ਅਜੇ ਦਿੱਲੀ ਦੂਰ ਹੈ

ਬਲਜੀਤ ਬਾਸੀ
ਸ਼ਹਿਰਾਂ ਦੇ ਨਾਂਵਾਂ ਵਾਲੀਆਂ ਕਈ ਕਹਾਵਤਾਂ ਹਨ ਜਿਵੇਂ ਉਲਟੇ ਬਾਂਸ ਬਰੇਲੀ ਨੂੰ, ਲਾਹੌਰ ਦਾ ਸ਼ੌਕੀਨ ਤੇ ਬੋਝੇ ‘ਚ ਗਾਜਰਾਂ, ਪਿਸ਼ੌਰ ਪਿਸ਼ੌਰ ਈ ਏ, ਵਾਇਆ ਬਠਿੰਡਾ ਆਦਿ। ਕੋਈ ਕੰਮ ਨੇਪਰੇ ਚਾੜ੍ਹਨ ਵਿਚ ਬਹੁਤ ਸਮਾਂ ਜਾਂ ਮਿਹਨਤ ਲਗਦੀ ਹੋਵੇ ਤਾਂ ਆਮ ਹੀ ਕਹਾਵਤ ਵਰਤੀ ਜਾਂਦੀ ਹੈ ਕਿ ਅਜੇ ਦਿੱਲੀ ਦੂਰ ਹੈ। ਦਿੱਲੀ ਭਾਰਤ ਦੇਸ਼ ਦੀ ਰਾਜਧਾਨੀ ਹੈ, ਰਾਜ ਦਾ ਸਿੰਘਾਸਣ ਇਥੇ ਹੈ। ਅੱਜ ਦੇਸ਼ ਦੇ ਇਸ ਲੋਕਤੰਤਰਕ ਦੌਰ ਵਿਚ ਸਾਰੀਆਂ ਪਾਰਟੀਆਂ ਦੀ ਦੌੜ ਲੱਗੀ ਰਹਿੰਦੀ ਹੈ ਕਿ ਕਿਸ ਤਰ੍ਹਾਂ ਦਿੱਲੀ ਦਾ ਸਿੰਘਾਸਣ ਹਥਿਆਇਆ ਜਾਵੇ?

ਇਸ ਪ੍ਰਸੰਗ ਵਿਚ ਵੀ ਕਈ ਪਾਰਟੀਆਂ ਬਾਰੇ ਕਹਿ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਵਾਸਤੇ ਅਜੇ ਦਿੱਲੀ ਦੂਰ ਹੈ। ਇਸ ਕਹਾਵਤ ਦਾ ਵੱਖਰਾ ਤੇ ਵਧਾਇਆ ਹੋਇਆ ਰੂਪ ਵੀ ਕਿਧਰੇ ਮੇਰੀਆਂ ਨਜ਼ਰਾਂ ਵਿਚੋਂ ਗੁਜ਼ਰਿਆ ਸੀ, ‘ਦਿੱਲੀ ਕਿੰਨੀ ਦੂਰ ਹੈ, ਜਿੰਨੀ ਲੰਮੀ ਖਜੂਰ ਹੈ।’
ਕੁਝ ਲੋਕਾਂ ਦਾ ਵਿਚਾਰ ਹੈ ਕਿ ਦਿੱਲੀ ਕਿਉਂਕਿ ਦੇਸ਼ ਦੀ ਰਾਜਧਾਨੀ ਦੇ ਨਾਲ ਨਾਲ ਵੱਡਾ ਸ਼ਹਿਰ ਵੀ ਹੈ, ਇਸ ਲਈ ਉਹ ਆਮ ਲੋਕਾਂ ਦੀ ਪਹੁੰਚ ਵਿਚ ਨਹੀਂ ਹੈ। ਸ਼ਾਇਦ ‘ਅਜੇ ਦਿੱਲੀ ਦੂਰ ਹੈ’ ਕਹਾਵਤ ਇਸੇ ਖਿਆਲ ਤੋਂ ਬਣੀ ਹੋਵੇ। ਆਮ ਪੇਂਡੂਆਂ ਨੂੰ ਤਾਂ ਨਿੱਕਾ-ਮੋਟਾ ਸ਼ਹਿਰ ਵੀ ਬਹੁਤ ਬੌਂਦਲਾ ਦਿੰਦਾ ਹੈ। ਸ਼ਹਿਰ ਦੀ ਉਚੀ ਇਮਾਰਤ ਦੇਖ ਕੇ ਆਮ ਹੀ ਕਹਿ ਦਿੱਤਾ ਜਾਂਦਾ ਹੈ ਕਿ ਆਹ ਤਾਂ ਬਈ ਪੱਗ ਡਿਗਦੀ ਹੈ। ਸ਼ਾਇਦ ਕਈ ਪਾਠਕਾਂ ਨੂੰ ਪਤਾ ਹੋਵੇਗਾ ਕਿ ਇਹ ਕਹਾਵਤ ਕਦੋਂ ਅਤੇ ਕਿਵੇਂ ਸ਼ੁਰੂ ਹੋਈ। ਇਹ ਲੇਖ ਉਨ੍ਹਾਂ ਲਈ ਹੈ, ਜਿਨ੍ਹਾਂ ਨੂੰ ਇਸ ਭੇਤ ਦਾ ਨਹੀਂ ਪਤਾ ਹੋਵੇਗਾ।
