ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ) ਦਾ ਅਨਾੜੀਪਣ ਹਾਕਮ ਧਿਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਖੂਬ ਰਾਸ ਆਇਆ। ਦੋਵਾਂ ਸਿਆਸੀ ਧਿਰਾਂ ਨੇ ਇਸ ਪਾਰਟੀ ਦੇ ਗੈਰ ਤਜਰਬੇਕਾਰ ਵਿਧਾਇਕਾਂ ਨੂੰ ਰੱਜ ਕੇ ਵਰਤਿਆ ਤੇ ਆਪਣਾ ਉੱਲੂ ਸਿੱਧਾ ਕਰਨ ਵਿਚ ਸਫਲ ਵੀ ਰਹੀਆਂ।
ਹੁਣ ਸੈਸ਼ਨ ਖਤਮ ਹੋ ਚੁੱਕਿਆ ਹੈ ਤੇ ਵਿਧਾਨ ਸਭਾ ਵਿਚ ਪਹਿਲੀ ਵਾਰ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਨਿਭਾ ਰਹੀ ‘ਆਪ’ ਠੱਗੀ ਹੋਈ ਮਹਿਸੂਸ ਕਰ ਰਹੀ ਹੈ। ਇਜਲਾਸ ਦਾ ਆਗਾਜ਼ ਸਦਨ ਵਿਚ ਤਿੰਨ ਧਿਰਾਂ ਦੀ ਮੌਜੂਦਗੀ ਨਾਲ ਹੋਇਆ। ਮੁਢਲਾ ਪ੍ਰਭਾਵ ਹੀ ਦੱਸ ਰਿਹਾ ਸੀ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ, ‘ਆਪ’ ਨੂੰ ਵਿਧਾਨਕ ਕੰਮ-ਕਾਜ ਵਿਚੋਂ ਮਨਫੀ ਕਰਨ ਦੀ ਖੇਡ, ਖੇਡ ਰਹੇ ਹਨ। ਉਨ੍ਹਾਂ ਨੇ ‘ਆਪ’ ਨੂੰ ਆਪਣੇ ਕਲਾਵੇ ਵਿਚ ਲੈ ਕੇ ਲੜਾਈ ਭਖਾ ਦਿੱਤੀ। ਵਿਧਾਨ ਸਭਾ ਅੰਦਰ ਦਸਤਾਰਾਂ ਲਹਿਣ, ਇਸਤਰੀ ਮੈਂਬਰਾਂ ਦੀ ਧੂਹ-ਧੜੀਸ ਅਤੇ ਸੁਰੱਖਿਆ ਅਮਲੇ ਨਾਲ ਧੌਲ-ਧੱਫੇ ਦੇ ਦ੍ਰਿਸ਼ਾਂ ਤੱਕ ਹੀ ਵਿਰੋਧ ਧਿਰ ਸੀਮਤ ਰਹੀ।
ਮੁੱਖ ਵਿਰੋਧੀ ਧਿਰ ਹੋਣ ਦੇ ਬਾਵਜੂਦ ‘ਆਪ’ ਦੇ ਵਿਧਾਇਕ ਕੋਈ ਵੀ ਮੁੱਦਾ ਜ਼ੋਰਦਾਰ ਢੰਗ ਨਾਲ ਚੁੱਕਣ ਦੀ ਥਾਂ ਸੰਸਦ ਦੇ ਬਾਹਰ ਮਾਰਸ਼ਲਾਂ ਤੋਂ ਮਾਰ ਖਾਂਦੇ ਰਹੇ। ਹੁਣ ਇਹ ਪ੍ਰਭਾਵ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ‘ਆਪ’ ਨੂੰ ਵਰਤ ਕੇ ਇਕ ਤੀਰ ਨਾਲ ਕਈ ਨਿਸ਼ਾਨੇ ਫੁੰਡੇ ਹਨ। ਕਾਂਗਰਸ ਵੱਲੋਂ ਸੈਸ਼ਨ ਵਿਚ ਕਈ ਮਤੇ ਪਾਸ ਕੀਤੇ ਗਏ, ਪਰ ਇਨ੍ਹਾਂ ‘ਤੇ ਬਹਿਸ ਕਰਨ ਲਈ ਵਿਰੋਧੀ ਧਿਰ ਗਾਇਬ ਰਹੀ। ‘ਆਪ’ ਦੇ ਤਜਰਬੇਕਾਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸਿਮਰਨਜੀਤ ਸਿੰਘ ਬੈਂਸ ਪਹਿਲਾਂ ਹੀ ਕਾਂਗਰਸ ਦੀ ਸਿਆਸੀ ਰਣਨੀਤੀ ਦਾ ਸ਼ਿਕਾਰ ਹੋ ਕੇ ਵਿਧਾਨ ਸਭਾ ਤੋਂ ਬਾਹਰ ਹੋ ਗਏ।
ਇਸ ਲਈ ਮੁੱਖ ਵਿਰੋਧੀ ਧਿਰ ਕੋਲ ਕੋਈ ਵੀ ਆਗੂ ਅਜਿਹਾ ਨਹੀਂ ਸੀ ਜੋ ਕਾਂਗਰਸ ਦੇ ਬਜਟ ਜਾਂ ਮਤਿਆਂ ਨੂੰ ਵੰਗਾਰ ਸਕਦਾ। ਅਸਲ ਵਿਚ, ਕਾਂਗਰਸ ਨੂੰ ਇਜਲਾਸ ਤੋਂ ਪਹਿਲਾਂ ਹੀ ਪਤਾ ਸੀ ਕਿ ਵਿਰੋਧੀ ਧਿਰ ਉਸ ਨੂੰ ਰੇਤ ਦੀ ਕਾਲਾਬਾਜ਼ਾਰੀ ਤੇ ਚੋਣ ਵਾਅਦਿਆਂ ਦੇ ਮੁੱਦੇ ‘ਤੇ ਘੇਰੇਗੀ। ਇਸ ਲਈ ਉਹ ਬਜਟ ਤੋਂ ਪਹਿਲਾਂ ਹੀ ਖਹਿਰਾ ਨੂੰ ਬਾਹਰ ਦਾ ਰਸਤਾ ਦਿਖਾਉਣ ਵਿਚ ਸਫਲ ਰਹੀ।
ਅਕਾਲੀ ਦਲ ਦੇ ਕੁਝ ਵਿਧਾਇਕਾਂ ਨੇ ਰੇਤ ਦੇ ਕਾਰੋਬਾਰ ‘ਤੇ ਕਾਂਗਰਸ ਨੂੰ ਅੱਖਾਂ ਦਿਖਾਉਣ ਦੀ ਕੋਸ਼ਿਸ਼ ਕੀਤੀ, ਪਰ ਜਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੜ੍ਹੇ ਹੋ ਕਿ ਇੰਨਾ ਹੀ ਕਿਹਾ ਕਿ ਉਸ ਕੋਲ ਰੇਤ ਮਾਫੀਆ ਨਾਲ ਜੁੜੇ ਸਾਰੇ ਅਕਾਲੀ ਆਗੂਆਂ ਦੀਆਂ ਲਿਸਟਾਂ ਹਨ ਤੇ ਹੁਣੇ ਪੜ੍ਹ ਕੇ ਸੁਣਾ ਸਕਦੇ ਹਨ। ਬੱਸ, ਇਸ ਤੋਂ ਬਾਅਦ ਸੁਖਬੀਰ ਬਾਦਲ ਸਣੇ ਸਾਰੇ ਅਕਾਲੀ ਵਿਧਾਇਕ ਕੰਨ ਵਿਚ ਪਾਇਆਂ ਨਹੀਂ ਰੜਕੇ। ਸ਼੍ਰੋਮਣੀ ਅਕਾਲੀ ਦਲ ਦੇ ਇਸ ਸੈਸ਼ਨ ਵਿਚ ਬੁਰੀ ਤਰ੍ਹਾਂ ਘਿਰਨ ਦੇ ਆਸਾਰ ਸਨ। ਸੱਤਾਧਿਰ ਕਾਂਗਰਸ ਨੇ ਇਸ ਦਾ ਪੂਰਾ ਬੰਦੋਬਸਤ ਵੀ ਕੀਤਾ ਹੋਇਆ ਸੀ। ਕਾਂਗਰਸ ਨੂੰ ਉਮੀਦ ਸੀ ਕਿ ਇਸ ਵਿਚ ਮੁੱਖ ਵਿਰੋਧੀ ਧਿਰ ਵੀ ਉਨ੍ਹਾਂ ਦਾ ਸਾਥ ਦੇਵੇਗੀ, ਕਿਉਂਕਿ ਇਨ੍ਹਾਂ ਮੁੱਦਿਆਂ ‘ਤੇ ‘ਆਪ’ ਵੀ ਇਸੇ ਤਰ੍ਹਾਂ ਸੋਚਦੀ ਹੈ।
ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਣ ਵੇਲੇ ਇਸ ਤਰ੍ਹਾਂ ਹੀ ਲੱਗਿਆ, ਪਰ ਤਜਰਬੇ ਦੀ ਘਾਟ ਕਰ ਕੇ ਆਮ ਆਦਮੀ ਪਾਰਟੀ ਖੁਦ ਆਪਣੇ ਚੱਕਰਵਿਊ ਵਿਚ ਫਸ ਗਈ। ਇਸ ਨਾਲ ਅਕਾਲੀ ਦਲ ਦੇ ਹੌਸਲੇ ਵਧ ਗਏ। ਅਕਾਲੀ ਦਲ ਨੇ ਪੂਰੇ ਇਜਲਾਸ ਵਿਚ ਇਸ ਤਰ੍ਹਾਂ ਪ੍ਰਭਾਵ ਦਿੱਤਾ ਕਿ ਮੁੱਖ ਵਿਰੋਧੀ ਧਿਰ ਉਹ ਹੀ ਹੈ। ਦਰਅਸਲ, ਅਕਾਲੀ ਦਲ ਕੋਲ 15 ਅਤੇ ਆਪ ਕੋਲ 20 ਸੀਟਾਂ ਹਨ। ਅਕਾਲੀ ਦਲ ਦੀਆਂ ਇਤਿਹਾਸ ਵਿਚ ਕਦੇ ਵੀ ਇੰਨੀਆਂ ਸੀਟਾਂ ਨਹੀਂ ਘਟੀਆਂ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਲੱਗਦਾ ਹੈ ਕਿ ਜੇ ਵਿਰੋਧੀ ਧਿਰ ਦੀ ਭੂਮਿਕਾ ਸਖਤ ਤਰੀਕੇ ਨਾਲ ਨਾ ਨਿਭਾਈ ਤਾਂ ਉਨ੍ਹਾਂ ਦਾ ਜ਼ਮੀਨੀ ਵਰਕਰ ਟੁੱਟ ਕੇ ਕਾਂਗਰਸ ਜਾਂ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਸਕਦਾ ਹੈ।
_______________________________________________
ਬੈਂਸ ਭਰਾਵਾਂ ਵੱਲੋਂ ਹੁਣ ਅਕਾਲੀਆਂ ਦੀ ਸ਼ਿਕਾਇਤ
ਅੰਮ੍ਰਿਤਸਰ: ਲੁਧਿਆਣਾ ਤੋਂ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰ ਕੇ ਮੰਗ ਕੀਤੀ ਕਿ ਇਸ ਵਿਧਾਨ ਸਭਾ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਵਿਧਾਇਕ ਦੀ ਦਸਤਾਰ ਉਤਾਰੇ ਜਾਣ ਦੇ ਮਾਮਲੇ ਦੇ ਨਾਲ-ਨਾਲ ਅਕਾਲੀ ਸਰਕਾਰ ਵੇਲੇ ਉਨ੍ਹਾਂ ਨਾਲ ਵਿਧਾਨ ਸਭਾ ਵਿਚ ਕੀਤੀ ਗਈ ਵਧੀਕੀ ਬਾਰੇ ਵੀ ਵਿਚਾਰ ਕੀਤਾ ਜਾਵੇ। ਬੈਂਸ ਨੇ ਕਿਹਾ ਕਿ 2016 ਵਿਚ ਜਦ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਉਨ੍ਹਾਂ ਨੂੰ ਵੀ ਵਿਧਾਨ ਸਭਾ ਵਿਚ ਜ਼ਲੀਲ ਕਰ ਕੇ ਬਾਹਰ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਲੁਧਿਆਣਾ ਵਿਚ ਫਾਸਟਵੇਅ ਕੇਬਲ ਖਿਲਾਫ ਕੱਢੇ ਗਏ ਰੋਸ ਪ੍ਰਦਰਸ਼ਨ ਦੌਰਾਨ ਵੀ ਉਨ੍ਹਾਂ ਦੀ ਦਸਤਾਰ ਦੀ ਬੇਅਦਬੀ ਕੀਤੀ ਗਈ ਸੀ।