ਚੰਗੇਰੇ ਭਵਿੱਖ ਲਈ ਪਰਦੇਸੀਂ ਜਾ ਵੱਸਣਾ ਪੰਜਾਬ ਦੀ ਨਵੀਂ ਪੀੜ੍ਹੀ ਦਾ ਸੁਪਨਾ ਵੀ ਹੈ ਅਤੇ ਚੰਗੇ ਭਾਗਾਂ ਦੇ ਦਰ ਖੁਲ੍ਹਣਾ ਵੀ। ਪਰਦੇਸਾਂ ਵਿਚ ਖਾਸ ਕਰਕੇ ਅਮਰੀਕਾ, ਕੈਨੇਡਾ ਜਿਹੇ ਵਿਕਸਿਤ ਮੁਲਕਾਂ ਵਿਚ ਸਾਡੀ ਨਵੀਂ ਪੀੜ੍ਹੀ ਨੇ ਮੱਲਾਂ ਵੀ ਬਥੇਰੀਆਂ ਮਾਰੀਆਂ ਹਨ, ਪਰ ਸਾਡੀ ਪਿਛਲੇਰੀ ਪੀੜ੍ਹੀ ਲਈ ਕਈ ਵਾਰ ਪਰਦੇਸ ਇਕ ਅਜੀਬ ਕੁੜਿੱਕੀ ਬਣ ਜਾਂਦੇ ਹਨ-ਨਾ ਉਹ ਏਧਰਲੇ ਰਹਿ ਜਾਂਦੇ ਹਨ ਤੇ ਨਾ ਉਧਰਲੇ। ਇਹੋ ਜੀਵਨ ਹੈ ਜਿਸ ਨੂੰ ਪ੍ਰਿੰæ ਬਲਕਾਰ ਸਿੰਘ ਬਾਜਵਾ ਨੇ ‘ਕੋਠੀ ਲੱਗਣਾ’ ਕਿਹਾ ਹੈ।
ਇਸ ਲੇਖ ਵਿਚ ਪ੍ਰਿੰæ ਬਾਜਵਾ ਨੇ ਚੰਗੀਆਂ ਭਲੀਆਂ ਨੌਕਰੀਆਂ ਤੋਂ ਰਿਟਾਇਰ ਹੋ ਕੇ ਕੈਨੇਡਾ ਪਹੁੰਚੇ ਬਜ਼ੁਰਗਾਂ ਦੀ ਗਾਥਾ ਛੋਹੀ ਹੈ ਜਿਨ੍ਹਾਂ ਨੂੰ ਇਥੋਂ ਦੇ ਜੀਵਨ ਸਫਰ ਵਿਚ ਰਲਣਾ ਔਖਾ ਲੱਗਦਾ ਹੈ ਪਰ ਹੌਲੀ ਹੌਲੀæææ। -ਸੰਪਾਦਕ
ਬਲਕਾਰ ਸਿੰਘ ਬਾਜਵਾ
ਕਈ ਹਾਲਾਤ ਅਸੀਂ ਕਦੀ ਕਿਆਸੇ ਹੀ ਨਹੀਂ ਹੁੰਦੇ। ਲੈਂਡਿਡ ਇਮੀਗਰਾਂਟ ਬਣ ਕੇ ਉਹ ਵੇਖਣੇ ਪਏ ਹਨ। ਵੈਸੇ ਤਾਂ ਸਮਾਂ ਬਦਲਦਾ ਹੀ ਰਹਿੰਦਾ ਹੈ। ਜਦੋਂ ਔਲਾਦ ਦੀ ਘਰ ‘ਚ ਬਾਂਗ ਰਵਾਂ ਹੋ ਜਾਏ, ਉਹ ਪਰ੍ਹੇ ‘ਚ ਬਹਿਣ ਖਲੋਣ ਲੱਗ ਜਾਏ, ਲੀਡਰਾਂ ਨਾਲ ਉਠਣ-ਬੈਠਣ ਅਤੇ ਠਾਣੇ, ਤਹਿਸੀਲੇ ਆਉਣ-ਜਾਣ ਲੱਗ ਜਾਏ, ਬਾਪੂ ਨੂੰ ਪਿੱਛੇ ਹਟਣਾ ਹੀ ਪੈਂਦਾ ਹੈ। ਇਸ ਵਿਚ ਹੀ ਸਿਆਣਪ ਹੈ। ਨੌਕਰੀ ਪੇਸ਼ਾ ਲੋਕਾਂ ਦਾ ਸੇਵਾਮੁਕਤੀ ਪਿੱਛੋਂ ਇਕ ਨਵਾਂ ਜੀਵਨ ਦੌਰ ਸ਼ੁਰੂ ਹੁੰਦਾ ਹੈ। ਪਦਵੀ ਵਾਲੀ ਕੁਰਸੀ ਤੋਂ ਉਤਰਨ ਪਿਛੋਂ ਬਹੁਤ ਕੁਝ ਬਦਲ ਜਾਂਦਾ ਹੈ। ਕੁਝ ਸੰਕਲਪ ਆਪ ਹੀ ਬਦਲਣੇ ਪੈਂਦੇ ਹਨ। ਜੂਨੀਅਰ ਸੀਨੀਅਰ ਬਣਦੇ ਤੇ ਪੁੱਤ ਪਿਓ ਵਾਲੀਆਂ ਜਿੰਮੇਵਾਰੀਆਂ ਸੰਭਾਲਦੇ ਹੀ ਆਏ ਹਨ। ਪਰ ਪੰਜਾਬ ਦੇ ਮਾਹੌਲ ਵਿਚ ਇਹ ਤਬਦੀਲੀਆਂ ਸਹਿਜੇ ਸਹਿਜੇ ਵਾਪਰਦੀਆਂ ਹਨ। ਬਾਕੀ ਸਭ ਕੁਝ ਤਕਰੀਬਨ ਉਵੇਂ ਹੀ ਹੋਣ ਕਰਕੇ ਬੰਦਾ ਬਹੁਤਾ ਉਖੜਿਆ ਮਹਿਸੂਸ ਨਹੀਂ ਕਰਦਾ।
ਪਰ ਕੈਨੇਡਾ/ਅਮਰੀਕਾ ਵਰਗੇ ਅਜਨਬੀ ਦੇਸ਼ ਵਿਚ ਪਿਛਲੀ ਉਮਰੇ ਆ ਕੇ ਇਹ ਪਰਿਵਰਤਨ ਬਹੁਤਾ ਹੀ ਚੁੱਭਦਾ ਹੈ। ਵਿਦੇਸ਼ੀ ਬੋਲੀ ਅਤੇ ਉਹ ਵੀ ਇੱਕ ਵੱਖਰੇ ਜਿਹੇ ਲਹਿਜੇ ਵਾਲੀ, ਪੜ੍ਹਿਆਂ ਲਿਖਿਆਂ ਨੂੰ ਵੀ ਅਨਪੜ੍ਹ ਬਣਾ ਦਿੰਦੀ ਹੈ। ਅਨਪੜ੍ਹ ਦੀ ਹਾਲਤ ਹੋਰ ਵੀ ਤਰਸਯੋਗ ਹੁੰਦੀ ਹੈ। ਤੀਜੀ ਪੀੜ੍ਹੀ ਦੇ ਬੱਚੇ ਹੀ ਨਹੀਂ ਮਾਣ। ਖਿਝਦੇ ਹਨ ਤੇ ਗਿਲਾ ਕਰਦੇ ਹਨ, “ਬਾਪੂ ਜੀ, ਤੁਹਾਨੂੰ ਏਨਾ ਵੀ ਪਤਾ ਨਹੀਂ ਬਰਗਰ ਕਿਵੇਂ ਖਾਣੈ, ਚਾਹ ਕੌਫੀ ਲੈਣ ਦਾ ਆਰਡਰ ਕਿਵੇਂ ਦੇਣਾ, ਚਾਹ ਪੱਤੀ, ਖੰਡ ਤੇ ਦੁੱਧ ਦੀਆਂ ਨਿੱਕੀਆਂ ਨਿੱਕੀਆਂ ਪੁੜੀਆਂ ਵੀ ਖੋਲ੍ਹਣੀਆਂ ਨਹੀਂ ਆਉਂਦੀਆਂ?” ਉਸ ਲਈ ਇਹ ਸਭ ਕੁਝ ਹੀ ਨਵਾਂ ਤੇ ਅਜੀਬ ਜਿਹਾ ਲੱਗਦੈ। ਪੂਰੀ ਹੇਠਲੀ ਉਤੇ ਹੋ ਗਈ ਜਾਪਦੀ ਹੈ। ਮੂਲੋਂ ਹੀ ਭਮੱਤਰਿਆ ਆਪਣੇ ਆਪ ਨੂੰ ਕੋਸਦਾ ਹੈ, “Ḕਯਾਰੋ! ਕਿੱਥੇ ਆ ਫਸੇ! ਚੰਗੇ ਭਲੇ ਸੀ ਉਥੇ, ਆਪਣੇ ਥੌੜ੍ਹ ਟਿਕਾਣੇ ‘ਤੇ। ਇਥੇ ਮੂਰਖ ਜਿਹੇ ਈ ਲੱਗਦੇ ਆਂ, ਐਵੇਂ ਹੀ ਇਨ੍ਹਾਂ ਸਿਆਪਿਆਂ ‘ਚ ਆ ਫਸੇ ਆਂ।”
ਅਜਿਹੇ ਮਾਹੌਲ ਵਿਚ ਚੰਗਾ ਭਲਾ ਸਮਝਦਾਰ, ਚਲਦਾ-ਪੁਰਜਾ ਅਤੇ ਪੜ੍ਹਿਆ ਲਿਖਿਆ ਬੰਦਾ ਇਸ ਜ਼ਿੰਦਗੀ ਨਾਲ ਅਨੁਕੂਲ ਹੋਣ ਲਈ ਬਾਲਾਂ ਵਾਂਗ ਮੁੜ ਸਿੱਖਣਾ ਸ਼ੁਰੂ ਕਰਦੈ। ਕੋਈ ਹੋਰ ਚਾਰਾ ਈ ਨਹੀਂ। ਮਨ ‘ਚੋਂ ਹੂਕ ਵਰਗਾ ਸਵਾਲ ਉਠਦੈ, “ਕਿਉਂ, ਫਿਰ ਪਿੱਛੇ ਆ ਲੱਗਾ ਏਂ ਨਾ? ਕਿੱਥੇ ਤੂੰ ਮੋਹਰੀ ਸੀ। ਮਹਿਕਮੇ ਵਿਚ ਚੰਗਾ ਅਸਰ-ਰਸੂਖ ਸੀ। ਪਰ੍ਹੇ ਪੰਚਾਇਤ, ਸਰਕਾਰੇ-ਦਰਬਾਰੇ ਮਾਣ-ਤਾਣ ਸੀ। ਹੁਣ ਇਥੇ ਹੋ ਗਿਐਂ ਫਾਡੀ!”
ਕੈਨੇਡਾ ਪਹੁੰਚਦਿਆਂ ਪਹਿਲੇ ਕੁਝ ਦਿਨ ਤਾਂ ਬੀਤਦੇ ਨੇ ਪ੍ਰਾਹੁਣਿਆਂ ਵਾਂਗ। ਸਭ ਪਾਸੇ ਨਵਾਂ-ਨਵਾਂ, ਸੋਹਣਾ-ਸੋਹਣਾ, ਸਾਫ-ਸਾਫ ਜਿਹਾ। ਚੰਗੇ ਖਾਣੇ ਤੇ ਭਾਂਤ-ਭਾਂਤ ਦੇ ਦਾਰੂ। ਜ਼ਿੰਦਗੀ ਤੀਆਂ ਵਰਗੀ ਜਾਪਦੀ ਹੈ। ਪਰ ਹੌਲੀ ਹੌਲੀ ਸਮੁੱਚੀ ਜ਼ਿੰਦਗੀ ਨਾਲ ਜਦੋਂ ਵਾਹ ਪੈਣਾ ਸ਼ੁਰੂ ਹੋ ਜਾਂਦੈ ਤਾਂ ਕੁਝ ਕਠੋਰ ਅਸਲੀਅਤਾਂ ਆਪਣੇ ਮੁਖੜੇ ਤੋਂ ਘੁੰਡ ਚੁੱਕਣਾ ਸ਼ੁਰੂ ਕਰ ਦਿੰਦੀਆਂ ਹਨ। ਭਰ ਸਰਦੀ ਸਮੇਂ ਚਾਰ ਚੁਫੇਰੇ ਜੰਮੀ ਬਰਫ ਨਾਲ ਚਿੱਟ-ਚਟੈਣ ਹੋਈ ਧਰਤੀ। ਸੜਕ ਕਿਤੇ ਦਿਸਦੀ ਈ ਨਹੀਂ। ਸਾਰਾ ਦਿਨ ਘਰ ਬਹਿ ਬਹਿ ਅੱਕਿਆ-ਥੱਕਿਆ ਬੰਦਾ ਕਿੱਧਰ ਜਾਵੇ! ਧੀਆਂ-ਪੁੱਤ ਕੰਮਾਂ ‘ਤੇ, ਜਵਾਕ ਸਕੂਲਾਂ ‘ਚ। ਜੇ ਅੱਡੇ ਦਾ ਪਤਾ ਵੀ ਹੋਵੇ ਤਾਂ ਉਤਰਨ ਵਾਲੇ ਸਟਾਪ ਬਾਰੇ ਡਰਾਈਵਰ ਨੂੰ ਸਮਝਾਉਣਾ ਨਹੀਂ ਆਉਂਦਾ। ਏਧਰ-ਓਧਰ ਗੁਆਚਿਆਂ ਵਾਂਗ ਝਾਕਦਾ ਕੋਈ ਪੰਜਾਬੀ ਜਾਂ ਭਾਰਤੀ ਚਿਹਰਾ ਟੋਲ੍ਹਦਾ ਹੈ। ਅੱਜ ਕੱਲ ਸਾਡੇ ਭਾਈਚਾਰੇ ਦੀਆਂ ਇਥੇ ਵਾਹਵਾ ਰੌਣਕਾਂ ਲੱਗ ਗਈਆਂ ਹੋਈਆਂ ਨੇ। ਕੋਈ ਨਾ ਕੋਈ ਲੱਭ ਹੀ ਪੈਂਦੈ। ਇਸ ਤਰ੍ਹਾਂ ਬੰਦਾ ਗੁਰਦੁਆਰੇ ਦੇ ਰੂਟ ਅਤੇ ਸਟਾਪ ਸਾਈਨ ਯਾਦ ਕਰਦਾ ਕਰਦਾ ਟਿਕਾਣੇ ਪਹੁੰਚ ਜਾਂਦੈ। ਗੁਰਦੁਆਰੇ ਸੰਗਤ ਵੇਖ ਸੁੱਖ ਦਾ ਸਾਹ ਲੈਂਦੈ। ਉਨ੍ਹਾਂ ਨਾਲ ਇਲਾਕੇ ਅਤੇ ਪਿੰਡਾਂ ਦੀਆਂ ਵਾਕਫੀਅਤਾਂ ਕੱਢ, ਗੱਲਾਂ ਕਰ ਹੌਲਾ ਹੌਲਾ ਜਿਹਾ ਪ੍ਰਤੀਤ ਕਰਦੈ।
