ਹੁਣ ਦਿਆਲ ਸਿੰਘ ਕਾਲਜ ਦੇ ਨਾਂ ‘ਤੇ ਸਿਆਸਤ

-ਜਤਿੰਦਰ ਪਨੂੰ
ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ‘ਵੰਦੇ ਮਾਤਰਮ’ ਕਾਲਜ ਰੱਖਣ ਦਾ ਫੈਸਲਾ ਕਰਨ ਦੇ ਖਿਲਾਫ ਦਿੱਲੀ ਦੇ ਕੁਝ ਸਿੱਖ ਆਗੂਆਂ ਨੇ ਖੜ੍ਹੇ ਪੈਰ ਵਿਰੋਧ ਪ੍ਰਗਟ ਕਰ ਦਿੱਤਾ। ਇਨ੍ਹਾਂ ਵਿਚ ਇੱਕ ਨਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦਾ ਹੈ, ਜਿਸ ਨੇ ਹੁਣ ਇਸ ਕਾਲਜ ਦੀ ਕਮੇਟੀ ਦੇ ਪ੍ਰਧਾਨ ਵਿਰੁਧ ਦਿੱਲੀ ਪੁਲਿਸ ਕੋਲ ਬਾਕਾਇਦਾ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ।

ਇਸ ਪਿੱਛੋਂ ਪ੍ਰਬੰਧਕੀ ਕਮੇਟੀ ਨੇ ਹੋਰ ਵੀ ਕਰੜਾ ਸਟੈਂਡ ਲੈ ਲਿਆ ਹੈ ਕਿ ਬਦਲ ਦਿੱਤਾ ਤਾਂ ਬਦਲ ਦਿੱਤਾ, ਇਸ ਤੋਂ ਪਿੱਛੇ ਹਟਣ ਦਾ ਕੋਈ ਸਵਾਲ ਨਹੀਂ।
ਮਨਜਿੰਦਰ ਸਿੰਘ ਸਿਰਸਾ ਤੋਂ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਕੁਝ ਹੋਰ ਲੋਕ ਇਸ ਤਬਦੀਲੀ ਦੇ ਖਿਲਾਫ ਚੁੱਪ ਤੋੜਨ ਲਈ ਸਾਹਮਣੇ ਆਏ ਹਨ। ਸਾਬਕਾ ਪਾਰਲੀਮੈਂਟ ਮੈਂਬਰ ਤਰਲੋਚਨ ਸਿੰਘ ਦੀ ਜਿਹੜੀ ਤਿੱਖੀ ਆਵਾਜ਼ ਪਹਿਲੇ ਦਿਨ ਸੁਣੀਂਦੀ ਸੀ, ਉਹ ਉਸ ਦੇ ਬਾਅਦ ਓਨੀ ਤਿੱਖੀ ਨਹੀਂ ਰਹੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਕਾਲਜ ਦਾ ਨਾਂ ਬਦਲਣ ਦਾ ਕਾਫੀ ਤਿੱਖਾ ਵਿਰੋਧ ਕੀਤਾ, ਪਰ ਹੈਰਾਨੀ ਦੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਬਿਆਨ ਉਦੋਂ ਆਇਆ, ਜਦੋਂ ਇਸ ਵਿਵਾਦ ਨੂੰ ਇੱਕ ਹਫਤੇ ਦੇ ਕਰੀਬ ਹੋ ਗਿਆ। ਏਨਾ ਕੁਵੇਲਾ ਕਰ ਕੇ ਚੁੱਪ ਤੋੜੇ ਜਾਣ ਨਾਲ ਆਮ ਲੋਕਾਂ ਵਿਚ ਇਹ ਪ੍ਰਭਾਵ ਬਣਿਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਲੀਡਰਸ਼ਿਪ ਦੀ ਕੌੜੀ ਅੱਖ ਤੋਂ ਡਰਦਾ ਹੋਣ ਕਾਰਨ ਉਹ ਏਨੇ ਦਿਨਾਂ ਤੱਕ ਝਿਜਕਦਾ ਰਿਹਾ ਤੇ ਉਦੋਂ ਬੋਲਿਆ, ਜਦੋਂ ਹੋਰ ਕੋਈ ਰਾਹ ਨਹੀਂ ਸੀ ਰਹਿ ਗਿਆ।
ਮਨਜਿੰਦਰ ਸਿੰਘ ਸਿਰਸਾ ਦੀ ਇੱਕ ਮੀਡੀਆ ਚੈਨਲ ਉਤੇ ਇਸ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੁਖੀ ਨਾਲ ਚੋਖੀ ਕੌੜੀ ਝੜਪ ਵੀ ਹੋ ਗਈ। ਫਿਰ ਜੋ ਹੁੰਦਾ ਰਹਿੰਦਾ ਹੈ, ਉਹ ਸਿਰਸਾ ਨਾਲ ਵੀ ਹੋ ਗਿਆ। ਅੱਜ-ਕੱਲ੍ਹ ਇਸ ਦੇਸ਼ ਦੀ ਬਹੁ-ਗਿਣਤੀ ਆਬਾਦੀ ਦੇ ਜਜ਼ਬਾਤ ਭੜਕਾ ਕੇ ਰਾਜਨੀਤੀ ਕਰਨ ਵਾਲਿਆਂ ਦਾ ਮਨ-ਭਾਉਂਦਾ ਪੈਂਤੜਾ ਇਹੋ ਹੈ ਕਿ ਜਿਸ ਬੰਦੇ ਨਾਲ ਸੁਰ ਨਹੀਂ ਮਿਲਦੀ, ਉਸ ਨੂੰ ਜਾਂ ਕਹਿ ਦਿਓ ਕਿ ਉਹ ਪਾਕਿਸਤਾਨ ਚਲਾ ਜਾਵੇ ਜਾਂ ਫਿਰ ਧਮਕੀ ਦੇ ਦਿਓ ਕਿ ਤੇਰੇ ਵਰਗਿਆਂ ਨੂੰ ਪਾਕਿਸਤਾਨ ਧੱਕ ਦਿੱਤਾ ਜਾਵੇਗਾ। ਜਦੋਂ ਪੰਜਾਬੀ ਸੂਬਾ ਲਹਿਰ ਚੱਲਦੀ ਸੀ, ਉਸ ਲਹਿਰ ਦਾ ਵਿਰੋਧ ਕਰਨ ਵਾਲੇ ਟੋਲਿਆਂ ਲਈ ਮਨ-ਭਾਉਂਦਾ ਨਾਹਰਾ ਹੁੰਦਾ ਸੀ, ‘ਕੱਛ ਕੜਾ ਕ੍ਰਿਪਾਨ, ਧੱਕ ਦਿਆਂਗੇ ਪਾਕਿਸਤਾਨ।’ ਕਈ ਸਾਲਾਂ ਤੋਂ ਇਹ ਨਾਹਰਾ ਨਹੀਂ ਸੀ ਸੁਣਿਆ ਗਿਆ ਤੇ ਅਸੀਂ ਇਸ ਗੱਲੋਂ ਖੁਸ਼ ਸਾਂ ਕਿ ਘੱਟੋ-ਘੱਟ ਏਦਾਂ ਦੀ ਬਦਮਜ਼ਗੀ ਹੁਣ ਨਹੀਂ ਹੋ ਰਹੀ।
ਇਸ ਵਾਰੀ ਦਿੱਲੀ ਵਾਲੇ ਇਸ ਵਿਵਾਦ ਵਿਚ ਮਨਜਿੰਦਰ ਸਿੰਘ ਸਿਰਸਾ ਨਾਲ ਜੋ ਹੋਇਆ, ਉਹ ਪੰਜਾਬੀ ਸੂਬੇ ਵਾਲੇ ਉਨ੍ਹਾਂ ਦਿਨਾਂ ਦੇ ਨਾਹਰੇ ਦਾ ਚੇਤਾ ਕਰਾਉਣ ਲਈ ਕਾਫੀ ਹੈ। ਬਹੁਗਿਣਤੀ ਦੀ ਫਿਰਕਾਪ੍ਰਸਤੀ ਦਾ ਜਨੂੰਨ ਇਸ ਹੱਦ ਤੱਕ ਚਲਾ ਗਿਆ ਹੈ ਕਿ ਭਾਜਪਾ ਦੀ ਟਿਕਟ ਉਤੇ ਵਿਧਾਇਕ ਬਣੇ ਹੋਏ ਅਕਾਲੀ ਆਗੂ ḔਸਿਰਸਾḔ ਨੂੰ ਵੀ ਨਹੀਂ ਬਖਸ਼ਿਆ ਗਿਆ।
ਜੀ ਹਾਂ, ਇਹ ਹੱਦੋਂ ਵੱਧ ਮਾੜਾ ਰਿਵਾਜ ਪੈ ਰਿਹਾ ਹੈ ਕਿ ਜਿਸ ਕਿਸੇ ਦੀ ਗੱਲ ਬਰਦਾਸ਼ਤ ਨਾ ਹੁੰਦੀ ਹੋਵੇ, ਝੱਟ ਉਸ ਨੂੰ ‘ਪਾਕਿਸਤਾਨ ਚਲਾ ਜਾਹ’ ਜਾਂ ਫਿਰ ‘ਤੈਨੂੰ ਪਾਕਿਸਤਾਨ ਭੇਜ ਦਿਆਂਗੇ’ ਆਖਣ ਨੂੰ ਦੇਰ ਨਹੀਂ ਲਾਈ ਜਾਂਦੀ। ਭਾਰਤ ਦੀ ਜਿਸ ਮਿੱਟੀ ਵਿਚ ਇਹ ਲੋਕ ਪਲੇ ਹਨ, ਦੂਸਰੇ ਵੀ ਓਸੇ ਵਿਚ ਪਲੇ ਅਤੇ ਪ੍ਰਵਾਨ ਚੜ੍ਹੇ ਹਨ। ਭਾਰਤ ਕਿਸੇ ਇੱਕ ਸਿਆਸੀ ਪਾਰਟੀ ਜਾਂ ਕਿਸੇ ਇੱਕ ਧਰਮ ਨਾਲ ਜੁੜੇ ਹੋਏ ਲੋਕਾਂ ਦੀ ਜਾਗੀਰ ਨਹੀਂ, ਸਾਰੇ ਭਾਰਤੀਆਂ ਦਾ ਹੈ ਤੇ ਅੱਜ ਦੇ ਪੜਾਅ ਤੱਕ ਜਿਹੜਾ ਪੈਂਡਾ ਇਸ ਨੇ ਤੈਅ ਕੀਤਾ ਹੈ, ਉਸ ਵਿਚ ਇਨ੍ਹਾਂ ਸਾਰੇ ਧਰਮਾਂ ਦੇ ਲੋਕਾਂ ਦਾ ਯੋਗਦਾਨ ਹੈ। ਆਜ਼ਾਦੀ ਲੈਣ ਲਈ ਜਿਹੜੀ ਲੜਾਈ ਲੜੀ ਗਈ, ਉਸ ਵਿਚ ਭਗਤ ਸਿੰਘ ਦੇ ਨਾਲ ਫਾਂਸੀ ਦਾ ਰੱਸਾ ਚੁੰਮਣ ਵਾਲਿਆਂ ਵਿਚ ਰਾਜਗੁਰੂ ਅਤੇ ਸੁਖਦੇਵ ਵੀ ਸਨ ਤਾਂ ਕਾਕੋਰੀ ਕੇਸ ਵਿਚ ਉਨ੍ਹਾਂ ਵਾਂਗ ਅਸ਼ਫਾਕ ਉਲਾ ਖਾਨ ਨੇ ਫਾਂਸੀ ਦਾ ਝੂਟਾ ਲਿਆ ਸੀ।
ਜਦੋਂ ਦੇਸ਼ ਆਜ਼ਾਦ ਹੋ ਗਿਆ ਤਾਂ ਆਜ਼ਾਦੀ ਦੀ ਰਾਖੀ ਲਈ ਕੁਰਬਾਨੀ ਕਰਨ ਵਾਲਿਆਂ ਵਿਚ ਵੀ ਸਭ ਧਰਮਾਂ ਦੇ ਲੋਕ ਸ਼ਾਮਲ ਸਨ। ਆਜ਼ਾਦੀ ਮਿਲੀ ਨੂੰ ਅਜੇ ਚੰਦ ਹਫਤੇ ਗੁਜ਼ਰੇ ਸਨ, ਜਦੋਂ ਪਾਕਿਸਤਾਨ ਸਰਕਾਰ ਨੇ ਕਬਾਇਲੀ ਲੋਕਾਂ ਦਾ ਭੇਸ ਬਣਾ ਕੇ ਆਪਣੀ ਫੌਜ ਕਸ਼ਮੀਰ ਘਾਟੀ ਵਿਚ ਵਾੜ ਦਿੱਤੀ ਸੀ। ਉਦੋਂ ਤੱਕ ਕਸ਼ਮੀਰ ਦਾ ਰਾਜਾ ਦੋ ਦੇਸ਼ਾਂ ਵਿਚਾਲੇ ਆਜ਼ਾਦ ਰਹਿ ਕੇ ਠਾਠ ਮਾਣਨ ਦੇ ਸੁਫਨੇ ਲੈ ਰਿਹਾ ਸੀ, ਪਰ ਪਾਕਿਸਤਾਨੀ ਫੌਜ ਦੀ ਚੜ੍ਹਤ ਵੇਖ ਕੇ ਉਸ ਨੇ ਭਾਰਤ ਵਿਚ ਰਲਣ ਦੀ ਸਹਿਮਤੀ ਦੇ ਦਿੱਤੀ ਤੇ ਇਸ ਮਗਰੋਂ ਭਾਰਤੀ ਫੌਜ ਉਥੇ ਭੇਜੀ ਗਈ ਸੀ। ਹਮਲਾ ਇਸਲਾਮ ਦੇ ਨਾਂ ਉਤੇ ਨਵੇਂ ਬਣੇ ਹੋਏ ਦੇਸ਼ ਪਾਕਿਸਤਾਨ ਨੇ ਕੀਤਾ ਸੀ, ਪਰ ਉਸ ਨੂੰ ਠੱਲ੍ਹਣ ਲਈ ਪਹਿਲੇ ਪੜਾਅ ਉਤੇ ਜਿਹੜੇ ਲੋਕਾਂ ਨੇ ਜਾਨਾਂ ਵਾਰੀਆਂ ਸਨ, ਉਨ੍ਹਾਂ ਵਿਚ ਇੱਕ ਨਾਂ ਬ੍ਰਿਗੇਡੀਅਰ ਉਸਮਾਨ ਅਲੀ ਦਾ ਸੀ, ਜਿਸ ਨੂੰ ਮਰਨ ਪਿੱਛੋਂ ਮਹਾਂਵੀਰ ਚੱਕਰ ਦਿੱਤਾ ਗਿਆ ਸੀ।
ਅਗਲੀ ਜੰਗ ਦੌਰਾਨ ਖੇਮਕਰਨ ਸੈਕਟਰ ਵਿਚ ਪਾਕਿਸਤਾਨ ਦੇ ਕਈ ਟੈਂਕ ਤੋੜਨ ਦੇ ਬਾਅਦ ਹਵਾਲਦਾਰ ਅਬਦੁਲ ਹਮੀਦ ਨੇ ਬਹਾਦਰੀ ਨਾਲ ਲੜਦਿਆਂ ਸ਼ਹੀਦੀ ਪਾਈ ਸੀ ਤੇ ਸਭ ਤੋਂ ਵੱਡਾ ਸਨਮਾਨ ਪਰਮਵੀਰ ਚੱਕਰ ਮਰਨ ਪਿੱਛੋਂ ਉਸ ਬਹਾਦਰ ਦੇ ਨਾਂ ਐਲਾਨ ਕੀਤਾ ਗਿਆ ਸੀ। ਤੀਸਰੀ ਜੰਗ ਮੌਕੇ ਪਾਕਿਸਤਾਨ ਖਿਲਾਫ ਲੜਦਿਆਂ ਪੰਜਾਬ ਦੇ ਨਿਰਮਲਜੀਤ ਸਿੰਘ ਸੇਖੋਂ ਨੇ ਦੇਸ਼ ਲਈ ਜਾਨ ਵਾਰੀ ਸੀ। ਉਨ੍ਹਾਂ ਸਾਰਿਆਂ ਦੀ ਕੁਰਬਾਨੀ ਕਿਸੇ ਪੱਖੋਂ ਊਣੀ-ਪੌਣੀ ਨਹੀਂ, ਸਗੋਂ ਦੂਣ-ਸਵਾਈ ਸੀ।