ਬਹੁਤੇ ਪਾਠਕ ਸੂਫੀ ਫਕੀਰ ਹਜ਼ਰਤ ਨਿਜ਼ਾਮੂਦੀਨ ਔਲੀਆ ਬਾਰੇ ਜਾਣਦੇ ਹੋਣਗੇ। ਉਨ੍ਹਾਂ ਦਾ ਜਨਮ ਕੋਈ 1236 ਵਿਚ ਹੋਇਆ। ਉਨ੍ਹਾਂ ਦੀ ਮਾਂ ਜੁਲੈਖਾ ਨੇ ਉਨ੍ਹਾਂ ਨੂੰ ਖੂਬ ਪੜ੍ਹਨ ਦੀ ਸਿੱਖਿਆ ਦਿੱਤੀ। ਉਨ੍ਹਾਂ ਨੂੰ ਦਿੱਲੀ ਦਾ ਸਰਪ੍ਰਸਤ ਸੰਤ ਵੀ ਮੰਨਿਆ ਜਾਂਦਾ ਹੈ। ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਸਟੇਸ਼ਨ ਦਾ ਨਾਂ ਉਨ੍ਹਾਂ ਦੇ ਨਾਂ ‘ਤੇ ਹੀ ਰੱਖਿਆ ਗਿਆ ਸੀ। ਉਹ ਸੂਫੀਆਂ ਦੀ ਚਿਸ਼ਤੀ ਸੰਪਰਦਾ ਦੇ ਚੌਥੇ ਸੰਤ ਸਨ। ਕਹਿੰਦੇ ਹਨ, ਉਹ ਹਮੇਸ਼ਾਂ ਦੁਨੀਆਂ ਦੀਆਂ ਤਕਲੀਫਾਂ ਦੇ ਹੱਲ ਲੱਭਣ ਵਿਚ ਗ੍ਰਸਤ ਰਹਿੰਦੇ ਸਨ। ਅਮੀਰ ਖੁਸਰੋ ਵੀ ਉਨ੍ਹਾਂ ਦੇ ਪੈਰੋਕਾਰ ਸਨ। ਨਿਜ਼ਾਮੂਦੀਨ ਨੇ ਦੁਨੀਆਂ ਭਰ ਨੂੰ ਬਹੁਮੁੱਲੇ ਸੰਦੇਸ਼ ਦਿੱਤੇ ਹਨ। ਚਰਚਾ ਅਧੀਨ ਇਸ ਕਹਾਵਤ ਦਾ ਸਬੰਧ ਇਸ ਸੂਫੀ ਸੰਤ ਨਾਲ ਹੀ ਹੈ।
ਸੰਨ 1320 ਤੋਂ 1325 ਤੱਕ ਦਿੱਲੀ ਦੇ ਤਖਤ ਉਤੇ ਤੁਗਲਕ ਵੰਸ਼ ਦੇ ਬਾਨੀ ਗਿਆਸੂਦੀਨ ਤੁਗਲਕ ਦਾ ਰਾਜ ਸੀ। ਇਸ ਸਮੇਂ ਮੰਗੋਲ ਭਾਰਤ ਵਿਚ ਕਾਫੀ ਘੁਸਪੈਠ ਕਰ ਰਹੇ ਸਨ। ਉਸ ਨੇ ਦਿੱਲੀ ਦੇ ਗਿਆਸਪੁਰ ਇਲਾਕੇ ਵਿਚ ਆਪਣੀ ਰਿਹਾਇਸ਼ ਬਣਾਈ। ਪਰ ਦਿੱਲੀ ਵਿਚ ਨਿਜ਼ਾਮੂਦੀਨ ਔਲੀਆ ਬਹੁਤ ਹਰਮਨਪਿਆਰੇ ਸਨ। ਭਾਵੇਂ ਤੁਗਲਕ ਦੇ ਦਰਬਾਰੀ ਖੁਸਰੋ ਨੂੰ ਤਾਂ ਬੇਹੱਦ ਪਸੰਦ ਕਰਦੇ ਸਨ ਪਰ ਉਨ੍ਹਾਂ ਦੀ ਔਲੀਆ ਨਾਲ ਅਣਬਣ ਰਹਿੰਦੀ ਸੀ। ਉਨ੍ਹਾਂ ਨੂੰ ਸ਼ੱਕ ਰਹਿੰਦਾ ਸੀ ਕਿ ਔਲੀਆ ਦੇ ਮੁਰੀਦ ਤੁਗਲਕਾਂ ਦੇ ਖਿਲਾਫ ਘਾੜਤਾਂ ਘੜਦੇ ਰਹਿੰਦੇ ਹਨ। ਸੁਲ੍ਹਾ ਕਰਨ ਲਈ ਨਿਜ਼ਾਮੂਦੀਨ ਔਲੀਆ ਨੂੰ ਦਰਬਾਰ ਵਿਚ ਬੁਲਾਇਆ ਗਿਆ ਪਰ ਉਨ੍ਹਾਂ ਸੱਤਾ ਤੋਂ ਦੂਰੀ ਬਣਾਈ ਰੱਖੀ। ਇਕ ਵਾਰੀ ਗਿਆਸੂਦੀਨ ਨੇ ਖੁਦ ਔਲੀਆ ਦੇ ਕੋਲ ਆਉਣ ਲਈ ਕਿਹਾ ਤਾਂ ਔਲੀਆ ਨੇ ਕਿਹਾ ਕਿ ਉਸ ਦੇ ਘਰ ਦੋ ਦਰਵਾਜ਼ੇ ਹਨ ਜੇ ਤੁਗਲਕ ਇਕ ਦਰਵਾਜ਼ੇ ਤੋਂ ਆਏਗਾ ਤਾਂ ਉਹ ਦੂਜੇ ਦਰਵਾਜ਼ੇ ਥਾਣੀਂ ਬਾਹਰ ਨਿਕਲ ਜਾਵੇਗਾ।
ਇਕ ਵਾਰੀ ਤੁਗਲਕ ਸੋਨਾਰਗਾਉਂ ਦੀ ਲੜਾਈ ਜਿੱਤ ਕੇ ਦਿੱਲੀ ਪਰਤ ਰਿਹਾ ਸੀ। ਇਹ ਥਾਂ ਢਾਕੇ ਦੇ ਕੋਲ ਹੀ ਹੈ। ਉਸ ਨੇ ਜਿੱਤ ਦੇ ਜਸ਼ਨ ਮਨਾਉਣ ਲਈ ਦਿੱਲੀ ਤੋਂ ਕੁਝ ਮੀਲ ਦੂਰ ਜਮਨਾ ‘ਤੇ ਆਪਣਾ ਸ਼ਾਹੀ ਡੇਰਾ ਲਾਇਆ ਤਾਂ ਨਾਲ ਹੀ ਉਸ ਨੇ ਖੁਸਰੋ ਰਾਹੀਂ ਨਿਜ਼ਾਮੂਦੀਨ ਨੂੰ ਸੁਨੇਹਾ ਭੇਜਿਆ ਕਿ ਮੇਰੇ ਦਿੱਲੀ ਪਹੁੰਚਣ ਤੋਂ ਪਹਿਲਾਂ ਉਹ ਦਿੱਲੀ ਛੱਡ ਜਾਵੇ। ਜਦ ਉਸ ਨੇ ਇਹ ਸੰਦੇਸ਼ ਔਲੀਆ ਨੂੰ ਪਹੁੰਚਾਇਆ ਤਾਂ ਫਾਰਸੀ ਜ਼ਬਾਨ ਵਿਚ ਉਸ ਦਾ ਪ੍ਰਤੀਕਰਮ ਸੀ, ‘ਹਨੂਜ਼ ਦਿੱਲੀ ਦੂਰ ਅਸਤ’ ਭਾਵ ਅਜੇ ਦਿੱਲੀ ਦੂਰ ਹੈ।
ਕਹਿੰਦੇ ਹਨ, ਜਸ਼ਨ ਮਨਾਉਣ ਲਈ ਜਮਨਾ ‘ਤੇ ਲੱਕੜੀ ਦਾ ਪੁਲ ਬਣਾਇਆ ਗਿਆ ਸੀ। ਰਾਤ ਨੂੰ ਬਹੁਤ ਤੇਜ਼ ਹਨੇਰੀ ਆਈ ਤਾਂ ਸਾਰੇ ਤੰਬੂ ਉਖੜ ਗਏ ਤੇ ਤੁਗਲਕ ਦੀ ਮੌਤ ਉਥੇ ਹੀ ਹੋ ਗਈ। ਕੁਝ ਇਕ ਦਾ ਵਿਚਾਰ ਹੈ ਕਿ ਦਰਅਸਲ ਮਸਤ ਹਾਥੀਆਂ ਨੇ ਤੰਬੂ ਉਖਾੜ ਦਿੱਤੇ ਸਨ। ਇਸ ਤਰ੍ਹਾਂ ਤੁਗਲਕ ਲਈ ਦਿੱਲੀ ਦੂਰ ਹੀ ਨਹੀਂ, ਬਲਕਿ ਦਿੱਲੀ ਦੀ ਮੰਜ਼ਿਲ ਹੀ ਖਤਮ ਹੋ ਗਈ। ਪਰ ਔਲੀਆ ਦੇ ਇਸ ਕਥਨ ਤੋਂ ਦੁਨੀਆਂ ਨੂੰ ਇਕ ਕਹਾਵਤ ਮਿਲ ਗਈ।