ਬਿਰਧ ਬਿਰਖ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਪਿਛਲੇ ਦੋ ਲੇਖਾਂ ਵਿਚ ਡਾ. ਭੰਡਾਲ ਨੇ ਸਾਡੇ ਬਜ਼ੁਰਗਾਂ ਦੇ ਇਕੱਲੇ ਰਹਿ ਜਾਣ, ਬੱਚਿਆਂ ਦੀ ਉਨ੍ਹਾਂ ਪ੍ਰਤੀ ਲਾਪਰਵਾਹੀ ਅਤੇ ਬਜ਼ੁਰਗਾਂ ਦੇ ਸਰੋਕਾਰਾਂ ਦੀ ਗੱਲ ਕੀਤੀ ਸੀ।

ਹਥਲੇ ਲੇਖ ਵਿਚ ਉਨ੍ਹਾਂ ਬਿਰਖਾਂ ‘ਤੇ ਪਤਝੜ ਦੀ ਰੁੱਤ ਦੇ ਅਸਰ ਅਤੇ ਉਨ੍ਹਾਂ ਦੀ ਬਹਾਰ ਦੇ ਪਰਤਣ ਦੀ ਆਸ ਦੇ ਹਵਾਲੇ ਨਾਲ ਅਜੋਕੇ ਸਮੇਂ ਵਿਚ ਸਾਡੇ ਬਜ਼ੁਰਗਾਂ ਦੀ ਹਾਲਤ ਦਾ ਬਿਆਨ ਕਰਦਿਆਂ ਕਿਹਾ ਹੈ, “ਦਰਅਸਲ ਮਾਇਕ ਦੌੜ ਨੇ ਮਨੁੱਖੀ ਮਾਨਸਿਕਤਾ ਵਿਚ ਅਜਿਹਾ ਉਲਾਰ ਪੈਦਾ ਕਰ ਦਿੱਤਾ ਹੈ ਕਿ ਉਸ ਦਾ ਸਰੋਕਾਰ ਸਿਰਫ ਪੈਸੇ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ।” ਉਹ ਖਬਰਦਾਰ ਕਰਦੇ ਹਨ, “ਬਾਬੇ ਬਿਰਖਾਂ ਨੇ ਇਕ ਦਿਨ ਤੁਰ ਜਾਣਾ ਏ। ਇਸ ਤੋਂ ਪਹਿਲਾਂ ਕਿ ਸਿਰਫ ਅਫਸੋਸ ਹੀ ਸਾਡੇ ਪੱਲੇ ਰਹਿ ਜਾਵੇ, ਗਰਾਂ ਵੰਨੀਂ ਜਾਂਦੀਆਂ ਰਾਹਾਂ ਆਪਣੇ ਕਦਮਾਂ ਦੇ ਨਾਮ ਕਰੀਏ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਬੱਸ ਪੂਰੀ ਰਫਤਾਰ ‘ਤੇ ਜਾ ਰਹੀ ਏ। ਇਸ ਦੇ ਆਲੇ-ਦੁਆਲੇ ਬਿਰਖਾਂ ਦੇ ਪੱਤਿਆਂ ਦੇ ਬਦਲ ਰਹੇ ਰੰਗ ਦਿਲਕਸ਼ ਨਜ਼ਾਰੇ ਪੈਦਾ ਕਰ ਰਹੇ ਨੇ। ਕੁਝ ਕੁ ਬਿਰਖਾਂ ਦੇ ਪੱਤੇ ਝੜ ਗਏ ਨੇ, ਕੁਝ ਕੁ ਦੇ ਲਾਲ ਹੋ ਗਏ ਨੇ ਤੇ ਕੁਝ ਦੇ ਪੱਤੇ ਪੀਲੇ। ਮੈਂ ਆਪਣੇ ਸਾਥੀ ਨੂੰ ਇਸ ਦ੍ਰਿਸ਼ ਵੰਨੀ ਇਸ਼ਾਰਾ ਕਰਕੇ ਕਹਿੰਦਾ ਹਾਂ, “ਦੇਖ! ਕੁਦਰਤ ਦੀ ਕਲਾਕਾਰੀ, ਬਿਰਖਾਂ ਉਪਰ ਵੱਖ ਵੱਖ ਰੰਗਾਂ ਦਾ ਛੱਟਾ ਅਤੇ ਇਸ ਨਾਲ ਪੈ ਰਿਹਾ ਬੱਝਵਾਂ ਪ੍ਰਭਾਵ। ਇਹ ਕੁਦਰਤ ਦੀਆਂ ਰੰਗੀਨੀਆਂ ਹੀ ਨੇ ਜੋ ਮਨੁੱਖੀ ਜ਼ਿੰਦਗੀ ਦਾ ਹਾਸਲ ਬਣ ਕੇ, ਉਸ ਨੂੰ ਹਰ ਸਾਹ ਵਿਚ ਸੁਹੱਪਣ ਭਰਨ ਲਈ ਪ੍ਰੇਰਿਤ ਕਰਦੀਆਂ ਨੇ।”
ਮੇਰਾ ਸਾਥੀ ਜਵਾਬ ਦਿੰਦਾ ਹੈ, “ਇਨ੍ਹਾਂ ਬਿਖਰੇ ਰੰਗਾਂ ਦੀ ਖੂਬਸੂਰਤੀ ਪ੍ਰਤੀ ਹੀ ਨਾ ਸੋਚੋ! ਜ਼ਰਾ ਕੁ ਸੋਚੋ! ਬਿਰਖ ਨੂੰ ਕਿੰਨਾ ਦਰਦ ਹੁੰਦਾ ਹੋਵੇਗਾ ਜਦ ਹਰ ਕਚੂਰ ਪੱਤਾ ਆਪਣੀ ਅਉਧ ਪੁਗਾ ਹਰੇ ਤੋਂ ਪੀਲਾ ਤੇ ਲਾਲ ਹੋ ਸ਼ਾਖ ਨੂੰ ਅਲਵਿਦਾ ਕਹਿੰਦਾ ਹੋਵੇਗਾ ਅਤੇ ਸ਼ਾਖ ਵਿਚਾਰੀ ਨੰਗੇ ਪਿੰਡੇ, ਕਹਿਰਾਂ ਦੀ ਸਰਦੀ ਸਹਿਣ ਲਈ ਮਜਬੂਰ ਹੁੰਦੀ ਹੋਵੇਗੀ। ਕਦੇ ਉਸ ਗਮ ਦਾ ਕਿਆਸ ਕਰ ਜੋ ਆਪਣੇ ਹਿੱਸੇ ਦੇ ਟੁੱਟਣ ਨਾਲ ਹੁੰਦਾ ਏ ਤੇ ਜੋ ਲੋਕ ਉਸ ਦੀ ਪੀੜ ਨੂੰ ਅੰਦਰ ਉਤਾਰ ਕੇ ਜਿਉਂਦੇ ਨੇ, ਉਹ ਧੰਨ ਹਨ।”
ਮੈਂ ਠਠੰਬਰ ਗਿਆ। ਸੋਚਣ ਲੱਗਾ, ਇਹ ਵਿਚਾਰ ਮੇਰੇ ਮਨ ਵਿਚ ਕਿਉਂ ਨਾ ਆਇਆ? ਅਸੀਂ ਕਿੰਨਾ ਕੁ ਸੰਵੇਦਨਸ਼ੀਲ ਰਹਿ ਗਏ ਹਾਂ? ਕਿੰਨਾ ਕੁ ਅਹਿਸਾਸ ਹੁੰਦਾ ਹੈ ਜਦ ਸਾਡਾ ਆਪਣਾ ਸਾਥੋਂ ਦੂਰ ਤੁਰ ਜਾਂਦਾ ਹੈ ਜਾਂ ਸਦਾ ਲਈ ਦੂਰ ਤੁਰ ਜਾਣ ਦੀਆਂ ਤਿਆਰੀਆਂ ਅਰੰਭਦਾ ਹੈ।
