ਪੰਜਾਬ ਦਾ ਖਜ਼ਾਨਾ ‘ਤੰਬਾਕੂ’ ਦੀ ਕਮਾਈ ਨਾਲ ਭਰਨ ਦੀ ਕੋਸ਼ਿਸ਼

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਸਰਕਾਰ ਦਾ ਖ਼ਜ਼ਾਨਾ ਤੰਬਾਕੂ ਦੀ ਕਮਾਈ ਨਾਲ ਭਰ ਰਿਹਾ ਹੈ। ਅਪਰੈਲ 2005 ਵਿਚ ਤੰਬਾਕੂ ਤੋਂ ਕੋਈ ਟੈਕਸ ਨਹੀਂ ਲਿਆ ਜਾਂਦਾ ਸੀ। ਹੁਣ ਤੰਬਾਕੂ ‘ਤੇ ਸਾਢੇ 12 ਫੀਸਦੀ ਵੈਟ ਲਾਇਆ ਹੋਇਆ ਹੈ। ਪੰਜਾਬ ਸਰਕਾਰ ਨੂੰ ਲੰਘੇ ਪੰਜ ਵਰ੍ਹਿਆਂ ਦੌਰਾਨ ਇਕੱਲੇ ਤੰਬਾਕੂ ਤੋਂ 365 ਕਰੋੜ ਰੁਪਏ ਦੀ ਕਮਾਈ ਹੋਈ ਹੈ। ਇਹ ਆਮਦਨ ਲਗਾਤਾਰ ਵੱਧ ਰਹੀ ਹੈ ਜਿਸ ਤੋਂ ਸਾਫ ਹੈ ਕਿ ਪੰਜਾਬ ਵਿਚ ਤੰਬਾਕੂ ਦੀ ਖਪਤ ਵਿਚ ਵੀ ਵਾਧਾ ਹੋ ਰਿਹਾ ਹੈ। ਪੰਜ ਵਰ੍ਹਿਆਂ ਵਿਚ ਤੰਬਾਕੂ ਤੋਂ ਹੋਣ ਵਾਲੀ ਕਮਾਈ ਵਿਚ ਤਿੰਨ ਗੁਣਾ ਵਾਧਾ ਹੋਇਆ ਹੈ। ਸਿਗਰਟ ਤੇ ਬੀੜੀਆਂ ਤੋਂ ਜੋ ਕਮਾਈ ਹੁੰਦੀ ਹੈ, ਉਹ ਵੱਖਰੀ ਹੈ। ਪੰਜਾਬ ਦੀਆਂ ਜੇਲ੍ਹਾਂ ਵਿਚ ਵੀ ਕੰਟੀਨਾਂ ‘ਤੇ ਸਿਗਰਟ-ਬੀੜੀਆਂ ਦੀ ਸਹੂਲਤ ਬੰਦੀਆਂ ਨੂੰ ਦਿੱਤੀ ਗਈ ਹੈ ਜਿਸ ਤੋਂ ਜੇਲ੍ਹ ਪ੍ਰਸ਼ਾਸਨ ਨੂੰ ਵੀ ਚੰਗੀ ਕਮਾਈ ਹੋ ਰਹੀ ਹੈ।
ਆਬਕਾਰੀ ਤੇ ਕਰ ਕਮਿਸ਼ਨਰ, ਪੰਜਾਬ ਵੱਲੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਦਿੱਤੇ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ 27 ਅਪਰੈਲ, 2005 ਨੂੰ ਨੋਟੀਫਿਕੇਸ਼ਨ ਕਰਕੇ ਤੰਬਾਕੂ ‘ਤੇ ਸਾਢੇ ਬਾਰਾਂ ਫੀਸਦੀ ਵੈਟ ਲਾਇਆ ਸੀ। ਉਸ ਮਗਰੋਂ 31 ਮਾਰਚ, 2010 ਨੂੰ ਨੋਟੀਫਿਕੇਸ਼ਨ ਕਰਕੇ ਤੰਬਾਕੂ ਦੀ ਵਿਕਰੀ ‘ਤੇ 10 ਫੀਸਦੀ ਸਰਚਾਰਜ ਲਾ ਦਿੱਤਾ ਗਿਆ ਸੀ। ਇਸੇ ਤਰ੍ਹਾਂ ਬੀੜੀ ਬੰਡਲ ‘ਤੇ ਸਾਢੇ 12 ਫੀਸਦੀ ਵੈਟ ਹੈ ਤੇ 10 ਫੀਸਦੀ ਸਰਚਾਰਜ ਹੈ ਜਦੋਂਕਿ ਬੀੜੀ ਦੇ ਪੱਤਿਆਂ ‘ਤੇ ਸਿਰਫ਼ ਪੰਜ ਫੀਸਦੀ ਵੈਟ ਹੀ ਲਿਆ ਜਾਂਦਾ ਹੈ ਤੇ 10 ਫੀਸਦੀ ਸਰਚਾਰਜ ਲਗਾਇਆ ਹੋਇਆ ਹੈ।
