ਨਵੀਂ ਦਿੱਲੀ: ਲਸ਼ਕਰ-ਏ-ਤੋਇਬਾ ਦੇ ਦਸ ਅਤਿਵਾਦੀਆਂ ਵੱਲੋਂ ਮੁੰਬਈ ਵਿਚ 166 ਵਿਅਕਤੀਆਂ ਦੀ ਹੱਤਿਆ ਨੂੰ ਨੌਂ ਸਾਲ ਪੂਰੇ ਹੋ ਗਏ ਹਨ ਪਰ ਅਜੇ ਤੱਕ ਕਿਸੇ ਵੀ ਸ਼ੱਕੀ ਨੂੰ ਸਜ਼ਾ ਨਹੀਂ ਮਿਲੀ ਹੈ। ਪਾਕਿਸਤਾਨ ਵਿਚ ਵੀ ਇਹ ਮਸਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤੋਂ ਸੰਕੇਤ ਮਿਲਦਾ ਹੈ ਕਿ ਪਾਕਿਸਤਾਨ ਲਈ ਇਹ ਕੇਸ ਕਦੇ ਵੀ ਤਰਜੀਹੀ ਨਹੀਂ ਰਿਹਾ, ਖਾਸ ਤੌਰ ਉਤੇ ਇਸ ਹਮਲੇ ਦੇ ਸਾਜ਼ਿਸ਼ਘਾੜੇ ਹਾਫਿਜ਼ ਸਈਦ ਨੂੰ ਰਿਹਾਅ ਕੀਤੇ ਜਾਣ ਬਾਅਦ।
ਦੱਸਣਯੋਗ ਹੈ ਕਿ ਨਵੰਬਰ 2008 ਵਿਚ ਕਰਾਚੀ ਤੋਂ ਕਿਸ਼ਤੀ ਰਾਹੀਂ ਮੁੰਬਈ ਪੁੱਜੇ ਲਸ਼ਕਰ ਦੇ ਅਤਿਵਾਦੀਆਂ ਵੱਲੋਂ ਕੀਤੇ ਹਮਲੇ ਵਿਚ 166 ਜਣੇ ਮਾਰੇ ਗਏ ਅਤੇ 300 ਤੋਂ ਵੱਧ ਲੋਕ ਫੱਟੜ ਹੋਏ ਸਨ।
ਇਕ ਸੀਨੀਅਰ ਵਕੀਲ ਦਾ ਕਹਿਣਾ ਹੈ ਕਿ ਮੁੰਬਈ ਹਮਲੇ ਦਾ ਕੇਸ ਇਸਲਾਮਾਬਾਦ ਵਿਚ ਅਤਿਵਾਦ-ਵਿਰੋਧੀ ਅਦਾਲਤ (ਏæਟੀæਸੀæ) ਵਿਚ 2009 ਤੋਂ ਚੱਲ ਰਿਹਾ ਹੈ। ਮੁਲਕ ਵਿਚ ਕਿਸੇ ਅਤਿਵਾਦ-ਵਿਰੋਧੀ ਅਦਾਲਤ ਵਿਚ ਅੱਠ ਸਾਲ ਤੋਂ ਵੱਧ ਸਮਾਂ ਚੱਲਣ ਵਾਲਾ ਕੋਈ ਵਿਰਲਾ ਹੀ ਕੇਸ ਹੋਵੇਗਾ, ਜੋ ਹਾਲੇ ਵੀ ਪੈਂਡਿੰਗ ਹੋਵੇ। ਏæਟੀæਸੀæ ਤੇਜ਼ੀ ਨਾਲ ਸੁਣਵਾਈ ਲਈ ਹੁੰਦੀ ਹੈ ਪਰ ਇਸ ਕੇਸ ‘ਚ ਉਹ ਸੈਸ਼ਨ ਅਦਾਲਤ ਵਾਂਗ ਕੰਮ ਕਰ ਰਹੀ ਹੈ। 26/11 ਹਮਲੇ ਦੀ 9ਵੀਂ ਬਰਸੀ ਤੋਂ ਪਹਿਲਾਂ ਪਾਕਿਸਤਾਨ ਨੇ ਲਸ਼ਕਰ-ਏ-ਤੋਇਬਾ ਦੇ ਬਾਨੀ ਸਈਦ ਨੂੰ ਰਿਹਾਅ ਕੀਤੇ ਜਾਣ ਪਿੱਛੋਂ ਇਸ ਵਕੀਲ ਨੇ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਸਰਕਾਰ ਇਸ ਕੇਸ ਨੂੰ ਜਲਦੀ ਨਹੀਂ ਨਿਬੇੜਨਾ ਚਾਹੁੰਦੀ ਕਿਉਂਕਿ ਇਹ ਮਾਮਲਾ ਉਸ ਦੇ ਰਿਵਾਇਤੀ ਵਿਰੋਧੀ ਭਾਰਤ ਨਾਲ ਸਬੰਧਤ ਹੈ।
