ਸਿਰੇ ਦਾ ਐਸ਼ਪ੍ਰਸਤ ਸੀ ਡੇਰਾ ਸਿਰਸਾ ਮੁਖੀ ਰਾਮ ਰਹੀਮ

ਚੰਡੀਗੜ੍ਹ: ਡੇਰਾ ਸਿਰਸਾ ਵਿਚ ਚਲਾਈ ਗਈ ਤਲਾਸ਼ੀ ਮੁਹਿੰਮ ਦੀ ਰਿਪੋਰਟ ਵਿਚ ਕਈ ਅਹਿਮ ਖੁਲਾਸੇ ਹੋਏ ਹਨ। ਕੋਰਟ ਕਮਿਸ਼ਨਰ ਏæਕੇæ ਪੰਵਾਰ ਨੇ ਹਾਈ ਕੋਰਟ ਨੂੰ ਇਹ ਤਲਾਸ਼ੀ ਰਿਪੋਰਟ ਸੌਂਪੀ ਸੀ ਤੇ ਤਿੰਨ ਦਿਨ ਤੱਕ ਡੇਰੇ ‘ਚ ਚੱਲੀ ਤਲਾਸ਼ੀ ਮੁਹਿੰਮ ਦੌਰਾਨ ਟੀਮਾਂ ਨੂੰ ਉਥੋਂ ਕੀ ਕੁਝ ਮਿਲਿਆ ਤੇ ਉਨ੍ਹਾਂ ‘ਚ ਕੀ ਕੁਝ ਇਤਰਾਜ਼ਯੋਗ ਸੀ, ਦਾ ਵੀ ਖੁਲਾਸਾ ਹੋਇਆ ਹੈ।

ਰਿਪੋਰਟ ਦਾ ਅਧਿਐਨ ਕਰਨ ਤੋਂ ਇਕ ਗੱਲ ਤਾਂ ਪੂਰੀ ਤਰ੍ਹਾਂ ਸਾਫ ਹੋ ਗਈ ਹੈ ਕਿ ਰਾਮ ਰਹੀਮ ਨਾ ਸਿਰਫ ਸ਼ਾਹੀ ਜ਼ਿੰਦਗੀ ਜਿਉਂਦਾ ਸੀ ਸਗੋਂ ਉਸ ਦੇ ਤਿੰਨ ਮੰਜ਼ਿਲਾ ਨਿਵਾਸ ਜਿਸ ਨੂੰ ‘ਤੇਰਾਵਾਸ’ ਨਾਂ ਦਿੱਤਾ ਗਿਆ ਸੀ, ਸਾਰੀਆਂ ਸੁੱਖ ਸਹੂਲਤਾਂ ਨਾਲ ਲੈਸ ਸੀ ਤੇ ਉਥੇ ਉਸ ਦੇ ਪੀਣ ਲਈ ਪਾਣੀ ਦੀਆਂ ਬੋਤਲਾਂ ਵੀ ਵਿਦੇਸ਼ਾਂ ਤੋਂ ਆਉਂਦੀਆਂ ਸਨ। ਡੇਰਾ ਮੁਖੀ ਦੀ ਰਿਹਾਇਸ਼ ਨੂੰ ਪੂਰੀ ਤਰ੍ਹਾਂ ਬੁਲੇਟ ਪਰੂਫ ਬਣਾਇਆ ਗਿਆ ਸੀ ਤੇ ਉਥੋਂ ਦੀਆਂ ਖਿੜਕੀਆਂ ਉਤੇ ਵੀ ਬੁਲੇਟ ਪਰੂਫ ਸ਼ੀਸ਼ੇ ਲੱਗੇ ਹੋਏ ਸਨ। ਤਲਾਸ਼ੀ ਦੌਰਾਨ ਬੈਂਕ ਚੈੱਕ ਬੁੱਕ, ਪਾਸ ਬੁੱਕ, ਅਲਕੋਹਲ ਦੀ ਮਾਤਰਾ ਮਾਪਣ ਵਾਲੇ ਯੰਤਰ, ਏæਕੇæ 47 ਦੇ ਬੁਲੇਟ ਜਾਰਜਰ ਕਲਿੱਪ, ਮੁਬਾਈਲ ਫੋਨ ਤੇ ਭਾਰੀ ਮਾਤਰਾ ‘ਚ ਕੰਪਿਊਟਰ ਲੈਪਟਾਪ ਵੀ ਮਿਲੇ ਹਨ।
ਜਾਂਚ ਦੌਰਾਨ ਰਾਮ ਰਹੀਮ ਦੇ ਆਲੀਸ਼ਾਨ ਕਮਰੇ ‘ਚ ਵੀ ਸੈਂਕੜੇ ਪੋਸ਼ਾਕਾਂ, ਜੁੱਤੀਆਂ, ਮਹਿੰਗੇ ਸੈਂਟ, ਮਸਾਜ ਦਾ ਸਾਮਾਨ, ਵਿਦੇਸ਼ੀ ਪਾਣੀ ਦੀਆਂ ਬੋਤਲਾਂ, ਰਾਜਸੀ ਠਾਠ-ਬਾਠ ਵਾਲਾ ਸਾਰਾ ਸਾਮਾਨ, ਓਬੀ ਵੈਨ, ਬੁਲੇਟ ਪਰੂਫ ਵਿਦੇਸ਼ੀ ਗੱਡੀ, ਰਾਜਿਆਂ ਵਾਲੀਆਂ ਪੌਸ਼ਾਕਾਂ, ਸਾਧਵੀਆਂ ਦੇ ਹੋਸਟਲ ਨਾਲ ਖੁੱਲ੍ਹਣ ਵਾਲੀ ਖਿੜਕੀ, ਬਗੀਚੇ ਵੱਲ ਜਾਣ ਵਾਲੀ ਗੁਫਾ ਤੇ ਹੋਰ ਕਾਫੀ ਸਾਮਾਨ ਮਿਲਿਆ ਹੈ।
