸਿਆ ਜਾ ਸਕਦਾ ਹੈ ਕਿ ਅਹੁਦੇਦਾਰੀਆਂ ਇੱਜਤ ਬਣਾਉਂਦੀਆਂ ਵੀ ਹਨ ਅਤੇ ਅਹੁਦੇ ਪੜ੍ਹਤ ਗੁਆ ਵੀ ਦਿੰਦੇ ਹਨ। ਪਰ ਸਿਆਸਤਦਾਨ ਨੂੰ ਕੋਈ ਕਿਵੇਂ ਸਮਝਾਵੇ ਕਿ ਸਿੱਖੀ ਵਿਚ ਸਿਆਸਤ ਦੀ ਥਾਂ ਬਹੁਤ ਥੱਲੇ ਮੰਨੀ ਗਈ ਹੈ ਅਤੇ ਗੁਰਦੁਆਰਾ ਐਕਟ ਦੁਆਰਾ ਜੋ ਪ੍ਰਾਪਤੀਆਂ ਸਿਆਸੀ ਸੁਰ ਵਿਚ ਨਜ਼ਰ ਵੀ ਆ ਰਹੀਆਂ ਹਨ, ਉਹ ਪੰਥਕ ਸੁਰ ਵਿਚ ਤਾਂ ਕੀ, ਸਿੱਖ ਸੁਰ ਵਿਚ ਵੀ ਪ੍ਰਵਾਨ ਨਹੀਂ ਕੀਤੀਆਂ ਜਾ ਸਕਦੀਆਂ। ਜਿੰਨਾ ਚਿਰ ਸ਼੍ਰੋਮਣੀ ਕਮੇਟੀ ਨੂੰ ਸਿਆਸਤ ਤੋਂ ਮੁਕਤ ਨਹੀਂ ਕੀਤਾ ਜਾਂਦਾ, ਉਨਾ ਚਿਰ ਸਿੱਖ-ਸੰਸਥਾਵਾਂ ਦੇ ਪ੍ਰਬੰਧਕ ਕਿਸੇ ਕਿਸਮ ਦੀ ਪੰਥਕ ਭੂਮਿਕਾ ਨਹੀਂ ਨਿਭਾ ਸਕਦੇ?
ਸ਼੍ਰੋਮਣੀ ਕਮੇਟੀ ਦੇ ਵਰਤਮਾਨ ਹਾਊਸ ਵਿਚ ਇਕ ਵੀ ਮੈਂਬਰ ਅਜਿਹਾ ਨਹੀਂ, ਜੋ ਕਹਿ ਸਕਦਾ ਹੋਵੇ ਕਿ ਉਸ ਦਾ ਕਿਸੇ ਤਰ੍ਹਾਂ ਦੀ ਸਿਆਸਤ ਨਾਲ ਕੋਈ ਸਬੰਧ ਨਹੀਂ ਹੈ। ਸੋਚਣਾ ਬਣਦਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਸਿਆਸਤ ਦਾ ਅਖਾੜਾ ਕੌਣ ਅਤੇ ਕਿਉਂ ਬਣਾ ਰਿਹਾ ਹੈ? ਸਿਰ ਜੋੜ ਕੇ ਸੋਚਾਂਗੇ ਤਾਂ ਸਮਝ ਸਕਾਂਗੇ ਕਿ ਇਸ ਵਿਚੋਂ ਬਾਹਰ ਕਿਵੇਂ ਨਿਕਲਣਾ ਹੈ।
ਵਰਤਮਾਨ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੂਲ ਰੂਪ ਵਿਚ ਧਾਰਮਿਕ ਵਿਅਕਤੀ ਹੈ ਕਿਉਂਕਿ ਮੈਂ ਉਸ ਨੂੰ ਬਚਪਨ ਤੋਂ ਜਾਣਦਾ ਹਾਂ। ਧਾਰਮਿਕ ਸਹਿਜ ਵਿਚੋਂ ਸਿਆਸੀ ਮਾਅਰਕੇਬਾਜ਼ੀ ਮਨਫੀ ਰਹਿੰਦੀ ਹੈ। ਇਸ ਦਾ ਸਬੂਤ ਪ੍ਰਧਾਨ ਨੇ ਮੀਡੀਆ ਨੂੰ ਸਿਆਸਤਦਾਨਾਂ ਵਾਂਗ ਵਰਤਣ ਤੋਂ ਗੁਰੇਜ਼ ਕਰਕੇ ਦੇ ਦਿੱਤਾ ਹੈ ਅਤੇ ਆਪ ਚੱਲ ਕੇ ਪਹਿਲੇ ਪ੍ਰਧਾਨ ਦੇ ਘਰ ਜਾਣ ਨਾਲ ਹੋਰ ਵੀ ਬਹੁਤ ਕੁਝ ਸਪਸ਼ਟ ਹੋ ਗਿਆ ਹੈ। ਭਾਈ ਲੌਂਗੋਵਾਲ ਦੀ ਹਲੀਮੀ ਹੀ ਉਸ ਦੀ ਪ੍ਰਾਪਤੀ ਹੈ ਅਤੇ ਇਸ ਦੇ ਆਸਰੇ ਉਹ ਵਿਰੋਧੀਆਂ ਨਾਲ ਵੀ ਨਿਭਦਾ ਆ ਰਿਹਾ ਹੈ।
