ਫਿਲਮ ‘ਪਦਮਾਵਤੀ’ ਦੇ ਬਹਾਨੇ ਵਰਤਾਈ ਜਾ ਰਹੀ ਹਿੰਸਾ ਦਾ ਵਰਤਾਰਾ ਹੁਣ ਭਾਰਤ ਅਤੇ ਉਥੇ ਵੱਸਦੇ ਲੋਕਾਂ ਲਈ ਕੋਈ ਨਵਾਂ ਨਹੀਂ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਅਤੇ ਆਰæਐਸ਼ਐਸ਼ ਪ੍ਰਚਾਰਕ ਰਹੇ ਕੱਟੜ ਆਗੂ ਨਰੇਂਦਰ ਮੋਦੀ ਵੱਲੋਂ ਮੁਲਕ ਦੀ ਵਾਗਡੋਰ ਸੰਭਾਲਣ ਤੋਂ ਤੁਰੰਤ ਬਾਅਦ ਇਸ ਸਿਲਸਿਲਾ ਸ਼ੁਰੂ ਹੋ ਗਿਆ ਸੀ। ਮੋਦੀ ਨੇ 26 ਮਈ ਨੂੰ ਬਤੌਰ ਪ੍ਰਧਾਨ ਮੰਤਰੀ ਅਹੁਦਾ ਸੰਭਾਲਿਆ ਸੀ ਅਤੇ ਇਕ ਹਫਤੇ ਬਾਅਦ ਹੀ 2 ਜੂਨ ਨੂੰ ਪੁਣੇ ਵਿਚ ਹਿੰਦੂ ਕੱਟੜਪੰਥੀਆਂ ਨੇ ਮੋਹਸਿਨ ਸ਼ੇਖ ਨਾਂ ਦੇ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਸੀ।
ਉਦੋਂ ਤੋਂ ਲੈ ਕੇ ਹੁਣ ਤੱਕ ਭੀੜ-ਤੰਤਰ ਦੀਆਂ ਅਜਿਹੀਆਂ ਅਣਗਿਣਤ ਕਰਤੂਤਾਂ ਵਾਪਰ ਚੁਕੀਆਂ ਹਨ, ਪਰ ਪ੍ਰਧਾਨ ਮੰਤਰੀ ਮੋਦੀ ਨੇ ਇਸ ਬਾਰੇ ਕਦੀ ਕੋਈ ਟਿੱਪਣੀ ਨਹੀਂ ਕੀਤੀ; ਜੇ ਕਦੀ ਕੀਤੀ ਵੀ ਹੈ ਤਾਂ ਬਹੁਤ ਲੇਟ ਅਤੇ ਆਪਣੇ ਸਮਰਥਕਾਂ ਨੂੰ ਮਿੱਠੀਆਂ ਝਿੜਕਾਂ ਦੇ ਕੇ ਸਾਰ ਦਿੱਤਾ ਗਿਆ। ਕਥਿਤ ਗਊ ਰਾਖਿਆਂ ਬਾਰੇ ਉਨ੍ਹਾਂ ਦਾ ਬਿਆਨ ਇਸ ਦੀ ਉਘੀ ਮਿਸਾਲ ਹੈ। ਅਸਲ ਵਿਚ ਪ੍ਰਧਾਨ ਮੰਤਰੀ, ਉਨ੍ਹਾਂ ਦੀ ਪਾਰਟੀ-ਭਾਰਤੀ ਜਨਤਾ ਪਾਰਟੀ ਤੇ ਇਨ੍ਹਾਂ ਦੀ ਸਰਪ੍ਰਸਤ- ਆਰæਐਸ਼ਐਸ਼ ਨੇ ਇਨ੍ਹਾਂ ਸਾਢੇ ਤਿੰਨ ਸਾਲਾਂ ਦੌਰਾਨ ਮਾਹੌਲ ਹੀ ਅਜਿਹਾ ਸਿਰਜ ਦਿੱਤਾ ਹੈ, ਜਿਸ ਕਾਰਨ ਲੋਕਾਂ ਅੰਦਰਲੀ ਫਿਰਕੂ ਜ਼ਹਿਨੀਅਤ ਫੁੱਟ ਫੁੱਟ ਕੇ ਬਾਹਰ ਆ ਰਹੀ ਹੈ ਅਤੇ ਸਮਾਜ ਦਾ ਪਿੰਡਾ ਝੁਲਸ ਰਹੀ ਹੈ। ਤਾਜ਼ਾ ਮਿਸਾਲ ਫਿਲਮ ‘ਪਦਮਾਵਤੀ’ ਦੀ ਹੈ। ਇਸ ਦਾ ਵਿਰੋਧ ਹਿੰਦੂ ਕੱਟਪੰਥੀ ਜਥੇਬੰਦੀਆਂ ਅਤੇ ਸੰਸਥਾਵਾਂ ਤਾਂ ਕਰ ਰਹੀ ਰਹੀਆਂ ਹਨ, ਭਾਜਪਾ ਦੇ ਮੁੱਖ ਮੰਤਰੀ ਤੱਕ ਬਿਆਨ ਦਾਗਣ ਤੋਂ ਗੁਰੇਜ਼ ਨਹੀਂ ਕਰ ਰਹੇ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਤਾਂ ਫਿਲਮ ਦੇ ਨਿਰਦੇਸ਼ਕ ਸੰਜੇ ਲੀਲ੍ਹਾ ਭੰਸਾਲੀ ਨੂੰ ਵੀ ਹੁੱਲੜਬਾਜ਼ੀ ਕਰਨ ਵਾਲਿਆਂ ਦੇ ਬਰਾਬਰ ਦੋਸ਼ੀ ਕਰਾਰ ਦੇ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਅਜਿਹੀ ਵਿਵਾਦਗ੍ਰਸਤ ਫਿਲਮ ਬਣਾ ਕੇ ਲੋਕਾਂ ਦੀਆਂ ਭਾਵਨਾਵਾਂ ਭੜਕਾਈਆਂ ਹਨ। ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਤਾਂ ਇਹ ਐਲਾਨ ਵੀ ਕਰ ਦਿੱਤਾ ਹੈ ਕਿ ਜਿੰਨਾ ਚਿਰ ਫਿਲਮ ਵਿਚੋਂ ਇਤਰਾਜ਼ ਵਾਲੇ ਦ੍ਰਿਸ਼ ਕੱਟੇ ਨਹੀਂ ਜਾਂਦੇ, ਉਦੋਂ ਤੱਕ ਫਿਲਮ ਰਿਲੀਜ਼ ਨਹੀਂ ਕਰਨ ਦਿੱਤੀ ਜਾਵੇਗੀ। ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਇਕਾਈ ਦੇ ਬੁਲਾਰੇ ਸੁਰਜ ਪਾਲ ਅਮੂ ਨੇ ਤਾਂ ਸੰਜੇ ਲੀਲ੍ਹਾ ਭੰਸਾਲੀ ਅਤੇ ਫਿਲਮ ਦੀ ਨਾਇਕਾ ਦੀਪਕਾ ਪਾਦੂਕੋਣ ਦੇ ਸਿਰ ਉਤੇ 10 ਕਰੋੜ ਰੁਪਏ ਦਾ ਇਨਾਮ ਤਕ ਰੱਖ ਦਿੱਤਾ ਅਤੇ ਪਾਰਟੀ ਵੱਲੋਂ ‘ਕਾਰਨ ਦੱਸੋ ਨੋਟਿਸ’ ਜਾਰੀ ਕਰਨ ਅਤੇ ਪੁਲਿਸ ਵੱਲੋਂ ਕੇਸ ਦਰਜ ਕਰਨ ਦੇ ਬਾਵਜੂਦ ਉਸ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰ ਕੇ ਇਕ ਹੋਰ ਚਿਤਾਵਨੀ ਦੇ ਦਿੱਤੀ ਕਿ ਉਹ ਇਹ ਫਿਲਮ ਰਿਲੀਜ਼ ਹੀ ਨਹੀਂ ਹੋਣ ਦੇਵੇਗਾ। ਇਸ ਫਿਲਮ ਦੇ ਕਿਹੜੇ ਦ੍ਰਿਸ਼ ਇਤਰਾਜ਼ ਵਾਲੇ ਹਨ? ਕਿਸੇ ਨੇ ਫਿਲਮ ਅਜੇ ਦੇਖੀ ਨਹੀਂ ਹੈ ਅਤੇ ਇਤਰਾਜ਼ ਵਾਲੇ ਦ੍ਰਿਸ਼ਾਂ ਦਾ ਢੰਡੋਰਾ ਸਾਰੇ ਪਿੱਟ ਰਹੇ ਹਨ। ਭੰਸਾਲੀ ਨੇ ਹੁਣ ਤੱਕ ਜਿਹੜੇ ਪੱਤਰਕਾਰਾਂ ਨੂੰ ਇਹ ਫਿਲਮ ਦਿਖਾਈ ਹੈ, ਉਨ੍ਹਾਂ ਵਿਚੋਂ ਕੁਝ ਇਕ ਭਾਜਪਾ ਪੱਖੀ ਵੀ ਹਨ। ਇਨ੍ਹਾਂ ਪੱਤਰਕਾਰਾਂ ਦਾ ਵੀ ਕਹਿਣਾ ਹੈ ਕਿ ਫਿਲਮ ਵਿਚ ਇਤਰਾਜ਼ ਵਾਲਾ ਕੁਝ ਵੀ ਨਹੀਂ ਹੈ, ਬਲਕਿ ਫਿਲਮ ਵਿਚ ਹਰ ਮਰਿਆਦਾ ਨੂੰ ਸ਼ਾਨਦਾਰ ਢੰਗ ਨਾਲ ਬੁਲੰਦ ਕੀਤਾ ਗਿਆ ਹੈ, ਪਰ ਉਨ੍ਹਾਂ ਦੀ ਗੱਲ ਕਿਸੇ ਨੇ ਵੀ ਸੁਣੀ ਨਹੀਂ ਹੈ। ਸਭ ਤੋਂ ਵੱਡੀ ਗੱਲ, ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਜ਼ਿੰਮੇਵਾਰ ਆਗੂ ਨੇ ਇਸ ਬਾਰੇ ਕੁਝ ਵੀ ਸਪਸ਼ਟ ਕਰਨ ਦਾ ਯਤਨ ਤਕ ਨਹੀਂ ਕੀਤਾ ਹੈ।
ਦਰਅਸਲ ਇਥੇ ਮਸਲਾ ਸਿਰਫ ਫਿਲਮ ਦਾ ਨਹੀਂ, ਸਗੋਂ ਸਿਆਸਤ ਦਾ ਹੈ। ਗੁਜਰਾਤ ਅਤੇ ਹਿਮਚਾਲ ਪ੍ਰਦੇਸ਼ ਵਰਗੇ ਸੂਬਿਆਂ ਵਿਚ ਵੋਟਾਂ ਦਾ ਅਮਲ ਚੱਲ ਰਿਹਾ ਹੈ ਅਤੇ ਇਨ੍ਹਾਂ ਸੂਬਿਆਂ ਵਿਚ ਭਾਵੇਂ ਭਾਰਤੀ ਜਨਤਾ ਪਾਰਟੀ ਦਾ ਹੱਥ ਉਤਾਂਹ ਹੀ ਹੈ, ਪਰ ਇਸ ਨੂੰ ਖਦਸ਼ਾ ਹੈ ਕਿ ਇਹ ਕਿਤੇ ਹਾਰ ਨਾ ਜਾਵੇ। ਇਸ ਲਈ ਇਹ ਫਿਲਮ ਦੇ ਬਹਾਨੇ ਆਪਣਾ ਪੁਰਾਣਾ ਨੁਸਖਾ ਵਰਤ ਰਹੀ ਹੈ ਅਤੇ ਅਜਿਹੇ ਮੁੱਦੇ ਉਭਾਰ ਕੇ ਲੋਕਾਂ ਨੂੰ ਭਾਵੁਕ ਕਰਨ ਦਾ ਯਤਨ ਕਰ ਰਹੀ ਹੈ। ਉਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵੇਲੇ ਅਜਿਹਾ ਹੀ ਪੱਤਾ ਵਰਤਿਆ ਗਿਆ ਸੀ। ਹੁਣ ਵੀ ਉਥੇ ਨਗਰ ਨਿਗਮ ਚੋਣਾਂ ਹੋ ਰਹੀਆਂ ਹਨ ਤਾਂ ਕਿਸੇ ਨਾ ਕਿਸੇ ਬਹਾਨੇ ਰਾਮ ਮੰਦਿਰ ਬਾਰੇ ਚਰਚਾ ਛੇੜ ਲਈ ਗਈ ਹੈ। ਇਸ ਪੱਖ ਤੋਂ ਭਾਰਤੀ ਜਨਤਾ ਪਾਰਟੀ ਅਤੇ ਆਰæਐਸ਼ਐਸ਼ ਦੀ ਪੂਰੀ ਝੰਡੀ ਹੈ ਕਿ ਇਹ ਜਥੇਬੰਦੀਆਂ ਸਮਾਜ ਅੰਦਰ ਆਪਣੀ ਸਿਆਸਤ ਦੇ ਹੱਕ ਵਿਚ ਮਾਹੌਲ ਬਣਾਉਣ ਵਿਚ ਸਫਲ ਰਹੀਆਂ ਹਨ। ਫਿਲਮ ‘ਪਦਮਾਵਤੀ’ ਅਜੇ ਸੈਂਸਰ ਬੋਰਡ ਨੇ ਪਾਸ ਕਰਨੀ ਹੈ ਅਤੇ ਉਥੇ ਪੁੱਜਣ ਤੋਂ ਪਹਿਲਾਂ ਹੀ ਮਾਹੌਲ ਇਹ ਬਣਾ ਦਿੱਤਾ ਗਿਆ ਹੈ ਕਿ ਫਿਲਮ ਚੱਲਣ ਨਹੀਂ ਦਿੱਤੀ ਜਾਵੇਗੀ। ਕੁਝ ਸਮਾਂ ਪਹਿਲਾਂ ਪਾਕਿਸਤਾਨੀ ਕਲਾਕਾਰਾਂ ਖਿਲਾਫ ਚਲਾਈ ਮੁਹਿੰਮ ਵੇਲੇ ਵੀ ਅਜਿਹਾ ਹੀ ਕੀਤਾ ਗਿਆ ਸੀ। ਉਸ ਵਕਤ ਪਹਿਲਾਂ-ਪਹਿਲ ਫਿਲਮ ‘ਐ ਦਿਲ ਏ ਮੁਸ਼ਕਿਲ’ ਦੇ ਕਰਤਾ-ਧਰਤਾ ਕਰਨ ਜੌਹਰ ਕੁਝ ਕੁ ਅੜੇ ਸਨ, ਪਰ ਫਿਰ ਸਮਝੌਤਾ ਕਰ ਕੇ ਕੱਟੜਪੰਥੀਆਂ ਅੱਗੇ ਝੁਕ ਗਏ ਅਤੇ ਪਾਕਿਸਤਾਨੀ ਕਲਾਕਾਰ ਫਵਾਦ ਖਾਨ ਦਾ ਰੋਲ ਕੱਟ-ਕਟਾ ਕੇ ਫਿਲਮ ਰਿਲੀਜ਼ ਕਰ ਦਿੱਤੀ ਗਈ ਸੀ। ਅਸਲ ਵਿਚ ਭਾਰਤੀ ਜਨਤਾ ਪਾਰਟੀ ਦੀ ਇਸ ਕੱਟੜ ਸਿਆਸਤ ਖਿਲਾਫ ਡਟਣ ਵਾਲਿਆਂ ਦਾ ਹਾਲ ਫਿਲਹਾਲ ਮਾੜਾ ਹੈ। ਲੈ-ਦੇ ਕੇ ਸਭ ਨਜ਼ਰਾਂ ਕਾਂਗਰਸ ਵੱਲ ਹੋ ਜਾਂਦੀਆਂ ਹਨ ਅਤੇ ਪਿਛਲੇ ਸਮਿਆਂ ਦੌਰਾਨ ਕਾਂਗਰਸ ਦੀ ਸਿਆਸਤ ਕਿਹੋ ਜਿਹੀ ਰਹੀ ਹੈ, ਇਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਅਸਲ ਵਿਚ ਹੁਣ ਭਾਰਤੀ ਜਨਤਾ ਪਾਰਟੀ ਦੀ ਹੁਲੜਬਾਜ਼ੀ ਵਾਲੀ ਅਤੇ ਕਾਂਗਰਸ ਦੀ ਯਰਕਾਊ ਸਿਆਸਤ ਖਿਲਾਫ ਨਵੀਂ ਸਿਆਸਤ ਦਾ ਆਗਾਜ਼ ਹੋਣਾ ਚਾਹੀਦਾ ਹੈ। ਕਿਤੇ ਕਿਤੇ ਅਜਿਹੀ ਆਵਾਜ਼ ਉਠਦੀ ਵੀ ਰਹੀ ਹੈ, ਪਰ ਇਹ ਆਵਾਜ਼ ਅਜੇ ਬਹੁਤ ਧੀਮੀ ਹੈ। ਸੰਜੀਦਾ ਲੋਕਾਂ ਨੂੰ ਅਜਿਹੀ ਆਵਾਜ਼ ਵਿਚ ਆਵਾਜ਼ ਮਿਲਾਉਣ ਲਈ ਆਪੋ-ਆਪਣੇ ਥਾਂ ਹੀਲਾ-ਵਸੀਲਾ ਕਰਦੇ ਰਹਿਣਾ ਚਾਹੀਦਾ ਹੈ।