ਬਾ-ਮੁਲਾਹਜ਼ਾ ਹੋਸ਼ਿਆਰ… ਸ਼੍ਰੋਮਣੀ ਕਮੇਟੀ ਮੈਂਬਰਾਨ

ਜਦੋਂ ਤਕ ‘ਪੰਜਾਬ ਟਾਈਮਜ਼’ ਦਾ ਇਹ ਅੰਕ ਪਾਠਕਾਂ ਦੇ ਹੱਥਾਂ ਵਿਚ ਪੁੱਜੇਗਾ, ਉਦੋਂ ਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਹੋ ਚੁਕੀ ਹੋਵੇਗੀ। ਸਾਡੇ ਕਾਲਮਨਵੀਸ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਦੁਪਾਲਪੁਰ ਨੇ ਇਸ ਚੋਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਮੈਂਬਰਾਂ ਦੀ ਜ਼ਮੀਰ ਝੰਜੋੜਨ ਲਈ ਇਹ ਖਤ ਉਨ੍ਹਾਂ ਦੇ ਨਾਂ ਲਿਖਿਆ ਸੀ।

ਇਸ ਖਤ ਵਿਚ ਉਠਾਏ ਨੁਕਤਿਆਂ ਦਾ ਸਿੱਧਾ ਸਬੰਧ ਕਿਉਂਕਿ ਸਿੱਖੀ ਅਤੇ ਸਿੱਖਾਂ ਨਾਲ ਹੈ, ਇਸ ਲਈ ਅਸੀਂ ਇਹ ਲੇਖ ਆਪਣੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ। -ਸੰਪਾਦਕ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268

ਸਤਿਕਾਰਯੋਗ ਮੈਂਬਰ ਸਾਹਿਬਾਨ
ਐਸ਼ਜੀ.ਪੀ.ਸੀ. ਸ੍ਰੀ ਅੰਮ੍ਰਿਤਸਰ ਸਾਹਿਬ
ਫਤਿਹ ਪ੍ਰਵਾਨ ਹੋਵੇ ਜੀ।
ਖਾਲਸਾ ਪੰਥ ਦੇ ਸ਼ਾਨਾਂਮੱਤੇ ਇਤਿਹਾਸ ਵਿਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ ਘਟਨਾਵਾਂ ਦੁਹਰਾਉਣ ਦੀ ਥਾਂ ਸਿਰਫ ਇੰਨਾ ਕਹਿ ਕੇ ਅਸਲ ਗੱਲ ਸ਼ੁਰੂ ਕਰਾਂਗਾ ਕਿ ਆਪ ਜੀ ਸੁਭਾਗੇ ਤੇ ਵਡਭਾਗੇ ਹੋ, ਜੋ ਕੌਮ ਦੀ ਉਸ ਸੰਸਥਾ ਦੇ ਮੈਂਬਰ ਹੋ ਜਿਸ ਦੀ ਹੋਂਦ ਹਸਤੀ ਪਿਛੇ ਸ੍ਰੀ ਨਨਕਾਣਾ ਸਾਹਿਬ ਦਾ ਖੂਨੀ ਸਾਕਾ ਅਤੇ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਜਿਉਂਦੇ ਜੀਅ ਜੰਡ ਨਾਲ ਬੰਨ੍ਹ ਕੇ ਸਾੜੇ ਜਾਣ ਦਾ ਰੌਂਗਟੇ ਖੜ੍ਹੇ ਕਰਨ ਵਾਲਾ ਇਤਿਹਾਸ ਖੜ੍ਹਾ ਹੈ। ਗੁਰਦੁਆਰਾ ਸੁਧਾਰ ਲਹਿਰ ਦੇ ਅਨੇਕਾਂ ਸ਼ਹੀਦਾਂ ਨੂੰ ਸਿਜਦਾ ਕਰ ਕੇ ਅੱਗੇ ਚਲੀਏ।
