ਧੁੱਖਦੇ ਸਿਵੇ ਦਾ ਧੂੰਆਂ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਮੌਤ ਦੇ ਅਟੱਲ ਹੋਣ ਦੀ ਗਾਥਾ ਬਿਆਨਦਿਆਂ ਕਿਹਾ ਹੈ ਕਿ ਮੌਤ ਦੀ ਦਸਤਕ, ਜਦ ਗੈਰ-ਕੁਦਰਤੀ ਵਰਤਾਰਿਆਂ ਦਾ ਸੇਕ ਬਣ ਜਾਵੇ ਤਾਂ

ਵਸਦੇ-ਰਸਦੇ ਘਰਾਂ ਵਿਚ ਵਿਰਲਾਪ ਦੀ ਸਫ ਵਿਛਾਉਂਦੀ, ਕਿਸੇ ਦੇ ਸੁੱਚੇ ਚਾਅਵਾਂ ‘ਚ ਧੁੱਖਦਾ ਗੋੜਾ ਟਿਕਾਉਂਦੀ ਅਤੇ ਕਿਸੇ ਦੇ ਭਾਵਾਂ ਨੂੰ ਹਟਕੋਰਿਆਂ ਦਾ ਜਾਗ ਲਾਉਂਦੀ ਮੌਤ ਇਕ ਦਰਿੰਦਗੀ ਭਰਿਆ ਉਲਾਂਭਾ ਬਣ ਜਾਂਦੀ ਏ। ਉਹ ਨਸੀਹਤ ਕਰਦੇ ਹਨ, ਮੌਤ ਨੂੰ ਕਦੇ ਵੀ ਆਪਣੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ‘ਤੇ ਹਾਵੀ ਨਾ ਹੋਣ ਦਿਉ ਕਿਉਂਕਿ ਗੁਰਬਾਣੀ ਦਾ ਫੁਰਮਾਨ ਹੈ, ‘ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥’ -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਦਿਨ ਢਲ ਰਿਹਾ ਏ। ਸ਼ਾਮ ਦੇ ਉਤਰਨ ਦੀ ਤਿਆਰੀ। ਪਰਿੰਦਿਆਂ ਦੀ ਆਲ੍ਹਣਿਆਂ ਵੰਨੀਂ ਉਡਾਰੀ। ਹਰ ਮਨੁੱਖ ਨੂੰ ਆਪਣੇ ਘਰ ਪਹੁੰਚਣ ਦੀ ਕਾਹਲ। ਕੰਮ ਤੋਂ ਘਰ ਪਰਤ ਰਿਹਾ ਸ਼ਖਸ। ਫੋਨ ਵਜਦਾ ਏ। ਇਕ ਉਦਾਸ ਆਵਾਜ਼, ਵਰਤੇ ਭਾਣੇ ਦਾ ਸਿੱਕਾ ਕੰਨਾਂ ਵਿਚ ਢਾਲ ਮਾਤਮੀ ਚੁੱਪ ਵਿਚ ਗੁੰਮ ਜਾਂਦੀ ਏ। ਚਾਕੂਆਂ ਦੇ ਜਖਮਾਂ ਦੀ ਤਾਬ ਨਾ ਝੱਲਦਿਆਂ ਮੀਆਂ-ਬੀਵੀ ਦਾ ਇਕੱਠਿਆਂ ਮਰ ਜਾਣਾ। ਇੱਕੋ ਵਕਤ ਦੋ ਕਤਲ। ਧੀਆਂ-ਪੁੱਤਰ ਲਈ ਅਣਕਿਆਸਿਆ ਸਦਮਾ। ਭੈਣਾਂ-ਭਰਾਵਾਂ ਲਈ ਇਕ ਡੂੰਘਾ ਖਲਾਅ। ਮਿੱਤਰਾਂ-ਸਨੇਹੀਆਂ ਲਈ ਸਦੀਵੀ ਘਾਟ। ਨਿਹਾਇਤ ਸ਼ਰੀਫ ਜੋੜੀ, ਗੈਰ-ਕੁਦਰਤੀ ਮੌਤ ਦਾ ਸ਼ਿਕਾਰ। ਜਾਣਕਾਰਾਂ ਲਈ ਵਕਤ ਦਾ ਕਹਿਰ।
