ਨਹੀਂ ਸੁਲਝ ਰਿਹਾ ਮਸਲਾ ਕੈਲੰਡਰ ਦਾ

ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਸਿੱਖਾਂ ਵਿਚ ਚੱਲ ਰਿਹਾ ਵਿਵਾਦ ਮੁੱਕਣ ਦਾ ਸੱਚਮੁੱਚ ਹੀ ਨਾਂ ਨਹੀਂ ਲੈ ਰਿਹਾ। ਇਸ ਮਾਮਲੇ ਨੂੰ ਲੈ ਕੇ ਵੱਖ ਵੱਖ ਧਿਰਾਂ ਦੇ ਵੱਖ ਵੱਖ ਪੈਂਤੜੇ ਹਨ। ਲੇਖਕ ਹਜ਼ਾਰਾ ਸਿੰਘ ਨੇ ਇਕ ਵੱਖਰਾ ਤੇ ਸੰਤੁਲਿਤ ਨਜ਼ਰੀਆ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਾਂ ਦੀ ਵੱਖਰੀ ਪਛਾਣ ਵੱਖਰੇ ਕਰਮ ਕਰਨ ਨਾਲ ਬਣਦੀ ਹੈ, ਨਾ ਕਿ ਕੰਧ ਉਪਰ ਟੰਗੇ ਕਿਸੇ ਕੈਲੰਡਰ ਨਾਲ।

-ਸੰਪਾਦਕ

ਹਜ਼ਾਰਾ ਸਿੰਘ ਮਿਸੀਸਾਗਾ
ਫੋਨ: 905-795-3428

ਨਾਨਕਸ਼ਾਹੀ ਕੈਲੰਡਰ ਦਾ ਮਸਲਾ ਅਸਲ ਵਿਚ ਕੁਝ ਵੀ ਨਹੀਂ ਹੈ, ਪਰ ਪੰਥ ਨੂੰ ਇਸ ਉਲਝਣ ਵਿਚੋਂ ਨਿਕਲਣ ਦਾ ਰਾਹ ਨਹੀਂ ਲੱਭ ਰਿਹਾ। ਹਾਲਾਂਕਿ ਹੁਣ ਪੰਥ ਵਿਚ ਨਾਨਕਸ਼ਾਹੀ ਕੈਲੰਡਰ ਦੇ ਬਾਨੀ ਵਿਦਵਾਨ ਸ਼ ਪਾਲ ਸਿੰਘ ਪੁਰੇਵਾਲ ਸਮੇਤ ਕੈਲੰਡਰ ਵਿਗਿਆਨੀਆਂ ਦੀ ਭਰਮਾਰ ਹੋਈ ਪਈ ਹੈ ਪਰ ਕੈਲੰਡਰ ਦੀ ਫਾਹੀ ਗਲੋਂ ਲੱਥਣ ਦਾ ਨਾਂ ਨਹੀਂ ਲੈ ਰਹੀ। ਇਸੇ ਉਲਝਣ ਕਾਰਨ ਹੀ ਪਿੱਛੇ ਜਿਹੇ ਗੁਰੂ ਰਾਮਦਾਸ ਜੀ ਦਾ ਪੁਰਬ ਦੋ ਵੱਖ ਵੱਖ ਦਿਨਾਂ ਨੂੰ ਮਨਾਉਣ ਦੀਆਂ ਖਬਰਾਂ ਆਈਆਂ ਸਨ। ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਅਤੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਇੱਕੋ ਦਿਨ ਆ ਜਾਣ ਕਾਰਨ ਕੌਮ ਵਿਚ ‘ਸੰਕਟ’ ਖੜ੍ਹਾ ਹੋਇਆ ਪਿਆ ਹੈ।
ਮੁੱਕਦੀ ਗੱਲ, ਕੈਲੰਡਰ ਦਾ ਮਸਲਾ ਵਾਰ ਵਾਰ ਉੱਭਰਿਆ ਹੀ ਰਹਿੰਦਾ ਹੈ ਜਿਵੇਂ ਕਿ ਇਸ ਤੋਂ ਗੰਭੀਰ ਕੋਈ ਹੋਰ ਮੁੱਦਾ ਹੋਏ ਹੀ ਨਾ। ਇਸੇ ਦੇ ਹੱਲ ਲਈ ਨਾਰਥ ਅਮਰੀਕਾ ਵਿਚ ਕੁਝ ‘ਚਿੰਤਾਵਾਨ’ ਸਿੱਖਾਂ ਵੱਲੋਂ ‘ਕੈਲੰਡਰ ਕਾਨਫਰੰਸਾਂ’ ਦਾ ਪ੍ਰਵਾਹ ਵੀ ਲਗਾਤਾਰ ਚਲਾਇਆ ਜਾ ਰਿਹਾ ਹੈ। ਇਨ੍ਹਾਂ ਕਾਨਫਰੰਸਾਂ ਵਿਚ ਬਜ਼ੁਰਗ ‘ਕੈਲੰਡਰ ਵਿਗਿਆਨੀ’ ਸ਼ ਪਾਲ ਸਿੰਘ ਪੁਰੇਵਾਲ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਜਦ ‘ਕੈਲੰਡਰ ਵਿਗਿਆਨ’ ਦਾ ਪਿਟਾਰਾ ਖੋਲ੍ਹ ਕੇ ਮਜ੍ਹਮਾ ਲਾਉਂਦੇ ਹਨ ਤਾਂ ਸੁਣਨ-ਦੇਖਣ ਵਾਲੇ ਇੱਕ ਵਾਰ ਤਾਂ ਅਸ਼-ਅਸ਼ ਕਰ ਉਠਦੇ ਹਨ। ਮੰਤਰ ਮੁਗਧ ਹੋਏ ਲੋਕ ਇੱਕ ਵਾਰ ਭੁੱਲ ਹੀ ਜਾਂਦੇ ਹਨ ਕਿ ਸਿੱਖਾਂ ਦਾ ਇਹ ਮਸਲਾ ਕੈਲੰਡਰ ਵਿਗਿਆਨ ਦਾ ਮਸਲਾ ਨਹੀਂ ਹੈ। ਮਸਲਾ ਕੈਲੰਡਰ ਬਣਾਉਣ ਦੀ ਮੁਸ਼ਕਿਲ ਦਾ ਨਹੀਂ ਹੈ, ਕੇਵਲ ਕੁਝ ਤਾਰੀਖਾਂ ਪੱਕੀਆਂ ਕਰਨ ਦਾ ਹੈ।
