ਨਵੀਂ ਦਿੱਲੀ ਬਨਾਮ ਗੋਪਾਲ ਸਿੰਘਪੁਰਾ

ਗੁਲਜ਼ਾਰ ਸਿੰਘ ਸੰਧੂ
ਦਿੱਲੀ ਵਾਲੇ ਦਿਆਲ ਸਿੰਘ ਕਾਲਜ ਦਾ ਨਾਂ ਵੰਦੇ ਮਾਤਰਮ ਮਹਾਂਵਿਦਿਆਲਾ ਰੱਖੇ ਜਾਣ ਦੀਆਂ ਖਬਰਾਂ ਨੇ ਮੈਨੂੰ ਆਪਣੀ ਵਾਘਾ ਪਾਰ ਦੀ ਫੇਰੀ ਚੇਤੇ ਕਰਵਾ ਦਿੱਤੀ ਹੈ। 1965 ਦੀ ਭਾਰਤ-ਪਾਕਿ ਜੰਗ ਸਮੇਂ ਭਾਰਤੀ ਫੌਜ ਪਾਕਿਸਤਾਨ ਦੇ ਪਿੰਡਾਂ ਵਿਚ ਦਾਖਲ ਹੋਈ ਤਾਂ ਪਿੰਡ ਵਾਸੀ ਆਪਣਾ ਘਰ-ਘਾਟ ਛੱਡ ਕੇ ਆਪਣੇ ਰਿਸ਼ਤੇਦਾਰਾਂ ਦੇ ਘਰੀਂ ਚਲੇ ਗਏ। ਮੈਂ ਤੇ ਮੇਰਾ ਮਿੱਤਰ ਤਾਰਾ ਸਿੰਘ ਕਾਮਲ ਦਿੱਲੀ ਤੋਂ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਜਿੱਤੇ ਹੋਏ ਪਿੰਡ ਵੇਖਣ ਤੁਰ ਪਏ। ਅੰਬਾਲਾ ਨੇੜੇ ਜਦੋਂ ਅਸੀਂ ਉਸ ਗਿਰਜਾ ਘਰ ਨੂੰ ਵੇਖਣ ਰੁਕੇ, ਜਿਸ ਉਤੇ ਪਾਕਿਸਤਾਨੀ ਬੰਬਾਰੀ ਦੇ ਨਿਸ਼ਾਨ ਸਨ, ਤਾਂ ਬਲਰਾਜ ਸਾਹਨੀ ਵੀ ਆਪਣੀ ਗੱਡੀ ਰੁਕਵਾ ਕੇ ਇਹੀਓ ਵੇਖ ਰਿਹਾ ਸੀ।

ਉਹ ਵਾਘਾ ਤੋਂ ਵਾਪਸ ਆ ਰਿਹਾ ਸੀ ਤੇ ਅਸੀਂ ਓਧਰ ਜਾ ਰਹੇ ਸਾਂ। ਉਸ ਨੇ ਓਪਰਲੇ ਪਿੰਡਾਂ ਵਿਚ ਕੀ ਤੱਕਿਆ? ਪੁੱਛਣ ਲਈ ਸਮਾਂ ਨਹੀਂ ਸੀ।