ਜਦ ਕੋਈ ਆਪਣਾ ਇਸ ਤਰ੍ਹਾਂ ਆਪਣਿਆਂ ਤੋਂ ਦੂਰ ਤੁਰ ਜਾਂਦਾ ਏ ਤਾਂ ਉਮਰਾਂ ਦੀ ਸਾਂਝ ਪਲਾਂ ਵਿਚ ਟੁੱਟ ਜਾਂਦੀ ਏ, ਮੋਹ ਦੀਆਂ ਤੰਦਾਂ ਵਿਚ ਹੰਝੂ ਉਗਦੇ ਨੇ, ਆਪਣਿਆਂ ਦੇ ਰਾਹਾਂ ‘ਚ ਵਿਛਾਏ ਜਾਣ ਵਾਲੇ ਦੀਦਿਆਂ ‘ਚ ਸੋਗ ਦਾ ਤਸੱਵਰ ਤਰਦਾ ਏ ਅਤੇ ਹਉਕਾ ਹਉਕਾ ਹੋ ਕੇ ਜੀਣਾ ਜੀਵਨ ਦਾ ਧੂੰਆਂਖਿਆ ਹਾਸਲ ਬਣ ਜਾਂਦਾ ਏ।
ਬੜਾ ਔਖਾ ਹੁੰਦਾ ਏ ਸਾਹਾਂ ਤੋਂ ਪਿਆਰੇ ਨੂੰ ਕੰਧ ‘ਤੇ ਲਟਕਦੀ ਉਦਾਸ ਜਿਹੀ ਤਸਵੀਰ ‘ਚੋਂ ਨਿਹਾਰਨਾ। ਉਸ ਦੀਆਂ ਯਾਦਾਂ ਦੇ ਚਿਤਰਪੱਟ ਨੂੰ ਅੱਖੀਆਂ ਦੇ ਪਰਦੇ ‘ਤੇ ਉਤਾਰਨਾ। ਉਸ ਨਾਲ ਜੁੜੀਆਂ ਸਾਂਝਾਂ ਨੂੰ ਮਸਤਕ ਦੀ ਬੀਹੀ ‘ਚ ਵਿਸਥਾਰਨਾ। ਉਸ ਦੇ ਨਿੱਕੇ-ਨਿੱਕੇ ਹਾਸਿਆਂ ਤੇ ਨਿਰਮੋਹੇ ਜਿਹੇ ਰੋਸਿਆਂ ਨੂੰ ਬੀਤੇ ਵਕਤਾਂ ਦੀ ਵਹੀ ‘ਤੇ ਖਿਲਾਰਨਾ ਅਤੇ ਉਸ ਦੇ ਮੁਹਾਂਦਰੇ ‘ਚੋਂ ਆਪਣੇ ਨਕਸ਼ਾਂ ਨੂੰ ਪਛਾਣਨਾ।
ਬਹੁਤ ਕਠਿਨ ਹੁੰਦਾ ਏ ਸਾਹਾਂ ਦੇ ਸੰਦਲੀ ਸਰਵਰ ‘ਚ ਹਉਕਿਆਂ ਨੂੰ ਹੰਘਾਲਣਾ, ਮਿੰਨੇ ਮਿੰਨੇ ਬੋਲਾਂ ਦੀ ਕੁੱਖ ‘ਚੋਂ ਹਰਖ-ਸੋਗ ਨੂੰ ਨਿਤਾਰਨਾ, ਹਰ ਹਰਫ ਦੇ ਅਰਥਾਂ ‘ਚੋਂ ਸੋਗ ਨੂੰ ਲਿਸ਼ਕਾਰਨਾ ਅਤੇ ਆਪਣੇ ਆਪੇ ਕੋਲੋਂ ਆਪ ਹੀ ਹਾਰਨਾ।
ਮੌਤ, ਮੌਤ ਹੀ ਹੁੰਦੀ ਏ-ਇਕ ਕੌੜਾ ਸੱਚ, ਅੰਤਿਮ ਸੱਚਾਈ। ਉਮਰ ਦੀ ਟੁੱਟੀ ਹੋਈ ਤੰਦ। ਚਾਰੇ ਪਾਸੇ ਪਸਰਦਾ ਹਨੇਰਾ। ਚਾਨਣ ਦੀ ਖੁਦਕੁਸ਼ੀ। ਇਕ ਧੜਕਦੇ ਜੀਵ ਤੋਂ ਸਦੀਵੀ ਖਾਮੋਸ਼ੀ ਤਕ ਦਾ ਸਫਰ। ਸੁਪਨਿਆਂ ਦਾ ਆਖਰੀ ਪੜਾਅ। ਟੁੱਟੀ ਪੀਂਘ। ਅੱਧ ਅੰਬਰੀਂ ਲਟਕਦਾ ਰਹਿ ਗਿਆ ਹੁਲਾਰਾ। ਖਾਹਿਸ਼ਾਂ ਦੇ ਖੇਤ ‘ਤੇ ਗੜੇਮਾਰੀ। ਆਸਾਂ ਦੇ ਬੂਰ ਦਾ ਧਰਤ ‘ਤੇ ਕਿਰ ਜਾਣਾ। ਅੰਬਰ ਉਡਦੇ ਪਰਿੰਦੇ ਦੇ ਮਸਤਕ ਵਿਚ ਧਰਤੀ ਦਾ ਨਸੀਬ। ਲੰਮੇ-ਚੌੜੇ ਦਾਈਏ ਕਰਨ ਵਾਲੇ ਲਈ ਸਿਰਫ ਢਾਈ ਹੱਥ ਥਾਂ। ਧਰਤ ਦੀ ਆਖਰੀ ਪਨਾਹ ਅਤੇ ਮਿੱਟੀ ‘ਚੋਂ ਉਗ ਕੇ ਮਿੱਟੀ ‘ਚ ਮਿੱਟੀ ਹੋਣ ਦਾ ਸਫਰ। ਕੋਈ ਨਹੀਂ ਹੋ ਸਕਦਾ ਇਸ ਸਫਰ ਤੋਂ ਮੁਨਕਰ ਅਤੇ ਨਾ ਹੀ ਚਲਦੀ ਏ ਇਸ ਅੱਗੇ ਕਿਸੇ ਦੀ ਕੋਈ ਵੀ ਚਾਰਾਜੋਈ।
ਹਰ ਜਿਉਂਦੇ ਪ੍ਰਾਣੀ ਨੇ ਆਪਣੀ ਅਉਧ ਪੁਗਾ ਕੇ ਤੁਰ ਜਾਣਾ ਹੁੰਦਾ ਏ। ਕੋਈ ਨਹੀਂ ਸਦੀਵੀ ਜਿਉਂਦਾ ਅਤੇ ਕਦੇ ਨਹੀਂ ਮੁੱਕਦੀ ਜੀਣ ਦੀ ਲਾਲਸਾ। ਪਰ ਮੌਤ ਦੀ ਦਸਤਕ, ਜਦ ਗੈਰ-ਕੁਦਰਤੀ ਵਰਤਾਰਿਆਂ ਦਾ ਸੇਕ ਬਣ ਜਾਵੇ ਤਾਂ ਵਸਦੇ-ਰਸਦੇ ਘਰਾਂ ਵਿਚ ਵਿਰਲਾਪ ਦੀ ਸਫ ਵਿਛਾਉਂਦੀ, ਕਿਸੇ ਦੇ ਸੁੱਚੇ ਚਾਅਵਾਂ ‘ਚ ਧੁੱਖਦਾ ਗੋੜਾ ਟਿਕਾਉਂਦੀ ਅਤੇ ਕਿਸੇ ਦੇ ਭਾਵਾਂ ਨੂੰ ਹਟਕੋਰਿਆਂ ਦਾ ਜਾਗ ਲਾਉਂਦੀ ਮੌਤ ਇਕ ਦਰਿੰਦਗੀ ਭਰਿਆ ਉਲਾਂਭਾ ਬਣ ਜਾਂਦੀ ਏ।