‘ਕੈਲੰਡਰ ਕਾਨਫਰੰਸਾਂ’ ਦੀ ਲੜੀ ਵਿਚ ਐਸੀ ਹੀ ਇੱਕ ਕਾਨਫਰੰਸ 11 ਅਤੇ 12 ਨਵੰਬਰ ਨੂੰ ਸ਼ਿਕਾਗੋ ਵਿਚ ਹੋ ਕੇ ਹਟੀ ਹੈ ਜਿਸ ਵਿਚ ਪੁਰਾਣੇ ਅਤੇ ਨਵੇਂ ਪੈਦਾ ਹੋਏ ਕੈਲੰਡਰ ‘ਵਿਗਿਆਨੀਆਂ’ ਨੇ ਪੂਰੇ ਜਾਹੋ-ਜਲਾਲ ਨਾਲ ਹਿੱਸਾ ਲਿਆ। ਕਾਨਫਰੰਸ ਵਿਚ ਨਾ ਕੋਈ ਨਵੀਂ ਗੱਲ ਹੋਣੀ ਸੀ, ਨਾ ਹੋਈ। ਕੈਲੰਡਰ ਵਿਗਿਆਨ ਦਾ ਉਹੋ ਪੁਰਾਣਾ ਰਾਗ ਉਸੇ ਪੁਰਾਣੀ ਤੁਣਤੁਣੀ ਨਾਲ ਫਿਰ ਅਲਾਪਿਆ ਗਿਆ। ਜਿਨ੍ਹਾਂ ਬੁਲਾਰਿਆਂ ਨੂੰ ਇਸ ਵਿਸ਼ੇ ਦਾ ਬਹੁਤਾ ਗਿਆਨ ਨਹੀਂ ਸੀ, ਉਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਸਿੱਖਾਂ ਦੀ ਵੱਖਰੀ ਪਛਾਣ ਦਾ ਸਾਧਨ ਦੱਸ ਕੇ ਹਾਜ਼ਰੀਆਂ ਲਵਾਈਆਂ। ਕਈ ਬੁਲਾਰਿਆਂ ਨੇ ਕੈਲੰਡਰ ਦੇ ਇਤਿਹਾਸ ‘ਤੇ ਚਾਨਣਾ ਪਾ ਕੇ ਇਤਿਹਾਸਕਾਰੀ ‘ਤੇ ਹੱਥ ਅਜ਼ਮਾਇਆ।
ਕੈਲੰਡਰ ਬਾਰੇ ਕੋਈ ਨਾ ਕੋਈ ਵਿਵਾਦ ਤਾਂ ਕਈ ਵਰ੍ਹਿਆਂ ਤੋਂ ਚਲਦਾ ਹੀ ਆ ਰਿਹਾ ਹੈ ਪਰ ਐਤਕਾਂ ਜਥੇਦਾਰਾਂ ਵੱਲੋਂ ਗੁਰੂ ਗੋਬਿੰੰਦ ਸਿੰਘ ਜੀ ਦਾ ਜਨਮ ਦਿਨ 25 ਦਸੰਬਰ ਨੂੰ ਮਨਾਏ ਜਾਣ ਦੇ ਕੀਤੇ ਹੁਕਮਾਂ ਕਾਰਨ ਇਹ ਵਿਵਾਦ ਦੋ ਧਿਰਾਂ ਵਿਚਕਾਰ ਜ਼ੋਰ-ਅਜ਼ਮਾਈ ਦਾ ਮੁੱਦਾ ਬਣ ਗਿਆ ਹੈ। ਜਥੇਦਾਰਾਂ ਦਾ ਵਿਰੋਧ ਕਰਨ ਵਾਲੇ ਇਹ ਪੁਰਬ 5 ਜਨਵਰੀ ਨੂੰ ਮਨਾਉਣ ਲਈ ਅਪੀਲਾਂ ਕਰ ਰਹੇ ਹਨ। ਸੋ, ਕੈਲੰਡਰ ਦਾ ਇਹ ਮੁੱਦਾ ਹੁਣ ਅਕਾਲ ਤਖਤ ਵੱਲੋਂ ਕੀਤੇ ਆਦੇਸ਼ਾਂ ਦੀ ਤਾਕਤ ਪਰਖਣ ਦਾ ਨੁਕਤਾ ਬਣ ਗਿਆ ਹੈ। ਇਸ ਤੋਂ ਪਤਾ ਲੱਗੇਗਾ ਕਿ ਤਖਤਾਂ ਦੇ ਜਥੇਦਾਰਾਂ ਵੱਲੋਂ ਆਦੇਸ਼ ਜਾਰੀ ਕਰਨ ਵਾਲੀ ਪਰਿਪਾਟੀ ਅਜੇ ਕਿੰਨੀ ਕੁ ਮਜ਼ਬੂਤ ਹੈ। ਜਥੇਦਾਰਾਂ ਨੂੰ ਚਾਬੀ ਨਾਲ ਚਲਾਉਣ ਵਾਲੇ ਵੀ ਇਹ ਪਰਖਣਾ ਚਾਹੁਣਗੇ ਕਿ ਜਥੇਦਾਰਾਂ ਰਾਹੀਂ ਸਿੱਖ ਪੰਥ ਨੂੰ ਕਾਬੂ ਰੱਖਣ ਵਾਲੀ ਤਕਨੀਕ ਹੁਣ ਕਿਤਨੀ ਕੁ ਕਾਰਗਾਰ ਰਹਿ ਗਈ ਹੈ।
ਖੈਰ! ਕੈਲੰਡਰ ਦੇ ਅਸਲ ਮੁੱਦੇ ਦੀ ਗੱਲ ਕਰੀਏ ਤਾਂ ਸਿੱਖ ਜਗਤ ਵਾਸਤੇ ਨਾ ਸੁਲਝਣ ਵਾਲੀ ਇਸ ਮਾਮੂਲੀ ਅੜਾਉਣੀ ਦੇ ਕੁਝ ਪੱਖ ਇਸ ਤਰ੍ਹਾਂ ਹਨ:
ਪਿਛੋਕੜ ਅਤੇ ਲੋੜ: ਸਿੱਖ ਆਪਣੇ ਬਹੁਤੇ ਪੁਰਬ ਦੇਸੀ ਮਹੀਨਿਆਂ ਅਨੁਸਾਰ ਹੀ ਮਨਾਉਂਦੇ ਸਨ। ਇਸ ਕਾਰਨ ਇਨ੍ਹਾਂ ਦੀਆਂ ਤਾਰੀਖਾਂ ਬਦਲਦੀਆਂ ਰਹਿੰਦੀਆਂ ਸਨ। ਦੇਸੀ ਮਹੀਨਿਆਂ ਮੁਤਾਬਕ ਚੱਲਣ ਕਾਰਨ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਕਦੇ ਤਾਂ ਅੰਗਰੇਜ਼ੀ ਕੈਲੰਡਰ ਅਨੁਸਾਰ ਸਾਲ ਵਿਚ ਦੋ ਵਾਰ ਆ ਜਾਂਦਾ ਅਤੇ ਕਦੇ ਇੱਕ ਵਾਰ ਵੀ ਨਾ ਆਉਂਦਾ। ਆਮ ਸਿੱਖਾਂ ਨੂੰ ਤਾਰੀਖਾਂ ਦਾ ਇਹ ਭੰਬਲਭੂਸਾ ਚੰਗਾ ਨਾ ਲਗਦਾ। ਇਸ ਅਸੁਵਿਧਾ ਕਾਰਨ ਦੇਸ਼-ਵਿਦੇਸ਼ ਦੇ ਸਿੱਖਾਂ ਦੀ ਭਾਵਨਾ ਸੀ ਕਿ ਸਾਲ ਵਿਚ ਮਨਾਏ ਜਾਣ ਵਾਲੇ ਇਨ੍ਹਾਂ ਪੁਰਬਾਂ ਦੀਆਂ ਤਾਰੀਖਾਂ ਇੱਕ ਵਾਰ ਪੱਕੀਆਂ ਕਰ ਲਈਆਂ ਜਾਣ। ਇਸ ਤਰ੍ਹਾਂ ਤਾਰੀਖਾਂ ਮੁਕੱਰਰ ਕਰ ਲਏ ਜਾਣ ਨਾਲ ਸਾਰੇ ਸੰਸਾਰ ਵਿਚ ਸਿੱਖਾਂ ਦੇ ਦਿਹਾੜੇ ਮਨਾਉਣ ਸਬੰਧੀ ਤਾਰੀਖਾਂ ਦਾ ਭੰਬਲਭੂਸਾ ਸਦਾ ਵਾਸਤੇ ਖਤਮ ਹੋ ਜਾਣਾ ਸੀ। ਸੰਸਾਰ ਭਰ ਦੇ ਸਿੱਖ ਐਸਾ ਕਰਨਾ ਲੋਚਦੇ ਸਨ।