ਵੈਸੇ ਤਾਂ ਸ਼੍ਰੋਮਣੀ ਕਮੇਟੀ ਇਕ ਖਿੱਤੇ ਦੇ ਸਿੱਖਾਂ ਦੀ ਪ੍ਰਤੀਨਿਧਤਾ ਕਰਦੀ ਹੈ ਅਤੇ ਇਸ ਦੇ ਅਹੁਦੇਦਾਰਾਂ ਨੂੰ ਦੁਨੀਆਂ ਭਰ ਦੇ ਸਿੱਖਾਂ ਦੀ ਉਸ ਤਰ੍ਹਾਂ ਲੋੜ ਨਹੀਂ ਹੈ, ਜਿਸ ਤਰ੍ਹਾਂ ਦੁਨੀਆਂ ਭਰ ਦੇ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੀ ਹੈ। ਇਸ ਪਾਸੇ ਸਾਂਝੀ ਸਿੱਖ ਸਮਝ ਬਣਾਉਣ ਵਾਸਤੇ ਉਨ੍ਹਾਂ ਸਿੱਖਾਂ ਦੀ ਵੱਧ ਜਿੰਮੇਵਾਰੀ ਬਣਦੀ ਹੈ, ਜਿਹੜੇ ਸੌੜੀ ਸਿਆਸਤ ਵਾਸਤੇ ਪ੍ਰਧਾਨ ਨੂੰ ਸਿਆਸੀ ਪੁਸ਼ਤਪਨਾਹੀ ਦੀ ਲੋੜ ਵੱਲ ਧੱਕੀ ਜਾ ਰਹੇ ਹਨ। ਜਿਹੜੇ ਭਾਈ ਲੌਂਗੋਵਾਲ ਬਾਰੇ ਬਹੁਤਾ ਨਹੀਂ ਜਾਣਦੇ ਉਨ੍ਹਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਜੋ ਕੋਈ ਉਸ ਤੱਕ ਪਹੁੰਚੇਗਾ, ਉਸ ਨੂੰ ਉਹ ਪ੍ਰਧਾਨਗੀ ਦੇ ਪਰਦੇ ਓਹਲੇ ਨਹੀਂ ਮਿਲੇਗਾ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਇਕ ਸਿਆਸੀ ਧੜੇ ਦੀ ਚੋਣ ਹੈ ਅਤੇ ਇਸ ਦੇ ਅਰਥ ਸਾਰਿਆਂ ਨੂੰ ਪਤਾ ਹਨ। ਇਸ ਦੇ ਬਾਵਜੂਦ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਸਿੱਖ-ਸਾਖ ਨੂੰ ਸਿੱਖੀ ਦੇ ਹੱਕ ਵਿਚ ਵਰਤਿਆ ਜਾ ਸਕਦਾ ਹੈ। ਬੇਸ਼ੱਕ ਉਹ ਉਚ ਵਿਦਿਆ ਹਾਸਲ ਹੈ, ਪਰ ਉਸ ਦਾ ਖਮੀਰੀ ਵਰਤਾਰਾ ਗੁਰਮਤਿ ਵਾਲਾ ਹੀ ਹੈ। ਚੰਗੇ ਸਰਕਾਰੀ ਅਹੁਦਿਆਂ ‘ਤੇ ਵੀ ਉਹ ਸਿੱਖ ਵਾਂਗ ਹੀ ਵਿਚਰਦਾ ਰਿਹਾ ਹੈ। ਉਸ ਦੇ ਨੇੜਲੇ ਸ਼ਾਹਦੀ ਭਰਨਗੇ ਕਿ ਉਹ ਸੰਤੋਖੀ ਤਬੀਅਤ ਵਾਲਾ ਗੁਰਸਿੱਖ ਹੈ। ਉਹ ਜੋ ਕੁਝ ਵੀ ਹੈ, ਸੰਤ ਹਰਚੰਦ ਸਿੰਘ ਲੌਂਗੋਵਾਲ ਕਰਕੇ ਹੀ ਹੈ ਅਤੇ ਲੋੜ ਪੈਣ ‘ਤੇ ਉਸ ਕੋਲੋਂ ਲੌਂਗੋਵਾਲੀਅਨ ਸੁਰ ਵਿਚ ਕੁਝ ਕਰ ਗੁਜ਼ਰਨ ਦੀ ਆਸ ਕੀਤੀ ਜਾ ਸਕਦੀ ਹੈ। ਉਹ ਪੰਥਕ ਹੈ, ਪਰ ਕੱਟੜ ਨਹੀਂ ਹੈ। ਉਹ ਸਿੱਖ ਪਹਿਲਾਂ ਹੈ ਅਤੇ ਸਿਆਸਤ ਉਸ ਦੀ ਮਜਬੂਰੀ ਹੈ। ਬਾਣੀ ਨਾਲ ਜੁੜੇ ਹੋਏ ਇਸ ਵਿਅਕਤੀ ਕੋਲ ਵਿਰੋਧ ਨੂੰ ਸਹਿ ਜਾਣ ਦੀ ਬਹੁਤ ਸ਼ਕਤੀ ਹੈ। ਇਹੀ ਗੁਣ ਹਨ, ਜਿਨ੍ਹਾਂ ਕਰਕੇ ਬਾਦਲਕਿਆਂ ਦੀ ਚੋਣ ਨੂੰ ਵਰਤਮਾਨ ਸਥਿਤੀ ਵਿਚ ਸਿਆਸੀ ਮਾਅਰਕਾ ਵੀ ਕਿਹਾ ਜਾ ਸਕਦਾ ਹੈ।
ਬਦਕਿਸਮਤੀ ਇਹ ਹੈ ਕਿ ਸਿਆਸਤ ਵਿਚ ਸੌਖੇ ਨਿਸ਼ਾਨਿਆਂ ਨੂੰ ਫੁੰਡਣ ਦੀ ਮਾਅਰਕੇਬਾਜ਼ੀ ਦਾ ਬੋਲਬਾਲਾ ਹੋ ਗਿਆ ਹੈ ਅਤੇ ਸਿੱਖ ਸਿਆਸਤ ਵਿਚ ਆਪਣੇ ਵਿਰੋਧੀ ਨਾਲ ਸਿੱਧਿਆਂ ਖਹਿਣ ਦੀ ਥਾਂ ਉਨ੍ਹਾਂ ਦੇ ਸਮਰਥਕਾਂ ਨੂੰ ਢਾਹੁਣ ਦੀ ਤਸੱਲੀ ਨੂੰ ਹੀ ਸਿਆਸਤ ਸਮਝਿਆ ਜਾਣ ਲੱਗ ਪਿਆ ਹੈ। ਜੇ ਫੈਸਲਾ ਗਲਤ ਹੋਇਆ ਹੈ ਤਾਂ ਇਸ ਵਾਸਤੇ ਬਾਦਲਕਿਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਨਾ ਚਾਹੀਦਾ ਹੈ। ਹੋ ਇਹ ਰਿਹਾ ਹੈ ਕਿ ਵਿਰੋਧ ਕਰਨ ਵਾਲੇ ਕਿਸੇ ਵੀ ਬਹਾਨੇ ਵਿਰੋਧ ਕਰੀ ਜਾ ਰਹੇ ਹਨ। ਇਸ ਨਾਲ ਨਵੇਂ ਬਣੇ ਪ੍ਰਧਾਨ ਨੂੰ ਉਸ ਪਾਸੇ ਧੱਕਿਆ ਜਾ ਰਿਹਾ ਹੈ, ਜਿਥੇ ਉਸ ਨੂੰ ਸਿਆਸੀ-ਧੜੇ ਤੱਕ ਮਹਿਦੂਦ ਹੋਣਾ ਪੈ ਸਕਦਾ ਹੈ। ਜੋ ਅਜਿਹਾ ਕਰ ਰਹੇ ਹਨ, ਉਹੀ ਇਸੇ ਬਹਾਨੇ ਨਾਲ ਪ੍ਰਧਾਨ ਨੂੰ ਕੁੱਟਣ ਦੀ ਸਿਆਸਤ ਪਹਿਲਾਂ ਵੀ ਕਰਦੇ ਰਹੇ ਹਨ। ਕਾਹਲਿਆਂ ਨੂੰ ਪੈਰ ਰੋਕ ਕੇ ਇਹ ਸੋਚਣਾ ਚਾਹੀਦਾ ਹੈ ਕਿ ਜੋ ਉਹ ਕਰ ਰਹੇ ਹਨ, ਇਸ ਨਾਲ ਕਿਹੋ ਜਿਹੇ ਨਤੀਜੇ ਨਿਕਲਣ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਹਨ!
