ਨਾਂ ਬਦਲੂ ਰਾਜਨੀਤੀ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384

ਅੱਜਕਲ ਮਹੱਲਿਆਂ, ਸ਼ਹਿਰਾਂ, ਚੌਂਕਾਂ, ਸੜਕਾਂ ਅਤੇ ਸੰਸਥਾਵਾਂ ਦੇ ਨਾਂ ਰੱਖਣ ਤੇ ਪੁਰਾਣੇ ਨਾਂ ਬਦਲਣ ਦੀ ਸਿਆਸਤ ਜ਼ੋਰਾਂ ‘ਤੇ ਹੈ। ਨਾਂ ਬਦਲਣ ਨਾਲ ਕੋਈ ਖੁਸ਼ ਹੋ ਜਾਂਦਾ ਹੈ, ਕੋਈ ਨਾਰਾਜ਼।
ਨਾਂਵਾਂ ਵਿਚ ਸਾਡਾ ਇਤਿਹਾਸ ਸਾਂਭਿਆ ਪਿਆ ਹੈ। ਨਾਂ ਬਦਲ ਕੇ ਅਸੀਂ ਆਪਣੇ ਬੁਰੇ ਇਤਿਹਾਸ ‘ਤੋਂ ਨਿਜਾਤ ਨਹੀਂ ਪਾ ਸਕਦੇ। ਨਾਂ ਬਦਲਣ ਨਾਲ ਕਿਸੇ ਚੰਗੇ ਇਤਿਹਾਸ ਦੀ ਸਿਰਜਣਾ ਵੀ ਨਹੀਂ ਹੁੰਦੀ। ਇਤਿਹਾਸ ਦੀ ਸਿਰਜਣਾ ਸਾਡੇ ਕਾਰਜ ਅਤੇ ਕਾਰਜ ਸ਼ੈਲੀ ‘ਤੇ ਨਿਰਭਰ ਕਰਦੀ ਹੈ। ਨਾਂ ਬਦਲਣ ਅਤੇ ਨਵੇਂ ਨਾਂ ਰੱਖਣ ‘ਚੋਂ ਸਿਰਫ ਸਾਡੀ ਮਾਨਸਿਕ ਵਿਚਾਰਗੀ ਹੀ ਝਲਕਦੀ ਹੈ।

ਨਾਂ ਰੱਖਣ ਵੇਲੇ ਅਸੀਂ ਆਪਣੀਆਂ ਸਿਆਸੀ ‘ਰੋਟੀਆਂ’ ਨੂੰ ਹੀ ਸਾਹਮਣੇ ਰੱਖਦੇ ਹਾਂ; ਇਖਲਾਕੀ ਉਪਲਕਸ਼ ਨਹੀਂ ਵਿਚਾਰਦੇ। ਨਾ ਹੀ ਆਪਣੀ ਮਾਂ ਬੋਲੀ ਦੀ ਪ੍ਰਕਿਰਤੀ ਦਾ ਖਿਆਲ ਰੱਖਦੇ ਹਾਂ। ਅਸੀਂ ਇਹ ਵੀ ਖਿਆਲ ਨਹੀਂ ਰੱਖਦੇ ਕਿ ਅਸੀਂ ਕਿਸੇ ਨਵਜੰਮੇਂ ਬੱਚੇ ਦਾ ਨਾਂ ਨਹੀਂ ਰੱਖ ਰਹੇ, ਕਿਸੇ ਚੌਂਕ, ਮਹੱਲੇ, ਸ਼ਹਿਰ, ਸੜਕ ਜਾਂ ਸੰਸਥਾ ਦਾ ਨਾਂ ਰੱਖ ਰਹੇ ਹਾਂ।
ਮੁਹਾਲੀ ਨੂੰ ‘ਸਾਹਿਬਜ਼ਾਦਾ ਅਜੀਤ ਸਿੰਘ ਨਗਰ’ ਕੋਈ ਨਹੀਂ ਕਹਿੰਦਾ, ਉਹ ਅੱਜ ਵੀ ਮੁਹਾਲੀ ਹੈ। ਜੇ ਉਸ ਦਾ ਨਾਂ ‘ਅਜੀਤਗੜ੍ਹ’ ਜਾਂ ‘ਅਜੀਤ ਨਗਰ’ ਹੁੰਦਾ ਤਾਂ ਸ਼ਾਇਦ ਪ੍ਰਚਲਿਤ ਹੋ ਜਾਂਦਾ ਤੇ ਸੋਹਣਾ ਵੀ ਲੱਗਦਾ। ਲੁਧਿਆਣੇ ਦੇ ‘ਸਤਿਗੁਰੂ ਪ੍ਰਤਾਪ ਸਿੰਘ ਚੌਂਕ’ ਦਾ ਨਾਂ ਜੇ ਸਿਰਫ ‘ਪ੍ਰਤਾਪ ਚੌਂਕ’ ਹੁੰਦਾ ਤਾਂ ਚੰਗਾ ਲੱਗਣਾ ਸੀ ਤੇ ਸਭ ਦੇ ਮੂੰਹ ਚੜ੍ਹ ਜਾਣਾ ਸੀ।
ਨਵੇਂ ਸ਼ਹਿਰ ਦਾ ਨਾਂ ਅੱਜ ਵੀ ‘ਨਵਾਂ ਸ਼ਹਿਰ’ ਹੈ। ਨਵਾਂ ਸ਼ਹਿਰ ਤਹਿਸੀਲ ਦਾ ਨਾਂ ਵੀ ‘ਨਵਾਂ ਸ਼ਹਿਰ’ ਹੈ। ਸਿਰਫ ਨਵੇਂ ਸ਼ਹਿਰ ਜ਼ਿਲ੍ਹੇ ਦਾ ਨਾਂ ‘ਸ਼ਹੀਦ ਭਗਤ ਸਿੰਘ ਨਗਰ’ ਰੱਖ ਦਿੱਤਾ ਗਿਆ। ‘ਸ਼ਹੀਦ ਭਗਤ ਸਿੰਘ ਨਗਰ’ ਨਾਂ ਦਾ ਕੋਈ ਨਗਰ ਨਹੀਂ ਹੈ। ਕਿੱਡੀ ਹਾਸੋ ਹੀਣੀ ਗੱਲ ਹੈ! ਬਿਹਤਰ ਹੁੰਦਾ ਜੇ ਪਿੰਡ ਖਟਕੜ ਕਲਾਂ ਦਾ ਨਾਂ ਬਦਲ ਕੇ ‘ਭਗਤਗੜ੍ਹ’ ਰੱਖ ਦਿੰਦੇ!
ਸੁਣਿਆ ਹੈ, ਕਈ ਅੰਮ੍ਰਿਤਸਰ ਦੀ ਟਿੱਪੀ ਉੜਾ ਕੇ ਉਸ ਨੂੰ ‘ਅਮ੍ਰਿਤਸਰ’ ਬਣਾਉਣਾ ਚਾਹੁੰਦੇ ਹਨ। ਫਿਰ ਇਸ ਨੂੰ ‘ਅੰਬਰਸਰ’ ਕਹਿਣ ਵਾਲੇ ‘ਅੱਬਰਸਰ’ ਕਿਹਾ ਕਰਨਗੇ!
ਚੰਡੀਗੜ੍ਹ ਦੇ ਹਵਾਈ ਅੱਡੇ ਦੇ ਨਾਂ ਦਾ ਰੱਫੜ ਪਿਆ ਹੋਇਆ ਹੈ। ਪੰਜਾਬ ਤੇ ਹਰਿਆਣੇ ਦਰਮਿਆਨ ਕਸ਼ਮਕਸ਼ ਜਾਰੀ ਹੈ। ਇਕ ਅਖਬਾਰ ਨੇ ਆਖਿਆ ਹੈ ਕਿ ਆਦਮਪੁਰ ਦੇ ਹਵਾਈ ਅੱਡੇ ਦਾ ਨਾਂ ਭਗਤ ਰਵਿਦਾਸ ਜੀ ਦੇ ਨਾਂ ‘ਤੇ ਰੱਖਣ ਦੀ ਤਜਵੀਜ਼ ਨਾਲ ‘ਦਲਿਤ ਬਾਗ ਬਾਗ’ ਹੋ ਗਏ ਹਨ।
ਪਟਿਆਲਾ ਸਰਹਿੰਦ ਸੜਕ ਦਾ ਨਾਂ ‘ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਮਾਰਗ’ ਸਾਡੀ ਲਿਆਕਤ, ਲਗਾਉ ਅਤੇ ਸਧਾਰਣ ਸੂਝ-ਬੂਝ ਦੇ ਦੀਵਾਲੀਏਪਨ ਦਾ ਸੂਚਕ ਹੈ।
ਲੰਗੂਰ ਦੀ ਪੂਛ ਤੋਂ ਵੀ ਲੰਬੇ ਲੰਬੇ ਨਾਂ ਸਾਡੇ ਨਾਇਕਾਂ ਦਾ ਜਲੂਸ ਕੱਢ ਕੇ ਰੱਖ ਦਿੰਦੇ ਹਨ।
