ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ

ਬਲਜੀਤ ਬਾਸੀ
ਮਨੁੱਖ ਜਾਂ ਜਾਨਵਰ ਆਦਿ ਦੇ ਭੌਤਿਕ ਢਾਂਚੇ ਲਈ ਪੰਜਾਬੀ ਵਿਚ ਕਈ ਸ਼ਬਦ ਹਨ ਜਿਵੇਂ ਸਰੀਰ, ਤਨ, ਪਿੰਡਾ, ਕਾਇਆ, ਜਿਸਮ, ਬਦਨ, ਦੇਹ ਆਦਿ। ਭਾਵੇਂ ਲਾਸ਼ ਅਤੇ ਲੋਥ ਮੁਰਦਾ ਸਰੀਰ ਨੂੰ ਆਖਦੇ ਹਨ ਪਰ ਇਨ੍ਹਾਂ ਨੂੰ ਜ਼ਿੰਦਾ ਸਰੀਰ ਵਜੋਂ ਵੀ ਵਰਤ ਲਿਆ ਜਾਂਦਾ ਹੈ, ‘ਕਿੱਡੀ ਲੋਥ ਹੈ ਬਈ!’ ਅੰਗਰੇਜ਼ੀ ਸ਼ਬਦ ਬੌਡੀ ਵੀ ਬਹੁਤ ਪ੍ਰਚਲਿਤ ਹੋ ਗਿਆ ਹੈ, ‘ਬੌਡੀ ਸ਼ੌਡੀ ਬਣਾ।’

ਸਮਾਨਅਰਥਕ ਸ਼ਬਦ ਕੁਝ ਇਕ ਪ੍ਰਸੰਗਾਂ ਵਿਚ ਇਕ-ਦੂਜੇ ਦੇ ਬਰਾਬਰ ਰੱਖੇ ਜਾ ਸਕਦੇ ਹਨ ਹਰ ਪ੍ਰਸੰਗ ਵਿਚ ਨਹੀਂ। ਦੇਹ ਦਾ ਵਪਾਰ ਤਾਂ ਚੱਲਦਾ ਹੈ ਪਰ ਪਿੰਡੇ ਦਾ ਵਪਾਰ ਘੱਟ ਹੀ ਸੁਣਿਆ ਹੈ। ਇਸੇ ਤਰ੍ਹਾਂ ਦੇਹ ਨੂੰ ਅੱਗ ਦਿੱਤੀ ਗਈ ਜਾਂ ਦੇਹ ਦਫਨਾਈ ਗਈ ਪਰ ਸਰੀਰ ਨੂੰ ਅੱਗ ਦਿੱਤੀ ਗਈ ਨਹੀਂ ਚੱਲਦਾ। ਮ੍ਰਿਤਕ ਦੇਹ ਤੇ ਦੇਹ ਤਿਆਗਣਾ ਸ਼ਬਦ ਜੁੱਟ ਵੀ ਕਾਫੀ ਚਲਦੇ ਹਨ। ਦੇਹ ਸ਼ਬਦ ਬਾਰੇ ਅਜਿਹਾ ਵਤੀਰਾ ਅਧਿਆਤਮਕ ਲਿਖਤਾਂ ਵਿਚ ਇਸ ਨੂੰ ਪੰਜ ਤੱਤਾਂ ਦਾ ਪੁਤਲਾ ਅਤੇ ਨਾਸ਼ਮਾਨ ਸਮਝਦਿਆਂ ਇਸ ਦੀ ਵਰਤੋਂ ਦੇ ਕੁਝ ਨਮੂਨੇ ਦੇਖੀਏ।
ਪੰਜਾਬੀ ਲਿਖਤਾਂ ਵਿਚ ਸਭ ਤੋਂ ਪਹਿਲਾਂ ਹੋਈ ਇਸ ਸ਼ਬਦ ਦੀ ਵਰਤੋਂ ਬਾਬਾ ਸ਼ੇਖ ਫਰੀਦ ਦੇ ਇਸ ਸਲੋਕ ਵਿਚ ਮਿਲਦੀ ਹੈ, ‘ਬੁਢਾ ਹੋਆ ਸੇਖ ਫਰੀਦੁ ਕੰਬਣਿ ਲੱਗੀ ਦੇਹ॥ ਜੇ ਸਉ ਵਰਿਆ ਜੀਵਣਾ ਭੀ ਤਨੁ ਹੋਸੀ ਖੇਹ॥’ ਕਬੀਰ ਸਾਹਿਬ ਫਰਮਾਉਂਦੇ ਹਨ, ‘ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ॥ ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ॥’ ਹਾਲਾਂਕਿ ‘ਚੌਰਾਸੀਹ ਲੱਖ ਜੋਨ ਵਿਚ ਉਤਮ ਜਨਮ ਸੁ ਮਾਣਸ ਦੇਹੀ’ ਫਿਰ ਵੀ ਦੇਹ ਦੀ ਨਾਸ਼ਮਾਨਤਾ ਕਾਰਨ ਜੀਵਨ ਛਿੰਨ-ਭੰਗਰ ਹੈ, ਇਸ ਲਈ ਧਰਮ ਪਰਲੋਕ ਪਰਾਇਣ ਦੀ ਸਿੱਖਿਆ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦੇਹ ਸ਼ਬਦ ਦੇ ਮਿਲਦੇ ਹੋਰ ਰੂਪ ਹਨ, ਦੇਹੜ, ਦੇਹਾਦਿ ਆਦਿ, ‘ਚੜ ਦੇਹੜਿ ਘੋੜੀ’ (ਗੁਰੂ ਰਾਮ ਦਾਸ); ‘ਫਿਰਤੁ ਫਿਰਤੁ ਮਾਨੁਖੁ ਭਇਆ ਖਿਨ ਭੰਗਨ ਦੇਹਾਦਿ॥’ (ਗੁਰੂ ਅਰਜਨ ਦੇਵ)। ਦੇਹ ਦਾ ਇਕ ਰੂਪ ਦੇਹੀ ਵੀ ਹੈ, ‘ਇਸ ਦੇਹੀ ਕਉ ਸਿਮਰਹਿ ਦੇਵ॥’ (ਭਗਤ ਕਬੀਰ)।
ਪੰਜਾਬੀ ‘ਦੇਹ’ ਸ਼ਬਦ ਸੰਸਕ੍ਰਿਤ ਦੇਹ ਤੋਂ ਆਇਆ ਹੈ। ਇਸ ਦਾ ਧਾਤੂ ਹੈ, ‘ਦਿਹ’ ਜਿਸ ਵਿਚ ਲਿੱਪਣ, ਢਾਲਣ, ਘੜਨ, ਬਣਾਉਣ, ਰਚਣ, ਗੁੰਨ੍ਹਣ ਆਦਿ ਦੇ ਭਾਵ ਹਨ। ਸੰਸਕ੍ਰਿਤ ਵਿਚ ਦੇਹ ਦੇ ਅਰਥ ਹਨ-ਸ਼ਕਲ, ਆਕਾਰ, ਘਾੜਤ, ਪੁੰਜ, ਥੋਬਾ, ਡੀਲ, ਪੇੜਾ, ਮੂਰਤੀ, ਆਕ੍ਰਿਤੀ, ਦਿੱਖ ਆਦਿ। ਇਸ ਸਭ ਕੁਝ ਦੀ ਘਾੜਤ ਲਿੱਪ ਕੇ ਹੀ ਕੀਤੀ ਜਾਂਦੀ ਹੈ। ਇਥੇ ਲਿਪਣ ਦਾ ਅਰਥ ਸਿਰਫ ਕੰਧ ‘ਤੇ ਗਿੱਲੀ ਮਿੱਟੀ ਦੀ ਤਹਿ ਚਾੜ੍ਹਨਾ ਨਹੀਂ ਬਲਕਿ ਇਕ ਨਵੀਂ ਨਕੋਰ ਸ਼ਕਲ ਘੜਨਾ ਹੈ। ਸੋ, ਸਰੀਰ ਵਜੋਂ ਦੇਹ ਦਾ ਅਰਥ ਹੈ, ਉਹ ਸ਼ਕਲ ਜਾਂ ਢਾਂਚਾ ਜੋ (ਪੰਜ ਤੱਤਾਂ ਦੀ ਘਾਣੀ ਨਾਲ) ਡੌਲਿਆ ਜਾਂ ਸਾਕਾਰ ਕੀਤਾ ਗਿਆ ਹੈ।
ਦੇਹ ਤੋਂ ਮੌਤ ਦੇ ਅਰਥਾਂ ਵਾਲਾ ਸ਼ਬਦ ਦੇਹਾਂਤ ਬਣਿਆ ਅਰਥਾਤ ਦੇਹ ਦਾ ਅੰਤ। ਕਈਆਂ ਨੂੰ ਸ਼ਾਇਦ ਸ਼ੱਕ ਹੋਵੇਗਾ, ਪਰ ਇਹ ਸੱਚਾਈ ਹੈ ਕਿ ਸ਼ੱਕ ਦੇ ਅਰਥਾਂ ਵਾਲੇ ਸ਼ਬਦ ਸੰਦੇਹ ਵਿਚ ਵੀ ਦੇਹ ਦਾ ਵਾਸਾ ਹੈ। ਸੰਦੇਹ ਦੇ ਅਗੇਤਰ ‘ਸੰ’ ਦਾ ਅਰਥ ‘ਸਮੇਤ’ ਹੁੰਦਾ ਹੈ। ਸੋ, ਸੰਦੇਹ ਦਾ ਸ਼ਾਬਦਿਕ ਅਰਥ ਬਣਿਆ, ਦੇਹ ਸਮੇਤ ਜਾਂ ਦੇਹ ਵਾਲਾ। ਦੇਹ ਦੀ ਪ੍ਰਤੀਤੀ ਦਿਸਣ, ਭਾਸਣ ਨਾਲ ਹੀ ਹੁੰਦੀ ਹੈ। ਸੋ, ਸੰਦੇਹ ਦਾ ਅਰਥ ਬਣਦਾ ਹੈ-ਜਿਸ ਤਰ੍ਹਾਂ ਭਾਸਦਾ, ਦਿਸਦਾ, ਲਗਦਾ ਹੈ। ਜਾਣੋਂ ਅਸੀ ‘ਸੰਦੇਹ ਕਰਨ’ ਨੂੰ ਕਹਿ ਸਕਦੇ ਹਾਂ, ਇਉਂ ਭਾਸਦਾ ਹੈ ਜਾਂ ਲਗਦਾ ਹੈ। ‘ਸਸਾ ਸੋ ਸਹ ਸੇਜ ਸਵਾਰੈ॥ ਸੋਈ ਸਹੀ ਸੰਦੇਹ ਨਿਵਾਰੈ॥’
ਭਾਈ ਕਾਹਨ ਸਿੰਘ ਨਾਭਾ ਅਨੁਸਾਰ ਕਿਸੇ ਪਦਾਰਥ ਨੂੰ ਦੇਖ ਕੇ ਜੇ ਅਸਲੀਅਤ ਨਾ ਜਾਣੀ ਜਾਵੇ ਸਗੋਂ ਸ਼ੱਕ ਬਣਿਆ ਰਹੇ, ਉਸ ਨੂੰ ਸੰਦੇਹ ਅਲੰਕਾਰ ਕਿਹਾ ਜਾਂਦਾ ਹੈ। ਤੀਜੇ ਮਹੱਲੇ ਦੇ ਇਸ ਪਦ ਵਿਚ ਇਹ ਅਲੰਕਾਰ ਦੇਖੋ, ‘ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ॥ ਕਿ ਇਹੁ ਮਨੁ ਅਵਰਨੁ ਸਦਾ ਅਵਿਨਾਸੀ॥ ਕਿ ਇਹੁ ਮਨੁ ਚੰਚਲੁ ਕਿ ਇਹੁ ਮਨੁ ਬੈਰਾਗੀ॥ ਇਸੁ ਮਨ ਕਉ ਮਮਤਾ ਕਿਥਹੁ ਲਾਗੀ॥’ ਦੇਹ ਤੋਂ ਹੀ ਦੇਹਰਾ ਸ਼ਬਦ ਬਣਿਆ ਜਿਸ ਦਾ ਮੂਲ ਅਰਥ ਮਿੱਟੀ ਦੀ ਢੇਰੀ ਅਰਥਾਤ ਮੜ੍ਹੀ ਹੈ।
ਉਪਰੋਕਤ ਸਾਰੇ ਸ਼ਬਦਾਂ ਦੇ ਸਜਾਤੀ ਹੋਰ ਹਿੰਦ-ਯੂਰਪੀ ਭਾਸ਼ਾਵਾਂ ਵਿਚ ਵੀ ਮਿਲ ਜਾਂਦੇ ਹਨ। ਪ੍ਰਸਿੱਧ ਨਿਰੁੱਕਤਕਾਰ ਪੋਕੋਰਨੀ ਨੇ ਇਸ ਦਾ ਭਾਰੋਪੀ ਮੂਲ ਧਹeਗਿਹ ਲਭਿਆ ਹੈ ਜਿਸ ਦਾ ਅਰਥ ਹੈ-ਬਣਾਉਣਾ, ਰਚਣਾ, ਨਿਰਮਿਤ ਕਰਨਾ। ਚਲੋ, ਨਜ਼ਰ ਹੇਠ ਲਿਆਈਏ ਕੁਝ ਚੋਣਵੇਂ ਸ਼ਬਦ ਜੋ ਸਾਡੀ ਦੇਹ ਦੇ ਸਕੇ ਸੋਹਦਰੇ ਹਨ। ਹਿੰਦ-ਇਰਾਨੀ ਭਾਸ਼ਾ ਫਾਰਸੀ ਭਾਰਤੀ ਆਰੀਆਈ ਭਾਸ਼ਾਵਾਂ ਦੇ ਸਭ ਤੋਂ ਨੇੜੇ ਹੈ। ਇਸ ਲਈ ਇਸ ਦੇ ਬਹੁਤ ਸਾਰੇ ਸ਼ਬਦ ਸਦੀਆਂ ਤੋਂ ਸਾਡੀਆਂ ਭਾਸ਼ਾਵਾਂ ਵਿਚ ਰਚ-ਮਿਚ ਚੁਕੇ ਹਨ। ਪੰਜਾਬੀ ਦੇਹ ਦੇ ਟਾਕਰੇ ਫਾਰਸੀ ਵਿਚ ‘ਦਿਹ’ ਸ਼ਬਦ ਹੈ ਜਿਸ ਦਾ ਮੁੱਖ ਅਰਥ ਪਿੰਡ ਹੈ।
ਕੁਝ ਨਿਰੁੱਕਤਕਾਰਾਂ ਨੇ ਇਸ ਦਾ ਮੂਲ ਅਰਥ ਮਿੱਟੀ ਦੀ ਬਣੀ ਕੰਧ, ਸੁਰੱਖਿਆ ਕੰਧਾਂ ਨਾਲ ਵਲੀ ਹੋਈ ਥਾਂ, ਚਾਰਦੀਵਾਰੀ ਆਦਿ ਕੀਤਾ ਹੈ ਜੋ ਸਹਿਜੇ ਸਹਿਜੇ ਪਿੰਡ ਦਾ ਬੋਧਕ ਬਣ ਗਿਆ। ਪਰ ਭਾਰੋਪੀ ਮੂਲ ਧਹeਗਿਹ ਦੇ ਅਰਥ ਅਨੁਸਾਰ ਪਿੰਡ ਦੇ ਸੂਚਕ ਦਿਹ ਸ਼ਬਦ ਦਾ ਮੂਲ ਅਰਥ ‘ਜੋ ਬਣਾਇਆ ਗਿਆ ਜਾਂ ਨਿਰਮਿਤ ਕੀਤਾ ਗਿਆ’ ਮੈਨੂੰ ਵਧੇਰੇ ਤਰਕਸ਼ੀਲ ਲਗਦਾ ਹੈ। ਦਿਹ ਦਾ ਅਰਬੀ ਢੰਗ ਨਾਲ ਬਣਾਇਆ ਬਹੁਵਚਨ ਦੇਹਾਤ ਜਾਂ ਦਿਹਾਤ (ਪੇਂਡੂ ਇਲਾਕਾ) ਹੈ ਅਤੇ ਇਸ ਤੋਂ ਵਿਸ਼ੇਸ਼ਣ ਦਿਹਾਤੀ ਪੰਜਾਬੀ ਵਿਚ ਆਮ ਜਾਣਿਆ ਜਾਂਦਾ ਸ਼ਬਦ ਹੈ।
ਡਾ. ਅਮਰਵੰਤ ਸਿੰਘ ਦੇ ਕੋਸ਼ ‘ਅਰਬੀ-ਫਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ’ ਵਿਚ ਦਿਹ ਸ਼ਬਦ ਦੇ ਇੰਦਰਾਜ ਨੂੰ ਬੜੇ ਗਲਤ ਤਰੀਕੇ ਨਾਲ ਨਿਪਟਾਇਆ ਗਿਆ ਹੈ। ਇਥੇ ‘ਦੇਣ ਵਾਲਾ’ ਦੇ ਅਰਥਾਂ ਵਾਲੇ ਦਿਹ ਨੂੰ ਪਿੰਡ ਦੇ ਅਰਥਾਂ ਵਾਲੇ ਦਿਹ ਨਾਲ ਨਰੜ ਕੇ ਗੱਲ ਹਾਸੋਹੀਣੀ ਕਰ ਦਿੱਤੀ ਗਈ ਹੈ। ਭਲਾ ਪਿੰਡ ਦਾ ਦੇਣ ਨਾਲ ਸਬੰਧ ਕਿਵੇਂ ਜੁੜਦਾ ਹੈ?