ਜਿਵੇਂ ਤੁਸੀਂ ਹੁਣ 29 ਨਵੰਬਰ 2017 ਵਾਲੇ ਦਿਨ ਸ਼ਹੀਦ ਭਾਈ ਤੇਜਾ ਸਿੰਘ ਸਮੁੰਦਰੀ ਦੀ ਯਾਦ ਵਿਚ ਬਣੇ ਇਤਿਹਾਸਕ ਹਾਲ ਵਿਚ ਆਪਣੀ ਸੰਸਥਾ ਦੇ ਅਹੁਦੇਦਾਰਾਂ ਦੀ ਚੋਣ ਵਿਚ ਹਿੱਸਾ ਲੈਣ ਲਈ ਜਾ ਰਹੇ ਹੋ, ਇਵੇਂ ਇਨ੍ਹਾਂ ਸਤਰਾਂ ਦਾ ਲੇਖਕ ਵੀ ਚੁਣਿਆ ਹੋਇਆ ਮੈਂਬਰ ਹੋਣ ਦੀ ਬਦੌਲਤ ਸੰਨ 1997 ਵਿਚ ਇਸੇ ਹਾਲ ਵਿਖੇ ਪਹੁੰਚਿਆ ਸੀ। ਸ੍ਰੀ ਅੰਮ੍ਰਿਤਸਰ ਦੇ ਬੱਸ ਅੱਡਿਓਂ ਰਿਕਸ਼ਾ ਕਰ ਕੇ ਜਦ ਮੈਂ ਚੌਕ ਘੰਟਾ ਘਰ ਮੋਹਰੇ ਉਤਰਿਆ ਤਾਂ ਉਥੇ ਮੈਨੂੰ ਨਰਿੰਦਰ ਸਿੰਘ ਭਾਟੀਆ ਮਿਲ ਪਿਆ ਜੋ ਸਾਡੇ ਇਲਾਕੇ ਦੇ ਬੰਗਾ ਗੁਰਦੁਆਰੇ ਵਿਚ ਮੈਨੇਜਰ ਲੱਗਾ ਰਿਹਾ ਹੋਣ ਕਰ ਕੇ, ਮੈਨੂੰ ਮੈਂਬਰ ਬਣਨ ਤੋਂ ਵੀ ਕਾਫੀ ਪਹਿਲਾਂ ਦਾ ਜਾਣਦਾ ਸੀ। ਰਿਕਸ਼ੇ ਵਿਚੋਂ ‘ਕੱਲਾ ਈ ਉਤਰਿਆ ਦੇਖ ਕੇ ਉਹ ਮੈਨੂੰ ਪੁੱਛਣ ਲੱਗਾ, ਮੈਂਬਰ ਸਾਬ੍ਹ ‘ਕੱਲੇ ਈ ਆਏ ਓ?
“ਹੋਰ ਮੇਰੇ ਨਾਲ ਫੌਜਾਂ ਨੇ ਆਉਣਾ ਸੀ?” ਮੇਰਾ ਇਹ ਮੋੜਵਾਂ ਸਵਾਲ ਸੁਣ ਕੇ, ਪਰਦੇ ਵਾਲੀ ਗੱਲ ਕਰਨ ਵਾਂਗ ਉਹ ਆਲੇ-ਦੁਆਲੇ ਦੇਖਦਿਆਂ ਮੇਰੇ ਲਾਗੇ ਹੋ ਕੇ ਕਹਿੰਦਾ, “ਆਹ ‘ਦੋਹਾਂ ਬੁੜ੍ਹਿਆਂ’ ਨੂੰ ਲੜ ਲੈਣ ਦਿਓ ਕੇਰਾਂ, ਫਿਰ ਦੇਖਿਉ ਤੁਸੀਂ ਅੰਮ੍ਰਿਤਸਰ ਨੂੰ, ਖਾਸ ਕਰ ਕੇ ਨਵੰਬਰ ਮਹੀਨੇ ‘ਕਿਵੇਂ’ ਅਤੇ ‘ਕਿੰਨੇ ਜਣੇ’ ਆਉਂਦੇ ਹੋ!” ਨਾਲ ਹੀ ਉਸ ਨੇ ਪੱਕੀ ਤਾਕੀਦ ਕਰਦਿਆਂ ਇਹ ਵੀ ਕਹਿ ਦਿੱਤਾ ਕਿ ਮੇਰੀ ਇਹ ਗੱਲ ਚੇਤੇ ਰੱਖਿਉ।
