ਚੰਡੀਗੜ੍ਹ: ਦਿੱਲੀ ਸਮੂਹਿਕ ਬਲਾਤਕਾਰ ਦੀ ਵਾਰਦਾਤ ਪਿੱਛੋਂ ਪੰਜਾਬ ਵਿਚ ਬਲਾਤਕਾਰ ਦੇ ਕੇਸਾਂ ਵਿਚ ਦੋ ਗੁਣਾ ਤੋਂ ਵੱਧ ਦਾ ਇਜ਼ਾਫ਼ਾ ਹੋਇਆ ਹੈ। ਬਲਾਤਕਾਰ ਦੇ ਕੇਸਾਂ ਦੀ ਗਿਣਤੀ ਸੱਤ ਤੋਂ ਵਧ ਕੇ ਪੰਦਰਾਂ ਹੋ ਗਈ ਹੈ। ਇਸ ਘਟਨਾ ਨਾਲ ਦੇਸ਼ ਨੂੰ ਕੌਮਾਂਤਰੀ ਪੱਧਰ ‘ਤੇ ਨਮੋਸ਼ੀ ਦਾ ਸਾਹਮਣਾ ਪਿਆ ਹੈ ਪਰ ਬਾਵਜੂਦ ਇਸ ਦੇ ਪਿਛਲੇ ਤਿੰਨ ਮਹੀਨਿਆਂ ‘ਚ ਅਗਵਾ, ਬਲਾਤਕਾਰ ਤੇ ਹੱਤਿਆ (ਗੈਂਗ ਰੇਪ) ਦੇ ਵੱਖਰੇ 14 ਕੇਸ ਰਿਪੋਰਟ ਹੋਏ ਹਨ। ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੀ ਫਰਵਰੀ ਦੀ ਰਿਪੋਰਟ ਤੋਂ ਇਹ ‘ਕੌੜਾ ਸੱਚ’ ਸਾਹਮਣੇ ਆਇਆ ਹੈ।
ਕਮਿਸ਼ਨ ਵੱਲੋਂ ਇਹ ਰਿਪੋਰਟ ਨਵੰਬਰ, 2011 ਤੋਂ ਜਨਵਰੀ, 2012 ਤੇ ਨਵੰਬਰ 2012 ਤੋਂ ਜਨਵਰੀ 3013 ਤੱਕ ਮਿਲੀਆਂ ਸ਼ਿਕਾਇਤਾਂ ਦੀ ਗਿਣਤੀ ਦੇ ਤੁਲਨਾਤਮਕ ਅਧਿਐਨ ਨਾਲ ਤਿਆਰ ਕੀਤੀ ਗਈ ਹੈ। ਪਿਛਲੇ ਸਾਲ ਦੇ ਇਨ੍ਹਾਂ ਤਿੰਨ ਮਹੀਨਿਆਂ ਵਿਚ ਬਲਾਤਕਾਰ ਦੇ ਕੇਸਾਂ ਦੀਆਂ ਸੱਤ ਸ਼ਿਕਾਇਤਾਂ ਮਿਲੀਆਂ ਸਨ ਜਦੋਂਕਿ ਇਸ ਸਾਲ ਵਿਚ ਬਲਾਤਕਾਰ ਦੇ 15 ਮਾਮਲੇ ਸੁਣਵਾਈ ਲਈ ਆ ਚੁੱਕੇ ਹਨ। ਇਨ੍ਹਾਂ ਵਿਚ ਸਮੂਹਿਕ ਬਲਾਤਕਾਰ ਦੀਆਂ ਵਾਰਦਾਤਾਂ ਸ਼ਾਮਲ ਨਹੀਂ ਹਨ। ਮਿਲੀ ਸੂਚਨਾ ਮੁਤਾਬਕ ਪਿਛਲੇ ਤਿੰਨ ਮਹੀਨਿਆਂ ਵਿਚ ਸਮੂਹਿਕ ਬਲਾਤਕਾਰ ਦੀਆਂ ਨੌਂ ਸ਼ਿਕਾਇਤਾਂ ਮਿਲੀਆਂ ਹਨ। ਇਸ ਦੇ ਮੁਕਾਬਲੇ 2012 ਵਿਚ ਸ਼ਿਕਾਇਤਾਂ ਦੀ ਗਿਣਤੀ ਸਿਰਫ਼ ਛੇ ਸੀ।
ਦਾਜ ਮੰਗਣ ਦੇ ਕੇਸਾਂ ਵਿਚ ਵੀ ਵਾਧਾ ਹੋਇਆ ਹੈ ਭਾਵੇਂਕਿ ਗਿਣਤੀ ਦਾ ਜ਼ਿਆਦਾ ਫ਼ਰਕ ਨਹੀਂ ਹੈ। ਪਿਛਲੇ ਸਾਲ ਦੀ ਰਿਪੋਰਟ ਵਿਚ ਦਾਜ ਮੰਗਣ ਦੇ ਦੋਸ਼ਾਂ ਦੀਆਂ 109 ਸ਼ਿਕਾਇਤਾਂ ਆਈਆਂ ਸਨ ਤੇ ਇਸ ਵਾਰ ਗਿਣਤੀ ਵਧ ਕੇ 118 ਨੂੰ ਪੁੱਜ ਗਈ ਹੈ। ਦਾਜ ਕਾਰਨ ਔਰਤ ਨੂੰ ਜਾਨ ਤੋਂ ਮਾਰ ਦੇਣ ਦੀ ਸਾਜ਼ਿਸ਼ ਰਚਣ ਦੇ ਦੋ ਕੇਸ ਵਧੇ ਹਨ। ਪਿਛਲੇ ਸਾਲ ਇਹ ਗਿਣਤੀ ਅੱਠ ਸੀ ਜੋ ਇਸ ਵਾਰ ਦਸ ਹੋ ਗਈ ਹੈ। ਆਮ ਜਿਸਮਾਨੀ ਛੇੜਖਾਨੀ ਦੇ ਮਾਮਲੇ ਇਕੋ ਜਿੰਨੇ ਰਹੇ ਹਨ।
