ਤਬਦੀਲੀ ਲਈ ਤਾਂਘ: ਨੀਚਾ ਨਗਰ

ਕੈਨੇਡਾ ਵੱਸਦੇ ਸੁਖਵੰਤ ਹੁੰਦਲ ‘ਵਤਨੋਂ ਦੂਰ’ ਵਰਗੇ ਸਾਹਿਤਕ ਪਰਚੇ ਦੇ ਕਰਤਾ-ਧਰਤਾ ਹਨ ਅਤੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਵੈਨਕੂਵਰ ਕੈਂਪਸ ‘ਚ ਏਸ਼ੀਅਨ ਸਟੱਡੀਜ਼ ਵਿਭਾਗ ਵਿਚ ਪੜ੍ਹਾਉਂਦੇ ਹਨ। ਚਿਰ ਪਹਿਲਾਂ ਉਨ੍ਹਾਂ 1946 ਵਿਚ ਬਣੀ ਫਿਲਮ ‘ਨੀਚਾ ਨਗਰ’ ਬਾਰੇ ਇਹ ਟਿੱਪਣੀ ਕੀਤੀ ਸੀ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰਨ ਦੀ ਖੁਸ਼ੀ ਲੈ ਰਹੇ ਹਾਂ।

-ਸੰਪਾਦਕ

ਸੁਖਵੰਤ ਹੁੰਦਲ
1946 ਵਿਚ ਬਣੀ ‘ਨੀਚਾ ਨਗਰ’ (ਨਿਰਦੇਸ਼ਕ: ਚੇਤਨ ਆਨੰਦ) ਫਰਾਂਸ ਦੇ ਕਾਨ ਫੈਸਟੀਵੈਲ ਵਿਚ ਇਨਾਮ ਜਿੱਤਣ ਵਾਲੀ ਪਹਿਲੀ ਹਿੰਦੀ ਫਿਲਮ ਸੀ। ਫਿਲਮ ਵਿਚ ‘ਊਂਚਾ ਨਗਰ’ ਅਤੇ ‘ਨੀਚਾ ਨਗਰ’ ਵਿਚ ਰਹਿਣ ਵਾਲੇ ਲੋਕਾਂ ਦੀ ਆਪਸੀ ਟੱਕਰ ਨੂੰ ਦਿਖਾਇਆ ਗਿਆ ਹੈ। ‘ਊਂਚਾ ਨਗਰ’ ਵਿਚ ਰਹਿਣ ਵਾਲੇ ਸਰਕਾਰ ਨਾਂ ਦੇ ਸਰਮਾਏਦਾਰ ਬਸ਼ਿੰਦੇ ਨੇ ਨਵੀਂ ਜ਼ਮੀਨ ਖਰੀਦੀ ਹੈ ਜਿਸ ਵਿਚ ਉਹ ਇਮਾਰਤ ਉਸਾਰੀ ਕਰਨਾ ਚਾਹੁੰਦਾ ਹੈ। ਇਸ ਇਮਾਰਤ ਉਸਾਰੀ ਦੇ ਪ੍ਰੋਜੈਕਟ ਨੂੰ ਮੁਕੰਮਲ ਕਰ ਕੇ ਉਸ ਦੀ ਵੱਡਾ ਮੁਨਾਫਾ ਕਮਾਉਣ ਦੀ ਯੋਜਨਾ ਹੈ, ਪਰ ਇਸ ਪ੍ਰੋਜੈਕਟ ਦੇ ਸਿਰੇ ਚੜ੍ਹਨ ਵਿਚ ਇਕ ਮੁਸ਼ਕਿਲ ਹੈ। ਉਸ ਵਲੋਂ ਖਰੀਦੀ ਜ਼ਮੀਨ ਵਿਚ ਦੀ ਗੰਦਾ ਨਾਲਾ ਵਗਦਾ ਹੈ। ਜਿੰਨਾ ਚਿਰ ਉਹ ਗੰਦਾ ਨਾਲਾ ਉਸ ਦੀ ਜ਼ਮੀਨ ਵਿਚੋਂ ਦੀ ਲੰਘਦਾ ਹੈ, ਉਨੀ ਦੇਰ ਤੱਕ ਉਥੇ ਉਸਾਰੀ ਨਹੀਂ ਹੋ ਸਕਦੀ। ਇਸ ਲਈ ਇਸ ਗੰਦੇ ਨਾਲੇ ਦਾ ਕੋਈ ਨਾ ਕੋਈ ਹੱਲ ਲੱਭਣਾ ਜ਼ਰੁਰੀ ਹੈ।