ਗਰਮੀਆਂ ਵਿਚ ਜੀਵਨ ਕੁਝ ਸੌਖਾ ਹੋ ਜਾਂਦੈ। ਪਾਰਕਾਂ ਵਿਚ ਸੱਥ ਵਰਗੇ ਸਾਥੀ ਮਿਲ ਜਾਂਦੇ ਹਨ। ਉਥੇ ਫਿਰ ਖੂਬ ਮਘਦੀਆਂ ਨੇ ਪੰਜਾਬ ਦੇ ਲੀਡਰਾਂ, ਸਿਆਸੀ ਘਟਨਾਵਾਂ, ਫਸਲਾਂ ਦੇ ਭਾਅ, ਮੌਸਮ ਆਦਿ ਦੀਆਂ ਗੱਲਾਂ। ਬੋਲ ਚਾਲ ਵਾਲੀ ਡੰਗ ਟਪਾਊ ਅੰਗਰੇਜ਼ੀ ਸੱਠ ਸਾਲਾ ਬਾਬਾ ਪ੍ਰਾਇਮਰੀ ਸਕੂਲ ਦੇ ਬੱਚੇ ਵਾਂਗ ਅੱਖਰਾਂ ਦੇ ਹਿਜੇ ਕਰ ਕਰ ਸਿੱਖਣੀ ਸ਼ੁਰੂ ਕਰ ਦਿੰਦਾ ਹੈ। ਪੜ੍ਹਿਆਂ ਲਿਖਿਆਂ ਨੂੰ ਓਚੇਰੇ ਲੈਵਲਾਂ ਵਿਚ ਬੈਠ ਕੇ ਨਾਰਥ ਅਮਰੀਕਨ ਅੰਗਰੇਜ਼ੀ ਦਾ ਉਚਾਰਣ ਸਿੱਖਣਾ ਪੈਂਦਾ ਹੈ। ਅੰਗਰੇਜ਼ੀ ਦੇ ਸਪੈਲਿੰਗ ਤਾਂ ਵਿਸ਼ੇਸ਼ ਤੌਰ ‘ਤੇ ਬ੍ਰਿਟਿਸ਼ ਅੰਗਰੇਜ਼ੀ ਨਾਲੋਂ ਕਈ ਅੱਖਰਾਂ ਦੇ ਵੱਖਰੇ ਹੁੰਦੇ ਹਨ।
ਅਖਬਾਰ ਦਾ ਭੁੱਸ ਤਾਂ ਆਮ ਹੀ ਬਹੁਤੇ ਸੀਨੀਅਰਾਂ ਨੂੰ ਹੁੰਦਾ ਹੈ। ਪੰਜਾਬੀ ਦੇ ਹਫਤਾਵਾਰ ਅਖਬਾਰ ਇਥੇ ਗਰੋਸਰੀ ਸਟੋਰਾਂ ਅਤੇ ਗੁਰਦੁਆਰਿਆਂ ‘ਚੋਂ ਮੁਫਤ ਹੀ ਮਿਲ ਜਾਂਦੇ ਹਨ। ਵਿਹਲਾ ਬੰਦਾ ਉਨ੍ਹਾਂ ਦੀਆਂ ਐਡਾਂ ਨੂੰ ਧੂਣੀ ਲਾ ਭੁੰਨੇ ਛੋਲੀਏ ਦੀ ਭੁੱਬਲ ਨੂੰ ਪਰ੍ਹੇ ਕਰ ਕਰ ਹੌਲਾਂ ਵਰਗੀਆਂ ਖਬਰਾਂ ਨੂੰ ਚੂੰਡਦਾ ਰਹਿੰਦੈ। ਅੰਗਰੇਜ਼ੀ ਅਖਬਾਰ ਪੜ੍ਹਨਾ ਸ਼ੁਰੂ ਕਰਦਾ ਹੈ ਤਾਂ ਬੜੀ ਮੁਸ਼ਕਿਲ ਨਾਲ ਹੀ ਕੁਝ ਪੱਲੇ ਪੈਂਦਾ ਹੈ। ਕੁਝ ਅੰਗਰੇਜ਼ੀ ਦੀ ਵਾਰਤਕ ਹੀ ਛੜੱਪੇ ਜਿਹੇ ਮਾਰਦੀ ਪ੍ਰਤੀਤ ਹੁੰਦੀ ਹੈ ਅਤੇ ਕੁਝ ਨਵੀਂਆਂ ਥਾਂਵਾਂ, ਸੂਬਿਆਂ, ਰਾਜਧਾਨੀਆਂ, ਇਲਾਕਿਆਂ, ਨਵੇਂ ਤੇ ਅਵੱਲੇ ਜਿਹੇ ਨਾਂਵਾਂ ਵਾਲੇ ਲੀਡਰਾਂ ਅਤੇ ਪਾਰਟੀਆਂ ਦੀਆਂ ਖਬਰਾਂ ਰੇਤੇ ‘ਚ ਭੱਜਣ ਵਾਂਗ ਨਿਬੜਦਾ ਈ ਕੁਝ ਨਹੀਂ। ਉਹ ਤਾਂ ਗਿੱਝਾ ਹੋਇਆ ਸੀ ਪੰਜਾਬ ਵਾਲੀ ਅੰਗਰੇਜ਼ੀ ਦਾ ਅਖਬਾਰ ਅਤੇ ਉਸ ਦੀ ਇਬਾਰਤ, ਪੰਜਾਬ ਦੇ ਲੀਡਰਾਂ, ਪਾਰਟੀਆਂ ਅਤੇ ਪੰਜਾਬ ਦੇ ਜ਼ਿਲਿਆਂ ਅਤੇ ਵੱਖ ਵੱਖ ਥਾਂਵਾਂ ਦੇ ਨਾਂ, ਜਿਥੇ ਉਹ ਸੱਠ ਸਾਲ ਰਿਹਾ ਤੇ ਜਿਨ੍ਹਾਂ ਨਾਲ ਉਹ ਗਹਿਗੱਚ ਵਿਚਰਿਆ ਸੀ। ਮਾਂਟੀਅਰਲ ਦੇ ਉਚਾਰਨ ਨੂੰ ਜੇ ਕੋਈ ਕੋਲ ਬੈਠਾ ਦਰੁਸਤ ਕਰਦਾ ਹੈ ਤਾਂ ਕੱਚਾ ਜਿਹਾ ਹੋ ਮੌਂਟਰੀਆਲ ਸ਼ਬਦ ਦਾ ਉਚਾਰਨ ਕਰਦਾ ਹਾਸੋਹੀਣਾ ਮਹਿਸੂਸ ਕਰਦਾ ਹੈ।