ਜਦ 1994 ਦੇ ਆਸ-ਪਾਸ ਐਡਮੰਟਨ ਵਾਸੀ ਸ਼ ਪੁਰੇਵਾਲ ਨੇ ਐਸਾ ਉਪਰਾਲਾ ਕਰਨ ਦਾ ਬੀੜਾ ਚੁੱਕਿਆ ਤਾਂ ਸਭ ਨੇ ਜੀ ਆਇਆਂ ਕਿਹਾ। ਤਾਰੀਖਾਂ ਵਾਲੇ ਮਸਲੇ ਦੇ ਹੱਲ ਲਈ ਇਤਿਹਾਸਕਾਰਾਂ ਤੇ ਬੁੱਧੀਜੀਵੀਆਂ ਦੀ ਕਮੇਟੀ ਬਣੀ, ਜਿਸ ਨੇ ਇਤਿਹਾਸਕ ਦਸਤਾਵੇਜ਼ ਖੰਗਾਲ ਕੇ ਦੇਸੀ ਮਹੀਨਿਆਂ ਦੀਆਂ ਤਾਰੀਖਾਂ ਅਨੁਸਾਰ ਅੰਗਰੇਜ਼ੀ ਤਾਰੀਖਾਂ ਲੱਭੀਆਂ ਜਿਸ ਵਿਚ ਸ਼ ਪੁਰੇਵਾਲ ਨੇ ਆਪਣੀ ਕੈਲੰਡਰ ਵਿਗਿਆਨ ਦੀ ਮੁਹਾਰਤ ਦਾ ਭਰਪੂਰ ਯੋਗਦਾਨ ਪਾਇਆ।
ਕੈਲੰਡਰ ਦਾ ਪ੍ਰਾਜੈਕਟ ਅਹਿਮ ਸਿੱਖ ਦਿਨਾਂ ਦੀਆਂ ਤਾਰੀਖਾਂ ਨਿਯਤ ਕਰਨ ਤੱਕ ਸੀਮਿਤ ਨਾ ਰਹਿ ਕੇ ਗੁਰਬਾਣੀ ਦਾ ਰੁੱਤਾਂ ਅਨੁਸਾਰ ਤਾਲਮੇਲ ਬਿਠਾਉਣ ਅਤੇ ਵੱਖਰੇ ਕੈਲੰਡਰ ਰਾਹੀਂ ਵੱਖਰੀ ਹਸਤੀ ਦੇ ਨਿਰਮਾਣ ਤੱਕ ਵਧਾ ਲਿਆ ਗਿਆ ਜਿਸ ਦੀ ਪੂਰਤੀ ਲਈ ਸ਼ ਪੁਰੇਵਾਲ ਨੇ ਘਾਲਣਾ ਘਾਲ ਕੇ ਨਵੇਂ ਚੇਤ, ਵੈਸਾਖ ਘੜੇ। ਇਸ ਤਰ੍ਹਾਂ ਕੁਝ ਦਿਨਾਂ ਦੀਆਂ ਤਾਰੀਖਾਂ ਪੱਕੀਆਂ ਕਰਨ ਵਾਲਾ ਪ੍ਰਾਜੈਕਟ ਇੱਕ ਨਵਾਂ ਕੈਲੰਡਰ ਘੜਨ ਵਾਲਾ ਵੱਡਾ ਪ੍ਰਾਜੈਕਟ ਬਣ ਗਿਆ ਜਿਸ ਵਾਸਤੇ ਕਈ ਮੀਟਿੰਗਾਂ ਅਤੇ ਸੈਮੀਨਾਰ ਕਰਨੇ ਪਏ। ਸ਼ ਪੁਰੇਵਾਲ ਨੂੰ ਕੈਨੇਡਾ ਤੋਂ ਭਾਰਤ ਦੇ ਕਈ ਗੇੜੇ ਲਾਉਣੇ ਪਏ। ਕਈ ਵਰ੍ਹਿਆਂ ਦੀ ਮਿਹਨਤ ਪਿਛੋਂ ਕੈਲੰਡਰ ਬਣ ਗਿਆ ਪਰ 3 ਦਿਨਾਂ-ਦੀਵਾਲੀ ਜਾਂ ਬੰਦੀਛੋੜ ਦਿਵਸ, ਗੁਰੂ ਨਾਨਕ ਪ੍ਰਕਾਸ਼ ਪੁਰਬ ਅਤੇ ਹੋਲੇ ਮਹੱਲੇ ਨੂੰ ਪੁਰਾਣੀਆਂ ਰਵਾਇਤਾਂ ਅਨੁਸਾਰ ਹੀ ਰੱਖਦਿਆਂ 2003 ਵਿਚ ਸ਼੍ਰ.ੋਮਣੀ ਕਮੇਟੀ ਵੱਲੋਂ ਲਾਗੂ ਕਰ ਦਿੱਤਾ ਗਿਆ। ਇਸ ਮਿਲਗੋਭਾ ਕੈਲੰਡਰ ਨੂੰ ਹੀ ਮੂਲ ਨਾਨਕਸ਼ਾਹੀ ਕੈਲੰਡਰ ਵਜੋਂ ਜਾਣਿਆ ਜਾਂਦਾ ਹੈ।
ਕੀ ਸੀ 2003 ਵਾਲਾ ਕੈਲੰਡਰ: ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਬਹੁਤੇ ਸਿੱਖ ਦਿਨਾਂ ਦੀਆਂ ਤਾਰੀਖਾਂ ਤਾਂ ਪੱਕੀਆਂ ਕਰ ਦਿੱਤੀਆਂ ਗਈਆਂ ਸਨ ਪਰ ਦੀਵਾਲੀ, ਗੁਰੂ ਨਾਨਕ ਪ੍ਰਕਾਸ਼ ਪੁਰਬ ਅਤੇ ਹੋਲੇ ਮਹੱਲੇ ਦੀਆਂ ਤਾਰੀਖਾਂ ਪੱਕੀਆਂ ਨਹੀਂ ਸਨ ਕੀਤੀਆਂ ਗਈਆਂ ਕਿਉਂਕਿ ਕੈਲੰਡਰ ਕਮੇਟੀ ਅਨੁਸਾਰ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਵ ਕਾਰਨ ਇਨ੍ਹਾਂ ਦਿਨਾਂ ਨੂੰ ਪਹਿਲਾਂ ਵਾਂਗ ਹੀ ਰੱਖਣਾ ਯੋਗ ਸੀ। ਭਾਵ ਇਹ 3 ਦਿਨ ਤਾਂ ਪੁਰਾਣੇ ਢੰਗ ਨਾਲ ਹੀ ਹਰ ਸਾਲ ਬਦਲਦੀਆਂ ਤਾਰੀਖਾਂ ਨੂੰ ਮਨਾਉਣੇ ਮੰਨ ਲਏ ਪਰ ਬਾਕੀ ਦਿਹਾੜੇ ਅੰਗਰੇਜ਼ੀ ਕੈਲੰਡਰ ਮੁਤਾਬਕ ਹਰ ਸਾਲ ਪੱਕੀਆਂ ਤਾਰੀਖਾਂ ਨੂੰ ਮਨਾਉਣ ਦਾ ਫੈਸਲਾ ਕਰਕੇ ਇੱਕ ਮਿਲਗੋਭਾ ਕੈਲੰਡਰ ਪ੍ਰਵਾਨ ਕਰ ਲਿਆ। ਬੱਸ ਕੁਝ ਕੱਚਾ ਅਤੇ ਕੁਝ ਪੱਕਾ ਹੋਣਾ ਹੀ ਮੁਸੀਬਤ ਬਣ ਗਿਆ। 