ਸਾ ਰੁਤ ਸੁਹਾਵੀ-4

ਡਾ. ਗੁਰਨਾਮ ਕੌਰ
ਇਸ ਲੇਖ ਲੜੀ ਵਿਚ-ਜਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਮਹੀਨਿਆਂ ਨੂੰ ਮੌਸਮ ਨਾਲ, ਮੌਸਮ ਅਤੇ ਮਹੀਨਿਆਂ ਨੂੰ ਪਰਮ-ਸਤਿ ਦੇ ਰਹੱਸਾਤਮਕ ਅਨੁਭਵ ਨਾਲ ਸਬੰਧਤ ਕਰਕੇ ਬਾਣੀ ਵਿਚ ਉਸ ਦਾ ਜੋ ਪ੍ਰਕਾਸ਼ਨ ਕੀਤਾ ਹੈ, ਜੋ ਗਿਆਨ ਦਿੱਤਾ ਹੈ, ਉਸ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਿਛਲੇ ਲੇਖ ਵਿਚ ਕੱਤਕ ਤੱਕ ਦੇ ਮਹੀਨਿਆਂ ਦਾ ਵਰਣਨ ਸੀ। ਕੱਤਕ ਤੋਂ ਅਗਲਾ ਮਹੀਨਾ ਮੱਘਰ ਦਾ ਹੈ, ਜਿਸ ਵਿਚ ਸਰਦੀ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ।
ਗੁਰੂ ਨਾਨਕ ਰਾਗ ਤੁਖਾਰੀ ਵਿਚ ਮੱਘਰ ਦੇ ਮਹੀਨੇ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ ਕਿ ਮੱਘਰ ਦਾ ਮਹੀਨਾ ਉਸ ਜੀਵ-ਆਤਮਾ ਅਰਥਾਤ ਮਨੁੱਖ ਲਈ ਚੰਗਾ ਹੈ, ਭਲਾ ਹੈ, ਜਿਹੜਾ ਉਸ ਪਰਵਰਦਗਾਰ ਦੇ ਗੁਣਾਂ ਦਾ ਗਾਇਨ ਕਰਕੇ, ਉਸ ਦੀ ਸਿਫਤਿ-ਸਾਲਾਹ ਕਰਕੇ ਉਸ ਨੂੰ ਆਪਣੇ ਅੰਦਰ ਅਨੁਭਵ ਕਰਨ ਦਾ ਯਤਨ ਕਰਦਾ ਹੈ (ਗੁਣਾਂ ਦੇ ਗਾਇਨ ਰਾਹੀਂ, ਸਿਫ਼ਤਿ-ਸਾਲਾਹ ਰਾਹੀਂ ਹੀ ਮਨੁੱਖ ਉਸ ਅਕਾਲ ਪੁਰਖ ਦੇ ਗੁਣਾਂ ਨੂੰ ਆਤਮਸਾਤ ਕਰ ਸਕਦਾ ਹੈ, ਆਪਣੇ ਅੰਦਰ ਉਸ ਨਾਲ ਇੱਕਸੁਰਤਾ ਪੈਦਾ ਕਰ ਸਕਦਾ ਹੈ)। ਜਿਹੜੀ ਜੀਵ-ਇਸਤਰੀ ਭਾਵ ਮਨੁੱਖ ਉਸ ਅਕਾਲ ਪੁਰਖ ਦੇ ਗੁਣਾਂ ਨੂੰ ਸਿਮਰਦਾ ਹੈ, ਚੇਤੇ ਕਰਦਾ ਹੈ, ਉਹ ਮਨੁੱਖ ਉਸ ਸਦਾ ਰਹਿਣ ਵਾਲੀ ਹਸਤੀ ਦੀ ਨਜ਼ਰ ਵਿਚ ਕਬੂਲ ਹੋ ਜਾਂਦਾ ਹੈ।
ਇਹ ਸਾਰਾ ਸੰਸਾਰ ਬਿਨਸਣਹਾਰ ਹੈ, ਚਲਾਇਮਾਨ ਹੈ, ਇੱਕ ਉਹ ਅਕਾਲ ਪੁਰਖ ਹੀ ਜੋ ਸਭ ਦਾ ਸਿਰਜਣਹਾਰ, ਸਰਬ-ਗਿਆਤਾ, ਚਤੁਰ ਅਤੇ ਸਿਆਣਾ ਹੈ, ਸਦਾ ਕਾਇਮ ਰਹਿਣ ਵਾਲੀ ਹਸਤੀ ਹੈ। ਉਹ ਸਦੀਵੀ ਹੋਂਦ ਅਕਾਲ ਪੁਰਖ ਉਸ ਗੁਣਵਾਨ ਮਨੁੱਖ ਨੂੰ ਪਿਆਰਾ ਲਗਦਾ ਹੈ ਜਿਹੜਾ ਉਸ ਦੇ ਗੁਣਾਂ ਦਾ ਗਾਇਨ ਕਰਦਾ ਹੈ, ਉਸ ਦਾ ਗਿਆਨ ਪ੍ਰਾਪਤ ਕਰਦਾ ਹੈ, ਆਪਣੀ ਸੁਰਤਿ ਉਸ ਦੇ ਧਿਆਨ ਵਿਚ ਜੋੜਦਾ ਹੈ, ਉਸ ਦੀ ਅਕਾਲ ਪੁਰਖ ਨਾਲ ਇੱਕਸੁਰਤਾ ਹੋ ਜਾਂਦੀ ਹੈ, ਸਾਂਝ ਬਣ ਜਾਂਦੀ ਹੈ, ਉਹ ਅਕਾਲ ਪੁਰਖ ਦੇ ਗੁਣਾਂ ਨੂੰ ਆਪਣੇ ਮਨ ਅੰਦਰ ਵਸਾ ਲੈਂਦਾ ਹੈ। ਅਜਿਹੇ ਮਨੁੱਖ ਨੂੰ ਅਕਾਲ ਪੁਰਖ ਦੀ ਰਜ਼ਾ ਵਿਚ ਹੀ ਇਹ ਸਭ ਕੁੱਝ ਚੰਗਾ ਲੱਗਣ ਲੱਗ ਪੈਂਦਾ ਹੈ। ਪਰਮਾਤਮਾ ਦੀ ਸਿਫਤਿ-ਸਾਲਾਹ ਦੇ ਗੀਤ, ਬਾਣੀ, ਕਾਵਿ ਸੁਣ ਸੁਣ ਕੇ, ਉਸ ਦੇ ਨਾਮ ਵਿਚ ਜੁੜ ਕੇ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਅਜਿਹੀ ਜੀਵ-ਇਸਤਰੀ ਅਕਾਲ ਪੁਰਖ ਨੂੰ ਪਿਆਰੀ ਲਗਦੀ ਹੈ ਜਿਸ ਦਾ ਹਿਰਦਾ ਪਰਮਾਤਮ-ਭਗਤੀ ਵਿਚ ਜੁੜਿਆ ਰਹਿੰਦਾ ਹੈ,
ਗੀਤ ਨਾਦ ਕਵਿਤ ਕਵੇ ਸੁਣਿ
ਰਾਮ ਨਾਮਿ ਦੁਖੁ ਭਾਗੈ॥
ਨਾਨਕ ਸਾਧਨ ਨਾਹ ਪਿਆਰੀ
ਅਭ ਭਗਤੀ ਪਿਰ ਆਗੈ॥13॥
ਗੁਰੂ ਅਰਜਨ ਦੇਵ ਮੱਘਰ ਦੇ ਮਹੀਨੇ ਦਾ ਵਰਣਨ ਕਰਦੇ ਹੋਏ ਫਰਮਾਉਂਦੇ ਹਨ ਕਿ ਇਸ ਮਹੀਨੇ ਵਿਚ ਉਹ ਜੀਵ-ਇਸਤਰੀਆਂ ਅਰਥਾਤ ਮਨੁੱਖ ਚੰਗੇ ਲੱਗਦੇ ਹਨ ਜਿਹੜੇ ਆਪਣੇ ਪਤੀ-ਪਰਮੇਸ਼ਰ ਦੇ ਨਾਲ ਬੈਠੇ ਹੁੰਦੇ ਹਨ। ਅਜਿਹੇ ਜੀਵ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ ਹੈ, ਉਨ੍ਹਾਂ ਦੀ ਵਡਿਆਈ ਬਿਆਨ ਕਰਨੀ ਔਖੀ ਹੈ। ਸਤਿ-ਸੰਗੀਆਂ ਦੀ ਸੰਗਤਿ ਵਿਚ ਪਰਮਾਤਮਾ ਦੇ ਗੁਣ ਗਾਇਨ ਕਰਦਿਆਂ ਅਜਿਹੇ ਮਨੁੱਖਾਂ ਦਾ ਤਨ ਅਤੇ ਮਨ ਦੋਵੇਂ ਸਦਾ ਖੇੜੇ ਵਿਚ ਰਹਿੰਦੇ ਹਨ। ਜਿਹੜੇ ਸਤਿ-ਸੰਗੀਆਂ ਦੀ ਸੰਗਤਿ ਨਹੀਂ ਕਰਦੇ ਉਹ ਫਿਰ ਸੰਸਾਰ ਵਿਚ ਇਕੱਲੇ ਪੈ ਜਾਂਦੇ ਹਨ, ਉਨ੍ਹਾਂ ਦਾ ਕੋਈ ਸੰਗੀ-ਸਾਥੀ ਨਹੀਂ ਹੁੰਦਾ। ਉਨ੍ਹਾਂ ਦਾ ਦੁੱਖ ਕਦੇ ਵੀ ਦੂਰ ਨਹੀਂ ਹੁੰਦਾ ਅਰਥਾਤ ਉਹ ਵਿਕਾਰਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ ਅਤੇ ਸਦਾ ਮੌਤ ਦੇ ਭੈ ਵਿਚ ਜਿਉਂਦੇ ਹਨ, ਜਮ ਉਨ੍ਹਾਂ ਨੂੰ ਘੇਰੀ ਰੱਖਦੇ ਹਨ (ਗੁਰਮਤਿ ਵਿਚ ਏਕਾਂਤਕ ਭਗਤੀ ਦੀ ਪ੍ਰੇਰਨਾ ਨਹੀਂ ਕੀਤੀ ਗਈ ਬਲਕਿ ਸਤਿ-ਸੰਗਤਿ ਵਿਚ ਜਾ ਕੇ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਨ, ਨਾਮ ਸਿਮਰਨ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਸਤਿ-ਸੰਗਤਿ ਵਿਚ ਜਾਇਆਂ ਹੀ ਔਗੁਣ ਅਤੇ ਵਿਕਾਰ ਦੂਰ ਹੁੰਦੇ ਹਨ ਅਤੇ ਮਨੁੱਖ ਗੁਣ ਪ੍ਰਾਪਤ ਕਰਦਾ ਹੈ। ਗੁਰੂ ਅਰਜਨ ਦੇਵ ਜੀ ਨੇ ਸਤਿ-ਸੰਗਤਿ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ ਕਿਉਂਕਿ ਮਨੁੱਖ ਉਤੇ ਸੰਗਤਿ ਦਾ ਅਸਰ ਬਹੁਤ ਜਲਦੀ ਅਤੇ ਗਹਿਰਾ ਹੁੰਦਾ ਹੈ)। ਜਿਨ੍ਹਾਂ ਨੇ ਅਕਾਲ ਪੁਰਖ ਦਾ ਸਾਥ ਮਾਣਿਆ ਹੈ, ਉਹ ਵਿਕਾਰਾਂ ਅਤੇ ਔਗੁਣਾਂ ਪ੍ਰਤੀ ਸੁਚੇਤ ਰਹਿੰਦੇ ਹਨ ਅਤੇ ਇਨ੍ਹਾਂ ਨੂੰ ਆਪਣੇ ਉਤੇ ਹਾਵੀ ਨਹੀਂ ਹੋਣ ਦਿੰਦੇ। ਪਰਮਾਤਮਾ ਦੇ ਗੁਣ ਉਨ੍ਹਾਂ ਦੇ ਹਿਰਦੇ ਵਿਚ ਇਸ ਤਰ੍ਹਾਂ ਪਰੋਏ ਰਹਿੰਦੇ ਹਨ ਜਿਵੇਂ ਹੀਰੇ, ਜਵਾਹਰ ਅਤੇ ਲਾਲ ਜੜ ਕੇ ਗਲ ਵਿਚ ਹਾਰ ਪਾਇਆ ਹੋਵੇ। ਗੁਰੂ ਸਾਹਿਬ ਕਹਿੰਦੇ ਹਨ ਕਿ ਅਜਿਹੇ ਮਨੁੱਖਾਂ ਦੇ ਚਰਨਾਂ ਦੀ ਧੂੜ ਮੰਗਦਾਂ ਹਾਂ ਜਿਹੜੇ ਪਰਮਾਤਮਾ ਦੇ ਦਰ ਤੇ ਪਏ ਰਹਿੰਦੇ ਹਨ, ਜਿਹੜੇ ਉਸ ਦੀ ਸ਼ਰਨ ਵਿਚ ਰਹਿੰਦੇ ਹਨ। ਮੱਘਰ ਵਿਚ ਪਰਮਾਤਮਾ ਦਾ ਸਿਮਰਨ ਕੀਤਿਆਂ ਜਨਮ-ਮਰਨ ਦਾ ਚੱਕਰ ਮੁੱਕ ਜਾਂਦਾ ਹੈ,
ਨਾਨਕੁ ਬਾਂਛੈ ਧੂੜਿ ਤਿਨ੍ਹ ਪ੍ਰਭ
ਸਰਣੀ ਦਰਿ ਪੜੀਆਹ॥
ਮੰਘਿਰਿ ਪ੍ਰਭੁ ਆਰਾਧਣਾ
ਬਹੁੜਿ ਨ ਜਨਮੜੀਆਹ॥10॥
ਮੱਘਰ ਤੋਂ ਅਗਲਾ ਮਹੀਨਾ ਪੋਹ ਦਾ ਆਉਂਦਾ ਹੈ ਜਦੋਂ ਸਰਦੀ ਦਾ ਮੌਸਮ ਪੂਰੇ ਜੋਬਨ ‘ਤੇ ਹੁੰਦਾ ਹੈ ਅਤੇ ਸਾਰੇ ਚੌਗਿਰਦੇ ਨੂੰ, ਸਮੇਤ ਘਾਹ-ਬੂਟ, ਪਸ਼ੂ-ਪੰਛੀਆਂ ਅਤੇ ਮਨੁੱਖਾਂ ਦੇ, ਪ੍ਰਭਾਵਤ ਕਰਦਾ ਹੈ। ਗੁਰੂ ਨਾਨਕ ਦੇਵ ਪੋਹ ਦੀ ਸਰਦੀ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ ਕਿ ਪੋਹ ਵਿਚ ਕੱਕਰ ਪੈਂਦਾ ਹੈ ਜੋ ਹਰ ਇੱਕ ਘਾਹ-ਬੂਟੇ ਦਾ ਰਸ ਸੁਕਾ ਦਿੰਦਾ ਹੈ। ਗੁਰੂ ਸਾਹਿਬ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਉਹ ਮਨ, ਤਨ ਅਤੇ ਮੁੱਖ ਵਿਚ ਆ ਕੇ ਕਿਉਂ ਨਹੀਂ ਵੱਸਦਾ ਤਾਂ ਕਿ ਜੀਵਨ ਵਿਚੋਂ ਪ੍ਰੇਮ-ਰੱਸ ਨਾ ਸੁੱਕੇ। ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਜਿਸ ਜੀਵ ਦੇ ਮਨ ਵਿਚ, ਤਨ ਵਿਚ, ਸਾਰੇ ਸੰਸਾਰ ਨੂੰ ਆਸਰਾ ਦੇਣ ਵਾਲਾ ਅਕਾਲ ਪੁਰਖ ਵੱਸਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੇ ਮੇਲ ਦਾ ਅਨੰਦ ਮਾਣਦਾ ਹੈ। ਇਸ ਸੰਸਾਰ ਦੇ ਸਾਰੇ ਜੀਵ ਅਰਥਾਤ ਜੀਵਾਂ ਦੀਆਂ ਚਾਰੇ ਖਾਣੀਆਂ (ਅੰਡਜ, ਜੇਰਜ, ਸੇਤਜ ਅਤੇ ਉਤਭੁਜ) ਉਸ ਦੀ ਜੋਤਿ ਨਾਲ ਰੌਸ਼ਨ ਹਨ, ਉਹ ਹਰ ਇੱਕ ਵਿਚ ਜੋਤਿ-ਸਰੂਪ ਹੋ ਕੇ ਸਮਾਇਆ ਹੋਇਆ ਹੈ, ਹਰੇਕ ਵਿਚ ਉਸੇ ਦੀ ਜੋਤਿ ਜਗ ਰਹੀ ਹੈ। ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਕਿ ਦਇਆ ਕਰਨ ਵਾਲੇ, ਸਭ ਕੁੱਝ ਦੇਣ ਵਾਲੇ ਦਾਤੇ ਆਪਣੇ ਦਰਸ਼ਨ ਦੇਹ, ਚੰਗੀ ਅਕਲ ਬਖਸ਼ਿਸ਼ ਕਰ ਤਾਂ ਕਿ ਆਤਮਕ ਬੁਲੰਦੀਆਂ ਨੂੰ ਪਹੁੰਚ ਸਕਾਂ।
ਗੁਰੂ ਨਾਨਕ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਜਿਸ ਮਨੁੱਖ ਦਾ ਪ੍ਰੇਮ ਸਿਰਜਣਹਾਰ ਨਾਲ ਬਣ ਜਾਂਦਾ ਹੈ, ਉਹ ਰੱਬ ਦਾ ਪ੍ਰੇਮੀ ਆਪਣੇ ਪਰਮਾਤਮਾ ਦੇ ਪਿਆਰ ਵਿਚ ਜੁੜ ਕੇ ਉਸ ਦੇ ਗੁਣਾਂ ਨੂੰ ਅਨੰਦ ਨਾਲ ਯਾਦ ਕਰਦਾ ਹੈ, ਖੁਸ਼ੀ ਨਾਲ ਉਸ ਦਾ ਗੁਣ-ਗਾਇਨ ਕਰਦਾ ਹੈ,
ਦਰਸਨੁ ਦੇਹੁ ਦਇਆਪਤਿ ਦਾਤੇ
ਗਤਿ ਪਾਵਉ ਮਤਿ ਦੇਹੋ॥
ਨਾਨਕ ਰੰਗਿ ਰਵੈ ਰਸਿ ਰਸੀਆ
ਹਰਿ ਸਿਉ ਪ੍ਰੀਤਿ ਸਨੇਹੋ॥14॥
ਪੰਜਵੀਂ ਨਾਨਕ ਜੋਤਿ ਪੋਹ ਦੇ ਮਹੀਨੇ ਦਾ ਬਿਆਨ ਕਰਦੇ ਹਨ ਕਿ ਇਸ ਮਹੀਨੇ ਜਿਸ ਜੀਵ ਦੇ ਹਿਰਦੇ ਨਾਲ ਪਰਮਾਤਮਾ-ਪਤੀ ਲੱਗਾ ਹੋਇਆ ਹੈ, ਉਸ ਨੂੰ ਪੋਹ ਦਾ ਕੱਕਰ (ਸਰਦੀ, ਪਾਲਾ) ਤੰਗ ਨਹੀਂ ਕਰ ਸਕਦਾ, ਉਸ ‘ਤੇ ਅਸਰ ਨਹੀਂ ਪਾ ਸਕਦਾ ਕਿਉਂਕਿ ਉਸ ਦੀ ਸੁਰਤਿ ਪਰਮਾਤਮਾ ਦੇ ਦਰਸ਼ਨ ਦੀ ਤਾਂਘ ਵਿਚ ਜੁੜੀ ਰਹਿੰਦੀ ਹੈ, ਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਲੱਗਾ ਰਹਿੰਦਾ ਹੈ। ਜਿਸ ਮਨੁੱਖ ਨੇ ਸੰਸਾਰ ਨੂੰ ਪਾਲਣ ਵਾਲੇ ਪਰਮਾਤਮਾ ਦਾ ਆਸਰਾ ਲਿਆ ਹੈ, ਉਸ ਨੇ ਅਕਾਲ ਪੁਰਖ ਦੀ ਸੇਵਾ ਦਾ ਲਾਭ ਪ੍ਰਾਪਤ ਕੀਤਾ ਹੈ, ਉਸ ਨੂੰ ਮਾਇਆ-ਰੂਪੀ ਜ਼ਹਿਰ ਛੂਹ ਨਹੀਂ ਸਕਦੀ। ਉਸ ਨੇ ਸਤਿ-ਪੁਰਖਾਂ ਦੀ ਸੰਗਤਿ ਵਿਚ ਪਰਮਾਤਮਾ ਦੇ ਗੁਣ-ਗਾਇਨ ਵਿਚ ਚੁੱਭੀ ਲਾਈ ਹੈ। ਜਿਸ ਪਰਮਾਤਮਾ ਤੋਂ ਉਸ ਨੇ ਜਨਮ ਲਿਆ ਹੈ ਉਸ ਵਿਚ ਹਮੇਸ਼ਾ ਉਸ ਦੀ ਸੁਰਤਿ ਜੁੜੀ ਰਹਿੰਦੀ ਹੈ। ਉਸ ਦੇ ਮਨ ਵਿਚ ਅਕਾਲ ਪੁਰਖ ਦੇ ਪ੍ਰੇਮ ਦੀ ਲਗਨ ਲੱਗੀ ਰਹਿੰਦੀ ਹੈ। ਜਿਸ ਦਾ ਹੱਥ ਪਰਮਾਤਮਾ ਫੜ ਲੈਂਦਾ ਹੈ ਅਤੇ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ, ਉਸ ਦਾ ਫਿਰ ਪਰਮਾਤਮਾ ਤੋਂ ਕਦੀ ਵੀ ਵਿਛੋੜਾ ਨਹੀਂ ਹੁੰਦਾ (ਗੁਰਮਤਿ ਦਰਸ਼ਨ ਅਨੁਸਾਰ ਜਿਹੜਾ ਮਨੁੱਖ ਇੱਕ ਵਾਰ ਇਸ ਅਨੁਭਵੀ ਪਦ ਨੂੰ ਪ੍ਰਾਪਤ ਕਰ ਲੈਂਦਾ ਹੈ, ਉਹ ਇਸ ‘ਤੇ ਸਦਾ ਕਾਇਮ ਰਹਿੰਦਾ ਹੈ, ਇਸ ਤੋਂ ਡਿਗਦਾ ਨਹੀਂ)। ਪਰ ਇਹ ਰਸਤਾ ਬਿਖੜਾ ਹੈ, ਪ੍ਰਾਪਤੀ ਬਹੁਤ ਔਖੀ ਹੈ ਕਿਉਂਕਿ ਉਹ ਪਰਮਾਤਮਾ ਬਹੁਤ ਅਪਹੁੰਚ ਹੈ, ਡੂੰਘਾ ਹੈ। ਇਸ ਲਈ ਉਸ ਤੋਂ ਲੱਖ ਵਾਰੀ ਕੁਰਬਾਨ ਜਾਂਦਾ ਹਾਂ। ਇਸ ਦੇ ਨਾਲ ਹੀ ਉਹ ਕਿਰਪਾ-ਨਿਧਾਨ ਵੀ ਹੈ ਇਸ ਲਈ ਦਰਵਾਜ਼ੇ ‘ਤੇ ਡਿਗਿਆਂ ਨੂੰ ਉਹ ਸੰਭਾਲਦਾ ਹੀ ਹੈ। ਗੁਰੂ ਅਰਜਨ ਦੇਵ ਫਰਮਾਉਂਦੇ ਹਨ ਕਿ ਜਿਸ ਉਤੇ ਉਸ ਬੇ-ਪਰਵਾਹ ਦੀ ਨਦਰਿ ਹੋ ਜਾਂਦੀ ਹੈ, ਜਿਸ ‘ਤੇ ਉਹ ਮਿਹਰ ਕਰਦਾ ਹੈ, ਉਸ ਮਨੁੱਖ ਨੂੰ ਪੋਹ ਦਾ ਮਹੀਨਾ ਸੁਹਣਾ ਲੱਗਦਾ ਹੈ ਅਤੇ ਉਸ ਨੂੰ ਸਾਰੇ ਸੁੱਖ ਮਿਲ ਜਾਂਦੇ ਹਨ,
ਸਰਮ ਪਈ ਨਾਰਾਇਣੈ
ਨਾਨਕ ਦਰਿ ਪਈਆਹੁ॥
ਪੋਖੁ ਸੋਹੰਦਾ ਸਰਬ ਸੁਖ
ਜਿਸੁ ਬਖਸੇ ਵੇਪਰਵਾਹੁ॥11॥
ਹਿੰਦੁਸਤਾਨੀ ਧਰਮ ਪਰੰਪਰਾਵਾਂ ਵਿਚ ਮਾਘ ਦੇ ਮਹੀਨੇ ਤੀਰਥ ਇਸ਼ਨਾਨ ਕਰਨਾ ਅਤੇ ਪੁੰਨ-ਦਾਨ ਕਰਨਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਸਿੱਖ ਧਰਮ ਵਿਚ ਇਸ ਕਿਸਮ ਦੀ ਕੋਈ ਪਰੰਪਰਾ ਨਹੀਂ ਮੰਨੀ ਗਈ ਹੈ। ਕਿਸੇ ਖਾਸ ਮਹੀਨੇ, ਦਿਨ ਜਾਂ ਘੜੀ ਅਨੁਸਾਰ, ਕਿਸੇ ਖਾਸ ਪਵਿੱਤਰ ਮੰਨੀ ਜਾਂਦੀ ਥਾਂ ਤੇ ਇਸ਼ਨਾਨ ਕਰਨ ਅਤੇ ਪੁੰਨ-ਦਾਨ ਕਰਨ ਦੀ ਕੋਈ ਪਰੰਪਰਾ ਨਹੀਂ ਹੈ। ਸਰੀਰ ਦੀ ਸਫ਼ਾਈ ਵਾਸਤੇ ਇਸ਼ਨਾਨ ਜ਼ਰੂਰੀ ਹੈ ਪਰ ਇਸ ਨੂੰ ਕਿਸੇ ਪ੍ਰਾਪਤੀ ਨਾਲ ਨਹੀਂ ਜੋੜਿਆ ਗਿਆ। ਇਸੇ ਤਰ੍ਹਾਂ ਕਿਰਤ ਕਰਕੇ ਉਸ ਨੂੰ ਲੋੜਵੰਦਾਂ ਨਾਲ ਵੰਡ ਕੇ ਛਕਣ ਦਾ ਅਦੇਸ਼ ਕੀਤਾ ਹੈ ਪਰ ਇਹ ਕਿਸੇ ਮੁਕਤੀ ਪ੍ਰਾਪਤੀ ਲਈ ਨਹੀਂ।
ਮਾਘ ਦੇ ਮਹੀਨੇ ਤੀਰਥ-ਇਸ਼ਨਾਨ ਦੇ ਪ੍ਰਤੀਕ ਨੂੰ ਲੈ ਕੇ ਹੀ ਗੁਰੂ ਨਾਨਕ ਬਿਆਨ ਕਰਦੇ ਹਨ ਕਿ ਮਾਘ ਦਾ ਮਹੀਨਾ ਤੀਰਥ-ਇਸ਼ਨਾਨ (ਪ੍ਰਯਾਗ, ਹਰਿਦੁਆਰ ਵਗੈਰਾ) ਲਈ ਪਵਿੱਤਰ ਮੰਨਿਆ ਜਾਂਦਾ ਹੈ ਪਰ ਜਿਸ ਮਨੁੱਖ ਨੇ ਆਪਣੇ ਹਿਰਦੇ ਵਿਚ ਹੀ ਤੀਰਥ ਪਛਾਣ ਲਿਆ ਹੈ (ਹਿਰਦਾ ਪਰਮਾਤਮਾ ਦਾ ਨਿਵਾਸ ਸਥਾਨ ਹੈ) ਉਸ ਦੀ ਜਿੰਦ ਪਵਿੱਤਰ ਹੋ ਜਾਂਦੀ ਹੈ। ਜਿਹੜਾ ਜੀਵ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਪਰਮਾਤਮਾ ਦੇ ਚਰਨਾਂ ਵਿਚ ਆਪਣੀ ਲਿਵ ਲਾ ਲੈਂਦਾ ਹੈ, ਉਹ ਸਹਿਜ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਜਿਥੇ ਉਸ ਦਾ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ।
ਸਿੱਖ ਧਰਮ ਚਿੰਤਨ ਅਨੁਸਾਰ ਮਨੁੱਖੀ ਜਿਉੜੇ ਦੀ ਪ੍ਰਾਪਤੀ ਅਕਾਲ ਪੁਰਖ ਦੀਆਂ ਨਜ਼ਰਾਂ ਵਿਚ ਪ੍ਰਵਾਨ ਹੋਣ ਵਿਚ ਹੈ। ਇਸੇ ਸਬੰਧ ਵਿਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਉਸ ਸੁਹਣੇ ਪ੍ਰੀਤਮ-ਪਰਮਾਤਮਾ ਦੇ ਗੁਣ ਜੇ ਕਰ ਜੀਵ ਆਪਣੇ ਹਿਰਦੇ ਵਿਚ ਵਸਾ ਲਵੇ ਅਤੇ ਉਸ ਦੀ ਸਿਫਤਿ-ਸਾਲਾਹ ਰਾਹੀਂ ਉਸ ਦੇ ਮਨ ਨੂੰ ਭਾ ਜਾਵੇ ਅਰਥਾਤ ਉਸ ਦੀਆਂ ਨਜ਼ਰਾਂ ਵਿਚ ਮਨਜ਼ੂਰ ਹੋ ਜਾਵੇ ਤਾਂ ਸਮਝੋ ਉਸ ਨੇ ਤੀਰਥ-ਇਸ਼ਨਾਨ ਕਰ ਲਿਆ। ਪਰਮਾਤਮ-ਚਰਨਾਂ ਵਿਚ ਲਿਵ ਲਾਉਣ ਦੀ ਅਵਸਥਾ ਤ੍ਰਿਬੇਣੀ ਹੈ ਅਰਥਾਤ ਗੰਗਾ, ਜਮਨਾ ਅਤੇ ਸਰਸਵਤੀ ਨਦੀਆਂ ਦਾ ਮਿਲਾਪ-ਸਥਾਨ ਹੈ ਅਤੇ ਸੱਤੇ ਸਮੁੰਦਰਾਂ ਵਿਚ ਸਮਾਉਣਾ ਹੈ (ਇਨ੍ਹਾਂ ਤਿੰਨਾਂ ਨਦੀਆਂ ਦੇ ਸੰਗਮ ਦੇ ਸਥਾਨ ਉਤੇ ਅਤੇ ਸੱਤ ਸਮੁੰਦਰਾਂ ਦੇ ਇਸ਼ਨਾਨ ਨੂੰ ਹਿੰਦੂ ਪਰੰਪਰਾ ਵਿਚ ਪਵਿੱਤਰ ਮੰਨਿਆ ਜਾਂਦਾ ਹੈ)। ਜਿਸ ਮਨੁੱਖ ਨੇ ਹਰ ਇੱਕ ਜੁਗ ਵਿਚ ਵਿਆਪਕ ਪਰਮਾਤਮਾ ਨੂੰ ਜਾਣ ਲਿਆ, ਉਸ ਨੇ ਸਾਰੇ ਤੀਰਥ ਇਸ਼ਨਾਨ, ਪੁੰਨ-ਦਾਨ ਅਤੇ ਪੂਜਾ ਦੇ ਕਰਮ ਕਰ ਲਏ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜਿਸ ਮਨੁੱਖ ਨੇ ਮਾਘ ਦੇ ਮਹੀਨੇ ਵਿਚ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰ ਕੇ ਉਸ ਦੇ ਨਾਮ ਦਾ ਰਸ ਪੀ ਲਿਆ ਉਸ ਨੇ ਅਠਾਹਟ ਤੀਰਥਾਂ ਦਾ ਇਸ਼ਨਾਨ ਕਰ ਲਿਆ,
ਪੁੰਨ ਦਾਨ ਪੂਜਾ ਪਰਮੇਸੁਰ
ਜੁਗਿ ਜੁਗਿ ਏਕੋ ਜਾਤਾ॥
ਨਾਨਕ ਮਾਘਿ ਮਹਾ ਰਸੁ ਹਰਿ ਜਪਿ
ਅਠਸਠਿ ਤੀਰਥ ਨਾਤਾ॥15॥
ਗੁਰੂ ਅਰਜਨ ਦੇਵ ਮਾਘ ਦੇ ਮਹੀਨੇ ਵਿਚ ਕੀਤੇ ਜਾਣ ਵਾਲੇ ਪੁੰਨ-ਦਾਨ ਅਤੇ ਤੀਰਥ ਇਸ਼ਨਾਨ ਦੇ ਪ੍ਰਤੀਕ ਨੂੰ ਹੀ ਵਰਤਦੇ ਹੋਏ ਸਮਝਾਉਂਦੇ ਹਨ ਕਿ ਮਾਘ ਦੇ ਮਹੀਨੇ ਗੁਰਮੁਖਾਂ ਦੀ ਸੰਗਤਿ ਵਿਚ ਨਿਮਰਤਾ ਨਾਲ ਬੈਠਣਾ ਹੀ ਤੀਰਥ ਇਸ਼ਨਾਨ ਹੈ, ਪਰਮਾਤਮਾ ਦਾ ਨਾਮ ਸਿਮਰਨ ਕਰੋ ਅਤੇ ਉਸ ਦੀ ਸਿਫਤਿ-ਸਾਲਾਹ ਸੁਣੋ ਅਤੇ ਉਸ ਦੇ ਨਾਮ ਦੀ ਦਾਤ ਹੋਰਨਾਂ ਨੂੰ ਵੰਡੋ ਇਸ ਨਾਲ ਜਨਮ-ਜਨਮ ਵਿਚ ਕੀਤੇ ਕਰਮਾਂ ਤੋਂ ਇਕੱਠੀ ਹੋਈ ਵਿਕਾਰਾਂ ਦੀ ਮੈਲ ਧੋਤੀ ਜਾਵੇਗੀ, ਮਨ ਵਿਚੋਂ ਹਉਮੈ ਦੂਰ ਹੋ ਜਾਵੇਗੀ। ਨਾਮ ਸਿਮਰਨ ਕਰਨ ਨਾਲ ਕਾਮ, ਕ੍ਰੋਧ ਵਿਚ ਨਹੀਂ ਫਸੀਦਾ ਅਤੇ ਲੋਭ ਕੁੱਤਾ ਵੀ ਖ਼ਤਮ ਹੋ ਜਾਂਦਾ ਹੈ (ਲੋਭ ਮਨੁੱਖ ਨੂੰ ਕੁੱਤੇ ਵਾਂਗ ਦਰ ਦਰ ਦੀ ਭਟਕਣਾ ਲਾਈ ਰੱਖਦਾ ਹੈ। ਇਸ ਤਰ੍ਹਾਂ ਸੱਚੇ ਰਸਤੇ ‘ਤੇ ਚਲਦਿਆਂ ਦੁਨੀਆਂ ਵਡਿਆਈ ਕਰਦੀ ਹੈ। ਧਾਰਮਿਕ ਤੌਰ ‘ਤੇ ਮੰਨੇ ਜਾਂਦੇ ਸਾਰੇ ਪੁੰਨ ਕਰਮ ਜਿਵੇਂ ਜੀਵਾਂ ਉਤੇ ਦਇਆ ਕਰਨੀ, ਅਠਾਹਟ ਤੀਰਥਾਂ ਦਾ ਇਸ਼ਨਾਨ ਆਦਿ ਪਰਮਾਤਮਾ ਦਾ ਸਿਮਰਨ ਕਰਨ ਵਿਚ ਆ ਜਾਂਦੇ ਹਨ। ਅਕਾਲ ਪੁਰਖ ਆਪਣੀ ਮਿਹਰ ਕਰਕੇ ਜਿਸ ਨੂੰ ਇਹ ਦਾਤ ਦਿੰਦਾ ਹੈ ਉਹ ਮਨੁੱਖ ਸਿਆਣਾ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਜਿਨ੍ਹਾਂ ਨੂੰ ਪਿਆਰਾ ਪਰਮਾਤਮਾ ਮਿਲ ਗਿਆ, ਉਨ੍ਹਾਂ ਤੋਂ ਸਦਕੇ ਜਾਂਦਾ ਹਾਂ। ਮਾਘ ਮਹੀਨੇ ਵਿਚ ਉਨ੍ਹਾਂ ਨੂੰ ਹੀ ਸੁੱਚੇ ਸਮਝਿਆ ਜਾਂਦਾ ਹੈ ਜਿਨ੍ਹਾਂ ਉਤੇ ਸਤਿਗੁਰੁ ਆਪਣੀ ਮਿਹਰ ਕਰਕੇ ਸਿਮਰਨ ਦੀ ਬਖਸ਼ਿਸ਼ ਕਰਦਾ ਹੈ,
ਜਿਨਾ ਮਿਲਿਆ ਪ੍ਰਭੁ ਆਪਣਾ
ਨਾਨਕ ਤਿਨ ਕੁਰਬਾਨੁ॥
ਮਾਘਿ ਸੁਚੇ ਸੇ ਕਾਂਢੀਅਹਿ
ਜਿਨ ਪੂਰਾ ਗੁਰੁ ਮਿਹਰਵਾਨੁ॥12॥
ਸਾਲ ਦਾ ਆਖ਼ਰੀ ਮਹੀਨਾ ਫੱਗਣ ਦਾ ਹੈ ਜਦੋਂ ਸਰਦੀ ਮੁੱਕ ਜਾਂਦੀ ਹੈ, ਦਿਨ ਨਿੱਘੇ ਹੋ ਜਾਂਦੇ ਹਨ ਅਤੇ ਬਹਾਰ ਦਾ ਮੌਸਮ ਆ ਜਾਂਦਾ ਹੈ। ਲੋਕੀ ਰੰਗਾਂ ਦਾ ਤਿਉਹਾਰ ਹੋਲੀ ਮਨਾਉਂਦੇ ਹਨ। ਗੁਰੂ ਨਾਨਕ ਦੇਵ ਕਹਿੰਦੇ ਹਨ ਕਿ ਫੱਗਣ ਦੇ ਮਹੀਨੇ ਜਿਸ ਨੂੰ ਪਰਮਾਤਮਾ ਦਾ ਪਿਆਰ ਮਿੱਠਾ ਲੱਗਾ ਹੈ, ਉਸ ਦੇ ਮਨ ਵਿਚ ਅਸਲ ਅਨੰਦ ਪੈਦਾ ਹੋਇਆ ਹੈ। ਜਿਸ ਨੇ ਆਪਣੇ ਅੰਦਰੋਂ ਹਉਂ ਦੀ ਭਾਵਨਾ ਖਤਮ ਕੀਤੀ ਹੈ, ਉਸ ਦਾ ਮਨ ਹਮੇਸ਼ਾ ਖਿੜਿਆ ਰਹਿੰਦਾ ਹੈ। ਪਰਮਾਤਮਾ ਜਦੋਂ ਕਿਸੇ ‘ਤੇ ਮਿਹਰ ਕਰਦਾ ਹੈ ਤਾਂ ਉਸ ਜੀਵ ਦੇ ਅੰਦਰੋਂ ਮਾਇਆ ਦਾ ਮੋਹ ਖਤਮ ਕਰ ਦਿੰਦਾ ਹੈ ਅਤੇ ਆਪਣੀ ਮਿਹਰ ਕਰਕੇ ਉਸ ਜੀਵ ਦੇ ਅੰਦਰ ਆ ਵੱਸਦਾ ਹੈ। ਪਰਮਾਤਮਾ ਨੂੰ ਮਿਲਣ ਲਈ ਬਹੁਤ ਸ਼ਿੰਗਾਰ (ਧਾਰਮਿਕ ਵੇਸ) ਕੀਤੇ ਪਰ ਪਰਮਾਤਮਾ ਦੇ ਦਰ ‘ਤੇ ਥਾਂ ਨਹੀਂ ਮਿਲੀ। ਜੋ ਜੀਵ ਅਕਾਲ ਪੁਰਖ ਦੀ ਨਜ਼ਰ ਵਿਚ ਪ੍ਰਵਾਨ ਹੋ ਜਾਂਦਾ ਹੈ ਉਸ ਦੇ ਸਾਰੇ ਹਾਰ-ਸ਼ਿੰਗਾਰ ਹੋ ਜਾਂਦੇ ਹਨ। ਜਿਸ ਮਨੁੱਖ ਨੂੰ ਪਰਮਾਤਮਾ ਨੇ ਗੁਰੂ ਦੇ ਰਾਹੀਂ ਆਪਣੇ ਨਾਲ ਮੇਲ ਲਿਆ ਉਸ ਨੂੰ ਆਪਣੇ ਅੰਦਰ ਹੀ ਪਰਮਾਤਮ-ਅਨੁਭਵ ਹੋ ਜਾਂਦਾ ਹੈ,
ਹਾਰ ਡੋਰ ਰਸ ਪਾਟ ਪਟੰਬਰ
ਪਿਰਿ ਲੋੜੀ ਸੀਗਾਰੀ॥
ਨਾਨਕ ਮੇਲਿ ਲਈ ਗੁਰਿ ਅਪਣੈ
ਘਰਿ ਵਰੁ ਪਾਇਆ ਨਾਰੀ॥16॥
(ਚਲਦਾ)

Be the first to comment

Leave a Reply

Your email address will not be published.