ਅਸੀਂ ਪਿਛਲੇ ਦਿਨਾਂ ਤੋਂ ਇੱਕ ਜਾਂ ਦੂਸਰੇ ਬਹਾਨੇ ਹੇਠ ਇੱਕ ਫਿਰਕੂ ਉਬਾਲ ਉਠਦਾ ਵੇਖਦੇ ਪਏ ਹਾਂ। ਇਸ ਵੇਲੇ ਦਿੱਲੀ ਵਿਚ ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਦੇ ਬਹਾਨੇ ਏਸੇ ਖੇਡ ਦੀ ਸ਼ੁਰੂਆਤ ਕੀਤੀ ਗਈ ਹੈ। ਦਿਆਲ ਸਿੰਘ ਕਾਲਜ ਦੇ ਬਾਅਦ ਗੱਲ ਰੁਕ ਨਹੀਂ ਜਾਣੀ, ਕੱਲ੍ਹ ਨੂੰ ਕੋਈ ਇਹ ਕਹੇਗਾ ਕਿ ਦਿਆਲ ਸਿੰਘ ਨੇ ਪੰਜਾਬ ਨੈਸ਼ਨਲ ਬੈਂਕ ਸ਼ੁਰੂ ਕਰਵਾਇਆ ਸੀ, ਉਸ ਬੈਂਕ ਦਾ ਨਾਂ ਵੀ ਬਦਲ ਦਿੱਤਾ ਜਾਵੇ ਅਤੇ ਇੱਕ ਦਿਨ ਅਚਾਨਕ ਬੈਠਕ ਲਾ ਕੇ ਚਾਰ ਬੰਦੇ ਐਲਾਨ ਕਰ ਦੇਣਗੇ ਕਿ ਇਸ ਦਾ ਨਾਂ ਫਲਾਣਾ ਬੈਂਕ ਕਰ ਦਿੱਤਾ ਗਿਆ ਹੈ। ਇੱਕ ਵਾਰੀ ਸ਼ੁਰੂ ਹੋਈ ਏਦਾਂ ਦੀ ਖੇਡ ਫਿਰ ਰੁਕਦੀ ਨਹੀਂ ਹੁੰਦੀ। ਸਿਆਣੇ ਕਹਿੰਦੇ ਹਨ ਕਿ ਕੁਚੱਜ ਦੀ ਸ਼ੁਰੂਆਤ ਇੱਕ ਵਾਰ ਹੋ ਜਾਵੇ ਤਾਂ ਕੱਚੀ ਲੱਸੀ ਵਾਂਗ ਵਧੀ ਜਾਂਦੀ ਹੈ। ਭਾਰਤ ਦੇਸ਼ ਸਦੀਆਂ ਤੋਂ, ਅਤੇ ਉਸ ਤੋਂ ਵੀ ਪਹਿਲਾਂ ਸ਼ਾਇਦ ਯੁੱਗਾਂ ਤੋਂ, ਜਿਵੇਂ ਚੱਲਦਾ ਰਿਹਾ ਹੈ, ਇਸ ਨੂੰ ਆਪਣੇ ਉਸ ਰਾਹ ਉਤੇ ਓਸੇ ਤਰ੍ਹਾਂ ਵਧਦੇ ਜਾਣਾ ਚਾਹੀਦਾ ਹੈ। ਅੜਿੱਕੇ ਇਸ ਅੱਗੇ ਉਸ ਵੇਲੇ ਵੀ ਆਏ ਸਨ, ਜਦੋਂ ਮਨੂੰ ਸਿਮ੍ਰਤੀ ਲਾਗੂ ਕਰ ਕੇ ਕਿਰਤੀ ਲੋਕਾਂ ਨੂੰ ਆਬਾਦੀਆਂ ਤੋਂ ਦੂਰ ਕਰ ਦਿੱਤਾ ਗਿਆ ਸੀ, ਅਤੇ ਉਦੋਂ ਵੀ ਆਏ, ਜਦੋਂ ਗਰੀਬਾਂ ਦੇ ਕੰਨਾਂ ਵਿਚ ਪਿਘਲਿਆ ਸ਼ੀਸ਼ਾ ਪਾਇਆ ਗਿਆ ਸੀ। ਦੇਸ਼ ਨੇ ਆਖਰ ਉਹ ਅੜਿੱਕੇ ਪਾਰ ਕਰ ਲਏ ਸਨ। ਹੁਣ ਨਵੇਂ ਅੜਿੱਕੇ ਖੜ੍ਹੇ ਕੀਤੇ ਜਾ ਰਹੇ ਹਨ, ਪਰ ਇਹ ਸਦਾ ਨਹੀਂ ਰਹਿਣੇ। ਇੱਕ ਜੁਝਾਰੂ ਕਵੀ ਨੇ ਲਿਖਿਆ ਸੀ: ‘ਹੌਸਲੇ ਪਏ ਖੇਡਦੇ ਨੇ ਕਾਲੀਆਂ ਰਾਤਾਂ ਦੇ ਨਾਲ, ਇਹ ਭਰੋਸਾ ਹੈ ਮਿਰਾ, ਰੋਸ਼ਨ ਸਵੇਰੇ ਆਉਣਗੇ।’ ਇਹ ਭਰੋਸਾ ਦੇਸ਼ ਦੀ ਅਗਵਾਈ ਜ਼ਰੂਰ ਕਰੇਗਾ।