3 ਦਿਨਾਂ ਦੀਆਂ ਤਾਰੀਖਾਂ ਬਦਲਦੀਆਂ ਹੋਣ ਕਾਰਨ ਹਰ ਸਾਲ ਹੀ ਕੋਈ ਨਾ ਕੋਈ ਵਿਵਾਦ ਖੜ੍ਹਾ ਹੋਣ ਲੱਗ ਪਿਆ। ਕਦੇ ਤਾਂ ਇੱਕ ਦੋ ਦਿਨਾਂ ਦੇ ਮਨਾਉਣ ਨੂੰ ਅੱਗੇ ਪਿੱਛੇ ਕਰਕੇ ਕੰਮ ਚਲਾਇਆ ਅਤੇ ਕਦੇ ਕੈਲੰਡਰ ਵਿਚ ਕੁਝ ਸੋਧਾਂ ਕਰਕੇ, ਪਰ ਇਸ ਬਾਰੇ ਆਮ ਸਹਿਮਤੀ ਕਦੇ ਵੀ ਨਾ ਬਣੀ। ਇਸ ਦੌਰਾਨ ਰਹਿ ਗਏ 3 ਦਿਨਾਂ ਦੀਆਂ ਤਾਰੀਖਾਂ ਪੱਕੀਆਂ ਕਰਨ ਦਾ ਜੇਰਾ ਵੀ ਨਾ ਕੀਤਾ ਗਿਆ। ਹੈਰਾਨੀ ਦੀ ਗੱਲ ਸੀ ਕਿ ਗੁਰੂ ਨਾਨਕ ਸਾਹਿਬ ਦੇ ਨਾਂ ‘ਤੇ ਘੜੇ ਕੈਲੰਡਰ ਵਿਚ ਉਨ੍ਹਾਂ ਦਾ ਜਨਮ ਦਿਨ ਵੀ ਪੁਰਾਣੀ ਰੀਤ ਮੁਤਾਬਕ ਹੀ ਰਹਿਣ ਦਿੱਤਾ ਗਿਆ।
ਇਸ ਕੈਲੰਡਰ ਵਿਚ ਰਵਾਇਤੀ ਚੇਤ, ਵੈਸਾਖ ਨਾਲੋਂ ਵੱਖਰੇ ਚੇਤ ਵੈਸਾਖ ਵੀ ਘੜੇ ਗਏ। ਨਾਨਕਸ਼ਾਹੀ ਸਾਲ ਪਹਿਲੀ ਚੇਤ (14 ਮਾਰਚ) ਤੋਂ ਸ਼ੁਰੂ ਹੋ ਕੇ 30 ਫੱਗਣ (13 ਮਾਰਚ) 365 ਦਿਨਾਂ ਦਾ ਬਣਾ ਦਿੱਤਾ ਗਿਆ। ਅੰਗਰੇਜ਼ੀ ਕੈਲੰਡਰ ਵਾਂਗ ਹੀ ਲੀਪ ਦਾ ਸਾਲ 366 ਦਿਨਾਂ ਦਾ ਮਿਥ ਲਿਆ ਗਿਆ। ਇਸ ਤਰ੍ਹਾਂ ਤਾਰੀਖਾਂ ਪੱਕੀਆਂ ਕਰਨ ਲੱਗਿਆਂ ਪੰਜਾਬ ਦੇ ਸੱਭਿਆਚਾਰ ਵਿਚ ਦੋ ਤਰ੍ਹਾਂ ਦੇ ਦੇਸੀ ਮਹੀਨੇ ਪ੍ਰਚਲਿਤ ਹੋ ਗਏ। ਇੱਕ ਰਵਾਇਤੀ ਚੇਤ, ਵੈਸਾਖ ਅਤੇ ਦੂਸਰਾ ਨਾਨਕਸ਼ਾਹੀ ਵਾਲਾ, ਜਿਸ ਕਾਰਨ ਸੰਗਰਾਂਦਾਂ ਦਾ ਨਵਾਂ ਭੰਬਲਭੂਸਾ ਪੈਦਾ ਹੋ ਗਿਆ। ਕਹਿਣ ਨੂੰ ਤਾਂ ਸਿੱਖੀ ਵਿਚ ਸੰਗਰਾਂਦਾਂ ਆਦਿ ਦੀ ਕੋਈ ਥਾਂ ਨਹੀਂ ਪਰ ਨਾਨਕਸ਼ਾਹੀ ਕੈਲੰਡਰ ਵਿਚ ਵੀ ਸੰਗਰਾਂਦ, ਪੂਰਨਮਾਸ਼ੀ ਅਤੇ ਮੱਸਿਆ ਦੀਆਂ ਤਾਰੀਖਾਂ ਵੀ ਬਾਕਾਇਦਾ ਸ਼ਾਮਿਲ ਕੀਤੀਆਂ ਗਈਆਂ। ਤਾਰੀਖਾਂ ਪੱਕੀਆਂ ਕੀਤੇ ਜਾਣ ਕਾਰਨ ਇਹ ਜ਼ਰੂਰੀ ਨਹੀਂ ਹੈ ਕਿ ਜਿਨ੍ਹਾਂ ਦਿਨਾਂ (ਹਰ ਮਹੀਨੇ ਦੀ ਪਹਿਲੀ ਤਾਰੀਖ) ਨੂੰ ਸੰਗਰਾਂਦ ਕਿਹਾ ਗਿਆ ਹੈ, ਉਸ ਦਿਨ ਸੰਗਰਾਂਦ ਹੋਵੇ ਵੀ। ਸੂਰਜੀ ਚਾਲ ਵਾਲੀ ਸੰਗਰਾਂਦ ਨਾਨਕਸ਼ਾਹੀ ਕੈਲੰਡਰ ਦੀ ਸੰਗਰਾਂਦ ਨਾਲੋਂ ਵੱਖਰੀ ਵੀ ਹੋ ਸਕਦੀ ਹੈ।
ਭਾਵੇਂ ਇਸ ਮਿਲਗੋਭਾ ਕੈਲੰਡਰ ਨੇ ਤਾਰੀਖਾਂ ਪੱਕੀਆਂ ਕਰਨ ਵਾਲਾ ਮਸਲਾ ਵੀ ਪੂਰੀ ਤਰ੍ਹਾਂ ਹੱਲ ਨਹੀਂ ਸੀ ਕੀਤਾ, ਫਿਰ ਵੀ ਕਈ ਸਿੱਖ ਹਲਕੇ ਇਸ ਕੈਲੰਡਰ ਨੂੰ ਵੱਖਰੀ ਸਿੱਖ ਹਸਤੀ ਦੇ ਪ੍ਰਤੀਕ ਵਜੋਂ ਦੇਖ ਕੇ ਖੁਸ਼ ਸਨ। ਇਸ ਕੈਲੰਡਰ ਰਾਹੀਂ ਉਹ ਗੁਰਬਾਣੀ ਅਤੇ ਮੌਸਮਾਂ ਦੇ ਤਾਲਮੇਲ ਵਿਚ ਪੈਦਾ ਹੋਣ ਵਾਲੇ ਸੰਭਾਵੀ ਵਿਗਾੜ ਦੇ ਤੌਖਲੇ ਦਾ ਮਸਲਾ ਹੱਲ ਹੋਇਆ ਸਮਝ ਕੇ ਇੱਕ ਸੁਖਦ ਅਹਿਸਾਸ ਮਹਿਸੂਸ ਕਰ ਰਹੇ ਸਨ। ਐਸੇ ਸੱਜਣ 14 ਮਾਰਚ (ਪਹਿਲੀ ਚੇਤ) ਨੂੰ ਸਿੱਖਾਂ ਦਾ ਨਵਾਂ ਸਾਲ ਉਤਸ਼ਾਹ ਨਾਲ ਮਨਾਉਣ ਦੀਆਂ ਅਪੀਲਾਂ ਕਰਦੇ ਸਨ। ਪਰ ਇਹ ਕਿਸੇ ਨੇ ਵੀ ਸਪੱਸ਼ਟ ਨਹੀਂ ਕੀਤਾ ਕਿ ਸਿੱਖਾਂ ਵਾਸਤੇ ਅਹਿਮੀਅਤ 14 ਮਾਰਚ ਦੀ ਹੈ ਜਾਂ ਪਹਿਲੀ ਚੇਤ ਦੀ! ਨਵੇਂ ਸਾਲ ਦਾ ਗੁਰੂ ਨਾਨਕ ਜਾਂ ਸਿੱਖ ਇਤਿਹਾਸ ਦੀ ਕਿਸੇ ਵੱਡੀ ਘਟਨਾ ਨਾਲ ਵੀ ਕੋਈ ਸਬੰਧ ਨਾ ਜੋੜਿਆ ਗਿਆ।
ਗੁਰਬਾਣੀ ਅਤੇ ਰੁੱਤਾਂ ਦੇ ਜੋੜ ਵਿਚਲੇ ਵਿਗਾੜ ਦਾ ਤੌਖਲਾ: ਸ਼ ਪਾਲ ਸਿੰਘ ਪੁਰੇਵਾਲ ਕੈਲੰਡਰ ਦੇ ਮਾਹਿਰ ਸਨ, ਜਿਨ੍ਹਾਂ ਦਾ ਮੁੱਖ ਕੰਮ ਬਿਕਰਮੀ ਕੈਲੰਡਰ ਦੀਆਂ ਤਾਰੀਖਾਂ ਮੁਤਾਬਕ ਈਸਵੀ ਕੈਲੰਡਰ ਦੀਆਂ ਤਾਰੀਖਾਂ ਲੱਭਣਾ ਹੋਣਾ ਚਾਹੀਦਾ ਸੀ ਪਰ ਉਨ੍ਹਾਂ ਇੱਕ ਨਵਾਂ ਤੌਖਲਾ ਪ੍ਰਚਲਿਤ ਕਰ ਦਿੱਤਾ ਕਿ ਜਿਸ ਤਰ੍ਹਾਂ ਬਿਕਰਮੀ ਕੈਲੰਡਰ ਦੀਆਂ ਤਾਰੀਖਾਂ ਬਦਲ ਰਹੀਆਂ ਹਨ, ਉਸ ਕਾਰਨ ਕੋਈ 13 ਹਜ਼ਾਰ ਸਾਲਾਂ ਬਾਅਦ ਪੋਹ ਦਾ ਮਹੀਨਾ ਗਰਮੀਆਂ ਵਿਚ ਅਤੇ ਹਾੜ੍ਹ ਦਾ ਮਹੀਨਾ ਸਰਦੀਆਂ ਵਿਚ ਆਉਣ ਲੱਗ ਪਏਗਾ ਜਿਸ ਕਾਰਨ ਗੁਰਬਾਣੀ ਵਿਚ ਰੁੱਤਾਂ ਦੇ ਆਏ ਜ਼ਿਕਰ ਗਲਤ ਹੋ ਜਾਣਗੇ। ਗੁਰਬਾਣੀ ਤਾਂ ਪੋਹ ਦੇ ਠੰਢੇ ਅਤੇ ਹਾੜ੍ਹ ਮਹੀਨੇ ਦੇ ਤਪਣ ਦੀ ਗੱਲ ਕਰੇਗੀ ਪਰ ਅਸਲ ਵਿਚ ਪੋਹ ਗਰਮ ਹੋਏਗਾ ਅਤੇ ਹਾੜ੍ਹ ਠੰਢਾ। ਇਸ ਲਈ ਗੁਰਬਾਣੀ ਦਾ ਰੁੱਤਾਂ ਨਾਲ ਤਾਲਮੇਲ ਬਣਾਈ ਰੱਖਣ ਲਈ ਬਾਰਾਂ ਮਾਹਾ ਅੰਦਰ ਆਏ ਮਹੀਨਿਆਂ ਦੀ ਲੰਬਾਈ ਨਿਯਤ ਕਰਕੇ ਇੱਕ ਨਵਾਂ ਕੈਲੰਡਰ ਘੜਨਾ ਪਏਗਾ (ਕੌਣ ਕਹਿੰਦਾ ਸਿੱਖ ਦੂਰ ਅੰਦੇਸ਼ ਨਹੀਂ ਹਨ!)।
ਸ਼ ਪੁਰੇਵਾਲ ਦੇ ਇਸ ਤੌਖਲੇ ਕਾਰਨ ਬਹੁਤੇ ਸਿੱਖ ਧੁਰ ਅੰਦਰ ਤੱਕ ਹਿੱਲ ਗਏ, ਜਿਨ੍ਹਾਂ ਵਿਚ ਡਾ. ਦਰਸ਼ਨ ਸਿੰਘ ਚੰਡੀਗੜ੍ਹ ਅਤੇ ਡਾ. ਬਲਵੰਤ ਸਿੰਘ ਢਿੱਲੋਂ ਵਰਗੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਿੱਖ ਵਿਦਵਾਨ ਵੀ ਸ਼ਾਮਿਲ ਸਨ। ਹੁਣ ਸਭ ਨੂੰ ਤਾਰੀਖਾਂ ਪੱਕੀਆਂ ਕਰਨ ਵਾਲੀ ਸਮੱਸਿਆ ਤਾਂ ਭੁੱਲ ਗਈ ਪਰ ਗੁਰਬਾਣੀ ਦੇ ਝੂਠੇ ਪੈ ਜਾਣ ਦਾ ਡਰ ਸਤਾਉਣ ਲੱਗ ਪਿਆ। ਇਸ ਡਰ ਦੀ ਤੀਬਰਤਾ ਅਜੇ ਤੱਕ ਘਟੀ ਨਹੀਂ। ਕੁਝ ਸਾਲ ਪਹਿਲਾਂ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਵੀ ਇਸੇ ਡਰ ਦੇ ਪ੍ਰਭਾਵ ਹੇਠ ਕਹਿ ਰਹੇ ਸਨ ਕਿ ਜੇ ਨਾਨਕਸ਼ਾਹੀ ਕੈਲੰਡਰ ਲਾਗੂ ਨਹੀਂ ਕਰਦੇ ਤਾਂ ਗੁਰਬਾਣੀ ਝੂਠੀ ਹੋ ਜਾਏਗੀ ਅਤੇ ਜੇ ਗੁਰਬਾਣੀ ਝੂਠੀ ਹੋ ਗਈ ਤਾਂ ਸਾਡੇ ਪੱਲੇ ਕੀ ਰਹਿ ਗਿਆ! ਆਪਣੀ ਜਾਚੇ ਜਥੇਦਾਰ ਨੰਦਗੜ ਅਤੇ ਦੂਸਰੇ ਕੈਲੰਡਰ ਹਮਾਇਤੀ ਗੁਰਬਾਣੀ ਨੂੰ ਝੂਠੀ ਪੈਣ ਤੋਂ ਬਚਾਉਣ ਦੇ ਯਤਨ ਕਰ ਰਹੇ ਸਨ (ਹਨ)। ਜੇ ਇਹ ਗੱਲ ਹੈ, ਫਿਰ ਤਾਂ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚ ਗੁਰਬਾਣੀ ਝੂਠੀ ਪੈ ਹੀ ਚੁਕੀ ਹੈ, ਕਿਉਂਕਿ ਉਥੇ ਨਾ ਤਾਂ ਪੋਹ ਮਹੀਨੇ ਠੰਢ ਪੈਂਦੀ ਹੈ ਅਤੇ ਨਾ ਹੀ ਹਾੜ੍ਹ ਮਹੀਨੇ ਗਰਮੀ। ਇਸੇ ਤਰ੍ਹਾਂ ਦੱਖਣੀ ਭਾਰਤ ਵਿਚ ਪੋਹ ਠੰਢਾ ਨਹੀਂ ਹੁੰਦਾ ਅਤੇ ਹਿਮਾਚਲ ਵਿਚ ਹਾੜ੍ਹ ਨਹੀਂ ਤਪਦਾ।
ਇਸੇ ਤਰ੍ਹਾਂ ਕੱਤੇ ਨੂੰ ਬੀਜਾਈਆਂ ਅਤੇ ਵੈਸਾਖ ਨੂੰ ਵਾਢੀਆਂ ਦੀ ਦਲੀਲ ਦਿੱਤੀ ਜਾਂਦੀ ਹੈ। ਇਹ ਵੀ ਠੀਕ ਨਹੀਂ, ਕਿਉਂਕਿ ਕੈਨੇਡਾ ਵਿਚ ਬੀਜਾਈਆਂ ਵੈਸਾਖ-ਜੇਠ ਅਤੇ ਵਾਢੀਆਂ ਅੱਸੂ-ਕੱਤੇ ਵਿਚ ਹੁੰਦੀਆਂ ਹਨ। ਇਸ ਲਈ ਕੈਨੇਡਾ ਦੇ ਇਲਾਕੇ ਵਿਚ ਵੀ ਗੁਰਬਾਣੀ ਝੂਠੀ ਪੈ ਜਾਂਦੀ ਹੈ? ਹੁਣ ਇੱਥੇ ਕਿਹੜਾ ਕੈਲੰਡਰ ਵਰਤਿਆ ਜਾਏ? ਕੀ ਗੁਰਬਾਣੀ ਇੱਕ ਖਾਸ ਇਲਾਕੇ ਲਈ ਹੈ? ਅਸਲ ਵਿਚ ਇਹ ਨਿਰਮੂਲ ਤੌਖਲਾ ਗੁਰਬਾਣੀ ਨੂੰ ਆਪਣੀ ਸੀਮਿਤ ਸਮਝ ਦੇ ਮੇਚ ਦਾ ਬਣਾਉਣ ਕਾਰਨ ਪੈਦਾ ਹੋਇਆ, ਜਿਸ ਦਾ ਮੂਲ ਕਾਰਨ ਕੈਲੰਡਰ ਦੇ ਮਾਹਿਰ ਨੂੰ ਗੁਰਬਾਣੀ ਦਾ ਵੀ ਮਾਹਿਰ ਮੰਨ ਲਏ ਜਾਣ ਦੀ ਕੀਤੀ ਗਈ ਉਕਾਈ ਸੀ। ਇਹ ਜ਼ਰੂਰੀ ਨਹੀਂ ਕਿ ਹਸਪਤਾਲ ਦੀ ਵਧੀਆ ਇਮਾਰਤ ਬਣਾਉਣ ਵਾਲਾ ਇਮਾਰਤਸਾਜ਼ ਮਾਹਿਰ ਡਾਕਟਰ ਵੀ ਹੋਏ। ਸ਼ ਪੁਰੇਵਾਲ ਕੈਲੰਡਰ ਦੇ ਗਿਆਤਾ ਸਨ ਨਾ ਕਿ ਗੁਰਮਤਿ ਦੇ। ਸੋ, ਗੁਰਬਾਣੀ ਨੂੰ ਰੁੱਤਾਂ ਅਨਸਾਰ ਠੀਕ ਰੱਖਣ ਦੇ ਗਲਤ ਨੁਕਤੇ ਨੇ ਨਵਾਂ ਕੈਲੰਡਰ ਘੜਨ ਦੀ ਲੋੜ ਪੈਦਾ ਕਰ ਦਿੱਤੀ, ਜਿਸ ਦੀ ਕੋਈ ਜ਼ਰੂਰਤ ਹੈ ਹੀ ਨਹੀਂ ਸੀ ਕਿਉਂਕਿ ਗੁਰਬਾਣੀ ਦਾ ਸੱਚ ਸਰਵ ਵਿਆਪੀ ਹੈ, ਇਸ ਨੂੰ ਇੱਕ ਖਿੱਤੇ ਤੱਕ ਸੀਮਿਤ ਕਰਕੇ ਦੇਖਣਾ ਜਾਂ ਸਮਝਣਾ ਨਾਦਾਨੀ ਹੈ। ਪਰ ਸ਼ ਪੁਰੇਵਾਲ ਵੱਲੋਂ ਇਸ ਤੌਖਲੇ ਨੂੰ ਲੋੜੋਂ ਵੱਧ ਤੂਲ ਦਿੱਤੇ ਜਾਣ ਕਾਰਨ ਚੰਗੇ-ਭਲੇ ਬੁੱਧੀਜੀਵੀ ਵੀ ਇਸ ਡਰ ਦੇ ਸ਼ਿਕਾਰ ਹੋ ਗਏ ਅਤੇ ਅਜੇ ਵੀ ਇਸ ਭੈਅ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋ ਰਹੇ।
ਸਿੱਖਾਂ ਦੀ ਵੱਖਰੀ ਪਛਾਣ ਅਤੇ ਕੈਲੰਡਰ: ਸਿੱਖਾਂ ਦਾ ਇੱਕ ਵਰਗ ਇਸ ਕੈਲੰਡਰ ਨੂੰ ਸਿੱਖਾਂ ਦੀ ਵੱਖਰੀ ਪਛਾਣ ਦਾ ਪ੍ਰਤੀਕ ਸਮਝ ਕੇ ਇਸ ਨੂੰ Ḕਹਮ ਹਿੰਦੂ ਨਹੀਂḔ ਦਾ ਆਖਰੀ ਐਲਾਨ ਜਾਣਦਾ ਹੈ। ਉਨ੍ਹਾਂ ਵਾਸਤੇ ਤਾਰੀਖਾਂ ਦੇ ਝਮੇਲੇ ਤੋਂ ਮੁਕਤ ਹੋਣਾ ਐਨਾ ਅਹਿਮ ਨਹੀਂ, ਜਿੰਨਾ ਸਿੱਖਾਂ ਦਾ ਹਿੰਦੂਆਂ ਨਾਲੋਂ ਨਾੜੂਆ ਕੱਟੇ ਜਾਣ ਦੇ ਯਤਨ ਕਰਨਾ। ਉਨ੍ਹਾਂ ਲਈ ਇਹ ਜ਼ਰੂਰੀ ਨਹੀਂ ਕਿ ਕੈਲੰਡਰ ਵਿਚ ਕੀ ਹੋਏ, ਉਹ ਸਿਰਫ ਵੱਖਰਾ ਕੈਲੰਡਰ ਚਾਹੁੰਦੇ ਹਨ, ਭਾਵੇਂ ਇਹ ਕੇਵਲ ਕਹਿਣ ਨੂੰ ਹੀ ਹੋਏ। ਜਿਵੇਂ ਹਿੰਦੂ ਮੈਰਿਜ ਐਕਟ ਦੇ ਤੱਤ ਨਾਲ ਬਹੁਤਾ ਲੈਣ-ਦੇਣ ਨਹੀਂ ਪਰ ਨਾਂ ਨਾਲ ਖਿਝ ਹੈ। ਇਸ ਲਈ ਵੱਖਰਾ ਅਨੰਦ ਮੈਰਿਜ ਐਕਟ ਹੋਣਾ ਚਾਹੀਦਾ ਹੈ, ਜਿਸ ਦਾ ਪੂਰਾ ਤੱਤ ਭਾਵੇਂ ਹਿੰਦੂ ਐਕਟ ਵਾਲਾ ਹੀ ਕਿਉਂ ਨਾ ਹੋਏ।
ਇਸ ਸੋਚ ਵਾਲੇ ਸਿੱਖਾਂ ਵਾਸਤੇ ਕੈਲੰਡਰ ਤਾਰੀਖਾਂ ਦਾ ਸਾਧਨ ਘੱਟ ਪਰ ਵੱਖਰੀ ਪਛਾਣ ਦਾ ਸੁਖਦ ਅਹਿਸਾਸ ਕਰਾਉਣ ਦਾ ਸਾਧਨ ਵੱਧ ਹੈ। ਪਰ ਕੋਈ ਵੀ ਇਹ ਨਹੀਂ ਸੋਚਦਾ ਕਿ ਵੱਖਰੀ ਪਛਾਣ ਬਣਾਉਣ ਲਈ ਵੱਖਰੇ ਕੈਲੰਡਰ ਦੀ ਥਾਂ ਕੁਝ ਦਿਨ ਵੱਖਰੇ ਮਨਾਉਣ ਦਾ ਹੀਆ ਵੀ ਕਰਨਾ ਪਏਗਾ। ਮਿਸਾਲ ਵਜੋਂ, ਘੱਟੋ ਘੱਟ ਦਰਬਾਰ ਸਾਹਿਬ ਅੰਦਰ ਦੀਵਾਲੀ ਮਨਾਉਣੀ ਬੰਦ ਕਰਨੀ ਪਏਗੀ, ਗੁਰੂ ਨਾਨਕ ਪ੍ਰਕਾਸ਼ ਪੁਰਬ ਪੂਰਨਮਾਸ਼ੀ ਨਾਲੋਂ ਤੋੜਨਾ ਪਏਗਾ, ਹੋਲੇ ਮਹੱਲੇ ਦਾ ਦਿਨ ਨਿਯਤ ਕਰਨਾ ਪਏਗਾ, ਸੰਗਰਾਂਦਾਂ ਅਤੇ ਪੂਰਨਮਾਸ਼ੀਆਂ ਛੱਡਣੀਆਂ ਪੈਣਗੀਆਂ ਅਤੇ ਖਾਲਸੇ ਦਾ ਸਾਜਨਾ ਦਿਵਸ ਵੈਸਾਖੀ ਨਾਲੋਂ ਤੋੜਨ ਦਾ ਜੇਰਾ ਕਰਨਾ ਪਵੇਗਾ। ਐਸਾ ਨਾ ਕਰਨ ਦੀ ਸੂਰਤ ਵਿਚ ਕੰਧ ‘ਤੇ ਟੰਗਿਆ ਕੋਈ ਵੀ ਕੈਲੰਡਰ ਵੱਖਰੀ ਪਛਾਣ ਦਾ ਪ੍ਰਤੀਕ ਨਹੀਂ ਹੋ ਸਕਦਾ ਕਿਉਂਕਿ ਪਛਾਣ ਅਮਲਾਂ ਨਾਲ ਬਣਦੀ ਹੈ, ਨਾ ਕਿ ਕੈਲੰਡਰਾਂ ਨਾਲ! ਉਂਜ ਵੀ ਮਿਲਗੋਭਾ ਕਿਸਮ ਦਾ ਕੈਲੰਡਰ ਵੱਖਰੀ ਪਛਾਣ ਕਾਇਮ ਕਰਨ ਦੀ ਸਮਰੱਥਾ ਨਹੀਂ ਰੱਖਦਾ। ਜਿਸ ਕੈਲੰਡਰ ਵਿਚ 3 ਦਿਨ ਪੱਕੇ ਨਾ ਕੀਤੇ ਹੋਣ, ਉਸ ਕਾਰਨ ਵੱਖਰੇ ਬਖੇੜੇ ਤਾਂ ਖੜ੍ਹੇ ਹੋ ਸਕਦੇ ਹਨ ਪਰ ਵੱਖਰੀ ਪਛਾਣ ਪੈਦਾ ਨਹੀਂ ਹੋ ਸਕਦੀ।
ਕੀ ਵੱਖਰੇ ਕੈਲੰਡਰ ਦੀ ਲੋੜ ਹੈ ਵੀ?: ਕੈਲੰਡਰ ਦੁਨਿਆਵੀ ਕਾਰਜਾਂ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਤਾਰੀਖਾਂ ਦੀ ਜਾਣਕਾਰੀ ਦਾ ਸਾਧਨ ਹਨ। ਸਿੱਖਾਂ ਦੇ ਸਭ ਕਾਰਜ ਪ੍ਰਚਲਿਤ ਈਸਵੀ ਕੈਲੰਡਰ ਦੀ ਵਰਤੋਂ ਨਾਲ ਰਾਸ ਆ ਸਕਦੇ ਹਨ। ਇਸ ਲਈ ਨਵੇਂ ਕੈਲੰਡਰ ਦੀ ਘਾੜਤ ਘੜਨ ਦੀ ਜ਼ਰੂਰਤ ਹੀ ਨਹੀਂ ਸੀ। ਇੰਜ ਲਗਦਾ ਹੈ ਜਿਵੇਂ ਸ਼ ਪੁਰੇਵਾਲ ਨੇ ਰੁੱਤਾਂ ਅਤੇ ਗੁਰਬਾਣੀ ਦਾ ਤਾਲਮੇਲ ਵਿਗੜ ਜਾਣ ਦਾ ਖੌਫ ਖੜ੍ਹਾ ਕਰਕੇ ਨਵਾਂ ਕੈਲੰਡਰ ਘੜਨ ਦੀ ਲੋੜ ਮਹਿਸੂਸ ਕਰਵਾ ਕੇ ਗੰਜਿਆਂ ਨੂੰ ਕੰਘੀਆਂ ਵੇਚਣ ਵਾਲੀ ਗੱਲ ਕੀਤੀ ਹੋਏ। ਵੱਖਰੀ ਪਛਾਣ ਵਾਲਾ ਮਸਲਾ ਵੀ ਨਵੇਂ ਕੈਲੰਡਰ ਦੇ ਖਲਜਗਣ ਵਿਚ ਪਏ ਬਿਨਾ ਸਹਿਜੇ ਹੀ ਹੱਲ ਕੀਤਾ ਜਾ ਸਕਦਾ ਹੈ। ਜੇ ਸਾਰਾ ਜ਼ੋਰ ਲਾ ਕੇ ਕੈਲੰਡਰ ਬਣਾ ਵੀ ਲਿਆ ਜਾਂਦਾ ਹੈ ਤਾਂ ਇਸ ਦੀ ਰੋਜ਼ਾਨਾ ਜ਼ਿੰਦਗੀ ਵਿਚ ਤਾਂ ਵਰਤੋਂ ਫਿਰ ਵੀ ਨਹੀਂ ਹੋ ਸਕੇਗੀ। ਅਸੀਂ ਸਾਰੇ ਕਾਰ ਵਿਹਾਰ ਤਾਂ ਈਸਵੀ ਕੈਲੰਡਰ ਮੁਤਾਬਕ ਹੀ ਕਰਦੇ ਹਾਂ ਅਤੇ ਕਰਦੇ ਰਹਾਂਗੇ।