ਚੰਡੀਗੜ੍ਹ ਵਿਚ ਥੀਏਟਰ ਦਾ ਨਿਰਮਾਣ ਹੋਇਆ। ਨਾਂ ਰੱਖਿਆ ‘ਟੈਗੋਰ ਥੀਏਟਰ।’ ਜੇ ਰੱਖ ਲੈਂਦੇ ‘ਮਹਾਂ ਕਵੀ ਰਾਵਿੰਦਰ ਨਾਥ ਟੈਗੋਰ ਥੀਏਟਰ’ ਤਾਂ ਕਿਸੇ ਦੇ ਮੂੰਹ ਨਾ ਚੜ੍ਹਦਾ।
‘ਗਾਂਧੀ ਭਵਨ’ ਦਾ ਨਾਂ ਜੇ ‘ਰਾਸ਼ਟਰ ਪਿਤਾ ਮੋਹਨ ਦਾਸ ਕਰਮ ਚੰਦ ਗਾਂਧੀ ਮਹਾਤਮਾ ਭਵਨ’ ਤਾਂ ਇਹ ਨਾਂ ਨਾ ਹੁੰਦਾ, ਗਾਂਧੀ ‘ਤੇ ਲੇਖ ਬਣ ਜਾਂਦਾ।
‘ਕਬੀਰ ਪਾਰਕ’, ਫੁੱਟਬਾਲ ਚੌਂਕ’, ‘ਮਟਕਾ ਚੌਂਕ’, ‘ਹਰਗੋਬਿੰਦ ਨਗਰ’ ਅਤੇ ‘ਗੋਬਿੰਦ ਸਾਗਰ’ ਕਿੰਨੇ ਸੋਹਣੇ ਨਾਂ ਹਨ।
ਕੇਵਲ ‘ਟੌਹੜਾ ਮਾਰਗ’ ਕਿੰਨਾ ਫੱਬਣਾ ਸੀ!
ਸ਼ੁਕਰ ਹੈ, ਜਲੰਧਰ ਦੇ ਅੰਗਰੇਜ਼ੀ ‘ਚ ਸਪੈਲਿੰਗ ਹੀ ਬਦਲੇ ਹਨ; ਕਿਤੇ ਇਸ ਨੂੰ ‘ਜਲਧਾਰਾ’ ਨਹੀਂ ਬਣਾ ਦਿੱਤਾ! ਨਿੱਕੇ ਨਿੱਕੇ ਨਾਂਵਾਂ ‘ਚ ਵਿਗੜਨ ਦੀ ਗੁੰਜਾਇਸ਼ ਨਹੀਂ ਹੁੰਦੀ। ਵੱਡੇ ਵੱਡੇ ਨਾਂ ਹਰ ਹਾਲ ਵਿਗੜਨੇ ਹੁੰਦੇ ਹਨ। ਦਰਅਸਲ ਸਾਡੀ ਰਾਜਨੀਤੀ ਸੱਭਿਆਚਾਰਕ ਮਜ਼ਾਕ ਬਣ ਗਈ ਹੈ।
ਦਿੱਲੀ ਦੇ ਦਿਆਲ ਸਿੰਘ ਈਵਨਿੰਗ ਕਾਲਜ ਦੇ ਨਾਂ ਵਿਚ ਸੰਖੇਪਤਾ ਦੀ ਸਿੱਖ ਕਸ਼ਿਸ਼ ਹੈ। ਕਿਸੇ ਕਾਲਜ ਨੂੰ ‘ਵੰਦੇ ਮਾਤਰਮ’ ਕਹਿਣਾ ਭਾਈ ਦਿਆਲ ਸਿੰਘ ਨਾਲੋਂ ਵੱਧ ‘ਵੰਦੇ ਮਾਤਰਮ’ ਦੀ ਤੌਹੀਨ ਹੈ।
ਨਾਂਵਾਂ ਦੇ ਸੁਹਜ ਦੀ ਸਮਝ ਸਾਨੂੰ ਉਦੋਂ ਆਵੇਗੀ, ਜਦੋਂ ਅਸੀਂ ਮਜ਼੍ਹਬੀ ਕੁਚੇਸ਼ਟਾ ਭਰਪੂਰ ਰਾਜਸੀ ਹਵਸ ਤੋਂ ਨਿਜਾਤ ਪਾ ਲਵਾਂਗੇ। ਨਹੀਂ ਤਾਂ ਅਸੀਂ ਆਪਣੇ ਇਤਿਹਾਸ ਨੂੰ ਕਰੂਪ ਅਤੇ ਕਲੰਕਿਤ ਕਰਦੇ ਰਹਾਂਗੇ। ਆਉਣ ਵਾਲੇ ਸਮੇਂ ਵਿਚ ਸਾਡੇ ਬੱਚੇ, ਸਾਡੀ ਭੱਦੀ ਮਾਨਸਿਕਤਾ ‘ਤੇ ਹੱਸਣਗੇ। ਜ਼ਮਾਨਾ ਸਾਨੂੰ ਭਲੇ ਹੀ ਮਾਫ ਕਰ ਦੇਵੇ ਪਰ ਸਾਡੀ ਜੱਗ ਹਸਾਈ ਰੋਕ ਨਹੀਂ ਸਕੇਗਾ।