ਵਿਰੋਧੀ ਧਿਰ ਨੇ ਦਿਵਾਇਆ ਕੈਪਟਨ ਨੂੰ ਸਾਹ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਸੈਸ਼ਨ ਮੁੜ ਰੌਲੇ-ਰੱਪੇ ਵਿਚ ਹੀ ਲੰਘ ਗਿਆ। ਇਸ ਸੈਸ਼ਨ ਵਿਚ ਵੀ ਹਾਕਮ ਧਿਰ ਕਾਂਗਰਸ ਦੀ ਰਣਨੀਤੀ ਮੁਤਾਬਕ ਸਭ ਕੁਝ ਹੋਇਆ ਅਤੇ ਪੰਜਾਬ ਵਿਚ ਪਹਿਲੀ ਵਾਰ ਵਿਰੋਧੀ ਧਿਰ ਵਜੋਂ ਵਿਚਰ ਰਹੀ ਆਮ ਆਦਮੀ ਪਾਰਟੀ (ਆਪ) ਨੇ ਆਪਣੇ ਅਨਾੜੀਪਣ ਦਾ ਸਬੂਤ ਦੇ ਦਿੱਤਾ। ਵਿਰੋਧੀ ਧਿਰ ਜਨਤਕ ਮੁੱਦਿਆਂ ‘ਤੇ ਕਾਂਗਰਸ ਨੂੰ ਘੇਰਨ ਦੀ ਥਾਂ ਸ਼੍ਰੋਮਣੀ ਅਕਾਲੀ ਨਾਲ ਹੀ ਆਢਾ ਲਾਉਣ ਵਿਚ ਰੁਝੀ ਰਹੀ।

ਅਸਲ ਵਿਚ ਵਿਰੋਧੀ ਧਿਰ ਇਸ ਤਿੰਨ ਦਿਨਾਂ ਸੈਸ਼ਨ ਦੌਰਾਨ ਕਾਂਗਰਸ ਅਤੇ ਅਕਾਲੀ ਦਲ ਦੀ ਰਣਨੀਤੀ ਦਾ ਸ਼ਿਕਾਰ ਹੋ ਗਈ। ‘ਆਪ’ ਨੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਨੂੰ ਮੁੱਦਾ ਬਣਾ ਕੇ ਅਕਾਲੀਆਂ ਅਤੇ ਕਾਂਗਰਸ ਉਤੇ ਨਿਸ਼ਾਨਾ ਸਾਧਿਆ ਜਦੋਂ ਕਿ ਅਕਾਲੀ ਦਲ ਚੁੱਪ-ਚਾਪ ਤਮਾਸ਼ਬੀਨ ਬਣਿਆ ਰਿਹਾ। ਅਸਲ ਵਿਚ ਹਾਕਮ ਧਿਰ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸੀ ਕਿ ਜਨਤਕ ਮੁੱਦਿਆਂ ਉਤੇ ਬਹਿਸ ਹੋਈ ਤਾਂ ਉਸ ਨੂੰ ਕੋਈ ਰਾਹ ਨਹੀਂ ਲੱਭਣਾ; ਕਿਉਂਕਿ ਉਸ ਦਾ ਤਕਰੀਬਨ ਪੌਣੇ ਸਾਲ ਦਾ ਸ਼ਾਸਨ ਨਾਕਾਮੀਆਂ ਭਰਿਆ ਹੈ। ਸਰਕਾਰ ਬਣਨ ਪਿੱਛੋਂ ਇਕ ਵੀ ਲੋਕ ਵਾਅਦਾ ਸਿਰੇ ਨਹੀਂ ਲਾ ਸਕੀ।
ਪੰਜਾਬ ਨੂੰ ਦਰਪੇਸ਼ ਮਸਲਿਆਂ ਵਿਚ ਕੈਪਟਨ ਸਰਕਾਰ ਦੀ ਸਥਾਪਨਾ ਮਗਰੋਂ ਕੋਈ ਕਮੀ ਨਹੀਂ ਆਈ। ਰਾਜ ਦਾ ਵਿੱਤੀ ਸੰਕਟ ਘੱਟ ਹੋਣ ਦੀ ਥਾਂ ਵੱਧ ਗੰਭੀਰ ਹੋਇਆ ਹੈ। ਵਿਕਾਸ ਕੰਮ ਰੁਕੇ ਪਏ ਹਨ। ਨਸ਼ਾ ਵਿਰੋਧੀ ਮੁਹਿੰਮ ਮੁਢਲੀਆਂ ਕਾਮਯਾਬੀਆਂ ਤੋਂ ਬਾਅਦ ਹੁਣ ਲੀਹੋਂ ਲੱਥੀ ਜਾਪਦੀ ਹੈ। ਅਮਨ-ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੈ। ਰੇਤੇ-ਬਜਰੀ ਦੀ ਨਾਜਾਇਜ਼ ਮਾਈਨਿੰਗ ਘਟਣ ਦੀ ਬਜਾਏ ਵਧੀ ਹੈ।