ਪਲਾਜ਼ਿਆਂ ਜਾਂ ਸ਼ਾਪਿੰਗ ਸੈਂਟਰਾਂ ਵਿਚ ਜੇ ਕੋਈ ਭਾਈਬੰਦ ਲੈ ਜਾਂਦੈ ਤਾਂ ਕਿੰਨਾ ਚਿਰ ਡੌਰ-ਭੌਰ ਹੋਇਆ ਤੁਰਿਆ ਫਿਰਦਾ ਹੈ। ਦਾਰੂ ਦੇ ਸਟੋਰ ‘ਚ ਫਿਰਦਿਆਂ ਉਸ ਨੂੰ ਇਓਂ ਲੱਗਾ ਜਿਵੇਂ ਉਹ ਕੋਈ ਸੁਪਨਾ ਵੇਖ ਰਿਹੈ। ਏਨੀ ਕਿਸਮ ਦੀ ਦਾਰੂ ਅਤੇ ਫਿਰ ਕਿੰਨੀਆਂ ਸੋਹਣੀਆਂ ਸ਼ੀਸ਼ੀਆਂ ‘ਚ ਸਜੀ ਨੂੰ ਉਹ ਕਿੰਨਾ ਕਿੰਨਾ ਚਿਰ ਖੜ੍ਹਾ ਨਿਹਾਰਦਾ ਹੀ ਰਹਿੰਦੈ, ਉਦੋਂ ਹੀ ਅਗਾਂਹ ਹਿੱਲਦੈ ਜਦੋਂ ਨਾਲ ਦਾ ਬਾਂਹੋਂ ਫੜ ਤੋਰਦੈ। ਸ਼ਾਪਿੰਗ ਮਾਲ ਵਿਚ ਮੇਲੇ ‘ਚ ਗੁਆਚੇ ਬੱਚੇ ਵਾਂਗ ਹੀ ਮਹਿਸੂਸ ਕਰਦੈ। ਬਾਹਰ ਬਰਫ ਅਤੇ ਅੰਦਰ ਵਿਸ਼ਾਲ ਅਤੇ ਚੌੜਾ ਬਾਜ਼ਾਰ। ਸੋਚਦਾ ਹੈ ਕਿ ਰੈਕਾਂ ਵਿਚ ਓੜਕਾਂ ਦਾ ਸਮਾਨ ਪਿਆ ਹੈ। ਖਰੀਦਣ ਵਾਲੇ ਤਾਂ ਕੋਈ ਖਾਸ ਨਜ਼ਰ ਨਹੀਂ ਆਉਂਦੇ? ਨਾਲ ਦਾ ਦੱਸਦੈ ਕਿ ਇਥੇ ਅਸਲੀ ਭੀੜ ਵੀਕਐਂਡ ਨੂੰ ਹੁੰਦੀ ਹੈ। ਤੁਰਦਿਆਂ ਵੇਖਦਾ ਹੈ, ਸਭ ਕੁਝ ਖੁੱਲ੍ਹਾ ਹੀ ਪਿਆ ਹੈ। ਹੈਰਾਨ ਹੋ ਪੁੱਛਦਾ ਹੈ, ਜੇ ਕੋਈ ਅੱਖ ਬਚਾ ਕੇ ਕੁਝ ਜੇਬ ‘ਚ ਪਾ ਲਏ? ਨਾ ਉਏ ਬਾਈ, ਇਹ ਬੜੇ ਪਤੰਦਰ ਨੇ। ਇਨ੍ਹਾਂ ਨੇ ਮਹਿੰਗੀ ਲੇਬਰ ਦਾ ਬੜੇ ਤਰੀਕੇ ਨਾਲ ਬਚਾ ਕੀਤਾ ਹੋਇਆ ਈ। ਸ਼ਾਪਲਿਫਟਿੰਗ ਇਥੇ ਬਹੁਤ ਵੱਡਾ ਅਪਰਾਧ ਈ। ਜੇ ਕੋਈ ਫੜਿਆ ਜਾਏ ਤਾਂ ਜੇਲ੍ਹ ਭੇਜ ਦਿੰਦੇ ਨੇ। ਖਾਸ ਖਾਸ ਥਾਂਵਾਂ ‘ਤੇ ਵੱਡੇ ਫੋਟੋ ਕੈਮਰੇ ਲੱਗੇ ਹੋਏ ਹਨ। ਇੱਕ ਸਿਕਿਉਰਿਟੀ ਵਾਲਾ ਬੰਦਾ ਹੀ ਸਾਰੀ ਸ਼ਾਪ ‘ਤੇ ਨਿਗਾਹ ਰੱਖੀ ਬੈਠਾ ਹੁੰਦਾ ਹੈ। ਸ਼ਾਪਲਿਫਟਰ ਨੂੰ ਬਾਹਰ ਨਿਕਲਣ ਲੱਗੇ ਨੂੰ ਅਛੋਪਲੇ ਹੀ ਆ ਦਬੋਚਦੇ ਨੇ। ਪੂਰੀ ਤਲਾਸ਼ੀ ਲੈ ਕੇ ਪੁਲਿਸ ਬੁਲਾ ਲੈਂਦੇ ਹਨ। ਅਜਿਹੇ ਚੰਗੇ ਪ੍ਰਬੰਧ ਦੀ ਸਿਫਤ ਕਰਦਾ ਚੁੱਪ ਹੋ ਬੰਦਾ ਅਗਲਾ ਮੇਲਾ ਵੇਖਣ ਲੱਗ ਜਾਂਦਾ ਹੈ।
ਸਾਫ-ਸੁਥਰੇ, ਸੁੰਦਰ ਅਤੇ ਫੁੱਲਾਂ ਬੂਟਿਆਂ ਨਾਲ ਸਜੇ ਬਾਜ਼ਾਰਾਂ ਵਿਚ ਤਿਤਲੀਆਂ ਵਾਂਗ ਫਿਰਦੀਆਂ ਗੋਰੀਆਂ ਨੂੰ ਵੇਖ ਵੇਖ ਕਿਸੇ ਪਰੀ ਦੇਸ਼ ਦੀ ਸੁਣੀ ਕਹਾਣੀ ਵਿਚ ਪਹੁੰਚਿਆ ਮਹਿਸੂਸ ਕਰਦੈ। ਕੁਰਸੀਆਂ ਵਰਗੇ ਬੈਂਚਾਂ ‘ਤੇ ਬੈਠੇ ਸਾਥੀਆਂ ਨਾਲ ਇਸ ਨਜ਼ਾਰੇ ਦਾ ਅਨੰਦ ਮਾਣਨ ਲਈ ਬੈਠ ਜਾਂਦੈ। ਸਿਫਤ ਕਰਦਾ ਕਹਿੰਦਾ ਹੈ, “ਵਾਹ ਓਏ ਕੈਨੇਡਾ! ਤੂੰ ਹੈਂ ਕਮਾਲ ਦਾ ਦੇਸ਼! ਪਰ ਹੈਂ ਇੱਕ ਉਚੀ ਖਜੂਰ!”