ਸਰਕਾਰ ਆਪਣੀ ਇਸ ਸਮੱਸਿਆ ਦਾ ਹੱਲ ਛੇਤੀ ਹੀ ਲੱਭ ਲੈਂਦਾ ਹੈ। ਉਹ ਆਪਣੇ ਪੈਸੇ ਦੇ ਜ਼ੋਰ ਨਾਲ ਮਿਉਂਸਪਲ ਕੌਂਸਲ ਤੋਂ ਇਹ ਫੈਸਲਾ ਕਰਵਾ ਲੈਂਦਾ ਹੈ ਕਿ ਗੰਦੇ ਨਾਲੇ ਦਾ ਰੁਖ ਮੋੜ ਦਿੱਤਾ ਜਾਵੇ ਅਤੇ ਨਾਲਾ ਸਰਕਾਰ ਦੀ ਜ਼ਮੀਨ ਵਿਚ ਦੀ ਲੰਘਣ ਦੀ ਥਾਂ ‘ਨੀਚਾ ਨਗਰ’ ਵਿਚ ਦੀ ਲੰਘੇ। ਗੰਦੇ ਨਾਲੇ ਦੇ ਵਹਿਣ ਦਾ ਬਦਲਿਆ ਇਹ ਰੁਖ ਜਿਥੇ ਸਰਕਾਰ ਲਈ ਹੋਰ ਦੌਲਤ ਕਮਾਉਣ ਦਾ ਰਾਹ ਖੋਲ੍ਹ ਦੇਵੇਗਾ, ਉਥੇ ਇਹ ਨੀਚਾ ਨਗਰ ਦੇ ਲੋਕਾਂ ‘ਤੇ ਬਹੁਤ ਹੀ ਮਾਰੂ ਅਸਰ ਪਾਏਗਾ। ‘ਨੀਚਾ ਨਗਰ’ ਵਿਚ ਦੀ ਨਾਲਾ ਲੰਘਣ ਨਾਲ ਉਥੋਂ ਦੇ ਨਿਵਾਸੀਆਂ ਦੇ ਘਰ-ਵਾਰ ਦਾ ਉਜਾੜਾ ਹੋਣ ਦੇ ਨਾਲ ਨਾਲ ਨਗਰ ਵਿਚ ਬਿਮਾਰੀ ਫੈਲਣ ਦਾ ਖਤਰਾ ਬਣ ਜਾਏਗਾ।
ਇਸ ਸਥਿਤੀ ਨੂੰ ਦੇਖਦਿਆਂ ‘ਨੀਚਾ ਨਗਰ’ ਦੇ ਲੋਕ ਗੰਦੇ ਨਾਲੇ ਦਾ ਵਹਿਣ ਬਦਲਣ ਦੇ ਫੈਸਲੇ ਦਾ ਵਿਰੋਧ ਕਰਨ ਦਾ ਫੈਸਲਾ ਕਰਦੇ ਹਨ। ਫਿਲਮ ਦੀ ਕਹਾਣੀ ਇਸ ਜੱਦੋਜਹਿਦ ਦੀ ਕਹਾਣੀ ਹੈ। ਇਸ ਵਿਚ ਇਕ ਪਾਸੇ ਸਰਮਾਏਦਾਰ ਸਰਕਾਰ ਦੀ ਹੈਂਕੜ ਅਤੇ ਹੋਰ ਦੌਲਤ ਕਮਾਉਣ ਲਈ ਆਪਣੀ ਪਹਿਲੀ ਦੌਲਤ ਦੀ ਦੁਰਵਰਤੋਂ ਨੂੰ ਬਹੁਤ ਵਧੀਆ ਢੰਗ ਨਾਲ ਦਿਖਾਇਆ ਗਿਆ ਹੈ। ਉਹ ਆਪਣੇ ਹਿਤਾਂ ਦੀ ਸੁਰੱਖਿਆ ਲਈ ਸਿਆਸੀ ਲੋਕਾਂ, ਮੀਡੀਆ ਅਤੇ ‘ਨੀਚਾ ਨਗਰ’ ਦੇ ‘ਖਰੀਦੇ ਜਾ ਸਕਣ ਵਾਲੇ ਲੋਕਾਂ’ ਨੂੰ ਖਰੀਦਣ ਲਈ ਆਪਣੀ ਦੌਲਤ ਦੀ ਅਥਾਹ ਵਰਤੋਂ ਕਰਦਾ ਹੈ। ਦੂਸਰੇ ਪਾਸੇ ‘ਨੀਚਾ ਨਗਰ’ ਦੇ ਲੋਕਾਂ ਵਲੋਂ ਜ਼ਿੰਦਾ ਰਹਿਣ ਦੀ ਆਪਣੀ ਲੜਾਈ ਨਾਲ ਪ੍ਰਤੀਬਧਤਾ ਅਤੇ ਕੁਰਬਾਨੀ ਦੀ ਭਾਵਨਾ ਨੂੰ ਸ਼ਕਤੀਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ‘ਨੀਚਾ ਨਗਰ’ ਦਾ ਇਕ ਪਾਤਰ ਕਹਿੰਦਾ ਹੈ:
ਜੋ ਡਰ ਕਰ ਏਕ ਵਾਰ ਭਾਗੇਗਾ,
ਉਸ ਕੇ ਲਿਏ ਫਿਰ ਕਹੀਂ ਡਰ ਸੇ ਛੁਟਕਾਰਾ ਨਹੀਂ।
ਇਸ ਡਰ ਪਰ ਫਤਿਹ ਪਾ ਲਉ।
ਡਰੇਂ ਵੁਹ ਜੋ ਜ਼ੁਲਮ ਕਰਤੇ ਹੈਂ।
ਜਿਤਨਾ ਜ਼ੁਲਮ ਕਰਤੇ ਹੈਂ,
ਉਤਨਾ ਹੀ ਉਨਕੇ ਦਿਲ ਮੇਂ ਡਰ ਬੜਤਾ ਹੈ
ਔਰ ਉਤਨਾ ਹੀ ਔਰ ਜ਼ੁਲਮ ਕਰਤੇ ਹੈਂ।
ਏਕ ਵਾਰ ਡਟ ਜਾਉ,
ਫਿਰ ਡਰ ਉਨਕੋ ਡਰਾਏਗਾ।
ਨਤੀਜੇ ਵਜੋਂ ‘ਨੀਚਾ ਨਗਰ’ ਦੇ ਲੋਕ ਹੇਠ ਲਿਖੇ ਗੀਤ ਨਾਲ ਆਪਣੀ ਜੱਦੋਜਹਿਦ ਸ਼ੁਰੂਆਤ ਕਰਦੇ ਹਨ, “ਉਠੋ ਕਿ ਹਮੇਂ ਵਕਤ ਕੀ ਗਰਦਸ਼ ਨੇ ਪੁਕਾਰਾ”।
ਫਿਲਮ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ‘ਊਂਚਾ ਨਗਰ’ ਦੇ ਸਰਮਾਏਦਾਰ ਨਾਲ ‘ਨੀਚਾ ਨਗਰ’ ਦੇ ਲੋਕਾਂ ਦੀ ਜੱਦੋਜਹਿਦ ਏਨੀ ਸੁਖਾਲੀ ਨਹੀਂ। ਜੇ ‘ਨੀਚਾ ਨਗਰ’ ਦੇ ਲੋਕਾਂ ਨੇ ਇਸ ਲੜਾਈ ਵਿਚ ਜਿੱਤਣਾ ਹੈ ਤਾਂ ਉਹਨਾਂ ਨੂੰ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਪਏਗਾ।
ਹਿੰਦੂ ਅਖਬਾਰ ਵਿਚ ਛਪੇ ਇਕ ਆਰਟੀਕਲ ਅਨੁਸਾਰ ਆਪਣੇ ਹੋਰ ਸਮਕਾਲੀਆਂ ਵਾਂਗ ਚੇਤਨ ਆਨੰਦ ਵੀ ਉਸ ਸਮੇਂ ਰੂਸੀ ਸਾਹਿਤ ਅਤੇ ਇਨਕਲਾਬ ਤੋਂ ਪ੍ਰਭਾਵਿਤ ਸੀ। ਇਸ ਲਈ ਉਸ ਨੇ ਫਿਲਮ ‘ਨੀਚਾ ਨਗਰ’ ਦੀ ਕਹਾਣੀ ਦੀ ਪ੍ਰੇਰਨਾ ਮੈਕਸਿਮ ਗੋਰਕੀ ਦੇ ਨਾਵਲ “ਲੋਅਰ ਡੈਪਥਸ” ਤੋਂ ਲਈ ਸੀ।
