ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਲਈ ਜਥੇਬੰਦ ਹੋਣ ਦਾ ਸੱਦਾ

ਸ਼ਿਕਾਗੋ (ਬਿਊਰੋ): ਮੂਲ ਨਾਨਕਸ਼ਾਹੀ ਕੈਲੰਡਰ ਨੂੰ ਪੂਰਨ ਰੂਪ ਵਿਚ ਲਾਗੂ ਕਰਨ ਅਤੇ ਬਾਬੇ ਨਾਨਕ ਦੇ ਵਿਰਸੇ ਨੂੰ ਸਾਂਭਣ ਲਈ ਸਮੂਹ ਸਿੱਖ ਸਮਾਜਿਕ, ਸਭਿਆਚਾਰਕ ਤੇ ਧਾਰਮਿਕ ਸੰਸਥਾਵਾਂ ਨੂੰ ਜਥੇਬੰਦ ਹੋਣਾ ਚਾਹੀਦਾ ਹੈ। ਇਹ ਸੱਦਾ ਇਥੇ ਗੁਰਦੁਆਰਾ ਪੈਲਾਟਾਈਨ ਵਿਖੇ ਲੰਘੀ 11 ਅਤੇ 12 ਨਵੰਬਰ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਸਬੰਧੀ ਹੋਈ ਦੋ ਰੋਜ਼ਾ ਕਾਨਫਰੰਸ ਵਿਚ ਪਾਸ ਕੀਤੇ ਗਏ ਮਤਿਆਂ ਰਾਹੀਂ ਦਿੱਤਾ ਗਿਆ। ਇਸ ਸੱਦੇ ਉਤੇ ਫੁੱਲ ਚੜ੍ਹਾਉਂਦਿਆਂ ਮਿਡਵੈਸਟ ਅਮਰੀਕਾ ਦੀਆਂ ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦਾ ਤਹੱਈਆ ਕੀਤਾ।

ਕਾਨਫਰੰਸ ਦੌਰਾਨ ਪਾਸ ਕੀਤੇ ਗਏ ਮਤਿਆਂ ਵਿਚ ਕਿਹਾ ਗਿਆ ਕਿ ਗੁਰਬਾਣੀ ਦੀ ਰੂਹ ਅਨੁਸਾਰ ਤਿਆਰ ਕੀਤੇ ਗਏ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਿੱਖ ਵਿਦਵਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1999 ਵਿਚ ਖਾਲਸਾ ਸਾਜਨਾ ਦਿਵਸ ਦੀ 300ਵੀਂ ਵਰ੍ਹੇਗੰਢ ਮੌਕੇ ਪ੍ਰਵਾਨ ਕਰ ਚੁਕੇ ਹਨ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਤਿੰਨ ਮਿਤੀਆਂ-ਗੁਰੂ ਨਾਨਕ ਪ੍ਰਕਾਸ਼ ਪੁਰਬ, ਬੰਦੀਛੋੜ ਦਿਵਸ ਅਤੇ ਹੋਲੇ-ਮਹੱਲੇ ਨੂੰ ਛੱਡ ਕੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਅਪਨਾ ਚੁਕੀਆਂ ਹਨ। ਸੋ, ਮੂਲ ਨਾਨਕਸ਼ਾਹੀ ਕੈਲੰਡਰ ਅਤੇ ਸਿੱਖ ਇਤਿਹਾਸਕ ਸਾਲਾਨਾ ਤਿੱਥ-ਤਿਓਹਾਰ ਮਨਾਉਣ ਲਈ ਇਸ ਦੇ ਵਿਧੀ-ਵਿਧਾਨ ਨੂੰ ਅਪਨਾਉਣਾ ਜਰੂਰੀ ਹੈ। ਇਸ ਅਨੁਸਾਰ ਗੁਰੂ ਨਾਨਕ ਪ੍ਰਕਾਸ਼ ਪੁਰਬ 14 ਅਪਰੈਲ (ਪਹਿਲੀ ਵਿਸਾਖ), ਬੰਦੀਛੋੜ ਦਿਵਸ 12 ਫਰਵਰੀ (ਪਹਿਲੀ ਫੱਗਣ) ਅਤੇ ਹੋਲਾ-ਮਹੱਲਾ 14 ਮਾਰਚ (ਪਹਿਲੀ ਚੇਤ) ਨੂੰ ਮਨਾਇਆ ਜਾਣਾ ਚਾਹੀਦਾ ਹੈ।
