ਗੱਲ ਸਿਰਫ ਇਕ ਕਾਲਜ ਦੇ ਨਾਮ ਦੀ ਨਹੀਂ…

ਦਿੱਲੀ ਦੇ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਮ ਬਦਲ ਕੇ ‘ਵੰਦੇ ਮਾਤਰਮ’ ਕਾਲਜ ਰੱਖਣ ਦਾ ਮਾਮਲਾ ਬਹੁਤ ਭਖ ਗਿਆ ਹੈ। ਹਰ ਸੰਜੀਦਾ ਸ਼ਖਸ ਅਤੇ ਸੰਸਥਾ ਨੇ ਇਸ ਦਾ ਵਿਰੋਧ ਕੀਤਾ ਹੈ। ਕਾਰਨ ਇਹ ਹੈ ਕਿ ਹਿੰਦੂ ਕੱਟੜਪੰਥੀ, ਮੁਲਕ ਦਾ ਸਾਰਾ ਕੁਝ ਆਪਣੇ ਹਿੰਦੂਤਵੀ ਏਜੰਡੇ ਮੁਤਾਬਕ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲੇਖ ਵਿਚ ਅਭੈ ਸਿੰਘ ਨੇ ਕੱਟੜਪੰਥੀਆਂ ਦੇ ਇਸੇ ਮਕਸਦ ਵੱਲ ਇਸ਼ਾਰਾ ਕੀਤਾ ਹੈ ਅਤੇ ਹੋਕਾ ਦਿੱਤਾ ਹੈ ਕਿ ਇਸ ਕੋਸ਼ਿਸ਼ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

-ਸੰਪਾਦਕ

ਅਭੈ ਸਿੰਘ
ਫੋਨ: +91-98783-75903

ਦਿੱਲੀ ਦੇ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਮ ਬਦਲ ਕੇ ‘ਵੰਦੇ ਮਾਤਰਮ’ ਕਾਲਜ ਰੱਖ ਦਿੱਤਾ ਗਿਆ ਹੈ। ਸਵਾਲ ਸਿਰਫ਼ ਕਾਲਜ ਮੈਨੇਜਮੈਂਟ ਦੇ ਅਖ਼ਤਿਆਰ ਦਾ ਨਹੀਂ, ਸਿਰਫ਼ ਇਕ ਕਾਲਜ ਦਾ ਨਾਮ ਬਦਲਣ ਦਾ ਨਹੀਂ, ਸਵਾਲ ਉਸ ਰੁਝਾਨ ਦਾ ਹੈ ਜਿਸ ਦੀਆਂ ਅਲਾਮਤਾਂ, ਬੁਰੇ ਹਾਲਾਤ ਦਾ ਇਸ਼ਾਰਾ ਕਰਦੀਆਂ ਹਨ। ਕਾਲਜ ਦਾ ਇਹ ਨਾਮ 70 ਸਾਲ ਤੋਂ ਚੱਲ ਰਿਹਾ ਹੈ। ਇਹ ਨਾਮ ਲੋਕਾਂ ਦੇ ਮੂੰਹ ‘ਤੇ ਚੜ੍ਹਿਆ ਹੋਇਆ ਹੈ। ਇਸ ਕਾਲਜ ਨੂੰ ਸ਼ਾਮ ਦੀ ਬਜਾਏ ਦਿਨ ਦਾ ਕਾਲਜ ਬਣਾਉਣ ਵੇਲੇ ਨਾਮ ਬਦਲਣ ਦੀ ਕੋਈ ਲੋੜ ਨਹੀਂ। ਸਰਦਾਰ ਦਿਆਲ ਸਿੰਘ ਮਜੀਠੀਆ ਦੀ ਸ਼ਖ਼ਸੀਅਤ ਦੀ ਗੱਲ ਵੱਖਰੀ, ਸਭ ਤੋਂ ਪਹਿਲਾ ਮੁੱਦਾ ਤਾਂ ਇਹ ਹੈ ਕਿ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਇਸ ਨਾਮ ਦੇ ਨਾਲ ਹੀ ਯਾਦ ਜੁੜੀ ਹੁੰਦੀ ਹੈ, ਉਨ੍ਹਾਂ ਦੇ ਸਰਟੀਫੀਕੇਟਾਂ ਉਪਰ ਇਸ ਕਾਲਜ ਦਾ ਨਾਮ ਹੈ। ਉਨ੍ਹਾਂ ਵਾਸਤੇ ਅਜਿਹਾ ਮਹਿਸੂਸ ਹੋਵੇਗਾ ਕਿ ਜਿਸ ਕਾਲਜ ਦੇ ਉਹ ਵਿਦਿਆਰਥੀ ਰਹੇ, ਉਹ ਹੁਣ ਮੌਜੂਦ ਨਹੀਂ।
ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਲਾਹੌਰ ਵਿਚ ਵੀ ਦਿਆਲ ਸਿੰਘ ਕਾਲਜ, ਦਿਆਲ ਸਿੰਘ ਲਾਇਬ੍ਰੇਰੀ ਤੇ ਦਿਆਲ ਸਿੰਘ ਕਾਲਜ ਰੋਡ ਹੈ, ਪਰ ਉਨ੍ਹਾਂ ਦਾ ਨਾਮ ਨਹੀਂ ਬਦਲਿਆ ਗਿਆ। ਹਾਂ, ਇਕ ਵਾਰ ਉਥੇ ਵੀ ਕੁਝ ਕੱਟੜਪੰਥੀ ਲੋਕ, ਜਾਂ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਦੀ ਆਰ.ਐਸ਼ਐਸ਼ ਜਮਾਤ ਦੇ ਬੰਦਿਆਂ ਨੇ ਕਾਲਜ ਦਾ ਨਾਮ ਬਦਲ ਕੇ ‘ਦਾਤਾ ਸਾਹਿਬ ਕਾਲਜ’ ਰੱਖਣ ਦੀ ਕੋਸ਼ਿਸ਼ ਕੀਤੀ ਸੀ, ਪਰ ਰੌਸ਼ਨ-ਖਿਆਲ ਲੋਕਾਂ ਨੇ ਇਸ ਦਾ ਬਹੁਤ ਵਿਰੋਧ ਕੀਤਾ ਤੇ ਆਖੀਰ ਕਾਲਜ ਦਾ ਨਾਮ ਬਰਕਰਾਰ ਰੱਖਿਆ ਗਿਆ। ਉਨ੍ਹਾਂ ਰੌਸ਼ਨ-ਖਿਆਲਾਂ ਵਿਚੋਂ ਮੋਹਰੀ, ਉਸ ਕਾਲਜ ਦੇ ਅਰਥ ਸ਼ਾਸਤਰ ਦੇ ਅਧਿਆਪਕ ਪ੍ਰੋਫੈਸਰ ਮੁਸਤਫ਼ਾ ਨੇ ਦਿੱਲੀ ਦੇ ਕਾਲਜ ਦਾ ਨਾਮ ਬਦਲਣ ਦੀ ਗੱਲ ਸੁਣੀ ਤਾਂ ਦੁੱਖ ਦਾ ਇਜ਼ਹਾਰ ਕੀਤਾ ਹੈ।