ਅਣਿਆਈ ਮੌਤ ਲਈ ਸੂਖਮ ਮਨ ‘ਚੋਂ ਇਕ ਰੋਸਾ ਜਰੂਰ ਨਿਕਲਦਾ ਏ ਜਦ ਕੋਈ ਜਵਾਨ ਪੁੱਤ ਮਾਪਿਆਂ ਦੀ ਹਿੱਕ ‘ਚ ਸਦੀਵੀ ਸਿਵਾ ਬਾਲ ਕੇ ਤੁਰ ਜਾਂਦਾ ਏ, ਕਿਸੇ ਧੀ ਦੀ ਸ਼ਗਨਾਂ ਦੀ ਰੁੱਤ ਆਪਣਿਆਂ ਹੱਥੋਂ ਵਿਧਵਾ ਹੋ ਜਾਂਦੀ ਏ, ਕਿਸੇ ਬੁੱਢੜੇ ਮੋਢਿਆਂ ਨੂੰ ਆਪਣੇ ਲਾਡਲੇ ਦੀ ਅਰਥੀ ਢੋਣੀ ਪੈਂਦੀ ਏ, ਕਿਸੇ ਅੱਛਰਾਂ ਵਰਗੀ ਮਾਂ ਨੂੰ ਪੂਰਨ-ਪੁੱਤ ਦੀ ਲਾਸ਼ ‘ਤੇ ਵੈਣਾਂ ਦਾ ਹੋਕਰਾ ਲਾਉਣਾ ਪੈਂਦਾ ਏ, ਕਿਸੇ ਸੱਜ-ਵਿਆਹੀ ਦੇ ਟੁੱਟੇ ਚੂੜੇ ਦੀਆਂ ਕਿਚਰਾਂ ਦਗਦੀ ਦੁਪਹਿਰ ਦੀ ਅੱਖ ‘ਚ ਚੁਭਦੀਆਂ ਨੇ, ਕਿਸੇ ਮਾਂ-ਮਛੋਰ ਦੇ ਹੱਥਾਂ ਦੀ ਬੁਰਕੀ ਕਾਂ ਖੋਹ ਲੈਂਦੇ ਨੇ, ਕਿਸੇ ਅਣਜੰਮੀ ਧੀ ਦੀ ਲੋਰੀ ਦੀ ਹਿੱਕ ‘ਚ ਸਦਮਾ ਬੀਜਿਆ ਜਾਂਦਾ ਏ, ਸਿਰਾਂ ਦੀ ਛਾਂ ਤੇ ਗੋਦ ਦਾ ਨਿੱਘ ਕਾਲੀਆਂ ਹਨੇਰੀਆਂ ਦੀ ਭੇਟਾ ਚੜ੍ਹ ਜਾਂਦਾ ਏ, ਕਿਸੇ ਘਰ ਦੇ ਬਨੇਰਿਆਂ ਦੀ ਦੀਵਾਲੀ ਨੂੰ ਮੱਸਿਆ ਦੀ ਰਾਤ ਦਾ ਸੰਤਾਪ ਭੋਗਣ ਲਈ ਮਜਬੂਰ ਹੋਣਾ ਪੈਂਦਾ ਏ ਜਾਂ ਕਿਸੇ ਦੀਆਂ ਕੋਮਲ ਅਤੇ ਸੂਖਮ ਸੋਚਾਂ ਦੀ ਤਲੀ ‘ਤੇ ਦਗਦੇ ਅੰਗਿਆਰ ਧਰੇ ਜਾਂਦੇ ਨੇ।
ਮੌਤ ਇਕ ਸੁਖਨ ਵੀ ਹੁੰਦੀ ਏ ਜਦ ਕੋਈ ਅਰਥ-ਭਰਪੂਰ ਜ਼ਿੰਦਗੀ ਜੀਅ ਕੇ ਮਲਕੜੇ ਜਿਹੇ ਉਂਗਲੀ ਛੁਡਾ ਸਾਥੋਂ ਸਦਾ ਲਈ ਦੂਰ ਤੁਰ ਜਾਵੇ। ਸਮਾਜ, ਕੌਮ ਜਾਂ ਦੇਸ਼ ਦੇ ਲੇਖੇ ਆਪਣੇ ਹਰ ਸਾਹ ਲਾਉਂਦਾ, ਆਪਣੀ ਸਾਹਾਂ ਦੀ ਅਕੀਦਤ ਵਿਚੋਂ ਹੀ ਦੂਸਰਿਆਂ ਦੀ ਅਰਾਧਨਾ ਕਰਦਾ ਰਹੇ, ਕਿਸੇ ਦੀ ਪੀੜ ਨੂੰ ਹਰਨ ਲਈ ਆਪਣੀ ਹਿੱਕ ‘ਚ ਪੀੜ ਧਰ ਪੀੜਾ-ਪੀੜਾ ਹੋ ਕੇ ਤੁਰ ਜਾਵੇ। ਕੁਦਰਤੀ ਮੌਤ ਇਸ ਰਹਿਤਲ ਤੋਂ ਸਦੀਵੀ ਜਾਣ ਦਾ ਸਬੱਬ ਬਣੇ ਅਤੇ ਫਿਰ ਹਰ ਅੱਖ ਉਸ ਦੇ ਅਲਵਿਦਾ ਮੌਕੇ ਇਕ ਤਰਦੇ ਹੰਝੂ ਦੀ ਲਿਸ਼ਕੋਰ ਸੰਗ ਨਤਮਸਤਕ ਹੋਵੇ।
