ਮਜ਼ਦੂਰ ਜਮਾਤ ਵਿਚ ਇੱਕਜੁਟਤਾ ਦਾ ਸੱਦਾ

ਗੁਲਜ਼ਾਰ ਸਿੰਘ ਸੰਧੂ
ਚੰਡੀਗੜ੍ਹ ਵਿਚ 23 ਨਵੰਬਰ ਤੋਂ 26 ਨਵੰਬਰ ਤੱਕ ਚੱਲੀ ਕੌਮੀ ਕਨਵੈਨਸ਼ਨ ਵਿਚ ਮਜ਼ਦੂਰ ਜਮਾਤ ਵਿਚ ਇੱਕਜੁਟਤਾ ਦੀ ਘਾਟ ਨੂੰ ਪੂਰੀ ਗੰਭੀਰਤਾ ਨਾਲ ਵਿਚਾਰਿਆ ਗਿਆ। ਲਾਲ ਝੰਡਿਆਂ ਤੇ ਲਾਲ ਪੱਗਾਂ ਦੀ ਲਾਲ ਸਲਾਮਾਂ ਨਾਲ ਮੱਖਣਸ਼ਾਹ ਲੁਬਾਣਾ ਭਵਨ ਨੂੰ ਲਾਲੋ ਲਾਲ ਕਰਦੀ ਇਸ ਕਾਨਫਰੰਸ ਦਾ ਅੰਤ ਮੁਹਾਲੀ ਦੀ ਦੁਸਹਿਰਾ ਗਰਾਊਂਡ ਵਾਲੀ ਭਰਪੂਰ ਰੈਲੀ ਨਾਲ ਹੋਇਆ। ਭਾਰਤ ਦੇ ਉਤਰ, ਦੱਖਣ, ਪੂਰਬ, ਪੱਛਮ ਵਿਚਲੇ 14 ਰਾਜਾਂ ਦੇ ਤਿੰਨ ਸੌ ਤੋਂ ਵਧ ਡੈਲੀਗੇਟਾਂ ਨੇ ਇੱਕਜੁਟ ਹੋ ਕੇ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਉਤੇ ਪਹਿਰਾ ਦਿੰਦਿਆਂ ਦੇਸ਼ ਭਰ ਦੇ ਵਸਨੀਕਾਂ ਨੂੰ ਅਹਿਸਾਸ ਕਰਵਾਇਆ ਕਿ

ਸਮੁੱਚੇ ਕਿਰਤੀ ਵਰਗ ਤੇ ਮਿਹਨਤਕਸ਼ਾਂ ਦੀ ਰੋਜ਼ੀ-ਰੋਟੀ ਖੋਹਣ ਤੇ ਸਵੈਮਾਣ ਨੂੰ ਤਹਿਸ-ਨਹਿਸ ਕਰਨ ਵਾਲੀਆਂ ਸਾਮਰਾਜੀ ਤਾਕਤਾਂ ਦਾ ਟਾਕਰਾ ਕਰਨ ਲਈ ਇੱਕ-ਦੂਜੇ ਦੇ ਮੋਢਾ ਨਾਲ ਮੋਢਾ ਜੋੜ ਕੇ ਲੜਨ ਦੀ ਲੋੜ ਹੈ।
ਵਿਕਾਸ ਤੇ ਸਾਮਰਾਜੀ ਸੰਸਾਰੀਕਰਣ ਵਰਗੇ ਸ਼ਬਦਾਂ ਦੀ ਓਟ ਲੈ ਕੇ ਜਿਸ ਕਿਸਮ ਦੀ ਫਿਰਕਾਪ੍ਰਸਤੀ, ਜਾਤਪਾਤ ਤੇ ਇਲਾਕਾਵਾਦ ਦੀਆਂ ਫੁੱਟਪਾਊ ਸਾਜਿਸ਼ਾਂ ਦਾ ਬੀਜ ਬੀਜਿਆ ਜਾ ਰਿਹਾ ਹੈ, ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖੁਰਦ-ਬੁਰਦ ਕਰਨ ਦਾ ਅਦਿੱਖ ਮਾਰਗ ਹੈ।
