ਪੰਜਾਬ ਦੇ ਸੈਂਕੜੇ ਖੇਤੀ ਮਾਹਿਰਾਂ ਨੇ ਲਾਏ ਵਿਦੇਸ਼ਾਂ ਵਿਚ ਡੇਰੇ

ਚੰਡੀਗੜ੍ਹ: ਪੰਜਾਬ ਦੇ ਤਕਰੀਬਨ ਪੌਣੇ ਦੋ ਸੌ ਖੇਤੀਬਾੜੀ ਅਧਿਕਾਰੀ ਵਿਦੇਸ਼ ਉਡਾਰੀ ਮਾਰ ਗਏ ਹਨ। ਪੰਜਾਬ ਵਿਚ ਖੇਤੀ ਸੰਕਟ ਹੈ ਪਰ ਇਨ੍ਹਾਂ ਅਧਿਕਾਰੀਆਂ ਨੇ ਡਾਲਰਾਂ ਨੂੰ ਤਰਜੀਹ ਦਿੱਤੀ। ਇਨ੍ਹਾਂ  ਖੇਤੀਬਾੜੀ ਅਧਿਆਪਕਾਂ ਤੇ ਖੇਤੀ ਅਫਸਰਾਂ ਨੇ ਵਿਦੇਸ਼ਾਂ ਵਿਚ ਆਪਣੇ ਪਰਿਵਾਰਾਂ ਨੂੰ ਅਡਜਸਟ ਕਰਨ ਵਾਸਤੇ ਪਹਿਲਾਂ ਪੰਜਾਬ ਸਰਕਾਰ ਤੋਂ ਛੁੱਟੀ ਲਈ ਤੇ ਮਗਰੋਂ ਪੱਕੇ ਤੌਰ ‘ਤੇ ਵਿਦੇਸ਼ ਵੱਸ ਗਏ ਹਨ। ਇਨ੍ਹਾਂ ਮਾਹਿਰਾਂ ਤੇ ਅਧਿਆਪਕਾਂ ਨੇ ਤਾਂ ਆਪਣੀ ਪੜ੍ਹਾਈ ਪੰਜਾਬ ਵਿਚੋਂ ਕੀਤੀ ਪਰ ਹੁਣ ਉਹ ਸੇਵਾਵਾਂ ਵਿਦੇਸ਼ਾਂ ਵਿਚ ਦੇ ਰਹੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਦਿੱਤੀ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੇ 173 ਅਧਿਆਪਕ ਤੇ ਖੇਤੀ ਮਾਹਿਰ ਛੁੱਟੀ ਲੈ ਕੇ ਵਿਦੇਸ਼ ਗਏ ਸਨ ਜਿਨ੍ਹਾਂ ਵਿਚੋਂ 56 ਅਧਿਆਪਕ ਤੇ ਮਾਹਿਰ ਪੱਕੇ ਤੌਰ ਉੱਤੇ ਵਿਦੇਸ਼ ਵਸ ਗਏ। ਇਨ੍ਹਾਂ ਅਧਿਆਪਕਾਂ ਤੇ ਮਾਹਿਰਾਂ ਨੇ ਯੂਨੀਵਰਸਿਟੀ ਦੀ ਨੌਕਰੀ ਛੱਡ ਦਿੱਤੀ ਹੈ। ਇਨ੍ਹਾਂ ਵਿਚੋਂ ਬਹੁਤੇ ਹੁਣ ਇਥੋਂ ਨਾਲੋਂ ਵਿਦੇਸ਼ ਵਿਚ ਚੰਗੀ ਕਮਾਈ ਕਰ ਰਹੇ ਹਨ ਤੇ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਭਵਿੱਖ ਖਾਤਰ ਵਿਦੇਸ਼ ਨੂੰ ਚੁਣਿਆ ਹੈ। ਇਸੇ ਤਰ੍ਹਾਂ ਖੇਤੀਬਾੜੀ ਯੂਨੀਵਰਸਿਟੀ ਦੇ 53 ਮੁਲਾਜ਼ਮ ਛੁੱਟੀ ਲੈ ਕੇ ਵਿਦੇਸ਼ ਗਏ ਜਿਨ੍ਹਾਂ ਵਿਚੋਂ 10 ਮੁਲਾਜ਼ਮ ਨੌਕਰੀ ਛੱਡ ਗਏ ਹਨ ਤੇ ਉਨ੍ਹਾਂ ਨੇ ਵਿਦੇਸ਼ਾਂ ਵਿਚ ਹੀ ਆਪਣਾ ਪੱਕਾ ਟਿਕਾਣਾ ਬਣਾ ਲਿਆ ਹੈ।