ਕਿਸੇ ਸਾਧਾਰਨ ਜ਼ਰੂਰਤ ਕਰ ਕੇ ਕਾਲਜ ਦਾ ਨਾਮ ਬਦਲਣਾ ਵੀ ਮੰਨਿਆ ਜਾ ਸਕਦਾ ਸੀ, ਪਰ ਸਭ ਜਾਣਦੇ ਹਾਂ ਕਿ ਇਸ ਦੇ ਅਸਲੀ ਕਾਰਨ ਕੁਝ ਹੋਰ ਹਨ। ਇਕ ਤਾਂ ‘ਵੰਦੇ ਮਾਤਰਮ’ ਦੇ ਵਿਵਾਦ ਨੂੰ ਉਛਾਲਣਾ ਚਾਹਿਆ ਹੈ। ਸਭ ਜਾਣਦੇ ਹਨ ਕਿ ਜਿਨ੍ਹਾਂ ਨੂੰ ‘ਵੰਦੇ ਮਾਤਰਮ’ ਪਸੰਦ ਨਹੀਂ, ਉਨ੍ਹਾਂ ਕੋਲ ਨਾਪਸੰਦਗੀ ਦੀਆਂ ਠੋਸ ਦਲੀਲਾਂ ਹਨ। ਠੀਕ ਹੈ ਕਿ ਇਹ ਨਾਮ ਜਾਂ ਨਾਅਰਾ ਦੇਸ਼ ਦੀ ਪਾਰਲੀਮੈਂਟ ਦਾ ਪਾਸ ਕੀਤਾ ਹੋਇਆ ਹੈ। ਇਸ ਦੀ ਕਦੇ ਕਦੇ ਵਰਤੋਂ ਹੁੰਦੀ ਰਹੀ ਹੈ, ਕਦੇ ਨਹੀਂ ਹੁੰਦੀ ਰਹੀ। ਕੌਮੀ ਤਰਾਨੇ ਵਜੋਂ ਹਮੇਸ਼ਾ ‘ਜਨ ਗਣ ਮਨ’ ਹੀ ਪ੍ਰਚਲਤ ਰਿਹਾ, ਤੇ ਕੋਈ ਖਾਸ ਇਤਰਾਜ਼ ਪੈਦਾ ਨਹੀਂ ਹੁੰਦਾ ਰਿਹਾ। ਇਸ ਨੂੰ ਪਿਛਲੇ ਕੁਝ ਸਮੇਂ ਤੋਂ ਹੀ ਮੁੱਦਾ ਬਣਾਇਆ ਜਾ ਰਿਹਾ ਹੈ; ਹਾਲਾਂਕਿ ਕੁਝ ਸਮਝ ਨਹੀਂ ਆਉਂਦੀ ਕਿ ‘ਰਾਸ਼ਟਰ ਗਾਨ’ ਅਤੇ ‘ਰਾਸ਼ਟਰ ਗੀਤ’ ਇਕ ਕਿਉਂ। ਪਤਾ ਨਹੀਂ ਕਿਸੇ ਹੋਰ ਮੁਲਕ ਵਿਚ ਵੀ ਇਸ ਤਰ੍ਹਾਂ ਹੈ ਜਾਂ ਨਹੀਂ!
ਇਸ ਦੇ ਨਾਲ ਹੀ ਸਾਨੂੰ ਇਹ ਤਸਲੀਮ ਕਰਨ ਵਿਚ ਕੋਈ ਝਿਜਕ ਨਹੀਂ ਕਿ ਸਰਦਾਰ ਦਿਆਲ ਸਿੰਘ ਮਜੀਠੀਆ ਦਾ ਤਾਲੀਮ ਦੇ ਖੇਤਰ ਵਿਚ ਯੋਗਦਾਨ ਬਹੁਤ ਅਹਿਮ ਰਿਹਾ ਹੈ। ਉਨ੍ਹਾਂ ਨੇ ਅਜਿਹੇ ਵੇਲਿਆਂ ਵਿਚ ਸਕੂਲਾਂ ਕਾਲਜਾਂ ਵਾਸਤੇ ਜ਼ਮੀਨਾਂ ਦਿੱਤੀਆਂ ਜਦੋਂ ਅਜੇ ਸਿੱਖਿਆ ਦੇ ਮਹੱਤਵ ਦਾ ਦੌਰ ਹੀ ਸ਼ੁਰੂ ਨਹੀਂ ਹੋਇਆ ਸੀ। ਇਹ ਨਹੀਂ ਕਿਹਾ ਜਾ ਸਕਦਾ ਕਿ ਦਿਆਲ ਸਿੰਘ ਨੇ ਉਹ ਜ਼ਮੀਨਾਂ ਆਪਣੇ ਨਾਮ ਵਾਸਤੇ ਦਿੱਤੀਆਂ, ਪਰ ਉਨ੍ਹਾਂ ਦਾ ਨਾਮ ਰਹਿਣ ਨਾਲ ਸਿੱਖਿਆ ਵਾਸਤੇ ਕੁਝ ਕਰਨ ਦੀ ਪ੍ਰੇਰਨਾ ਦਾ ਅਹਿਸਾਸ ਰਹਿੰਦਾ ਹੈ। ਇਸ ਨਾਲ ਸਿੱਖਿਆ ਦੇ ਖੇਤਰ ਵਿਚ ਉਪਰਾਲਿਆਂ ਦੀ ਇਤਿਹਾਸਕ ਅਹਿਮੀਅਤ ਮਿਲਦੀ ਹੈ।