ਚਲੋ, ਨਾਲ ਲਗਦੀ ਕੰਧ ਦੀ ਗੱਲ ਵੀ ਕਰ ਲੈਂਦੇ ਹਾਂ ਜਿਸ ਲਈ ਸਾਡੇ ਕੋਲ ਦੀਵਾਰ ਸ਼ਬਦ ਵੀ ਹੈ। ਪਲੈਟਸ ਨੇ ਇਮਾਲਾ ਦੇ ਹਵਾਲੇ ਨਾਲ ਦੀਵਾਰ ਸ਼ਬਦ ਨੂੰ ਫਾਰਸੀ ਦਾਵ ਤੋਂ ਬਣਿਆ ਦੱਸਿਆ ਹੈ ਜਿਸ ਦਾ ਅਰਥ ਹੈ-ਸਤਹ, ਪਰਤ। ਦਰਅਸਲ ਫਾਰਸੀ ਦੀਵਾਰ ਸ਼ਬਦ ਬਣਿਆ ਹੈ ਅਵੇਸਤਾ ਵਿਚ ਆਏ ਸ਼ਬਦ ਦੇਗਾ-ਵਰਾ ਤੋਂ। ਇਹ ḔਦੇਗਾḔ ਉਪਰ ਚਰਚਿਤ ਦਿਹ ਦਾ ਹੀ ਇਕ ਰੂਪ ਸੀ ਜਿਸ ਨਾਲ ਮਿਲਦੇ-ਜੁਲਦੇ ਕੁਝ ਹੋਰ ਰੂਪ ਹਨ-ਦਿਜ਼, ਦੇਜ਼ ਦਾਇਜ਼ਾ ਆਦਿ। ਇਨ੍ਹਾਂ ਸ਼ਬਦਾਂ ਵਿਚ ਦਿਹ ਦੀ ਤਰ੍ਹਾਂ ਹੀ ਲਿੱਪਣ, ਬਣਾਉਣ, ਰਚਣ, ਸ਼ਕਲ ਦੇਣ, ਗੁੰਨ੍ਹਣ ਦੇ ਭਾਵ ਹਨ। ਕਿਉਂਕਿ ਲਿੱਪਣ, ਬਣਾਉਣ ਦਾ ਕੰਮ ਮਿੱਟੀ ਨਾਲ ਹੀ ਹੁੰਦਾ ਹੈ, ਇਸ ਲਈ ਇਸ ਸ਼ਬਦ ਵਿਚ ਮਿੱਟੀ ਦਾ ਭਾਵ ਵੀ ਹੈ। ਮਨੁਖੀ ਸਰੀਰ ਨੂੰ ਅਸੀਂ ਮਿੱਟੀ ਦਾ ਪੁਤਲਾ ਕਹਿ ਦਿੰਦੇ ਹਾਂ। ਸੋ ਇਸ ਵਿਚਲੇ ਦੇਗਾ ਦਾ ਅਰਥ ਨਿਕਲਦਾ ਹੈ, ਮਿੱਟੀ ਨਾਲ ਬਣਾਈ।
ਦੇਗਾ-ਵਰਾ ਦੇ ਦੂਜੇ ਘਟਕ ‘ਵਰਾ’ ਭਾਰੋਪੀ ੱeਰ ਦਾ ਹੀ ਫਾਰਸੀ ਰੁਪਾਂਤਰ ਹੈ ਜਿਸ ਵਿਚ ਘੇਰਾ ਪਾਉਣ, ਵਲਣ, ਘੁਮਾਉਣ, ਲਿਪਟਣ ਦੇ ਭਾਵ ਹਨ। ਸੰਸਕ੍ਰਿਤ ਵਿਚ ‘ਵ੍ਰ’ ਧਾਤੂ ਵੀ ਇਹੋ ਹੈ ਜਿਸ ਦਾ ਜ਼ਿਕਰ ਕਈ ਵਾਰੀ ਕੀਤਾ ਜਾ ਸਕਦਾ ਹੈ। ਸੋ, ਦੇਗਾ-ਵਰਾ ਦਾ ਸ਼ਾਬਦਿਕ ਅਰਥ ਨਿਕਲਦਾ ਹੈ, ‘ਘੇਰੇ ਦੇ ਰੂਪ ਵਿਚ ਮਿੱਟੀ ਦੀ ਬਣਤਰ’ ਅਰਥਾਤ ਚਾਰਦੀਵਾਰੀ। ਦੀਵਾਰ ਵਿਚ ਸੁਰੱਖਿਆ ਦੇ ਭਾਵ ਵੀ ਹਨ, ‘ਫੌਜ ਦੀਵਾਰ ਬਣ ਕੇ ਡਟ ਗਈ’ ਤੇ ਦੂਜੇ ਪਾਸੇ ਵੱਖਰੇ ਹੋਣ ਦੇ ਭਾਵ ਵੀ ਦਿੰਦੀ ਹੈ, ਕੋਈ ਨਿਕਟ ਸਬੰਧਾਂ ਵਿਚ ‘ਦੀਵਾਰ ਬਣ ਕੇ ਖੜ੍ਹਾ ਹੋ ਜਾਂਦਾ ਹੈ।’ ਪੰਜਾਬੀ ਮੁਹਾਵਰਾ ‘ਕੰਧਾਂ ਦੇ ਵੀ ਕੰਨ ਹੁੰਦੇ ਹਨ’ ਦਰਅਸਲ ਫਾਰਸੀ ਮੁਹਾਵਰੇ ‘ਦੀਵਾਰ ਹਮ ਗੋਸ਼ ਦਾਰਦ’ ਦਾ ਹੀ ਅਨੁਵਾਦ ਹੈ। ਦੀਵਾਰ ਦਾ ਇਕ ਰੁਪਾਂਤਰ ਦੀਵਾਲ/ਦਿਵਾਲ ਵੀ ਹੈ, ‘ਦੇ ਦੇ ਨੀਵ ਦਿਵਾਲ ਉਸਾਰੀ ਭਸਮੰਦਰ ਕੀ ਢੇਰੀ॥’ (ਗੁਰੂ ਨਾਨਕ ਦੇਵ)
ਫਾਰਸੀ ਵਿਚ ਸਵਰਗ ਲਈ ਇਕ ਸ਼ਬਦ ਹੈ, ਫਿਰਦੌਸ। ਅਵੇਸਤਾ ਵਿਚ ਇਸ ਦਾ ਰੂਪ ਹੈ, ਪੈਇਰੀਦੀਜ਼ਾ। ਇਹ ਸੰਯੁਕਤ ਸ਼ਬਦ ਹੈ ਜੋ ਪੈਇਰੀ+ਦਿਜ਼ ਤੋਂ ਬਣਿਆ ਹੈ। ਪੈਇਰੀ ਇਕ ਅਗੇਤਰ ਹੈ ਜਿਸ ਦਾ ਅਰਥ ਆਲੇ-ਦੁਆਲੇ ਹੁੰਦਾ ਹੈ। ਸਾਡੀ ਭਾਸ਼ਾ ਵਿਚ ਇਸ ਦਾ ਰੁਪਾਂਤਰ ਹੈ ‘ਪਰਿ’ ਜਿਸ ਤੋਂ ਪਰਿਧੀ, ਪਰਿਵਾਰ ਆਦਿ ਸ਼ਬਦ ਬਣੇ ਹਨ। ਦੂਜਾ ਘਟਕ ਦਿਜ਼ ਤਾਂ ਉਹੀ ਮਿੱਟੀ ਦੀ ਬਣਤਰ ਅਰਥਾਤ ਕੰਧ ਹੀ ਹੈ। ਸੋ ਫਿਰਦੌਸ ਦਾ ਸ਼ਾਬਦਿਕ ਅਰਥ ਹੋਇਆ, ‘ਕੰਧਾਂ ਨਾਲ ਘਿਰਿਆ।’ ਜ਼ਰਾ ਮਨ ਵਿਚ ਬਾਗ-ਬਗੀਚੇ, ਪਾਰਕ ਦਾ ਬਿੰਬ ਚਿਤਰੋ। ਇਹ ਸ਼ਬਦ ਫਾਰਸੀ ਤੋਂ ਗਰੀਕ ਫਿਰ ਲਾਤੀਨੀ ਤੇ ਅੱਗੇ ਫਰਾਂਸੀਸੀ ਵਿਚ ਦੀ ਲੰਘਦਾ ਹੋਇਆ ਅੰਗਰੇਜ਼ੀ ਵਿਚ ਪਹੁੰਚਾ ਤਾਂ ਇਸ ਦਾ ਰੂਪ ਹੋ ਗਿਆ, ਪੈਰਾਡਾਈਜ਼ (ਫਅਰਅਦਸਿe)।
ਪੰਜਾਬੀ ਵਿਚ ਅਸੀਂ ਦੇਗ ਸ਼ਬਦ ਬਹੁਤ ਵਰਤਦੇ ਹਾਂ। ਮੁਖ ਤੌਰ ‘ਤੇ ਇਸ ਦਾ ਅਰਥ ਦਾਲ-ਸਬਜ਼ੀ ਰਿੰਨ੍ਹਣ ਵਾਲਾ ਇਕ ਪਤੀਲੇ ਜਿਹਾ ਭਾਂਡਾ ਹੈ। ਵੱਡੀ ਕੜਾਹੀ ਨੂੰ ਵੀ ਦੇਗ ਕਿਹਾ ਜਾਂਦਾ ਹੈ ਅਤੇ ਕਿਉਂਕਿ ਇਸ ਵਿਚ ਕੜਾਹ ਬਣਾਇਆ ਜਾਂਦਾ ਹੈ, ਇਸ ਲਈ ਸਿੱਖੀ ਵਿਚ ਦੇਗ ਦਾ ਅਰਥ ਕੜਾਹ-ਪ੍ਰਸ਼ਾਦ ਵੀ ਹੋ ਗਿਆ ਹੈ। ਮੁਢਲੇ ਤੌਰ ‘ਤੇ ਇਹ ਵੀ ਧੇਘ ਧਾਤੂ ਦੀ ਹੀ ਪੈਦਾਵਾਰ ਹੈ, ਅਰਥਾਤ ਮਿੱਟੀ ਦੀ ਬਣਤਰ। ਪ੍ਰਾਚੀਨ ਵਿਚ ਭਾਂਡੇ ਮਿੱਟੀ ਦੇ ਹੀ ਬਣਾਏ ਜਾਂਦੇ ਸਨ। ਅੱਜ ਕਲ੍ਹ ਲੋਹੇ, ਤਾਂਬੇ ਜਾਂ ਪਿੱਤਲ ਆਦਿ ਦੀਆਂ ਦੇਗਾਂ ਬਣਦੀਆਂ ਹਨ। ਛੋਟੀ ਦੇਗ ਨੂੰ ਦੇਗਚਾ ਜਾਂ ਦੇਗਚੀ ਕਿਹਾ ਜਾਂਦਾ ਹੈ। ਫਾਰਸੀ ਵਿਚ ਦੇਗਦਾਨ ਦਾ ਅਰਥ ‘ਚੁੱਲ੍ਹਾ’ ਹੈ। ਦੇਗਜੋਸ਼ ਨਜ਼ਰਾਨੇ ਦਾ ਖਾਣਾ ਹੈ ਜੋ ਮੁਰਾਦ ਪੂਰੀ ਹੋਣ ‘ਤੇ ਖੁਆਇਆ ਜਾਂਦਾ ਹੈ। ਦੇਗੀ ਦਾ ਅਰਥ ਹੈ, ਭੋਜਨ ਨਾਲ ਸਬੰਧਤ ਜਿਵੇਂ ਦੇਗੀ ਮਿਰਚ। ‘ਦੇਗੀ ਲੋਹਾ’ ਦੇਗ ਬਣਾਉਣ ਵਾਲੇ ਲੋਹੇ ਦੀ ਕਿਸਮ ਹੈ।
ਅੰਗਰੇਜ਼ੀ ਵਿਚ ਇਕ ਸ਼ਬਦ ਹੈ, ਧੁਗਹ ਜਿਸ ਦਾ ਮਤਲਬ ਹੈ-ਗੁੰਨ੍ਹਿਆ ਆਟਾ, ਲੋਈ ਆਦਿ। ਇਹ ਮੁਢਲੇ ਤੌਰ ‘ਤੇ ਪ੍ਰਾਕ-ਜਰਮੈਨਿਕ ਸ਼ਬਦ ਹੈ, ਜਿਸ ਦਾ ਅਰਥ ਸੀ, ‘ਗੁੰਨ੍ਹੀ ਹੋਈ ਚੀਜ਼।’ ਇਹ ਸ਼ਬਦ ਹੋਰ ਜਰਮੈਨਿਕ ਭਾਸ਼ਾਵਾਂ ਵਿਚ ਵੀ ਇਸੇ ਅਰਥ ਵਿਚ ਮਿਲਦਾ ਹੈ। ਸੁਆਣੀ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਲੇਡੀ ਵੀ ਪੰਜਾਬੀ ਵਿਚ ਖੂਬ ਪ੍ਰਚਲਿਤ ਹੈ, ਖਾਸ ਤੌਰ ‘ਤੇ ਮਹਿਲਾ ਡਾਕਟਰ ਲਈ ‘ਲੇਡੀ ਡਾਕਟਰ’ ਦੇ ਰੂਪ ਵਿਚ। ਲੇਡੀ ਦਾ ਸ਼ਾਬਦਿਕ ਅਰਥ ਬਣਦਾ ਹੈ, ਜੋ ਆਟਾ ਗੁੰਨ੍ਹਦੀ ਹੈ। ਇਹ ਸ਼ਬਦ ਜਰਮੈਨਿਕ ਦੇ ਸਮਾਸੀ ਸ਼ਬਦ ੍ਹਲਆ (ਬਰੈਡ)+ ਧਗਿe (ਨੌਕਰਾਣੀ) ਤੋਂ ਵਿਉਤਪਤ ਹੋਇਆ। ੍ਹਲਆ ਅਸਲ ਵਿਚ ਲੋਆ ਦਾ ਹੀ ਪੁਰਾਤਨ ਰੂਪ ਹੈ। ਨੌਕਰਾਣੀ ਦੇ ਅਰਥਾਂ ਵਾਲਾ ਧਗਿe ਸ਼ਬਦ ਵੀ ਧਹeਗਿਹ ਧਾਤੂ ਨਾਲ ਜਾ ਜੁੜਦਾ ਹੈ। ਸੋ, ਅਰਥ ਬਣਿਆ-ਰੋਟੀ ਬਣਾਉਣ ਜਾਂ ਆਟਾ ਗੁੰਨ੍ਹਣ ਵਾਲੀ। ਡੇਅਰੀ ਸ਼ਬਦ ਸਾਡੀਆਂ ਭਾਸ਼ਾਵਾਂ ਵਿਚ ਬਹੁਤ ਪ੍ਰਚਲਿਤ ਹੋ ਗਿਆ ਹੈ। ਇਸ ਸ਼ਬਦ ਦਾ ਪੁਰਾਤਨ ਰੂਪ ਸੀ, ਧਅਇ ੰਅਦਿ। ਇਸ ਵਿਚਲਾ ਸ਼ਬਦ ਧਅਇ ਨੌਕਰਾਣੀ ਦੇ ਅਰਥਾਂ ਵਾਲੇ ਉਪਰੋਕਤ ਧਗਿe ਦਾ ਹੀ ਇਕ ਹੋਰ ਰੁਪਾਂਤਰ ਹੈ, ਜਿਸ ਦਾ ਸ਼ਾਬਦਿਕ ਅਰਥ ਬਣਦਾ ਹੈ, ਆਟਾ ਗੁੰਨ੍ਹਣ ਵਾਲੀ।