ਪੰਜਾਬ ਖੇਤੀਬਾੜੀ ਵਰਸਿਟੀ ਦੇ 109 ਅਧਿਆਪਕ ਤੇ ਮਾਹਿਰ ਵਾਪਸ ਮੁੜ ਆਏ ਹਨ ਤੇ ਉਨ੍ਹਾਂ ਨੇ ਨੌਕਰੀ ਮੁੜ ਜੁਆਇੰਨ ਕਰ ਲਈ ਹੈ। ਇਨ੍ਹਾਂ ਵਿਚੋਂ ਕਾਫ਼ੀ ਅਧਿਆਪਕ ਤੇ ਮਾਹਿਰ ਤਾਂ ਖੇਤੀ ਖੋਜ ਕਾਰਜਾਂ ਲਈ ਵੀ ਵਿਦੇਸ਼ ਗਏ ਸਨ। ਬਹੁਤੇ ਅਧਿਆਪਕ ਆਪਣੇ ਪਰਿਵਾਰਾਂ ਨੂੰ ਵਿਦੇਸ਼ਾਂ ਵਿਚ ਅਡਜਸਟ ਕਰਕੇ ਵਾਪਸ ਮੁੜ ਆਏ ਹਨ। ਇਸੇ ਤਰ੍ਹਾਂ 39 ਮੁਲਾਜ਼ਮ ਵੀ ਵਿਦੇਸ਼ ਤੋਂ ਵਾਪਸ ਮੁੜ ਆਏ ਹਨ। ਸਰਕਾਰੀ ਸੂਚਨਾ ਅਨੁਸਾਰ ਖੇਤੀਬਾੜੀ ਯੂਨੀਵਰਸਿਟੀ ਦੇ ਅੱਠ ਅਧਿਆਪਕ ਤੇ ਮਾਹਿਰ ਹਾਲੇ ਵੀ ਛੁੱਟੀ ‘ਤੇ ਚੱਲ ਰਹੇ ਹਨ ਜੋ ਵਿਦੇਸ਼ ਗਏ ਹੋਏ ਹਨ। ਇਸੇ ਤਰ੍ਹਾਂ ਯੂਨੀਵਰਸਿਟੀ ਦੇ ਚਾਰ ਮੁਲਾਜ਼ਮ ਵੀ ਛੁੱਟੀ ਲੈ ਕੇ ਵਿਦੇਸ਼ ਗਏ ਹੋਏ ਹਨ। ਇਨ੍ਹਾਂ ਮਾਹਿਰਾਂ ਦੇ ਵਿਦੇਸ਼ ਜਾਣ ਕਰਕੇ ਯੂਨੀਵਰਸਿਟੀ ਦੇ ਖੇਤੀ ਖੋਜ ਕਾਰਜ ਵੀ ਪ੍ਰਭਾਵਿਤ ਹੋ ਰਹੇ ਹਨ। ਇਸੇ ਤਰ੍ਹਾਂ ਦਾ ਹਾਲ ਖੇਤੀਬਾੜੀ ਵਿਭਾਗ ਪੰਜਾਬ ਦੇ ਖੇਤੀ ਵਿਕਾਸ ਅਫਸਰਾਂ ਦਾ ਹੈ। ਪੰਜਾਬ ਵਿਚ ਖੇਤੀ ਵਿਕਾਸ ਅਫਸਰਾਂ ਦੀਆਂ ਅਸਾਮੀਆਂ ਵੱਡੇ ਪੱਧਰ ‘ਤੇ ਖਾਲੀ ਪਈਆਂ ਹਨ। ਸੂਤਰਾਂ ਅਨੁਸਾਰ ਖੇਤੀਬਾੜੀ ਵਿਭਾਗ ਪੰਜਾਬ ਦੇ ਕਰੀਬ ਸਵਾ ਸੌ ਖੇਤੀਬਾੜੀ ਵਿਕਾਸ ਅਫਸਰ ਤੇ ਖੇਤੀ ਅਫਸਰ ਵਿਦੇਸ਼ ਚਲੇ ਗਏ ਹਨ ਜਿਨ੍ਹਾਂ ਵਿਚੋਂ ਕੁਝ ਤਾਂ ਹਾਲੇ ਛੁੱਟੀ ਲੈ ਕੇ ਹੀ ਗਏ ਹਨ। ਕਾਫ਼ੀ ਖੇਤੀ ਵਿਕਾਸ ਅਫਸਰ ਵਿਦੇਸ਼ਾਂ ਵਿਚ ਪੱਕੇ ਤੌਰ ‘ਤੇ ਵਸ ਗਏ ਹਨ। ਬਠਿੰਡਾ ਜ਼ਿਲ੍ਹੇ ਦੇ ਕਰੀਬ ਇਕ ਦਰਜਨ ਖੇਤੀਬਾੜੀ ਵਿਕਾਸ ਅਫਸਰ ਵਿਦੇਸ਼ਾਂ ਵਿਚ ਵਸ ਗਏ ਹਨ। ਇਸ ਜ਼ਿਲ੍ਹੇ ਵਿਚ 69 ਦੇ ਕਰੀਬ ਖੇਤੀਬਾੜੀ ਵਿਕਾਸ ਅਫਸਰਾਂ ਦੀਆਂ ਅਸਾਮੀਆਂ ਪ੍ਰਵਾਨਿਤ ਹਨ ਜਿਨ੍ਹਾਂ ‘ਚੋਂ ਬਹੁਗਿਣਤੀ ਅਸਾਮੀਆਂ ਖਾਲੀ ਪਈਆਂ ਹਨ। ਹਾਸਲ ਜਾਣਕਾਰੀ ਅਨੁਸਾਰ ਦਰਜਨ ਖੇਤੀਬਾੜੀ ਵਿਕਾਸ ਅਫਸਰ ਤੇ ਖੇਤੀ ਅਫਸਰ ਵਿਦੇਸ਼ ਜਾ ਵਸੇ ਹਨ। ਦੁਆਬੇ ਦੇ ਜ਼ਿਲ੍ਹਿਆਂ ਵਿਚੋਂ ਕਾਫ਼ੀ ਗਿਣਤੀ ਵਿਚ ਖੇਤੀਬਾੜੀ ਵਿਕਾਸ ਅਫਸਰ ਵਿਦੇਸ਼ ਵਸ ਗਏ ਹਨ।

Be the first to comment

Leave a Reply

Your email address will not be published.