ਗੁਰਜੰਟ ਸਿੰਘ
ਫਿਲਮ ਜਗਤ ਵਿਚ ਧੜੱਲੇ ਨਾਲ ਅਪਣੀ ਹਾਜ਼ਰੀ ਲੁਆਉਣ ਵਾਲੀ ਅਦਾਕਾਰਾ ਵਿਦਿਆ ਬਾਲਨ ਦੀ ਨਵੀਂ ਫਿਲਮ ‘ਤੁਮਹਾਰੀ ਸੁੱਲੂ’ ਇਕ ਵਾਰ ਫਿਰ ਸੁਹਜ, ਸਲੀਕਾ ਅਤੇ ਸੁਨੇਹਾ ਲੈ ਕੇ ਆਈ ਹੈ। ਬਾਕਸ ਆਫਿਸ ਉਤੇ ਇਸ ਫਿਲਮ ਨੂੰ ਭਾਵੇਂ ਬਹੁਤਾ ਚੰਗਾ ਹੁੰਗਾਰਾ ਨਹੀਂ ਮਿਲਿਆ, ਪਰ ਇਸ ਫਿਲਮ ਵਿਚ ਜਿਸ ਢੰਗ ਨਾਲ ਇਕ ਘਰੇਲੂ ਔਰਤ ਨੂੰ ਅਰਸ਼ ਤੋਂ ਫਰਸ਼ ਤਕ ਉਠਦਿਆਂ ਦਿਖਾਇਆ ਗਿਆ ਹੈ, ਉਸ ਨੇ ਸਭ ਦਾ ਮਨ ਮੋਹ ਲਿਆ ਹੈ। ਕਮਾਈ ਦੇ ਪੱਖ ਤੋਂ ਵਿਦਿਆ ਨੇ ਵੀ ਟਿੱਪਣੀ ਕੀਤੀ ਹੈ ਕਿ
ਉਹ ਜਦੋਂ ਵੀ ਫਿਲਮ ਵਿਚ ਕੋਈ ਨਵਾਂ ਤਜਰਬਾ ਕਰਨਾ ਲੋਚਦੀ ਹੈ, ਤਾਂ ਪਹਿਲਾਂ-ਪਹਿਲ ਮੱਠਾ ਹੁੰਗਾਰਾ ਮਿਲਦਾ ਹੈ, ਮਗਰੋਂ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ ਜਾਂਦੇ ਹਨ। ਯਾਦ ਰਹੇ ਕਿ ਫਿਲਮਸਾਜ਼ ਸੁਰੇਸ਼ ਤ੍ਰਿਵੈਣੀ ਵੱਲੋਂ ਬਣਾਈ ਇਸ ਫਿਲਮ ਦੀ ਕਹਾਣੀ ਮੁੰਬਈ ਵਿਚ ਰਹਿੰਦੀ ਘਰੇਲੂ ਔਰਤ ਸਲੋਚਨਾ ਬਾਰੇ ਹੈ ਜੋ ਰਾਤ ਨੂੰ ਰੇਡੀਓ ‘ਤੇ ਰੇਡੀਓ ਜੌਕੀ (ਆਰæਜੇæ) ਦਾ ਕੰਮ ਕਰਦੀ ਹੈ। ਇਹ ਕੰਮ ਮਿਲਦਿਆਂ ਹੀ ਉਸ ਦੀ ਜ਼ਿੰਦਗੀ ਵਿਚ ਵੱਡੀ ਤਬਦੀਲੀ ਆਉਂਦੀ ਹੈ। ਫਿਲਮਸਾਜ਼ ਸੁਰੇਸ਼ ਤ੍ਰਿਵੈਣੀ ਨੇ ਇਸ ਤਬਦੀਲੀ ਨੂੰ ਬਾਰੀਕੀ ਨਾਲ ਫੜਨ ਦਾ ਯਤਨ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਸਾਡੇ ਮਰਦ ਪ੍ਰਧਾਨ ਸਮਾਜ ਵਿਚ ਜਦੋਂ ਮਰਦ ਰਾਤੀਂ ਕੰਮ ਕਰ ਕੇ ਆਉਂਦਾ ਹੈ ਤਾਂ ਉਸ ਦੀਆਂ ਖੂਬ ਤਾਰੀਫਾਂ ਹੁੰਦੀਆਂ ਹਨ, ਪਰ ਉਸ ਨੇ ਚੁਪ-ਚਪੀਤੇ ਆਪਣੀ ਇਸ ਫਿਲਮ ਵਿਚ ਮਰਦ ਵਾਲੀ ਇਹ ਨੌਕਰੀ ਔਰਤ ਨੂੰ ਦਿਵਾ ਦਿੱਤੀ ਅਤੇ ਇਸ ਦੇ ਆਲੇ-ਦੁਆਲੇ ਅਜਿਹਾ ਕਿਰਦਾਰ ਬੁਣਿਆ ਕਿ ਇਸ ਨੇ ਮਰਦ ਪ੍ਰਧਾਨ ਮਾਨਸਿਕਤਾ ਦੇ ਤੂੰਬੇ ਉਡਾ ਦਿੱਤੇ। ਇਹ ਫਿਲਮ ਦਰਅਸਲ ਇਕ ਮੱਧ ਵਰਗੀ ਪਰਿਵਾਰ ਦੀਆਂ ਹਕੀਕਤਾਂ ਨਾਲ ਜੁੜੀ ਕਹਾਣੀ ਹੈ। ਘਰ ਦੀ ਔਰਤ ਬੜੀ ਸਾਧਾਰਨ ਹੈ, ਪਰ ਸੁਫ਼ਨੇ ਦੇਖਦੀ ਹੈ। ਜ਼ਿੰਦਗੀ ਦੇ ਇਕ ਖਾਸ ਮੋੜ ‘ਤੇ ਆ ਕੇ ਉਸ ਨੂੰ ਇਕ ਖਾਸ ਮੌਕਾ ਮਿਲ ਜਾਂਦਾ ਹੈ ਅਤੇ ਇਹ ਔਰਤ ਰਾਤੋ-ਰਾਤ ਮਸ਼ਹੂਰ ਹੋ ਜਾਂਦੀ ਹੈ। ਇਸ ਦੇ ਬਾਵਜੂਦ ਉਹ ਆਪਣਾ ਘਰ ਵੀ ਸਫ਼ਲਤਾ ਨਾਲ ਸੰਭਾਲਦੀ ਹੈ। ਸੁੱਲੂ ਦੇ ਰੂਪ ਵਿਚ ਅਦਾਕਾਰਾ ਵਿਦਿਆ ਬਾਲਨ ਨੇ ਇਹ ਕਿਰਦਾਰ ਬਹੁਤ ਸਹਿਜ ਰੂਪ ਵਿਚ ਨਿਭਾਇਆ ਹੈ। ਇਸ ਪੱਖ ਤੋਂ ਉਸ ਦੀ ਅਦਾਕਾਰੀ ਦੀ ਝੰਡੀ ਹੈ। ਇਹ ਕਿਰਦਾਰ ਨਿਭਾਉਂਦਿਆਂ ਉਸ ਨੇ ਔਰਤ ਦੀ ਜ਼ਿੰਦਗੀ ਨਾਲ ਜੁੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਖੂਬ ਉਭਾਰਿਆ ਹੈ। ਫਿਲਮ ਵਿਚ ਉਸ ਦੇ ਪਤੀ ਅਸ਼ੋਕ ਦਾ ਕਿਰਦਾਰ ਨੌਜਵਾਨ ਅਦਾਕਾਰ ਮਾਨਵ ਕੌਲ ਦੇ ਹਿੱਸੇ ਆਇਆ ਹੈ। ਉਸ ਨੇ ਵੀ ਆਪਣਾ ਇਹ ਕਿਰਦਾਰ ਪੂਰੀ ਰੂਹ ਨਾਲ ਜੀਵਿਆ ਅਤੇ ਨਿਭਾਇਆ ਹੈ। ਉਹ ਆਪਣੀ ਪਤਨੀ ਦੀ ਹਰ ਔਕੜ ਦਾ ਧਿਆਨ ਰੱਖਦਾ ਹੈ ਅਤੇ ਉਸ ਦੇ ਕੰਮ ਦੇ ਨਾਲ ਨਾਲ ਆਪਣੇ ਕੰਮ ਦਾ ਦਬਾਅ ਵੀ ਝੱਲਦਾ ਹੈ। ਫਿਲਮ ਵਿਚ ਕਈ ਮਰਹੱਲੇ ਅਜਿਹੇ ਵੀ ਆਉਂਦੇ ਹਨ ਜਦੋਂ ਪਤੀ-ਪਤਨੀ ਦੀ ਗੱਲਬਾਤ ਅਚਾਨਕ ਤਕਰਾਰ ਵਿਚ ਬਦਲ ਜਾਂਦੀ ਹੈ, ਪਰ ਸੁਰੇਸ਼ ਤ੍ਰਿਵੈਣੀ ਨੇ ਇਨ੍ਹਾਂ ਹਾਲਾਤ ਨੂੰ ਬਹੁਤ ਸਲੀਕੇ ਨਾਲ ਨਜਿੱਠਣ ਦਾ ਯਤਨ ਕੀਤਾ ਹੈ। ਉਂਜ ਇਹ ਰਾਏ ਤਕਰੀਬਨ ਹਰ ਦਰਸ਼ਕ ਅਤੇ ਫਿਲਮ ਆਲੋਚਕ ਦੀ ਹੈ ਕਿ ਫਿਲਮ ਵਿਚਲਾ ਇਹ ਵੇਗ ਮਗਰਲੇ ਹਿੱਸੇ ਵਿਚ ਜਾ ਕੇ ਮੱਠਾ ਪੈ ਜਾਂਦਾ ਹੈ। ਸੁਰੇਸ਼ ਤ੍ਰਿਵੈਣੀ ਮੁਤਾਬਕ, ਉਹ ‘ਤੁਮਹਾਰੀ ਸੁੱਲੂ’ ਫਿਲਮ ਰਾਹੀਂ ਇਕ ਖਾਸ ਤਜਰਬਾ ਕਰਨਾ ਚਾਹੁੰਦੇ ਸਨ ਅਤੇ ਉਹ ਇਸ ਮਾਮਲੇ ਵਿਚ ਸਫ਼ਲ ਰਹੇ ਹਨ। ਫਿਲਮ ਵਿਚ ਵਿਦਿਆ ਬਾਲਨ ਅਤੇ ਮਾਨਵ ਕੌਲ ਤੋਂ ਇਲਾਵਾ ਵਿਜੈ ਮੌਰੀਆ, ਨੇਹਾ ਧੂਪੀਆ, ਅਭਿਸ਼ੇਕ ਸ਼ਰਮਾ, ਉਦੈ ਲਾਗੂ, ਸਾਂਤਨੂ ਘਟਕ ਵਰਗੇ ਹੰਢੇ-ਵਰਤੇ ਕਲਾਕਾਰਾਂ ਨੇ ਵੱਖ-ਵੱਖ ਕਿਰਦਾਰ ਨਿਭਾਏ ਹਨ। ਇਸ ਫਿਲਮ ਵਿਚ ਕੁੱਲ 5 ਗੀਤ ਹਨ ਅਤੇ ਇਨ੍ਹਾਂ ਗੀਤਾਂ ਨੇ ਵੀ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ। ਫਿਲਮ ‘ਮਿਸਟਰ ਇੰਡੀਆ’ ਵਿਚ ਅਦਾਕਾਰਾ ਸ੍ਰੀ ਦੇਵੀ ਉਤੇ ਫਿਲਮਾਇਆ ਗੀਤ ‘ਹਵਾ ਹਵਾਈ’ ਵੀ ਇਸ ਵਿਚ ਸ਼ਾਮਲ ਹੈ। ਵਿਦਿਆ ਬਾਲਨ ਨੇ ਇਸ ਗੀਤ ਵਿਚ ਵੱਖਰਾ ਰੰਗ ਭਰਿਆ ਹੈ।