ਬਿਰਖ, ਜੀਵਨ ਦੀਆਂ ਕਦਰਾਂ-ਕੀਮਤਾਂ ਦੀ ਜਿਉਂਦੀ ਹੋਂਦ। ਸੁੱਚੇ ਸਰੋਕਾਰਾਂ ਦਾ ਵਿਸਥਾਰ। ਹਰ ਇਕ ਲਈ ਆਕਸੀਜ਼ਨ ਤੇ ਠੰਢੜੀ ਛਾਂ। ਪਰਿੰਦਿਆਂ ਦਾ ਗਰਾਂ। ਸੱਥਾਂ ਦੇ ਜੁੜਨ ਦਾ ਸਬੱਬ ਤੇ ਪਿੰਡ ਦੀ ਮੋੜ੍ਹੀ ਗੱਡਣ ਦਾ ਜੁਗਾੜ।
ਇਹ ਕੁਦਰਤ ਦਾ ਨਿਯਮ ਹੈ ਕਿ ਹਰ ਇਕ ਨੇ ਆਪਣੀ ਉਮਰ ਵਿਹਾ ਕੇ ਤੁਰ ਜਾਣਾ ਏ। ਪਰ ਜੇ ਉਸ ਦੇ ਜਾਣ ਵਿਚ ਸੁਖਨ ਹੋਵੇ, ਸ਼ੋਭਾ ਹੋਵੇ, ਸਹਿਜ ਹੋਵੇ, ਸੰਤੁਸ਼ਟੀ ਹੋਵੇ ਤਾਂ ਜਾਣਾ ਸਫਲ ਹੁੰਦਾ ਏ ਨਹੀਂ ਤਾਂ ਉਸ ਦਾ ਜਾਣਾ ਵੀ ਕਈ ਪ੍ਰਸ਼ਨਾਂ ਨੂੰ ਜਨਮ ਦਿੰਦਾ ਹੈ।
ਜ਼ਿੰਦਗੀ ਨੂੰ ਭਰਪੂਰਤਾ ਨਾਲ ਜਿਉਣ ਵਾਲੇ ਸ਼ਖਸ ਇਕੱਲ ਦੇ ਸ਼ਿਕਾਰ ਹਨ। ਲੋਕਾਂ ਨੂੰ ਮੱਤਾਂ ਦੇਣ ਵਾਲਾ ਸ਼ਰੀਕਾਂ ਤੇ ਰਿਸ਼ਤੇਦਾਰਾਂ ਦੀਆਂ ਨਸੀਹਤਾਂ ਦੀ ਜਕੜ ਵਿਚ ਆ ਕੇ ਤਿਲ ਮਿਲਾ ਰਿਹਾ ਏ। ਹਰ ਇਕ ਦੇ ਕੰਮ ਆਉਣ ਵਾਲੇ ਇਨਸਾਨ ਨੂੰ ਕੋਈ ਵੀ ਡਾਕਟਰ ਕੋਲ ਲਿਜਾਣ ਲਈ ਤਿਆਰ ਨਹੀਂ? ਹਰ ਕੋਈ ਇਹ ਧਾਰਨਾ ਮਨ ‘ਚ ਪਾਲ ਚੁਕਾ ਏ ਕਿ ਇਸ ਦੇ ਕੰਮ ਆਉਣ ਨਾਲ ਕਿਹੜਾ ਲਾਭ ਹੋਣਾ ਏ? ਜਮੀਨ ਤਾਂ ਧੀਆਂ ਨੇ ਸਾਂਭ ਲੈਣੀ ਏ, ਜੋ ਪਰਦੇਸੀਂ ਵਸਦੀਆਂ ਨੇ। ਤੇ ਹੁਣ ਧੀਆਂ ਕੋਲ ਵੀ ਵਿਹਲ ਨਹੀਂ, ਆਪਣੇ ਬਾਪ ਦੀ ਸਾਰ ਲੈਣ ਦੀ। ਪਰ ਬਾਪ ਦੇ ਮਰਨ ਤੋਂ ਬਾਅਦ ਉਸ ਦੀ ਜਾਇਦਾਦ ਦੀਆਂ ਵੰਡੀਆਂ ਪਾਉਣ ਜ਼ਰੂਰ ਪਹੁੰਚ ਜਾਣਗੀਆਂ।