‘ਔਲੇ ਦਾ ਖਾਧਾ ਤੇ ਸਿਆਣੇ ਦਾ ਆਖਿਆ’ ਵਾਲਾ ਅਖਾਣ ਛੇਤੀ ਹੀ ਸੱਚਾ ਹੋ ਗਿਆ। ਜਦੋਂ ਸੰਨ 1998 ਚੜ੍ਹਦਿਆਂ ਹੀ ‘ਦੋਏ ਬੁੜ੍ਹੇ’ (ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌਹੜਾ) ਆਹਮੋ-ਸਾਹਮਣੇ ਹੋ ਗਏ। ਫਿਰ ਸਾਡੇ ਇਲਾਕੇ ਵਿਚ ਹੀ ਮੈਨੇਜਰ ਲੱਗਾ ਹੋਇਆ ਹੋਣ ਕਰ ਕੇ ਉਸੇ ਭਾਟੀਆ ਜੀ ਦੀ ਡਿਊਟੀ ਲਗਦੀ ਰਹੀ ਮੈਨੂੰ ਨਿਸ਼ਚਿਤ ਸਮੇਂ ‘ਤੇ ਅੰਮ੍ਰਿਤਸਰ ਜਾਂ ਇਧਰ-ਉਧਰ ਪਹੁੰਚਾਉਣ ਦੀ, ਭਾਵ ਚੁੱਪ-ਚੁਪੀਤੇ ਬੱਸੇ ਬਹਿ ਕੇ ਅੰਮ੍ਰਿਤਸਰ ਜਾਣ ਵਾਲੇ ਮੇਰੇ ਵਰਗੇ ‘ਬੇ-ਕਾਰ’ ਮੈਂਬਰਾਂ ਦੀ ਵੀ ‘ਸੱਦ-ਪੁੱਛ’ ਹੋਣ ਲੱਗ ਪਈ।
ਐਨ ਉਸੇ ਤਰ੍ਹਾਂ ਜਿਵੇਂ ਦਸਾਂ ਸਾਲਾਂ ਦੇ ਬਾਦਲ ਰਾਜ ਦੌਰਾਨ, ਤੁਹਾਡੇ ਵਿਚੋਂ ਕੁਝ ਕੁ ਗਿਣਵੇਂ-ਚੁਣਵਿਆਂ ਨੂੰ ਛੱਡ ਕੇ ਬਾਕੀ ਕਿਸੇ ਦੀ ਵੀ ਵਾਤ ਨਹੀਂ ਪੁੱਛੀ ਗਈ, ਪਰ ਜਿਉਂ ਹੀ ਸੁਖਦੇਵ ਸਿੰਘ ਭੌਰ ਵਲੋਂ ਪੰਥਕ ਫਰੰਟ ਬਣਉਣ ਦੀਆਂ ਖਬਰਾਂ ਆਈਆਂ, ਬਾਦਲ ਪਰਿਵਾਰ ਨੂੰ ਤੁਹਾਡੀ ਯਾਦ ਵੀ ਆ ਗਈ।
ਜ਼ਰਾ ਕੁ ਪਿੱਛਲ-ਝਾਤ ਇਕ ਵਾਰ ਫਿਰ ਮਾਰ ਲਈਏ। ਖਿਮਾ ਕਰਨਾ, ਮੈਂ ਆਪਣੀਆਂ ਹੱਡ-ਬੀਤੀਆਂ ਨਹੀਂ ਸੁਣਾਉਣ ਲੱਗਾ, ਸਿਰਫ ਇਸ ਖਤ ਨਾਲ ਢੁਕਵੀਆਂ ਕੁਝ ਮਿਸਾਲਾਂ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ। ਸੰਨ 1996 ਵਿਚ ਬਾਦਲ-ਟੌਹੜਾ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਸਾਡੀ ਮੈਂਬਰਾਂ ਦੀ ਚੋਣ ਕੀਤੀ ਸੀ। ਧਾਰਮਿਕ ਤੇ ਜਜ਼ਬਾਤੀ ਪੱਖੋਂ ਮੈਂ ਟੌਹੜਾ ਸਾਹਿਬ ਦਾ ਸਮਰਥਕ ਸਾਂ, ਪਰ ਆਪਣੇ ਜ਼ਿਲ੍ਹੇ ਨਵਾਂ ਸ਼ਹਿਰ ਦੀ ਸਿੱਖ ਸਿਆਸਤ ਦੀ ਤਤਕਾਲੀ ਲੋੜ ਮੁਤਾਬਕ ਮੈਨੂੰ ਬਾਦਲ ਖੇਮੇ ਵਿਚ ਹੀ ਗਿਣਿਆ ਜਾਂਦਾ ਸੀ। ਇਸ ਧੜੇ ਵਿਚ ਹੁੰਦਿਆਂ ਵੀ ਹਰ ਨਵੰਬਰ ਵਿਚ ਮੇਰੀ ਵੋਟ ਟੌਹੜਾ ਸਾਹਿਬ ਵੱਲ ਹੀ ਪੈਂਦੀ ਸੀ।
ਸੰਨ 1999 ਵਿਚ ਭਾਈ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਦੀ ਜਥੇਦਾਰੀ ਤੋਂ ਫਾਰਗ ਕਰ ਦਿੱਤਾ ਗਿਆ। ਉਹ ਗਾਹੇ-ਬਗਾਹੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਢਾਹਾਂ-ਕਲੇਰਾਂ ਹਸਪਤਾਲ ਵਿਚ ਆਉਂਦੇ ਜਾਂਦੇ ਰਹਿੰਦੇ ਸਨ, ਜਿਥੇ ਮੈਂ ਆਪਣੇ ਰੁਜ਼ਗਾਰ ਹਿਤ ਨੌਕਰੀ ਕਰ ਰਿਹਾ ਸਾਂ। ਇਕ ਸ਼ਾਮ ਉਨ੍ਹਾਂ ਦੇ ਸਾਹਮਣੇ ਬੈਠਿਆਂ ਢਾਹਾਂ ਟਰਸਟ ਦੇ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਮੇਰੀਆਂ ਸਿਫਤਾਂ ਕਰਨ ਲੱਗ ਪਏ। ਟਕਸਾਲੀ ਅਕਾਲੀ ਰਹੇ ਹੋਣ ਕਾਰਨ, ਉਹ ਮੈਥੋਂ ਪ੍ਰਭਾਵਿਤ ਸਨ। ਜਦ ਉਹ ਭਾਈ ਰਣਜੀਤ ਸਿੰਘ ਅੱਗੇ ਮੇਰੇ ‘ਗੁਣ’ ਦੱਸਣ ਲੱਗੇ- ਅਖੇ, ਇਹ ਕਮਾਲ ਦੇ ਬੁਲਾਰੇ ਤੇ ਵਿਦਵਾਨ ਲਿਖਾਰੀ ਹਨ, ਤਾਂ ਕੁਣੱਖੀ ਤੱਕਣੀ ਨਾਲ ਮੇਰੇ ਵੱਲ ਦੇਖ ਕੇ ਭਾਈ ਰਣਜੀਤ ਸਿੰਘ ਉਨ੍ਹਾਂ ਨੂੰ ਟੋਕਦਿਆਂ ਝੱਟ ਬੋਲ ਪਏ, “ਇਨ੍ਹਾਂ ਦੀ ਵਿਦਵਤਾ ਅਤੇ ਲਿਖਾਰੀ ਹੋਣਾ ਕੌਮ ਦੇ ਕਿਸ ਕੰਮ?…ਹੈਗੇ ਤਾਂ ਇਹ ਬਾਦਲ ਦੀ ਗਾਂਈਂ ਹੀ ਨੇ।”
ਉਸ ਵੇਲੇ ਉਨ੍ਹਾਂ ਵੱਲੋਂ ਮੇਰੇ ਲਈ ਵਰਤਿਆ ਇਹ ਤਿੱਖਾ ਤੇ ਖਰ੍ਹਵਾਂ ਲਕਬ ਸੁਣ ਕੇ ਮੈਨੂੰ ਭਾਵੇਂ ਗੁੱਸਾ ਲੱਗਿਆ ਸੀ, ਪਰ ਦੇਖਿਆ ਜਾਵੇ ਤਾਂ ਜਿਹੜਾ ਬੰਦਾ ਗੁਰਬਾਣੀ ਤੇ ਇਤਿਹਾਸ ਦਾ ਦੁਹਰਾਉ ਕਰਦਿਆਂ ਸਟੇਜਾਂ ਉਤੇ ਗੱਜ-ਵੱਜ ਕੇ ਕਹਿੰਦਾ ਫਿਰੇ ਕਿ ‘ਸੱਚਾ ਸਾਹਿਬ ਛੱਡ ਕੈ ਮਨਮੁਖ ਹੋਏ ਬੰਦੇ ਦਾ ਬੰਦਾ’, ਪਰ ਖੁਦ ਅਸੂਲਾਂ ਤੇ ਸਿਧਾਂਤ ਨੂੰ ਪਿੱਠ ਦੇ ਕੇ, ਕਿਸੇ ਨਿਜਪ੍ਰਸਤ ਦਾ ਜੀ ਹਜੂਰੀਆ ਬਣਿਆ ਰਹੇ, ਤਾਂ ਉਸ ਨੂੰ ‘ਵੱਗ ਦੀ ਗਾਂਈਂ’ ਹੀ ਕਿਹਾ ਜਾਣਾ ਚਾਹੀਦਾ ਹੈ!