ਇਸ ਦੇ ਉਲਟ ਸਰਕਾਰੀ ਦਫ਼ਤਰਾਂ ਵਿਚ ਔਰਤਾਂ ਨਾਲ ਬਦਤਮੀਜ਼ੀ ਦੇ ਕੇਸ ਵਧ ਕੇ ਤਿੰਨ ਤੋਂ ਚਾਰ ਹੋ ਗਏ ਹਨ। ਮਹਿਲਾਵਾਂ ਦੀ ਛਬੀ ਖ਼ਰਾਬ ਕਰਨ ਦੀਆਂ ਸ਼ਿਕਾਇਤਾਂ ਦੀ ਗਿਣਤੀ ਪਹਿਲਾਂ ਨਾਲੋਂ ਘਟੀ ਹੈ ਤੇ ਔਰਤਾਂ ਨੂੰ ਗੁੰਮਰਾਹ ਕਰਨ ਦੇ ਮਾਮਲੇ ਵੀ ਘਟੇ ਹਨ। ਔਰਤਾਂ ਖ਼ਿਲਾਫ਼ ਆਮ ਜ਼ਿਆਦਤੀਆਂ ਦੇ ਕੇਸਾਂ ਦੀ ਗਿਣਤੀ ਵਿਚ ਮਮੂਲੀ ਜਿਹਾ ਫਰਕ ਪਿਆ ਹੈ। ਮਹਿਲਾਵਾਂ ਨਾਲ ਪੱਖਪਾਤ ਤੇ ਜਬਰੀ ਧੰਦਾ ਕਰਵਾ ਕਰਵਾਉਣ ਦੀ ਪਿਛਲੇ ਦੋ ਸਾਲਾਂ ਤੋਂ ਕੋਈ ਸ਼ਿਕਾਇਤ ਨਹੀਂ ਹੈ। ਇਸ ਵਾਰ ਫੌਜੀਆਂ ਤੇ ਨੀਮ ਫੌਜੀਆਂ ਉਤੇ ਔਰਤਾਂ ਨਾਲ ਜਿਸਮਾਨੀ ਛੇੜਛਾੜ ਦੇ ਦੋਸ਼ ਲੱਗਣ ਤੋਂ ਵੀ ਬਚਾਅ ਰਿਹਾ ਹੈ। ਔਰਤਾਂ ਨਾਲ ਵਧੀਕੀ ਦੇ ਵੱਖਰੀ ਕਿਸਮ ਦੇ ਮਾਮਲੇ ਪਿਛਲੇ ਚਾਰ ਸਾਲਾਂ ਤੋਂ ਸਾਹਮਣੇ ਆਉਣ ਲੱਗੇ ਹਨ। ਇਨ੍ਹਾਂ ਵਿਚ ਧੀਆਂ ਵਲੋਂ ਬਾਪ ਉਤੇ ਉਨ੍ਹਾਂ ਦਾ ਮੁੱਲ ਵੱਟਣ ਦੇ ਇਲਜ਼ਾਮ ਲੱਗਣੇ ਵੀ ਸ਼ਾਮਲ ਹਨ। ਪਿਛਲੇ ਸਾਲ ਦੀ ਰਿਪੋਰਟ ਵਿਚ ਇਨ੍ਹਾਂ ਕੇਸਾਂ ਦੀ ਗਿਣਤੀ ਤਿੰਨ ਸੀ ਜੋ ਇਸ ਵਾਰ ਵਧ ਕੇ ਚਾਰ ਹੋ ਗਈ ਹੈ। ਕੁੱਲ ਮਿਲਾ ਕੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਔਰਤਾਂ ਨਾਲ ਜ਼ਿਆਦਤੀਆਂ ਦੀਆਂ ਸ਼ਿਕਾਇਤਾਂ ਦੀ ਗਿਣਤੀ ਘਟੀ ਹੈ। ਇਹ ਗਿਣਤੀ 193 ਤੋਂ ਘਟ ਕੇ 168 ਰਹਿ ਗਈ ਹੈ।
________________________________________
ਮਹਿਜ਼ 48 ਘੰਟਿਆਂ ‘ਚ ਸੁਣਾਈ ਸਜ਼ਾ