ਕਿਹੋ ਜਿਹੀ ਸਮਾਜਿਕ ਅਰਾਜਕਤਾ ‘ਚੋਂ ਅਸੀਂ ਗੁਜ਼ਰ ਰਹੇ ਹਾਂ! ਕੀ ਅਜਿਹੇ ਰਿਸ਼ਤਿਆਂ ਲਈ ਹੀ ਮਾਨਵ ਸਮਾਜਿਕ ਪ੍ਰਾਣੀ ਬਣਿਆ ਸੀ? ਕੀ ਸਾਡੇ ਮਨਾਂ ‘ਚੋਂ ਰਹਿਮ ਮਰ ਚੁਕਾ ਏ? ਕੀ ਸਾਡੀਆਂ ਸੋਚਾਂ ‘ਚੋਂ ਸੇਵਾ-ਭਾਵਨਾ ਲੁਪਤ ਹੋ ਚੁਕੀ ਹੈ? ਕੀ ਅਸੀਂ ਰਿਸ਼ਤਿਆਂ ਦੀ ਅਰਥੀ ਢੋਣ ਦਾ ਦੰਭ ਤਾਂ ਨਹੀਂ ਕਰ ਰਹੇ? ਸਭ ਭੈਣ-ਭਰਾ, ਪੁੱਤ-ਧੀਆਂ ਤੇ ਰਿਸ਼ਤੇਦਾਰ ਛਿਲੜਾਂ ਦੀਆਂ ਨੀਂਹਾਂ ‘ਤੇ ਹੀ ਮੋਹ ਨੂੰ ਤਾਮੀਰ ਕਰਨ ਦਾ ਦਿਖਾਵਾ ਕਰਦੇ ਨੇ ਤੇ ਜਿਹੜੀ ਜੇਬ ਖਾਲੀ ਹੋਣ ‘ਤੇ ਆਪਣੇ ਆਪ ਢਹਿ ਢੇਰੀ ਹੋ ਜਾਂਦੀ ਏ।
ਦਰਅਸਲ ਮਨੁੱਖ ਸੋਚਦਾ ਏ ਕਿ ਉਹ ਸਦੀਵੀ ਏ, ਸਮਰੱਥ ਏ, ਸਿਹਤਮੰਦ ਏ ਤੇ ਸੰਭਾਵਨਾਵਾਂ ਨੂੰ ਸੰਪੂਰਨ ਕਰਨ ਦੇ ਯੋਗ ਏ। ਉਸ ਨੂੰ ਕਿਸੇ ਦੀ ਲੋੜ ਨਹੀਂ। ਉਹ ਇਕੱਲਾ ਹੀ ਜ਼ਿੰਦਗੀ ਜਿਉਣ ਦੇ ਕਾਬਲ ਏ ਪਰ ਉਸ ਨੂੰ ਭਰਮ ਏ। ਇਕੱਲਾ ਤਾਂ ਬਿਰਖ ਵੀ ਉਦਾਸ ਹੋ ਜਾਂਦਾ ਏ। ਰੁੱਤਾਂ, ਨਿਖਸਮੇ ਬਿਰਖ ਦੇ ਵਿਹੜੇ ਦਸਤਕ ਨਹੀਂ ਦਿੰਦੀਆਂ। ਪਰਿੰਦੇ ਆਲ੍ਹਣਾ ਨਹੀਂ ਪਾਉਂਦੇ ਤੇ ਬਿਰਖ ਹੌਲੀ-ਹੌਲੀ ਇਕ ਹਉਕਾ ਬਣ ਜਾਂਦਾ ਏ।
