ਫੂਲਕਾ ਨੇ ਪੰਜਾਬ ਦੀ ਸਿਆਸਤ ਤੋਂ ਕੀਤਾ ਕਿਨਾਰਾ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸਭ ਤੋਂ ਸੀਨੀਅਰ ਆਗੂਆਂ ਵਿਚੋਂ ਇਕ ਅਤੇ ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਐਚæਐਸ਼ ਫੂਲਕਾ ਨੇ ਪੰਜਾਬ ਦੀ ਸਿਆਸਤ ਤੋਂ ਕਿਨਾਰਾ ਕਰਦਿਆਂ ਦਾਖਾ ਤੋਂ ਦਿੱਲੀ ਸੇਵਾ ਕਰਨ ਤੱਕ ਸੀਮਤ ਰਹਿਣ ਦਾ ਐਲਾਨ ਕਰ ਦਿੱਤਾ ਹੈ। ਫੂਲਕਾ ਨੇ ਆਖਿਆ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਵੀ ਉਹ ਪੰਜਾਬ ਦੇ ਸਿਆਸੀ ਝਮੇਲਿਆਂ ਵਿਚ ਉਲਝਣ ਦੀ ਥਾਂ ਸਿਰਫ ਆਪਣੇ ਹਲਕੇ ਦਾਖਾ ਦੀਆਂ ਸਮੱਸਿਆਵਾਂ ਅਤੇ ਮੰਗਾਂ ਤੱਕ ਸੀਮਤ ਰਹਿਣਗੇ।

ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਨਸ਼ੇ ਨਾਲ ਜੁੜੇ ਮੁੱਦੇ ਬਾਰੇ ਉਨ੍ਹਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੈ ਤੇ ਉਂਜ ਵੀ ਇਹ ਮਾਮਲਾ ਅਦਾਲਤ ਵਿਚ ਚੱਲ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਨਿੱਜੀ ਤੌਰ ਉਤੇ ਵਿਧਾਨ ਸਭਾ ਸੈਸ਼ਨ ਦੌਰਾਨ ਸੂਬੇ ਦੀ ਸਿਆਸਤ ਦੀ ਬਹਿਸ ਤੋਂ ਬਾਹਰ ਰਹਿਣਗੇ, ਪਰ ਵਿਧਾਇਕ ਦਲ ਵੱਲੋਂ ਕੀਤੇ ਫੈਸਲਿਆਂ ਉਪਰ ਜ਼ਰੂਰ ਅਮਲ ਕਰਨਗੇ। ਦੱਸਣਯੋਗ ਹੈ ਕਿ ਪਹਿਲਾਂ ਫੂਲਕਾ 1984 ਦੇ ਸਿੱਖ ਕਤਲੇਆਮ ਬਾਰੇ ਦਿੱਲੀ ਦੀਆਂ ਅਦਾਲਤਾਂ ਵਿਚ ਚੱਲਦੇ ਕੇਸਾਂ ਵਿਚ ਰੁੱਝੇ ਹੋਣ ਦਾ ਮੁੱਦਾ ਬਣਾ ਕੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਅਸਤੀਫਾ ਦੇ ਗਏ ਸਨ ਤੇ ਹੁਣ ਉਨ੍ਹਾਂ ਨੇ ਪਾਰਟੀ ਦੀ ਸਿਆਸਤ ਸਮੇਤ ਸੂਬੇ ਦੀ ਰਾਜਨੀਤੀ ਤੋਂ ਵੀ ਕਿਨਾਰਾ ਕਰ ਲਿਆ ਹੈ।
ਭਾਵੇਂ ਸ਼ ਫੂਲਕਾ ਨੇ ਆਪਣੇ ਇਸ ਨਵੇਂ ਰੁਝਾਨ ਦੇ ਕਾਰਨ ਨਹੀਂ ਬਿਆਨੇ, ਪਰ ਸੂਤਰ ਦੱਸਦੇ ਹਨ ਕਿ ਪਾਰਟੀ ਵਿਚਲੀ ਸੌੜੀ ਚੌਧਰ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਆਪਣੇ-ਆਪ ਨੂੰ ਦਾਖਾ ਹਲਕੇ ਤੱਕ ਸੀਮਤ ਕਰਨ ਦਾ ਫੈਸਲਾ ਕੀਤਾ ਹੈ। ਫੂਲਕਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਲਕਾ ਦਾਖਾ ਵਿਚ ਸਿਆਸਤ ਤੋਂ ਉਪਰ ਉਠ ਕੇ ਹਰੇਕ ਪਾਰਟੀ ਦੇ ਲੋਕਾਂ ਨੂੰ ਨਾਲ ਲੈ ਕੇ ਚਾਰ ਲੋਕ ਭਲਾਈ ਪ੍ਰੋਜੈਕਟ ਵਿੱਢੇ ਹਨ। ਪਹਿਲੇ ਪ੍ਰੋਜੈਕਟ ਰਾਹੀਂ ਹਲਕੇ ਵਿਚਲੇ ਕੁੱਲ 112 ਪ੍ਰਾਇਮਰੀ ਸਕੂਲਾਂ ਵਿਚੋਂ 100 ਵਿਚ ਡਿਜੀਟਲ ਕਲਾਸ ਰੂਮ ਬਣਾਏ ਜਾ ਰਹੇ ਹਨ।
ਇਸ ਤੋਂ ਪਹਿਲਾਂ ਦਾਖਾ ਹਲਕੇ ਵਿਚ ਮੋਬਾਈਲ ਡਿਸਪੈਂਸਰੀ ਚਲਾਈ ਹੈ। ਛੇਤੀ ਹੀ ਦੋ ਹੋਰ ਮੋਬਾਈਲ ਡਿਸਪੈਂਸਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਸਰਕਾਰੀ ਸਕੂਲਾਂ ਵਿਚ ਪੜ੍ਹਦੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਚ ਪੜ੍ਹਾਈ ਲਈ ਮੁਫਤ ਕੋਚਿੰਗ ਦੇਣ ਦਾ ਪ੍ਰਬੰਧ ਵੀ ਕੀਤਾ ਹੈ। ਗਿਆਨ ਸੇਵਾ ਟਰੱਸਟ ਰਾਹੀਂ ਵਿਦਿਆਰਥੀਆਂ ਨੂੰ ਘਰਾਂ ਤੋਂ ਕੋਚਿੰਗ ਸੈਂਟਰ ਲਿਜਾਣ ਲਈ ਬੱਸ ਸੇਵਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੌਥੇ ਪ੍ਰੋਜੈਕਟ ਤਹਿਤ ਹਲਕੇ ਦੇ ਹਰੇਕ ਘਰ ਵਿਚ ਸੁਹਾਜਣਾ ਦਰਖਤ ਅਤੇ ਕੜੀ ਪੱਤਾ ਲਾਉਣ ਦੀ ਮੁਹਿੰਮ ਚਲਾਈ ਜਾਵੇਗੀ, ਜੋ ਸਿਹਤ ਲਈ ਵਰਦਾਨ ਸਾਬਤ ਹੋਣਗੇ।