ਨਿੱਕੇ ਨਿੱਕੇ ਨੀਲਕੰਠ

ਆਪਣੀਆਂ ਲਿਖਤਾਂ ਵਿਚ ਵਿਅੰਗ ਬਾਣ ਛੱਡਣ ਲਈ ਮਸ਼ਹੂਰ ਮਰਹੂਮ ਭੂਸ਼ਨ ਧਿਆਨਪੁਰੀ ਨੇ ਆਪਣੀ ਸਵੈਜੀਵਨੀ ‘ਮੇਰੀ ਕਿਤਾਬ’ ਨਿੱਠ ਕੇ ਲਿਖੀ ਹੋਈ ਹੈ। ਇਸ ਵਿਚ ਉਸ ਦੇ ਆਪਣੇ ਪਿੰਡ ਦਾ ਭਰਪੂਰ ਜ਼ਿਕਰ ਹੈ, ਜਿਥੇ ਉਹ ਆਪਣੀ ਹਯਾਤੀ ਦੇ ਪਲੇਠੇ 19 ਸਾਲ ਰਿਹਾ। ਇਸ ਕਿਤਾਬ ਵਿਚ ਚੰਡੀਗੜ੍ਹ Ḕਤੇ ਵਿਸਤਾਰ ਸਹਿਤ ਤਬਸਰਾ ਕੀਤਾ ਮਿਲਦਾ ਹੈ, ਜਿਥੇ ਉਹ ਉਮਰ ਦੇ ਆਖਰੀ ਪੜਾਅ ਦੌਰਾਨ ਵਿਚਰਿਆ। ਇਸ ਕਿਤਾਬ ‘ਚ ਵਿਚਾਰੀਆਂ ਬਹੁਤ ਸਾਰੀਆਂ ਗੱਲਾਂ ਧਿਆਨਪੁਰ ਵਾਲੇ ਇਸ ਸ਼ਖਸ ਵੱਲ ਉਚੇਚਾ ਧਿਆਨ ਖਿੱਚਦੀਆਂ ਹਨ।

‘ਨਿੱਕੇ ਨਿੱਕੇ ਨੀਲਕੰਠ’ ਲੇਖ ਭਾਵੇਂ ਇਤਿਹਾਸ-ਮਿਥਿਹਾਸ ਦਾ ਮਿਲਗੋਭਾ ਜਿਹਾ ਭਾਸਦਾ ਹੈ, ਪਰ ਇਸ ਵਿਚ ਉਹਦੀ ਗੱਲ ਕਰਨ ਦੀ ਕਲਾ ਦੇ ਖੂਬ ਦਰਸ਼ਨ ਹੁੰਦੇ ਹਨ। -ਸੰਪਾਦਕ

ਭੂਸ਼ਨ ਧਿਆਨਪੁਰੀ

ਔੜ ਚੱਲ ਰਹੀ ਸੀ। ਸਾਉਣ ਭਾਦੋਂ ਸੁੱਕਾ ਲੰਘ ਗਿਆ। ਹਾਹਾਕਾਰ ਮਚੀ ਹੋਈ ਸੀ, ਫਸਲਵਾੜੀ ਦਾ ਕੀ ਬਣੇਗਾ? ਪਿੰਡ ਸਹਿਮ ਗਿਆ। ਬੰਦਾ ਜਦੋਂ ਬੇਵਸ ਹੋਏ ਤਾਂ ਉਪਰ ਵੱਲ ਨੂੰ ਵੇਖਦਾ ਏ। ਪਿੰਡ ਵਾਲਿਆਂ ਲਈ ਬਾਵਾ ਲਾਲ ਦਾ ਟਿੱਲਾ ਹੀ ਉਪਰ ਏ। ਓਧਰ ਜਾਣਾ ਹੋਏ ਤਾਂ ਬੰਦਾ ਕਹਿੰਦੈ, Ḕਉਪਰ ਚੱਲਿਆਂḔ, ਪਰ ਉਪਰ ਵਾਲੇ ਨੇ ਵੀ ਨਹੀਂ ਸੀ ਸੁਣੀ। ਮੀਂਹ ਲਈ ਕੀਤੇ ਗਏ ਸਾਰੇ ਹਵਨ-ਯੱਗ ਕਿਸੇ ਕੰਮ ਨਾ ਆਏ।
ਸਿਰ ਸੁੱਟੀ ਬੈਠਿਆਂ ਨੂੰ ਕਿਸੇ ਨੇ ਦੱਸਿਆ, “ਸ਼ਿਵ ਭੋਲੇ ਭੰਡਾਰੀ ਦਾ ਦਰ ਖੜਕਾਇਆ ਜਾਏ। ਬ੍ਰਹਮਾ, ਵਿਸ਼ਣੂ ਨੂੰ ਪ੍ਰਸੰਨ ਕਰਨਾ ਔਖੈ! ਆਪਣਾ ਸ਼ੰਕਰ ਤਾਂ ਬਿਲ-ਪੱਤਰੀ ਨਾਲ ਈ ਖੁਸ਼ ਹੋ ਜਾਂਦੈ। ਕਿਸੇ ਵੱਡੇ ਅਡੰਬਰ ਦੀ ਮੰਗ ਨਹੀਂ ਕਰਦਾ। ਝਟਪਟ ਖੁਸ਼ ਹੋ ਕੇ ਨਾਲ ਦੀ ਨਾਲ ਵਰਦਾਨ ਦੇ ਦਿੰਦੈ। ਇਸੇ ਲਈ ਉਹਨੂੰ ਆਸ਼ੂਤੋਸ਼ ਆਖਦੇ ਨੇ। ਉਹਦੀ ਕਿਰਪਾ ਹੋ ਜਾਏ ਤਾਂ ਮੀਂਹ ਜ਼ਰੂਰ ਪਏਗਾ।”
ਉਹਦੀ ਕਿਰਪਾ ਦੇ ਪਾਤਰ ਬਣਨ ਲਈ ਕੀ ਕੀਤਾ ਜਾਏ?