ਸਭ ਤੋਂ ਜ਼ਿਆਦਾ ਉਸ ਨੂੰ ਫਾਡੀਪੁਣੇ ਦਾ ਅਹਿਸਾਸ ਉਦੋਂ ਹੁੰਦੈ ਜਦੋਂ ਪਹਿਲੇ ਦੂਜੇ ਗਰੇਡ ਵਿਚ ਪੜ੍ਹਦੇ ਉਸ ਦੇ ਪੋਤੀਆਂ-ਪੋਤੇ ਉਸ ਦੇ ਕੰਪਿਊਟਰ ਦੇ ਅਧਿਆਪਕ ਬਣ ਜਾਂਦੇ ਹਨ। ਉਸ ਦਾ ਕੰਪਿਊਟਰ ਨਾਲ ਵਾਹ ਹੁਣ ਪਿਛਲੀ ਉਮਰੇ ਹੀ ਪਿਆ ਹੈ। ਉਸ ਦੇ ਪੋਤਿਆਂ ਦਾ ਜਨਮ ਈ ਕੰਪਿਊਟਰ ਯੁੱਗ ਵਿਚ ਹੋਇਐ। ਉਹ ਤਾਂ ਛੋਟੀਆਂ ਛੋਟੀਆਂ ਗੇਮਾਂ ਵੀ ਕੰਪਿਊਟਰ ‘ਤੇ ਖੇਡਦੇ ਆ ਰਹੇ ਹਨ। ਕੁਝ ਨਵੀਂ ਟੈਕਨਾਲੋਜੀ ਸਿੱਖਣ ਦਾ ਸ਼ੌਕ ਅਤੇ ਕੁਝ ਉਤਸੁਕਤਾ ਕਰਕੇ, ਬਾਬਾ ਉਨ੍ਹਾਂ ਨੂੰ ਉਸਤਾਦ ਧਾਰ ਲੈਂਦਾ ਹੈ।
ਅਗਲੇ ਸਬਕ ਬੰਦਾ ਆਪਣੇ ਪੁੱਤਾਂ-ਧੀਆਂ ਕੋਲੋਂ ਲੈਣੇ ਸ਼ੁਰੂ ਕਰ ਦਿੰਦੈ। ਕੰਮਾਂ-ਕਾਰਾਂ ਦੇ ਥੱਕੇ ਟੁੱਟੇ ਉਹ ਥੋੜ੍ਹਾ ਬਹੁਤਾ ਸਮਾਂ ਹੀ ਦੇ ਸਕਦੇ ਹਨ। ਪਰ ਉਸ ਕੋਲ ਤਾਂ ਕੰਪਿਊਟਰ ਦੇ ਪੁੱਛਣ ਵਾਲੇ ਪ੍ਰਸ਼ਨਾਂ ਦੀ ਇੱਕ ਲੰਮੀ ਲੜੀ ਹੁੰਦੀ ਹੈ। ਮੁੜ ਕੇ ਪੁੱਛਣ ਨਾਲ ਆਪਣੇ ਹੱਥੀਂ ਪੜ੍ਹਾਏ ਕੁਝ ਕਾਹਲੇ ਪੈ ਕਹਿੰਦੇ, “ਡੈਡੀ ਅੱਗੇ ਵੀ ਦੱਸਿਆ ਸੀ, ਤੁਸੀਂ ਸਮਝਦੇ ਕਿਉਂ ਨਹੀਂ?” ਆਪਣੀ ਭੁੱਲ ਤਾਂ ਬੰਦੇ ਨੂੰ ਏਨੀ ਮਹਿਸੂਸ ਨਹੀਂ ਹੁੰਦੀ ਜਿੰਨੀ ਪੁੱਤਰ ਦੇ ਖੁਸ਼ਕ ਜਿਹੇ ਲਹਿਜੇ ਨਾਲ ਬੋਲੇ ਸ਼ਬਦ। “ਬੇਟਾ! ਸਭ ਕੁਝ ਨਵਾਂ ਨਵਾਂ ਹੈ, ਭੁੱਲ ਈ ਜਾਂਦੈ ਬੰਦਾ, ਕਾਹਲੇ ਪੈਣ ਵਾਲੀ ਕਿਹੜੀ ਗੱਲ ਹੈ? ਤੂੰ ਆਪਣਾ ਵੇਲਾ ਯਾਦ ਕਰ, ਤੂੰ ਕਿੰਨੀ ਵਾਰੀ ਅਲਜਬਰੇ ਦੇ ਸੂਤਰ ਭੁੱਲਦਾ ਹੁੰਦਾ ਸੀ। ਮੈਂ ਕਦੀ ਕਾਹਲਾ ਨਹੀਂ ਸੀ ਪਿਆ। ਤੈਨੂੰ ਯਾਦ ਰੱਖਣ ਦੀਆਂ ਹੋਰ ਜੁਗਤਾਂ ਦੱਸਦਾ ਹੁੰਦਾ ਸੀ।” ਏਨੀ ਕੁ ਮਿੱਠੀ ਜਿਹੀ ਝਾੜ ਨਾਲ ਬੇਟਾ ਸਮਝ ਗਿਆ ਅਤੇ ਇੱਕ ਦਮ ਬੋਲਿਆ, “ਸੌਰੀ ਡੈਡੀ!”
