ਮੋੜਵੇਂ ਸਵਾਲ ਨੇ ਇੰਜ ਕੀਤਾ ਲਾਜਵਾਬ…

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਜਿਉਂ ਹੀ ਲੰਘੇ 29 ਨਵੰਬਰ ਵਾਲੇ ਦਿਨ ਦੁਪਹਿਰ ਤੋਂ ਬਾਅਦ ਤੇਜਾ ਸਿੰਘ ਸਮੁੰਦਰੀ ਹਾਲ ਵਿਚੋਂ ਇਹ ਖਬਰ ਬਾਹਰ ਨਿਕਲੀ ਕਿ ਬਾਦਲ ਦਲ ਨੇ ਆਪਣਾ ਉਮੀਦਵਾਰ ਪ੍ਰਧਾਨ ਬਣਾ ਲਿਆ ਹੈ ਤਾਂ ਮੈਨੂੰ ਬਾਦਲ ਦਲ ਨਾਲ ਸਬੰਧਤ ਇਕ ਮਿੱਤਰ ਨੇ ਉਸ ਮੌਕੇ ਪਈਆਂ ਵੋਟਾਂ ਦੇ ਅੰਕੜੇ ਭੇਜਦਿਆਂ ਮਖੌਲ ਕੀਤਾ ਕਿ ਤੁਹਾਡੇ ਪੰਥਕ ਫਰੰਟ ਨੂੰ ਸਿਰਫ ਪੰਦਰਾਂ ਵੋਟਾਂ ਹੀ ਪਈਆਂ ਜਦਕਿ ਜੇਤੂ ਰਹੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ 154 ਵੋਟ ਮਿਲੇ ਹਨ।

ਮੈਂ ਦਰਅਸਲ ਬਤੌਰ ਪੱਤਰਕਾਰ ਅਮਰੀਕਾ ਦੀਆਂ ਕੁਝ ਨਾਮੀ ਧਾਰਮਿਕ ਜਥੇਬੰਦੀਆਂ ਵੱਲੋਂ ਪੰਥਕ ਫਰੰਟ ਦੀ ਹਮਾਇਤ ਵਿਚ ਕੁਝ ਬਿਆਨ ਅਖਬਾਰਾਂ ਨੂੰ ਭੇਜਦਾ ਰਿਹਾ ਸਾਂ। ਇਸੇ ਕਰ ਕੇ ਬਾਦਲ ਦਲੀਏ ਮਿੱਤਰ ਨੇ ‘ਵੱਟਸ-ਐਪ’ ਰਾਹੀਂ ਭੇਜੇ ਮਖੌਲੀਆ ਸੁਨੇਹੇ ਵਿਚ ‘ਤੁਹਾਡੇ ਫਰੰਟ’ ਸ਼ਬਦ ਨੂੰ ਜ਼ਰਾ ਗੂੜ੍ਹਾ ਕਰ ਕੇ ਲਿਖਿਆ ਹੋਇਆ ਸੀ।
ਵਿਧਾਨ ਸਭਾ ਚੋਣਾਂ ਮੌਕੇ ਸਮੁੱਚੇ ਪੰਜਾਬ ਦੇ ਵੋਟਰਾਂ ਵੱਲੋਂ ਬੁਰੀ ਤਰ੍ਹਾਂ ਨੱਕਾਰੀ ਗਈ ਬਾਦਲਸ਼ਾਹੀ ਨੂੰ ਪੰਥ ਦੇ ਧਾਰਮਿਕ ਕੇਂਦਰ ਉਤੇ ਮੁੜ ਕਾਬਜ਼ ਕਰਾਉਣ ਲਈ ਨਿਤਰੇ 154 ਸ਼੍ਰੋਮਣੀ ਕਮੇਟੀ ਮੈਂਬਰਾਂ ਉਤੇ ਚੜ੍ਹੇ ਗੁੱਸੇ ਨੂੰ ਵਿਚੇ ਵਿਚ ਪੀਂਦਿਆਂ ਮੈਂ ਲਿਖਤੀ ਟਿਚਰ ਕਰਨ ਵਾਲੇ ਉਸ ਮਿੱਤਰ ਨੂੰ ਫੋਨ ਲਾ ਲਿਆ। ਮੇਰੀਆਂ ਕੁਝ ਕੁ ਦਲੀਲਾਂ ਨਾਲ ਤਾਂ ਉਹ ਸਹਿਮਤ ਨਾ ਹੋਇਆ, ਪਰ ਮੇਰੇ ਮੂੰਹੋਂ ਇਕ ਇਤਿਹਾਸਕ ਨੁਕਤੇ ਨੂੰ ਸੁਣ ਕੇ ਉਹ ਠਠੰਬਰ ਜਿਹਾ ਗਿਆ। ਮੈਨੂੰ ਦਿਲੀ ਪ੍ਰਸੰਨਤਾ ਹੋਈ, ਜਦ ਉਹ ਢੈਲਾ ਜਿਹਾ ਹੋ ਕੇ ਇੰਜ ਕਹਿਣ ਲੱਗਾ ਕਿ ਵੀਰਿਆ! ਇਹ ਗੱਲ ਤੇਰੀ ਬਿਲਕੁਲ ਦਰੁਸਤ ਹੈ। ਜੇ ਉਦੋਂ ਅਜਿਹਾ ਹੁੰਦਾ ਤਾਂ ਯਕੀਨਨ ਅੱਜ ਵਾਂਗ ਹੀ ਹੱਕ-ਸੱਚ ਨੂੰ ਨਮੋਸ਼ੀ ਝੱਲਣੀ ਪੈਣੀ ਸੀ।
ਸ਼ਾਇਦ ਸੱਤਵੇਂ ਅਸਮਾਨ ‘ਤੇ ਚੜ੍ਹਿਆ ਉਸ ਦੇ ਜੇਤੂ ਹੰਕਾਰ ਦਾ ਪਾਰਾ ਕੁਝ ਥੱਲੇ ਆ ਗਿਆ ਹੋਵੇਗਾ, ਕਿਉਂਕਿ ਉਸ ਨੇ ਫਿਰ ‘ਸਿਆਣਾ’ ਬਣਦਿਆਂ ਮੈਨੂੰ ਸੁਝਾਅ ਦਿੱਤਾ, ਇਸ ਨੁਕਤੇ ਨੂੰ ਅਖਬਾਰੀ ਲਿਖਤ ਵਿਚ ਲਿਆਉ। ਲਉ, ਉਸੇ ਦੀ ਸਿਫਾਰਸ਼ ਅਨੁਸਾਰ ਕੁਝ ਸਤਰਾਂ ਲਿਖ ਰਿਹਾ ਹਾਂ:
ਪੰਦਰਵੀਂ ਸਦੀ ਵਿਚ ਸੈਦਪੁਰ ਨਾਂ ਦੇ ਪਿੰਡ (ਹੁਣ ਐਲਨਾਬਾਦ, ਪਾਕਿਸਤਾਨ) ਵਿਖੇ ਵਾਪਰੇ ਇਤਿਹਾਸਕ ਵਾਕਿਆ ਤੋਂ ਆਪਾਂ ਸਾਰੇ ਜਾਣੂ ਹਾਂ ਕਿ ਉਸ ਪਿੰਡ ਦੇ ਬਹੁਤ ਅਮੀਰ ਮਲਿਕ ਭਾਗੋ ਨੇ ਬ੍ਰਹਮ-ਭੋਜ ਕੀਤਾ ਜਿਸ ਵਿਚ ਛੱਤੀ ਪ੍ਰਕਾਰ ਦੇ ਵੰਨ-ਸੁਵੰਨੇ ਪਕਵਾਨ ਛਕਾਏ ਜਾ ਰਹੇ ਸਨ। ਉਥੇ ਬੇ-ਬਹਾ ਭੀੜ ਕੁੱਖਾਂ ਕੱਢ ਕੱਢ ਕੇ ਮਲਿਕ ਭਾਗੋ ਦੀ ਜੈ-ਜੈਕਾਰ ਕਰ ਰਹੀ ਸੀ। ਆਪਾਂ ਪੜ੍ਹਦੇ-ਸੁਣਦੇ ਹਾਂ ਕਿ ਸਵਾਦੀ ਪਕਵਾਨਾਂ ਵਾਲੇ ਉਸ ਬ੍ਰਹਮ-ਭੋਜ ਨੂੰ ਠੁਕਰਾ ਕੇ ਗੁਰੂ ਨਾਨਕ ਗਰੀਬ ਕਿਰਤੀ ਭਾਈ ਲਾਲੋ ਦੇ ਘਰੇ ਭੁੰਜੇ ਆਸਣ ਲਾ ਕੇ ਕੋਧਰੇ ਦੀ ਰੁੱਖੀ ਰੋਟੀ ਦਾ ਅਨੰਦ ਮਾਣ ਰਹੇ ਸਨ। ਅਸੀਂ ਇਹ ਵੀ ਜਾਣਦੇ ਹਾਂ ਕਿ ਆਪਣਾ ਸੱਦਾ ਅਪ੍ਰਵਾਨ ਕਰਨ ‘ਤੇ ਕ੍ਰੋਧੀ ਹੋਏ ਮਲਿਕ ਭਾਗੋ ਨੂੰ ਗੁਰੂ ਨਾਨਕ ਨੇ ਗਿਆਨ ਚਰਚਾ ਦੇ ਤੀਰ ਚਲਾ ਕੇ ਦਰਸਾ ਦਿੱਤਾ ਸੀ ਕਿ ਲੋਕਾਈ ਦੀ ਰੱਤ ਚੂਸ ਕੇ ਬਣੇ ਅਮੀਰਾਂ ਦੀ ਰੋਟੀ ਵਿਚ ਲਹੂ ਹੁੰਦਾ ਹੈ, ਪਰ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਕਿਰਤੀਆਂ ਦੀ ਰੋਟੀ ਦੁੱਧ ਦੀ ਨਿਆਈਂ ਪਾਕਿ ਪਵਿੱਤਰ ਹੁੰਦੀ ਹੈ।
ਸੰਕੋਚਵੇਂ ਰੂਪ ਵਿਚ ਇਹ ਸਾਖੀ ਸੁਣਾਉਣ ਤੋਂ ਬਾਅਦ ਮੈਂ ਕੁਝ ਖਿਆਲੀ ਦ੍ਰਿਸ਼ ਚਿਤਵਦਿਆਂ ਪੁੱਛਿਆ ਕਿ ਮਿੱਤਰਾ! ਇਤਿਹਾਸਕ ਤੱਥ ਦੱਸਦੇ ਹਨ ਕਿ ਭਾਈ ਲਾਲੋ ਦੇ ਪਿੰਡੋਂ ਗੁਰੂ ਨਾਨਕ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਤਲਵੰਡੀ ਨੂੰ ਚਲੇ ਗਏ ਸਨ, ਪਰ ਉਨ੍ਹਾਂ ਦੇ ਚਲੇ ਜਾਣ ਉਪਰੰਤ, ਮੰਨ ਲਉ, ਮਲਿਕ ਭਾਗੋ ਦਾ ਕੋਈ ਚਮਚਾ ਭੂਤਰ ਜਾਂਦਾ ਅਤੇ ਉਸ ਨਗਰ ਖੇੜੇ ਦੀ ਕੋਈ ਚੌਧਰ ਲੈਣ ਦੀ ਝਾਕ ਵਿਚ ਆਪਣੇ ਮਾਲਕ ਦੀਆਂ ਨਜ਼ਰਾਂ ਵਿਚ ‘ਪ੍ਰਵਾਨ’ ਹੋਣ ਲਈ ਪਰਪੰਚ ਰਚ ਲੈਂਦਾ, ਤੇ ਉਹ ਸਾਰੇ ਪਿੰਡ ਵਿਚ ਮੁਨਾਦੀ ਕਰਵਾ ਦਿੰਦਾ ਕਿ ਭਰਾਵੋ ਜੋ ਹੋਇਆ, ਸੋ ਹੋਇਆ; ਪਰ ਸਾਡੇ ਮਹਾਨ ਆਗੂ ਦੀ ਹੇਠੀ ਸਾਥੋਂ ਨਹੀਂ ਸਹਾਰੀ ਜਾਂਦੀ। ਆਓ, ਆਪਾਂ ਅੱਜ ਫੈਸਲਾ ਕਰੀਏ ਕਿ ਸੈਂਕੜੇ ਹਜ਼ਾਰਾਂ ਪ੍ਰਾਣੀਆਂ ਨੂੰ ਮਨ-ਭਾਉਂਦੇ ਪਦਾਰਥ ਛਕਾਉਣ ਵਾਲੇ ਸਾਡੇ ‘ਫਖਰ-ਏ-ਨਗਰ’ ਸ੍ਰੀਮਾਨ ਮਲਿਕ ਭਾਗੋ ਜੀ ਮਹਾਨ ਹਨ ਕਿ ਆਪਣੇ ਰਹਿਬਰ ਤੇ ਇਕ ਉਹਦੇ ਸਾਥੀ-ਦੋਹਾਂ ਨੂੰ ਬਿਨਾ ਚੋਪੜੀ ਸੁੱਕੀ ਰੋਟੀ ਖਵਾਉਣ ਵਾਲਾ ਗਰੀਬੜਾ ਭਾਈ ਲਾਲੋ?
ਮੰਨ ਲਉ ਕਿ ਉਹ ਚਮਚਾਗਿਰੀ ਦੀ ਹੱਦ ਦਿਖਾਉਂਦਿਆਂ ਮਲਿਕ ਭਾਗੋ ਦੇ ਮਹਿਲਾਂ ਵਿਚ ਇਕੱਤਰ ਹੋਈ ਭਾਰੀ ਭੀੜ ਵਿਚੋਂ ਚੋਣਵੇਂ 175 ਬੰਦੇ ਕੱਢ ਲੈਂਦਾ। ਮੇਜ਼ ‘ਤੇ ਰੱਖ ਲੈਂਦਾ ਦੋ ਡੱਬੇ, ਇਕ ਮਲਿਕ ਭਾਗੋ ਦਾ ਤੇ ਦੂਜਾ ਭਾਈ ਲਾਲੋ ਦਾ। ਚੋਣਵੇਂ ਬੰਦਿਆਂ ਨੂੰ ਦਿੰਦਾ ਇਕ ਇਕ ਪਰਚੀ ਤੇ ਆਖਦਾ ਕਿ ਇਨ੍ਹਾਂ ਦੋਹਾਂ ਵਿਚੋਂ ਜਿਸ ਨੂੰ ਮਹਾਨ ਸਮਝਦੇ ਹੋ, ਉਸ ਦੇ ਡੱਬੇ ਵਿਚ ਆਪੋ ਆਪਣੀ ਪਰਚੀ ਪਾ ਦਿਉ।
ਇੰਨੀ ਕੁ ਗੱਲ ਕਰ ਕੇ ਮਖੌਲ ਕਰਨ ਵਾਲੇ ਬਾਦਲ ਦਲੀਏ ਦੋਸਤ ਨੂੰ ਮੈਂ ਪੁੱਛਿਆ, ਸੱਜਣਾ! ਆਪਣੇ ਧਰਮ ਈਮਾਨ ਨੂੰ ਜਾਣ ਕੇ ਦੱਸ ਕਿ ਭਾਈ ਲਾਲੋ ਦੇ ਡੱਬੇ ਵਿਚੋਂ ਪੰਦਰਾਂ ਪਰਚੀਆਂ ਨਿਕਲ ਆਉਂਦੀਆਂ, ਜਾਂ ਉਦੂੰ ਵੀ ਘੱਟ ਹੁੰਦੀਆਂ?
…ਤੇ ਸਵਾਲੀਆ ਰੂਪ ਵਿਚ ਮੇਰਾ ਜਵਾਬ ਸੁਣ ਕੇ ਦੋਸਤ ਦੇ ਦੰਦ ਜੁੜ ਗਏ!