-ਤਲਾਅ ਕੰਢੇ ਬਣੇ ਸ਼ਿਵਾਲੇ ਮੂਹਰੇ ‘ਕੱਠੇ ਹੋ ਕੇ ਸਾਰਾ ਪਿੰਡ ਸ਼ਿਵ ਜੀ ਦਾ ਭਜਨ ਕੀਰਤਨ ਕਰੇ। ਉਹ ਦੀ ਮਹਿਮਾ ਗਾਏ।
ਏਦਾਂ ਕਰਨ ਨਾਲ ਮੀਂਹ ਨਹੀਂ ਪੈਣਾ!
-ਕਿੱਦਾਂ ਪਏਗਾ ਫਿਰ ਮੀਂਹ?
ਸ਼ਿਵਾਲੇ ਦੇ ਅੰਦਰ ਜਿਹੜਾ ਸ਼ਿਵਲਿੰਗ ਐ ਨਾ! ਇਹਨੂੰ ਭਰਪੂਰ ਇਸ਼ਨਾਨ ਕਰਵਾਉ। ਜਲ ਚੜ੍ਹਾ ਚੜ੍ਹਾ ਕੇ ਪੂਰਾ ਸ਼ਿਵਲਿੰਗ ਡੋਬ ਦਿਓ। ਭੋਲੇ ਨਾਥ ਪ੍ਰਸੰਨ ਹੋ ਕੇ ਜ਼ਰੂਰ ਜਲਥਲ ਕਰ ਦੇਣਗੇ।
ਸਲਾਹ ਮੰਨ ਕੇ ਸਾਰੇ ਜਣੇ, ਬਾਲਟੀਆਂ ਵਗੈਰਾ ਲੈ ਕੇ ਜਾ ਪਹੁੰਚੇ। ਸ਼ਿਵ ਦੀ ਜੈ ਜੈ ਕਾਰ ਦੇ ਰੌਲੇ-ਰੱਪੇ ਵਿਚ ਸ਼ਿਵਾਂ ਦੀ ਬੂਟੀ ਵਾਲੀ ਸ਼ਰਦਾਈ ਦਾ ਪ੍ਰਸ਼ਾਦ ਵਰਤਾਇਆ ਗਿਆ ਤੇ ਸ਼ੁਰੂ ਹੋ ਗਈ ਸ਼ਿਵਲਿੰਗ ਨੂੰ ਸੰਪੂਰਨ ਇਸ਼ਨਾਨ ਕਰਾਉਣ ਦੀ ਮੁਹਿੰਮ। ਇਕ ਪਾਸੇ ਤਲਾਅ ਤੇ ਦੂਜੇ ਪਾਸੇ ਹਲਟੀ ਤੋਂ ਲੈ ਕੇ ਸ਼ਿਵਾ ਦੇ ਥੜ੍ਹੇ ਤੱਕ ਲਾਈਨਾਂ ਲੱਗ ਗਈਆਂ। ਭਰੇ ਹੋਏ ਭਾਂਡੇ ਅੰਦਰ ਪਲਟਾ ਕੇ ਖਾਲੀ ਮੋੜ ਦਿੱਤੇ ਜਾਂਦੇ। ਭਰੇ ਹੋਏ ਮੁੜ ਮੁੜ ਆਈ ਜਾਂਦੇ, ਖੂਹ ਦੀਆਂ ਟਿੰਡਾਂ ਵਾਂਗ। ਸਾਰਿਆਂ ਦੇ ਲਹੂ ਵਿਚ ਹਰਕਤ ਸੀ। ਪਸੀਨੇ ਛੁੱਟ ਰਹੇ ਸਨ। ਜਲ ਚੜ੍ਹ ਰਿਹਾ ਸੀ, ਪਰ ਸ਼ਿਵਲਿੰਗ ਦੇ ਅੱਧ ਤੱਕ ਵੀ ਪਾਣੀ ਨਹੀਂ ਸੀ ਪਹੁੰਚ ਰਿਹਾ।
ਇਕ ਤਾਂ ਮੰਦਿਰ ਦੀਆਂ ਕੰਧਾਂ ਵਿਚ ਤਰੇੜਾਂ ਸਨ। ਦੂਜੇ, ਸ਼ਿਵਾਲੇ ਦੀਆਂ ਦਹਿਲੀਜ਼ਾਂ ਸ਼ਿਵਲਿੰਗ ਦੇ ਸਾਈਜ਼ ਦੇ ਮੁਕਾਬਲੇ ਬਹੁਤ ਨੀਵੀਆਂ ਸਨ। ਪਾਣੀ ਬਾਹਰ ਵੱਲ ਵਗੀ ਜਾਂਦਾ, ਅੰਦਰ ਟਿਕਦਾ ਈ ਨਹੀਂ ਸੀ। ਪੰਜ-ਸੱਤ ਘੰਟਿਆਂ ਦੀ ਇਸ ਕਵਾਇਦ ਨਾਲ ਪਿੰਡ ਥੱਕ ਗਿਆ। ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕੀਤੀ, ਪਰ ਮਕਸਦ ਵਿਚ ਸਫਲਤਾ ਨਾ ਮਿਲੀ। ਭੰਗ ਵਾਲੀ ਸ਼ਰਦਾਈ ਦਾ ਪ੍ਰਸ਼ਾਦ ਮੁੜ ਵਰਤਾਇਆ ਗਿਆ ਤੇ ਲੋਕੀਂ ਘਰੋ-ਘਰੀ ਆ ਗਏ। ਸ਼ਿਵ ਜੀ ਦਾ ਭਰਮ ਬਣਿਆ ਰਿਹਾ, ਪਿੰਡ ਵਾਲਿਆਂ ਦਾ ਭਰਮ ਨਾ ਟੁੱਟਿਆ।
ਨਾ ਸ਼ਿਵਲਿੰਗ ਡੁੱਬਿਆ, ਨਾ ਮੀਂਹ ਪਿਆ; ਪਰ ਬਚਪਨ ਵਿਚ ਵੇਖੀ ਇਹ ਖੇਡ ਅਜੇ ਵੀ ਕਈ ਵਾਰੀ ਵੱਖਰੀ ਵੱਖਰੀ ਲੱਗਦੀ ਏ। ਹੁਣ ਪੁਰਾਣਾ ਮੰਦਿਰ ਏਨਾ ਬਦਲ ਚੁਕਾ ਏ ਕਿ ਪਛਾਣਿਆ ਈ ਨਹੀਂ ਜਾਂਦਾ। ਕੰਧਾਂ ਵਿਚ ਤਰੇੜਾਂ ਦਾ ਨਾਂ ਨਿਸ਼ਾਨ ਨਹੀਂ। ਦਹਿਲੀਜ਼ਾਂ ਕਾਫੀ ਉਚੀਆਂ ਨੇ, ਤਕਰੀਬਨ ਸ਼ਿਵਲਿੰਗ ਦੇ ਹਾਣ ਦੀਆਂ। ਦਿਨ ਵੇਲੇ ਵੀ ਟਿਊਬਾਂ ਜਗਦੀਆਂ ਰਹਿੰਦੀਆਂ ਨੇ। ਟਿਊਬਵੈਲਾਂ ਨੇ ਔੜ ਦੇ ਕੰਢੇ ਭੋਰ ਦਿੱਤੇ ਨੇ। ਬਦਲੇ ਹੋਏ ਹਾਲਾਤ ਨੇ ਭੰਗ ਦਾ ਪ੍ਰਸ਼ਾਦ ਛਕਣ ਵਾਲੇ ਬੰਦੇ ਦਾਰੂ ਵੱਲ ਨੂੰ ਤੋਰ ਦਿੱਤੇ ਨੇ।

ਬਚਪਨ ਵਿਚ ਇਕ ਗੱਲ ਦੀ ਹੈਰਾਨੀ ਹੁੰਦੀ ਸੀ। ਰਾਮ ਲੀਲ੍ਹਾ ਵਿਚ ਵੇਖਦੇ ਕਿ ਰਾਮ ਚੰਦਰ, ਸ਼ਿਵ ਜੀ ਦੀ ਪੂਜਾ ਕਰਦੈ ਅਤੇ ਰਾਵਣ ਵੀ। ਰਾਮ ਦੀ ਸੈਨਾ ‘ਜੈ ਸ੍ਰੀ ਰਾਮ’ ਕਹਿੰਦੀ ਏ ਤੇ ਰਾਵਣ ਦੀ ਸੈਨਾ ‘ਜੈ ਸ਼ੰਕਰ ਦੀ।’ ਦੇਵਤਿਆਂ ਤੇ ਦਾਨਵਾਂ-ਦੋਹਾਂ ਲਈ ਸ਼ਿਵ ਦੀ ਭਗਤੀ ਕਿਉਂ ਜ਼ਰੂਰੀ ਏ?
ਹੌਲੀ ਹੌਲੀ ਪਤਾ ਲੱਗਾ ਕਿ ‘ਸ਼ਕਤੀ’ ਸ਼ਿਵ ਕੋਲ ਹੀ ਏ। ਵਿਸ਼ਣੂ ਕੋਲ ‘ਲੱਛਮੀ’ ਏ ਅਤੇ ਬ੍ਰਹਮਾ ਕੋਲ ‘ਬ੍ਰਾਹਮਣੀ।’ ਯੁੱਧ ਕਰਨ ਅਤੇ ਜਿੱਤ ਪ੍ਰਾਪਤ ਕਰਨ ਲਈ ਸ਼ਕਤੀ ਦੀ ਲੋੜ ਹੁੰਦੀ ਏ। ਸ਼ਕਤੀ ਸਿਰਫ ਸ਼ਿਵ ਦੇ ਨਾਲ ਹੀ ਵਿਚਰਦੀ ਏ। ਉਹਨੂੰ ‘ਸ਼ਿਵਾ’ ਵੀ ਕਹਿੰਦੇ ਨੇ। ਉਸ ਕੋਲੋਂ ਵਰ ਲੈ ਕੇ ਯੁੱਧ ਜਿੱਤੇ ਜਾ ਸਕਦੇ ਨੇ।
ਸ਼ਿਵ ਨੂੰ ਮਹਾਂਕਾਲ, ਰੁਦਰ, ਭੂਤਨਾਥ, ਮਹਾਂਦੇਵ, ਅਮਰਨਾਥ, ਨੀਲ ਕੰਠ ਆਦਿ ਅਨੇਕਾਂ ਨਾਂਵਾਂ ਨਾਲ ਜਾਣਿਆ ਜਾਂਦੈ। ਸ਼ਿਵ ਦੇ ਸਰੂਪ ਕਈ ਤਰ੍ਹਾਂ ਦੇ ਬਣਾਏ ਜਾਂਦੇ ਨੇ, ਸਿਰ ਵਿਚ ਗੰਗਾ, ਮੱਥੇ ਉਤੇ ਚੰਨ, ਤੀਜਾ ਨੇਤਰ, ਇਕ ਹੱਥ ਡਮਰੂ, ਦੂਜੇ ਵਿਚ ਤ੍ਰਿਸ਼ੂਲ, ਗਲ ਮੁੰਡ-ਮਾਲਾ, ਪਰ ਸ਼ਿਵਾਲਿਆਂ ਵਿਚ ਸਿਰਫ ਸ਼ਿਵਲਿੰਗ ਹੀ ਸਥਾਪਤ ਹੁੰਦੈ। ਇਹਨੂੰ ‘ਜਿਓਤੀ ਲਿੰਗਮ’ ਵੀ ਕਹਿ ਲੈਂਦੇ ਨੇ। ਬ੍ਰਹਮ ਕੁਮਾਰੀਆਂ ਦਾ ਮਿਸ਼ਨ ਉਸ ਨਾਲ ਪਰਜਾਪਿਤਾ ਅਥਵਾ ‘ਸ਼ਿਵ ਬਾਬਾ’ ਦਾ ਰਿਸ਼ਤਾ ਗੰਢਦਾ ਹੈ। ਨ੍ਰਿਤ ਤੇ ਥੀਏਟਰ ਵਾਲੀ ਸੰਗਤ ਉਹਨੂੰ ‘ਨਟਰਾਜ’ ਕਰ ਕੇ ਜਾਣਦੀ ਏ। ਸ਼ਿਵ ਦੀ ਆਸਥਾ ਦਾ ਚਿਰਾਗ ਹਰ ਮੱਥੇ ਵਿਚ ਜਗਦਾ ਏ, ਪਰ ਉਹਦੇ ਤਾਂਡਵ ਨਾਚ ਤੋਂ ਸਭ ਨੂੰ ਡਰ ਲਗਦਾ ਏ।

ਸਕੂਲ ਵਿਚ ਸਵਾਮੀ ਦਇਆਨੰਦ ਸਰਸਵਤੀ ਦੇ ਹਵਾਲੇ ਨਾਲ ਪਤਾ ਲੱਗਾ ਸੀ ਕਿ ਉਸ ਮਹਾਂਪੁਰਸ਼ ਨੇ ਬਚਪਨ ਵਿਚ ਸ਼ਿਵਰਾਤਰੀ ਵੇਖਣ ਗਿਆਂ ਚੂਹੇ ਨੂੰ ਸ਼ਿਵਲਿੰਗ ਨਾਲ ਗੁਸਤਾਖੀ ਕਰਦੇ ਵੇਖਿਆ ਸੀ। ਉਹ ਇਤਿਹਾਸਕ ਚੂਹਾ ਤਾਂ ਸ਼ਿਵਾ ਦਾ ਪ੍ਰਸ਼ਾਦ ਵੀ ਜੂਠਾ ਕਰ ਗਿਆ ਸੀ। ਵਿਸ਼ਵਾਸ ਨੂੰ ਠੇਸ ਪਹੁੰਚੀ ਕਿ ਜਿਹੜਾ ਭਗਵਾਨ ਆਪਣੇ ਪਵਿਤਰ ਪ੍ਰਸ਼ਾਦ ਨੂੰ ਚੂਹੇ ਤੋਂ ਨਹੀਂ ਬਚਾ ਸਕਦਾ, ਉਹ ਭਲਾ ਆਪਣੇ ਭਗਤਾਂ ਦੀ ਰਾਖੀ ਕਿਵੇਂ ਕਰ ਸਕਦਾ ਹੈ! ਬਾਲਮਨ ਦੀ ਇਸ ਬੇਚੈਨੀ ਨੇ ਲੱਭ ਲਿਆ ਕਿ ਅਸਲੀ ਸ਼ਿਵ ਕੋਈ ਹੋਰ ਹੈ। ਫਿਰ ਉਹਨੇ ਵੇਦਾਂ ਵੱਲ ਨੂੰ ਮੂੰਹ ਕੀਤਾ। ਮੂਰਤੀ ਤੇ ਬੁੱਤ ਪੂਜਾ ਨੂੰ ਬੇਕਾਰ ਦੱਸਿਆ।
ਬਜ਼ੁਰਗ ਇਸ ਵਿਸ਼ੇ ‘ਤੇ ਲੰਬੀ ਚੌੜੀ ਬਹਿਸ ਕਰਦੇ ਆਏ ਨੇ। ਸਮਾਜ ਸੁਧਾਰਨ ਲਈ ਉਪਰਾਲੇ ਕਰਦੇ ਆਏ ਨੇ, ਪਰ ਸਮਾਜ ਕਿਹੜਾ ਇਕੋ ਜਿਹਾ ਰਹਿੰਦੈ। ਨਿੱਤ ਬਦਲਦੈ। ਬਦਲਦੇ ਸਮਾਜ ਵਿਚ ਸੰਕਲਪ ਵੀ ਬਦਲਦੇ ਨੇ ਤੇ ਸਿੱਟੇ ਵੀ।
ਬੰਦਾ ਕਿਸੇ ਸਿੱਟੇ ‘ਤੇ ਪਹੁੰਚਣ ਲਈ ਨਹੀਂ ਜਿਉਂਦਾ। ਸਿੱਟੇ ਧਰੇ-ਧਰਾਏ ਰਹਿ ਜਾਂਦੇ ਨੇ। ਬੰਦਾ ਅੱਗੇ ਨਿਕਲ ਜਾਂਦੈ। ਕਈ ਵਾਰ ਤਾਂ ਉਹ ਚੂਹੇ ਤੋਂ ਵੀ ਅੱਗੇ ਨਿਕਲ ਜਾਂਦੈ।
ਇਕ ਚੂਹਾ ਸਵਾਮੀ ਦਇਆਨੰਦ ਨੇ ਵੇਖਿਆ। ਇਕ ਚੂਹਾ ਸ਼ਿਵ ਪੁਰਾਣ ਵਿਚ ਪਹਿਲਾਂ ਹੀ ਮੌਜੂਦ ਏ। ਗਣੇਸ਼ ਦੀ ਸਵਾਰੀ। ਕਿੰਨਾ ਦਿਲਚਸਪ ਜੋੜ ਮੇਲ ਏ: ਸਭ ਤੋਂ ਭਾਰਾ ਦੇਵਤਾ ਗਣੇਸ਼ ਤੇ ਸਭ ਤੋਂ ਕਮਜ਼ੋਰ ਵਾਹਨ ਚੂਹਾ!