ਇਹ ਠੀਕ ਹੈ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਵਰਗੇ ਅਹੁਦੇ ‘ਤੇ ਰਹਿੰਦਿਆਂ ਕੋਈ ਵੀ ਜਾਣ-ਬੁੱਝ ਕੇ ਗਲਤ ਨਹੀਂ ਕਰਨਾ ਚਾਹੇਗਾ, ਪਰ ਪ੍ਰਧਾਨਗੀ ਦੇ ਅਹੁਦੇ ਨੂੰ ਸਿਆਸਤ ਵਾਸਤੇ ਵਰਤੇ ਜਾਣ ਦੀ ਸਿਆਸਤ ਕਰਨ ਵਾਲੇ ਸਿਆਸਤਦਾਨਾਂ ਨੂੰ ਕੌਣ ਰੋਕ ਸਕਦਾ ਹੈ? ਜਿਨ੍ਹਾਂ ਨੇ ਰੋਕਣਾ ਹੈ, ਉਹ ‘ਉਤਰ ਕਾਟੋ ਮੈਂ ਚੜ੍ਹਾਂ’ ਦੀ ਸਿਆਸਤ ਕਰੀ ਜਾ ਰਹੇ ਹਨ। ਵੇਖਣ ਨੂੰ ਇਹੀ ਲੱਗਦਾ ਹੈ ਕਿ ਜੋ ਕੁਝ ਹੋ ਰਿਹਾ ਹੈ, ਉਹ ਇਕ ਸਿਆਸੀ ਪਰਿਵਾਰ ਹੀ ਕਰਵਾਈ ਜਾ ਰਿਹਾ ਹੈ। ਇਹ ਕੋਈ ਨਹੀਂ ਵੇਖਦਾ ਕਿ ਉਸ ਸਿਆਸੀ ਪਰਿਵਾਰ ਕੋਲੋਂ ਕੌਣ ਕੀ ਕਰਵਾਈ ਜਾ ਰਹੀ ਰਿਹਾ ਹੈ?
ਬਾਦਲਕਿਆਂ ਦੀ ਸਿਆਸੀ ਮਜਬੂਰੀ ਪੰਥਕ ਸਾਖ ਬਹਾਲ ਕਰਨ ਦੀ ਹੈ ਅਤੇ ਇਹ ਸਭ ਦੇ ਸਾਹਮਣੇ ਆ ਗਈ ਹੈ, ਤੇ ਇਸ ਵਾਸਤੇ ਉਨ੍ਹਾਂ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਵਰਤਣਾ ਪੈਣਾ ਹੈ। ਕਾਹਲੀ ਵਿਚ ਭੱਜੇ ਜਾ ਰਿਹਾਂ ਨੂੰ ਕੌਣ ਸਮਝਾਵੇ ਕਿ ਮੁਟਾਪਾ ਜਿੰਨੀ ਛੇਤੀ ਆਉਂਦਾ ਹੈ, ਓਨੀ ਛੇਤੀ ਜਾਂਦਾ ਨਹੀਂ ਹੈ। ਹੌਲੀ ਹੌਲੀ ਸਿੱਖ ਸੁਰ ਵਾਲੀਆਂ ਅਹੁਦੇਦਾਰੀਆਂ ਨੂੰ ਅਸੀਂ ਸਿਆਸੀ ਸੁਰ ਵਾਲੀਆਂ ਅਹੁਦੇਦਾਰੀਆਂ ਬਣਾਈ ਜਾ ਰਹੇ ਹਾਂ ਅਤੇ ਮਗਰ ਮੁੜਨ ਦੇ ਸਾਰੇ ਰਾਹ ਆਪ ਹੀ ਬੰਦ ਕਰੀ ਜਾ ਰਹੇ ਹਾਂ। ਇਸੇ ਨੂੰ ਧਰਮ ਦੀ ਸਿਆਸਤ ਕਿਹਾ ਜਾ ਰਿਹਾ ਹੈ।
ਇਹ ਠੀਕ ਹੈ ਕਿ ਦੇਸ਼ ਦੇ ਕਾਨੂੰਨ ਮੁਤਾਬਿਕ ਬਣੇ ਹੋਏ ਗੁਰਦੁਆਰਾ ਐਕਟ ਤੋਂ ਸ਼ੁੱਧ ਪੰਥਕ ਭਾਵਨਾ ਵਿਚ ਚੱਲਣ ਦੀ ਆਸ ਨਹੀਂ ਕੀਤੀ ਜਾ ਸਕਦੀ। ਪਰ ਇਹ ਤਾਂ ਸੋਚਿਆ ਹੀ ਜਾ ਸਕਦਾ ਹੈ ਕਿ ਸਿਆਸੀ ਚੋਣ ਨਿਸ਼ਾਨ ‘ਤੇ ਚੋਣਾਂ ਕਰਵਾਉਣ ਨਾਲ ਹਾਲਤ ਇਹ ਹੋ ਗਈ ਹੈ ਕਿ ਤਿੰਨ ਤਖਤਾਂ ਦੇ ਜਥੇਦਾਰ ਬਰਾਸਤਾ ਸ਼੍ਰੋਮਣੀ ਕਮੇਟੀ ਬਾਦਲਕਿਆਂ ਮੁਤਾਬਕ ਚੱਲ ਰਹੇ ਹਨ ਅਤੇ ਤਿੰਨ ਜਥੇਦਾਰ ਬਰਾਸਤਾ ਸਰਬੱਤ ਖਾਲਸਾ ਸਿਮਰਨਜੀਤ ਸਿੰਘ ਮਾਨ ਮੁਤਾਬਕ ਚੱਲ ਰਹੇ ਹਨ। ਤਿੰਨ ਤਖਤਾਂ ਦੇ ਛੇ ਜਥੇਦਾਰਾਂ ਨਾਲ ਪ੍ਰਧਾਨ ਕਿਵੇਂ ਚੱਲੇ? ਇਸ ਬਾਰੇ ਕੋਈ ਚਰਚਾ ਨਹੀਂ ਹੋ ਰਹੀ।
ਇਸ ਸਾਰੇ ਸਿਆਸੀ ਵਰਤਾਰੇ ਵਿਚ ਕਦੇ ਕਦੇ ਸੰਘ ਪਰਿਵਾਰ ਬਰਾਸਤਾ ਰਾਸ਼ਟਰੀ ਸਿੱਖ ਸੰਗਤ ਵੀ ਮਸਲੇ ਵਾਂਗ ਸਾਹਮਣੇ ਆ ਜਾਂਦਾ ਹੈ। ਮਸਲਿਆਂ ਦੇ ਕਰਾਮਾਤੀ ਹੱਲ ਦੀ ਆਸ ਸਿੱਖ ਸੁਰ ਵਿਚ ਨਹੀਂ ਕੀਤੀ ਜਾ ਸਕਦੀ। ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਦੀ ਸਿੱਖ-ਜੁਗਤ ਸਿਰ ਜੋੜਨ ਵਾਲੀ ਹੈ। ਇਸ ਨੂੰ ਸਿਰ ਤੋੜਨ ਵਾਂਗ ਲਵਾਂਗੇ ਤਾਂ ਨਤੀਜੇ ਉਹੋ ਜਿਹੇ ਹੀ ਨਿਕਲਣਗੇ, ਜਿਨ੍ਹਾਂ ਨੂੰ ਭੁਗਤਣ ਦੀ ਮਜਬੂਰੀ ਸਿੱਖ ਭਾਈਚਾਰੇ ਨੂੰ ਹੰਢਾਉਣੀ ਪੈ ਰਹੀ ਹੈ। ਨਵੇਂ ਪ੍ਰਧਾਨ ਸਾਹਮਣੇ ਚੁਣੌਤੀਆਂ ਬਹੁਤ ਹਨ। ਇਨ੍ਹਾਂ ਨਾਲ ਨਜਿਠਣ ਵਾਸਤੇ ਪ੍ਰਧਾਨ ਨੂੰ ਸੋਚਣਾ ਪੈਣਾ ਹੈ। ਇਸ ਵਾਸਤੇ ਸਿੱਖ-ਸੁਜੱਗਤਾ ਅਤੇ ਸਿੱਖ-ਵਚਨਬੱਧਤਾ ਨੂੰ ਨਾਲ ਲੈਣਾ ਪੈਣਾ ਹੈ। ਅਜਿਹਾ ਸੌੜੀ ਸਿਆਸਤ ਵਿਚੋਂ ਬਾਹਰ ਨਿਕਲ ਕੇ ਹੀ ਸੰਭਵ ਹੋ ਸਕਦਾ ਹੈ।