ਬੁੱਢਾ ਬਿਰਖ ਬਿਨ ਪੱਤਿਉਂ ਵੀ, ਬਰਫਾਂ ਸਹਾਰਦਾ ਠੰਢ ਵਿਚ ਅਡੋਲ ਰਹਿੰਦਾ ਏ ਕਿਉਂਕਿ ਉਸ ਦੀ ਆਸ ਜਿਉਂਦੀ ਏ। ਉਸ ਨੂੰ ਆਸ ਹੁੰਦੀ ਏ ਕਿ ਧਰਤੀ ‘ਤੇ ਵਿਛੇ ਹੋਏ ਸੁੱਕੇ ਪੱਤੇ ਕਿਤੇ ਨਹੀਂ ਜਾਣਗੇ। ਇਹ ਕੁਝ ਸਮੇਂ ਬਾਅਦ ਕਰੂੰਬਲਾਂ ਦੇ ਰੂਪ ਵਿਚ ਸ਼ਾਖਾਵਾਂ ‘ਤੇ ਦਸਤਕ ਦੇਣਗੇ ਤੇ ਫਿਰ ਹੌਲੀ-ਹੌਲੀ ਇਕ ਬਹਾਰ ਮੇਰਾ ਨਸੀਬ ਬਣੇਗੀ ਤੇ ਇਕ ਖੇੜਾ ਮੇਰਾ ਹਾਸਲ ਹੋਵੇਗਾ।
ਬਿਰਖ, ਬੇਆਸ ਤੋਂ ਆਸ ਦੀ ਕਿਰਨ। ਬੇਉਮੀਦੀ ਤੋਂ ਉਮੀਦ ਦਾ ਚੜ੍ਹਦਾ ਸੂਰਜ। ਪੀੜ ਤੋਂ ਹੁਲਾਸ ਦੀ ਯਾਤਰਾ। ਦਰਦ ਤੋਂ ਖੁਸ਼ੀਆਂ ਦੇ ਮੇਲੇ ਦੀ ਆਮਦ। ਵਿਛੜਨ ਤੋਂ ਫਿਰ ਮਿਲਣ ਦੀ ਪਰਿਭਾਸ਼ਾ ਤੇ ਮਰ ਰਹੇ ਅਹਿਸਾਸਾਂ ਨੂੰ ਜੱਗ ਜਿਉਣ ਦੀ ਅਭਿਲਾਸ਼ਾ।
ਬਿਰਖ ਦੇ ਦਰੀਂ ਜਦ ਪਤਝੜ ਦਸਤਕ ਦਿੰਦੀ ਏ ਤਾਂ ਉਹ ਨਸੀਬਾਂ ਨੂੰ ਚੁਣੌਤੀ ਹੁੰਦੀ ਏ, ਕਰਮਸ਼ੀਲਤਾ ਲਈ ਵੰਗਾਰ, ਜੀਵਨ-ਜਾਚ ਨੂੰ ਲਲਕਾਰ ਤੇ ਇਸ ਦਾ ਸਾਹਮਣਾ ਕਰਕੇ ਹੀ ਬਿਰਖ ਸਮਿਆਂ ਦਾ ਹਾਣੀ ਹੋ ਸਕਦਾ ਹੈ।
ਹਰ ਬਿਰਖ ਨੂੰ ਆਪਣੀਆਂ ਸ਼ਾਖਾਵਾਂ ਨਾਲ ਪਿਆਰ ਹੁੰਦਾ ਏ। ਇਸ ਦੇ ਆਲ੍ਹਣਿਆਂ ਵਿਚ ਰਹਿੰਦੇ ਪਰਿੰਦਿਆਂ ਨਾਲ ਮੋਹ ਹੁੰਦਾ ਏ। ਇਨ੍ਹਾਂ ਦੇ ਦੂਰ ਉਡਾਰੀ ਮਾਰਨ ‘ਤੇ ਮਨ ਵਿਚ ਸੋਗ ਉਪਜਦਾ ਏ ਪਰ ਉਸ ਨੂੰ ਪਰਿੰਦਿਆਂ ਦੇ ਪਰਤ ਆਉਣ ਦੀ ਆਸ ਹੁੰਦੀ ਏ। ਪਰ ਜੇ ਪਰਿੰਦੇ ਹੁੰਗਾਰਾ ਹੀ ਨਾ ਭਰਨ, ਸਾਰ ਹੀ ਨਾ ਲੈ, ਤਾਂ ਬਿਰਖ ਨਿਰਾਸ਼ਾ ਦੀ ਦਲਦਲ ਵਿਚ ਧਸਦਾ ਆਪਣੀ ਹੋਂਦ ਹੀ ਗਵਾ ਬਹਿੰਦਾ ਹੈ।
ਅਸੀਂ ਬੁੱਢੇ ਬਿਰਖਾਂ ਤੋਂ ਉਡਾਰੀ ਮਾਰ ਕੇ ਬਹੁਤ ਦੂਰ ਆ ਗਏ ਹਾਂ। ਬਿਰਖ ‘ਤੇ ਖੁਸ਼ੀਆਂ ਦੀ ਬਹਾਰ ਤੇ ਗਮਾਂ ਦੀ ਪਤਝੜ ਆਉਂਦੀ ਹੈ ਤੇ ਉਹ ਲੋੜਦੇ ਨੇ ਕਿ ਅਸੀਂ ਕਦੇ ਨਾ ਕਦੇ ਤਾਂ ਉਨ੍ਹਾਂ ਬਾਬੇ ਬਿਰਖਾਂ ਦੀ ਠੰਢੀ ਛਾਂ ਮਾਣੀਏ ਤੇ ਉਨ੍ਹਾਂ ਦੀ ਸੰਗਤ ਵਿਚ ਸੰਗੀਤਕ ਫਿਜ਼ਾ ਦਾ ਲੁਤਫ ਲਈਏ। ਉਨ੍ਹਾਂ ਦੀ ਤਮੰਨਾ ਹੈ, ਉਹ ਪਰਾਏ ਹੋਏ ਹਿੱਸਿਆਂ ਦੇ ਨਾਮ ਰਿਸ਼ਤਿਆਂ ਦੀ ਪਾਕੀਜ਼ਗੀ ਤੇ ਪਰਪੱਕਤਾ ਦਾ ਐਲਾਨਨਾਮਾ ਕਰਨ। ਉਨ੍ਹਾਂ ਦੀ ਚਾਹਨਾ ਹੈ ਕਿ ਕਦੇ ਉਨ੍ਹਾਂ ਦੇ ਵਿਹੜੇ ਨੂੰ ਪੰਛੀਆਂ ਦੇ ਚਹਿਕਣ ਤੇ ਜੁੜਦੀਆਂ ਸੱਥਾਂ ਦਾ ਸਾਥ ਨਸੀਬ ਹੋਵੇ ਤੇ ਉਹ ਖੁਸ਼ਨਸੀਬੀ ਦੇ ਬੇਨਜ਼ੀਰ ਪਲਾਂ ਨੂੰ ਜ਼ਿੰਦਗੀ ਦਾ ਸਰਮਾਇਆ ਬਣਾ ਸਕਣ।
ਦਰਅਸਲ ਮਾਇਕ ਦੌੜ ਨੇ ਮਨੁੱਖੀ ਮਾਨਸਿਕਤਾ ਵਿਚ ਅਜਿਹਾ ਉਲਾਰ ਪੈਦਾ ਕਰ ਦਿੱਤਾ ਹੈ ਕਿ ਉਸ ਦਾ ਸਰੋਕਾਰ ਸਿਰਫ ਪੈਸੇ ਤੱਕ ਹੀ ਸੀਮਤ ਹੋ ਕੇ ਰਹਿ ਗਿਆ।
ਮੇਰਾ ਮਿੱਤਰ ਕਹਿੰਦਾ ਹੈ, “ਜ਼ਰਾ ਕੁ ਸੋਚੀਂ! ਕਿੰਨੇ ਕੁ ਲੋਕ ਅਹਿਸਾਸਾਂ ਦੀ ਗੱਲ ਕਰਦੇ ਨੇ, ਅਹਿਸਾਸਾਂ ਸੰਗ ਜਿਉਂਦੇ ਨੇ ਤੇ ਅਹਿਸਾਸਾਂ ਨਾਲ ਰਿਸ਼ਤਿਆਂ ਨੂੰ ਨਿਭਾਉਂਦੇ ਨੇ। ਤੂੰ ਅਹਿਸਾਸਾਂ ਦੀ ਗੱਲ ਕਰਦਾ ਏਂ, ਇਥੇ ਤਾਂ ਕਿਸੇ ਕੋਲ ਆਪਣੇ ਆਪ ਨੂੰ ਵੀ ਮਿਲਣ ਦਾ ਵਕਤ ਨਹੀਂ।” ਸੱਚੀਂ! ਮਸ਼ੀਨੀ ਜ਼ਿੰਦਗੀ ਜਿਉਂਦੇ ਲੋਕ ਅਹਿਸਾਸ-ਭਕੁੰਨੇ ਨਹੀਂ ਹੋ ਸਕਦੇ।
ਬਾਬੇ ਬਿਰਖਾਂ ਨੇ ਇਕ ਦਿਨ ਤੁਰ ਜਾਣਾ ਏ। ਇਸ ਤੋਂ ਪਹਿਲਾਂ ਕਿ ਸਿਰਫ ਅਫਸੋਸ ਹੀ ਸਾਡੇ ਪੱਲੇ ਰਹਿ ਜਾਵੇ, ਗਰਾਂ ਵੰਨੀਂ ਜਾਂਦੀਆਂ ਰਾਹਾਂ ਆਪਣੇ ਕਦਮਾਂ ਦੇ ਨਾਮ ਕਰੀਏ।
ਜ਼ਿੰਦਗੀ ‘ਚੋਂ ਬਿਰਖ ਨੂੰ ਵਿਸਾਰਨ ਵਾਲਾ ਸ਼ਖਸ ਕੁਦਰਤ ਦੀ ਤੌਹੀਨ, ਵਕਤ ਦੇ ਦੀਦਿਆਂ ਦਾ ਖਾਰਾ ਅੱਥਰੂ, ਮਾਨਵਤਾ ‘ਤੇ ਗੜਿਆਂ ਦੀ ਮਾਰ ਅਤੇ ਮਾਨਵੀ ਸਰੋਕਾਰਾਂ ਦੀ ਦੁਰਕਾਰ।
ਬਿਰਖ, ਸਮੁੱਚੀ ਜੀਵ ਪ੍ਰਣਾਲੀ ਦਾ ਆਧਾਰ। ਕੁਦਰਤੀ ਨੇਮਾਂ ਦਾ ਸੁੱਚਾ ਸਿਰਨਾਂਵਾਂ। ਜੱਗ ਨੂੰ ਸਭ ਕੁਝ ਵੰਡਣ ਵਾਲਾ ਕਰਮਯੋਗੀ। ਸਭ ਤੋਂ ਵੱਡਾ ਦਾਨੀ ਤੇ ਇਸ ਨੂੰ ਆਪਣੀ ਸੋਚ ‘ਚੋਂ ਹੀ ਨਕਾਰਨਾ, ਸਾਡੀ ਸਭ ਤੋਂ ਵੱਡੀ ਨਾਦਾਨੀ। ਇਕ ਨਾ ਬਖਸ਼ਣਯੋਗ ਭੁੱਲ।
ਦੁਨਿਆਵੀ ਸੁੱਖ-ਸੁਵਿਧਾਵਾਂ ਨਾਲ ਲਬਰੇਜ਼ ਅਤੇ ਜੀਵਨ-ਦੌੜ ਦੇ ਰੋਬੋਟੋ! ਬਾਬੇ ਬਿਰਖਾਂ ਦੇ ਵਿਹੜੇ ਤੁਹਾਨੂੰ ਉਡੀਕਦੇ ਨੇ। ਉਨ੍ਹਾਂ ਦੇ ਦਰਾਂ ਦੀ ਦਸਤਕ ਬਣੋ। ਤੁਹਾਡੇ ਮਨ ਦੇ ਸੂਖਮ-ਭਾਵ, ਬਾਬੇ ਬਿਰਖਾਂ ਦੀ ਨੀਰਸ ਜ਼ਿੰਦਗੀ ਦੇ ਵਿਹੜੇ ਹਸਦੇ ਤੇ ਜਿਉਂਦੇ ਪਲਾਂ ਦਾ ਨਿਉਂਦਾ ਦੇਣਗੇ।