ਇਸ ਮੌਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਗੁਪਤ ਤੇ ਟੇਢੀ ਨੀਤੀ ਨੂੰ ਚੀਨ ਦੀ ਵਰਤਮਾਨ ਉਨਤੀ ਦੇ ਬਿਲਮੁਕਾਬਲ ਪੇਸ਼ ਕਰਕੇ ਕਿਊਬਾ ਵਿਚ ਹੋ ਰਹੀ ਲਗਾਤਾਰ ਉਨਤੀ ਦੀ ਮਿਸਾਲ ਦਿੱਤੀ ਗਈ। ਇਹ ਗੱਲ ਵੀ ਸਪਸ਼ਟ ਕੀਤੀ ਗਈ ਕਿ ਮੌਜੂਦਾ ਸਰਕਾਰ ਨਾ ਤਾਂ ਅਤਿਵਾਦੀ ਕਾਰਵਾਈਆਂ ਰੋਕ ਸਕੀ ਹੈ ਅਤੇ ਨਾ ਹੀ ਕਾਲੇ ਧਨ ਤੇ ਬੇਕਾਰੀ ਉਤੇ ਕਾਬੂ ਪਾ ਸਕੀ ਹੈ। ਇਸ ਨਾਲ ਛੋਟੇ ਵਪਾਰ ਤੇ ਆਰਥਕਤਾ ਉਤੇ ਮਾੜਾ ਅਸਰ ਪਿਆ ਹੈ।
ਕਾਨਫਰੰਸ ਵਿਚ ਬਹੁਕੌਮੀ ਕਾਰਪੋਰੇਸ਼ਨਾਂ ਤੇ ਕਾਰਪੋਰੇਟ ਘਰਾਣਿਆਂ ਦਾ ਹਿੱਤ ਪਾਲਣ ਵਾਲਿਆਂ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ ਦਾ ਸੱਦਾ ਵੀ ਦਿੱਤਾ ਗਿਆ। ਇਹ ਨੁਕਤੇ ਸਪਸ਼ਟ ਕਰਨ ਵਾਲਿਆਂ ਵਿਚ ਨਵੇਂ ਚੁਣੇ ਗਏ ਚੇਅਰਮੈਨ ਗੰਗਾਧਰਨ ਤੇ ਜਨਰਲ ਸੈਕਟਰੀ ਮੰਗਤ ਰਾਮ ਪਾਸਲਾ ਹੀ ਨਹੀਂ, ਪਾਰਟੀ ਦੀ ਪੰਜਾਬ ਇਕਾਈ ਦੇ ਸੈਕਟਰੀ ਹਰਕੰਵਲ ਸਿੰਘ ਤੇ ਖਜਾਨਚੀ ਰਾਜਿੰਦਰ ਪਰਾਜਪੇ ਵੀ ਸਨ। ਚੇਤੇ ਰਹੇ, ਇਸ ਕਾਨਫਰੰਸ ਲਈ ਚੁਣੇ ਗਏ ਸਥਾਨ ਤੇ ਚੌਗਿਰਦੇ ਨੂੰ ਸ਼ਹੀਦ ਭਗਤ ਸਿੰਘ ਨਗਰ ਦਾ ਨਾਂ ਦਿੱਤਾ ਗਿਆ।
ਨਿਸ਼ਚੇ ਹੀ ਚੰਡੀਗੜ੍ਹ ਦੇ ਇਸ ਸ਼ਹਿਰ ਤੋਂ ਉਠੀ ਆਵਾਜ਼ ਕਸਬਿਆਂ ਦੀ ਆਵਾਜ਼ ਬਣਨ ਦਾ ਦਮ ਰਖਦੀ ਹੈ। ਖੂਬੀ ਇਹ ਕਿ ਭਾਰਤੀ ਇਨਕਲਾਬੀ ਮਾਰਕਸੀ ਪਾਰਟੀ ਇਸ ਤੱਥ ਤੋਂ ਚੇਤਨ ਹੈ ਕਿ ਜਮਹੂਰੀ ਇਨਕਲਾਬ ਦੇ ਨਿਸ਼ਾਨਿਆਂ ਦੀ ਪ੍ਰਾਪਤੀ ਦਾ ਸੰਘਰਸ਼ ਔਖਾ ਤੇ ਲੰਮੇਰਾ ਹੈ ਜੋ ਸਮੂਹ ਦੇਸ਼ ਭਗਤਾਂ ਤੇ ਜਮਹੂਰੀ ਤਾਕਤਾਂ ਦੇ ਏਕੇ ਬਿਨਾ ਹਾਸਲ ਕਰਨਾ ਸੰਭਵ ਨਹੀਂ ਅਤੇ ਪਾਰਟੀ ਇਹ ਪੈਂਡਾ ਤੈਅ ਕਰਨ ਲਈ ਵਚਨਬੱਧ ਹੈ।