ਕੋਈ ਆਪਣਾ ਜਦ ਪੱਲਾ ਝਾੜ ਕੇ ਤੁਹਾਥੋਂ ਦੂਰ ਤੁਰ ਜਾਂਦਾ ਏ ਤਾਂ ਯਾਦ ਆਉਂਦੀ ਏ, ਉਮਰਾਂ ਦੀ ਸਾਂਝ, ਨਿੱਘੇ ਪਲਾਂ ਵਿਚ ਵੱਡੇ ਵੱਡੇ ਅਰਥਾਂ ਵਾਲੇ ਬੋਲ ਅਤੇ ਉਨ੍ਹਾਂ ਬੋਲਾਂ ‘ਚੋਂ ਜ਼ਿੰਦਗੀ ‘ਚ ਭਰੀ ਰੰਗੀਨਤਾ ਅਤੇ ਕਰੂਰਤਾ।
ਜਦ ਇਕ ਦਰਵੇਸ਼ਨੁਮਾ ਸ਼ਖਸ ਗੱਲਾਂ ਕਰਦਾ ਕਰਦਾ ਸਦੀਵੀ ਚੁੱਪ ਹੋ ਜਾਂਦਾ ਏ ਤਾਂ ਇਕ ਸਿਵਾ ਹਿੱਕ ਵਿਚ ਧੁੱਖਦਾ ਏ। ਸਿਵਾ ਜਿਸ ਦਾ ਧੂੰਆਂ ਅੱਖਾਂ ਗਾਲਦਾ ਏ ਅਤੇ ਖਾਰੇ ਹੰਝੂਆਂ ਨਾਲ ਤਰ ਨੈਣਾਂ ‘ਚ ਫੈਲਿਆ ਧੁੰਦਲਕਾ। ਇਸ ਦੇ ਸੇਕ ‘ਚ ਝੁਲਸ ਜਾਣਾ ਮਾਸੂਮ ਜਿਹੇ ਵਿਚਾਰਾਂ ਦਾ ਅਤੇ ਅਲ੍ਹੇ ਸਰੋਕਾਰਾਂ ਦਾ। ਸਿਵੇ ਦਾ ਧੁੱਖਣਾ ਬਣ ਜਾਂਦਾ ਏ ਪੀੜ-ਪਰਾਗਾ, ਦਰਦ-ਗਾਥਾ, ਗਮ-ਗਡੀਰਾ ਹਉਕੇ ਦੀ ਹੂਕ ਅਤੇ ਚੀਥੜੇ ਹੋਏ ਚਾਅਵਾਂ ਦੀ ਲਾਂਗਰ।
ਕਿਸੇ ਪਿਆਰੇ ਦੇ ਗਮ ਦਾ ਅਹਿਸਾਸ ਉਦੋਂ ਹੁੰਦਾ ਏ ਜਦ ਪਿੰਡੇ ‘ਤੇ ਹੰਢਾਉਂਦੇ ਹਾਂ ਆਪਣਿਆਂ ਦੀ ਸੋਗਵਾਰ ਰੁੱਤ ਦਾ ਸੋਗਮਈ ਰਾਗ, ਸੜ ਜਾਂਦੇ ਨੇ ਕਿਸੇ ਤੱਤੜੀ ਦੇ ਭਾਗ ਅਤੇ ਦਿਲ ਦੇ ਵਿਹੜੇ ‘ਚ ਲੱਗ ਜਾਂਦਾ ਏ ਇਕ ਸਦੀਵੀ ਦਾਗ।
ਮਰ ਗਏ ਪਿਆਰੇ ਦੀਆਂ ਯਾਦਾਂ ਦੀ ਘੁੰਮਣ ਘੇਰੀ ‘ਚ ਗੁਆਚਿਆ ਵਿਅਕਤੀ ਵਕਤ ਦਾ ਅਜਿਹਾ ਵਰਕਾ, ਜਿਸ ਦੇ ਹਰ ਸ਼ਬਦ ਵਿਚ ਗੁਣਗੁਣਾ ਰਿਹਾ ਏ ਚੀਸ ਦਾ ਨਗਮਾ, ਜਿਸ ਦੀ ਜਰਜ਼ਰੀ ਹੋਂਦ ਕਿਰਕਿਰੇ ਸਾਹਾਂ ਦਾ ਆਖਰੀ ਹੰਭਲਾ ਅਤੇ ਜਿਸ ਨੂੰ ਆਖਰੀ ਸਾਹਾਂ ਦੀ ਅਣਪੂਰਤੀ ਦਾ ਸਰਾਪ ਅਤੇ ਧੁੱਖ ਧੁੱਖ ਕੇ ਮੌਤ ਮੰਗਣ ਦਾ ਵਿਰਲਾਪ।
ਅਜੋਕੇ ਸਮਿਆਂ ਦੀ ਕੇਹੀ ਤ੍ਰਾਸਦੀ ਹੈ ਕਿ ਗੈਰ-ਕੁਦਰਤੀ ਮੌਤਾਂ ਦੀ ਗਿਣਤੀ ਵੱਧ ਰਹੀ ਏ। ਉਹ ਭਾਵੇਂ ਏਡਜ਼, ਸੜਕੀ/ਹਵਾਈ/ਸਮੁੰਦਰੀ ਦੁਰਘਟਨਾਵਾਂ, ਕਤਲਾਂ, ਆਤਮ ਹੱਤਿਆਵਾਂ ਜਾਂ ਕੁੱਖਾਂ ਵਿਚ ਮਰਦੀਆਂ ਧੀਆਂ ਨਾਲ ਸਬੰਧਤ ਹੋਣ। ਲੋੜ ਹੈ, ਸੋਚਣ ਦੀ ਕਿ ਅਜਿਹਾ ਕਿਉਂ ਹੋ ਰਿਹਾ ਏ? ਕੀ ਸਾਡੀ ਜੀਵਨ-ਸ਼ੈਲੀ ਇਸ ਲਈ ਜ਼ਿੰਮੇਵਾਰ ਤਾਂ ਨਹੀਂ? ਕੀ ਮਨੁੱਖੀ ਵਰਤਾਰਿਆਂ ਵਿਚ ਅਣਚਾਹੀਆਂ ਤਬਦੀਲੀਆਂ ਨੇ ਮਨੁੱਖੀ ਜੀਵਨ ‘ਤੇ ਮੌਤ ਦੇ ਨਕਸ਼ ਤਾਂ ਨਹੀਂ ਉਘਾੜ ਦਿੱਤੇ? ਕਿਉਂ ਮਨੁੱਖੀ ਫਿਤਰਤ ਵਿਚ ਆਪਣਾ ਮਰਸੀਆ ਖੁਦ ਪੜ੍ਹਨ ਦਾ ਰੁਝਾਨ ਭਾਰੂ ਹੋ ਰਿਹਾ ਏ? ਕਿਹੜੇ ਕਾਰਨ ਹਨ ਕਿ ਮਰਨ-ਤਮੰਨਾ ਅਜੋਕੇ ਮਨੁੱਖ ਦੇ ਕਿਰਦਾਰ ‘ਤੇ ਹਾਵੀ ਹੋ ਰਹੀ ਏ? ਜਰਾ ਕੁ! ਇਸ ਬਾਰੇ ਬਰੀਕੀ ਨਾਲ ਸੋਚਣ ਦੀ ਕੋਸ਼ਿਸ਼ ਕਰਿਉ! ਤੁਹਾਡੇ ਵਿਚ ਮਾਨਸਿਕ ਪਰਦਾਦਾਰੀਆਂ ‘ਚੋਂ ਸੱਚ ਨੂੰ ਨਿਤਾਰਨ ਦੀ ਚਾਹਨਾ ਜ਼ਰੂਰ ਪੈਦਾ ਹੋਵੇਗੀ।
ਖੁਦਾਇਆ! ਮੌਤ ਜ਼ਰੂਰ ਦਈਂ। ਮੌਤ ਜਿਸ ਵਿਚ ਕੁਦਰਤੀ ਵਰਤਾਰਿਆਂ ਦੀ ਭਾਅ ਹੋਵੇ, ਜਿਸ ਦਾ ਤੁਰ ਜਾਣਾ ਪਿਛੇ ਰਹਿੰਦਿਆਂ ਲਈ ਸਦੀਵੀ ਮਾਰਗ ਦਰਸ਼ਕ ਬਣ ਜਾਵੇ, ਜਿਸ ਦਾ ਜਾਣਾ ਸਦੀਵਤਾ ਦੇ ਨਕਸ਼ਾਂ ਦੀ ਨਿਸ਼ਾਨਦੇਹੀ ਕਰੇ, ਜਿਸ ਦੇ ਤੁਰ ਜਾਣ ਨਾਲ ਅੰਬਰ ਜਾਰੋ-ਜਾਰ ਰੋਵੇ ਅਤੇ ਇਸ ਦਾ ਖਾਰਾ ਪਾਣੀ ਚਾਰੇ ਪਾਸੇ ਫੈਲੀਆਂ ਸਮਾਜਿਕ ਕੁੜਿੱਤਣਾਂ ਨੂੰ ਮਲ ਮਲ ਧੋਵੇ।