ਬਹੁਤੇ ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਵਿਚ ਬ੍ਰਾਹਮਣਵਾਦੀ ਤਾਕਤਾਂ ਵਲੋਂ ਰੋੜੇ ਅਟਕਾਏ ਜਾ ਰਹੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬ੍ਰਾਹਮਣਵਾਦ ਤਾਕਤਾਂ ਦੇ ਦਬਾਓ ਹੇਠ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਤੋਂ ਇਨਕਾਰੀ ਹੈ।
ਅਮਰੀਕਾ ਤੇ ਕੈਨੇਡਾ ਤੋਂ ਇਲਾਵਾ ਇੰਡੀਆ ਅਤੇ ਆਸਟਰੇਲੀਆ ਤੋਂ ਪਹੁੰਚੇ ਬੁਲਾਰਿਆਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਅਮਲੀ ਰੂਪ ਦੇਣ ਵਿਚ ਪਰਦੇਸਾਂ ਵਿਚ ਵਸਦੇ ਸਿੱਖ ਭਾਈਚਾਰੇ ਵਲੋਂ ਨਿਭਾਏ ਗਏ ਅਹਿਮ ਰੋਲ ਬਾਰੇ ਚਰਚਾ ਕੀਤੀ। ਕਾਨਫਰੰਸ ਦੌਰਾਨ ਬੁਲਾਰਿਆਂ ਨੇ ਦੱਸਿਆ ਕਿ ਮੂਲ ਨਾਨਕਸ਼ਾਹੀ ਕੈਲੰਡਰ ਕਿਵੇਂ ਭਿੰਨ ਹੈ ਅਤੇ ਸਾਲਾਨਾ ਤਿੱਥ-ਤਿਓਹਾਰਾਂ ਦੀਆਂ ਮਿਤੀਆਂ ਨੂੰ ਇਕ ਸਾਰ ਰੱਖਣ ਵਿਚ ਇਸ ਦੀ ਕੀ ਭੂਮਿਕਾ ਹੈ। ਸਿੱਖ ਇਤਿਹਾਸਕ ਮਿਤੀਆਂ ਦਾ ਸਹੀ ਹੋਣਾ ਤੇ ਇਨ੍ਹਾਂ ਦੀ ਇਕਸਾਰਤਾ ਅਤੇ ਗੁਰਬਾਣੀ ਦੀ ਜੀਵਨ ਜਾਚ ਵਿਚ ਸਾਰਥਕਤਾ ਨੂੰ ਆਉਣ ਵਾਲੀਆਂ ਸਿੱਖ ਪੀੜ੍ਹੀਆਂ ਤੱਕ ਪਹੁੰਚਦੇ ਕਰਨਾ ਬੇਹਦ ਜਰੂਰੀ ਹੈ।
ਸਮਾਗਮ ਦਾ ਅਰੰਭ ਹੈਡ ਗੰ੍ਰਥੀ ਭਾਈ ਪਰਮਿੰਦਰਜੀਤ ਸਿੰਘ ਵਲੋਂ ਅਰਦਾਸ ਕੀਤੇ ਜਾਣ ਪਿਛੋਂ ਹੋਇਆ। ਗੁਰਦੁਆਰਾ ਪੈਲਾਟਾਈਨ ਦੇ ਧਾਰਮਿਕ ਸਕੱਤਰ ਸ਼ ਹਰਜੀਤ ਸਿੰਘ ਗਿੱਲ ਨੇ ਕਿਹਾ ਕਿ ਸਾਡਾ ਆਪਣਾ ਕੈਲੰਡਰ ਹੋਣਾ ਚਾਹੀਦਾ ਹੈ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਸਿੱਖ ਭਾਵਨਾਵਾਂ ਦੀ ਸਹੀ ਤਰਜਮਾਨੀ ਕਰਦਾ ਹੈ।
ਟੀæਵੀæ ਪ੍ਰੋਗਰਾਮ Ḕਟਾਕਿੰਗ ਪੰਜਾਬḔ ਦੇ ਸੰਚਾਲਕ ਸੁਰਿੰਦਰ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਸਿੱਖ ਜਗਤ ਦਾ ਭਵਿਖ ਰੌਸ਼ਨ ਕਰਨ ਵਿਚ ਵੱਡੀ ਭੂਮਿਕਾ ਨਿਭਾਵੇਗਾ। ਸ਼ ਪੁਰੇਵਾਲ ਨੇ 18 ਸਾਲ ਮਿਹਨਤ ਕਰਕੇ ਇਹ ਕੈਲੰਡਰ ਤਿਆਰ ਕੀਤਾ ਹੈ ਜੋ ਅਕਾਲ ਤਖਤ ਸਾਹਿਬ ਵਲੋਂ ਲਾਗੂ ਕੀਤਾ ਗਿਆ। ਹੈਰਾਨੀ ਹੈ ਕਿ ਕੁਝ ਡੇਰਿਆਂ ਤੇ ਸਿੱਖਾਂ ਦੀਆਂ ਅਖੌਤੀ ਸੰਸਥਾਵਾਂ ਦੇ ਮੁਖੀਆਂ ਨੂੰ ਕਿਉਂ ਇਹ ਮਨਜੂਰ ਨਹੀਂ! ਸ਼ ਸੁਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਇਕ ਸੰਦੇਸ਼ ਪੜ੍ਹ ਕੇ ਸੁਣਾਇਆ, ਜਿਸ ਵਿਚ ਕਿਹਾ ਗਿਆ ਸੀ ਕਿ ਨਾਨਕਸ਼ਾਹੀ ਕੈਲੰਡਰ ਸਿੱਖ ਸਮਾਜ ਦੀ ਰੂਹ ਹੈ, ਸਿੱਖ ਕੌਮ ਦੀ ਵਿਲਖੱਣਤਾ ਤੇ ਆਜ਼ਾਦੀ ਦਾ ਪ੍ਰਤੀਕ ਹੈ ਅਤੇ ਇਹ ਹਰ ਹਾਲ ਲਾਗੂ ਹੋਣਾ ਚਾਹੀਦਾ ਹੈ।
ਸ਼ ਸੁਰਿੰਦਰ ਸਿਘ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿੱਖਾਂ ਦਾ ਆਪਣਾ ਮੀਡੀਆ ਹੋਣਾ ਚਾਹੀਦਾ ਹੈ। ਮੀਡੀਏ ਦੀ ਘਾਟ ਕਰਕੇ ਅੱਜ ਸਾਨੂੰ ਆਪਣਾ ਕੈਲੰਡਰ ਲਾਗੂ ਕਰਨ ਵਿਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਆਪਣੇ ਤਿੱਥ-ਤਿਉਹਾਰ, ਗੁਰਪੁਰਬ, ਸ਼ਹੀਦੀ ਦਿਹਾੜੇ ਆਪਣੇ ਤਰੀਕੇ ਨਾਲ, ਆਪਣੇ ਪਰਚਮ ਹੇਠ ਮਨਾਵਾਂਗੇ ਤਾਂ ਸਿੱਖ ਪਛਾਣ ਵਿਸ਼ਵ ਪੱਧਰ ‘ਤੇ ਸਥਾਪਿਤ ਹੋਏਗੀ। ਇਹ ਉਨ੍ਹਾਂ ਲੋਕਾਂ ਨੂੰ ਪਸੰਦ ਨਹੀਂ ਜੋ 1947 ਤੋਂ ਲੈ ਕੇ ਹੁਣ ਤੱਕ ਸਿੱਖ ਕੌਮ ਨਾਲ ਧੱਕਾ ਕਰਦੇ ਆਏ ਹਨ। ਇਸੇ ਲਈ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੇ ਰਾਹ ਵਿਚ ਅੜਿਕੇ ਡਾਹੇ ਜਾ ਰਹੇ ਹਨ।