ਕਹਿੰਦੇ ਨੇ ਕਿ ਜਦੋਂ ਸਾਰੇ ਦੇਵਤਿਆਂ ਨੂੰ ਆਪਣੀਆਂ ਸਵਾਰੀਆਂ ਦੀ ਚੋਣ ਕਰਨ ਲਈ ਕਿਹਾ ਗਿਆ ਤਾਂ ਬਾਕੀਆਂ ਨੇ ਫੁਰਤੀ ਨਾਲ ਵਧੀਆ ਵਾਹਨ ਚੁਣ ਲਏ, ਪਰ ਭਾਰਾ ਸਰੀਰ ਹੋਣ ਕਰ ਕੇ ਗਣੇਸ਼ ਦੇ ਵੰਡੇ ਚੂਹਾ ਹੀ ਆਇਆ। ਉਹੀਓ ਬਾਕੀ ਬਚਿਆ ਸੀ।
ਫਿਰ ਫੈਸਲਾ ਹੋਣਾ ਸੀ ਕਿ ਦੇਵਤਿਆਂ ਵਿਚੋਂ ਉਹ ਕਿਹੜਾ ਦੇਵਤਾ ਹੈ ਜਿਸ ਦੀ ਪੂਜਾ ਸਭ ਤੋਂ ਪਹਿਲਾਂ ਕੀਤੀ ਜਾਇਆ ਕਰੇ? ਸ਼ਰਤ ਰੱਖੀ ਗਈ ਕਿ ਆਪੋ ਆਪਣੇ ਵਾਹਨ ‘ਤੇ ਸਵਾਰ ਹੋ ਕੇ ਸਾਰੇ ਦੇਵਤੇ ਧਰਤੀ ਤੇ ਅਸਮਾਨ ਦੇ ਸੱਤ ਸੱਤ ਚੱਕਰ ਲਾਉਣ। ਜਿਹੜਾ ਇਸ ਦੌੜ ਵਿਚ ਜਿੱਤ ਜਾਏ, ਉਹਦੀ ਪੂਜਾ ਸਭ ਤੋਂ ਪਹਿਲਾਂ ਕੀਤੀ ਜਾਇਆ ਕਰੇਗੀ। ਸਭ ਨੂੰ ਭਾਜੜਾਂ ਪੈ ਗਈਆਂ। ਲੱਗੇ ਇਕ ਦੂਜੇ ਦੀਆਂ ਖੁੱਚਾਂ ਭੰਨਣ।
ਜਿੱਤ ਗਣੇਸ਼ ਦੀ ਹੋਈ। ਚੂਹੇ ਵਾਲੇ ਗਣੇਸ਼ ਦੀ। ਉਹਨੇ ਸ਼ਿਵ ਅਤੇ ਪਾਰਬਤੀ ਨੂੰ ਲਾਗੇ ਲਾਗੇ ਬਿਠਾ ਕੇ ਆਰਾਮ ਨਾਲ ਸੱਤ ਗੇੜੇ ਲਾਏ ਅਤੇ ਮੌਜ ਨਾਲ ਬਹਿ ਗਿਆ। ਦੱਸਿਆ ਗਿਆ ਕਿ ਸ਼ਾਸਤਰਾਂ ਵਿਚ ਮਾਂ ਨੂੰ ਧਰਤੀ ਅਤੇ ਪਿਤਾ ਨੂੰ ਆਕਾਸ਼ ਦਾ ਦਰਜਾ ਪ੍ਰਾਪਤ ਹੈ। ਇਸੇ ਲਈ ਅੱਜ ਵੀ ਹਰ ਕਾਰਜ ਅਰੰਭ ਕਰਨ ਵੇਲੇ ਸ੍ਰੀ ਗਣੇਸ਼ ਕਰਨਾ ਹੀ ਪੈਂਦਾ ਏ।

ਸ਼ਿਵ ਤਾਂ ਸ਼ਿਵ, ਉਹਦੇ ਨਿਆਣਿਆਂ ਨਾਲ ਵੀ ਅਜੀਬ ਕਹਾਣੀਆਂ ਜੁੜੀਆਂ ਹੋਈਆਂ ਨੇ। ਆਹ ਆਪਣੇ ਗਣੇਸ਼ ਨੂੰ ਈ ਲੈ ਲਉ।
ਮਹਾਂ ਸ਼ਿਵਰਾਤਰੀ ਨੂੰ ਸ਼ਿਵ ਪਾਰਵਤੀ ਦਾ ਵਿਆਹ ਹੋਇਆ ਸੀ। ਵਿਆਹ ਦੀ ਰਸਮ ਪਿਛੋਂ ਸ਼ਿਵ ਤਾਂ ਕੈਲਾਸ਼ ਪਰਬਤ ‘ਤੇ ਜਾ ਬੈਠੇ, ਪਾਰਵਤੀ ਇਕੱਲੀ ਰਹਿ ਗਈ, ਉਡੀਕਣ ਜੋਗੀ। ਮਿਲਣ ਦੀ ਖਿੱਚ ਤੇ ਪਿਆਰ ਦੀ ਤੀਬਰਤਾ ਏਨੀ ਤਿੱਖੀ ਸੀ ਕਿ ਸ਼ਿਵ ਦੀ ਗੈਰਹਾਜ਼ਰੀ ਵਿਚ ਪਾਰਵਤੀ ਨੇ ਆਪਣੇ ਤਨ ਦੀ ਮੈਲ ਤੋਂ ਪੁਤਲਾ ਬਣਾਇਆ ਅਤੇ ਸ਼ਿਵਾਂ ਨਾਲ ਆਪਣੇ ਰਿਸ਼ਤੇ ਦੀ ਸ਼ਕਤੀ ਨਾਲ ਉਸ ਪੁਤਲੇ ਵਿਚ ਜਾਨ ਪਾ ਦਿੱਤੀ। ਉਹ ਸੁੰਦਰ ਬਾਲਕ ਆਪਣੀ ਮਾਂ ਦੀ ਇਕੱਲ ਦਾ ਰੁਝੇਵਾਂ ਬਣ ਗਿਆ:
ਮਿੱਟੀ ਦਾ ਬਾਵਾ ਬਣਾਨੀ ਆਂ
ਝੱਗਾ ਪਾਨੀ ਆਂ
ਉਤੇ ਦੇਨੀ ਆਂ ਖੇਸੀ।
ਨਾ ਰੋ ਮਿੱਟੀ ਦਿਆ ਬਾਵਿਆ,
ਤੇਰਾ ਪਿਉ ਪਰਦੇਸੀ!
ਕਹਾਣੀ ਕਹਿੰਦੀ ਹੈ ਕਿ ਪਰਦੇਸੀ ਸ਼ਿਵ ਦਾ ਇਕ ਦਿਨ ਪਾਰਵਤੀ ਨੂੰ ਮਿਲਣ ਲਈ ਚਿੱਤ ਕੀਤਾ। ਉਹ ਕੈਲਾਸ਼ ਤੋਂ ਉਤਰ ਕੇ ਪੂਰੀ ਗਤੀ ਨਾਲ ਪਾਰਵਤੀ ਦੇ ਨਿਵਾਸ ਕੋਲ ਪਹੁੰਚਿਆ ਤਾਂ ਦੁਆਰ ਉਤੇ ਉਸ ਨੌਜਵਾਨ ਨਾਲ ਟਾਕਰਾ ਹੋ ਗਿਆ। ਦੋਹਾਂ ਨੇ ਇਕ ਦੂਜੇ ਨੂੰ ਪਹਿਲਾਂ ਨਹੀਂ ਸੀ ਵੇਖਿਆ ਹੋਇਆ:
ਹਟ ਜਾ ਬਾਲਕ, ਦੁਆਰ ਤੋਂ ਲਾਂਭੇ ਹੋ ਜਾ।
-ਮੈਂ ਦੁਆਰ ਤੋਂ ਲਾਂਭੇ ਨਹੀਂ ਹੋ ਸਕਦਾ।
ਤੂੰ ਨਹੀਂ ਜਾਣਦਾ ਮੈਂ ਕੌਣ ਹਾਂ।
ਮੈਂ ਜਾਣਨਾ ਵੀ ਨਹੀਂ ਚਾਹੁੰਦਾ। ਮੈਂ ਸਿਰਫ ਆਪਣੀ ਮਾਂ ਨੂੰ ਜਾਣਦਾ ਹਾਂ ਅਤੇ ਉਹਦੀ ਆਗਿਆ ਨਾਲ ਇਥੇ ਖੜ੍ਹਾ ਹਾਂ।
ਕੌਣ ਹੈ ਤੇਰੀ ਮਾਤਾ?
-ਮਹਾਂ ਸ਼ਕਤੀ ਪਾਰਵਤੀ ਮੇਰੀ ਮਾਤਾ ਹੈ।
ਤੂੰ ਉਸ ਦਾ ਪੁੱਤਰ ਕਿਵੇਂ ਹੋ ਸਕਦਾ ਏਂ! ਉਹ ਮੇਰੀ ਪਤਨੀ ਏ, ਤੇ ਮੈਂ ਵਿਆਹ ਤੋਂ ਬਾਅਦ ਪਹਿਲੀ ਵਾਰ ਆ ਰਿਹਾਂ। ਹਟ ਜਾ ਮੇਰੇ ਰਸਤੇ ‘ਚੋਂ। ਮੈਂ ਪੁੱਛਦਾ ਹਾਂ ਤੇਰੀ ਮਾਤਾ ਨੂੰ…।
-ਉਹ ਇਸ਼ਨਾਨ ਕਰ ਰਹੇ ਨੇ। ਜਿੰਨੀ ਦੇਰ ਉਨ੍ਹਾਂ ਦਾ ਆਦੇਸ਼ ਨਹੀਂ ਹੁੰਦਾ, ਮੈਂ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿਆਂਗਾ।
ਮੈਂ ਜਾਵਾਂਗਾ।
-ਤੁਹਾਨੂੰ ਮੇਰੇ ਨਾਲ ਯੁੱਧ ਕਰਨਾ ਪਏਗਾ।
ਤੇਰੀ ਇਹ ਮਜਾਲ!
ਤੇ ਕਹਿੰਦੇ ਨੇ, ਸ਼ਿਵਾਂ ਨੇ ਤ੍ਰਿਸ਼ੂਲ ਨਾਲ ਉਸ ਬਾਲਕ ਦਾ ਸਿਰ ਉਡਾ ਦਿੱਤਾ। ਪਤਾ ਨਹੀਂ ਕਿਥੇ ਜਾ ਕੇ ਡਿੱਗਾ!