ਖੈਰ, ਮੈਂ ਕਿਸੇ ਲਈ ਹੁਣ ਇਹ ਇਤਰਾਜ਼ਯੋਗ ਸ਼ਬਦ ਵਰਤਣ ਦੀ ਗੁਸਤਾਖੀ ਕਰੇ ਬਗੈਰ ਆਪ ਜੀ ਨੂੰ ਕੁਝ ਬੇਨਤੀਆਂ ਕਰਨੀਆਂ ਚਾਹੁੰਦਾ ਹਾਂ। ਗੁਰਦੁਆਰਾ ਸੁਧਾਰ ਲਹਿਰ ਦੇ ਅੰਤਿਮ ਪੜਾਅ ਮੌਕੇ ਸਾਡੇ ਪੁਰਖਿਆਂ ਨੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਕੀਤੀ। ਬਾਅਦ ਵਿਚ ਇਸ ਕਮੇਟੀ ਨੇ ਹੀ ਪੰਥਕ ਕਾਰਜਾਂ ਦੇ ਅਮਲ ਲਈ ਆਪਣੇ ਹਰਿਆਵਲ ਦਸਤੇ ਵਜੋਂ ਸ਼੍ਰੋਮਣੀ ਅਕਾਲੀ ਦਲ ਬਣਾਇਆ। ਦਹਾਕਿਆਂ ਦੇ ਲੰਬੇ ਤੇ ਬਿਖੜੇ ਉਤਰਾਅ ਚੜ੍ਹਾਅ ਤੋਂ ਬਾਅਦ ਇਹ ਸ਼੍ਰੋਮਣੀ ਅਕਾਲੀ ਦਲ, ਮਹਿਜ ਬਾਦਲ ਦਲ ਬਣ ਕੇ ਰਹਿ ਗਿਆ ਤੇ ਆਪਣੀ ਜਨਮ-ਦਾਤੀ ਸ਼੍ਰੋਮਣੀ ਕਮੇਟੀ ਨੂੰ ਪਾ ਕੇ ਬਹਿ ਗਿਆ ਆਪਣੀ ਜੇਬ੍ਹ ਵਿਚ। ਪੰਥ ਦੀਆਂ ਇਨ੍ਹਾਂ ਦੋਹਾਂ ਕੇਂਦਰੀ ਜਥੇਬੰਦੀਆਂ ਦੇ ਆਪਸੀ ਰਿਸ਼ਤਿਆਂ ਵਿਚ ਆਏ ਜਮੀਨ-ਅਸਮਾਨ ਦੇ ਉਲਟ-ਫੇਰ ਨੂੰ ਅਸੀਂ-ਤੁਸੀਂ ਮਹਿਜ ਦਰਸ਼ਕ ਬਣ ਕੇ ਦੇਖਦੇ ਰਹੇ। ਸਾਡੀਆਂ ਕੌਮੀ ਅਣਗਹਿਲੀਆਂ ਦੀ ਬਦੌਲਤ ਹਾਲਾਤ ਇਥੇ ਤੱਕ ਪਹੁੰਚ ਗਏ ਕਿ ਪੰਥਕ ਸਿਆਸਤ ਉਤੇ ਧਰਮ ਦਾ ਕੁੰਡਾ ਰੱਖਣ ਲਈ ਸਾਜਿਆ ਗਿਆ ਸ੍ਰੀ ਅਕਾਲ ਤਖਤ ਵੀ ਸ਼੍ਰੋਮਣੀ ਕਮੇਟੀ ਵਾਂਗ ਬਾਦਲ ਦਲ ਦੀ ਜਕੜ ਤੇ ਪਕੜ ਵਿਚ ਆ ਗਿਆ।