ਦਿਆਲ ਸਿੰਘ ਮਜੀਠੀਆ ਨੇ ਲਾਹੌਰ ਤੋਂ ਅੰਗਰੇਜ਼ੀ ਦਾ ਅਖ਼ਬਾਰ ‘ਟ੍ਰਿਬਿਊਨ’ ਜਾਰੀ ਕੀਤਾ ਸੀ। ਅੱਜ ਅਖ਼ਬਾਰਾਂ ਦੇ ਢੇਰ ਲੱਗੇ ਹਨ, ਪਰ ਜਿਸ ਜ਼ਮਾਨੇ ਵਿਚ ਇਹ ਅਖ਼ਬਾਰ ਤੇ ਇਸ ਦਾ ਆਪਣਾ ਪ੍ਰੈਸ ਲਗਾਇਆ ਗਿਆ, ਉਦੋਂ ਇਹ ਬਹੁਤ ਵੱਡੀ ਗੱਲ ਸੀ। ਦੇਸ਼ ਦੀ ਤਕਸੀਮ ਤੋਂ ਬਾਅਦ ‘ਟ੍ਰਿਬਿਊਨ’ ਦਾ ਦਫ਼ਤਰ ਅੰਬਾਲਾ ਤਬਦੀਲ ਹੋਇਆ, ਫਿਰ ਚੰਡੀਗੜ੍ਹ ਆਏ। ਹੋਰ ਲੋਕਾਂ ਨੇ ਵੀ ਇਸ ਅਦਾਰੇ ਵਾਸਤੇ ਯੋਗਦਾਨ ਕੀਤਾ, ਪਰ ਅੱਜ ਵੀ ‘ਟ੍ਰਿਬਿਊਨ’ ਦੇ ਸਥਾਪਨਾ ਦਿਵਸ ਮੌਕੇ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਦੇ ਟ੍ਰਿਬਿਊਨ ਅਖ਼ਬਾਰਾਂ ਦੇ ਪਹਿਲੇ ਸਫ਼ੇ ਉਪਰ ਦਿਆਲ ਸਿੰਘ ਮਜੀਠੀਆ ਦੀ ਤਸਵੀਰ ਹੁੰਦੀ ਹੈ ਤੇ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।
ਕਾਲਜ ਦੀ ਪ੍ਰਬੰਧਕੀ ਕਮੇਟੀ ਨੂੰ ਨਾਮ ਬਦਲਣ ਦਾ ਅਧਿਕਾਰ ਹੈ ਜਾਂ ਨਹੀਂ, ਵੱਖਰੀ ਗੱਲ ਹੈ, ਪਰ ਇਸ ਵਾਸਤੇ ਕੋਈ ਠੋਸ ਵਜ੍ਹਾ ਨਹੀਂ ਦੱਸੀ ਜਾ ਸਕੀ। ਜਦੋਂ ਇਤਰਾਜ਼ ਹੋਇਆ ਤਾਂ ਕਮੇਟੀ ਦੇ ਚੇਅਰਮੈਨ ਨੇ ਦਿੱਲੀ ਦੇ ਅਕਾਲੀ ਆਗੂ ਤੇ ਭਾਜਪਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਕਿਹਾ ਕਿ ਜੇ ‘ਵੰਦੇ ਮਾਤਰਮ’ ਦਾ ਨਾਮ ਪਸੰਦ ਨਹੀਂ, ਤਾਂ ਇਹ ਮੁਲਕ ਛੱਡ ਕੇ ਚਲੇ ਜਾਓ। ਇਹ ਭਾਸ਼ਾ ਫਿਰਕੂ ਹੈ, ਹਰ ਗੱਲ ਵਿਚ ਦੇਸ਼ ਛੱਡ ਕੇ ਜਾਣ ਦਾ ਤਾਅਨਾ। ਇਹ ਦੇਸ਼ ਕਿਸੇ ਇਕ ਵਿਚਾਰਧਾਰਾ ਦੀ ਮਲਕੀਅਤ ਨਹੀਂ, ਇਹ ਜਮਹੂਰੀ ਮੁਲਕ ਹੈ। ਇਸ ਵਿਚ ਹਰ ਕਿਸਮ ਦਾ ਖਿਆਲ ਰੱਖਿਆ ਜਾ ਸਕਦਾ ਹੈ। ਹਾਂ, ਜਿਸ ਨੂੰ ਕਾਲਜ ਦਾ ‘ਵੰਦੇ ਮਾਤਰਮ’ ਨਾਮ ਰੱਖਣਾ ਪਸੰਦ ਨਹੀਂ, ਉਸ ਨੂੰ ਅਜਿਹਾ ਹੱਕ ਤਾਂ ਬਿਲਕੁੱਲ ਨਹੀਂ ਕਿ ਉਹ ਐਲਾਨ ਕਰਦਾ ਫਿਰੇ ਕਿ ਜਿਹੜਾ ਨਾਮ ਬਦਲਣ ਵਾਲੇ ਦਾ ਸਿਰ ਲਿਆਵੇਗਾ, ਉਸ ਨੂੰ ਇਕ ਕਰੋੜ ਇਨਾਮ ਦਿੱਤਾ ਜਾਵੇਗਾ। ਉਸ ਨੂੰ ਅਜਿਹਾ ਵੀ ਕੋਈ ਹੱਕ ਨਹੀਂ ਕਿ ਬਦਲੇ ਨਾਮ ਵਾਲੇ ਬੋਰਡ ਨੂੰ ਜਾ ਕੇ ਉਤਾਰ ਦੇਵੇ, ਜਾਂ ਅੱਗ ਲਗਾ ਦੇਵੇ; ਲੇਕਿਨ ਉਸ ਨੂੰ ਆਪਣਾ ਵਿਰੋਧ ਦਰਜ ਕਰਵਾਉਣ ਤੇ ਅਸਲ ਨਾਮ ਦੀ ਬਹਾਲੀ ਦੀ ਮੰਗ ਕਰਨ ਦਾ ਪੂਰਾ ਹੱਕ ਹੈ। ਉਸ ਨੂੰ ਇਸ ਦੇ ਵਿਰੋਧ ਵਿਚ ਸੰਘਰਸ਼ ਕਰਨ ਦਾ ਵੀ ਅਧਿਕਾਰ ਹੈ।
ਕੁਝ ਲੋਕ ਜੋ ਆਪਣੇ ਆਪ ਨੂੰ ਜ਼ਿਆਦਾ ਹੀ ਦੇਸ਼ ਭਗਤ ਸਮਝਦੇ ਹਨ। ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਦੇਸ਼ ਦੀ ਸਭ ਤੋਂ ਕੀਮਤੀ ਚੀਜ਼ ਇਸ ਦੀ ਜਮਹੂਰੀਅਤ ਹੈ। ਸਾਡਾ ਕੌਮੀ ਨਿਸ਼ਾਨ, ਝੰਡਾ ਤੇ ਕੌਮੀ ਗੀਤ ਲੋਕਾਂ ਦੀ ਚੁਣੀ ਹੋਈ ਪਾਰਲੀਮੈਂਟ ਦੇ ਬਣਾਏ ਹੋਏ ਹਨ। ਇਨ੍ਹਾਂ ਦਾ ਅਹਿਤਰਾਮ ਕਰਨਾ ਸਾਡਾ ਸਭਨਾ ਦਾ ਫਰਜ਼ ਹੈ; ਲੇਕਿਨ ਇਹ ਵੀ ਸਾਡੇ ਸੰਵਿਧਾਨ ਵਿਚ ਦਰਜ ਹੈ ਕਿ ਆਪਣੀ ਦੋ ਤਿਹਾਈ ਬਹੁਸੰਮਤੀ ਨਾਲ ਪਾਰਲੀਮੈਂਟ ਇਨ੍ਹਾਂ ਦੀ ਤਰਮੀਮ ਵੀ ਕਰ ਸਕਦੀ ਹੈ। ਇਸ ਦਾ ਸਾਫ਼ ਅਰਥ ਹੈ ਕਿ ਇਨ੍ਹਾਂ ਚੀਜ਼ਾਂ ਉਪਰ ਵੀ ਬਹਿਸ ਹੋ ਸਕਦੀ ਹੈ। ਜੇ ਕਿਸੇ ਨੂੰ ‘ਵੰਦੇ ਮਾਤਰਮ’ ਜਾਂ ‘ਜਨ ਗਣ ਮਨ’ ਦਾ ਰਾਸ਼ਟਰੀ ਗੀਤ ਪਸੰਦ ਨਹੀਂ, ਉਹ ਇਸ ਬਾਰੇ ਆਪਣੇ ਵਿਚਾਰ ਰੱਖ ਸਕਦਾ ਹੈ, ਦਲੀਲਾਂ ਦੇ ਸਕਦਾ ਹੈ, ਪਰ ਉਸ ਨੂੰ ਦੇਸ਼ ਛੱਡ ਕੇ ਜਾਣ ਦੀ ਜ਼ਰੂਰਤ ਨਹੀਂ। ਹਾਂ, ਇਕ ਗੱਲ ਜ਼ਰੂਰ ਹੈ ਕਿ ਜਿੰਨੀ ਦੇਰ ਤਕ ਇਹ ਪਾਰਲੀਮੈਂਟ ਵੱਲੋਂ ਪਾਸ ਰਾਸ਼ਟਰੀ ਚਿੰਨ੍ਹ ਹਨ, ਇਨ੍ਹਾਂ ਦੀ ਬੇਹੁਰਮਤੀ ਕਰਨ ਦਾ ਕਿਸੇ ਨੂੰ ਹੱਕ ਨਹੀਂ।
ਅਖ਼ਬਾਰਾਂ, ਟੀਵੀ ਤੇ ਜਨਤਕ ਮੀਡੀਆ ਉਪਰ ਦਿਆਲ ਸਿੰਘ ਕਾਲਜ ਦੇ ਨਾਮ ਦੀ ਬਦਲੀ ਅਤੇ ‘ਪਦਮਾਵਤੀ’ ਫਿਲਮ ਬਾਰੇ ਵਿਵਾਦ ਇਕੱਠਾ ਰੱਖ ਕੇ ਵਿਚਾਰਿਆ ਜਾ ਰਿਹਾ ਹੈ। ਇਸ ਬਾਰੇ ਵੀ ਇਹੀ ਕਹਿਣਾ ਬਣਦਾ ਹੈ ਕਿ ਕਿਸੇ ਫ਼ਿਲਮਕਾਰ ਨੂੰ ਹੱਕ ਨਹੀਂ ਕਿ ਉਹ ਕਿਸੇ ਵਰਗ (ਧਾਰਮਿਕ ਜਾਂ ਗ਼ੈਰ ਧਾਰਮਿਕ), ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਏ। ਕਿਸੇ ਨੂੰ ਕਿਸੇ ਵੀ ਵਿਸ਼ਵਾਸ ਦੀ ਬੇਹੁਰਮਤੀ ਕਰਨ ਜਾਂ ਮਜ਼ਾਕ ਉਡਾਉਣ ਦਾ ਹੱਕ ਨਹੀਂ; ਲੇਕਿਨ ਇਸ ਸਭ ਵਾਸਤੇ ਇਸ ਮੁਲਕ ਦੇ ਕੋਲ ਜਮਹੂਰੀ ਤੇ ਕਾਨੂੰਨੀ ਤਰੀਕਾ ਹੈ। ਫਿਲਮ ਦੇ ਪਾਸ ਹੋਣ ਵਾਸਤੇ ਸੈਂਸਰ ਬੋਰਡ ਹੈ, ਜਿਸ ਦਾ ਫਰਜ਼ ਹੈ ਇਹ ਸਭ ਕੁਝ ਪਰਖਣ ਦਾ। ਜੇ ਸੈਂਸਰ ਬੋਰਡ ਦਾ ਫੈਸਲਾ ਕਿਸੇ ਨੂੰ ਦਰੁਸਤ ਨਾ ਲੱਗੇ ਤਾਂ ਉਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾ ਸਕਦਾ ਹੈ।
ਇਹ ਵੀ ਠੀਕ ਹੈ ਕਿ ਕੇਂਦਰ ਸਰਕਾਰ, ਰਾਜ ਸਰਕਾਰ ਜਾਂ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਵੀ ਕਿਸੇ ਫਿਲਮ ਜਾਂ ਨਾਟਕ ਉਪਰ ਪਾਬੰਦੀ ਲਗਾ ਸਕਦਾ ਹੈ; ਲੇਕਿਨ ਇਸ ਪਾਬੰਦੀ ਬਾਰੇ ਕੋਈ ਵੀ ਨਾਗਰਿਕ ਅਦਾਲਤ ਵਿਚ ਜਾ ਸਕਦਾ ਹੈ ਅਤੇ ਅਦਾਲਤ ਦਾ ਫੈਸਲਾ ਸਭ ਨੂੰ ਮੰਨਣਾ ਪਵੇਗਾ। ਦੁੱਖ ਦੀ ਗੱਲ ਹੈ ਕਿ ਮਹਾਨ ਦੇਸ਼ ਦੇ ਇਸ ਜਮਹੂਰੀ ਤਰੀਕੇ ਦਾ ਤਿਆਗ ਕਰ ਕੇ ਮੰਤਰੀ ਤੇ ਵਿਧਾਇਕ ਲੋਕ ਹੀ ਫਿਲਮ ਕਲਾਕਾਰਾਂ ਦਾ ਸਿਰ ਲਿਆਉਣ ਵਾਸਤੇ ਕਰੋੜਾਂ ਦੀ ਪੇਸ਼ਕਸ਼ ਕਰ ਰਹੇ ਹਨ। ਆਪਣੇ ਆਪ ਨੂੰ ਹੋਰਨਾਂ ਤੋਂ ਵੱਧ ਕੇ ਦੇਸ਼ ਭਗਤ ਦਰਸਾਉਣ ਦਾ ਇਹ ਤੌਰ-ਤਰੀਕਾ ਸੰਵਿਧਾਨ ਦੀ ਅਵੱਗਿਆ ਹੈ। ਜੋ ਦੇਸ਼ ਦੇ ਸੰਵਿਧਾਨ ਦਾ ਭਗਤ ਨਹੀਂ, ਉਹ ਦੇਸ਼ ਭਗਤ ਨਹੀਂ ਹੋ ਸਕਦਾ।
ਜਿਵੇਂ ਸ਼ੁਰੂ ਵਿਚ ਕਿਹਾ ਗਿਆ ਹੈ ਕਿ ਇਹ ਮਸਲਾ ਸਿਰਫ਼ ਇਕ ਕਾਲਜ ਦੇ ਨਾਮ ਬਦਲਣ ਦਾ ਨਹੀਂ (ਹਾਲਾਂਕਿ ਨਾਮ-ਬਦਲੀ ਵੀ ਕੋਈ ਛੋਟਾ ਮਸਲਾ ਨਹੀਂ)। ਇਹ ਖ਼ਤਰਨਾਕ ਤੇ ਦੇਸ਼ ਵਾਸਤੇ ਮਾਰੂ ਰੁਝਾਨ ਦਾ ਸੰਕੇਤ ਹੈ। ਜੋ ਲੋਕ ਦੇਸ਼ ਦੀਆਂ ਪ੍ਰਾਚੀਨ ਪ੍ਰੰਪਰਾਵਾਂ ਦੀ ਦੁਹਾਈ ਪਾਉਂਦੇ ਹਨ, ਉਹੀ ਕੁਝ ਦਹਾਕੇ ਪਹਿਲਾਂ ਬਣੀਆਂ ਪ੍ਰੰਪਰਾਵਾਂ ਨੂੰ ਬਲੀ ਚੜ੍ਹਾਉਣ ‘ਤੇ ਤੁਲੇ ਹਨ। ਜੋ ਲੋਕ ਭਾਵਨਾਵਾਂ ਨੂੰ ਠੇਸ ਦੀ ਦੁਹਾਈ ਪਾਉਂਦੇ ਹਨ, ਕੀ ਉਨ੍ਹਾਂ ਵਾਸਤੇ ਧਰਮ ਨਿਰਪੱਖਤਾ ਤੇ ਵਰਤਮਾਨ ਇਤਿਹਾਸਕ ਪ੍ਰੰਪਰਾਵਾਂ ਦੇ ਹਮਾਇਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਦੀ ਕੋਈ ਪ੍ਰਵਾਹ ਨਹੀਂ? ਮੰਨਿਆ ਕਿ ਸਰਦਾਰ ਦਿਆਲ ਸਿੰਘ ਮਜੀਠੀਆ ਨੂੰ ਸਿਰਫ਼ ਸਿੱਖਾਂ ਜਾਂ ਪੰਜਾਬੀਆਂ ਨਾਲ ਹੀ ਜੋੜ ਕੇ ਨਹੀਂ ਵੇਖਿਆ ਜਾ ਸਕਦਾ, ਪਰ ਜਿਨ੍ਹਾਂ ਨੇ ਨਾਮ ਦੀ ਤਬਦੀਲੀ ਕੀਤੀ, ਉਨ੍ਹਾਂ ਨੇ ਇਹ ਕੰਮ ਸਪਸ਼ਟ ਫਿਰਕੂ ਸੋਚ ਦੇ ਤਹਿਤ ਕੀਤਾ ਹੈ।