ਇਸੇ ਤਰ੍ਹਾਂ ਖੈਣੀ, ਪੰਨੀ, ਗੁਟਕਾ, ਪਾਨ ਮਸਾਲਾ ‘ਤੇ ਵੀ ਸਾਢੇ 12 ਫੀਸਦੀ ਵੈਟ ਲਾਇਆ ਗਿਆ ਸੀ। ਪੰਜਾਬ ਸਰਕਾਰ ਨੇ ਅਗਸਤ 2012 ਵਿਚ ਗੁਟਕੇ ਤੇ ਪਾਨ ਮਸਾਲੇ ‘ਤੇ ਪਾਬੰਦੀ ਲਾ ਦਿੱਤੀ। ਇਸ ਪਾਬੰਦੀ ਨਾਲ ਸਰਕਾਰੀ ਖ਼ਜ਼ਾਨੇ ਨੂੰ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਾ ਤੇ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਨੇ 15 ਅਗਸਤ, 2012 ਨੂੰ ਅੰਮ੍ਰਿਤਸਰ ਤੇ ਰੂਪਨਗਰ ਨੂੰ ਸਮੋਕ ਫਰੀ ਜ਼ਿਲ੍ਹੇ ਬਣਾਉਣ ਦਾ ਐਲਾਨ ਕੀਤਾ ਸੀ। ਹੁਣ ਮਾਨਸਾ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਗਿਆ ਹੈ।
ਸਰਕਾਰੀ ਸੂਚਨਾ ਅਨੁਸਾਰ ਪੰਜਾਬ ਵਿਚ ਤੰਬਾਕੂ ਦੇ ਡੀਲਰਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਚਨਾ ਅਨੁਸਾਰ ਪੰਜਾਬ ਸਰਕਾਰ ਨੂੰ ਸਾਲ 2007-08 ਤੋਂ ਸਾਲ 2011-12 ਦੌਰਾਨ ਤੰਬਾਕੂ ਤੋਂ 365æ13 ਕਰੋੜ ਰੁਪਏ ਦੀ ਆਮਦਨ ਹੋਈ ਹੈ। ਸਾਲ 2007-08 ਵਿਚ ਤੰਬਾਕੂ ਤੋਂ ਕਮਾਈ ਸਿਰਫ਼ 38æ06 ਕਰੋੜ ਰੁਪਏ ਸੀ ਜਦੋਂਕਿ ਇਹ ਪੰਜ ਵਰ੍ਹਿਆਂ ਵਿਚ ਸਾਲ 2011-12 ਵਿਚ ਵਧ ਕੇ 120æ18 ਕਰੋੜ ਰੁਪਏ ਹੋ ਗਈ ਹੈ। ਤੰਬਾਕੂ ਤੋਂ ਸਰਕਾਰੀ ਖ਼ਜ਼ਾਨੇ ਵਿਚ ਸਾਲ 2008-09 ਵਿਚ 49æ42 ਕਰੋੜ ਰੁਪਏ ਦੇ ਟੈਕਸ ਆਏ ਤੇ ਇਸੇ ਤਰ੍ਹਾਂ ਸਾਲ 2009-10 ਵਿਚ ਤੰਬਾਕੂ ਤੋਂ ਆਮਦਨ 61æ70 ਕਰੋੜ ਰੁਪਏ ਦੀ ਆਮਦਨ ਹੋਈ ਹੈ। ਇਸ ਤੋਂ ਇਲਾਵਾ ਸਾਲ 2010-11 ਵਿਚ ਤੰਬਾਕੂ ਤੋਂ ਆਮਦਨੀ 95æ77 ਕਰੋੜ ਰੁਪਏ ਹੋਈ ਸੀ। ਚਾਲੂ ਮਾਲੀ ਸਾਲ ਦੌਰਾਨ ਇਸ ਆਮਦਨੀ ਵਿਚ ਹੋਰ ਵਾਧਾ ਹੋਣ ਦਾ ਅਨੁਮਾਨ ਹੈ। ਨਸ਼ਿਆਂ ਵਿਚੋਂ ਸਭ ਤੋਂ ਵੱਡੀ ਕਮਾਈ ਸ਼ਰਾਬ ਤੋਂ ਹੁੰਦੀ ਹੈ ਤੇ ਦੂਸਰੇ ਨੰਬਰ ‘ਤੇ ਤੰਬਾਕੂ ਤੋਂ ਕਮਾਈ ਕਹੀ ਜਾ ਸਕਦੀ ਹੈ।
ਬਠਿੰਡਾ ਦੀ ਮੌੜ ਮੰਡੀ ਵਿਚ ਤੰਬਾਕੂ ਦਾ ਵੱਡਾ ਕਾਰੋਬਾਰ ਹੈ। ਬਠਿੰਡਾ ਜ਼ਿਲ੍ਹੇ ਨੂੰ ਤੰਬਾਕੂ ਤੋਂ ਪੰਜ ਵਰ੍ਹਿਆਂ ਵਿਚ 8æ33 ਕਰੋੜ ਰੁਪਏ ਦੀ ਆਮਦਨ ਹੋਈ ਹੈ ਜਿਸ ਵਿਚ ਵੱਡਾ ਹਿੱਸਾ ਇਕੱਲੀ ਮੌੜ ਮੰਡੀ ਦਾ ਹੈ। ਜਲੰਧਰ ਵਿਚ 13 ਫਰਮਾਂ ਵੱਲੋਂ ਤੰਬਾਕੂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਜਦੋਂਕਿ ਫਿਰੋਜ਼ਪੁਰ ਵਿਚ ਦੋ ਫਰਮਾਂ ਇਸ ਕਾਰੋਬਾਰ ਵਿਚ ਹਨ। ਇਸੇ ਤਰ੍ਹਾਂ ਕਪੂਰਥਲਾ ਜ਼ਿਲ੍ਹੇ ਵਿਚ ਚਾਰ ਫਰਮਾਂ ਇਸ ਕਾਰੋਬਾਰ ਵਿਚ ਹਨ।  ਜਨਤਕ ਥਾਵਾਂ ‘ਤੇ ਬੇਸ਼ੱਕ ਸਿਗਰਟ ਬੀੜੀ ਪੀਣ ਦੀ ਮਨਾਹੀ ਹੈ ਪਰ ਇਸ ਦੇ ਬਾਵਜੂਦ ਤੰਬਾਕੂ ਤੋਂ ਹੋਣ ਵਾਲੀ ਆਮਦਨੀ ਵਿਚ ਕੋਈ ਫਰਕ ਨਹੀਂ ਪਿਆ ਹੈ। ਪੰਜਾਬ ਵਿਚ ਨਸਵਾਰ ਟੈਕਸ ਫਰੀ ਹੈ। ਸਰਕਾਰ ਵੱਲੋਂ ਨਵੇਂ ਟੈਕਸ ਤਾਂ ਲਾਏ ਜਾ ਰਹੇ ਹਨ ਪਰ ਨਸਵਾਰ ਦੇ ਕਾਰੋਬਾਰੀ ਲੋਕਾਂ ਨੂੰ ਟੈਕਸਾਂ ਤੋਂ ਛੋਟ ਦਿੱਤੀ ਗਈ ਹੈ। ਸਰਕਾਰ ਨੇ ਇਕ ਅਪਰੈਲ, 2005 ਨੂੰ ਪਹਿਲਾਂ ਨਸਵਾਰ ‘ਤੇ ਸਾਢੇ 12 ਫੀਸਦੀ ਵੈਟ ਲਾ ਦਿੱਤਾ ਸੀ। ਮਗਰੋਂ 5 ਅਕਤੂਬਰ, 2010 ਨੂੰ ਨੋਟੀਫਿਕੇਸ਼ਨ ਕਰਾ ਕੇ ਤਤਕਾਲੀ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਹਲਕੇ ਗਿੱਦੜਬਾਹਾ ਦੇ ਨਸਵਾਰ ਕਾਰੋਬਾਰੀਆਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਸੀ।

Be the first to comment

Leave a Reply

Your email address will not be published.