ਬਾਦਲ ਦਲ ਅਤੇ ਇਸ ਦੇ ਪ੍ਰਧਾਨ (ਹੁਣ ਸਰਪ੍ਰਸਤ) ਸ੍ਰੀਮਾਨ ‘ਫਖਰ-ਏ-ਕੌਮ’ ਨੇ ਪੰਥ ਦੀਆਂ ਜੁਗੜਿਆਂ ਤੋਂ ਚਲੀਆਂ ਆ ਰਹੀਆਂ ਸਿਧਾਂਤਕ ਰਵਾਇਤਾਂ ਅਤੇ ਪਰੰਪਰਾਵਾਂ ਦੇ ਜੜ੍ਹੀਂ ਜੋ ਤੇਲ ਦਿੱਤਾ, ਉਸ ਬਾਰੇ ਤਾਂ ਵੱਡੀ ਪੋਥੀ ਲਿਖੀ ਜਾ ਸਕਦੀ ਹੈ (ਤੇ ਇਹ ਅਹਿਮ ਕਾਰਜ ਇਤਿਹਾਸਕਾਰ ਕਰ ਵੀ ਰਹੇ ਹੋਣਗੇ), ਪਰ ਇਥੇ ਨਿਰਪੱਖ ਬੁੱਧੀਵਾਨਾਂ ਦੀ ਟਿੱਪਣੀ ਦੇਣੀ ਹੀ ਜ਼ਰੂਰੀ ਭਾਸਦੀ ਹੈ, ‘ਕਾਂਗਰਸ ਨੇ ਸ੍ਰੀ ਅਕਾਲ ਤਖਤ ਢਾਹ ਕੇ ਸਿੱਖਾਂ ਦਾ ਜਾਨੀ-ਮਾਲੀ ਨੁਕਸਾਨ ਕੀਤਾ ਤੇ ਬਾਦਲ ਦਲ ਨੇ ਇਤਿਹਾਸਕ ਰਵਾਇਤਾਂ ਦਾ ਘਾਣ ਕੀਤਾ।’
ਲੰਮੇ ਫੋਲਣੇ ਕਿਆ ਫੋਲਣੇ! ਆਹ ਤਾਜ਼ੇ ਹੋਏ ਬਰਗਾੜੀ ਕਾਂਡ ਮੌਕੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਹੋਈ ਬੇਅਦਬੀ ਵਿਰੁਧ ਆਪਣੇ ਇਸ਼ਟ ਦੀ ਬੇਹੁਰਮਤੀ ਨਾ ਸਹਾਰਦਿਆਂ ਸ਼ਾਂਤਮਈ ਧਰਨੇ ‘ਤੇ ਬੈਠੇ ਪ੍ਰਚਾਰਕ ਜਥੇ ਅਤੇ ਵਾਹਿਗੁਰੂ ਦਾ ਜਾਪ ਕਰ ਰਹੀਆਂ ਸੰਗਤਾਂ ਉਪਰ ਸੀਵਰੇਜ ਦੇ ਗੰਦੇ ਪਾਣੀ ਦੀ ਵਾਛੜ ਸੁੱਟਣ ਵੇਲੇ, ਬਹਿਬਲ ਕਲਾਂ ਵਿਖੇ ਸੰਗਤ ਉਤੇ ਗੋਲੀ ਚਲਾ ਕੇ ਦੋ ਨਿਹੱਥੇ ਸਿੱਖ ਨੌਜਵਾਨ ਮਾਰਨ ਵੇਲੇ ਅਤੇ ਗੋਲੀ ਚਲਾਉਣ ਵਾਲੇ ਪੁਲਿਸ ਅਫਸਰਾਂ ਨੂੰ ‘ਅਣਪਛਾਤੇ’ ਕਹਿਣ ਵੇਲੇ ਇਸੇ ਬਾਦਲ ਜੀ ਦਾ ਹੀ ਰਾਜ-ਭਾਗ ਸੀ, ਜਿਨ੍ਹਾਂ ਦਾ ਫਰਜੰਦ ਅੱਜ ਕੱਲ੍ਹ ਤੁਹਾਡੇ ਨਾਲ ਧੜਾ-ਧੜ ਮੀਟਿੰਗਾਂ ਕਰ ਰਿਹਾ ਹੈ। ਉਂਜ ਪ੍ਰੈਸ ਮੋਹਰੇ ‘ਅਸੀਂ ਤਾਂ ਜੀ ਸ਼੍ਰੋਮਣੀ ਕਮੇਟੀ ਦੇ ਕੰਮਾਂ ਵਿਚ ਕਦੇ ਦਖਲ-ਅੰਦਾਜ਼ੀ ਨਹੀਂ ਕਰਦੇ’ ਕਹਿੰਦਿਆਂ ਕੁਫਰ ਤੋਲਿਆ ਜਾਂਦਾ ਹੈ।