ਸੈਕਰਾਮੈਂਟੋ ਤੋਂ ਆਏ ਸ਼ ਸਰਬਜੀਤ ਸਿੰਘ ਨੇ ਤਕਨੀਕੀ ਵਿਸਥਾਰ ਦਿੰਦਿਆਂ ਦਸਿਆ ਕਿ ਮੂਲ ਨਾਨਕਸ਼ਾਹੀ ਕੈਲੰਡਰ ਕਿਵੇਂ ਬਿਕਰਮੀ ਕੈਲੰਡਰ ਤੋਂ ਅਲੱਗ ਹੈ? ਉਨ੍ਹਾਂ ਸਕਰੀਨ ਪ੍ਰੈਜੇਂਟੇਸ਼ਨ ਰਾਹੀਂ ਤਕਨੀਕੀ ਨੁਕਤਿਆਂ ਦੇ ਆਧਾਰ ‘ਤੇ ਸਿੱਧ ਕੀਤਾ ਕਿ ਜੂਲੀਅਨ ਕੈਲੰਡਰ, ਗੈਗੋਰੀਅਨ ਕੈਲੰਡਰ ਤੇ ਬਿਕਰਮੀ ਕੈਲੰਡਰ ਵਿਚ ਦਿਨ ਕੀ ਹੈ, ਮਹੀਨਾ ਕਿਹੜਾ ਹੈ, ਸਾਲ ਕਿਹੜਾ ਹੈ ਤੇ ਕਿਸ ਤਰ੍ਹਾਂ ਰੁੱਤਾਂ ਨਾਲ ਸਬੰਧਤ ਇਨ੍ਹਾਂ ਕੈਲੰਡਰਾਂ ਤੋਂ ਮੂਲ ਨਾਨਕਸ਼ਾਹੀ ਕੈਲੰਡਰ ਕਿਵੇਂ ਭਿੰਨ ਹੈ।
ਕਲੀਵਲੈਂਡ, ਓਹਾਇਓ ਤੋਂ ਆਏ ਸਿੱਖ ਚਿੰਤਕ ਬੀਬੀ ਜਸਬੀਰ ਕੌਰ ਨੇ ਸਿੱਖ ਪਛਾਣ ਨੂੰ ਪੱਕਿਆਂ ਕਰਨ ਲਈ ਆਪਣੇ ਵਿਰਸੇ ਦੀ ਜਾਣਕਾਰੀ ਅਗਲੀ ਪੀੜ੍ਹੀ ਤੱਕ ਪੁੱਜਦੀ ਕਰਨ ਦੀ ਲੋੜ ਦੀ ਅਹਿਮੀਅਤ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਗੁਰਬਾਣੀ ਸਮਝਣ ਅਤੇ ਆਪਣੇ ਜੀਵਨ ਵਿਚ ਅਪਨਾਉਣ ਲਈ ਪ੍ਰੇਰਿਤ ਕਰਨਾ ਬੇਹੱਦ ਜਰੂਰੀ ਹੈ। ਉਨ੍ਹਾਂ ਆਖਿਆ ਕਿ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਵੇ ਅਤੇ ਉਨ੍ਹਾਂ ਨੂੰ ਦੇਸੀ ਮਹੀਨਿਆਂ ਦੇ ਨਾਂ ਜਰੂਰ ਸਿਖਾਏ ਜਾਣ।
ਸਿੱਖ ਵਿਦਵਾਨ ਸ਼ ਨਿਰੰਜਣ ਸਿੰਘ ਢੇਸੀ ਨੇ ਗੁਰਮਤਿ ਤੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਇਤਿਹਾਸ ਵਿਸ਼ੇ ‘ਤੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਬਿਕਰਮੀ ਕੈਲੰਡਰ ਸਾਡੀਆਂ ਲੋੜਾਂ ਪੂਰੀਆਂ ਨਹੀਂ ਸੀ ਕਰਦਾ। ਸ਼ ਪਾਲ ਸਿੰਘ ਪੁਰੇਵਾਲ ਵਲੋਂ ਤਿਆਰ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ ਸਿੱਖ ਹਿੱਤਾਂ ਦੇ ਹਰ ਪਹਿਲੂ ‘ਤੇ ਖਰਾ ਉਤਰਦਾ ਹੈ। ਫਿਰ ਵੀ ਇਸ ਨੂੰ ਲਾਗੂ ਕਰਵਾਉਣ ਲਈ ਬਹੁਤ ਤਲਖ ਅਨੁਭਵਾਂ ਵਿਚੋਂ ਗੁਜਰਨਾ ਪੈ ਰਿਹਾ ਹੈ।