ਇਸ ਲੜੀ ਵਿਚ ਕੁਝ ਹੀਣਾ ਉਦੋਂ ਹੋਰ ਵੀ ਮਹਿਸੂਸ ਹੁੰਦਾ ਹੈ ਜਦੋਂ ਨੂੰਹਾਂ-ਪੁੱਤ ਏਧਰ-ਓਧਰ ਜਾਂਦੇ-ਆਉਂਦੇ, ਕੁਝ ਕਰਦੇ-ਕਤਰਦੇ ਦੱਸਦੇ ਹੀ ਨਹੀਂ। ਸਲਾਹ ਭਾਵੇਂ ਨਾ ਲੈਣ ਪਰ ਦੱਸਦੇ ਤਾਂ ਰਹਿਣ, ਕਿਥੇ ਚੱਲੇ ਆਂ, ਕੀ ਕਰ ਰਹੇ ਹਾਂ। ਇਸ ਤਰ੍ਹਾਂ ਬੰਦਾ ਅਣਗੌਲਿਆ ਅਤੇ ਪੁੱਤਰ ਉਸ ਤੋਂ ਬਾਹਰੇ ਹੋਏ ਜਿਹੇ ਲੱਗਦੇ ਹਨ। ਅਜਿਹੀ ਮਨੋਸਥਿਤੀ ਵਿਚ ਇੱਕ ਚੁਟਕਲਾ ਯਾਦ ਆ ਜਾਂਦਾ ਹੈ:
ਪਟਿਆਲੇ ਦੇ ਕਿਸੇ ਚੰਗੇ ਸਰਦਾਰ ਦੇ ਦੋ ਪੁੱਤਰ ਸਨ। ਉਹ ਦੋਵੇਂ ਹੀ ਉਸ ਦੇ ਕਹਿਣੇ ਵਿਚ ਨਹੀਂ ਸਨ। ਪਿਉ ਨੇ ਦੁਖੀ ਤਾਂ ਹੋਣਾ ਪਰ ਗੱਭਰੂ ਪੁੱਤਾਂ ਨੂੰ ਕੀ ਆਖੇ, ਲਾਚਾਰ ਹੋਇਆ ਚੁੱਪ ਕਰ ਰਹਿੰਦਾ। ਚੰਗੀ ਜਮੀਨ ਜਾਇਦਾਦ ਦਾ ਮਾਲਕ ਸੀ। ਅੱਗੋਂ ਵੀ ਚੰਗੇ ਖਾਨਦਾਨੀ ਪਰਿਵਾਰਾਂ ਦੇ ਰਿਸ਼ਤੇ ਵਾਲੇ ਮੁੰਡਿਆਂ ਨੂੰ ਵੇਖਣ ਆਉਂਦੇ ਰਹਿੰਦੇ। ਗੱਲਾਂਬਾਤਾਂ ਵਿਚ ਸਹਿਵਨ ਹੀ ਉਨ੍ਹਾਂ ਪੁੱਛਣਾ, “ਸਰਦਾਰ ਜੀ! ਤੁਹਾਡੇ ਕਿੰਨੇ ਧੀਆਂ-ਪੁੱਤ ਹਨ?” ਸ਼ਾਂਤ ਪਰ ਵਿਚੋਂ ਦੁਖੀ ਹੋਏ ਨੇ ਗੰਭੀਰ ਹੋ ਕਹਿ ਦੇਣਾ, “ਜੀ! ਆਹ ਜੀ, ਮੇਰੇ ਦੋ ਪਿਉ ਈ ਜੇ।” ਉਨ੍ਹਾਂ ਸਮਝ ਜਾਣਾ ਕਿ ਬਾਪ ਕੀ ਕਹਿ ਰਿਹਾ ਹੈ। ਇੱਕ ਦਿਨ ਚੰਗਾ ਮੌਕਾ ਵੇਖ ਦੋਵੇਂ ਹੀ ਨੀਵੀਂ ਪਾਈ ਹੱਥ ਬੰਨ੍ਹ ਬਾਪੂ ਅੱਗੇ ਡੰਡੌਤੀ ਬਣ ਆ ਖੜ੍ਹੇ, “ਨਾ ਉਏ ਸਾਡਿਆ ਬਾਪੂ! ਅਸੀਂ ਭੁੱਲੇ, ਮਾਫ ਕਰ ਦੇਹ, ਤੂੰ ਈ ਸਾਡਾ ਇੱਕੋ ਇੱਕ ਪਿਉ ਏਂ, ਅਸੀਂ ਤੇਰੇ ਦੋ ਪੁੱਤਰ ਈ ਹਾਂ। ਆਪਣੀਆਂ ਭੁੱਲਾਂ ਦੀ ਮਾਫੀ ਮੰਗਦੇ ਆਂ, ਅੱਜ ਤੋਂ ਤੈਥੋਂ ਬਾਹਰੇ ਹੋ ਨਹੀਂ ਵਿਚਰਾਂਗੇ।”
ਉਏ ਬੰਦਿਆ! ਤੂੰ ਦੱਸ ਹੁਣ ਕੀ ਕਰੇਂਗਾ? ਤੇਰੇ ਕੋਲ ਤਾਂ ਹੁਣ ਇਹ ਦਾਅ ਵੀ ਨਹੀਂ ਰਿਹਾ। ਤੇਰੇ ਧੀਆਂ-ਪੁੱਤ ਤਾਂ ਵਿਆਹੇ ਵਰ੍ਹੇ ਨੇ। ਹੁਣ ਹੋਰ ਕੋਈ ਚਾਰਾ ਨਈਓਂ। ਬਸ ਹੁਣ ਪਿੱਛੇ ਈ ਲੱਗ ਜਾ ਤੇ ਸਮਝੌਤਾ ਈ ਕਰ ਲੈ! ਹੈਂ! ਇਹ ਦਿਨ ਵੀ ਵੇਖਣੇ ਪੈਣੇ ਸਨ।
ਇਸ ਮਾਹੌਲ ਵਿਚ ਫਾਡੀ ਮਹਿਸੂਸ ਕਰਦਿਆਂ ਪਿੱਛੇ ਪੰਜਾਬ ਨੂੰ ਵਾਪਸ ਜਾਣ ਦੀ ਸੋਚਣ ਲੱਗ ਪੈਂਦੈ। ਆਪਣੇ ਜਿਗਰੀ ਯਾਰਾਂ ਨਾਲ ਆਪਣੇ ਫੈਸਲੇ ਦੀ ਤਾਈਦ ਕਰਾਉਣ ਦੀ ਕੋਸ਼ਿਸ਼ ਕਰਦੈ। ਬਹੁਤਿਆਂ ਨੇ ਕਿਹਾ, “ਕਮਲਾ ਏਂ! ਚੁੱਪ ਕਰਕੇ ਕਿਸੇ ਆਹਰੇ ਲੱਗ, ਆਪੇ ਹੀ ਵੇਖੀਂ ਇਸ ਤਰ੍ਹਾਂ ਮਹਿਸੂਸ ਹੋਣੋਂ ਹੱਟ ਜਾਏਗਾ। ਅਸੀਂ ਵੀ ਇਨ੍ਹਾਂ ਭਾਣਿਆਂ ‘ਚੋਂ ਲੰਘੇ ਆਂ, ਤੇਰੇ ਨਾਲ ਕੋਈ ਅਲੋਕਾਰੀ ਨਹੀਂ ਹੋ ਰਿਹਾ। ਵੇਖ ਅਸੀਂ ਹੁਣ ਬਾਹਲੇ ਈ ਸੌਖੇ ਆਂ ਅਤੇ ਦਸ ਸਾਲ ਹੁੰਦਿਆਂ ਈ ਪੈਨਸ਼ਨ ਲੱਗ ਜਾਣੀ ਏਂ। ਉਥੇ ਕਿਹੜੇ ਤੇਰੇ ਹੱਕਣ ਖੁਣੋਂ ਖੂਹ ਖਲੋਤੇ ਨੇ।”
ਗੱਲ ਕਾਫੀ ਵਜ਼ਨੀ ਲੱਗੀ। ਚੁੱਪ ਕਰਕੇ ਸਮਝੌਤਾ ਕਰ ਲੈਂਦੈ। ਗੁਣ-ਗੁਣਾਉਂਦਾ ਹੈ, “ਉਹ ਈ ਅੱਛਾ ਹੈ ਜੋ ਹਰ ਹਾਲ ਪੇ ਅੱਛਾ ਹੈ।”
ਇਹ ਸਭ ਸੋਚ ਕੇ ਬੰਦਾ ਫਾਰਮਾਂ ਅਤੇ ਫੈਕਟਰੀਆਂ ਦੀਆਂ ਕੰਮ ਲਾਈਨਾਂ ‘ਚ ਜਾ ਖਲੋਂਦੈ। ਫਾਰਮਾਂ ਦੇ ਮੌਸਮੀ ਔਖੇ ਕੰਮ ਅਤੇ ਵੈਨਾਂ ਵਾਲਿਆਂ ਦੇ ਕਿਰਾਇਆਂ ਤੇ ਦਲਾਲੀ ਦੀਆਂ ਲੁੱਟਾਂ ਦੀ ਕਹਾਣੀ ਆਪਣੇ ਦੇਸ਼ ਦੇ ਭੱਈਆਂ ਦੇ ਕਿੱਸੇ ਹੀ ਚੇਤੇ ਕਰਾਉਂਦੇ ਹਨ। ਆਪਣੇ ਆਪਣਿਆਂ ਨੂੰ ਈ ਲੁੱਟੀ ਜਾ ਰਹੇ ਹਨ। ਗੁੱਸਾ ਆਉਂਦਾ ਹੈ ਪਰ ਲਾਚਾਰ ਹਨ, ਚੁੱਪ ਈ ਭਲੀ, ਫਸੀ ਨੂੰ ਫਟਕਣ ਕੀ! ਕਾਰ ਬਿਨਾ ਬੰਦਾ ਫਾਡੀਆਂ ‘ਚੋਂ ਵੀ ਫਾਡੀ ਬਣ ਜਾਂਦੈ ਅਤੇ ਕਾਰ ਕਹਾਣੀ ਦੀਆਂ ਆਪਣੀਆਂ ਮੁਸ਼ਕਿਲਾਂ ਵਾਲਾ ਇੱਕ ਹੋਰ ਈ ਵੱਡਾ ਚੱਕਰ ਹੈ। ਹਾਰੀ ਸਾਰੀ ਕੋਲੋਂ ਲਾਈਸੈਂਸ ਲੈਣਾ ਈ ਮੁਹਾਲ ਹੋ ਜਾਂਦੈ, ਫਿਰ ਕਾਰ ਲੈਣੀ, ਅੱਗੋਂ ਉਸ ਦੇ ਖਰਚੇ ਨਹਿਲੇ ‘ਤੇ ਦਹਿਲੇ ਤੋਂ ਕਿਤੇ ਵੱਧ ਹੁੰਦੇ ਹਨ। ਹੁਣ ਜੇ ਕੰਮ ਮਿਲ ਗਿਆ ਤਾਂ ਵੇਤਨ ਵੀ ਘੱਟ ਤੋਂ ਘੱਟ। ਇਥੇ ਦੀ ਨੌਕਰੀ ਦਾ ਸਿਲਸਿਲਾ, Ḕਨੋ ਵਰਕ, ਗੋḔ, Ḕਹਾਇਰ ਐਂਡ ਫਾਇਰḔ ਅਤੇ Ḕਲਾਸਟ ਟੂ ਗੋ ਫਸਟ।Ḕ ਭਾਵ ਪਿੱਛੋਂ ਆਇਆ ਸਭ ਤੋਂ ਪਹਿਲਾਂ ਜਾਏਗਾ। ਥੋੜ੍ਹੇ ਦਿਨਾਂ ਪਿੱਛੋਂ ਕੰਮ ਤੋਂ ਜਵਾਬ ਮਿਲ ਜਾਂਦੈ, ਫਿਰ ਵਿਹਲੇ। ਜਿਹੜੇ ਕੰਮ ਮਿਲਦੇ ਨੇ ਉਹ ਦੂਰ ਥਾਂਵਾਂ, ਥੋੜ੍ਹੇ ਘੰਟੇ, ਮਾੜੇ ਵਕਤ ਵੀ ਫਾਡੀ ਨੂੰ ਅੱਗੋਂ ਹੋਰ ਫਾਡੀ ਬਣਾ ਦਿੰਦੇ ਹਨ। ਹੋਰ ਸਿਤਮ, ਕੰਮ ਵੇਤਨ ਘੱਟ ਤੋਂ ਘੱਟ, ਅਤੇ ਉਸ ‘ਚੋਂ ਕਟੌਤੀਆਂ-ਬੁੱਢਾ ਬੌਲਦ ਸੌ ਰੋਗ।
ਹੁਣ ਇਸ ਨਵੀਂ ਦੁਨੀਆਂ ਵਾਲੇ ਮਾਹੌਲ ਦਾ ਭਾਵੇਂ ਗਿਆਨ ਉਸ ਨੂੰ ਘੱਟ ਹੈ ਪ੍ਰੰਤੂ ਅਕਲ ਅਤੇ ਸਮਝਦਾਰੀ ‘ਚ ਹਾਲੀ ਵੀ ਉਹ ਵਧੀਆ ਹੈ। ਮਜਬੂਰ ਹੋਇਆ ਪਰਿਵਾਰ ਜਦੋਂ ਕਿਤੇ ਉਸ ਦੇ ਗੋਡੇ ਮੁੱਢ ਬੈਠ ਸਲਾਹ ਲੈਂਦਾ ਹੈ ਤਾਂ ਉਦੋਂ ਫਿਰ ਮੀਰੀ ਹੋਇਆ ਖੁਸ਼ ਹੋ ਜਾਂਦੈ। ਪਰ ਇਸ ਵਿਦੇਸ਼ ਦੀ ਜ਼ਿੰਦਗੀ ਦੇ ਭਰ ਵਗਦੇ ਦਰਿਆ ਦੇ ਵਹਿਣ ਵਿਚ ਬਹੁਤੀਆਂ ਸਥਿਤੀਆਂ, ਪ੍ਰਸਥਿਤੀਆਂ ‘ਚ ਉਮਰ ਅਤੇ ਅਗਿਆਨ ਕਾਰਨ ਬਹੁਤਾ ਉਹ ਫਾਡੀ ਹੀ ਹੈ।