ਪਿਆਰੇ ਮੈਂਬਰ ਸਾਹਿਬਾਨ, ਉਨ੍ਹਾਂ ਭੀਹਾਵਲੇ ਦਿਨਾਂ ਵਿਚ ਤੁਹਾਡੇ ਵਿਚੋਂ ਵੀ ਕਈਆਂ ਦਾ ਪੰਥਕ ਖੂਨ ਖੌਲਿਆ ਸੀ। ਗੁਰਬਾਣੀ ਦੀ ਨਿਰਾਦਰੀ ਦੇਖ ਕੇ ਕਈ ਮੈਂਬਰਾਂ ਨੇ ਬਾਦਲ ਦਲ ਨੂੰ ਅਸਤੀਫੇ ਦੇ ਦਿੱਤੇ ਸਨ, ਪਰ ਜਿੰਨਾ ਕੁ ਮੈਨੂੰ ਪਤਾ ਹੈ, ਉਸ ਵੇਲੇ ਰੋਸ ਕਰਨ ਵਾਲੇ ਕਈ ਜਣੇ ਛੇਤੀ ਹੀ ‘ਬਾਦਲ ਸ਼ਰਨ’ ਵਿਚ ਪਰਤ ਗਏ ਸਨ, ਪਰ ਉਨ੍ਹਾਂ ਵਿਚੋਂ ਕੁਝ ਪੰਥਕ ਦਰਦ ਵਾਲੇ ‘ਬਚਨ ਕੇ ਬਲੀ’ ਅੱਜ ਪੰਥਕ ਫਰੰਟ ਦੇ ਝੰਡੇ ਹੇਠ ਇਕੱਤਰ ਹੋਏ ਹਨ।
ਹੁਣ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਦਾਖਲ ਹੋਣ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਵੱਲ ਮੂੰਹ ਕਰਦਿਆਂ ‘ਦਲ ਭੰਜਨ ਗੁਰ ਸੂਰਮੇ’ ਦਾ ਧਿਆਨ ਧਰ ਕੇ ਸੋਚਿਉ ਕਿ ਤੁਸੀਂ ਸਾਬੋ ਕੀ ਤਲਵੰਡੀ ਵਾਲੇ ਸਾਬਕਾ ਜਥੇਦਾਰ ਭਾਈ ਗੁਰਮੁਖ ਸਿੰਘ ਵੱਲੋਂ ਬੋਲੇ ਸੱਚ ਉਤੇ ਪਹਿਰਾ ਦੇਣਾ ਹੈ ਕਿ ਰਬੜ ਦੀ ਗੁੱਡੀ ਵਾਂਗ ਲਿਫ ਲਿਫ ਜਾਂਦੇ ਬਿਨਾ ਹੱਡੀ ਵਾਲੇ ‘ਜਥੇਦਾਰ’ ਦਾ ਪੱਖ ਪੂਰਨਾ ਹੈ, ਜਿਹੜਾ ਆਪਣੇ ਮਾਲਕਾਂ ਦੀਆਂ ਸਿਆਸੀ ਲੋੜਾਂ ਮੂਜਬ, ਚਰਿਤਰਹੀਣ ‘ਬਾਬੇ’ ਖਾਤਰ ਤਖਤ ਸਾਹਿਬ ਦੀ ਆਨ ਅਤੇ ਸ਼ਾਨ ਰੋਲਣ ਤੱਕ ਜਾ ਸਕਦਾ ਹੈ। ਉਸ ਦਿਨ ਸੋਚ ਲਿਓ ਕਿ ਭਾਈ ਬਲਵੰਤ ਸਿੰਘ ਨੰਦਗੜ੍ਹ, ਗਿਆਨੀ ਗੁਰਮੁਖ ਸਿੰਘ ਅਤੇ ਭਾਈ ਬਲਵੀਰ ਸਿੰਘ ਅਰਦਾਸੀਏ ਵਰਗੇ ਸਿੰਘਾਂ ਨੂੰ ਕਿਸ ਦੇ ਹੁਕਮ ਨਾਲ ਸ਼੍ਰੋਮਣੀ ਕਮੇਟੀ ਵਿਚੋਂ ਚਲਦੇ ਕੀਤਾ ਗਿਆ ਸੀ। ਇਹ ਵੀ ਪਰਖਿਉ ਕਿ ਗਿਆਨੀ ਗੁਰਬਚਨ ਸਿੰਘ ਵਿਚ ਐਡੀ ਕਿਹੜੀ ‘ਮਹਾਨ ਵਿਦਵਤਾ’ ਹੈ, ਜੋ ਉਹ ਬਾਦਲ ਪਰਿਵਾਰ ਦੇ ਰੂਹੇ-ਰਵਾਂ ਬਣੇ ਹੋਏ ਨੇ। ਇਹ ਵੀ ਗੰਭੀਰਤਾ ਨਾਲ ਸੋਚਿਉ ਕਿ ਲਫਾਫਿਆਂ ਵਿਚੋਂ ਪ੍ਰਧਾਨ ਨਿਕਲਣ ਵਾਲੀ ਜੱਗੋਂ ਤੇਰ੍ਹਵੀਂ ਡਿਕਟੇਟਰੀ ਰੀਤ ਬਣਨ ਪਿਛੇ ਕਸੂਰਵਾਰ ਕੌਣ ਹੈ?
ਸੋ ਖਾਲਸਾ ਜੀ, 29 ਨਵੰਬਰ ਨੂੰ ਤੁਹਾਡੇ ਵੱਲੋਂ ਕੀਤੇ ਸਿਧਾਂਤਕ ਫੈਸਲੇ ਸਦਕਾ ਇਕ ਤਾਂ ਪੰਥ ਦੇ ਕੇਂਦਰ ‘ਤੇ ਪਈ ਹੋਈ ਪਰਿਵਾਰਵਾਦ ਦੀ ਮਾਰੂ ‘ਪੀਲੀ ਵੇਲ’ ਦੇ ਖਾਤਮੇ ਦਾ ਮੁੱਢ ਬੱਝ ਜਾਵੇਗਾ, ਦੂਸਰਾ ਜਦੋਂ ਤੁਸੀਂ ਨਿਕਟ ਭਵਿਖ ਵਿਚ ਹੋਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਮੌਕੇ ਪਿੰਡਾਂ-ਸ਼ਹਿਰਾਂ ਵਿਚ ਜਾਉਗੇ ਤਾਂ ਤੁਹਾਨੂੰ ਸਿੱਖ ਰੋਹ ਦਾ ਸ਼ਿਕਾਰ ਨਹੀਂ ਹੋਣਾ ਪਵੇਗਾ। ਉਸ ਦਿਨ ਦੁਨੀਆਂ ਦੇ ਕੋਨੇ ਕੋਨੇ ਵਿਚ ਬੈਠੇ ਸਿੱਖਾਂ ਅਤੇ ਤਾਰੀਖ ਦੀਆਂ ਨਜ਼ਰਾਂ ਤੁਹਾਡੇ ਵੱਲ ਦੇਖ ਰਹੀਆਂ ਹੋਣਗੀਆਂ। ਇਸ ਲਈ ਸ਼ਾਇਰ ਮੁਜ਼ੱਫਰ ਰਜ਼ਮੀ ਦਾ ਇਹ ਸ਼ਿਅਰ ਯਾਦ ਰੱਖਿਉ:
ਯੇ ਜਬਰ ਭੀ ਦੇਖਾ ਹੈ ਤਾਰੀਖ ਕੀ ਨਜ਼ਰੋਂ ਨੇ,
ਲਮਹੋਂ ਨੇ ਖ਼ਤਾ ਕੀ ਥੀ, ਸਦੀਓਂ ਨੇ ਸਜ਼ਾ ਪਾਈ।
…ਭੁੱਲ-ਚੁੱਕ ਦੀ ਖਿਮਾ।