ਜਦੋਂ ਪਾਰਵਤੀ ਤੋਂ ਸਾਰੀ ਗੱਲ ਦਾ ਪਤਾ ਲੱਗਾ ਤਾਂ ਸ਼ਿਵਾਂ ਨੂੰ ਅਫਸੋਸ ਹੋਇਆ। ਪਾਰਵਤੀ ਨੇ ਸ਼ਰਤ ਰੱਖੀ ਕਿ ਉਨੀ ਦੇਰ ਕੋਈ ਗੱਲ ਨਹੀਂ ਹੋ ਸਕਦੀ, ਜਿੰਨੀ ਦੇਰ ਬਾਲਕ ਨੂੰ ਮੁੜ ਸੁਰਜੀਤ ਨਹੀਂ ਕੀਤਾ ਜਾਂਦਾ। ਅਸਲੀ ਸਿਰ ਤਾਂ ਪਤਾ ਨਹੀਂ ਕਿਥੇ ਜਾ ਡਿੱਗਾ ਸੀ, ਸ਼ਿਵ ਪੁੱਠੇ ਪੈਰੀਂ ਬਾਹਰ ਵੱਲ ਨਿਕਲ ਤੁਰੇ। ਰਾਤ ਪੈ ਚੁਕੀ ਸੀ। ਸਾਰੀ ਦੁਨੀਆਂ ਸੁੱਤੀ ਪਈ ਸੀ।
ਸ਼ਿਵਾਂ ਨੂੰ ਕਿਸੇ ਬੱਚੇ ਦਾ ਸਿਰ ਚਾਹੀਦਾ ਸੀ। ਨਾਨੀ ਇਹ ਕਹਾਣੀ ਸੁਣਾਉਂਦੀ ਦੱਸਦੀ ਹੁੰਦੀ ਸੀ ਕਿ ਸ਼ਿਵ ਪੂਰੀ ਰਾਤ ਭਟਕਦਾ ਰਿਹਾ। ਉਹ ਜਿਹੜੇ ਵੀ ਬੱਚੇ ਲਾਗੇ ਆਪਣੇ ਮਕਸਦ ਲਈ ਜਾਂਦਾ, ਵੇਖਦਾ ਕਿ ਉਹਨੂੰ ਉਹਦੀ ਮਾਂ ਨੇ ਆਪਣੀ ਛਾਤੀ ਨਾਲ ਲਾਇਆ ਹੋਇਆ ਏ। ਉਹਨੂੰ ਇਕ ਵੀ ਮਾਂ ਇਹੋ ਜਿਹੀ ਨਾ ਲੱਭੀ, ਜੀਹਨੇ ਆਪਣੇ ਬੱਚੇ ਵੱਲ ਪਿੱਠ ਕੀਤੀ ਹੋਵੇ।
ਹਾਰ ਕੇ ਸ਼ਿਵ ਸ਼ੰਕਰ ਜੰਗਲ ਵੱਲ ਨਿਕਲ ਗਿਆ। ਸੋਚਿਆ ਕਿ ਜੇ ਇਨਸਾਨ ਦਾ ਨਹੀਂ ਤਾਂ ਕਿਸੇ ਜਾਨਵਰ ਦੇ ਬੱਚੇ ਦਾ ਸਿਰ ਹੀ ਲੈ ਜਾਨਾਂ। ਖਾਲੀ ਹੱਥ ਗਿਆ ਤਾਂ ਗੌਰਜਾਂ ਨੇ ਗੱਲ ਨਹੀਂ ਕਰਨੀ।
ਪਰ ਮਾਂਵਾਂ ਤਾਂ ਮਾਂਵਾਂ ਈ ਹੁੰਦੀਆਂ ਨੇ। ਜਾਨਵਰਾਂ ਦੀਆਂ ਮਾਂਵਾਂ ਵੀ ਆਪਣੇ ਬੱਚਿਆਂ ਨੂੰ ਹਿੱਕਾਂ ਨਾਲ ਲਾਈ ਪਈਆਂ ਸਨ। ਸਿਰਫ ਇਕ ਹਥਣੀ ਨੇ ਥੱਕ ਕੇ ਪਾਸਾ ਪਰਤਿਆ, ਤੇ ਉਹਦੀ ਬੱਚੇ ਵੱਲ ਪਿੱਠ ਹੋ ਗਈ। ਮਾਂ ਦੇ ਸਾਹਮਣੇ ਬੱਚੇ ਦਾ ਸਿਰ ਕਲਮ ਕਰਨਾ ਸ਼ਿਵ ਲਈ ਵੀ ਸੌਖਾ ਨਹੀਂ ਸੀ। ਹੁਣ ਮੌਕਾ ਤਾੜ ਕੇ ਉਹਨੇ ਤ੍ਰਿਸ਼ੂਲ ਨਾਲ ਸਿਰ ਵੱਢਿਆ ਤੇ ਵਾਪਸ ਆ ਕੇ ਹਾਥੀ ਦੇ ਬੱਚੇ ਦਾ ਸਿਰ ਗਣੇਸ਼ ਦੇ ਧੜ ਉਤੇ ਟਿਕਾ ਦਿੱਤਾ। ਉਹ ਮੁੜ ਸੁਰਜੀਤ ਹੋ ਗਿਆ; ਸਗੋਂ ਅਮਰ ਹੋ ਗਿਆ…।
ਪਰ ਸੁਣਿਆ ਕਿ ਉਸ ਦਿਨ ਤੋਂ ਅੱਜ ਤੱਕ ਕੋਈ ਹਥਣੀ ਥੱਕ ਕੇ ਵੀ ਆਪਣੇ ਬੱਚੇ ਵੱਲੋਂ ਪਾਸਾ ਨਹੀਂ ਪਰਤਦੀ…।