ਜਦ ਮੌਤ ਅਛੋਪਲੇ ਜਿਹੇ ਝਪਟ ਕੇ ਮਨੁੱਖੀ ਜੀਵ ਨੂੰ ਆਪਣੇ ਪੰਜਿਆਂ ਵਿਚ ਲਪੇਟ ਕੇ ਤੁਰ ਜਾਵੇ, ਕਿਸੇ ਤੁਰੇ ਜਾਂਦੇ ਦਾ ਖੁਰਾ-ਖੋਜ ਰਾਹਾਂ ਵਿਚ ਹੀ ਮਿਟ ਜਾਵੇ ਜਾਂ ਕਿਸੇ ਅਰਥੀ ‘ਤੇ ਸੁੱਕਾ ਫੁੱਲ ਧਰਿਆ ਜਾਵੇ ਤਾਂ ਮੌਤ ਦਾ ਕਹਿਰ ਸਮਿਆਂ ਦਾ ਉਹ ਦਰਦ ਹੁੰਦਾ ਏ ਜਿਸ ਦੀ ਹਾਥ ਕਿਸੇ ਨਾ ਪਾਈ ਅਤੇ ਨਾ ਹੀ ਕਿਸੇ ਨੇ ਅਜਿਹੀ ਮੌਤ ਸਲਾਹੀ।
ਜੰਗਾਂ, ਭੁਚਾਲਾਂ, ਸੁਨਾਮੀਆਂ, ਹੜ੍ਹਾਂ, ਦੰਗਿਆਂ, ਭੁੱਖਮਰੀ ਆਦਿ ‘ਚ ਜਦ ਮੌਤ ਦਾ ਤਾਂਡਵ ਨਾਚ ਹੁੰਦਾ ਹੈ ਤਾਂ ਹਰ ਘਰ ਦੀ ਸਰਦਲ ਦਹਿਲ ਜਾਂਦੀ ਏ। ਹਰ ਦਰਵਾਜ਼ੇ ‘ਤੇ ਮੌਤ ਦੀ ਦਸਤਕ ਦਾ ਤੌਖਲਾ ਮਨਾਂ ‘ਚ ਕੰਬਣੀ ਛੇੜ ਦਿੰਦਾ ਏ। ਘਰ ਮਰਨ-ਰੁੱਤ ਦਾ ਸੰਤਾਪ ਹੰਢਾਉਂਦੇ ਖੰਡਰ ਹੋ ਜਾਂਦੇ ਨੇ। ਲੱਖਾਂ ਮਾਸੂਮਾਂ ਦੇ ਤੋਤਲੇ ਬੋਲ ਗੁੰਮ ਹੋ ਜਾਂਦੇ ਨੇ। ਉਨ੍ਹਾਂ ਦੇ ਖਿਡੌਣਿਆਂ ਨੂੰ ਨਜ਼ਰ ਲੱਗ ਜਾਂਦੀ ਏ। ਅਜਿਹੀ ਮਾਤਮੀ ਫਿਜ਼ਾ ‘ਚ ਆਪਣੀ ਅਉਧ ਦਾ ਕਿਸ ਨੇ ਮਾਣ ਕਰਨਾ, ਕਿਸ ਨੇ ਸਾਹ-ਸੂਤਵੀਂ ‘ਵਾ ਨੂੰ ਆਪਣਾ ਦੁੱਖ ਦੱਸਣਾ, ਕਿਸ ਨੇ ਹੁੰਗਾਰਾ ਬਣਨਾ ਅਤੇ ਕਿਸ ਨੇ ਮਰਨ ਕਿਨਾਰੇ ਰੁੱਖੜੇ ਦੀ ਡੰਗੋਰੀ ਬਣਨਾ।
ਜਦ ਕਿਸੇ ਘਰ ‘ਚੋਂ ਅਰਥੀ ਉਠਦੀ ਏ, ਘਰ ਦੀਆਂ ਕੰਧਾਂ ਦੇ ਗੱਲ ਲਗ ਕੇ ਰੋਣ ਵਾਲਾ ਵੀ ਕੋਈ ਨਹੀਂ ਥਿਆਉਂਦਾ। ਪਰ ਘਰ ‘ਚੋਂ ਜਦ ਅਰਥੀਆਂ ਉਠਣ ਤਾਂ ਉਸ ਘਰ ਦੇ ਧੁੱਖਦੇ ਨਸੀਬ, ਦੇਖਣ ਵਾਲੇ ਦੀ ਅੱਖ ‘ਚ ਸਦੀਵੀ ਹੰਝੂ ਧਰ ਜਾਂਦੇ ਨੇ।
ਬੜਾ ਔਖਾ ਹੁੰਦਾ ਏ ਅਜਿਹੇ ਦਰਦਮਈ ਮੌਕਿਆਂ ‘ਚ ਕਿਸੇ ਦਾ ਧੀਰਜ ਬੰਨਾਉਣਾ। ਉਸ ਦੀਆਂ ਪਤਾਲ ‘ਚ ਗਰਕ ਰਹੀਆਂ ਭਾਵਨਾਵਾਂ ਨੂੰ ਕਿਸੇ ਆਸ ਦਾ ਚਾਨਣ ਦਿਖਾਉਣਾ। ਪਰ ਸਮੇਂ ਨਾਲ ਹੌਲੀ ਹੌਲੀ ਭਰ ਜਾਂਦੇ ਨੇ ਡੂੰਘੇ ਜਖਮ, ਚੁੱਪ ਹੋ ਜਾਂਦੀਆਂ ਨੇ ਹਿੱਚਕੀਆਂ। ਸਿਰਫ ਬਚ ਜਾਂਦੇ ਨੇ ਜਖਮਾਂ ਦੇ ਨਿਸ਼ਾਨ, ਹਉਕਿਆਂ ਦੀ ਡੂੰਘੀ ਮਾਤਮੀ ਚੁੱਪ ਅਤੇ ਕਹਿਰਵਾਨ ਵਕਤਾਂ ਦੀ ਦਰਦੀਲੀ ਯਾਦ। ਕੁਝ ਖੱਟ-ਮਿੱਠੀਆਂ ਯਾਦਾਂ ਦਾ ਅਸੀਮ ਭੰਡਾਰ ਅਤੇ ਘਰ ਦੀ ਕਿਸੇ ਕੰਧ ‘ਤੇ ਲਟਕਦੀ ਉਦਾਸ ਜਿਹੀ ਤਸਵੀਰ।
ਸਿਵਿਆਂ ਤੋਂ ਘਰ ਪਰਤਦੇ ਪੈਰਾਂ ਲਈ ਬੜਾ ਔਖਾ ਹੁੰਦਾ ਏ ਸੰਭਲਣਾ। ਸਾਬਤ ਕਦਮਾਂ ਨਾਲ ਜ਼ਿੰਦਗੀ ਦੀ ਤੋਰ ਨੂੰ ਕਾਇਮ ਰੱਖਣਾ, ਪਰ ਸਦਮੇ ‘ਚੋਂ ਉਠਣਾ ਹੀ ਇਕ ਮਨੁੱਖ ਦੀ ਸੱਚੀ ਪਛਾਣ। ਉਸ ਦੀ ਜੀਵਨ-ਜਾਚ ਦਾ ਸਹਿਜਮਈ ਸੁਖਨ। ਉਸ ਦੀਆਂ ਭਾਵਨਾਵਾਂ ਅਤੇ ਤਮੰਨਾਵਾਂ ਦੀ ਸੁੱਚੀ ਤਰਜਮਾਨੀ। ਉਸ ਦਾ ਆਪਣੇ, ਆਪਣੇ ਪਰਿਵਾਰ ਅਤੇ ਸਮਾਜ ਪ੍ਰਤੀ ਸੁਘੜ ਨਿਸ਼ਠਾ। ਸਦਮੇ ‘ਚੋਂ ਉਭਰ ਕੇ ਲੋਕ ਇਤਿਹਾਸ ਬਣਦੇ ਨੇ।
ਮੌਤ ਦੇ ਗਮ ਨੂੰ ਜ਼ਰੂਰ ਹੰਢਾਉ, ਪਰ ਇਸ ਨੂੰ ਕਦੇ ਵੀ ਆਪਣੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ‘ਤੇ ਹਾਵੀ ਨਾ ਹੋਣ ਦਿਉ ਕਿਉਂਕਿ ਗੁਰਬਾਣੀ ਦਾ ਫੁਰਮਾਨ ਹੈ, ‘ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥’