ਅੰਮ੍ਰਿਤਸਰ: ਲੰਡਨ (ਯੂæਕੇæ) ਦੀ ‘ਵਰਲਡ ਬੁੱਕ ਆਫ ਰਿਕਾਰਡਜ਼’ ਸੰਸਥਾ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਨੂੰ ‘ਮੋਸਟ ਵਿਜ਼ਟਿਡ ਪਲੇਸ ਆਫ ਦਾ ਵਰਲਡ’ (ਵਿਸ਼ਵ ਭਰ ਵਿਚੋਂ ਸਭ ਤੋਂ ਵੱਧ ਸੈਲਾਨੀਆਂ ਦੀ ਆਮਦ ਵਾਲਾ ਸਥਾਨ) ਦਾ ਪੁਰਸਕਾਰ ਦਿੱਤਾ ਗਿਆ। ਇਹ ਸਨਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾæ ਰੂਪ ਸਿੰਘ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ। ਇਸ ਪੁਰਸਕਾਰ ਉਪਰ ਸੰਸਥਾ ਦੇ ਚੇਅਰਮੈਨ ਦਿਵਾਕਰ ਸੁਕੁਲ ਅਤੇ ਇੰਗਲੈਂਡ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਦੇ ਦਸਤਖਤ ਹਨ।
‘ਵਰਲਡ ਬੁੱਕ ਆਫ ਰਿਕਾਰਡਜ਼’ ਦੀ ਜਨਰਲ ਸਕੱਤਰ ਸੁਰਭੀ ਕੌਲ ਨੇ ਦੱਸਿਆ ਕਿ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਤਿੰਨ ਮਹੀਨਿਆਂ ਦੀ ਆਮਦ ਦਾ ਰਿਕਾਰਡ ਤਿਆਰ ਕੀਤਾ ਗਿਆ, ਜਿਸ ਦੇ ਆਧਾਰ ‘ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ‘ਮੋਸਟ ਵਿਜ਼ਟਿਡ ਪਲੇਸ ਆਫ ਦਾ ਵਰਲਡ’ ਪੁਰਸਕਾਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਸਨਮਾਨ ਸਾਈਂ ਸ਼ਿਰਡੀ ਦੇ ਮੰਦਰ, ਮਾਊਂਟ ਆਬੂ ਵਿਖੇ ਬ੍ਰਹਮ ਕੁਮਾਰੀ ਆਸ਼ਰਮ, ਮਾਤਾ ਵੈਸ਼ਨੋ ਦੇਵੀ ਮੰਦਰ ਨੂੰ ਦਿੱਤੇ ਜਾ ਚੁੱਕੇ ਹਨ। ਵਿਸ਼ਵ ਪੱਧਰ ‘ਤੇ ਚੀਨ ਦੀ ਦੀਵਾਰ ਅਤੇ ਸਟੈਚੂ ਆਫ ਲਿਬਰਟੀ ਨੂੰ ਵੀ ਇਹ ਸਨਮਾਨ ਦਿੱਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾæ ਰੂਪ ਸਿੰਘ ਨੇ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਦਾ ਅਜਿਹਾ ਇਕੱਲਾ ਧਾਰਮਿਕ ਅਸਥਾਨ ਹੈ, ਜਿਥੇ ਮਾਨਵਤਾ ਦੀ ਸੇਵਾ, ਹਰ ਵੇਲੇ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਗੁਰਬਾਣੀ ਦਾ ਕੀਰਤਨ 24 ਘੰਟੇ ਚੱਲਦਾ ਰਹਿੰਦਾ ਹੈ ਅਤੇ ਬਿਨਾਂ ਕਿਸੇ ਭੇਦਭਾਵ ਦੇ ਰੋਜ਼ਾਨਾ ਹਜ਼ਾਰਾਂ ਲੋਕ ਲੰਗਰ ਛਕਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ, ਜਿਸ ਦਾ ਗੁਣਗਾਣ ਖੁਦ ਗੁਰੂ ਸਾਹਿਬ ਨੇ ਕੀਤਾ ਹੈ, ਕਿਸੇ ਪੁਰਸਕਾਰ ਦਾ ਮੁਥਾਜ ਨਹੀਂ ਹੈ ਪਰ ਅਜਿਹੇ ਸਨਮਾਨਾਂ ਨਾਲ ਸਿੱਖ ਕੌਮ ਦਾ ਮਾਣ-ਸਨਮਾਨ ਵਧਦਾ ਹੈ। ਸੰਸਥਾ ਦੇ ਆਗੂ ਰਣਦੀਪ ਸਿੰਘ ਕੋਹਲੀ ਨੇ ਆਖਿਆ ਕਿ ਇਹ ਸਨਮਾਨ ਇਥੇ ਲੋਕਾਂ ਦੀ ਆਮਦ, ਸ਼ਰਧਾ ਸਤਿਕਾਰ, ਸਥਾਨ ਦੀ ਮਹਾਨਤਾ, ਵਾਤਾਵਰਨ ਦੇ ਆਧਾਰ ਉਤੇ ਭੇਟ ਕੀਤਾ ਗਿਆ ਹੈ।
_______________________________________
ਐਵਾਰਡ ਦੇਣ ਵਾਲੀ ਸੰਸਥਾ ਸਵਾਲਾਂ ਦੇ ਘੇਰੇ ਵਿਚ
ਸਿਡਨੀ: ਸ੍ਰੀ ਹਰਿਮੰਦਰ ਸਾਹਿਬ ਨੂੰ ਐਵਾਰਡ ਦੇਣ ਵਾਲੀ ‘ਵਰਲਡ ਬੁੱਕ ਆਫ ਰਿਕਾਰਡਜ਼’ ਦੀ ਹੋਂਦ ਸਵਾਲਾਂ ਦੇ ਘੇਰੇ ਹੇਠ ਆ ਗਈ ਹੈ। ਲੰਡਨ ਤੋਂ ਚੱਲਦੀ ਦੱਸੀ ਗਈ ਇਹ ਸੰਸਥਾ ਜਿਸ ਪਤੇ ਉਤੇ ਰਜਿਸਟਰ ਹੋਈ ਹੈ, ਉਥੇ ਪੰਜ ਹੋਰ ਸੰਸਥਾਵਾਂ ਇਹੋ ਪਤਾ ਦੱਸ ਕੇ ਲੰਡਨ ਵਿਚ ਰਜਿਸਟਰ ਹੋਈਆਂ ਹਨ ਤੇ ਇਥੇ ਸਿਰਫ ਦੋ ਕਮਰਿਆਂ ਵਾਲੇ ਘਰ ਵਿਚ ‘ਵਰਲਡ ਬ੍ਰਾਹਮਣ ਆਰਗੇਨਾਈਜ਼ੇਸ਼ਨ’ ਵੀ ਰਜਿਸਟਰਡ ਹੈ। ਆਸਟਰੇਲੀਆ ਵਿਚ ਸਿਡਨੀ ਦੇ ਜਿਸ ਪਤੇ ਉਤੇ ਉਸ ਦਾ ਦਫਤਰ ਦੱਸਿਆ ਗਿਆ ਹੈ, ਉਥੇ ਕਿਸੇ ਦਫਰਤ ਦੀ ਥਾਂ ਰਿਹਾਇਸ਼ੀ ਘਰ ਹੈ ਅਤੇ ਚਾਰੇ ਪਾਸੇ ਘਰ ਬਣੇ ਹੋਏ ਹਨ। ਇਸ ਇਲਾਕੇ ਵਿਚ ਰਹਿੰਦੇ ਸੁਰੇਸ਼ ਕੁਮਾਰ ਨੇ ਕਿਹਾ ਕਿ ‘ਵਰਲਡ ਗਿੰਨੀਜ਼ ਬੁੱਕ ਰਿਕਾਰਡ’ ਬਾਰੇ ਤਾਂ ਸਭ ਲੋਕ ਜਾਣਦੇ ਹਨ, ਪਰ ‘ਵਰਲਡ ਬੁੱਕ ਆਫ ਰਿਕਾਰਡਜ਼’ ਨਾਮ ਦੀ ਪਹਿਲੀ ਵਾਰ ਸੁਣੀ ਸੰਸਥਾ ਭੰਬਲਭੂਸਾ ਪੈਦਾ ਕਰਦੀ ਹੈ। ਸੰਸਥਾ ਦੇ ਅਹੁਦੇਦਾਰ ਸੰਤੋਸ਼ ਸ਼ੁਕਲਾ ਨੇ ਕਿਹਾ ਕਿ ਸੰਸਥਾ ਗੈਰ ਮੁਨਾਫੇ ਵਜੋਂ ਕੰਮ ਕਰਦਿਆਂ ਸਮਾਜਿਕ ਕੰਮਾਂ ਨੂੰ ਪ੍ਰਣਾਈ ਹੋਈ ਹੈ। ਉਨ੍ਹਾਂ ਨੇ ਨਾ ਕੋਈ ਦਫਤਰ ਖੋਲ੍ਹੇ ਤੇ ਨਾ ਹੀ ਤਨਖ਼ਾਹਦਾਰ ਮੁਲਾਜ਼ਮ ਰੱਖੇ ਹਨ, ਸਾਰਾ ਕੁਝ ਲੋਕ ਸੇਵਾ ਨਾਲ ਚੱਲ ਰਿਹਾ ਹੈ।
__________________________________________
ਸ਼੍ਰੋਮਣੀ ਕਮੇਟੀ ‘ਤੇ ਪੁਰਸਕਾਰ ਵਾਪਸ ਕਰਨ ਲਈ ਦਬਾਅ
ਅੰਮ੍ਰਿਤਸਰ: ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਮਨਜੀਤ ਸਿੰਘ ਭੋਮਾ, ਜਥੇਬੰਦਕ ਸਕੱਤਰ ਸਰਬਜੀਤ ਸਿੰਘ ਸੋਹਲ, ਐਡਵੋਕੇਟ ਅਮਰਜੀਤ ਸਿੰਘ ਪਠਾਨਕੋਟ ਤੇ ਕੁਲਦੀਪ ਸਿੰਘ ਮਜੀਠਾ ਨੇ ਵਰਲਡ ਬੁੱਕ ਆਫ ਰਿਕਾਰਡ ਵੱਲੋਂ ਹਰਿਮੰਦਰ ਸਾਹਿਬ ਨੂੰ ‘ਮੋਸਟ ਵਿਜ਼ਟਿਡ ਪਲੇਸ ਆਫ ਦਿ ਵਰਲਡ’ ਐਵਾਰਡ ਦੇਣ ਦੇ ਮਾਮਲੇ ਉਤੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਇਸ ਪਵਿੱਤਰ ਅਸਥਾਨ ਨੂੰ ਪਹਿਲਾਂ ਹੀ ਪਹਿਲਾ ਦਰਜਾ ਦਿੱਤਾ ਹੋਇਆ ਹੈ ਤੇ ਇਸ ਨੂੰ ਕਿਸੇ ਦੁਨਿਆਵੀ ਸਰਟੀਫਿਕੇਟ ਦੀ ਲੋੜ ਨਹੀਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ ਇਹ ਪੁਰਸਕਾਰ ਵਾਪਸ ਨਾ ਕੀਤਾ ਤਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇਸ ਕਾਗਜ਼ ਦੇ ਟੁੱਕੜੇ ਨੂੰ ਸਾੜੇਗੀ।