ਕੈਲੰਡਰ ਵਿਵਾਦ ਦੇ ਦੁਰਪ੍ਰਭਾਵ: ਕੈਲੰਡਰ ਦੀ ਨਿਰਮੂਲ ਅਤੇ ਬੇਲੋੜੀ ਬਹਿਸ ਵਿਚ ਕੇਵਲ ਸਮਾਂ ਅਤੇ ਸ਼ਕਤੀ ਹੀ ਵਿਅਰਥ ਨਹੀਂ ਗਈ ਸਗੋਂ ਇਸ ਵਿਵਾਦ ਕਾਰਨ ਭਾਈਚਾਰੇ ਵਿਚ ਇੱਕ ਹੋਰ ਵੰਡ ਪੈਦਾ ਹੋ ਗਈ। ਖਰਾਬ ਰਹੇ ਹਾਲਾਤ ਦੌਰਾਨ ਜਦੋਂ ਬੰਦੂਕ ਨੇ ਅਕਲ ਅੱਗੇ ਲਾਈ ਹੋਈ ਸੀ, ਉਦੋਂ ਹੀ ਸਿੱਖ ਪੰਥ ਦੇ ਵਿਹੜੇ ਵਿਚ ਬੌਧਿਕ ਰੇਗਿਸਤਾਨ ਪਸਰਨਾ ਸ਼ੁਰੂ ਹੋ ਚੁਕਾ ਸੀ ਜੋ ਕਿ ਕੈਲੰਡਰ ਵਰਗੇ ਨਿਗੁਣੇ ਮੁੱਦਿਆਂ ਦੇ ਮੋਢੇ ਚੜ੍ਹ ਕੇ ਹੋਰ ਦੂਣ ਸਵਾਇਆ ਹੋ ਗਿਆ ਹੈ। ਇਸ ਸਮੇਂ ਨੂੰ ਕਿਸੇ ਚੰਗੀ ਭਵਿੱਖੀ ਨੀਤੀ ਦੀ ਘਾੜਤ ਲੇਖੇ ਲਾਇਆ ਜਾ ਸਕਦਾ ਸੀ।
ਹੱਲ ਕੀ ਹੈ: ਕੈਲੰਡਰ ਨਾਲ ਕੋਈ ਵੱਡੀ ਸਮੱਸਿਆ ਜੁੜੀ ਹੋਈ ਨਹੀਂ ਸੀ। ਬੁਨਿਆਦੀ ਤਕਲੀਫ ਤਾਰੀਖਾਂ ਦਾ ਬਦਲਦੇ ਰਹਿਣ ਕਾਰਨ ਆ ਰਹੀਆਂ ਮਾਮੂਲੀ ਦਿੱਕਤਾਂ ਸਨ, ਜਿਨ੍ਹਾਂ ਦੇ ਹੱਲ ਲਈ ਹਰ ਸਾਲ ਮਨਾਏ ਜਾਣ ਵਾਲੇ 10-12 ਅਹਿਮ ਦਿਨਾਂ ਦੀਆਂ ਤਾਰੀਖਾਂ ਪੱਕੀਆਂ ਕਰ ਲਈਆਂ ਜਾਣੀਆਂ ਚਾਹੀਦੀਆਂ ਸਨ ਅਤੇ ਬਾਕੀ ਸਭ ਕੁਝ ਸਥਾਨਕ ਲੋਕਾਂ ਨੂੰ ਆਪੋ ਆਪਣੀ ਸਹੂਲਤ ਮੁਤਾਬਕ ਕਰ ਲੈਣ ਲਈ ਕਹਿ ਦੇਣਾ ਚਾਹੀਦਾ ਸੀ। ਜਿਵੇਂ ਕਿ ਗੁਰੂਆਂ ਦੇ ਪੁਰਬ ਤਾਂ ਸਾਰੇ ਸੰਸਾਰ ਵਿਚ ਮਨਾਏ ਜਾਂਦੇ ਹਨ, ਇਸ ਲਈ ਇਹ ਤਾਰੀਖਾਂ ਪੱਕੀਆਂ ਹੋ ਜਾਣ ਨਾਲ ਸਭ ਨੂੰ ਸੌਖਾ ਹੋ ਜਾਏਗਾ। ਪਰ ਬਾਬੇ ਬੁੱਢੇ ਦਾ ਜਨਮ ਦਿਨ ਤਾਂ ਸਾਰੇ ਸੰਸਾਰ ਵਿਚ ਨਹੀਂ ਮਨਾਇਆ ਜਾਂਦਾ, ਇਸ ਲਈ ਐਸੇ ਦਿਨਾਂ ਦੀ ਤਾਰੀਖਾਂ ਪੱਕੀਆਂ ਕਰਨ ‘ਤੇ ਜ਼ੋਰ ਲਾਉਣ ਨਾਲੋਂ ਸਥਾਨਕ ਲੋਕਾਂ ਉਪਰ ਛੱਡ ਦੇਣਾ ਯੋਗ ਹੋਏਗਾ।
ਗੁਰਬਾਣੀ ਦਾ ਰੁੱਤਾਂ ਨਾਲ ਤਾਲਮੇਲ ਬਿਠਾਉਣ ਲਈ ਕੈਲੰਡਰ ਬਣਾਉਣ ਵਾਲਾ ਫੁਰਨਾ ਗੈਰ-ਸਿਧਾਂਤਕ ਹੋਣ ਕਾਰਨ ਛੱਡ ਦੇਣਾ ਵਾਜਿਬ ਹੋਏਗਾ।
ਜਿਨ੍ਹਾਂ ਵੱਖਰੀ ਪਛਾਣ ਦੇ ਯਤਨ ਕਰਨੇ ਹਨ, ਉਨ੍ਹਾਂ ਲਈ ਵੱਖਰਾ ਕੈਲੰਡਰ ਯੋਗ ਰਾਹ ਸਾਬਿਤ ਨਹੀਂ ਹੋਇਆ, ਉਨ੍ਹਾਂ ਨੂੰ ਵੱਖਰੀ ਪਛਾਣ ਲਈ ਵੱਡੇ ਯਤਨ ਕਰਨੇ ਪੈਣਗੇ। ਜਿਨ੍ਹਾਂ ਵਿਚ ਲੋਕਾਂ ਨੂੰ ਵੱਡੀਆਂ ਤਬਦੀਲੀਆਂ ਜਿਵੇਂ ਦੀਵਾਲੀ, ਪੂਰਨਮਾਸ਼ੀ, ਮੱਸਿਆ, ਸੰਗਰਾਂਦ ਆਦਿ ਤੋਂ ਮੁਕਤ ਹੋਣ, ਗੁਰੂ ਨਾਨਕ ਪ੍ਰਕਾਸ਼ ਪੁਰਬ ਪੁਰਨਮਾਸ਼ੀ ਨਾਲੋਂ ਅਲੱਗ ਕਰਨ, ਖਾਲਸੇ ਦਾ ਸਾਜਨਾ ਦਿਵਸ ਵੈਸਾਖੀ ਨਾਲੋਂ ਅਲੱਗ ਕਰਨ, ਹੋਲੇ ਮਹੱਲੇ ਦਾ ਦਿਨ ਮੁਕੱਰਰ ਕਰਨ ਅਤੇ ਘੱਟੋ ਘੱਟ ਦਰਬਾਰ ਸਾਹਿਬ ਅੰਦਰ ਦੀਵਾਲੀ ਆਦਿ ਮਨਾਉਣਾ ਬੰਦ ਕਰਨ ਵਾਸਤੇ ਤਿਆਰ ਕਰਨਾ ਹੋਏਗਾ। ਕਿਉਂਕਿ ਵੱਖਰੀ ਪਛਾਣ ਵੱਖਰੇ ਕਰਮ ਕਰਨ ਨਾਲ ਬਣਦੀ ਹੈ, ਨਾ ਕਿ ਕੰਧ ਉਪਰ ਟੰਗੇ ਕਿਸੇ ਕੈਲੰਡਰ ਨਾਲ।