ਗੁਰੂ ਗੋਬਿੰਦ ਸਿੰਘ ਸਿੱਖ ਸਟੱਡੀ ਸਰਕਲ, ਲੁਧਿਆਣਾ ਦੇ ਸ਼ ਇੰਦਰਪਾਲ ਸਿੰਘ ਨੇ ਕਿਹਾ ਕਿ 1994 ਵਿਚ ਜਦੋਂ ਸ਼ ਪੁਰੇਵਾਲ ਕੈਲੰਡਰ ਦੇ ਉਦੇਸ਼ ਨੂੰ ਲੈ ਕੇ ਲੁਧਿਆਣਾ ਸਾਡੇ ਕੇਂਦਰ ਵਿਚ ਆਏ ਤਾਂ ਅਸੀਂ ਸ਼੍ਰੋਮਣੀ ਸਿੱਖ ਸੰਸਥਾਵਾਂ ਤੇ ਸਿੱਖ ਵਿਦਵਾਨਾਂ ਨਾਲ ਵਿਚਾਰ-ਵਟਾਂਦਰੇ ਪਿਛੋਂ ਇਸ ਕੈਲੰਡਰ ਨੂੰ ਲਾਗੂ ਕਰਨ ਬਾਰੇ 120 ਗੁਰਦੁਆਰਿਆਂ ਦਾ ਮਤਾ ਭੇਜਿਆ ਸੀ। ਇਹ ਕੈਲੰਡਰ 2003 ਵਿਚ ਲਾਗੂ ਵੀ ਹੋ ਗਿਆ ਸੀ। ਕੈਲੰਡਰ ਨੂੰ ਲਾਗੂ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਹਿਲਾਂ 11 ਮੈਂਬਰੀ ਕਮੇਟੀ ਬਣਾਈ ਗਈ ਤੇ ਫਿਰ ਕਿਸੇ ਦਬਾਅ ਹੇਠ ਦੋ ਮੈਂਬਰੀ ਕਮੇਟੀ ਬਣਾਈ ਗਈ ਜਿਸ ਨੇ ਕਰੀਬ ਉਹੀ ਪੁਰਾਣਾ ਬਿਕਰਮੀ ਕੈਲੰਡਰ ਲਾਗੂ ਕਰ ਦਿੱਤਾ। ਹੁਣ ਫਿਰ ਸਾਡੇ ਲਈ ਨਿਰਣੇ ਦੀ ਘੜੀ ਹੈ ਤੇ ਆਉ ਹਾਂ ਪੱਖੀ ਇੱਛਾ ਸ਼ਕਤੀ ਨਾਲ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਲਈ ਹੰਭਲਾ ਮਾਰੀਏ।
ਸੁਪਰੀਮ ਸਿੱਖ ਕੌਂਸਲ ਆਸਟਰੇਲੀਆ ਦੇ ਸ਼ ਹਰਕੀਰਤ ਸਿੰਘ ਅਜਨੋਹਾ ਨੇ ਕਿਹਾ ਕਿ ਇਹ ਕੈਲੰਡਰ ਸਿੱਖ ਸਿਧਾਂਤਾਂ, ਗੁਰਮਤਿ ਤੇ ਇਤਿਹਾਸ ਨਾਲ ਜੁੜਿਆ ਹੈ, ਇਸ ਨੂੰ ਲਾਗੂ ਕਰਨ ਲਈ ਹੰਭਲਾ ਮਾਰਿਆ ਜਾਣਾ ਚਾਹੀਦਾ ਹੈ। ਸ਼ ਹਰਦੇਵ ਸਿੰਘ ਗਿੱਲ ਨੇ ਕਿਹਾ ਨੇ ਅਮਰੀਕਾ ਦੇ ਕਈ ਗੁਰਦੁਆਰਿਆਂ ਵਿਚ ਇਹ ਕੈਲੰਡਰ ਲਾਗੂ ਹੋ ਚੁਕਾ ਹੈ, ਸਾਨੂੰ ਵਿਸ਼ਵ ਪੱਧਰੀ ਪਹੁੰਚ ਰਾਹੀਂ ਸਾਰੇ ਗੁਰਦੁਆਰਿਆਂ ਵਿਚ ਲਾਗੂ ਕਰਨ ਲਈ ਪੁਰਜੋਰ ਯਤਨ ਕਰਨੇ ਚਾਹੀਦੇ ਹਨ।