ਕੰਮ ਕਰਦਿਆਂ, ਕਲੱਬਾਂ ਵਿਚ ਵਿਚਰਦਿਆਂ ਓਲਡ ਏਜ ਬੈਨੀਫਿਟ ਫੋਰਮ ਦਾ ਮੀਡੀਆ ਡਾਇਰੈਕਟਰ ਬਣ ਗਿਆ। ਮੀਡੀਏ ਵਿਚ ਓਲਡ ਏਜ ਫੋਰਮ ਦੀਆਂ ਚਾਰਾਜੋਈਆਂ ਦੁਆਰਾ ਖੂਬ ਛਾਇਆ ਰਿਹਾ। ਚੀਨੀ, ਹਿਸਪੈਨਿਕ, ਅਫਰੀਕੀ ਤੇ ਸਾਊਥ ਏਸ਼ੀਅਨ ਭਾਈਚਾਰਿਆਂ ਵਿਚ ਮੋਹਰੀ ਬਣ ਵਗਿਆ। ਇਨ੍ਹਾਂ ਦੀਆਂ ਡਾਊਨ ਟਾਊਨ ਟੋਰਾਂਟੋ ਵਿਚ ਹੁੰਦੀਆਂ ਮੀਟਿੰਗਾਂ ਵਿਚ ਪੈਂਦੀਆਂ ਯਖ ਬਰਫਾਂ ਦੌਰਾਨ ਵੀ ਸਾਥੀਆਂ, ਸੰਗੀਆਂ ਨਾਲ ਬਾਕਾਇਦਾ ਸ਼ਾਮਲ ਹੁੰਦੇ ਰਹੇ। ਇਥੋਂ ਤੱਕ ਕਿ ਜਦੋਂ ਪੈਨਸ਼ਨ ‘ਤੇ ਦਸ ਸਾਲਾ ਕੁੰਡਾ ਖਤਮ ਕਰਨ ਵਾਲਾ ਸੋਧ ਬਿੱਲ ਕੈਨੇਡੀਅਨ ਪਾਰਲੀਮੈਂਟ ‘ਚੋਂ ਪਾਸ ਹੋ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਵਿਚ ਪੇਸ਼ ਹੋਣ ਵੇਲੇ ਔਟਵਾ ਜਾਣਾ ਸੀ, ਤਾਂ ਉਸ ਵਿਚ ਪਾਰਲੀਮੈਂਟ ਦੇ ਖਰਚੇ ‘ਤੇ ਬਾਈ ਏਅਰ ਜਾਣ ਦਾ ਮੌਕਾ ਵੀ ਮਿਲਿਆ। ਉਸ ਕਮੇਟੀ ‘ਚੋਂ ਵੀ ਬਿੱਲ ਪਾਸ ਹੋ ਗਿਆ। ਪਰ ਪਾਰਲੀਮੈਂਟ ਦੇ ਭੰਗ ਹੋਣ ਨਾਲ ਸਭ ਆਸਾਂ ‘ਤੇ ਪਾਣੀ ਫਿਰ ਗਏ। ਪਿੱਛੋਂ ਲੰਬਾ ਸਮਾਂ ਮੇਰੇ ਬਜ਼ੁਰਗ ਵੀਰਾਂ ਤੇ ਭੈਣਾਂ ਦੇ ਫੋਨ ਆਉਂਦੇ ਰਹੇ: Ḕਵੀਰ ਜੀ! ਕੀ ਬਣਿਆ ਪੈਨਸ਼ਨ ਦਾ!Ḕ ਇਸ ਸੰਘਰਸ਼ ਦੇ ਨਾਲ ਹੀ ਆਪਣੇ ਸੌਂਕ ਤੇ ਪਿਛੋਕੜੀ ਵਿਦਿਅਕ ਗੁਣਾਂ ਦੇ ਬਲਬੂਤੇ ਓਂਟਾਰੀਓ ਦਾ ਸਰਟੀਫਾਈਡ ਟਰਾਂਸਲੇਟਰ ਵੀ ਬਣਿਆ ਜਿਸ ਵਾਸਤੇ ਕਰੜੇ ਟੈਸਟਾਂ ਦੀ ਕੋਠਾਲੀ ‘ਚੋਂ ਦੀ ਲੰਘਣਾ ਪਿਆ। ਇਸ ਨਾਲ ਆਨਲਾਈਨ ਕੰਮ ਖੂਬ ਆਉਣ ਲੱਗੇ ਅਤੇ ਡਾਲਰ ਵੀ ਚੰਗੇ ਝੜੇ। ਦੂਜੇ ਪਾਸੇ ਲਿਖਦਿਆਂ ਪੜ੍ਹਦਿਆਂ ਹੁਣ ਤੱਕ ਸੱਤ ਕਿਤਾਬਾਂ ਵੀ ਆਪਣੇ ਸਨੇਹੀਆਂ ਦੀ ਕਚਿਹਰੀ ਵਿਚ ਪੇਸ਼ ਹੋ ਚੁੱਕੀਆਂ ਹਨ। ਉਸ ਫਾਰਸੀ ਦੀ ਟੂਕ ਨੂੰ ਅਮਲੀ ਜਾਮਾ ਪਹਿਨਾ ਦਿੱਤੈ। ਭਾਵ ਇਸ ਵੇਲੇ ਵੀ, ਇਸ ਹਾਲਤ ਵਿਚ ਵੀ ਆਪਣੇ ਕਸਬ ਦਾ, ਆਪਣੇ ਕੰਮ ਦਾ, ਆਪਣੇ ਵਿਹਾਰ ਦਾ ਕਮਾਲ ਹਾਸਿਲ ਕਰ, ਆਪਣੇ ਆਪ ਵਿਚ ਨਿਪੁੰਨਤਾ ਪੈਦਾ ਕਰ, ਆਪਣੇ ਆਪ ਹੀ ਇਸ ਜਹਾਨ ਦਾ ਵੀ ਅਜ਼ੀਜ਼, ਪਿਆਰਾ ਤੇ ਮੀਰੀ ਬਣਿਆ ਮਹਿਸੂਸ ਹੋਇਐ ਅਤੇ ਬਣ ਵਿਖਾਇਐ।