ਸੁਪਰੀਮ ਕੋਰਟ ਦੇ ਵਕੀਲ ਮੋਬੀਨ ਅਹਿਮਦ ਕਾਜ਼ੀ ਨੇ ਕਿਹਾ ਕਿ ਉਹ ਹੈਰਾਨ ਹੈ ਕਿ ਪਾਕਿਸਤਾਨ ਇਸ ਅਪਰਾਧਕ ਕੇਸ ਦੇ ਫੈਸਲੇ ਉਤੇ ਐਨਾ ਸਮਾਂ ਕਿਉਂ ਲੈ ਰਿਹਾ ਹੈ। ਜੇਕਰ ਭਾਰਤ ਠੋਸ ਸਬੂਤ ਨਹੀਂ ਦਿੰਦਾ ਤਾਂ ਸ਼ੱਕੀਆਂ ਨੂੰ ਸਬੂਤਾਂ ਦੀ ਘਾਟ ਦੇ ਲਾਹਾ ਦੇ ਕੇ ਬਰੀ ਕਰ ਦੇਣਾ ਚਾਹੀਦਾ ਹੈ, ਪਰ ਇਸ ਤਰ੍ਹਾਂ ਲੱਗਦਾ ਹੈ ਕਿ ਪਾਕਿਸਤਾਨ ਨੂੰ ‘ਕੌਮਾਂਤਰੀ ਦਬਾਅ’ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਸ ਨੇ ‘ਬਿਨਾਂ ਸਬੂਤ’ ਦੇ ਮੁੰਬਈ ਹਮਲੇ ਦੇ ਸ਼ੱਕੀਆਂ ਨੂੰ ਜੇਲ੍ਹ ਵਿਚ ਰੱਖਿਆ ਹੈ। ਸਈਦ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਸਈਦ ਦੀ ਰਿਹਾਈ ਨੇ ਇਸ ਕੇਸ ਦਾ ਸਾਹਮਣਾ ਕਰ ਰਹੇ ਛੇ ਸ਼ੱਕੀਆਂ ਦਾ ‘ਹੌਸਲਾ ਬੁਲੰਦ’ ਕੀਤਾ ਹੈ। ਸਤਵਾਂ ਸ਼ੱਕੀ ਲਸ਼ਕਰ ਕਮਾਂਡਰ ਜ਼ਕੀਉਰ ਰਹਿਮਾਨ ਲਖਵੀ ਦੋ ਸਾਲ ਪਹਿਲਾਂ ਜ਼ਮਾਨਤ ਉਤੇ ਰਿਹਾਅ ਹੋ ਗਿਆ ਸੀ ਅਤੇ ਉਦੋਂ ਤੋਂ ਉਹ ਅਣਦੱਸੀ ਜਗ੍ਹਾ ਉਤੇ ਰਹਿ ਰਿਹਾ ਹੈ।
_______________________________________
ਅਮਰੀਕਾ ਦੀ ਚਿਤਾਵਨੀ
ਵਾਸ਼ਿੰਗਟਨ: ਅਮਰੀਕਾ ਨੇ ਹਾਫਿਜ਼ ਸਈਦ ਨੂੰ ਮੁੜ ਗ੍ਰਿਫਤਾਰ ਕਰ ਕੇ ਸਜ਼ਾ ਦੇਣ ਦੀ ਮੰਗ ਕੀਤੀ ਹੈ ਅਤੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਬਦਨਾਮ ਦਹਿਸ਼ਤਗਰਦ ਖਿਲਾਫ ਫੈਸਲਾਕੁਨ ਕਾਰਵਾਈ ਕਰਨ ਵਿਚ ਨਾਕਾਮ ਰਿਹਾ ਹੈ ਤਾਂ ਉਸ ਨੇ ਦੁਵੱਲੇ ਸਬੰਧਾਂ ‘ਤੇ ਪੈਣ ਵਾਲੇ ਅਸਰ ਦੇ ਸਿੱਟੇ ਭੁਗਤਣੇ ਪੈਣਗੇ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾਹ ਸੈਂਡਰਸ ਨੇ ਕਿਹਾ ਕਿ ਅਮਰੀਕਾ ਲਸ਼ਕਰੇ ਤਾਇਬਾ ਦੇ ਨੇਤਾ ਨੂੰ ਘਰ ਵਿਚ ਨਜ਼ਰਬੰਦੀ ਤੋਂ ਰਿਹਾਅ ਕਰਨ ਦੀ ਸਖਤ ਨਿਖੇਧੀ ਕਰਦਾ ਹੈ।
___________________________________
ਤੁਕਾਰਾਮ ਦੀ ਧੀ ਨੂੰ ਅੱਜ ਵੀ ਪਿਉ ਦੇ ਮੁੜਨ ਦੀ ਉਮੀਦ
ਮੁੰਬਈ: ਅਤਿਵਾਦੀ ਅਜਮਲ ਕਸਾਬ ਨੂੰ ਫੜਨ ਦੀ ਕੋਸ਼ਿਸ਼ ਕਰਦਿਆਂ ਮਾਰੇ ਗਏ ਪੁਲਿਸ ਮੁਲਾਜ਼ਮ ਤੁਕਾਰਾਮ ਓਮਲੇ ਦੀ ਧੀ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਮੁੰਬਈ ਅਤਿਵਾਦੀ ਹਮਲਿਆਂ ਤੋਂ ਨੌਂ ਸਾਲ ਬਾਅਦ ਵੀ ਉਨ੍ਹਾਂ ਦੀ ਵਾਪਸੀ ਦਾ ਇੰਤਜ਼ਾਰ ਹੈ। ਮੁੰਬਈ ਹਮਲਿਆਂ ਦੇ ਇਸ ਨਾਇਕ ਦੀ ਵੱਡੀ ਧੀ ਵੈਸ਼ਾਲੀ ਓਮਲੇ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਕਿਹਾ ਕਿ ”ਅਸੀਂ ਮਹਿਸੂਸ ਕਰਦੇ ਹਾਂ ਕਿ ਪਾਪਾ ਕਿਸੇ ਵੀ ਸਮੇਂ ਘਰ ਆਉਣਗੇ। ਉਂਜ ਸਾਡੇ ਦਿਲ ਵਿਚ ਇਹ ਧੂਹ ਪੈਂਦੀ ਹੈ ਕਿ ਉਹ ਹੁਣ ਕਦੇ ਵੀ ਸਾਡੇ ਵਿੱਚ ਨਹੀਂ ਹੋਣਗੇ।” ਸਹਾਇਕ ਸਬ ਇੰਸਪੈਕਟਰ ਓਮਲੇ 27 ਨਵੰਬਰ 2008 ਨੂੰ ਤੜਕੇ ਕਸਾਬ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ ਸੀ। ਉਨ੍ਹਾਂ ਨਤੀਜੇ ਦੀ ਪ੍ਰਵਾਹ ਕੀਤੇ ਬਗੈਰ ਕਸਾਬ ਨੂੰ ਘੁੱਟ ਕੇ ਜੱਫਾ ਮਾਰ ਲਿਆ ਸੀ। ਇਸੇ ਬਹਾਦਰੀ ਕਾਰਨ ਪੁਲਿਸ ਕਸਾਬ ਨੂੰ ਜਿਉਂਦਾ ਫੜਨ ਵਿਚ ਕਾਮਯਾਬ ਰਹੀ।