ਆਕਾਰ, ਸ਼ਕਲ ਆਦਿ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਫਿਗਰ (ਾਂਗੁਰe) ਵੀ ਇਥੇ ਥਾਂ ਸਿਰ ਹੈ। ਗ੍ਰਾਸਮੈਨ ਦੇ ਨਿਯਮ ਅਨੁਸਾਰ ਸੰਸਕ੍ਰਿਤ ‘ਦ’ ਜਾਂ ਭਾਰੋਪੀ ‘ਧ’ ਧੁਨੀਆਂ ਦੇ ਮੁਕਾਬਲੇ ਵਿਚ ਲਾਤੀਨੀ ਵਿਚ ‘ਫ’ ਧੁਨੀ ਆਉਂਦੀ ਹੈ। ਮਿਸਾਲ ਵਜੋਂ ਸੰਸਕ੍ਰਿਤ ਧੂਮ (ਧੂਆਂ) ਦਾ ਸਜਾਤੀ ਲਾਤੀਨੀ ਸ਼ਬਦ ਹੈ, ੁਂਮe। ਸੋ, ਪੁਰਾਣੀ ਲਾਤੀਨੀ ਦੇ ਸ਼ਬਦ ਾਂਗੁਰਅ ਦਾ ਅਰਥ ਸੀ-ਰੇਖਾ ਚਿੱਤਰ, ਖਾਕਾ, ਆਕ੍ਰਿਤੀ ਅਰਥਾਤ ਲਕੀਰਾਂ ਨਾਲ ਬਣਾਈ। ਲਾਤੀਨੀ ਵਿਚ ਹੀ ਇਸ ਦਾ ਹੋਰ ਵਿਕਸਿਤ ਅਰਥ ਹੋਇਆ-ਰੂਪ, ਸ਼ਕਲ, ਗੁਣ, ਕਿਸਮ, ਅਲੰਕਾਰ ਆਦਿ। ਧਿਆਨ ਦਿਉ, ਅਲੰਕਾਰ ਵਾਲੇ ਅਰਥ ਵੱਲ ਗੱਲ ਕਿਧਰ ਦੀ ਕਿਧਰ ਚਲੀ ਗਈ। ਕੋਈ ਵੀ ਬਣਾਇਆ ਚਿੱਤਰ ਅਸਲ ਵਿਚ ਕਿਸੇ ਵਾਸਤਵਿਕ ਚੀਜ਼ ਦਾ ਕਲਾਮਈ ਪ੍ਰਗਟਾਉ ਹੀ ਹੈ। ਫਿਗਰ ਦੇ ਅਰਥ ਹਿੰਦਸਾ, ਰਕਮ ਆਦਿ ਵੀ ਉਕਰੀ ਹੋਈ ਸ਼ਕਲ ਵਜੋਂ ਸਮਝਣੇ ਚਾਹੀਦੇ ਹਨ।
ਸ਼ਬਦ ਤਾਂ ਬਹੁਤ ਹਨ ਪਰ ਥਾਂ ਥੋੜ੍ਹੀ ਹੋਣ ਕਰਕੇ ਇਕੋ ਹੋਰ ਸ਼ਬਦ ਦੀ ਗੁੰਜਾਇਸ਼ ਹੈ। ਪੁਤਲੇ ਲਈ ਅੰਗਰੇਜ਼ੀ ਵਿਚ ਸ਼ਬਦ ਆਉਂਦਾ ਹੈ, ਓਾਗੇ। ਲਾਤੀਨੀ ਵਿਚ ਇਹ ਸ਼ਬਦ ਓਣ (ਬਾਹਰ)+ਾਂਨਿਗeਰe (ਸਾਕਾਰ ਕਰਨਾ) ਤੋਂ ਬਣਿਆ। ਲਾਤੀਨੀ ਵਿਚ ਇਸ ਦਾ ਮਤਲਬ ਸੀ-ਕਾਸੇ ਦੀ ਨਕਲ, ਵਰਗੇਵਾਂ, ਬਿੰਬ, ਮੂਰਤੀ। ਸੋਲ੍ਹਵੀਂ ਸਦੀ ਦੀ ਅੰਗਰੇਜ਼ੀ ਵਿਚ ਇਸ ਸ਼ਬਦ ਦਾ ਅਰਥ ਬਣਿਆ, ਮਨੁੱਖ ਦਾ ਬਿੰਬ। ਏਨੀ ਚਰਚਾ ਪਿਛੋਂ ਬਾਕੀ ਲੱਖਣ ਪਾਠਕ ਖੁਦ ਲਾ ਲੈਣ ਤਾਂ ਚੰਗਾ ਰਹੇਗਾ।