ਹੁਸ਼ਿਆਰਪੁਰ: ਸਥਾਨਕ ਅਦਾਲਤ ਨੇ ਮਹਿਜ਼ 48 ਘੰਟਿਆਂ ਵਿੱਚ ਬਲਾਤਕਾਰ ਦੇ ਕੇਸ ਦਾ ਫ਼ੈਸਲਾ ਸੁਣਾਉਂਦਿਆਂ ਦੋਸ਼ੀ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ। ਇਸ ਤੋਂ ਪਹਿਲਾਂ ਇਸੇ ਅਦਾਲਤ ਨੇ ਬਲਾਤਕਾਰ ਦਾ ਇਕ ਮਾਮਲਾ ਤਿੰਨ ਦਿਨ ਵਿਚ ਨਿਬੇੜਿਆ ਸੀ। ਬਿਹਾਰ ਦੇ ਮੂਲ ਵਾਸੀ ਮਨੂ ਪਾਸਵਾਨ ਨੂੰ ਅਦਾਲਤ ਨੇ ਪਿੰਡ ਫ਼ੁਗਲਾਣਾ ਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਲਗਾ ਕੇ ਲੈ ਜਾਣ ਤੇ ਉਸ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਸਜ਼ਾ ਸੁਣਾਈ। ਇਸ ਤੋਂ ਇਲਾਵਾ ਦੋਸ਼ੀ ਨੂੰ 60 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਜਿਸ ਵਿਚੋਂ ਅੱਧੀ ਰਕਮ ਪੀੜਤ ਲੜਕੀ ਨੂੰ ਦਿੱਤੀ ਜਾਵੇਗੀ। ਪੁਲਿਸ ਕੇਸ ਮੁਤਾਬਕ ਮਨੂ ਪਾਸਵਾਨ 15 ਸਤੰਬਰ 2012 ਨੂੰ ਦਸਵੀਂ ਜਮਾਤ ਵਿਚ ਪੜ੍ਹਦੀ ਸਾਢੇ 17 ਸਾਲ ਦੀ ਲੜਕੀ ਨੂੰ ਵਰਗਲਾ ਕੇ ਲੈ ਗਿਆ ਤੇ ਉਸ ਨਾਲ ਬਲਾਤਕਾਰ ਕਰਦਾ ਰਿਹਾ। 18 ਸਤੰਬਰ ਨੂੰ ਪੁਲਿਸ ਨੇ ਦੋਵਾਂ ਨੂੰ ਬਰਾਮਦ ਕਰ ਲਿਆ। ਬਚਾਅ ਪੱਖ ਵੱਲੋਂ ਇਹ ਦਲੀਲ ਦਿੱਤੀ ਗਈ ਕਿ ਲੜਕੀ ਆਪਣੀ ਮਰਜ਼ੀ ਨਾਲ ਗਈ ਸੀ ਪਰ ਲੜਕੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਦੋਸ਼ੀ ਉਸ ਨੂੰ ਜਬਰਦਸਤੀ ਲੈ ਗਿਆ ਸੀ।
ਅਦਾਲਤ ਨੇ ਆਈਪੀਸੀ ਦੀ ਧਾਰਾ 90 ਦੇ ਸੰਦਰਭ ਜਿਸ ਵਿਚ ਕਿਹਾ ਗਿਆ ਹੈ ਕਿ 18 ਸਾਲ ਤੋਂ ਘੱਟ ਦੀ ਉਮਰ ਦੀ ਲੜਕੀ ਤੋਂ ਸਰੀਰਕ ਸਬੰਧਾਂ ਲਈ ਜਬਰਦਸਤੀ ਸਹਿਮਤੀ ਲੈਣਾ ਸਹਿਮਤੀ ਨਹੀਂ ਮੰਨਿਆ ਜਾ ਸਕਦਾ, ਤਹਿਤ ਬਚਾਅ ਪੱਖ ਦੀ ਦਲੀਲ ਰੱਦ ਕਰ ਦਿੱਤੀ ਗਈ। ਅਦਾਲਤ ਨੇ ਅਗਵਾ ਤੇ ਬਲਾਤਕਾਰ ਦੇ ਦੋਸ਼ਾਂ ਤਹਿਤ ਦੋਸ਼ੀ ਨੂੰ ਸਜ਼ਾ ਸੁਣਾ ਦਿੱਤੀ। 12 ਫ਼ਰਵਰੀ ਨੂੰ ਇਹ ਕੇਸ ਇਸ ਅਦਾਲਤ ਵਿਚ ਆਇਆ, 13 ਨੂੰ ਗਵਾਹੀਆਂ ਹੋਈਆਂ, 14 ਨੂੰ ਛੁੱਟੀ ਸੀ ਤੇ 15 ਫ਼ਰਵਰੀ ਨੂੰ ਅਦਾਲਤ ਨੇ ਸਜ਼ਾ ਸੁਣਾ ਦਿੱਤੀ।
Leave a Reply