ਗੁੱਸੇ ਦੀਆਂ ਕਣੀਆਂ ਚੁਗਦਾ ਨਿਰਦੇਸ਼ਕ ਐਨæ ਚੰਦਰਾ

ਕੁਲਦੀਪ ਕੌਰ
ਫੋਨ: 91-98554-04330
ਨਿਰਦੇਸ਼ਕ ਐਨæ ਚੰਦਰਾ ਨੂੰ ਉਨ੍ਹਾਂ ਦੀ ਫਿਲਮਾਂ ‘ਤੇਜ਼ਾਬ’ ਅਤੇ ‘ਪ੍ਰਤੀਘਾਤ’ ਲਈ ਜਾਣਿਆ ਜਾਂਦਾ ਹੈ। ਉਹ ਫਿਲਮ ‘ਤੇਜ਼ਾਬ’ ਨੂੰ ਆਪਣੀ ਫਿਲਮ ‘ਅੰਕੁਸ਼’ ਦੀ ਹੀ ਕੜੀ ਮੰਨਦੇ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਐਨæ ਚੰਦਰਾ ਦੀ ਆਪਣੀ ਜ਼ਿੰਦਗੀ ਮੁੰਬਈ ਸ਼ਹਿਰ ਦੀਆਂ ਗੰਦੀਆਂ ਬਸਤੀਆਂ ਵਿਚ ਗੁਜ਼ਰੀ ਅਤੇ ਉਨ੍ਹਾਂ ਆਪਣੀ ਹਰ ਫਿਲਮ ਦੇ ਕਿਰਦਾਰ ਇਨ੍ਹਾਂ ਬਸਤੀਆਂ ਦੇ ਬਾਸ਼ਿੰਦਿਆਂ ਦੁਆਲੇ ਹੀ ਬੁਣੇ।
ਅਖਬਾਰ ‘ਦਿ ਟਾਈਮਜ਼ ਆਫ ਇੰਡੀਆ’ ਨੂੰ ਦਿੱਤੀ ਇੰਟਰਵਿਊ ਵਿਚ

‘ਅੰਕੁਸ਼’ ਬਣਾਉਣ ਦੀ ਪ੍ਰਕਿਰਿਆ ਨੂੰ ਯਾਦ ਕਰਦਿਆਂ ਐਨæ ਚੰਦਰਾ ਦੱਸਦੇ ਹਨ, “ਇਸ ਫਿਲਮ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਮੈਨੂੰ ਇਸ ਨੂੰ ਬਣਾਉਣ ਲਈ ਕਾਫੀ ਸ਼ੰਘਰਸ਼ ਕਰਨਾ ਪਿਆ। ਮੇਰਾ ਘਰ ਵਿਕ ਗਿਆ। ਸਮਾਂ ਅਜਿਹਾ ਵੀ ਆਇਆ ਕਿ ਮੈਨੂੰ ਫਿਲਮ ਦੇ ਨਿਰਮਾਣ ਦੇ ਖਰਚੇ ਪੂਰੇ ਕਰਨ ਲਈ ਆਪਣੀ ਬੀਵੀ ਅਤੇ ਭੈਣ ਦੇ ਗਹਿਣੇ ਤੱਕ ਵੇਚਣੇ ਪਏ। ਜਦੋਂ ਫਿਲਮ ਰਿਲੀਜ਼ ਹੋਈ ਤਾਂ ਇਹ ਦਿਨਾਂ ਵਿਚ ਹੀ ਸੁਪਰ-ਡੁਪਰ ਹਿਟ ਹੋ ਗਈ ਤੇ ਮੈਨੂੰ ਚੈਨ ਪੈ ਗਿਆ।”
ਇਹ ਫਿਲਮ ਰਿਲੀਜ਼ ਹੋਣ ਤੋਂ ਅੱਠ ਹਫਤਿਆਂ ਤੱਕ ਫਿਲਮ ਲਗਾਤਾਰ ਨੰਬਰ ਵੰਨ ਰਹੀ। ਫਿਲਮ ਦਾ ਪੋਸਟਰ ਜਿਸ ਵਿਚ ਚਾਰ ਮੁੰਡੇ ਅੱਖਾਂ ਵਿਚ ਤੇਜ਼ਾਬੀ ਚਮਕ ਅਤੇ ਹੱਥਾਂ ਉਪਰ ਸਾਈਕਲਾਂ ਦੀਆਂ ਚੇਨਾਂ ਲਪੇਟੀ ਮੁੰਬਈ ਸ਼ਹਿਰ ਦੀਆਂ ਸੜਕਾਂ ‘ਤੇ ਭੱਜ ਰਹੇ ਸਨ, ਇਸ ਨੇ ਇਕ ਦਮ ਪਲਾਸਟਿਕ ਕਿਸਮ ਦੇ ਉਸ ਸਿਨੇਮੇ ਨੂੰ ਸਿੱਧੀ ਚੁਣੌਤੀ ਦਿੱਤੀ ਜਿਹੜਾ ਉਦੋਂ ਤੱਕ ਪੂਰੀ ਤਰ੍ਹਾਂ ਫੈਂਟਸੀ ਕਹਾਣੀਆਂ, ਮਹਿੰਗੇ ਤੇ ਡਿਜ਼ਾਈਨਰ ਕੱਪੜਿਆਂ ਅਤੇ ਉਚ ਵਰਗ ਦੇ ਚੋਚਲਿਆਂ ਤੱਕ ਮਹਿਦੂਦ ਹੋ ਚੁੱਕਾ ਸੀ। ਫਿਲਮ ਵਿਚ ਕਿਰਦਾਰਾਂ ਦਾ ਚਿਤਰਨ ਅਜਿਹਾ ਸੀ ਕਿ ਦਰਸ਼ਕਾਂ ਉਨ੍ਹਾਂ ਦੇ ਗੁੱਸੇ ਦੀਆਂ ਕਤਰਨਾਂ ਆਪਣੇ ਨਾਲ ਥੀਏਟਰ ਵਿਚੋਂ ਲੈ ਕੇ ਨਿਕਲਦੇ ਸਨ। ਇਸ ਫਿਲਮ ਦੇ ਕਿਰਦਾਰ ਹਾਲਾਤ ਦੇ ਟੁੱਟੇ-ਭੰਨੇ ਅੱਧੇ-ਅਧੂਰੇ ਸਾਧਾਰਨ ਮੁੰਡੇ ਸਨ। ਇਹੀ ਕਾਰਨ ਸੀ ਕਿ ਮੁੰਬਈ ਦੀਆਂ ਸੜਕਾਂ ‘ਤੇ ਫਿਲਮਾਈ ਇਸ ਫਿਲਮ ਵਿਚ ਕੋਈ ਵੱਡਾ ਸਟਾਰ ਨਾ ਹੋਣ ਦੇ ਬਾਵਜੂਦ ਇਸ ਫਿਲਮ ਨੇ ਆਪਣੀ ਪਟਕਥਾ ਅਤੇ ਕਹਾਣੀ ਦੇ ਫਿਲਮਾਂਕਣ ਦੇ ਦਮ ‘ਤੇ ਨਾ ਸਿਰਫ ਬਾਕਸ ਆਫਿਸ ‘ਤੇ ਸਫਲਤਾ ਪ੍ਰਾਪਤ ਕੀਤੀ, ਸਗੋਂ ਆਲੋਚਕਾਂ ਨੇ ਵੀ ਫਿਲਮ ਦੀ ਭਰਵੀਂ ਸਲਾਹੁਤ ਕੀਤੀ। ਐਨæ ਚੰਦਰਾ ਨੇ ਇਸ ਫਿਲਮ ਦੇ ਮੁੰਬਈ ਡਿਸਟ੍ਰੀਬਿਊਸ਼ਨ ਦੇ ਅਧਿਕਾਰ ਆਪਣੇ ਕੋਲ ਹੀ ਰੱਖੇ ਅਤੇ ਫਿਲਮ ਨੇ ਚੰਗਾ ਬਿਜ਼ਨਸ ਕੀਤਾ।
ਇਸ ਫਿਲਮ ਦੀ ਕਹਾਣੀ ਵੀ ਘੱਟ ਦਿਲਚਸਪ ਨਹੀਂ। ਮੁੰਬਈ ਦੀ ਬਸਤੀ ਵਿਚ ਪਲੇ ਚਾਰ ਮੁੰਡਿਆਂ ਦੀ ਜ਼ਿੰਦਗੀ ਵਿਚ ਰੋਜ਼ ਦੀ ਅਲਕਤ ਅਤੇ ਜ਼ਲਾਲਤ ਤੋਂ ਬਿਨਾਂ ਕੁਝ ਨਹੀਂ। ਅਚਾਨਕ ਉਨ੍ਹਾਂ ਦੀ ਮੁਲਾਕਾਤ ਮਾਂ-ਧੀ ਦੀ ਜੋੜੀ ਨਾਲ ਹੁੰਦੀ ਹੈ ਜਿਨ੍ਹਾਂ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਮੋਹ ਤੇ ਮਮਤਾ ਦੇ ਅਰਥ ਸਮਝ ਆਉਂਦੇ ਹਨ। ਅਜੇ ਉਨ੍ਹਾਂ ਆਪਣੀ ਜ਼ਿੰਦਗੀ ਨੂੰ ਇਨ੍ਹਾਂ ਰਸਤਿਆਂ ਵੱਲ ਮੋੜਿਆ ਹੀ ਹੁੰਦਾ ਹੈ ਕਿ ਇੱਕ ਦਿਨ ਉਸ ਧੀ ਨਾਲ ਬਲਾਤਕਾਰ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਕਾਨੂੰਨ ਦੀ ਬੇਚਾਰਗੀ, ਨੇਤਾਵਾਂ ਦਾ ਦੋਗਲਾਪਣ ਅਤੇ ਪੁਲਿਸ ਦੇ ਕਿਰਦਾਰ ਵਿਚਲੀ ਮੱਕਾਰੀ ਹੰਢਾਉਂਦੇ ਹਨ। ਬਲਾਤਕਾਰ ਦੇ ਦੋਸ਼ੀ ਬਾਇਜ਼ਤ ਬਰੀ ਹੋ ਜਾਂਦੇ ਹਨ। ਉਹ ਉਸ ਲੜਕੀ ਦੀ ਮਾਂ ਨੂੰ ਇਨਸਾਫ ਦਿਵਾਉਣਾ ਆਪਣੀ ਜ਼ਿੰਦਗੀ ਦਾ ਮਿਸ਼ਨ ਮਿਥ ਲੈਂਦੇ ਹਨ ਤੇ ਇਕ ਇਕ ਕਰ ਕੇ ਦੋਸ਼ੀਆਂ ਨੂੰ ਕਤਲ ਕਰ ਦਿੰਦੇ ਹਨ। ਅਖੀਰ ਵਿਚ ਉਨ੍ਹਾਂ ਸਾਰਿਆਂ ਨੂੰ ਉਮਰ ਕੈਦ ਹੋ ਜਾਂਦੀ ਹੈ। ਫਿਲਮ ਦੀ ਖੂਬਸੂਰਤੀ ਇਸ ਗੱਲ ਵਿਚ ਹੈ ਕਿ ਫਿਲਮ ਇਨਸਾਫ ਦੇ ਬਿਰਤਾਂਤ ਤੋਂ ਪਾਰ ਜਾਂਦਿਆਂ ਅਜਿਹੇ ਗੁਨਾਹਾਂ ਦੇ ਪੈਦਾ ਹੋਣ ਦੀ ਦਲਦਲ ਫਰੋਲਣ ਦੀ ਕੋਸ਼ਿਸ਼ ਕਰਦੀ ਹੈ। ਬਲਾਤਕਾਰ ਦੇ ਮਾਮਲੇ ਵਿਚ ਇਸ ਨੂੰ ਮਿਲਦੀ ਸਮਾਜਿਕ ਪ੍ਰਵਾਨਗੀ ਤੋਂ ਲੈ ਕੇ ਨੇਤਾਵਾਂ ਦੁਆਰਾ ਅਜਿਹੇ ਮੁੱਦਿਆਂ ਨੂੰ ਰਫਾ-ਦਫਾ ਕਰਨ ਦੀ ਕਾਰਗੁਜ਼ਾਰੀ ਦਾ ਖੁਲਾਸਾ ਕਰਦੀ ਇਹ ਫਿਲਮ ਮੁੰਬਈ ਦੀਆਂ ਬਸਤੀਆਂ ਦੇ ਹਕੀਕੀ ਦ੍ਰਿਸ਼ਾਂ ਕਾਰਨ ਉਸ ਸਾਲ ਦੀਆਂ ਬਾਕੀ ਸਾਰੀਆਂ ਫਿਲਮਾਂ ਨੂੰ ਪਛਾੜ ਦਿੰਦੀ ਹੈ। ਇਸ ਫਿਲਮ ਦਾ ਹਾਸਲ ਸੀ ਭਜਨ ‘ਇਤਨੀ ਸ਼ਕਤੀ ਹਮੇਂ ਦੇਨਾ ਦਾਤਾ’। ਆਪਣੀ ਇੰਟਰਵਿਊ ਵਿਚ ਐਨæ ਚੰਦਰਾ ਕਹਿੰਦੇ ਹਨ ਕਿ ਇਹ ਭਜਨ ਉਸ ਸਾਲ ਮੁਲ਼ਕ ਦੇ ਅੱਧ ਤੋਂ ਵੱਧ ਨੇਤਾਵਾਂ ਦੀ ਰਿੰਗ-ਟੋਨ ਬਣਿਆ। ਨਾਲ ਹੀ ਉਹ ਸਵਾਲ ਕਰਦੇ ਹਨ ਕਿ ਕਿਤੇ ਇਹ ਉਨ੍ਹਾਂ ਦੀ ਆਪਣੇ ਗੁਨਾਹਾਂ ਨੂੰ ਛੁਪਾਉਣ ਦੀ ਨਾਦਾਨ ਕੋਸ਼ਿਸ਼ ਤਾਂ ਨਹੀ? ਨਾਲ ਹੀ ਉਹ ਹੱਸ ਪੈਂਦੇ ਹਨ।