ਪੁਆਧੀ ਪੰਜਾਬੀ ਸੱਥ ਦੀ ਬੱਲੇ ਬੱਲੇ: ਮਨਮੋਹਨ ਸਿੰਘ ਦਾਊਂ ਦੀ ਅਗਵਾਈ ਵਾਲੀ ਪੁਆਧੀ ਪੰਜਾਬੀ ਸੱਥ ਨੇ ਆਪਣਾ 14ਵਾਂ ਸਾਲਾਨਾ ਸਮਾਗਮ ਚੰਡੀਗੜ੍ਹ ਨੇੜੇ ਪਿੰਡ ਸਿਸਵਾਂ ਵਿਚ ਪੈਂਦੇ ਦੀਵਾਨ ਸਿੰਘ ਕਾਲੇਪਾਣੀ ਮਿਊਜ਼ੀਅਮ ਹਾਲ ਵਿਚ ਕੀਤਾ। ਸਮਾਗਮ ਡਾ. ਕਾਲੇਪਾਣੀ ਦੀ ਯਾਦ ਨੂੰ ਸਮਰਪਿਤ ਸੀ। ਸ਼ ਦਾਊਂ ਵਲੋਂ ਸੱਥ ਦੀਆਂ ਪ੍ਰਾਪਤੀਆਂ ਉਤੇ ਚਾਨਣਾ ਪਾਉਣ ਉਪਰੰਤ ਡਾ. ਨਿਰਮਲ ਸਿੰਘ ਲਾਂਬੜਾ ਦੇ ਕੁੰਜੀਵਤ ਭਾਸ਼ਣ ਨੇ ਡਾ. ਦੀਵਾਨ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਸ਼ ਦਾਊਂ ਦੇ ਉਤਸ਼ਾਹ ਤੇ ਉਦਮ ਦੀ ਸ਼ਲਾਘਾ ਕੀਤੀ।
ਪੁਆਧੀ ਸੱਥ ਵਲੋਂ ਮਾਸਟਰ ਸਰੂਪ ਸਿੰਘ ਨੰਬਰਦਾਰ, ਗਿਆਨੀ ਰਤਨ ਸਿੰਘ ਸਹੌੜਾਂ, ਪਟਵਾਰੀ ਹਰਚੰਦ ਸਿੰਘ, ਗਿਆਨੀ ਗੁਰਚਰਨ ਸਿੰਘ, ਗੁਰਬਖਸ਼ ਸਿੰਘ ਕੇਸਰੀ ਤੇ ਮਾਸਟਰ ਗੁਰਚਰਨ ਸਿੰਘ ਸਕਰੁੱਲਾਂਪੁਰ ਦੀ ਯਾਦ ਵਿਚ ਸਥਾਪਤ ਹੋਏ ਪੁਰਸਕਾਰ ਕ੍ਰਮਵਾਰ ਨੰਬਰਦਾਰ ਗੁਰਦਿੱਤ ਸਿੰਘ ਖਟੜਾ (ਰਤਨਗੜ੍ਹ), ਭਾਈ ਹਰਸਿਮਰਨ ਸਿੰਘ (ਅਨੰਦਪੁਰ ਸਾਹਿਬ), ਅਧਿਆਪਕ ਗੁਰਚਰਨ ਸਿੰਘ (ਚੰਡੀਗੜ੍ਹ), ਸਮਾਜ ਸੇਵੀ ਭਗਵੰਤ ਸਿੰਘ (ਬਧੌਸ਼ੀ ਕਲਾਂ) ਤੇ ਪਿੰ੍ਰਸੀਪਲ ਬਹਾਦੁਰ ਸਿੰਘ ਗੋਸਲ ਨੂੰ ਦਿੱਤੇ ਗਏ। ਪੁਰਸਕਾਰਾਂ ਵਿਚ ਨਕਦ ਰਾਸ਼ੀ, ਲੋਈ, ਸਨਮਾਨ ਚਿੰਨ੍ਹ ਤੇ ਵਡਮੁੱਲੀਆਂ ਪੁਸਤਕਾਂ ਸ਼ਾਮਲ ਸਨ।
ਪੁਆਧੀ ਸੱਥ ਹੁਣ ਤੱਕ 72 ਸ਼ਖਸੀਅਤਾਂ ਦਾ ਸਨਮਾਨ ਕਰ ਚੁਕੀ ਹੈ ਤੇ ਹਰ ਸਾਲ ਅਨੇਕਾਂ ਨਵ ਪ੍ਰਕਾਸ਼ਤ ਪੁਸਤਕਾਂ ਰਿਲੀਜ਼ ਕੀਤੀਆਂ ਜਾਂਦੀਆਂ ਹਨ। ਇਸ ਵਾਰ ਰਿਲੀਜ਼ ਕੀਤੀਆਂ ਇਕ ਦਰਜਨ ਪੁਸਤਕਾਂ ਵਿਚ ਭਾਈ ਹਰਸਿਮਰਨ ਸਿੰਘ ਦੀ Ḕਵਿਸਮਾਦ: ਤੀਸਰਾ ਬਦਲḔ ਨਾਂ ਦੀ ਤ੍ਰੈਜਿਲਦੀ ਰਚਨਾ ਤੇ ਬੀਬੀ ਦਲਜੀਤ ਕੌਰ ਦਾਊਂ ਦਾ ਨਿੱਕਾ ਕਹਾਣੀ ਸੰਗ੍ਰਿਹ ḔਬਲੌਰੀḔ ਵੀ ਸ਼ਾਮਲ ਸਨ। ਦਰਸ਼ਕਾਂ ਤੇ ਸਰੋਤਿਆਂ ਨਾਲ ਖਚਾਖਚ ਭਰੇ ਪੰਡਾਲ ਵਿਚ ਯੂਰਪੀ ਪੰਜਾਬੀ ਸੱਥ ਤੇ ਕਾਲੇਪਾਣੀ ਅਜਾਇਬ ਘਰ ਦੀ ਸਰਪ੍ਰਸਤ ਬੀਬੀ ਗੁਰਦਰਸ਼ਨ ਕੌਰ ਢਿੱਲੋਂ ਨੇ ਮਨਮੋਹਨ ਸਿੰਘ ਦਾਊਂ ਦੇ ਸਿਰੜ ਤੇ ਉਦਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਲੋਈ ਤੇ ਨਕਦ ਰਾਸ਼ੀ ਨਾਲ ਵਿਸ਼ੇਸ਼ ਸਨਮਾਨ ਕੀਤਾ।
ਸਮਾਗਮ ਵਿਚ ਸੁਤੰਤਰਤਾ ਪ੍ਰਾਪਤੀ ਪਿਛੋਂ ਪੁਆਧ ਖੇਤਰ ਦੀ ਸ਼ਾਨਦਾਰ ਉਨਤੀ ਦਾ ਜ਼ਿਕਰ ਵੀ ਹੋਇਆ, ਖਾਸ ਕਰਕੇ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਬਲਦੇਵ ਸਿੰਘ (ਦੁੱਮਣਾ) ਦੇ ਯੋਗਦਾਨ ਦਾ, ਜਿਸ ਨੇ ਪੰਡਿਤ ਨਹਿਰੂ ਤੋਂ ਏਧਰਲੇ ਪੰਜਾਬ ਦੀ ਨਵੀਂ ਰਾਜਧਾਨੀ ਉਸਾਰਨ ਲਈ ਇਹ ਵਾਲਾ ਖੇਤਰ ਪ੍ਰਵਾਨ ਕਰਵਾਇਆ।
ਬਾਲੜੀਆਂ ਦੇ ਬਲਾਤਕਾਰੀਆਂ ਨੂੰ ਸਜ਼ਾ: ਮੱਧ ਪ੍ਰਦੇਸ਼ ਸਰਕਾਰ ਨੇ 12 ਸਾਲ ਤੋਂ ਘਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਮਤਾ ਪਾਸ ਕੀਤਾ ਹੈ। ਸਵਾਗਤ ਹੈ।
ਅੰਤਿਕਾ: (ਜਗਤਾਰ ਦੇ ਚਾਰ ਸ਼ਿਅਰ)
1. ਬਣਦੀ ਬਣਦੀ ਝੀਲ ਆਖਰ ਰੇਤ ਦਾ ਥਲ ਬਣ ਗਈ,
ਮੈਂ ਕਿਨਾਰੇ ਬੈਠ ਕੇ ਤੇ ਪੁਸਤਕਾਂ ਪੜ੍ਹਦਾ ਰਿਹਾ।
2. ਕੁਰਾਹੇ ਪੈ ਗਏ ਆਦਮ ਨੂੰ ਮੁੜ ਰਸਤਾ ਸੁਝਾ ਸਕੇ,
ਖੁਦਾਇਆ! ਹੁਣ ਕੋਈ ਅਵਤਾਰ ਜਾਂ ਐਸੀ ਕਿਤਾਬ ਉਤਰੇ।
3. ਕਾਫਿਰ ਹਾਂ ਪਰ ਨਿਸਾਰ ਹਾਂ ਕੁਦਰਤ ਦੇ ਰੰਗ ਤੋਂ,
ਗੀਤਾ ਸਵੇਰ ਹੈ ਮੇਰੀ, ਅੰਜੀਲ ਸ਼ਾਮ ਹੈ।
4. ਕਤਲਗਾਹ ਵਿਚ ਸਿਰ ਲੁਕਾ ਕੇ ਕਿਉਂ ਤੁਰਾਂ,
ਮੈਂ ਕਿਸੇ ਕੀਤੀ ‘ਤੇ ਸ਼ਰਮਿੰਦਾ ਨਹੀਂ।