ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਜਦੋਂ ਆਪਣੇ ਪੰਜ ਸਾਲਾ ਜਸ਼ਨਾਂ ਵਿਚ ਰੁੱਝੀ ਹੋਈ ਸੀ ਤਾਂ 30æ67 ਕਰੋੜ ਰੁਪਏ ਦੇ ਟੈਕਸ ਨੋਟਿਸ ਦੇ ਦਿੱਤਾ। ਇਹ ਨੋਟਿਸ ਆਮਦਨ ਟੈਕਸ ਵਿਭਾਗ ਨੇ ‘ਆਪ’ ਨੂੰ ਮਿਲੇ ਚੰਦੇ ਦੇ ਹਿਸਾਬ-ਕਿਤਾਬ ਵਿਚ ਗੜਬੜੀਆਂ ਦਾ ਦੋਸ਼ ਲਾ ਕੇ ਭੇਜੇ ਹਨ।
ਵਿਭਾਗ ਨੇ ਆਪ ‘ਤੇ ਜਾਣਕਾਰੀ ਨਾ ਦੇਣ ਦਾ ਦੋਸ਼ ਲਾਉਂਦੇ ਹੋਏ 68 ਕਰੋੜ ਚੰਦੇ ਨੂੰ ਪਾਰਟੀ ਦੀ ਆਮਦਨ ‘ਚ ਜੋੜ ਦਿੱਤਾ। 26 ਨਵੰਬਰ, 2012 ਨੂੰ ਦੇਸ਼ ਦੀ ਰਾਜਨੀਤੀ ਵਿਚ ਤਹਿਲਕਾ ਮਚਾਉਣ ਵਾਲੀ ਆਮ ਆਦਮੀ ਪਾਰਟੀ ਲਈ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਉਸ ਦੇ ਰਾਹ ਵਿਚ ਰੋੜੇ ਅਟਕਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਅਸਲ ਵਿਚ ਮੋਦੀ ਸਰਕਾਰ ਦਿੱਲੀ ਵਿਚ ‘ਆਪ’ ਸਰਕਾਰ ਨੂੰ ਗੋਡਿਆਂ ਪਰਨੇ ਕਰਨ ਲਈ ਹਰ ਹੀਲਾ ਵਰਤ ਰਹੀ ਹੈ।
ਡੇਢ ਸਾਲ ਪਹਿਲਾਂ ਟੈਕਸ ਵਿਭਾਗ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫਤਰ ਵਿਚ ਅਚਾਨਕ ਆ ਕੇ ਫਰੋਲਾ ਫਰਾਲੀ ਸ਼ੁਰੂ ਕਰ ਦਿੱਤੀ ਸੀ, ਹਾਲਾਂਕਿ ਉਸ ਨੂੰ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ ਸੀ। ਇਸ ਪਿੱਛੋਂ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਦੀ ਰੱਜ ਕੇ ਅਲੋਚਨਾ ਹੋਈ ਸੀ। ਕੇਜਰੀਵਾਲ ਸਰਕਾਰ ਤੇ ਉਪ-ਰਾਜਪਾਲ ਵਿਚ ਹੱਕਾਂ ਦੀ ਲੜਾਈ ਸਿਖਰ ਉਤੇ ਹੈ। ਆਪ ਸਰਕਾਰ ਦੇ ਅਧਿਉਂ ਵੱਧ ਵਿਧਾਇਕ ਜਾਂ ਮੰਤਰੀ ਅਪਰਾਧਿਕ ਮਾਮਲਿਆਂ ਵਿਚ ਉਲਝੇ ਹੋਏ ਹਨ। ਹਾਲ ਹੀ ਵਿਚ ਕੇਂਦਰ ਸਰਕਾਰ ਨੇ ਦਿੱਲੀ ਮੈਟਰੋ ਦੇ ਕਿਰਾਇਆਂ ਵਿਚ ਇਕਦਮ ਵਾਧਾ ਕਰ ਕੇ ਆਪ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਸੀ, ਪਰ ਆਪ ਨੇ ਵਾਧੇ ਦਾ ਵਿਰੋਧ ਕਰ ਕੇ ਲੋਕ ਰੋਹ ਮੋਦੀ ਸਰਕਾਰ ਵੱਲ ਮੋੜ ਦਿੱਤਾ।
ਇਨਕਮ ਟੈਕਸ ਵਿਭਾਗ ਦੀ ਤਾਜ਼ਾ ਕਾਰਵਾਈ ਦੱਸ ਰਹੀ ਹੈ ਇਹ ਮਿਥ ਕੇ ਕੀਤੀ ਗਈ ਹੈ। ਦੱਸ ਦਈਏ ਕਿ ਆਮਦਨ ਪੱਖੋਂ ਭਾਜਪਾ ਦੇਸ਼ ਵਿਚ ਸਭ ਤੋਂ ਅੱਗੇ ਹਨ। ਸਭ ਤੋਂ ਵੱਧ ਚੰਦਾ ਇਸ ਪਾਰਟੀ ਦੇ ਖਾਤੇ ਵਿਚ ਆਉਂਦਾ ਹੈ, ਪਰ ਇਸ ਧਿਰ ਨੂੰ ਕਦੇ ਇਨਕਮ ਟੈਕਸ ਵਿਭਾਗ ਦੇ ਚੱਕਰਾਂ ਵਿਚ ਨਹੀਂ ਪੈਣਾ ਪਿਆ।