ਅਖੀਰ ਵਿਚ ਨਾਨਸ਼ਾਹੀ ਕੈਲੰਡਰ ਦੇ ਬਾਨੀ ਸ਼ ਪਾਲ ਸਿੰਘ ਪੁਰੇਵਾਲ ਨੇ ਢੁਕਵੀਆਂ ਦਲੀਲਾਂ ਤੇ ਹਵਾਲੇ ਦੇ ਕੇ ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਨ੍ਹਾਂ ਕਈ ਹਵਾਲਾ ਪੁਸਤਕਾਂ ਦਿਖਾਉਂਦਿਆਂ ਕਿਹਾ ਕਿ ਬਾਰੀਕਬੀਨੀ ਖੋਜ ਨਾਲ ਸਾਲਾਂਬੱਧੀ ਕੰਮ ਕੀਤਾ ਹੈ। 1992 ਵਿਚ ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰ ਸਤਿਬੀਰ ਸਿੰਘ ਨਾਲ ਮੁਲਾਕਾਤ ਕਰਕੇ ਇਸ ਕੈਲੰਡਰ ਦੀਆਂ ਤਰੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਵੱਖ ਵੱਖ ਸਮਿਆਂ ‘ਤੇ ਸਵਰਗੀ ਗੁਰਚਰਨ ਸਿੰਘ ਟੌਹੜਾ, ਬੀਬੀ ਜਗੀਰ ਕੌਰ ਤੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨਾਲ ਕੈਲੰਡਰ ਸਬੰਧੀ ਹੋਈਆਂ ਮੀਟਿੰਗਾਂ ਦੇ ਵੇਰਵੇ ਉਨ੍ਹਾਂ ਦੱਸੇ। ਜਿਸ ਤੋਂ ਬਾਅਦ 2003 ਵਿਚ ਇਹ ਕੈਲੰਡਰ (ਗੁਰੂ ਨਾਨਕ ਗੁਰਪੁਰਬ, ਬੰਦੀਛੋੜ ਦਿਵਸ ਤੇ ਹੋਲਾ-ਮਹੱਲਾ ਛੱਡ ਕੇ) ਲਾਗੂ ਕਰ ਦਿੱਤਾ ਗਿਆ। ਉਨ੍ਹਾਂ ਸਪਸ਼ਟ ਕਿਹਾ ਕਿ ਹੁਣ ਬ੍ਰਾਹਮਣਵਾਦੀ ਤਾਕਤਾਂ ਤੇ ਸੰਤ ਸਮਾਜ ਦੇ ਦਬਾਅ ਅਤੇ ਵੋਟਾਂ ਖਾਤਰ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ।
ਸ਼ ਪੁਰੇਵਾਲ ਨੇ ਕਿਹਾ ਕਿ ਚੰਦਰਮਾ ਦੀ ਗਤੀ ‘ਤੇ ਆਧਾਰਤ ਬਿਕਰਮੀ ਕੈਲੰਡਰ ਮੁਤਾਬਕ ਤਿੱਥ-ਤਿਓਹਾਰਾਂ ਦੀਆਂ ਮਿਤੀਆਂ ਹਰ ਸਾਲ ਬਦਲਦੀਆਂ ਰਹਿੰਦੀਆਂ ਹਨ ਅਤੇ ਭਵਿੱਖ ਵਿਚ ਭੰਬਲਭੂਸਾ ਪੈਦਾ ਹੁੰਦਾ ਹੈ। ਮੂਲ ਨਾਨਕਸ਼ਾਹੀ ਕੈਲੰਡਰ ਅਸਲ ਅਤੇ ਸਹੀ ਮਿਤੀਆਂ ਨੂੰ ਸੂਰਜੀ ਗਤੀ ‘ਤੇ ਆਧਾਰਤ ਕਾਮਨ ਐਰਾ ਕੈਲੰਡਰ ਮੁਤਾਬਕ ਪੱਕਿਆਂ ਕਰੇਗਾ।
ਉਪਰੰਤ 5 ਜੈਕਾਰੇ ਛੱਡ ਕੇ ਹਾਜਰ ਸੰਗਤਾਂ ਨੇ 6 ਮਤੇ ਪਾਸ ਕਰਕੇ ਨਾਨਕਸ਼ਾਹੀ ਕੈਲਡਰ ਨੂੰ ਗੁਰੂ ਘਰਾਂ ਵਿਚ ਲਾਗੂ ਕਰਨ ਪ੍ਰਤੀ ਵਚਨਬੱਧਤਾ ਪ੍ਰਗਟਾਈ।
ਗੁਰਦੁਆਰਾ ਪੈਲਾਟਾਈਨ ਦੇ ਪ੍ਰਧਾਨ ਮਹਾਂਬੀਰ ਸਿੰਘ ਬਰਾੜ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਦੇ ਪਹਿਲੇ ਹਿੱਸੇ ਦਾ ਮੰਚ ਸੰਚਾਲਨ ਸੁਰਿੰਦਰ ਸਿੰਘ (ਟਾਕਿੰਗ ਪੰਜਾਬ) ਅਤੇ ਦੂਜੇ ਹਿੱਸੇ ਦਾ ਗੁਰਦੁਆਰਾ ਪੈਲਾਟਾਈਨ ਦੇ ਸਾਬਕਾ ਪ੍ਰਧਾਨ ਪ੍ਰੋæ ਕੁਲਵੰਤ ਸਿੰਘ ਹੁੰਦਲ ਨੇ ਕੀਤਾ।
ਸ਼ ਇਰਵਿਨਪ੍ਰੀਤ ਸਿੰਘ ਨੇ ਨਾਨਕਸ਼ਾਹੀ ਕੈਲੰਡਰ ਦੇ ਬਣੇ ਐਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨੂੰ ਆਪਣੇ ਫੋਨ ‘ਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਸੰਗਤਾਂ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਮੁਫਤ ਦਿੱਤਾ ਗਿਆ।
ਸਮਾਗਮ ਵਿਚ ਸ਼ਿਕਾਗੋ ਦੀਆਂ ਸੰਗਤਾਂ ਤੋਂ ਇਲਾਵਾ ਮੁਹਿੰਦਰ ਸਿੰਘ ਕਲਸੀ ਨਿਊ ਯਾਰਕ, ਜਸਬੀਰ ਸਿੰਘ ਰਾਏਪੁਰੀ ਕਰਾਊਨ ਪੁਆਇੰਟ (ਇੰਡੀਆਨਾ), ਕਿਰਪਾਲ ਸਿੰਘ ਨਿੱਜਰ ਅਮੈਰਿਕਨ ਸਿੱਖ ਕੌਂਸਲ, ਕਲਿਆਣ ਸਿੰਘ, ਸੁਰਜੀਤ ਸਿੰਘ, ਦਿਲਬਾਗ ਸਿੰਘ ਗੁਰਦੁਆਰਾ ਮਾਤਾ ਤ੍ਰਿਪਤਾ ਜੀ, ਪਲਿਮਥ (ਮਿਸ਼ੀਗਨ), ਗੁਰਦਿਆਲ ਸਿੰਘ, ਬਲਦੇਵ ਸਿਘ, ਅੰਗਰੇਜ ਸਿੰਘ (ਸੇਂਟ ਲੁਇਸ), ਚਰਨਜੀਤ ਸਿੰਘ, ਗੁਰਲਾਭ ਸਿੰਘ (ਗੁਰਦੁਆਰਾ ਸਿਲਵਿਸ), ਹਰਜਿੰਦਰ ਸਿੰਘ, ਬਲਵਿੰਦਰ ਸਿੰਘ ਸ਼ੀਰਾ (ਗੁਰਦੁਆਰਾ ਸਿੱਖ ਸੁਸਾਇਟੀ, ਮੈਡੀਸਨ), ਕਰਮਜੀਤ ਸਿੰਘ (ਪਿਟਸਬਰਗ), ਪ੍ਰੀਤਮੋਹਨ ਸਿੰਘ (ਇੰਡੀਆਨਾ), ਮਨਜੀਤ ਸਿੰਘ ਪੁਰੇਵਾਲ (ਗੁਰੂ ਨਾਨਕ ਦਰਬਾਰ) ਤੇ ਬੀਬੀ ਸਰਵਰਿੰਦਰ ਕੌਰ (ਸਪੁਤਰੀ ਬਾਪੂ ਸੂਰਤ ਸਿੰਘ ਖਾਲਸਾ) ਆਦਿ ਸ਼ਖਸੀਅਤਾਂ ਸ਼ਾਮਿਲ ਸਨ।
ਸਮਾਗਮ ਨੂੰ ਕਾਮਯਾਬ ਕਰਨ ਲਈ ਗੁਰਦੁਆਰਾ ਪੈਲਾਟਾਈਨ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਮਹਾਂਬੀਰ ਸਿੰਘ ਬਰਾੜ, ਪ੍ਰਦੀਪ ਸਿੰਘ ਗਿੱਲ, ਬੀਬੀ ਜਸਬੀਰ ਕੌਰ ਮਾਨ, ਹਰਜੀਤ ਸਿੰਘ ਗਿੱਲ, ਤੇਜਿੰਦਰ ਸਿੰਘ, ਗੁਰਮੀਤ ਸਿੰਘ ਬੈਂਸ, ਗਿਆਨ ਸਿੰਘ ਸੀਹਰਾ, ਬੀਬੀ ਸੁਰਿੰਦਰ ਕੌਰ ਸੈਣੀ, ਬੀਬੀ ਜਸਬੀਰ ਕੌਰ ਸਲੂਜਾ ਤੇ ਸੀæ ਆਈæ ਸੀæ ਮੈਂਬਰ ਬਲਵੰਤ ਸਿੰਘ ਹੰਸਰਾ, ਗੁਰਦੁਆਰਾ ਪੈਲਾਟਾਈਨ ਦੇ ਗੁਰਮਤਿ ਸਕੂਲ ਦੇ ਪ੍ਰਿੰਸੀਪਲ ਅਮਰਦੇਵ ਸਿੰਘ ਬੰਦੇਸ਼ਾ, ਪ੍ਰੋæ ਕੁਲਵੰਤ ਸਿੰਘ ਹੁੰਦਲ, ਹਰਕੀਰਤ ਸਿੰਘ, ਸੁਖਮੇਲ ਸਿੰਘ ਅਟਵਾਲ, ਸਰਵਣ ਸਿੰਘ ਰਾਜੂ, ਸੁਰਿੰਦਰਪਾਲ ਸਿੰਘ ਕਾਲੜਾ, ਠਾਕਰ ਸਿੰਘ ਬਸਾਤੀ ਅਤੇ ਇਰਵਿਨਪ੍ਰੀਤ ਸਿੰਘ ਵਿਸ਼ੇਸ਼ ਤੌਰ ‘ਤੇ ਕਾਰਜਸ਼ੀਲ ਰਹੇ।
ਕਾਨਫਰੰਸ ਤੋਂ ਇਕ ਦਿਨ ਪਹਿਲਾਂ ਇਕ ਸਵਾਗਤੀ ਰਾਤਰੀ ਭੋਜਨ ਕੀਤਾ ਗਿਆ ਜਿਸ ਵਿਚ ਮੁੱਖ ਬੁਲਾਰਿਆਂ ਤੇ ਅਮਰੀਕਾ, ਕੈਨੇਡਾ, ਇੰਡੀਆ ਅਤੇ ਆਸਟਰੇਲੀਆ ਤੋਂ ਆਏ ਮਹਿਮਾਨਾਂ ਦਾ ਮਾਣ-ਸਤਿਕਾਰ ਕੀਤਾ ਗਿਆ। ਅਗਲੇ ਦੋ ਦਿਨਾਂ ਦੇ ਸਮਾਗਮ ਦੇ ਬੁਲਾਰਿਆਂ ਅਤੇ ਉਨ੍ਹਾਂ ਵਲੋਂ ਵਿਚਾਰੇ ਜਾਣ ਵਾਲੇ ਮੁੱਦਿਆਂ ਉਤੇ ਸੰਖੇਪ ਚਰਚਾ ਹੋਈ। ਇਸ ਡਿਨਰ ਦਾ ਪ੍ਰਬੰਧ ਅਮਰਦੇਵ ਸਿੰਘ ਬੰਦੇਸ਼ਾ ਨੇ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਵ੍ਹੀਟਨ ਦੇ ਹੈਡ ਗੰਥੀ ਭਾਈ ਮਹਿੰਦਰ ਸਿੰਘ, ਬੀਬੀ ਗੁਰਪ੍ਰੀਤ ਕੌਰ, ਪਰਮਿੰਦਰ ਸਿੰਘ ਮਾਨ, ਅਮਰਦੇਵ ਸਿੰਘ ਬੰਦੇਸ਼ਾ, ਪ੍ਰਦੀਪ ਸਿੰਘ ਗਿੱਲ, ਸਰਵਣ ਸਿੰਘ ਰਾਜੂ, ਪ੍ਰੋæ ਕੁਲਵੰਤ ਸਿੰਘ ਹੁੰਦਲ ਤੇ ਇਰਵਿਨਪ੍ਰੀਤ ਸਿੰਘ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸਾਡੀ ਪਛਾਣ, ਸਰੂਪ, ਧਰਮ ਗ੍ਰੰਥ, ਨਿਸ਼ਾਨ ਸਾਹਿਬ ਸਭ ਅੱਲਗ ਹਨ ਤਾਂ ਆਪਣਾ ਕੈਲੰਡਰ ਵੀ ਹੋਣਾ ਚਾਹੀਦਾ ਹੈ। ਸਾਨੂੰ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਉਣ ਲਈ ਅਮਰੀਕਾ ਦੀ ਮੁੱਖ ਧਾਰਾ ਦੇ ਸਿਆਸਤਦਾਨਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਹੈ।