ਜੜ੍ਹਾਂ ਦਾ ਮਾਣ

ਵਰਿਆਮ ਸਿੰਘ ਸੰਧੂ ਪੰਜਾਬੀ ਦਾ ਜ਼ਹੀਨ ਕਹਾਣੀਕਾਰ ਹੈ। ਪੇਂਡੂ ਪਿੱਠਭੂਮੀ ‘ਤੇ ਲਿਖੀਆਂ ਉਸ ਦੀਆਂ ਕਹਾਣੀਆਂ ਵਿਚ ਲੋਕ ਦਰਦ ਡੁਲ੍ਹ ਡੁਲ੍ਹ ਪੈਦਾ ਹੈ। ਪਹਿਲਾਂ ਉਸ ਨੇ ਨਕਸਲੀ ਲਹਿਰ ਅਤੇ ਫਿਰ ਖਾੜਕੂ ਲਹਿਰ ਦਾ ਸੇਕ ਆਪਣੇ ਪਿੰਡੇ ‘ਤੇ ਹੰਢਾਇਆ। ਪਾਠਕ ਜਿਉਂ ਕਹਾਣੀ ਪੜ੍ਹਨੀ ਸ਼ੁਰੂ ਕਰਦਾ ਹੈ ਤਾਂ ਬਸ ਇਸ ਵਹਿਣ ਵਿਚ ਹੀ ਵਹਿ ਜਾਂਦਾ ਹੈ। ਇਸ ਲੇਖ ਲੜੀ ਵਿਚ ਉਸ ਨੇ ਆਪਣੀ ਜ਼ਿੰਦਗੀ ਦੇ ਕੁਝ ਪੱਤਰੇ ਫੋਲੇ ਹਨ, ਜੋ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ। ਪੇਸ਼ ਹੈ ਇਸ ਲੇਖ ਲੜੀ ਦੀ ਤੀਜੀ ਤੇ ਆਖਰੀ ਕਿਸ਼ਤ।

-ਸੰਪਾਦਕ

ਵਰਿਆਮ ਸਿੰਘ ਸੰਧੂ
ਤੇ ਫਿਰ ਜਿਵੇਂ ਮੈਂ ਮੁੱਢ ਵਿਚ ਜ਼ਿਕਰ ਕਰ ਆਇਆਂ; ਇਕ ਦਿਨ ਬੀਬੀ ਮੇਰੇ ਕੋਲ ਜਲੰਧਰ ਆਈ। ਉਸ ਦਾ ਚਿਹਰਾ ਉਤਰਿਆ ਹੋਇਆ ਤੇ ਡਾਢਾ ਉਦਾਸ ਸੀ। ਅੱਖਾਂ ਡੁੱਲ੍ਹਣ ਡੁੱਲ੍ਹਣ ਕਰਦੀਆਂ ਸਨ। ਮੇਰੇ ਪੁੱਛਣ ‘ਤੇ ਰੋਣ ਲੱਗੀ। ਕਹਿੰਦੀ, “ਤੇਰੇ ਮਾਮੇ ਹਰਦੀਪ ਨੂੰ ਪਰਸੋਂ ਤਕਾਲੀਂ ਪੁਲਿਸ ਨੇ ਚੁੱਕ ਲਿਆ। ਪਹਿਲਾਂ ਤਾਂ ਪਤਾ ਨਹੀਂ ਸੀ ਲੱਗਦਾ ਕਿ ਕਿੱਥੇ ਲੈ ਗਏ ਨੇ। ਬੜੀ ਭੱਜ ਦੌੜ ਪਿੱਛੋਂ ਅੱਜ ਸਵੇਰੇ ਪਤਾ ਲੱਗੈ ਕਿ ਅੰਬਰਸਰ ਮਾਲ-ਮੰਡੀ ਵਿਚ ਉਹਦਾ ਕੁੱਟ ਕੁੱਟ ਕੇ ਬੁਰਾ ਹਾਲ ਕੀਤਾ ਪਿਆ ਨੇ। ਘਰਦਿਆਂ ਜਿੱਥੇ ਜਿੱਥੇ ਜੋਰ ਪੈਂਦਾ ਸੀ ਪਾ ਕੇ ਵੇਖ ਲਿਐ। ਛੱਡਣ-ਛੁਡਾਉਣ ਵਾਲੀ ਗੱਲ ਤਾਂ ਦੂਰ; ਅੰਦਰੋਂ ਕਿਸੇ ਆਪਣੇ ਬੰਦੇ ਨੇ ਦੱਸਿਐ ਕਿ ‘ਪੁੱਛ-ਗਿੱਛ ਕਰਕੇ ਅਗਲਿਆਂ ਅੱਜ ਜਾਂ ਕੱਲ੍ਹ ਰਾਤ ਨੂੰ ਉਹਦਾ ਮੁਕਾਬਲਾ ਬਣਾ ਕੇ ਮਾਰ ਦੇਣੈ। ਜੇ ਕੁੱਝ ਕਰ ਸਕਦੇ ਓ ਤਾਂ ਕਰ ਲਓ।’ ਹੁਣ ਤਾਂ ਤੂੰ ਹੀ ਉਹਨੂੰ ਬਚਾ ਸਕਦੈਂ। ਆਹ ਮੇਰੇ ਹੱਥ ਜੋੜੇ, ਪਿਛਲੀਆਂ ਗੱਲਾਂ ਭੁੱਲ ਕੇ ਤੂੰ ਕੋਈ ਚਾਰਾ ਕਰ; ਤੂੰ ਕਰ ਸਕਦਾ ਏਂ!”
ਮੈਂ ਵੀ ਪਰੇਸ਼ਾਨ ਹੋ ਗਿਆ। ਮੈਂ ਭਲਾ ਕੀ ਕਰ ਸਕਦਾ ਸਾਂ! ਕਿਸੇ ਸਿਆਸੀ ਆਗੂ ਜਾਂ ਕਿਸੇ ਵੱਡੇ ਪੁਲਿਸ ਅਫਸਰ ਤੱਕ ਮੇਰੀ ਤਾਂ ਕਿਤੇ ਦੂਰ ਦੂਰ ਤੱਕ ਪਹੁੰਚ ਨਹੀਂ ਸੀ। ਇਸ ਤਰ੍ਹਾਂ ਦੀ ਪਹੁੰਚ ਬਣਾਉਣੀ ਮੇਰੇ ਸੁਭਾ ਦਾ ਕਦੀ ਹਿੱਸਾ ਹੀ ਨਹੀਂ ਸੀ ਰਹੀ। ਮੈਂ ਕਿਸੇ ਨੁੰ ਪੁਲਿਸ ਤੋਂ ਤਾਂ ਕੀ ਛੁਡਾਉਣਾ ਸੀ, ਮੈਨੂੰ ਤਾਂ ਕਿਸੇ ਨਾ ਕਿਸੇ ਬਹਾਨੇ ਅੱਜ ਤੱਕ ਪੁਲਿਸ ਆਪ ਫੜ੍ਹਨ ਆਉਂਦੀ ਰਹੀ ਸੀ। ਇਹਦੇ ਨਾਲ ਰਲਦੇ ਮਿਲਦੇ ਮਾਮਲੇ ਵਿਚ ਸਾਲ ਕੁ ਪਹਿਲਾਂ ਮੈਂ ਆਪਣਾ ਤਾਣ ਲਾ ਕੇ ਵੇਖ ਵੀ ਚੁੱਕਾ ਸਾਂ। ਮੇਰੀ ਪਤਨੀ ਦੇ ਭਣੇਵੇਂ ਨੂੰ ਪੁਲਿਸ ਫੜ੍ਹਨ ਆਉਣ ਲੱਗੀ ਤਾਂ ਡਰਦਿਆਂ ਉਹ ਆਪਣੇ ਨਾਨਕੇ ਝਬਾਲ ਆ ਬੈਠਾ। ਮੇਰੀ ਪਤਨੀ ਦੀ ਭੈਣ ਵੀ ਇਸ ਤਰ੍ਹਾਂ ਹੀ ਮੈਨੂੰ ਰਸੂਖ ਵਾਲਾ ਬੰਦਾ ਸਮਝ ਕੇ ਮੇਰੇ ਕੋਲ ਆਈ ਅਤੇ ਤਰਲਾ ਲਿਆ ਕਿ ਮੈਂ ਉਸ ਦੇ ਮੁੰਡੇ ਨੂੰ ਕਿਸੇ ਵੱਡੇ ਪੁਲਿਸ ਅਫਸਰ ਰਾਹੀਂ ਪੇਸ਼ ਕਰਾ ਦਿਆਂ; ਉਹ ਉਸ ਨੂੰ ਮਾਰਨ ਨਾ, ਕੋਈ ਕੇਸ ਪਾ ਕੇ ਅੰਦਰ ਭਾਵੇਂ ਕਰ ਦੇਣ।
ਇੱਕ ਸਮਰੱਥ ਤੇ ਪ੍ਰਭਾਵਸ਼ਾਲੀ ਵੱਡਾ ਪੁਲਿਸ ਅਫਸਰ ਮੇਰੇ ਦੋਸਤ ਦਾ ਅਗਾਂਹ ਦੋਸਤ ਸੀ। ਮੈਂ ਆਪਣੇ ਦੋਸਤ ਦੀ ਮਿੰਨਤ ਕੀਤੀ ਤਾਂ ਉਸ ਨੇ ਪੁਲਿਸ ਅਫਸਰ ਨਾਲ ਗੱਲ ਕਰਨ ਦੀ ਹਾਮੀ ਤਾਂ ਭਰੀ, ਪਰ ਨਾਲ ਹੀ ਮੈਨੂੰ ਚੇਤਾਵਨੀ ਵੀ ਦਿੱਤੀ ਕਿ ਮਾਪੇ ਤਾਂ ਆਪਣੇ ਬੱਚਿਆਂ ਨੂੰ ਬੇਕਸੂਰ ਹੀ ਆਖਦੇ ਹੁੰਦੇ ਨੇ। ਅਸਲ ਵਿਚ ਪਤਾ ਨਹੀਂ ਮੁੰਡੇ ਦਾ ਅਪਰਾਧ ਕਿਹੋ ਜਿਹਾ ਹੋਵੇ। ਕੱਲ੍ਹ ਕਲੋਤਰ ਨੂੰ ਜੇ ਅਸੀਂ ਮੁੰਡੇ ਨੂੰ ਪੇਸ਼ ਕਰਾ ਵੀ ਦੇਈਏ ਤੇ ਪੁਲਿਸ ਵਾਲੇ ਅੱਗੋਂ ਕੋਈ ਕਾਰਾ ਦੇਣ ਤਾਂ ਆਪਾਂ ਉਨ੍ਹਾਂ ਦਾ ਭਲਾ ਕਰਦੇ ਕਰਦੇ ਵੱਡੇ ਗੁਨਾਹਗਾਰ ਨਾ ਬਣ ਜਾਈਏ! ਅਜਿਹੇ ਸਮਿਆਂ ਵਿਚ ਪੁਲਿਸ ‘ਤੇ ਕੀ ਇਤਬਾਰ ਕੀਤਾ ਜਾ ਸਕਦਾ ਹੈ!
ਮੈਂ ਸਚਮੁਚ ਡਰ ਗਿਆ ਤੇ ਖਾਮੋਸ਼ ਹੋ ਗਿਆ। ਥੋੜ੍ਹੇ ਚਿਰ ਬਾਅਦ ਮੇਰੀ ਪਤਨੀ ਦੇ ਭਣੇਵੇਂ ਨੂੰ ਪੁਲਿਸ ਨੇ ਪਰਿਵਾਰ ਦੇ ਜੀਆਂ ਦੇ ਸਾਹਮਣੇ ਕਾਬੂ ਕਰ ਲਿਆ। ਕੁੱਟ ਕੁੱਟ ਕੇ ਓਥੇ ਹੀ ਲੱਤਾਂ ਬਾਹਵਾਂ ਤੋੜ ਦਿੱਤੀਆਂ ਤੇ ਫਿਰ ਚਾਦਰ ਵਿਚ ਉਹਦੇ ਭੱਜੇ-ਟੁੱਟੇ ਜਿਸਮ ਦੀ ਪੰਡ ਬੰਨ੍ਹ ਕੇ ਜੀਪ ਵਿਚ ਸੁੱਟ ਲਿਆ। ਨਾ ਇਲਾਕੇ ਦੀ ਪੁਲਿਸ ਤੇ ਨਾ ਸੀ ਆਰ ਪੀ ਉਸ ਨੂੰ ਚੁੱਕਣ ਬਾਰੇ ਮੰਨੀ। ਆਖਣ, ਸਾਨੂੰ ਤਾਂ ਪਤਾ ਹੀ ਕੋਈ ਨਹੀਂ! ਕੋਈ ਸੂਹ ਨਾ ਮਿਲੀ, ਕਿੱਥੋਂ ਦੀ ਪੁਲਿਸ ਸੀ ਤੇ ਕਿੱਥੇ ਲੈ ਗਈ? ਕੋਈ ਉਘ-ਸੁੱਘ ਨਾ ਮਿਲੀ। ਅਸੀਂ ਰਲ-ਮਿਲ ਕੇ ਬਥੇਰੀਆਂ ਟੱਕਰਾਂ ਮਾਰਦੇ ਰਹੇ। ਪਰ ਕੁਝ ਨਾ ਬਣਿਆ। ਪਤਾ ਕੀ ਲੱਗਣਾ ਸੀ! ਉਸ ਨੂੰ ਤਾਂ ਅਗਲਿਆਂ ਅਣਪਛਾਤੀਆਂ ਲਾਸ਼ਾਂ ਦਾ ਹਿੱਸਾ ਬਣਾ ਦਿੱਤਾ ਸੀ।
ਮੈਂ ਕੁਝ ਵੀ ਨਾ ਕਰ ਸਕਣ ਵਾਲੀ ਆਪਣੀ ਸਥਿਤੀ ਬਾਰੇ ਬੀਬੀ ਨੂੰ ਸਮਝਾਇਆ ਤਾਂ ਉਹ ਕਹਿੰਦੀ, “ਨਹੀਂ, ਤੂੰ ਕਰ ਸਕਦੈਂ। ਜਿਹੜਾ ਐਸ ਐਸ ਪੀ ਅੰਬਰਸਰ ਲੱਗੈ, ਉਹ ਪਿੱਛੋਂ ਆਪਣੇ ਪਿੰਡ ਸੁਰ ਸਿੰਘ ਦਾ ਹੀ ਐ। ਉਹਦੇ ਵੱਡੇ ਭਾਵੇਂ ਪਾਕਿਸਤਾਨ ਬਣਨ ਤੋਂ ਪਹਿਲਾਂ ਈ ਕਿਤੇ ਅੱਗੇ ਜਾ ਵੱਸੇ ਸਨ ਪਰ ਉਹ ਹੁਣ ਵੀ ਆਪਣੇ ਪਿੰਡ ਦੇ ਲੋਕਾਂ ਦੀ ਬੜੀ ਦੀਦ ਕਰਦੈ। ਆਪਣੇ ਪਿੰਡ ਦਾ ਜਿਹੜਾ ਬੰਦਾ ਵੀ ਉਸ ਕੋਲ ਜਾਵੇ ਉਹ ਉਹਦਾ ਕੰਮ ਜ਼ਰੂਰ ਕਰਦੈ। ਮੈਨੂੰ ਮੋਤਾ ਸਿੰਘ ਨੇ ਆਖਿਐ ਕਿ ਜੇ ਤੂੰ ਜਾ ਕੇ ਮਿਲੇਂ ਤਾਂ ਉਹ ਤੇਰਾ ਆਖਾ ਨਹੀਂ ਮੋੜਨ ਲੱਗਾ। ਦੂਜੀ ਗੱਲ, ਤੂੰ ਉਹਨੂੰ ਕਰਤਾਰ ਕੋਲੋਂ ਵੀ ਅਖਵਾ ਸਕਦੈਂ।”
ਮੈਂ ਹੁਣ ਤੱਕ ਹਨੇਰੀ ਸੁਰੰਗ ਅੱਗੇ ਖਲੋਤਾ ਸਾਂ, ਬੀਬੀ ਨੇ ਮੇਰੇ ਅੱਗੇ ਨਿੱਕੀ ਜਿਹੀ ਮੋਮਬੱਤੀ ਬਾਲ ਧਰੀ ਸੀ। ਮੋਤਾ ਸਿੰਘ ਮੇਰੇ ਪਿਤਾ ਦਾ ਪੁਰਾਣਾ ਯਾਰ ਸੀ। ਪਹਿਲਾਂ ਇਹ ਪੁਲਿਸ ਅਫਸਰ ਕਿਸੇ ਹੋਰ ਥਾਂ ਲੱਗਾ ਸੀ ਤੇ ਮੋਤਾ ਸਿੰਘ ਉਸ ਕੋਲ ਬਾਬੇ ਬਿਧੀ ਚੰਦੀਆਂ ਦੇ ਕਿਸੇ ਕੰਮ ਗਿਆ ਸੀ; ਉਸ ਤੋਂ ਬਾਅਦ ਉਹਨੇ ਆਪ ਵੀ ਇੱਕ-ਦੋ ਨਿੱਕੇ ਮੋਟੇ ਕੰਮ ਉਸ ਕੋਲੋਂ ਲਏ ਸਨ। ਮੋਤਾ ਸਿੰਘ ਨੇ ਇੱਕ ਵਾਰ ਪਿੰਡ ਗਏ ਨੂੰ ਮੈਨੂੰ ਦੱਸਿਆ ਵੀ ਸੀ ਕਿ ਉਹ ਅਫਸਰ ਕਿਵੇਂ ਆਪਣੇ ਪਿੰਡ ਵਾਲੇ ਲੋਕਾਂ ਦਾ ਮਾਣ ਰੱਖਦਾ ਹੈ!
ਪਰ ਬਿਨਾ ਕਿਸੇ ਜਾਣ-ਪਹਿਚਾਣ ਦੇ ਮੇਰੇ ਵਰਗੇ ‘ਹਮਾਤੜ੍ਹ’ ਨੂੰ ਅੱਜ ਕੱਲ੍ਹ ਕਿਸੇ ਵੱਡੇ ਪੁਲਿਸ ਅਫਸਰ ਦੇ ਨੇੜੇ ਕੋਈ ਕਦੋਂ ਜਾਣ ਦੇਣ ਲੱਗਾ ਸੀ! ਮੇਰੇ ਇਸ ਕੰਮ ਵਿਚ ਕਰਤਾਰ ਸਹਾਈ ਹੋ ਸਕਦਾ ਸੀ। ਏਸ਼ੀਆਈ ਕੁਸ਼ਤੀਆਂ ਦਾ ਜੇਤੂ ਤੇ ਮੇਰਾ ਗਿਰਾਈਂ ਪਹਿਲਵਾਨ ਕਰਤਾਰ ਸਿੰਘ ਆਪ ਵੀ ਆਈ ਪੀ ਐਸ ਅਧਿਕਾਰੀ ਸੀ। ਦੋਵਾਂ ਪੁਲਿਸ ਅਫਸਰਾਂ ਵਿਚ ਪਿੰਡ ਦੀ ਸਾਂਝ ਦੇ ਨਾਲ ਨਾਲ ਇਕੋ ਮਹਿਕਮੇ ਅਤੇ ਇੱਕੋ ਰੈਂਕ ਦੇ ਹੋਣ ਕਰਕੇ ਵੀ ਜ਼ਰੂਰ ਨੇੜਤਾ ਹੋਵੇਗੀ। ਕਰਤਾਰ ਮੈਨੂੰ ਵੱਡੇ ਭਰਾਵਾਂ ਵਰਗਾ ਮਾਣ ਦਿੰਦਾ ਹੈ। ਮੈਂ ਉਸ ਨਾਲ ਫੋਨ ਮਿਲਾਇਆ। ਉਸ ਨੂੰ ਆਖਿਆ ਕਿ ਉਹ ਮੇਰੇ ਬਾਰੇ ਅੰਮ੍ਰਿਤਸਰ ਦੇ ਐਸ ਐਸ ਪੀ ਨੂੰ ਦੱਸ ਕੇ ਸਵੇਰੇ ਉਸ ਕੋਲੋਂ ਮੈਨੂੰ ਮਿਲਣ ਦਾ ਸਮਾਂ ਲੈ ਦੇਵੇ ਤੇ ਮੇਰੀ ਗੱਲ ਹਮਦਰਦੀ ਨਾਲ ਸੁਣਨ ਦੀ ਸਿਫਾਰਿਸ਼ ਵੀ ਕਰ ਦੇਵੇ। ਕਰਤਾਰ ਨੇ ਕੁਝ ਚਿਰ ਬਾਅਦ ਮੈਨੂੰ ਫੋਨ ਕਰਕੇ ਦੱਸਿਆ ਕਿ ਉਸ ਨੇ ਐਸ ਐਸ ਪੀ ਨਾਲ ਗੱਲ ਕਰ ਲਈ ਹੈ। ਮੈਂ ਸਵੇਰੇ ਦਸ ਵਜੇ ਉਸ ਨੂੰ ਉਹਦੀ ਕੋਠੀ ‘ਤੇ ਜਾ ਕੇ ਮਿਲ ਲਵਾਂ।
“ਉਹ ਤੁਹਾਨੂੰ ਪਹਿਲਾਂ ਈ ਜਾਣਦੈ। ਮੈਂ ਵੀ ਤੁਹਾਡੇ ਬਾਰੇ ਉਸ ਨੂੰ ਚੰਗੀ ਤਰ੍ਹਾਂ ਦੱਸ ਦਿੱਤਾ ਹੈ।” ਕਰਤਾਰ ਮੇਰੀ ਝਿਜਕ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਐਸ ਐਸ ਪੀ ਨੂੰ ਮਿਲਣ ਲਈ ਮੈਂ ਅੰਮ੍ਰਿਤਸਰ ਰਹਿੰਦੇ ਆਪਣੇ ਪੱਤਰਕਾਰ ਦੋਸਤ ਦੀ ਮਦਦ ਲੈਣ ਬਾਰੇ ਸੋਚਦਿਆਂ ਉਸ ਨੂੰ ਵੀ ਫੋਨ ਕੀਤਾ ਤਾਂ ਉਸ ਦੱਸਿਆ ਕਿ ਐਸ ਐਸ ਪੀ ਉਸ ਦਾ ਜਾਣੂ ਹੈ। ਉਹ ਜ਼ਰੂਰ ਮੇਰੇ ਨਾਲ ਜਾਵੇਗਾ।
ਮੈਂ ਬੀਬੀ ਨੂੰ ਕਿਹਾ ਕਿ ਉਹ ਹੁਣੇ ਜਾਵੇ ਤੇ ਵੱਡੇ ਮਾਮੇ ਨੂੰ ਆਖੇ ਕਿ ਉਹ ਸਵੇਰੇ ਨੌਂ ਵਜੇ ਤੱਕ ਪੱਤਰਕਾਰ ਦੀ ਰਿਹਾਇਸ਼ ‘ਤੇ ਪਹੁੰਚ ਜਾਣ।
ਸਾਰੀ ਰਾਤ ਮੈਂ ਗਿਣਤੀਆਂ-ਮਿਣਤੀਆਂ ਵਿਚ ਪਿਆ ਰਿਹਾ। ਮੈਨੂੰ ਮਾਮੇ ਦੇ ਤਲਖ ਬੋਲ ਅਤੇ ਮਾਰਨ ਦੀਆਂ ਧਮਕੀਆਂ ਭੁੱਲ ਗਈਆਂ ਸਨ। ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਆਪਣੇ ਰਿਸ਼ਤੇ ਦੀਆਂ ਮੁਹੱਬਤੀ ਤੰਦਾਂ ਨੂੰ ਖੋਲ੍ਹਦਾ ਬੰਨ੍ਹਦਾ ਰਿਹਾ। ਕਦੀ ਕਦੀ ਮੈਨੂੰ ਅਰਧ-ਸੁੱਤੇ ਨੂੰ ਖਿਆਲ ਆਉਂਦਾ ਕਿ ਮਾਮੇ ਦੀ ਗੋਲੀਆਂ ਵਿੰਨ੍ਹੀ ਲਾਸ਼ ਮੇਰੇ ਸਾਹਮਣੇ ਪਈ ਹੈ ਅਤੇ ਚੀਕ-ਚਿਹਾੜਾ ਮੱਚਿਆ ਹੋਇਆ ਹੈ। ਬੀਬੀ ਦੀਆਂ ਅੱਥਰੂਆਂ ਭਰੀਆਂ ਅੱਖਾਂ ਮੈਨੂੰ ਉਲ੍ਹਾਮਾ ਦਿੰਦੀਆਂ ਜਾਪਦੀਆਂ। ਮੈਂ ਡਰ ਕੇ ਕੰਬਿਆ। ਕਿਤੇ ਉਨ੍ਹਾਂ ਨੇ ਅੱਜ ਰਾਤ ਹੀ ਉਸ ਦਾ ਮੁਕਾਬਲਾ ਨਾ ਬਣਾ ਦਿੱਤਾ ਹੋਵੇ!
ਉਹ ਦਿਨ ਹੀ ਅਜਿਹੇ ਸਨ। ਪੁਲਿਸ ਪੂਰੇ ਜ਼ੋਰ ਤੇ ਜੋਸ਼ ਵਿਚ ਸੀ ਅਤੇ ਚੁਣ ਚੁਣ ਕੇ ‘ਅਤਿਵਾਦੀਆਂ’ ਨੂੰ ਮਾਰ ਰਹੀ ਸੀ।
ਸਵੇਰੇ ਮੈਂ ਪੱਤਰਕਾਰ ਦੋਸਤ ਦੀ ਰਿਹਾਇਸ਼ ‘ਤੇ ਪੁੱਜਾ ਤਾਂ ਵੱਡਾ ਮਾਮਾ ਗੁਰਦੀਪ ਤੇ ਉਸ ਦਾ ਇੱਕ ਸਾਥੀ ਪਹਿਲਾਂ ਹੀ ਪਹੁੰਚੇ ਹੋਏ ਸਨ। ਪੱਤਰਕਾਰ ਦੋਸਤ ਘਰ ਇਕੱਲਾ ਹੀ ਸੀ। ਮੈਂ ਸਾਰੀ ਹਕੀਕਤ ਦੱਸੀ ਤਾਂ ਉਹ ਕਹਿੰਦਾ, ਉਹ ਹਰਦੀਪ ਸਿੰਘ ਖਾਲਸਾ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹੈ। ਖਾਲਸਾ ਉਸ ਕੋਲ ਅਕਸਰ ਖਾੜਕੂਆਂ ਦੀਆਂ ਖਬਰਾਂ ਲੈ ਕੇ ਆਉਂਦਾ ਰਿਹਾ ਹੈ। ਖਾਲਸੇ ਨੇ ਕੁਝ ਚਿਰ ਪਹਿਲਾਂ ਪੱਤਰਕਾਰਾਂ ਦੀ ਟੋਲੀ ਦੀ ਖਾੜਕੂਆਂ ਨਾਲ ਕਿਸੇ ਗੁਪਤ ਥਾਂ ‘ਤੇ ਮੀਟਿੰਗ ਵੀ ਕਰਵਾਈ ਸੀ।
ਮੈਂ ਉਸ ਨੂੰ ਐਸ ਐਸ ਪੀ ਨਾਲ ਕਰਤਾਰ ਦੀ ਹੋਈ ਗੱਲ-ਬਾਤ ਬਾਰੇ ਵੀ ਦੱਸਿਆ ਅਤੇ ਆਪਣੇ ਪਿੰਡ ਦੀ ਸਾਂਝ ਬਾਰੇ ਵੀ। ਵੱਡੇ ਮਾਮੇ ਨੇ ਆਪਣੇ ਸੂਤਰਾਂ ਤੋਂ ਮਿਲੀ ਰਿਪੋਰਟ ਵੀ ਸਾਂਝੀ ਕੀਤੀ ਕਿ ਕਿਵੇਂ ਅੱਜ-ਭਲਕ ਹੀ ਉਸ ਦਾ ਮੁਕਾਬਲਾ ਬਣਾ ਦੇਣ ਦਾ ਖਦਸ਼ਾ ਹੈ! ਉਹ ਤਾਂ ਡਰਦੇ ਸਨ ਕਿ ਹੋ ਸਕਦਾ ਹੈ, ਰਾਤੀਂ ਹੀ ਭਾਣਾ ਵਰਤ ਗਿਆ ਹੋਵੇ!
ਪੱਤਰਕਾਰ ਮਿੱਤਰ ਨੇ ਐਸ ਐਸ ਪੀ ਨੂੰ ਫੋਨ ਮਿਲਾਇਆ ਤੇ ਮੇਰੇ ਆਉਣ ਬਾਰੇ ਦੱਸਿਆ।
ਅਸੀਂ ਦਸ ਵਜੇ ਐਸ ਐਸ ਪੀ ਦੀ ਕੋਠੀ ਪਹੁੰਚੇ। ਗੇਟ ਤੇ ਬੈਠੀ ਪੁਲਿਸ ਦੀ ਟੁਕੜੀ ਨੇ ਦੱਸਿਆ ਕਿ ‘ਸਾਹਿਬ ਘਰ ਨਹੀਂ ਹਨ!’ ਅਸੀਂ ਉਨ੍ਹਾਂ ਨੂੰ ‘ਸਾਹਿਬ’ ਕੋਲੋਂ ਮਿਲਣ ਦਾ ਟਾਈਮ ਲਿਆ ਹੋਣ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਅੰਦਰ ਫੋਨ ਕਰਕੇ ਪੁਸ਼ਟੀ ਕੀਤੀ ਤੇ ਸਾਡੇ ਲੰਘਣ ਲਈ ਦਰਵਾਜ਼ਾ ਖੋਲ੍ਹ ਦਿੱਤਾ। ਮਾਮੇ ਹੁਰਾਂ ਨੂੰ ਬਾਹਰ ਛੱਡ ਕੇ ਅਸੀਂ ਦੋਵੇਂ ਅੰਦਰ ਚਲੇ ਗਏ। ਨਾਲ ਗਏ ਪੁਲਿਸ ਮੁਲਾਜ਼ਮ ਨੇ ਸਾਨੂੰ ਦਫਤਰ ਵਿਚ ਬਿਠਾ ਦਿੱਤਾ। ਪੰਜ ਕੁ ਮਿੰਟ ਪਿੱਛੋਂ ਐਸ ਐਸ ਪੀ ਦਫਤਰ ਵਿਚ ਪਿਛੇ ਖੁੱਲ੍ਹਦੇ ਦਰਵਾਜ਼ੇ ਵਿਚੋਂ ਅੰਦਰ ਆਇਆ।
ਉਹ ਦਰਮਿਆਨੇ ਕੱਦ ਦਾ ਕਲੀਨ-ਸ਼ੇਵਨ ਜਵਾਨ ਸੀ। ਉਸ ਨੇ ਲੱਕ ਨਾਲ ਰੀੜ੍ਹ ਦੀ ਹੱਡੀ ਨੂੰ ਸਿੱਧਾ ਰੱਖਣ ਵਾਲੀ ਪੇਟੀ ਬੱਧੀ ਹੋਈ ਸੀ ਤੇ ਹੌਲੀ ਹੌਲੀ ਤੁਰ ਰਿਹਾ ਸੀ। ਸ਼ਾਇਦ ਉਸ ਦਾ ਲੱਕ ਦਰਦ ਕਰਦਾ ਸੀ। ਅਸੀਂ ਉਠ ਕੇ ‘ਸਤਿ ਸ੍ਰੀ ਆਕਾਲ’ ਆਖੀ ਤੇ ਉਸ ਦੇ ਇਸ਼ਾਰੇ ‘ਤੇ ਵੱਡੇ ਮੇਜ਼ ਦੇ ਉਰਾਰ ਕੁਰਸੀਆਂ ‘ਤੇ ਬੈਠ ਗਏ। ਉਸ ਨੇ ਕੁਰਸੀ ‘ਤੇ ਬਹਿੰਦਿਆਂ ਸਾਡੇ ਵੱਲ ਵੇਖਿਆ। ਉਹਦਾ ਚਿਹਰਾ ਭਾਵ-ਰਹਿਤ ਸੀ। ਪਹਿਲੀ ਨਜ਼ਰੇ ਹੀ ਮੈਨੂੰ ਜਾਪਿਆ ਕਿ ਮੈਂ ਗ਼ਲਤ ਥਾਂ ‘ਤੇ ਆ ਗਿਆ ਹਾਂ। ਇਥੇ ਮੇਰੀ ਕੁਝ ਨਹੀਂ ਵੱਟੀ ਜਾਣੀ। ਪੱਤਰਕਾਰ ਨੂੰ ਤਾਂ ਉਹ ਪਹਿਲਾਂ ਹੀ ਜਾਣਦਾ ਸੀ। ਪੱਤਰਕਾਰ ਨੇ ਆਪਣਾ ਫਰਜ਼ ਨਿਭਾਉਂਦਿਆਂ ਮੇਰੀ ਜਾਣ-ਪਛਾਣ ਕਰਾਈ ਤੇ ਮੈਨੂੰ ਪੰਜਾਬੀ ਦਾ ‘ਨਾਮਵਰ’ ਲੇਖਕ ਆਖ ਕੇ ਵਡਿਆਇਆ। ਅਕਸਰ ਮੈਂ ਆਪਣੀ ਅਜਿਹੀ ਪ੍ਰਸੰæਸਾ ਸੁਣ ਕੇ ਸੰਗ ਜਾਂਦਾ ਹਾਂ ਪਰ ਉਸ ਦਿਨ ਮੈਨੂੰ ਪੱਤਰਕਾਰ ਵੱਲੋਂ ਆਪਣੀ ਪ੍ਰਸੰæਸਾ ਚੰਗੀ ਲੱਗੀ। ਇਸ ਪ੍ਰਸੰæਸਾ ਨੇ ਇਸ ਕਮਰੇ ਵਿਚ ਮੇਰੀ ਹੋਂਦ ਨੂੰ ਅਰਥਵਾਨ ਬਣਾਉਣਾ ਸੀ ਤੇ ਆਪਣੀ ਗੱਲ ਕਹਿਣ ਜੋਗੀ ਸ਼ਨਾਖਤ ਤੇ ਤਾਕਤ ਦੇਣੀ ਸੀ।
ਪੱਤਰਕਾਰ ਨੇ ਨਾਲ ਇਹ ਵੀ ਜੋੜ ਦਿੱਤਾ, “ਰਾਤੀਂ ਪਹਿਲਵਾਨ ਕਰਤਾਰ ਸਿੰਘ ਹੋਰਾਂ ਵੀ ਤੁਹਾਡੇ ਨਾਲ ਇਨ੍ਹਾਂ ਬਾਰੇ ਗੱਲ ਕੀਤੀ ਹੋਣੀ ਹੈ!” ਉਸ ਨੇ ਮਾੜੀ ਜਿਹੀ ਠੋਡੀ ਹਿਲਾਈ।
ਹੁਣ ਚੁੱਪ ਕੀਤਿਆਂ ਤਾਂ ਸਰਨਾ ਨਹੀਂ ਸੀ।
“ਕਰਤਾਰ ਮੇਰੇ ਛੋਟੇ ਭਰਾਵਾਂ ਵਰਗਾ ਹੈ। ਮੈਂ ਤੁਹਾਡੇ ਨਾਲ ਕਰਤਾਰ ਦੇ ਹਵਾਲੇ ਨਾਲ ਵੀ ਗੱਲ ਕਰਨ ਆਇਆ ਹਾਂ ਅਤੇ ਆਪਣੇ ਪਿੰਡ ਸੁਰ ਸਿੰਘ ਦੇ ਹਵਾਲੇ ਨਾਲ ਵੀ ਮਿੰਨਤ ਕਰਨੀ ਹੈ। ਮੈਨੂੰ ਪਤਾ ਲੱਗੈ ਕਿ ਤੁਸੀਂ ਆਪਣੀਆਂ ਜੜ੍ਹਾਂ ਨਾਲ ਜੁੜੇ ਮੋਹ ਨੂੰ ਪਾਲਦੇ ਹੋਏ ਆਪਣੇ ਗਿਰਾਈਆਂ ਦੀ ਮਦਦ ਕਰਨ ਲਈ ਸਦਾ ਆਪਣੇ ਦਿਲ ਨੂੰ ਖੁੱਲਾ ਰੱਖਿਆ ਹੈ। ਸਾਰਾ ਪਿੰਡ ਤੁਹਾਡੇ ਵੱਲੋਂ ਆਪਣੇ ਬਜ਼ੁਰਗਾਂ ਦੀ ਜੰਮਣ-ਭੋਇੰ ਦਾ ਮਾਣ ਰੱਖਣ ਦੇ ਹਵਾਲੇ ਦਿੰਦਾ ਨਹੀਂ ਥੱਕਦਾ। ਤੁਹਾਡੇ ਵਡੇਰਿਆਂ ਦੇ ਪਿੰਡ ਦਾ ਵਸਨੀਕ ਹੋਣ ਨਾਤੇ ਮੇਰਾ ਵੀ ਤੁਹਾਡੀਆਂ ਜੜ੍ਹਾਂ ਨਾਲ ਕਿਤੇ ਨਾ ਕਿਤੇ ਅਪਣੱਤ ਤੇ ਸਾਂਝ ਦਾ ਰਿਸ਼ਤਾ ਬਣਦਾ ਹੈ। ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾਂ ਤਾਂ ਸਾਡੇ ਵਿਚਕਾਰ ਆਪਣੇ ਵਡੇਰਿਆਂ ਦੀ ਜਨਮ ਭੋਇੰ ਦਾ ਮਲੂਕ ਜਿਹਾ ਪਰ ਬੜਾ ਬਲਵਾਨ ਰਿਸ਼ਤਾ ਵੀ ਪਿਆ ਹੈ। ਮੈਂ ਅੱਜ ਤੁਹਾਡੇ ਅੰਦਰ ਪਏ ਉਸ ਕੂਲੇ ਰਿਸ਼ਤੇ ਨੂੰ ਮੁਖਾਤਬ ਹਾਂ। ਉਸ ਰਿਸ਼ਤੇ ਵਿਚਲੇ ਮੋਹ ਅਤੇ ਅਪਣੱਤ ਦਾ ਵਾਸਤਾ ਦੇ ਕੇ ਤੁਹਾਡੇ ਨਾਲ ਗੱਲ ਕਰਨੀ ਹੈ ਹਰਦੀਪ ਸਿੰਘ ਖਾਲਸਾ ਬਾਰੇ, ਜਿਸ ਨੂੰ ਦੋ ਦਿਨ ਹੋਏ ਪੁਲਿਸ ਨੇ ਘਰੋਂ ਚੁੱਕ ਲਿਆ ਹੈ। ਹਰਦੀਪ ਸਿੰਘ ਮੇਰਾ ਸੱਕਾ ਮਾਮਾ ਹੈ। ਮੇਰੇ ਨਾਲ ਉਸ ਦਾ ਪਿਛਲੇ ਕਈ ਸਾਲਾਂ ਤੋਂ ਬੋਲ-ਚਾਲ ਬੰਦ ਹੈ। ਮੈਨੂੰ ਨਹੀਂ ਪਤਾ ਉਸ ਦੀਆਂ ਕੀ ਗਤੀਵਿਧੀਆਂ ਹਨ। ਹੋ ਸਕਦਾ ਹੈ ਉਹ ਤੁਹਾਡੇ ਰਿਕਾਰਡ ਤੇ ਤੁਹਾਡੀਆਂ ਨਜ਼ਰਾਂ ਵਿਚ ਬਹੁਤ ਵੱਡਾ ਦੋਸ਼ੀ ਹੋਵੇ। ਮੈਂ ਉਸ ਦੀ ਕਿਸੇ ਵੀ ਕਿਸਮ ਦੀ ਸਫਾਈ ਦੇਣ ਨਹੀਂ ਆਇਆ। ਮੇਰੇ ਕੋਲ ਤਾਂ ਰਾਤੀਂ ਮੇਰੀ ਮਾਂ ਰੋਂਦੀ ਹੋਈ ਗਈ। ਮੇਰੇ ਕੋਲੋਂ ਉਸ ਦੇ ਅੱਥਰੂ ਨਹੀਂ ਵੇਖੇ ਗਏ। ਮੇਰੀ ਮਾਂ ਨੇ ਵੀ ਮੈਨੂੰ ਆਪਣੇ ਪਿੰਡ ਵਾਲਿਆਂ ਪ੍ਰਤੀ ਤੁਹਾਡੇ ਦਿਲ ਵਿਚ ਵੱਸਦੀ ਖੁਸ਼ਬੂ ਦੀ ਸੂਹ ਦਿੱਤੀ ਸੀ। ਆਪਣੀ ਮਾਂ ਦੀ ਬੇਨਤੀ ਹੀ ਮੈਂ ਆਪਣੇ ਸ਼ਬਦਾਂ ਵਿਚ ਤੁਹਾਡੇ ਅੱਗੇ ਦੁਹਰਾ ਰਿਹਾਂ ਕਿ ਤੁਸੀਂ ਖਾਲਸੇ ‘ਤੇ ਉਹਦੇ ਬਣਦੇ ਅਪਰਾਧ ਮੁਤਾਬਕ ਕੇਸ ਜਿਹੜਾ ਮਰਜ਼ੀ ਪਾ ਦਿਓ ਪਰ ਕਿਰਪਾ ਕਰਕੇ ਉਸ ਨੂੰ ਜਾਨੋਂ ਨਾ ਮਾਰਿਓ।”
ਮੈਂ ਇੱਕੋ ਸਾਹੇ ਗੱਲ ਮੁਕਾ ਕੇ ਉਸ ਵੱਲ ਬੜੇ ਧਿਆਨ ਨਾਲ ਵੇਖਿਆ ਤਾਕਿ ਉਸ ਦੇ ਚਿਹਰੇ ਉਤੋਂ ਉਸ ਅੰਦਰਲੇ ਮਨੋਭਾਵ ਪੜ੍ਹ ਸਕਾਂ। ਉਹ ਕੁਝ ਨਹੀਂ ਬੋਲਿਆ। ਕੁਰਸੀ ਤੋਂ ਉਠਿਆ ਤੇ ਹੌਲੀ ਹੌਲੀ ਤੁਰਦਾ ਪਿਛਲੇ ਕਮਰੇ ਵਿਚ ਅੰਦਰ ਗਿਆ। ਦੋ ਕੁ ਮਿੰਟ ਬਾਅਦ ਵਾਪਸ ਪਰਤਿਆ ਤਾਂ ਉਸ ਦੇ ਹੱਥ ਵਿਚ ਇੱਕ ਲਿਫਾਫਾ ਸੀ। ਉਸ ਨੇ ਲਿਫਾਫੇ ਵਿਚੋਂ ਕੁਝ ਤਸਵੀਰਾਂ ਕੱਢ ਕੇ ਮੇਜ਼ ‘ਤੇ ਖਿਲਾਰੀਆਂ ਤੇ ਬੜੇ ਸਹਿਜ ਨਾਲ ਦੱਸਣ ਲੱਗਾ,
“ਜੇ ਇਹ ਤੁਹਾਡਾ ਮਾਮਾ ਹੈ ਤਾਂ ਤੁਸੀਂ ਕਦੀ ਤਾਂ ਉਹਦੀ ਬਹਿਕ ‘ਤੇ ਗਏ ਹੋਵੋਗੇ। ਆਹ ਤਸਵੀਰਾਂ ਵੇਖੋ; ਤੁਹਾਡੇ ਮਾਮੇ ਦੀ ਬਹਿਕ ਦੀਆਂ ਹੀ ਨੇ ਨਾ! ਆਹ ਉਹਦੀ ਮੋਟਰ ਤੇ ਆਹ ਪਿਛਲੀਆਂ ਟਾਹਲੀਆਂ। ਪਛਾਣ ਕੇ ਤਾਂ ਵੇਖੋ! ਆਹ ਜੇ ਉਹਦੇ ਵਿਹੜੇ ਵਿਚ ਕਾਤਲ ਅਤੇ ਭਗੌੜੇ ਆਪੇ ਸੱਜੇ ਲੈਫਟੀਨੈਂਟ ਜਨਰਲ …ਸਿੰਘ ਦੇ ਹੋਏ ਵਿਆਹ ਦੀਆਂ ਤਸਵੀਰਾਂ! ਆਹ ਵਿਚ ਤੁਹਾਡਾ ਮਾਮਾ ਖਲੋਤਾ। ਇਹ ਵਿਆਹ ਉਹਦੀ ਬਹਿਕ ‘ਤੇ ਹੋਇਆ। ਅਜੇ ਵੀ ਕੋਈ ਸ਼ੱਕ ਦੀ ਗੁੰਜਾਇਸ਼ ਹੈ? ਕੋਈ ਆਖੇ ਕਿ ਇਹ ਮਾਨੋਚਾਹਲ ਨੂੰ ਨਹੀਂ ਮਿਲਦਾ ਜਾਂ ਉਹ ਇਹਨੂੰ ਨਹੀਂ ਮਿਲਦਾ? ਜਾਂ…।”