ਅਸੀਂ ਵਾਘਾ ਪਾਰ ਦੇ ਪਿੰਡ ਗੋਪਾਲ ਸਿੰਘਪੁਰਾ ਪਹੁੰਚੇ ਤਾਂ ਛੱਪੜ ਦੇ ਕੰਢੇ ਕਿਸੇ ਵਿਦਿਆਰਥੀ ਦੀ ਕਾਪੀ ਦੇ ਵਰਕੇ ਰੁਲ ਰਹੇ ਸਨ। ਇੱਕ ਵਰਕੇ ਉਤੇ ਪਿੰਡ ਦੀ ਮਸਜਿਦ, ਪੰਚਾਇਤ ਦੀ ਬੈਠਕ ਤੇ ਪਿੰਡ ਦਾ ਆਮ ਹਾਲ ਦਰਜ ਸੀ। ਲਿਖਿਆ ਸੀ, “ਇਸ ਛੋਟੇ ਸੇ ਗਾਉਂ ਮੇ ਤਮਾਮ ਮਕਾਨ ਕੱਚੀ ਈਟੋਂ ਔਰ ਗਾਰੇ ਕੇ ਬਨੇ ਹੂਏ ਹੈਂ। ਅਲਬੱਤਾ ਸਿੰਘ ਨੇ ਏਕ ਪੁਖਤਾ ਮਕਾਨ ਬਨਵਾਇਆ ਥਾ ਜੋ ਏਕ ਮੰਜ਼ਿਲਾ ਹੈ। ਇਸ ਕੇ ਇਲਾਵਾ ਏਕ ਪੁਖਤਾ ਈਂਟ ਔਰ ਸੀਮਿੰਟ ਵਾਲਾ ਗੁਰਦਵਾਰਾ ਭੀ ਹੈ। ਹਮ ਮਹਾਜਰੀਨ (ਸ਼ਰਨਾਰਥੀਆਂ) ਨੇ ਭੀ ਨਮਾਜ਼ ਪੜ੍ਹਨੇ ਕੇ ਲੀਏ ਪੁਖਤਾ ਚਬੂਤਰਾ ਬਨਾ ਲੀਆ ਹੈ। ਚੰਦਾ ਜਮਾ ਕਰ ਰਹੇ ਹੈਂ ਕਿ ਇਸ ਜਗ੍ਹਾ ਏਕ ਅੱਛੀ ਮਸਜਿਦ ਤਿਆਰ ਕਰੇਂ। ਇਰਾਦਾ ਪੁਖਤਾ ਹੈ। ਇੰਸ਼ਾ ਅੱਲ੍ਹਾ ਛੇ ਸਾਤ ਮਾਹ ਮੇਂ ਮਸਜਿਦ ਤਿਆਰ ਹੋ ਜਾਏਗੀ।”
ਇਸ ਗੱਲ ਨੇ ਸਾਨੂੰ ਪ੍ਰਭਾਵਿਤ ਕੀਤਾ। ਪਿੰਡ ਬੰਨ੍ਹਣ ਵਾਲੇ ਗੋਪਾਲ ਸਿੰਘ ਪ੍ਰਤੀ ਅਦਬ ਆਦਾਬ ਦੀ ਭਾਵਨਾ ਸੀ, ਦੇਸ਼ ਵੰਡ ਦੇ ਅਠਾਰਾਂ ਸਾਲ ਪਿੱਛੋਂ ਵੀ। ਉਦੋਂ ਜਦ ਕਤਲ-ਓ-ਗਾਰਤ ਦੇ ਜ਼ਖਮ ਸੀਮਾ ਦੇ ਆਰ-ਪਾਰ ਬਿਲਕੁਲ ਅੱਲ੍ਹੇ ਸਨ। ਅਜੋਕੀ ਪ੍ਰਮੁੱਖ ਸਿਆਸੀ ਪਾਰਟੀ ਦਿਆਲ ਸਿੰਘ ਕਾਲਜ ਦਾ ਨਾਂ ਵੰਦੇ ਮਾਤਰਮ ਮਹਾਵਿਦਿਆਲਾ ਰੱਖ ਕੇ ਕੀ ਸੰਦੇਸ਼ ਦੇਣਾ ਚਾਹੁੰਦੀ ਹੈ?
ਦਿਆਲ ਸਿੰਘ ਕਾਲਜ ਦੀ ਸਥਾਪਨਾ 1910 ਵਿਚ ਲਾਹੌਰ ਵਿਖੇ ਉਘੇ ਪਰਉਪਕਾਰੀ ਦਿਆਲ ਸਿੰਘ ਮਜੀਠੀਆ ਦੀ ਸੰਪਤੀ ਤੋਂ ਉਪਜੇ ਦਿਆਲ ਸਿੰਘ ਟਰਸਟ ਦੁਆਰਾ ਹੋਈ ਸੀ। ਦੇਸ਼ ਵੰਡ ਤੋਂ ਪਿੱਛੋਂ 1959 ਵਿਚ ਇਸ ਟਰੱਸਟ ਨੇ ਪੰਜਾਬ ਯੂਨੀਵਰਸਟੀ ਵਲੋਂ ਦਿੱਲੀ ਦੇ ਸ਼ਰਨਾਰਥੀਆਂ ਦੀ ਵਿਦਿਆ ਲਈ ਖੋਲ੍ਹੇ ਗਏ ਕੈਂਪ ਕਾਲਜ ਦੀ ਸਾਂਭ-ਸੰਭਾਲ ਆਪਣੇ ਹੱਥ ਲੈ ਕੇ ਲੋਧੀ ਐਸਟੇਟ ਵਿਚ ਇਮਾਰਤ ਉਸਾਰ ਕੇ ਦਿਆਲ ਸਿੰਘ ਕਾਲਜ ਖੋਲ੍ਹਣਾ ਵੀ ਕਮਾਲ ਸੀ, ਜਿਸ ਨੂੰ 1978 ਵਿਚ ਦਿੱਲੀ ਯੂਨੀਵਰਸਟੀ ਨੇ ਆਪਣੀ ਦੇਖ-ਰੇਖ ਹੇਠ ਲੈ ਲਿਆ।
ਮੈਨੂੰ ਕੈਂਪ ਕਾਲਜ 1959 ਵਿਚ ਦਿਆਲ ਸਿੰਘ ਟਰੱਸਟ ਵੱਲੋਂ ਸਾਂਭਣ ਦੀ ਓਨੀ ਹੀ ਖੁਸ਼ੀ ਹੋਈ ਸੀ, ਜਿੰਨੀ ਗੋਪਾਲ ਸਿੰਘਪੁਰਾ (ਪਾਕਿਸਤਾਨ) ਦੇ ਗੁਰਦੁਆਰੇ ਨੂੰ ਆਂਚ ਪਹੁੰਚਾਏ ਬਿਨਾ ਉਥੋਂ ਦੇ ਸ਼ਰਨਾਰਥੀਆਂ ਵਲੋਂ ਵੱਖਰੀ ਮਸਜਿਦ ਉਸਾਰੇ ਜਾਣ ਦੇ ਯਤਨਾਂ ਦੀ।
ਜਿੱਥੋਂ ਤੱਕ ਦਿਆਲ ਸਿੰਘ ਮਜੀਠੀਆ ਦੀ ਯਾਦ ਨੂੰ ਸੰਭਾਲ ਕੇ ਰੱਖਣ ਦਾ ਸਬੰਧ ਹੈ, ਦੋਹਾਂ ਪੰਜਾਬਾਂ ਦੀਆਂ ਵਿਦਿਅਕ ਸੰਸਥਾਵਾਂ ਹੀ ਨਹੀਂ, ਵੱਡੀਆਂ ਲਾਇਬਰੇਰੀਆਂ ਵੀ ਇਸ ਦੀਆਂ ਗਵਾਹ ਹਨ। ਉਧਰਲੇ ਪੰਜਾਬ ਵਾਲਿਆਂ ਨੇ ਤਾਂ ਵੱਡੇ ਹਸਪਤਾਲਾਂ ਦੇ ਨਿਰਮਾਤਾ ਸਰ ਗੰਗਾ ਰਾਮ ਨੂੰ ਵੀ ਨਹੀਂਂ ਵਿਸਾਰਿਆ। ਇਸ ਗੱਲ ਵਿਚ ਸ਼ੱਕ ਨਹੀਂ ਕਿ ਕਾਲਜ ਦਾ ਨਾਂ ਬਦਲਣ ਵਾਲੀ ਪੁਠੀ ਹਰਕਤ ਨੇ ਆਪਣੀ ਮੌਤ ਮਰ ਜਾਣਾ ਹੈ ਪਰ ਇਸ ਮਾਮਲੇ ਨੇ ਭਗਵਾਂਕਰਨ ਦੀ ਰਾਜਨੀਤੀ ਵਿਚ ਆ ਰਹੇ ਮੂੰਹ ਭਾਰ ਡਿਗਣ ਦੇ ਝੁਕਾਓ ਕਾਰਨ ਇਸ ਦੇ ਨੇਤਾਵਾਂ ਵੱਲੋਂ ਅੱਕੀਂ ਪਲਾਹੀਂ ਹੱਥ ਮਾਰਦਿਆਂ ਭਰਿੰਡਾਂ ਦੇ ਖੱਖਰ ਨੂੰ ਛੇੜਨਾ ਹਾਸੋ ਹੀਣਾ ਹੀ ਨਹੀਂ, ਨਿੰਦਣਯੋਗ ਵੀ ਹੈ। ਚੇਤੇ ਰਹੇ, ਦਿਆਲ ਸਿੰਘ ਟਰੱਸਟ ਦਾ ਵਰਤਮਾਨ ਪ੍ਰਧਾਨ ਅਮਿਤਾਭ ਬੰਦਾ ਹੈ। ਮੈਂ ਗੋਪਾਲ ਸਿੰਘਪੁਰਾ ਦੇ ਸਧਾਰਨ ਪਾਕਿਸਤਾਨੀਆਂ ਦਾ ਹਵਾਲਾ ਇਸ ਲਈ ਦਿੱਤਾ ਹੈ ਕਿ ਉਨ੍ਹਾਂ ਨੇ ਪੱਕੀ ਇੱਟ ਦੇ ਗੁਰਦੁਆਰੇ ਨੂੰ ਆਂਚ ਪਹੁੰਚਾਏ ਬਿਨਾ ਚੰਦਾ ਇਕੱਠਾ ਕਰਕੇ ਮਸਜਿਦ ਉਸਾਰਨ ਦਾ ਉਪਰਾਲਾ ਕੀਤਾ ਸੀ। ਜੇ ਇਥੇ ਵੀ ਵੰਦੇ ਮਾਤਰਮ ਮਹਾਵਿਦਿਆਲਾ ਦੀ ਸਥਾਪਨਾ ਲਈ ਵੱਖਰੀ ਥਾਂ ਲੱਭ ਕੇ ਨਵੀਂ ਇਮਾਰਤ ਉਸਾਰੀ ਜਾਵੇ ਤਾਂ ਸਹੀ ਸੋਚ ਵਾਲਾ ਸਮੁੱਚਾ ਸੰਸਾਰ ਇਸ ਦਾ ਸਵਾਗਤ ਕਰੇਗਾ।
ਬਰਤਾਨੀਆ ਵਾਸੀ ਪੰਜਾਬੀ ਲੇਖਕ ਅਵਤਾਰ ਸਾਦਿਕ: ਪਿਛਲੇ ਹਫਤੇ ਚੰਡੀਗੜ੍ਹ ਸਾਹਿਤ ਅਕਾਡਮੀ ਨੇ ਅਵਤਾਰ ਸਾਦਿਕ ਨੂੰ ਪਾਠਕਾਂ ਦੇ ਰੂਬਰੂ ਕੀਤਾ। ਉਸ ਨੇ ਆਪਣੇ ਇਕਬਾਲੀਆ ਬਿਆਨ ਰਾਹੀਂ ਆਪਣੀ ਸਾਹਿਤਕ ਯਾਤਰਾ ਨੂੰ ਕੌਮਾਂਤਰੀ ਖੱਬੇਪੱਖੀ ਲਹਿਰਾਂ ਤੇ ਬਰਤਾਨੀਆ ਦੀ ਮਜ਼ਦੂਰ ਸ਼੍ਰੇਣੀ ਦੇ ਘੋਲਾਂ ਨਾਲ ਲੈਸ ਕਰਕੇ ਵੀਹਵੀਂ ਸਦੀ ਦੇ 60ਵਿਆਂ ਵਿਚ ਬਰਤਾਨੀਆ ਦੀ ਨਵ-ਉਸਾਰੀ ਵਿਚੋਂ ਪੰਜਾਬੀ ਕਾਮਿਆਂ ਦੇ ਯੋਗਦਾਨ ਦਾ ਯਥਾਰਥਕ ਨਕਸ਼ਾ ਪੇਸ਼ ਕੀਤਾ। ਉਹਦੇ ਕੋਲੋਂ ਉਹਦੀਆਂ ਕਵਿਤਾਵਾਂ ਸੁਣ ਕੇ ਸਰੋਤਿਆਂ ਨੇ ਮਹਿਸੂਸ ਕੀਤਾ ਕਿ ਉਹਨੇ ਉਥੇ ਪਹੁੰਚ ਕੇ ਮਜ਼ਦੂਰੀ ਕਰਨ ਵਾਲਿਆਂ ਦੀ ਮਨੋ ਦਸ਼ਾ ਦਾ ਯਥਾਰਥਕ ਨਕਸ਼ਾ ਪੇਸ਼ ਕੀਤਾ ਹੈ। ਪੰਜਾਬੀ ਮਜ਼ਦੂਰ ਜ਼ਿੰਦਾਬਾਦ।
ਅੰਤਿਕਾ: (ਅਵਤਾਰ ਸਾਦਿਕ ਦਾ ਨੀਂਦਰ ਨਾਮਾ)
ਨੀਂਦੇ ਨੀਂ ਅਸੀਂ ਪੌਂਡਾਂ ਦੇ ਪੁੱਤ
ਸਮੇਂ ਦੇ ਨੌਕਰ, ਭੁੱਖਾਂ ਦੇ ਪਰਛਾਂਵੇਂ
ਅੰਬਰੋਂ ਟੁੱਟੇ ਤਾਰੇ ਵਾਂਗੂੰ
ਵਿਚ ਖਲਾਅ ਦੇ ਘੁੰਮੀਏ!
ਜਾਗਣ ਦਾ ਬੀਮਾ ਕਰਵਾ ਕੇ
ਪੂੰਝਣ ਲਈ ਪਿੰਡੇ ਦਾ ਮੁੜ੍ਹਕਾ
ਮਿੱਲਾਂ ਦੇ ਦਰ ਮੱਲੇ,
ਧਰਤੀ ਵਾਂਗੂੰ ਇੱਕ ਧੁਰਾ ਹੈ,
ਫੋਰਮੈਨ ਦੀ ਉਂਗਲੀ;
ਜਿਸ ਉਦਾਲੇ ਘੁੰਮੀਏ!

ਨੀਂਦੇ ਨੀਂ ਇਸ ਮੰਡੀ ਦੇ ਵਿਚ
ਤੇਰੇ ਸ਼ਿਕਵੇ ਦਾ ਕੀ ਮੁੱਲ ਹੈ,
ਸਾਡੇ ਉਤੇ ਤਰਸ ਕਰੇਂ ਜੇ
ਇਹ ਤਾਂ ਫਿਰ ਤੇਰੀ ਹੀ ਭੁੱਲ ਹੈ!
ਨੀਂਦੇ ਨੀਂ ਸਾਡੀ ਜਾਗ ‘ਤੇ ਪਹਿਰੇ,
ਅੱਖਾਂ ਦੇ ਵਿਚ ਝਾਗ ਕੇ ਰਾਤਾਂ
ਚਿਹਰੇ ਹੋ ਗਏ ਬੱਗੇ
ਐਪਰ ਓਵਰ-ਟਾਈਮ ਦਾ ਨਾਂ ਸੁਣਦਿਆਂ
ਆਈਏ ਕਬਰਾਂ ਵਿਚੋਂ ਭੱਜੇ!