ਤਲਾਸ਼ੀ ਦੌਰਾਨ ਡੇਰੇ ਦੇ ਹਸਪਤਾਲ, ਸਿੱਖਿਆ ਸੰਸਥਾਵਾਂ, ਤਕਨੀਕੀ ਤੇ ਪ੍ਰਬੰਧਕੀ ਸੰਸਥਾਵਾਂ, ਲੜਕੀਆਂ ਤੇ ਲੜਕਿਆਂ ਦੇ ਸਕੂਲਾਂ ਦਾ ਵੀ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ ਕਿ ਇਸ ਗੱਲ ਦਾ ਪਤਾ ਲਾਏ ਜਾਣ ਦੀ ਜ਼ਰੂਰਤ ਹੈ ਕਿ ਇਹ ਸਾਰੀਆਂ ਸੰਸਥਾਵਾਂ ਕਾਨੂੰਨੀ ਨਿਯਮਾਂ ਤੇ ਇਜਾਜ਼ਤ ਨਾਲ ਚਲਾਈਆਂ ਜਾ ਰਹੀਆਂ ਹਨ ਜਾਂ ਨਹੀਂ। ਨਾਲ ਹੀ ਇਨ੍ਹਾਂ ਸੰਸਥਾਵਾਂ ‘ਚ ਪੜ੍ਹਨ ਵਾਲੇ ਵਿਦਿਆਰਥੀਆਂ ਤੇ ਮਰੀਜ਼ਾਂ ਦੇ ਹਿੱਤਾਂ ਬਾਰੇ ਵੀ ਕੁਝ ਪ੍ਰਬੰਧ ਕੀਤੇ ਜਾਣ ਦੀ ਜ਼ਰੂਰਤ ਦੱਸੀ ਗਈ ਹੈ। ਤਲਾਸ਼ੀ ਦੌਰਾਨ ਡੇਰੇ ‘ਚ ਭਾਰੀ ਗਿਣਤੀ ਵਿਚ ਵਾਹਨ ਪਾਏ ਤੇ ਇਨ੍ਹਾਂ ਵਾਹਨਾਂ ਦੀ ਖੇਤਰੀ ਟਰਾਂਸਪੋਰਟ ਅਥਾਰਿਟੀ ਤੋਂ ਜਾਂਚ ਕਰਵਾਉਣ ਲਈ ਵੀ ਕਿਹਾ ਗਿਆ ਹੈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਡੇਰਾ ਸੱਚਾ ਸੌਦਾ ਪ੍ਰਬੰਧਕ ਇਨ੍ਹਾਂ ਵਾਹਨਾਂ ਦੇ ਮਾਲਕਾਂ ਬਾਰੇ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ ਤੇ ਸੈਕਟਰ-2 ਦੀ ਟੀਮ ਵੱਲੋਂ ਡੇਰੇ ‘ਚ ਪਾਈ ਗਈ ਆਊਟਸਾਈਡ ਬ੍ਰਾਡ-ਕਾਸਟਿੰਗ (ਓਬੀ ਵੈਨ) ਨੂੰ ਕਬਜ਼ੇ ‘ਚ ਲਿਆ ਹੈ ਤੇ ਇਸ ਗੱਲ ਦੀ ਵੀ ਪੜਤਾਲ ਕਰਵਾਏ ਜਾਣ ਦੀ ਜ਼ਰੂਰਤ ਹੈ ਕਿ ਕਿਧਰੇ ਇਸ ਵੈਨ ਰਾਹੀਂ ਵਿਦੇਸ਼ਾਂ ‘ਚ ਕੋਈ ਗੁਪਤ ਸੂਚਨਾਵਾਂ ਤਾਂ ਨਹੀਂ ਭੇਜੀਆਂ ਜਾ ਰਹੀਆਂ ਸਨ। ਰਿਪੋਰਟ ਵਿਚ ਅਦਾਲਤ ਨੂੰ ਕਿਹਾ ਗਿਆ ਹੈ ਕਿ ਜੇਕਰ ਉਹ ਉਚਿਤ ਸਮਝੇ ਤਾਂ ਇਸ ਮਾਮਲੇ ਦੀ ਐਸ਼ਐਸ਼ਪੀæ ਸਿਰਸਾ ਰਾਹੀਂ ਜਾਂਚ ਕਰਵਾ ਲਈ ਜਾਵੇ ਕਿ ਕਿਧਰੇ ਸੁਰੱਖਿਆ ਮਾਮਲਿਆਂ ਨਾਲ ਤਾਂ ਇਸ ਦਾ ਕੋਈ ਸਬੰਧ ਨਹੀਂ ਹੈ ਤੇ ਇਸ ਵਾਹਨ ਦਾ ਮਾਲਕ ਕੌਣ ਹੈ ਤੇ ਵਰਤੋਂ ਕਰਨ ਲਈ ਕੀ ਜ਼ਰੂਰੀ ਲਾਇਸੰਸ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਡੇਰੇ ‘ਚ ਕੀਤੀ ਤਲਾਸ਼ੀ ਮੁਹਿੰਮ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ। ਰਾਮ ਰਹੀਮ ਦੀ ਰਿਹਾਇਸ਼ ‘ਤੇ ਤਲਾਸ਼ੀ ਮੁਹਿੰਮ ਚਲਾਉਣ ਵਾਲੇ ਭਿਵਾਨੀ ਦੇ ਐਸ਼ਪੀæ ਸੁਰਿੰਦਰ ਸਿੰਘ ਭੋਰੀਆ ਨਾਲ ਡਿਊਟੀ ਮੈਜਿਸਟ੍ਰੇਟ ਦੇ ਤੌਰ ‘ਤੇ ਕਾਲਾਂਵਾਲੀ ਦੇ ਤਹਿਸੀਲਦਾਰ ਛੋਟੂ ਰਾਮ ਨੂੰ ਲਾਇਆ ਗਿਆ ਸੀ। ਇਸ ਟੀਮ ਨੇ ਆਪਣੀ ਰਿਪੋਰਟ ‘ਚ ਦੱਸਿਆ ਕਿ ਰਾਮ ਰਹੀਮ ਦੇ ਬੈੱਡ-ਰੂਮ ਵਿਚ 6 ਬੁਲੇਟ ਪਰੂਫ ਸ਼ੀਸ਼ੇ ਵਾਲੀਆਂ ਖਿੜਕੀਆਂ ਲੱਗੀਆਂ ਹੋਈਆਂ ਹਨ ਤੇ ਕਮਰੇ ‘ਚ ਲੱਕੜੀ ਦੀਆਂ 21 ਵੱਡੀਆਂ ਅਲਮਾਰੀਆਂ ਜਿਨ੍ਹਾਂ ਹੇਠਾਂ ਰੈਕ ਤੇ ਉਪਰ ਅਲਮਾਰੀਆਂ ਬਣੀਆਂ ਹੋਈਆਂ ਹਨ। ਤਲਾਸ਼ੀ ਮੁਹਿੰਮ ਦੌਰਾਨ ਦਰਜਨਾਂ ਬ੍ਰੀਫ ਕੇਸ, ਕੰਪਿਊਟਰ, ਹਾਰਡ ਡਿਸਕ, ਪੈੱਨ ਡਰਾਈਵਸ, ਲੈਪਟਾਪ, ਪ੍ਰੋਜੈਕਟਰ ਅਤੇ ਨਵੀਂ ਤੇ ਪੁਰਾਣੀ ਹਜ਼ਾਰਾਂ ਰੁਪਏ ਦੀ ਕਰੰਸੀ ਵੀ ਮਿਲੀ ਹੈ।
____________________________________
ਡੇਰੇ ‘ਚ ਬਿਨਾ ਲਾਇਸੈਂਸ ਚੱਲਦਾ ਸੀ ਹਸਪਤਾਲ
ਚੰਡੀਗੜ੍ਹ: ਹਰਿਆਣਾ ਦੇ ਜ਼ਿਲ੍ਹਾ ਸਿਰਸਾ ਵਿੱਚ ਡੇਰਾ ਸਿਰਸਾ ਵੱਲੋਂ ਚਲਾਏ ਜਾ ਰਹੇ ਸ਼ਾਹ ਸਤਨਾਮਜੀ ਸਪੈਸ਼ਲਟੀ ਹਸਪਤਾਲ ਕੋਲ ਰਜਿਸਟਰੇਸ਼ਨ ਲਾਇਸੈਂਸ ਨਹੀਂ ਸੀ ਅਤੇ ਇਥੇ ਬਿਨਾਂ ਢੁਕਵੀਂ ਮਨਜ਼ੂਰੀ ਤੋਂ ਅੰਗ ਦਾਨ ਹੁੰਦਾ ਸੀ। ਡੇਰੇ ਦੀ ਤਲਾਸ਼ੀ ਦੌਰਾਨ ਇਸ ਹਸਪਤਾਲ ਵਿਚ ਕਈ ਬੇਨੇਮੀਆਂ ਸਾਹਮਣੇ ਆਈਆਂ।