ਅੱਜ ਇਹ ਫਿਲਮ ਇਸ ਲਈ ਦੇਖਣੀ ਚਾਹੀਦੀ ਹੈ, ਕਿਉਂਕਿ ਇਹ ਫਿਲਮ ਹਿੰਦੀ ਫਿਲਮ ਜਗਤ ਦੀਆਂ ਉਹਨਾਂ ਪਹਿਲੀਆਂ ਫਿਲਮਾਂ ਵਿਚੋਂ ਹੈ, ਜਿਹੜੀਆਂ ਫਿਲਮਾਂ ਸਾਡੇ ਦਰਸ਼ਕਾਂ ਨੂੰ ਸਮਾਜ ਦੀ ਨਾਬਰਾਬਰੀ ਦਾ ਕੋਝਾ ਰੂਪ ਦਿਖਾ ਕੇ ਉਸ ਸਚਾਈ ਨੂੰ ਬਦਲਣ ਲਈ ਪ੍ਰੇਰਨਾ ਚਾਹੁੰਦੀਆਂ ਹਨ। ਇਸ ਦੇ ਨਾਲ ਹੀ ਇਸ ਫਿਲਮ ਦੀ ਕਹਾਣੀ ਅੱਜ ਵੀ ਉਨੀ ਪ੍ਰਸੰਗਕ ਹੈ ਜਿੰਨੀ ਇਹ 1946 ਵਿਚ ਸੀ। ਅੱਜ ਵੀ ਸਾਡੇ ਸਮਾਜ ਵਿਚ ‘ਊਂਚਾ ਨਗਰ’ ਅਤੇ ‘ਨੀਚਾ ਨਗਰ’ ਵਿਚਕਾਰ ਫਰਕ ਹੈ। ਸਰਮਾਏ ਦੇ ਵਿਸ਼ਵੀਕਰਨ ਦੇ ਦੌਰ ਵਿਚ ‘ਊਂਚਾ ਨਗਰ’ ਅਤੇ ‘ਨੀਚਾ ਨਗਰ’ ਵਿਚਕਾਰਲੀ ਖਾਈ ਹੋਰ ਡੂੰਘੀ ਹੁੰਦੀ ਜਾ ਰਹੀ ਹੈ। ਅੱਜ ਵੀ ਸਰਮਾਏਦਾਰ ਅਤੇ ਉਹਨਾਂ ਦੀਆਂ ਕਾਰਪੋਰੇਸ਼ਨਾਂ ਆਪਣੇ ਮੁਨਾਫੇ ਲਈ ਵਾਤਾਵਰਨ ਵਿਚ ਇਸ ਤਰ੍ਹਾਂ ਦਾ ਪ੍ਰਦੂਸ਼ਨ ਫੈਲਾ ਰਹੀਆਂ ਹਨ ਜੋ ਆਮ ਲੋਕਾਂ ਲਈ ਘਾਤਕ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ।
ਇਹ ਫਿਲਮ ਸਾਨੂੰ ਕਾਰਪੋਰੇਸ਼ਨਾਂ ਦੇ ਮੁਨਾਫੇ ਅਤੇ ਵਾਤਾਵਰਨ ਦੇ ਨੁਕਸਾਨ ਵਿਚਲਾ ਰਿਸ਼ਤਾ ਸਮਝਣ ਵਿਚ ਮਦਦਗਾਰ ਹੋ ਸਕਦੀ ਹੈ ਅਤੇ ਇਸ ਰਿਸ਼ਤੇ ਕਾਰਨ ਲੋਕਾਂ ਦੇ ਜੀਵਨ ਉਤੇ ਪੈਣ ਵਾਲੇ ਭੈੜੇ ਅਸਰਾਂ ਦਾ ਖਾਤਮਾ ਕਰਨ ਲਈ ਚੱਲਦੀ ਜੱਦੋਜਹਿਦ ਵਿਚ ਸ਼ਾਮਲ ਹੋਣ ਦੀ ਪ੍ਰੇਰਨਾ ਦੇ ਸਕਦੀ ਹੈ।