ਅਜਿਹੇ ਹਾਲਾਤ ਵਿਚ ਕੈਪਟਨ ਸਰਕਾਰ ਦੀ ਵਿਧਾਨ ਸਭਾ ਇਜਲਾਸ ਵਿਚ ਜਵਾਬਦੇਹੀ ਜ਼ਰੂਰੀ ਸੀ, ਪਰ ਆਪ ਨੇ ਇਹ ਮੌਕਾ ਮੁੜ ਗੁਆ ਦਿੱਤਾ। ਪਿਛਲੇ ਸੈਸ਼ਨ ਵਿਚ ਵੀ ਆਪ, ਕਾਂਗਰਸ ਤੇ ਅਕਾਲੀਆਂ ਦੀ ਕਥਿਤ ‘ਮਿਲੀਭੁਗਤ’ ਦਾ ਸ਼ਿਕਾਰ ਹੋ ਗਈ ਸੀ। ਉਸ ਸਮੇਂ ਅਨਾੜੀ ਵਿਰੋਧੀ ਧਿਰ ਵਜੋਂ ‘ਆਪ’ ਦੀ ਰੱਜ ਕੇ ਨੁਕਤਾਚੀਨੀ ਹੋਈ ਸੀ ਜਿਸ ਪਿੱਛੋਂ ਐਚæਐਸ਼ ਫੂਲਕਾ ਦੀ ਥਾਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਗਿਆ; ਪਰ ਉਹ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਖੁਦ ਨਸ਼ਾ ਤਸਕਰੀ ਦੇ ਦੋਸ਼ਾਂ ਵਿਚ ਘਿਰ ਗਏ।
ਇਸ ਲਈ ਵਿਰੋਧ ਧਿਰ ਲੋਕ ਮੁੱਦੇ ਛੱਡ ਕੇ ਆਪਣੇ ਵਿਰੁਧ ਦਰਜ ਕੇਸਾਂ ਦੇ ਮੁੱਦਿਆਂ ਵਿਚ ਉਲਝ ਗਈ। ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੈਸ਼ਨ ਤੋਂ ਪਹਿਲਾਂ ਇਕ ਆਡੀਓ ਸੀæਡੀæ ਜਾਰੀ ਕਰ ਕੇ ਦਾਅਵਾ ਕਰ ਦਿੱਤਾ ਕਿ ਖਹਿਰਾ ਨੂੰ ਕਿਸੇ ਵਿਰੋਧੀ ਤਾਕਤ ਨੇ ਵੱਡੀ ਸਾਜ਼ਿਸ਼ ਤਹਿਤ ਨਸ਼ਿਆਂ ਦੇ ਕੇਸ ਵਿਚ ਫਸਾਉਣ ਦਾ ਯਤਨ ਕੀਤਾ ਹੈ।
ਇਸ ਪਿੱਛੋਂ ਆਪ ਆਗੂ ਖਹਿਰਾ ਨੂੰ ਬਚਾਉਣ ਵਾਲੇ ਪਾਸੇ ਹੀ ਰੁਝ ਗਏ। ਅਕਾਲੀ ਦਲ ਨੇ ਵੀ ਹਾਕਮ ਧਿਰ ਨੂੰ ਘੇਰਨ ਦੀ ਤਾਂ ਵਿਰੋਧੀ ਧਿਰ ਨੂੰ ਹੀ ਮਿਥ ਕੇ ਨਿਸ਼ਾਨਾ ਬਣਾਇਆ। ਦੋਵੇਂ ਵਿਰੋਧੀ ਧਿਰਾਂ (ਅਕਾਲੀ ਦਲ ਤੇ ਆਪ) ਇਕ ਦੂਜੇ ਨੂੰ ਹੀ ਘੇਰਦਿਆਂ ਰਹੀਆਂ।
_____________________________________
ਵਿਰੋਧੀ ਧਿਰਾਂ ਬਣ ਗਈਆਂ ਹਾਸੇ ਦੀਆਂ ਪਾਤਰ
ਚੰਡੀਗੜ੍ਹ: ਵਿਰੋਧੀ ਧਿਰਾਂ ਦੀ ਇਸ ਲੜਾਈ ਨੇ ਸਥਿਤੀ ਇੰਨੀ ਹਾਸੋਹੀਣੀ ਬਣਾ ਦਿੱਤੀ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੰਧੂ ਨੂੰ ਕਹਿਣਾ ਪਿਆ ਕਿ ਅੱਜ ਇਤਿਹਾਸ ਬਣ ਗਿਆ ਹੈ ਕਿ ਦੋਵੇਂ ਵਿਰੋਧੀ ਧਿਰਾਂ ਵਿਧਾਨ ਸਭਾ ਵਿਚ ਇਕ ਦੂਜੇ ਨੂੰ ਚੋਰ ਦੱਸਦੀਆਂ ਰਹੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਜਦੋਂ ਦੋ ਵਿਰੋਧੀ ਲੜ ਰਹੇ ਸਨ ਤਾਂ ਉਨ੍ਹਾਂ ਬੱਸ ਤਮਾਸ਼ਾ ਹੀ ਵੇਖਿਆ।