ਫਿਰ ਕਿਸੇ ਵੇਲੇ ਦੇਵਤਿਆਂ ਤੇ ਦਾਨਵਾਂ ਨੇ ਰਲ ਕੇ ਸਮੁੰਦਰ ਰਿੜਕਿਆ। ਵਿਚੋਂ ਅਨਮੋਲ ਰਤਨ ਨਿਕਲੇ। ਨਿਕਲਦਿਆਂ ਈ ਜ਼ੋਰਾਵਰਾਂ ਨੇ ਕਾਬੂ ਕਰ ਲਏ, ਪਰ ਵਿਸ਼ ਦਾ ਗਾਹਕ ਕੋਈ ਨਹੀਂ ਸੀ। ਜ਼ਹਿਰ ਕੌਣ ਪੀਏ? ਅਖੀਰ ਉਨ੍ਹਾਂ ਨੂੰ ਭੋਲਾ ਭੰਡਾਰੀ ਯਾਦ ਆਇਆ। ਆਸ਼ੂਤੋਸ਼! ਝਟ ਖੁਸ਼ ਹੋਣ ਵਾਲਾ। ਰਤਾ ਕੁ ਖੁਸ਼ਾਮਦ ਕੀਤੀ, ਉਹ ਮੰਨ ਗਿਆ। ਵਿਸ਼ਪਾਨ ਕਰ ਲਿਆ, ਪਰ ਆਪਣੀ ਸ਼ਕਤੀ ਨਾਲ ਗਲੇ ਤੱਕ ਰੱਖਿਆ। ਦਿਲ-ਦਿਮਾਗ ਤੱਕ ਨਹੀਂ ਜਾਣ ਦਿੱਤਾ। ‘ਨੀਲ-ਕੰਠ ਭਗਵਾਨ ਕੀ ਜੈ’ ਸੁਣ ਕੇ ਸੰਤੁਸ਼ਟ ਹੋ ਗਿਆ। ਅੱਜ ਤੱਕ ਸੰਤੁਸ਼ਟ ਹੈ।
ਪੜ੍ਹਨ-ਪੜ੍ਹਾਉਣ ਦੇ ਚੱਕਰ ਵਿਚ ‘ਸਤਿਅਮ, ਸ਼ਿਵਮ, ਸੁੰਦਰਮ’ ਵਾਲੇ ਸ਼ਿਵ ਦੇ ਕਲਿਆਣਕਾਰੀ ਰੂਪ ਦੇ ਦਰਸ਼ਨ ਹੋਏ। ਸਾਹਿਤ ਤੇ ਕਲਾ ਦੇ ਸੱਚੇ ਉਪਾਸ਼ਕਾਂ ਵਿਚੋਂ ਸ਼ਿਵ ਦੀ ਅੰਸ਼ ਲੱਭਣ ਦਾ ਯਤਨ ਕੀਤਾ। ਇਹ ਸੱਚੇ ਕਲਾਕਾਰ ਦਰਵੇਸ਼ ਲੋਕ ਸਮਾਜ ਦੇ ਹਿੱਸੇ ਦਾ ਜ਼ਹਿਰ ਕਿੰਨੇ ਸਹਿਜ ਨਾਲ ਸਵੀਕਾਰ ਕਰ ਲੈਂਦੇ ਨੇ। ਬਦਲੇ ਵਿਚ ਚਾਹੁੰਦੇ ਕੀ ਨੇ? ਐਵੇਂ ਮਾੜੀ-ਮੋਟੀ ਦਾਦ! ਨਿੱਕੀਆਂ-ਮੋਟੀਆਂ ਤਾੜੀਆਂ। ਏਨੇ ਨਾਲ ਈ ਖੁਸ਼ ਰਹਿੰਦੇ ਨੇ! ਮਸਤ! ਅਸਮਸਤ!!
ਇਸੇ ਯਾਤਰਾ ਵਿਚ ਸ਼ਿਵ ਕੁਮਾਰ ਮਿਲਿਆ ਜਿਸ ਦੀ ਯਾਤਰਾ ਅਸਲ ਵਿਚ, ਉਹਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਹੈ।
ਅਚਾਨਕ ਖਿਆਲ ਆਉਂਦੈ ਕਿ ਸ਼ਿਵ ਨਾਲ ਰਾਤਰੀ ਕਿਉਂ ਜੁੜੀ ਹੈ? ਬਾਕੀ ਸਭ ਦੇ ਦਿਨ ਮਨਾਏ ਜਾਂਦੇ ਨੇ, ਤੇ ਸ਼ਿਵ ਦੀ ਰਾਤ! ਦਿਨ ਭਟਕਣ ਦਾ ਨਾਂ ਹੈ। ਰਾਤ ਸਹਿਜ ਹੁੰਦੀ ਏ। ਭਗਤਾਂ, ਦਰਵੇਸ਼ਾਂ, ਫਕੀਰਾਂ, ਸ਼ਾਇਰਾਂ, ਕਲਾਕਾਰਾਂ ਤੇ ਮਸਤੀ ਵਾਲਿਆਂ ਲਈ ਰਾਤ ਵਧੇਰੇ ਮਾਫਕ ਹੁੰਦੀ ਏ।
ਮਹਾਂਸ਼ਿਵਰਾਤਰੀ ਦੇ ਪੁਰਬ ਮੌਕੇ ਪਤਾ ਨਹੀਂ ਮੈਨੂੰ ਇਹ ਬਚਗਾਨੀਆਂ ਜਿਹੀਆਂ ਗੱਲਾਂ ਈ ਕਿਉਂ ਸੁਝ ਰਹੀਆਂ ਨੇ। ਮੈਨੂੰ ਯਾਦ ਆਇਆ, ਅੱਜ ਤਾਂ ਮੇਰਾ ਜਨਮ ਦਿਨ ਏ, ਪਰ ਮੈਂ ਇਸ ਦਿਨ ਨੂੰ ਸ਼ਿਵ ਦੀ ਰਾਤ ਦੇ ਹਵਾਲੇ ਕਰਦਾ ਹਾਂ।