ਉਹ ਓਸੇ ਧੀਮੇ ਅੰਦਾਜ਼ ਵਿਚ ਮਾਮੇ ਦੇ ਸਬੰਧਾਂ ਵਾਲੇ ਤੇ ਉਸ ਦੀ ਬਹਿਕ ‘ਤੇ ਆਉਂਦੇ ਰਹਿਣ ਵਾਲੇ ਤਥਾ-ਕਥਿਤ ਖਾੜਕੂਆਂ ਦੇ ਨਾਂ ਗਿਣਾਉਣ ਲੱਗਾ।
ਉਹਦੀ ਜਾਣਕਾਰੀ ਤੇ ਵੇਰਵਿਆਂ ਤੋਂ ਇਨਕਾਰੀ ਹੋਣ ਦਾ ਸਵਾਲ ਹੀ ਨਹੀਂ ਸੀ। ਇੱਕ ਵਾਰ ਤਾਂ ਮੇਰੇ ਪੈਰਾਂ ਹੇਠੋਂ ਜਮੀਨ ਨਿਕਲਦੀ ਮਹਿਸੂਸ ਹੋਈ। ਮੈ ਸੰਭਲ ਕੇ ਆਖਿਆ, “ਮੈਂ ਤਾਂ ਜਿਵੇਂ ਪਹਿਲਾਂ ਬੇਨਤੀ ਕੀਤੀ ਸੀ, ਮਾਮੇ ਦੀ ਕੋਈ ਸਫਾਈ ਦੇਣ ਨਹੀਂ ਆਇਆ। ਉਹ ਸਭ ਕੁਝ ਕਰਦਾ ਹੋਵੇਗਾ, ਜੋ ਤੁਸੀਂ ਆਖਿਐ। ਉਸ ਕੋਲ ਇਹ ਬੰਦੇ ਵੀ ਆਉਂਦੇ ਹੋਣਗੇ, ਮੈਂ ਮੁਕਰਦਾ ਨਹੀਂ।”
ਇਸ ਵੇਲੇ ਮੇਰੇ ਪੱਤਰਕਾਰ ਦੋਸਤ ਨੇ ਵੇਲਾ ਸਾਂਭਿਆ, “ਜੋ ਤੁਸੀਂ ਕਿਹੈ ਸਭ ਸੱਚ ਹੈ। ਪਰ ਤੁਸੀਂ-ਅਸੀਂ ਇਹ ਤਾਂ ਜਾਣਦੇ ਹੀ ਆਂ ਕਿ ਖਾਲਸੇ ਦਾ ਕਿਸੇ ਕਤਲ ਵਗੈਰਾ ਵਿਚ ਕੋਈ ਹੱਥ ਨਹੀਂ।”
ਮੈਂ ਉਸ ਅੰਦਰਲੇ ਕੂਲੇ ਹਿੱਸੇ ਨੂੰ ਛੂਹਣ ਦੀ ਮੁੜ ਕੋਸ਼ਿਸ਼ ਕੀਤੀ, “ਮੈਂ ਤਾਂ ਆਪਣੇ ਨਾਲ ਸਭ ਤੋਂ ਵੱਡਾ ਸਿਫਾਰਸ਼ੀ ਆਪਣਾ ਪਿੰਡ ਸੁਰ ਸਿੰਘ ਤੁਹਾਡੇ ਕੋਲ ਲੈ ਕੇ ਆਇਆਂ। ਮੇਰੇ ਤੇ ਤੁਹਾਡੇ ਵਿਚਕਾਰ ਸਾਡਾ ਸਾਂਝਾ ਪਿੰਡ ਸੁਰ ਸਿੰਘ ਹਾਜ਼ਰ-ਨਾਜ਼ਰ ਹੈ ਤੇ ਤੁਹਾਨੂੰ ਇਹੋ ਬੇਨਤੀ ਕਰਦਾ ਹਾਂ ਕਿ ਤੁਹਾਡੇ ਕੋਲ ਚੱਲ ਕੇ ਆਏ ਆਪਣੇ ਪਿੰਡ ਦਾ ਤੁਸੀਂ ਮਾਣ ਰੱਖੋ! ਮਾਮੇ ‘ਤੇ ਕੇਸ ਜਿਹੜਾ ਮਰਜ਼ੀ ਪਾ ਦਿਓ, ਪਰ ਉਸ ਨੂੰ ਮਾਰਿਓ ਨਾ!”
ਉਸ ਨੇ ਇੱਕ ਪਲ ਦੀ ਖਾਮੋਸ਼ੀ ਬਾਅਦ ਮੇਰੇ ਨਾਲ ਨਜ਼ਰਾਂ ਮਿਲਾ ਕੇ ਆਖਿਆ, “ਨਹੀਂ ਮਾਰਦੇ।”
ਏਨੀ ਆਖ ਕੇ ਉਹ ਕੁਰਸੀ ਤੋਂ ਉਠ ਖਲੋਤਾ। ਅਸੀਂ ਉਸ ਦਾ ‘ਧੰਨਵਾਦ’ ਕਰਕੇ ਬਾਹਰ ਆਏ ਤੇ ਮਾਮੇ ਗੁਰਦੀਪ ਹੁਰਾਂ ਨੂੰ ਹੋਈ ਗੱਲ-ਬਾਤ ਬਾਰੇ ਜਾਣਕਾਰੀ ਦਿੱਤੀ। ਮਨ ਨੂੰ ਅਜੇ ਵੀ ਟਿਕਾਓ ਨਹੀਂ ਸੀ। ਕੀ ਐਸ ਐਸ ਪੀ ਵਚਨਾਂ ਦਾ ਪੂਰਾ ਨਿਕਲੇਗਾ?
ਪੱਤਰਕਾਰ ਦੋਸਤ ਦਾ ਖਿਆਲ ਸੀ, “ਪੁਲਸੀਆਂ ਦਾ ਕੋਈ ਇਤਬਾਰ ਨਹੀਂ ਹੁੰਦਾ। ਆਪਾਂ ਇੰਜ ਕਰੀਏ, ਨੇੜੇ ਹੀ ਅਕਾਲੀ ਆਗੂ ਮਨਜੀਤ ਸਿੰਘ ਕਲਕੱਤਾ ਰਹਿੰਦਾ ਹੈ, ਉਸ ਕੋਲੋਂ ਵੀ ਅਖਵਾ ਦੇਈਏ।”
ਕਲਕੱਤੇ ਦੇ ਘਰ ਦਸ ਬਾਰਾਂ ਬੰਦੇ ਕੰਮਾਂ-ਧੰਦਿਆਂ ਵਾਲੇ ਆਏ ਬੈਠੇ ਸਨ। ਪੱਤਰਕਾਰ ਨੇ ਐਸ ਐਸ ਪੀ ਨੂੰ ਮਿਲ ਕੇ ਆਉਣ ਵਾਲੀ ਗੱਲ ਲੁਕਾ ਕੇ ਖਾਲਸੇ ਦੇ ਫੜ੍ਹੇ ਜਾਣ ਵਾਲੀ ਸਾਰੀ ਕਹਾਣੀ ਦੱਸੀ ਤਾਂ ਕਲਕੱਤੇ ਨੇ ਐਸ ਐਸ ਪੀ ਨੂੰ ਫੋਨ ਮਿਲਾਇਆ। ਅੱਗੋਂ ਜਵਾਬ ਮਿਲਿਆ ਕਿ ‘ਸਾਹਿਬ ਤਾਂ ਪਿਛਲੀ ਰਾਤ ਦੇ ਹੀ ਕਿਤੇ ਬਾਹਰ ਗਏ ਹੋਏ ਨੇ!”
ਪੱਤਰਕਾਰ ਦੋਸਤ ਨੂੰ ਤਾਂ ‘ਭਾਵੇਂ ਪੁਲਸੀਆਂ ‘ਤੇ ਇਤਬਾਰ ਨਹੀਂ ਸੀ।’ ਪੁਲਸੀਆਂ ਦੀ ਬੇਇਤਬਾਰੀ ਜੱਗ-ਜ਼ਾਹਿਰ ਹੈ, ਪਰ ਮੈਨੂੰ ਪਤਾ ਨਹੀਂ ਕਿਉਂ ਤਸੱਲੀ ਜਿਹੀ ਸੀ। ਮੈਂ ‘ਪੁਲਸੀਏ’ ਨਾਲ ਤਾਂ ਗੱਲ ਹੀ ਨਹੀਂ ਸੀ ਕੀਤੀ। ਮੈਂ ਤਾਂ ਉਹਦੇ ਅੰਦਰ ਬੈਠੇ ਕਿਸੇ ਅਸਲੋਂ ਨਿਆਰੇ ਬੰਦੇ ਨੂੰ ਮੁਖਾਤਬ ਹੋਇਆ ਸਾਂ! ਉਸ ਬੰਦੇ ‘ਤੇ ਇਤਬਾਰ ਕੀਤਾ ਜਾ ਸਕਦਾ ਸੀ ਜਿਹੜਾ ਹੋਰਨਾਂ ਵਾਸਤੇ ਉਸ ਦਿਨ ‘ਆਊਟ ਆਫ ਸਟੇਸ਼ਨ’ ਸੀ ਪਰ ਜਿਸ ਨੇ ਸਾਨੂੰ ਮਿਲਣ ਲਈ ਬੂਹੇ ਖੋਲ੍ਹ ਦਿੱਤੇ ਸਨ।
ਅਗਲੇ ਦਿਨ ਮੈਨੂੰ ਪਤਾ ਲੱਗਾ ਕਿ ਮੇਰੇ ਨਾਲ ਗੱਲ ਹੋਣ ਤੋਂ ਬਾਅਦ ਓਸੇ ਦਿਨ ਹੀ ਮਾਲ-ਮੰਡੀ ‘ਸਾਹਿਬ’ ਦਾ ਫੋਨ ਆ ਗਿਆ ਸੀ। ਉਸ ਫੋਨ ਦੀ ਕਰਾਮਾਤ ਇਹ ਨਹੀਂ ਸੀ ਕਿ ਹਰਦੀਪ ਸਿੰਘ ਦੀ ਕੁੱਟ-ਮਾਰ ਬੰਦ ਹੋ ਗਈ ਸੀ, ਸਗੋਂ ਇਹ ਸੀ ਕਿ ਉਸ ਉਤੇ ਕੋਈ ਵੀ ਕੇਸ ਨਹੀਂ ਸੀ ਪਾਇਆ ਗਿਆ ਤੇ ਉਹਨੂੰ ਤੁਰੰਤ ਰਿਹਾ ਕਰ ਦੇਣ ਦਾ ਹੁਕਮ ਵੀ ਹੋ ਗਿਆ ਸੀ। ਇਹ ਤਾਂ ਸਾਡੀ ਸਭ ਦੀ ਕਲਪਨਾ ਤੋਂ ਬਾਹਰਾ ਵਾਪਰ ਗਿਆ ਸੀ। ਖੁਸ਼ੀ ਵਿਚ ਭਿੱਜ ਕੇ ਮੈਂ ਆਪਣੇ ਅੰਦਰ ਬੈਠੀ ਆਪਣੇ ਪਿੰਡ ਦੀ ਆਤਮਾ ਨੂੰ ਨਮਸਕਾਰ ਆਖੀ। ਅੱਜ ਮੈਨੂੰ ਅਹਿਸਾਸ ਹੋਇਆ ਕਿ ਹੋਰਨਾਂ ਰਿਸ਼ਤਿਆਂ ਤੋਂ ਵੀ ਕਿਤੇ ਵਧੇਰੇ ਬਲਵਾਨ ਆਪਣੀਆਂ ਜੜ੍ਹਾਂ ਦੀ ਰਿਸ਼ਤਗੀ ਹੁੰਦੀ ਹੈ!
ਮਾਮੇ ਹਰਦੀਪ ਨਾਲ ਮੇਰੀ ਨਰਾਜ਼ਗੀ ਧੁਪ ਗਈ ਸੀ। ਮਹੀਨੇ ਕੁ ਬਾਅਦ ਮੈਂ ਉਨ੍ਹਾਂ ਦੀ ਬਹਿਕ ‘ਤੇ ਗਿਆ। ਦੋਵੇਂ ਮਾਮੇ ਤੇ ਮੈਂ ਬੜੇ ਸਾਲਾਂ ਬਾਅਦ ਇਕੱਠੇ ਮਿਲ-ਬੈਠੇ ਸਾਂ। ਮੈਂ ਜਾਨਣਾ ਚਾਹਿਆ ਕਿ ਉਸ ਤੋਂ ਬਾਅਦ ਪੁਲਿਸ ਨੇ ਕਦੀ ਤੰਗ ਤਾਂ ਨਹੀਂ ਕੀਤਾ?
ਵੱਡਾ ਮਾਮਾ ਪੁਰਾਣੇ ਅੰਦਾਜ਼ ਵਿਚ ਹੱਸਿਆ, “ਪੁਲਿਸ ਤਾਂ ਕਦੀ ਨਹੀਂ ਆਈ। ਪਰ ਸਾਡਾ ਖਾਲਸਾ ਝੋਨੇ ‘ਚੋਂ ਨਦੀਨ ਕੱਢਦੇ ਭਈਆਂ ਨੂੰ ਖਲੋਤਾ ਵੇਖ ਕੇ ‘ਪੁਲਿਸ ਆ ਗਈ! ਪੁਲਿਸ ਆ ਗਈ’ ਆਖਦਾ ਲੁਕਣ ਨੂੰ ਤੂੜੀ ਦੇ ਮੂਸਲਾਂ ਵੱਲ ਭੱਜਦੈ।”
ਅਸੀਂ ਰਲ ਕੇ ਹੱਸਣ ਲੱਗੇ। ਮਾਮੇ ਹਰਦੀਪ ਦਾ ਹਾਸਾ ਸਭ ਤੋਂ ਉਚਾ ਸੀ।
ਉਸ ਨੂੰ ਫਿਰ ਤੋਂ ਮਖੌਲ ਸਹਿਣ ਦੀ ਜਾਚ ਆ ਗਈ ਸੀ।
-0-